ਸਿੱਖੀ ਅਤੇ ਸਿੱਖ ਰਾਜ

ਕੀ ਗੁਰੂ ਸੰਕਲਪ ਦੇ ਉਲਟ ਹੈ ਵੱਖਰੇ ਰਾਜ ਦੀ ਮੰਗ?
ਸਿੱਖ ਰਾਜ ਬਾਰੇ ਚਰਚਾ ਪਿਛਲੇ ਕੁਝ ਸਮੇਂ ਤੋਂ ਗਾਹੇ-ਬਗਾਹੇ ਚੱਲਦੀ ਰਹੀ ਹੈ। ਇਸ ਦੇ ਹੱਕ ਤੇ ਵਿਰੁਧ-ਦੋਹਾਂ ਹੀ ਧਿਰਾਂ ਦੇ ਲੋਕ ਅਕਸਰ ਇਕ-ਦੂਜੇ ਉਤੇ ਹੱਲੇ ਬੋਲਦੇ ਰਹੇ ਹਨ। ਇਸ ਬਾਰੇ ਸਭ ਦਾ ਆਪਣਾ ਆਪਣਾ ਪੱਖ ਤੇ ਤਰਕ ਹੁੰਦਾ ਹੈ, ਪਰ ਅਜਿਹੇ ਵਿਚਾਰ ਰੱਖਣ ਵਾਲਿਆਂ ਨੂੰ 21ਵੀਂ ਸਦੀ ਦੇ ਤਿੰਨ ਉਨ੍ਹਾਂ ਖਿੱਤਿਆਂ ਦਾ ਧਿਆਨ ਜ਼ਰੂਰ ਧਰਨਾ ਚਾਹੀਦਾ ਹੈ ਜਿਥੇ ਵੱਖਰੇ ਰਾਜ ਦੀ ਗੱਲ ਪੂਰੇ ਤਹੱਮਲ ਨਾਲ ਹੁੰਦੀ ਰਹੀ ਹੈ। ਇਨ੍ਹਾਂ ‘ਚ ਕੈਨੇਡਾ ਵਿਚ ਕਿਊਬੈਕ, ਯੂæਕੇæ ਵਿਚ ਸਕਾਟਲੈਂਡ ਅਤੇ ਸਪੇਨ ਵਿਚ ਕਤਲੋਨੀਆ ਸ਼ਾਮਲ ਹਨ।

ਕਤਲੋਨੀਆ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਵੱਖਵਾਦੀ ਪਾਰਟੀਆਂ ਨੇ ਕੁੱਲ 135 ਵਿਚੋਂ 72 ਸੀਟਾਂ ਜਿੱਤੀਆਂ। ਇਨ੍ਹਾਂ ਵਿਚੋਂ 10 ਸੀਟਾਂ ਤਿੱਖੇ ਕਾਮਰੇਡਾਂ ਦੀਆਂ ਹਨ। ਇਨ੍ਹਾਂ ਤਿੰਨਾਂ ਖਿੱਤਿਆਂ ਦੀ ਸਿਆਸਤ ਦੇ ਹਿਸਾਬ ਸਿੱਖ ਰਾਜ ਦੀ ਗੱਲ ਤਾਂ ਬਹੁਤ ਪਿਛਾਂਹ ਰਹਿ ਗਈ ਜਾਪਦੀ ਹੈ। ਅਸਲ ਵਿਚ ਸਿੱਖ ਰਾਜ ਬਾਰੇ ਅਜੇ ਤੱਕ ਸਿਰਫ ਗੱਲਾਂ ਹੀ ਹੋਈਆਂ ਹਨ, ਜਾਂ ਫਿਰ ਕੁਝ ਲੀਡਰਾਂ ਨੇ ਆਪੋ-ਆਪਣੀ ਸਿਆਸਤ ਚਮਕਾਈ ਹੈ। ਇਸ ਲੇਖ ਵਿਚ ਸ਼ ਸੰਪੂਰਨ ਸਿੰਘ ਨੇ ਸਿੱਖ ਰਾਜ ਦੀਆਂ ਕੁਝ ਬੁਨਿਆਦਾਂ ਬਾਰੇ ਚਰਚਾ ਕੀਤੀ ਹੈ। ਇਸ ਸਬੰਧ ਵਿਚ ‘ਪੰਜਾਬ ਟਾਈਮਜ਼’ ਤੱਕ ਪੁੱਜੀਆਂ ਸੰਜੀਦਾ ਲਿਖਤਾਂ ਦਾ ਸਵਾਗਤ ਕੀਤਾ ਜਾਵੇਗਾ। -ਸੰਪਾਦਕ

ਸੰਪੂਰਨ ਸਿੰਘ
ਫੋਨ: 281-635-7466

ਕੁਝ ਦਿਨ ਪਹਿਲਾਂ ਇਕ ਗੁਰਸਿੱਖ ਵੀਰ ਨੇ ਸੌਸ਼ਲ ਮੀਡੀਏ ‘ਤੇ ਇਕ ਵੀਡੀਓ ਰਾਹੀਂ ਵਿਦੇਸ਼ਾਂ ‘ਚ ਵੱਸਦੇ ਖਾਲਿਸਤਾਨ ਸਮਰਥਕਾਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕੁਝ ਸਵਾਲ ਉਠਾਏ। ਉਸ ਦਾ ਪਹਿਲਾ ਸਵਾਲ ਸੀ ਕਿ ਕੀ ਵੱਖਰੇ ਰਾਜ ਦੀ ਮੰਗ ਗੁਰੂ ਸੰਕਲਪ ਦੇ ਉਲਟ ਨਹੀਂ ਹੈ? ਉਸ ਨੇ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਦੀ ਇਕ ਤੁਕ ਅੰਦਰ ‘ਹਿੰਦੁਸਤਾਨ ਡਰਾਇਆ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਨੇ ਸਮੁੱਚੇ ਹਿੰਦੁਸਤਾਨ ਨੂੰ ਡਰਾਉਣ ਦੀ ਗੱਲ ਕਹੀ, ਨਾ ਕਿ ਪੰਜਾਬ ਜਾਂ ਕਰਤਾਰਪੁਰ ਦੀ ਜਿਥੇ ਉਹ ਰਹਿੰਦੇ ਸਨ। ਉਸ ਦਾ ਕਹਿਣਾ ਸੀ ਕਿ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪਟਨਾ ਸਾਹਿਬ ਤੇ ਜੋਤੀ-ਜੋਤ ਸਮਾਉਣਾ ਨਾਂਦੇੜ (ਮਹਾਂਰਾਸ਼ਟਰ) ਵਿਚ ਹੋਇਆ। ਪੰਜਾਂ ਪਿਆਰਿਆਂ ਵਿਚੋਂ ਸਿਰਫ਼ ਭਾਈ ਦਇਆ ਸਿੰਘ ਹੀ ਪੰਜਾਬ ਤੋਂ ਸਨ, ਬਾਕੀ ਚਾਰ ਭਾਰਤ ਦੇ ਹੋਰ ਹਿੱਸਿਆਂ ਤੋਂ ਸਨ। ਸੋ, ਗੁਰੂ ਸਾਹਿਬਾਨ ਦੀ ਸੋਚ ਸਾਰੇ ਮੁਲਕ ਨੂੰ ਲੈ ਕੇ ਸੀ, ਇਕੱਲੇ ਪੰਜਾਬ ਤੱਕ ਸੀਮਤ ਨਹੀਂ ਸੀ।
ਸਭ ਤੋਂ ਪਹਿਲੀ ਗੱਲ, ਗੁਰੂਆਂ ਦੀ ਸੋਚ ਨੂੰ ਮੁਲਕਾਂ ਦੀਆਂ ਹੱਦਾਂ ਅੰਦਰ ਸੀਮਤ ਕਰਨਾ ਹੀ ਗਲਤ ਹੈ। ਉਨ੍ਹਾਂ ਦੀ ਸੋਚ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦੀ ਹੈ। ਮਹਾਂਪੁਰਸ਼ ਭਾਵੇਂ ਕਿਸੇ ਵੀ ਮੁਲਕ, ਜਾਤੀ ਤੇ ਰੰਗ-ਨਸਲ ਦਾ ਹੋਵੇ, ਉਹਦੀ ਹੋਂਦ-ਹਸਤੀ ਹਮੇਸ਼ਾ ਅਜਿਹੀਆਂ ਸੀਮਾਵਾਂ ਤੋਂ ਪਾਰ ਹੁੰਦੀ ਹੈ। ਈਸਾ ਮਸੀਹ ਦੇ ਪੈਰੋਕਾਰ ਦੁਨੀਆਂ ਦੇ ਹਰ ਕੋਨੇ ‘ਚ ਹਨ ਤੇ ਦੁਨੀਆਂ ਦੇ ਸਭ ਤੋਂ ਵੱਧ ਮੁਲਕਾਂ ਦੇ ਹੁਕਮਰਾਨ ਹਨ, ਦਾ ਜਨਮ ਨਿੱਕੇ ਜਿਹੇ ਮੁਲਕ ਫਲਸਤੀਨ ਦੇ ਸ਼ਹਿਰ ਬੈਥਲਹੈਮ ਵਿਚ ਹੋਇਆ ਸੀ, ਪਰ ਉਹ ਸਿਰਫ ਬੈਥਲਹੈਮ ਤੱਕ ਸੀਮਤ ਨਹੀਂ ਰਹੇ। ਹਜ਼ਰਤ ਮੁਹੰਮਦ ਦਾ ਜਨਮ ਮੱਕਾ ਵਿਚ ਹੋਇਆ, ਪਰ ਉਨ੍ਹਾਂ ਨੂੰ ਮੰਨਣ ਵਾਲੇ ਦੁਨੀਆਂ ਦੀ ਦੂਜੀ ਵੱਡੀ ਹੁਕਮਰਾਨ ਜਮਾਤ ਦੇ ਨੁਮਾਇੰਦੇ ਹਨ। ਮਹਾਤਮਾ ਬੁੱਧ ਦਾ ਜਨਮ ਕਪਲਵਸਤੂ ਵਿਚ ਹੋਇਆ ਪਰ ਬੁਧ ਧਰਮ ਭਾਰਤ ਤੋਂ ਇਲਾਵਾ ਚੀਨ, ਜਪਾਨ ਤੇ ਮਲੇਸ਼ੀਆ ਆਦਿ ਕਈ ਮੁਲਕਾਂ ਵਿਚ ਫੈਲਿਆ। ਅਵਤਾਰ-ਪੁਰਸ਼ਾਂ ਦੀ ਰੂਹਾਨੀ ਮਹਿਕ ਨੂੰ ਮੁਲਕਾਂ ਜਾਂ ਕੌਮਾਂ ਦੀਆਂ ਸੀਮਾਵਾਂ ਅੰਦਰ ਸੀਮਤ ਨਹੀਂ ਰੱਖਿਆ ਜਾ ਸਕਦਾ। ਇਸ ਲਈ ਇਹ ਗੱਲ ਬੇਬੁਨਿਆਦ ਹੈ ਕਿ ਗੁਰੂਆਂ ਦੀ ਸੋਚ ਹਿੰਦੋਸਤਾਨ ਨਾਲ ਸਬੰਧਤ ਸੀ। ਇਹ ਇਤਫਾਕ ਸੀ ਕਿ ਬਾਕੀ ਗੁਰੂ ਸਹਿਬਾਨ ਦਾ ਜਨਮ ਪੰਜਾਬ ਵਿਚ ਹੋਇਆ ਤੇ ਗੁਰੂ ਗੋਬਿੰਦ ਸਿੰਘ ਦਾ ਪਟਨੇ ਵਿਚ। ਭਾਵੇਂ ਅਖੀਰ ਵਿਚ ਸਿੱਖਾਂ ਨਾਲ ਸਬੰਧਤ ਅਤਿਅੰਤ ਅਹਿਮ ਘਟਨਾ-ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਣੀ ਤੇ ਗੁਰੂ ਸਾਹਿਬ ਦਾ ਜੋਤੀ-ਜੋਤ ਸਮਾਉਣਾ, ਨਾਂਦੇੜ (ਮਹਾਂਰਾਸ਼ਟਰ) ਵਿਚ ਹੋਈ, ਪਰ ਬਾਕੀ ਗੁਰੂ ਸਾਹਿਬਾਨ ਵਾਂਗ ਉਨ੍ਹਾਂ ਦੀ ਕਰਮ-ਭੂਮੀ ਹਮੇਸ਼ਾ ਪੰਜਾਬ ਹੀ ਰਹੀ।
ਜਿਸ ਮੁਲਕ ਦੀ ਵਫ਼ਾਦਾਰੀ ਦੀ ਗੱਲ ਅਸੀਂ ਕਰਦੇ ਹਾਂ, ਉਸੇ ਮੁਲਕ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਨੇਕਾਂ ਥਾਂਵਾਂ ਉਤੇ ਵੱਖ ਵੱਖ ਸਮਿਆਂ ਉਪਰ ਸਾੜੇ ਗਏ। ਦੂਜੇ ਪਾਸੇ, ਜਿਵੇਂ ਜਿਵੇਂ ਅਜੋਕੇ ਮੀਡੀਏ ਦਾ ਪ੍ਰਭਾਵ ਵਧ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਅਵਤਾਰੀ-ਮਹਿਕ ਪੂਰੀ ਦੁਨੀਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਫੈਲ ਰਹੀ ਹੈ।
ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇ ਸਮੇਂ ਭਾਰਤ ਅੰਦਰ ਭਾਵੇਂ ਅੱਜ ਦਾ ਪਾਕਿਸਤਾਨ ਤੇ ਬੰਗਲਾਦੇਸ਼ ਵੀ ਸ਼ਾਮਲ ਸੀ, ਪਰ ਉਦੋਂ ਮੁਲਕਵਾਸੀਆਂ ਵਿਚ ਇਕ ਰਾਸ਼ਟਰ ਦਾ ਸੰਕਲਪ ਨਹੀਂ ਸੀ। ਸਾਰਾ ਮੁਲਕ ਸੈਂਕੜੇ ਛੋਟੀਆਂ-ਵੱਡੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ। ਇਤਿਹਾਸ ਗਵਾਹ ਹੈ ਕਿ ਭਾਰਤ ਕਦੀ ਇਕ ਝੰਡੇ ਥੱਲੇ ਹੈ ਹੀ ਨਹੀਂ ਸੀ। ਇਹੀ ਕਾਰਨ ਸੀ ਕਿ ਹਜ਼ਾਰਾਂ ਮੀਲਾਂ ਤੋਂ ਵੱਖੋ-ਵੱਖਰੇ ਧਾੜਵੀ ਆਣ ਕੇ ਮੁਲਕ ਦੀ ਦੌਲਤ ਤੇ ਇੱਜ਼ਤ ਲੁੱਟ ਕੇ ਲੈ ਜਾਂਦੇ ਰਹੇ। ਲਾਲਾ ਦੌਲਤ ਰਾਏ ਜੋ ਕੱਟੜ ਆਰੀਆ ਸਮਾਜੀ ਤੇ ਸ਼ਰਧਾਵਾਨ ਹਿੰਦੂ ਸੀ, ਨੇ ‘ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ’ ਕਿਤਾਬ ਲਿਖੀ, ਜਿਸ ਦੇ ਮੁੱਖ ਬੰਦ ਵਿਚ ਉਸ ਨੇ ਬਾਬਰ ਦੇ ਰਾਜ ਤੋਂ 350 ਸਾਲ ਪਹਿਲਾਂ ਦਾ ਜ਼ਿਕਰ ਇਉਂ ਕੀਤਾ ਹੈ, “1526 ਈਸਵੀ ਤੋਂ 350 ਸਾਲ ਪਹਿਲਾਂ ਤੋਂ ਹੀ ਤਕਰੀਬਨ ਸਾਰਾ ਹਿੰਦੋਸਤਾਨ ਇਸਲਾਮੀ ਹਕੂਮਤ ਅਧੀਨ ਚਲਿਆ ਆਉਂਦਾ ਸੀ।” ਹਿੰਦੂਆਂ ਦੀ ਦੁਰਗਤੀ ਦੇ ਕੀਰਨੇ ਜਿੰਨੇ ਲਾਲਾ ਦੌਲਤ ਰਾਏ ਨੇ ਪਾਏ, ਇਸ ਕਿਤਾਬ ਦਾ ਮੁੱਖ ਬੰਦ ਪੜ੍ਹ ਕੇ ਹੀ ਮਹਿਸੂਸ ਕੀਤੇ ਜਾ ਸਕਦੇ ਹਨ। ਰਾਜਪੂਤਾਂ ਨੂੰ ਸਭ ਤੋਂ ਬਹਾਦਰ ਮੰਨਿਆ ਜਾਂਦਾ ਰਿਹਾ ਹੈ, ਇਨ੍ਹਾਂ ਦੀ ਆਤਮਿਕ ਤੇ ਮਾਨਸਿਕ ਮੌਤ ਦਾ ਜ਼ਿਕਰ ਉਹ ਇੰਜ ਕਰਦਾ ਹੈ, “ਰਾਜਪੂਤ ਰਾਜੇ ਆਪਣੀਆਂ ਲੜਕੀਆਂ ਦੇ ਡੋਲੇ ਮੁਸਲਮਾਨਾਂ ਨੂੰ ਦੇਣ ਵਿਚ ਸ਼ਾਨ ਸਮਝਣ ਲੱਗ ਪਏ।æææਹਿੰਦੂਆਂ ਵਾਸਤੇ ਇਹੋ ਜਿਹੀ ਬਦਕਿਸਮਤੀ ਦਾ ਸਮਾਂ ਨਾ ਕਦੇ ਪਹਿਲਾਂ ਤੇ ਨਾ ਇਸ ਤੋਂ ਪਿਛੋਂ ਆਇਆ।æææਇਥੋਂ ਤੱਕ ਕਿ ਸੁਨੱਖੀ ਤੇ ਸੋਹਣੀ ਸੰਤਾਨ ਨੂੰ ਵੀ ਜਰਵਾਣਿਆਂ ਨੂੰ ਭੇਟ ਕਰ ਦੇਣ ਦਾ ਹੁਕਮ ਸੀ। ਘੋੜੇ ਦੀ ਸਵਾਰੀ ਕਰਨ ਦੀ ਉਨ੍ਹਾਂ ਨੂੰ ਆਗਿਆ ਨਹੀਂ ਸੀ, ਦਸਤਾਰ ਸਜਾਉਣ ਦੀ ਮਨਾਹੀ ਸੀ।æææਆਖਰ ਉਹ ਸਮਾਂ ਵੀ ਆ ਪੁੱਜਾ ਜਦੋਂ ਹਿੰਦੂਆਂ ਕੋਲ ਆਪਣੀ ਇੱਜ਼ਤ ਬਚਾਉਣ ਲਈ ਉਤਾਂਹ ਆਸਮਾਨ ਵੱਲ ਤੱਕਣ ਦੇ ਸਿਵਾਏ ਹੋਰ ਕੋਈ ਵਸੀਲਾ ਨਾ ਰਿਹਾ।”
ਗੁਰੂ ਨਾਨਕ, ਬਾਬਰ ਦੇ ਹਮਲੇ ਦੀ ਗੱਲ ਇਸ ਕਰ ਕੇ ਨਹੀਂ ਕਰਦੇ ਕਿ ਹਿੰਦੋਸਤਾਨ ਨਾਲ ਉਨ੍ਹਾਂ ਦਾ ਕੋਈ ਨਿਵੇਕਲਾ ਮੋਹ ਸੀ, ਸਗੋਂ ਇਸ ਕਰ ਕੇ, ਕਿ ਮੁਲਕ ਅੰਦਰ ਵੱਸ ਰਹੀ ਨਿਮਾਣੀ ਤੇ ਨਿਤਾਣੀ ਲੋਕਾਈ ਉਪਰ ਤਾਕਤਵਰ ਹੁਕਮਰਾਨ ਵੱਲੋਂ ਜ਼ੁਲਮ ਹੋ ਰਿਹਾ ਸੀ। ਉਸੇ ਹਿੰਦੋਸਤਾਨ ਦੇ ਹਿੰਦੂਆਂ ਦੀ ਰਾਸ਼ਟਰੀ ਭਾਵਨਾ ਦੀ ਗੱਲ ਕਰਦਿਆਂ ਡਾæ ਰਾਮ ਪੁਨਿਆਨੀ ਜੋ ਸਮਾਜ ਸੇਵੀ ਹਨ, ਨੇ ਬਹੁਤ ਹੈਰਾਨੀਜਨਕ ਖੁਲਾਸੇ ਆਪਣੇ ਪ੍ਰਵਚਨਾਂ ਵਿਚ ਕੀਤੇ ਹਨ।
ਮਹਿਮੂਦ ਗਜ਼ਨਵੀ ਹਜ਼ਾਰਾਂ ਮੀਲ ਚੱਲ ਕੇ ਭਾਰਤ ਵਿਚ ਲੁੱਟਮਾਰ ਕਰਨ ਆਇਆ, ਰਾਜ ਕਰਨ ਨਹੀਂ। ਸੋਮਨਾਥ ਤੱਕ ਪਹੁੰਚਣ ਤੋਂ ਪਹਿਲਾਂ ਉਸ ਦੀ ਫੌਜ ਅੰਦਰ ਕੁੱਲ ਫੌਜੀਆਂ ਦੀ ਗਿਣਤੀ ਵਿਚ 35 ਫ਼ੀਸਦੀ ਹਿੰਦੂ ਸਨ। 12 ਜਰਨੈਲਾਂ ਵਿਚੋਂ 5 ਹਿੰਦੂ ਸਨ। ਜਦੋਂ ਬਾਬਰ ਨੇ ਭਾਰਤ ਉਪਰ ਹਮਲਾ ਕੀਤਾ, ਉਸ ਨੂੰ ਹਿੰਦੂ ਰਾਜਪੂਤ ਰਾਣਾ ਸਾਂਗਾ ਨੇ ਸੱਦਾ ਦਿੱਤਾ ਸੀ ਤਾਂ ਜੋ ਉਹ ਮੁਸਲਿਮ ਸ਼ਾਸਕ ਇਬਰਾਹੀਮ ਲੋਧੀ ਨੂੰ ਹਰਾ ਕੇ ਰਾਜਸੀ ਸ਼ਕਤੀ ਵਿਚ ਭਾਈਵਾਲ ਬਣ ਸਕੇ, ਪਰ ਲੋਧੀ ਦੀ ਮੌਤ ਤੋਂ ਬਾਅਦ ਰਾਣਾ ਸਾਂਗਾ ਵੀ ਬਾਬਰ ਨਾਲ ਰਾਜਸੀ ਸ਼ਕਤੀ ਦੀ ਵੰਡ ਸਬੰਧੀ ਲੜ ਕੇ ਹਾਰਿਆ।
ਸ਼ਾਹ ਜਹਾਨ ਦੀ ਫੌਜ ਵਿਚ 24 ਫ਼ੀਸਦੀ ਹਿੰਦੂ ਸਨ। ਅਕਬਰ ਦੀ ਫੌਜ ਦਾ ਮੁੱਖ ਸੈਨਾਪਤੀ ਰਾਜਾ ਮਾਨ ਸਿੰਘ ਸੀ ਅਤੇ ਔਰੰਗਜ਼ੇਬ ਦੀ ਫੌਜ ਦਾ ਮੁਖੀ ਰਾਜਪੂਤ ਹਿੰਦੂ ਰਾਜਾ ਜੈ ਸਿੰਘ ਸੀ। ਉਦੋਂ ਕਿਥੇ ਸੀ ਰਾਸ਼ਟਰੀਅਤਾ? ਕਿਥੇ ਸੀ ਹਿੰਦੂਤਵ? ਜਿਵੇਂ ਆਜ਼ਾਦੀ ਦੀ ਲੜਾਈ ਦੌਰਾਨ ਹਿੰਦੂ ਪੁਲਿਸ ਤੇ ਹਿੰਦੂ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਆਜ਼ਾਦੀ ਸੰਗਰਾਮੀਆ ਹੁੰਦਾ ਰਿਹਾ, ਉਸੇ ਤਰ੍ਹਾਂ ਮੁਗਲਾਂ ਦੇ ਸਮੇਂ ਵੀ ਸਰਕਾਰ ਪੱਖੀ ਹਿੰਦੂਆਂ ਹੱਥੋਂ ਹੀ ਆਮ ਹਿੰਦੂ ਸੰਤਾਪ ਭੋਗਦਾ ਰਿਹਾ।
ਜੇ ਰਾਜਸੀ ਸ਼ਕਤੀ ਦੀ ਪ੍ਰਾਪਤੀ ਲਈ ਚੇਤਨਾ, ਗੁਰੂ ਸੰਕਲਪ ਦਾ ਹਿੱਸਾ ਕਦੀ ਰਹੀ ਹੀ ਨਾ ਹੁੰਦੀ, ਤਾਂ ਗੁਰੂ ਨਾਨਕ ਨੂੰ ਇਹ ਕਹਿਣ ਦੀ ਲੋੜ ਹੀ ਮਹਿਸੂਸ ਨਾ ਹੁੰਦੀ-ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਪੱਤ ਦੀ ਸਲਾਮਤੀ ਲਈ ਜਾਗਰੂਕਤਾ ਤੇ ਗੁਲਾਮੀ, ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਦੀਆਂ। ਗੁਲਾਮੀ ਅੰਦਰ ਪੱਤ ਦੀ ਗੱਲ ਕਰਨੀ ਹੀ ਗੁਲਾਮੀ ਨੂੰ ਵੰਗਾਰ ਹੈ। ਇਹ ਹਕੀਕਤ ਹੈ ਕਿ ਪੱਤ ਦੀ ਸਲਾਮਤੀ ਅਤੇ ਹੋਂਦ ਦੀ ਸਥਾਪਤੀ, ਰਾਜਸੀ ਸ਼ਕਤੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਆਪਣੀ ਹੋਂਦ ਦੀ ਸਥਾਪਤੀ ਤੇ ਪੱਤ ਦੀ ਸਲਾਮਤੀ ਦਾ ਸੰਕਲਪ ਤਕਰੀਬਨ ਸੱਤ ਸਦੀਆਂ ਭਾਰਤ ਵਿਚੋਂ ਗਾਇਬ ਰਿਹਾ ਹੈ। ਲਾਲਾ ਦੌਲਤ ਰਾਏ ਨੇ ਇਕ ਹੋਰ ਥਾਂ ਲਿਖਿਆ ਹੈ, “ਹਿੰਦੂ ਕੌਮ ਖਿੱਲਰੀ ਪੁੰਡਰੀ, ਨਿਤਾਣੀ ਤੇ ਟੋਟੇ ਟੋਟੇ ਹੋਈ ਪਈ ਸੀ। ਲੁਛ ਲੁਛ ਕਰਦੀ ਤੇ ਤੜਫ਼ਦੀ ਹੋਈ ਦਮ ਤੋੜ ਰਹੀ ਸੀ। ਐਸੀ ਨਿਰਾਸ਼ਤਾ ਵਿਚ ਇਕ ਮੂਰਤ ਪ੍ਰਗਟ ਹੋਈ। ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫ਼ਾਨ ਵਿਚੋਂ ਕੱਢਿਆ। ਹਿੰਦੂ ਧਰਮ ਦੇ ਸੁੱਕ ਤੇ ਕਮਲਾ ਚੁੱਕੇ ਬਾਗ ਲਈ ਉਹ ਰਹਿਮਤ ਦੀ ਵਰਖਾ, ਉਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ, ਪਰ ਉਹ ਕੌਣ ਸੀ? ਹਾਂ, ਉਹ ਸਨ ਗੁਰੂ ਗੋਬਿੰਦ ਸਿੰਘ ਜੀ।”
ਦਸਮ ਪਾਤਸ਼ਾਹ ਤੋਂ ਬਾਅਦ ਵੀ ਇਕ ਨਹੀਂ, ਅਨੇਕ ਵਾਰੀ ਹਿੰਦੂਆਂ ਦੀ ਰੁਲ ਰਹੀ ਪੱਤ ਦੀ ਰਾਖੀ ਗੁਰੂ ਦੇ ਪੈਰੋਕਾਰਾਂ ਨੇ ਕੀਤੀ। ਆਜ਼ਾਦੀ ਤੋਂ ਬਾਅਦ ਉਹੀ ਕੌਮ ਸਾਡੀ ਇੱਜ਼ਤ-ਆਬਰੂ ਲਈ ਸਭ ਤੋਂ ਵੱਡੀ ਵੰਗਾਰ ਬਣੀ। ਜਿਸ ਮੁਲਕ ਦੀ ਆਜ਼ਾਦੀ ਲਈ ਆਪਣਾ ਸਭ ਤੋਂ ਵੱਧ ਲਹੂ ਵਹਾਇਆ, ਉਸੇ ਹੀ ਮੁਲਕ ਦੀ ਰਾਜਧਾਨੀ ਅੰਦਰ ਤਿੰਨ ਦਿਨ ਸ਼ਰੇਆਮ ਸਾਡੀ ਪੱਤ ਨਾਲ ਖਿਲਵਾੜ ਹੁੰਦਾ ਰਿਹਾ। 30 ਲੜਕੀਆਂ ਚਿਲਗਾਂਓ ਵਿਚ ਤਿੰਨ ਦਿਨ ਪੁਲਿਸ ਤੇ ਗੁੰਡਿਆਂ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਰਹੀਆਂ (ਨਾਨਾਵਤੀ ਕਮਿਸ਼ਨ ਦੀ ਰਿਪੋਰਟ)। ਬਾਜੀ ਕੌਰ ਜਿਸ ਦੇ ਪਰਿਵਾਰ ਦੇ 10 ਜੀਅ ਮਾਰੇ ਗਏ, ਨੂੰ ਗੁੰਡੇ ਆਪਣੇ ਨਾਲ ਲੈ ਗਏ ਤੇ ਤਿੰਨ ਦਿਨ ਨਿਰਵਸਤਰ ਰੱਖ ਕੇ ਮਨਮਾਨੀ ਕਰਦੇ ਰਹੇ। ਕਿਸ਼ੋਰੀ ਲਾਲ 32 ਲੋਕਾਂ ਦਾ ਇਕੱਲਾ ਕਾਤਲ ਸਾਬਤ ਹੋਇਆ। ਫਾਂਸੀ ਦੀ ਸਜ਼ਾ ਹੋਈ ਜੋ ਸ਼ੀਲਾ ਦੀਕਸ਼ਤ ਸਰਕਾਰ ਦੀ ਸਿਫ਼ਾਰਸ਼ ਉਪਰ ਉਮਰ ਕੈਦ ਵਿਚ ਬਦਲੀ ਗਈ। 58 ਫੌਜੀ ਜਿਨ੍ਹਾਂ ਵਿਚ ਅੱਠ ਅਫ਼ਸਰ ਸਨ, ਛੁੱਟੀ ‘ਤੇ ਪੰਜਾਬ ਜਾ ਰਹੇ ਸਨ, ਗੱਡੀ ਵਿਚੋਂ ਉਤਾਰ ਕੇ ਜ਼ਿੰਦਾ ਸਾੜ ਦਿੱਤੇ। ਸਾਡੀ ਪੱਤ ਨਾਲ ਇੰਨਾ ਵੱਡਾ ਖਿਲਵਾੜ! ਜੇ ਅਸੀਂ ਚੁੱਪ ਬੈਠੇ ਰਹੇ ਤਾਂ ਗੁਰੂ ਨਾਨਕ ਦੇ ਉਸ ਆਦੇਸ਼ (ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥) ਦੀ ਉਲੰਘਣਾ ਕਰ ਰਹੇ ਹੋਵਾਂਗੇ ਤੇ ਆਪਣੇ ਆਪ ਨੂੰ ਗੁਰੂ ਦੇ ਵਾਰਸ ਕਹਾਉਣ ਦਾ ਇਖਲਾਕੀ ਹੱਕ ਗੁਆ ਲਵਾਂਗੇ।
ਗੁਰੂ ਅਰਜਨ ਦੇਵ ਦੀ ਸ਼ਹਾਦਤ (ਕਾਰਨ ਕੋਈ ਵੀ ਹੋਵੇ) ਮੌਕੇ ਦੀ ਹਕੂਮਤ ਦੀ ਈਨ ਮੰਨਣ ਤੋਂ ਇਨਕਾਰੀ ਹੋਣਾ ਸੀ। ਹੁਕਮਰਾਨ ਜਾਂ ਆਪਣੇ ਤੋਂ ਸ਼ਕਤੀਸ਼ਾਲੀ ਦੀ ਈਨ ਉਹੀ ਨਹੀਂ ਮੰਨਦਾ, ਜਿਸ ਅੰਦਰ ਗੈਰਤ ਜ਼ਿੰਦਾ ਹੈ। ਗੁਰੂ ਹਰਿਗੋਬਿੰਦ ਵੱਲੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨਾ, ਫੌਜ ਰੱਖਣੀ ਤੇ ਅਕਾਲ ਤਖ਼ਤ ਦੀ ਸਥਾਪਨਾ, ਆਪਣੇ ਆਪ ਵਿਚ ਮੌਜੂਦਾ ਸਲਤਨਤ ਅੰਦਰ ਵੱਖਰੀ ਸਥਾਪਤ ਹੋ ਰਹੀ ਸ਼ਕਤੀ ਦਾ ਸੰਕੇਤ ਸੀ।
ਗੁਰੂ ਤੇਗ ਬਹਾਦਰ ਦੀ ਸ਼ਹਾਦਤ, ਸ਼ਕਤੀ ਦੀ ਪ੍ਰਾਪਤੀ ਅਤੇ ਸਥਾਪਤੀ ਲਈ ਸਾਰੀਆਂ ਹੀ ਰੁਕਾਵਟਾਂ ਲਈ ਵੰਗਾਰ ਸੀ। ਉਹ ਸ਼ਾਂਤਮਈ ਸ਼ਹਾਦਤ ਸਪਸ਼ਟ ਸੰਕੇਤ ਸੀ ਕਿ ਹੱਥ ਵਿਚ ਤਲਵਾਰ ਲਏ ਬਿਨਾਂ ਬੁਨਿਆਦੀ ਹੱਕ ਦੀ ਸਲਾਮਤੀ ਵੀ ਸੁਰੱਖਿਅਤ ਨਹੀਂ। ਦਸਮ ਪਾਤਸ਼ਾਹ ਵੱਲੋਂ ਪੰਜ ਪਿਆਰਿਆਂ ਦੀ ਚੋਣ ਜਿਸ ਸੰਕਲਪ ਨਾਲ ਜੋੜ ਕੇ ਕੀਤੀ, ਉਸ ਸੰਕਲਪ ਦੀ ਪੀੜ ਦਿੱਲੀ ਦਰਬਾਰ ਨੇ ਤਾਂ ਬਹੁਤ ਬਾਅਦ ਵਿਚ ਮਹਿਸੂਸ ਕੀਤੀ, ਪਰ ਗੁਆਂਢੀ ਪਹਾੜੀ ਰਾਜਿਆਂ ਨੂੰ ਪਹਿਲਾਂ ਹੋਈ; ਕਿਉਂਕਿ ਸਦੀਆਂ ਬਾਅਦ ਕਿਸੇ ਦੱਬੀ-ਕੁਚਲੀ ਜਮਾਤ ਦੇ ਹੱਥਾਂ ਨੇ ਤਲਵਾਰ ਸੰਭਾਲੀ। ਇਤਿਹਾਸਕਾਰ ਗੋਕਲ ਚੰਦ ਨਾਰੰਗ ਲਿਖਦਾ ਹੈ, “ਹਿੰਦੂਆਂ ਦਾ ਧਰਮ ਤਾਂ ਹੈ ਸੀ, ਪਰ ਰਾਸ਼ਟਰੀਅਤਾ ਦਾ ਜਜ਼ਬਾ ਨਹੀਂ ਸੀ। ਗੁਰੂ ਗੋਬਿੰਦ ਸਿੰਘ ਰਾਸ਼ਟਰ ਨਿਰਮਾਤਾ ਦੇ ਤੌਰ ਉਤੇ, ਤੇ ਸਿੱਖ ਪੂਰਵ ਆਧੁਨਿਕ ਸਮੇਂ ਵਿਚ ਕੌਮ ਦੇ ਤੌਰ ‘ਤੇ ਉਭਰੇ।”
ਡਾæ ਸੰਗਤ ਸਿੰਘ ਨੇ ਆਪਣੀ ਕਿਤਾਬ ‘ਇਤਿਹਾਸ ਵਿਚ ਸਿੱਖ’ ਵਿਚ ਜ਼ਿਕਰ ਕੀਤਾ ਹੈ ਕਿ ਇਹ ਸੱਚਾਈ ਹੈ ਕਿ ਉਨ੍ਹਾਂ ਨੇ ਲੜਾਈਆਂ ਦੌਰਾਨ (ਖਾਸ ਕਰ ਕੇ ਹਿੰਦੂ ਰਾਜਿਆਂ ਨਾਲ) ਜਿੱਤਾਂ ਉਪਰੰਤ ਵੈਰੀ ਦੀ ਇਕ ਇੰਚ ਜ਼ਮੀਨ ‘ਤੇ ਵੀ ਕਬਜ਼ਾ ਨਹੀਂ ਸੀ ਕੀਤਾ, ਪਰ ਉਹ ਸਮਾਜਕ ਤਬਦੀਲੀ ਲਈ ਰਾਜਸੀ ਸ਼ਕਤੀ ਦੀ ਮਹੱਤਤਾ ਨੂੰ ਕਦੀ ਨਹੀਂ ਭੁੱਲੇ। ਖਾਲਸਾ ਸਾਜਨਾ ਤੋਂ ਦਹਾਕਾ ਪਹਿਲਾਂ ਜਦ ਉਹ ‘ਕ੍ਰਿਸ਼ਨ ਅਵਤਾਰ’ ਸੰਪੂਰਨ ਕਰ ਰਹੇ ਸਨ, ਤਾਂ ਉਨ੍ਹਾਂ ਨੇ ਇਸ ਸਿਧਾਂਤ ਨੂੰ ਇਸ ਤਰ੍ਹਾਂ ਨਿਰੂਪਤ ਕੀਤਾ, ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਧਰਮ, ਸਾਅਸੀ ਸੁਤੰਤਰਤਾ ਤੋਂ ਬਿਨਾਂ ਗੁਲਾਮੀ ਹੈ ਤੇ ਸਿਆਸਤ, ਧਾਰਮਿਕ ਸਦਾਚਾਰ ਬਿਨਾਂ ਸੰਗਠਤ ਜੰਗਲੀਪੁਣਾ ਹੈ। ਅਖੀਰਲੇ ਸਮੇਂ ਭਾਈ ਨੰਦ ਲਾਲ ਨਾਲ ਗੱਲਾਂ ਕਰਦਿਆਂ ਉਨ੍ਹਾਂ ਇਸ਼ਾਰਾ ਦਿੱਤਾ ਸੀ, ਇਨ ਗਰੀਬ ਸਿਖਨ ਹਉ ਦੇਓ ਪਾਤਸ਼ਾਹੀ, ਯਾਦ ਰਹੇ ਹਮਰੀ ਗੁਰਿਆਈ। ਨਾਥ ਮੱਲ ਢਾਡੀ ਦਾ ‘ਅਮਰਨਾਮਾ’ ਅਕਤੂਬਰ 1708 ਵੀ ਨਿਸਚੈਪੂਰਵਕ ਕਹਿੰਦਾ ਹੈ-ਸਿੱਖਾਂ ਨੂੰ ਦੋਹਾਂ ਜਹਾਨਾਂ ਦੀ ਬਾਦਸ਼ਾਹੀ ਦਿੱਤੀ ਗਈ ਹੈ ਤੇ ਉਨ੍ਹਾਂ ਲਈ ਹਰ ਤਰ੍ਹਾਂ ਦੇ ਹਾਲਾਤ ‘ਚ ਚੜ੍ਹਦੀ ਕਲਾ ਵਿਚ ਰਹਿਣਾ ਜ਼ਰੂਰੀ ਹੈ।
ਸ਼ਕਤੀ ਦੀ ਕੀਮਤ ਤੇ ਮਹੱਤਤਾ ਬਾਰੇ ਅਤਿ ਨਵੀਨ ਮਿਸਾਲ ਦੇਣੀ ਯੋਗ ਸਮਝਾਂਗਾ। ਸਮਾਜ ਸੁਧਾਰਕ ਅੰਨਾ ਹਜ਼ਾਰੇ ਦਾ ਸ਼ਾਂਤਮਈ ਅੰਦੋਲਨ ਪਿਛਲੇ 4-5 ਸਾਲਾਂ ਨਾਲ ਸਬੰਧਤ ਹੈ। ਕਈ ਪਾਰਟੀਆਂ ਭਾਵੇਂ ਆਪਣੇ ਮੁਫ਼ਾਦਾਂ ਲਈ ਅੰਦੋਲਨ ਦਾ ਸਮਥਰਨ ਕਰਦੀਆਂ ਰਹੀਆਂ, ਪਰ ਸਰਕਾਰ ਵੱਲੋਂ ਉਨ੍ਹਾਂ ਦੇ ਅੰਦੋਲਨ ਨੂੰ ਕਈ ਵਾਰੀ ਬੇਸ਼ਰਮੀ ਦੀ ਹੱਦ ਤੱਕ ਅਪਮਾਨਤ ਕੀਤਾ ਜਾਂਦਾ ਰਿਹਾ। ਅੰਨਾ ਹਜ਼ਾਰੇ ਦੀ ਟੀਮ ਦੇ ਮੁੱਖ ਬੁਲਾਰੇ ਅਰਵਿੰਦ ਕੇਜਰੀਵਾਲ ਨੇ ਆਪਣੀ ਤੇ ਸਾਥੀਆਂ ਦੀ ਵਾਰ ਵਾਰ ਹੁੰਦੀ ਦੁਰਗਤੀ ਤੋਂ ਇਹ ਮਹਿਸੂਸ ਕੀਤਾ ਕਿ ਜੋ ਕੁਝ ਵੀ ਕਰਨ-ਕਰਾਉਣ ਲਈ ਉਹ ਅੰਦੋਲਨ ਕਰ ਰਹੇ ਹਨ, ਉਸ ਦੀ ਉਨੀ ਦੇਰ ਕੋਈ ਕੀਮਤ ਨਹੀਂ ਪੈਣੀ, ਜਿੰਨੀ ਦੇਰ ਉਨ੍ਹਾਂ ਦੇ ਹੱਥਾਂ ਵਿਚ ਰਾਜਸੀ ਸ਼ਕਤੀ ਨਹੀਂ ਆਉਂਦੀ। ਉਹ ਕੇਜਰੀਵਾਲ ਅਜ ਰਾਜਸੀ ਸ਼ਕਤੀ ਦੀ ਪ੍ਰਾਪਤੀ ਉਪਰੰਤ ਦੁਨੀਆਂ ਦੇ ਗਿਣੇ-ਮਿਥੇ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਸਮਝਿਆ ਜਾ ਰਿਹਾ ਹੈ।
ਅਚਾਰੀਆ ਰਜਨੀਸ਼ (ਓਸ਼ੋ) ਵੀਹਵੀਂ ਸਦੀ ਦਾ ਅਨੁਭਵੀ ਦਾਰਸ਼ਨਿਕ, 600 ਤੋਂ ਵੱਧ ਕਿਤਾਬਾਂ ਦਾ ਰਚਨਹਾਰਾ; ਪੰਜਾਬ ਤੇ ਸਿੱਖਾਂ ਦੀ ਪੀੜ ਦਾ ਜਾਣਕਾਰ, ਗੁਰੂ ਨਾਨਕ ਦਾ ਉਚੇਚਾ ਪ੍ਰਸ਼ੰਸਕ। ਜਿਨ੍ਹਾਂ ਦਿਨਾਂ ਵਿਚ ਪੰਜਾਬ ਬਲ ਰਿਹਾ ਸੀ, ਸਿੱਖਾਂ ਪ੍ਰਤੀ ਨਫ਼ਰਤ ਦਾ ਵਾਤਾਵਰਨ ਪੂਰੇ ਦੇਸ਼ ਅੰਦਰ ਸਿਰਜਿਆ ਜਾ ਰਿਹਾ ਸੀ, ਉਦੋਂ ਮੁੰਬਈ ਤੋਂ ਛਪਦੇ ‘ਧਰਮਯੁਗ’ ਰਸਾਲੇ ਨੇ ਓਸ਼ੋ ਨਾਲ ਇੰਟਰਵਿਊ ਕੀਤੀ ਜਿਸ ਦੇ ਛਪਣ ‘ਤੇ ਭਾਰਤੀ ਸਰਕਾਰ ਨੇ ਰੋਕ ਲਾ ਦਿੱਤੀ ਸੀ। ਉਸ ਲੰਮੀ ਇੰਟਰਵਿਊ ਵਿਚੋਂ ਕੁਝ ਚੀਜ਼ਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ‘ਪੰਜਾਬ ਆਜ਼ਾਦ ਹੋਵੇ, ਗੁਰਮੁਖੀ ਫੈਲੇ, ਨਾਨਕ ਦੀ ਬਾਣੀ ਵਿਚ ਉਭਾਰ ਆਵੇ, ਸਿੱਖ ਦੀ ਤਲਵਾਰ ‘ਤੇ ਰੌਣਕ ਚੜ੍ਹੇ, ਜਿਸ ਦਿਨ ਪੰਜਾਬ ਨੇ ਚਾਹਿਆ ਸੀ ਕਿ ਆਜ਼ਾਦ ਹੋਵੇ, ਸਾਨੂੰ ਸਵਾਗਤ ਕਰਨਾ ਚਾਹੀਦਾ ਸੀ, ਕਿਉਂਕਿ ਆਜ਼ਾਦੀ ਇੰਨਾ ਵੱਡਾ ਮੁੱਲ ਹੈ ਜਿਸ ਤੋਂ ਰਾਸ਼ਟਰੀਅਤਾ ਕੁਰਬਾਨ ਕੀਤੀ ਜਾ ਸਕਦੀ ਹੈ।” ਜੇ ਤੁਹਾਨੂੰ ਥੋੜ੍ਹਾ ਚੇਤਾ ਹੋਵੇ, ਜਦੋਂ ਬੰਗਲਾ ਦੇਸ਼ ਅਲਹਿਦਾ ਹੋਇਆ ਤਾਂ ਇੰਦਰਾ ਗਾਂਧੀ ਨੇ ਨਾ ਸਿਰਫ਼ ਇਸ ਦੀ ਹਮਾਇਤ ਕੀਤੀ, ਸਗੋਂ ਆਪਣੀਆਂ ਫੌਜਾਂ ਵੀ ਭੇਜੀਆਂ ਸਨ। ਜ਼ਿੰਦਗੀ ਵਿਚ ਜੋ ਲੋਕ ਥੋੜ੍ਹਾ ਜਿੰਨਾ ਵੀ ਇਮਾਨ ਰੱਖਦੇ ਹਨ, ਉਨ੍ਹਾਂ ਦਾ ਇਹ ਦੇਖਣਾ ਬਣਦਾ ਹੈ ਕਿ ਅੱਜ ਪੰਜਾਬੀ ਵੀ ਆਜ਼ਾਦ ਹੋਣਾ ਚਾਹੁੰਦੇ ਹਨ ਤਾਂ ਉਹੀ ਇੰਦਰਾ ਗਾਂਧੀ ਇਨ੍ਹਾਂ ਨੂੰ ਆਜ਼ਾਦ ਨਹੀਂ ਸੀ ਹੋਣ ਦੇਣਾ ਚਾਹੁੰਦੀ, ਜੇ ਇੰਦਰਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤਾਂ ਮੇਰੇ ਦਿਲ ਵਿਚ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਹ ਇਸ ਲਈ ਜ਼ਿੰਮੇਵਾਰ ਹੈ। ਸਿੱਖ ਦੀ ਆਪਣੀ ਸ਼ਖਸੀਅਤ ਹੈ, ਆਪਣਾ ਇਮਾਨ ਹੈ, ਜੋ ਇਸ ਦੇਸ਼ ਵਿਚ ਹੋਰ ਕਿਸੇ ਦਾ ਨਹੀਂ। ਤੁਸੀਂ ਸਿੱਖ ਉਪਰ ਜਿੰਨਾ ਭਰੋਸਾ ਕਰ ਸਕਦੇ ਹੋ, ਕਿਸੇ ਹੋਰ ਉਪਰ ਨਹੀਂ। ਜਦੋਂ ਤੱਕ ਇਕ ਵੀ ਸਿੱਖ ਜ਼ਿੰਦਾ ਹੈ, ਇਹ ਸਮੱਸਿਆ ਕਾਇਮ ਰਹੇਗੀ।’
ਕੁਝ ਸਾਲ ਪਹਿਲਾਂ ਮੈਂ ਬੜੀ ਹੀ ਦਰਦਨਾਕ ਤੇ ਦਿਲਚਸਪ ਗੱਲ ਦਾ ਜ਼ਿਕਰ ਪੜ੍ਹਿਆ ਜੋ ਸਾਡੇ ਚਰਿੱਤਰ ਤੇ ਦਾਸਤਾਨ ਨਾਲ ਮੇਲ ਖਾਂਦੀ ਹੈ ਅਤੇ ਓਸ਼ੋ ਦੀ ਕਹੀ ਗੱਲ ਦੀ ਗਵਾਹੀ ਭਰਦੀ ਹੈ। ਲੇਖਕ ਨੇ ਫ਼ਲਸਤੀਨੀਆਂ ਤੇ ਯਹੂਦੀਆਂ ਦੀ ਲੜਾਈ ਦਾ ਤੁਲਨਾਤਮਕ ਅਧਿਐਨ ਕੀਤਾ ਕਿ ਇਜ਼ਰਾਈਲ ਕੋਲ ਫੌਜ 160,000, ਲੜਾਕੂ ਟੈਂਕ 4170, ਲੜਾਕੂ ਜਹਾਜ਼ 684, ਮਨੁੱਖੀ ਬੰਬ 0 ਹੈ। ਫ਼ਲਸਤੀਨੀਆਂ ਕੋਲ ਫੌਜ 0, ਲੜਾਕੂ ਟੈਂਕ 0, ਲੜਾਕੂ ਜਹਾਜ਼ 0 ਤੇ ਮਨੁੱਖੀ ਬੰਬ ਅਣਗਿਣਤ ਹਨ। ਕਹਿਣ ਦਾ ਮਤਲਬ ਸੀ ਕਿ ਜਦ ਤੱਕ ਇਕ ਵੀ ਫ਼ਲਸਤੀਨੀ ਜ਼ਿੰਦਾ ਹੈ, ਇਜ਼ਰਾਈਲ ਅੰਦਰ ਅਮਨ ਦੀ ਬਹਾਲੀ ਦੀ ਕੋਈ ਵੀ ਗਰੰਟੀ ਨਹੀਂ ਲੈ ਸਕਦਾ। ਸਿੱਖਾਂ ਅੰਦਰ ਵੀ ਇਹ ਅੱਗ ਕਿਸੇ ਨਾ ਕਿਸੇ ਰੂਪ ਵਿਚ ਬਲਦੀ ਰਹਿਣੀ ਹੈ, ਜਦ ਤੱਕ ਇਹ ਦੁਨੀਆਂ ਦੇ ਨਕਸ਼ੇ ਉਪਰ ਆਪਣੇ ਨਕਸ਼ ਨਹੀਂ ਉਲੀਕ ਲੈਂਦੇ।
ਅਕਸਰ ਇਹ ਗੱਲ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਗਿਣਤੀ ਦੇ ਲੋਕ ਹਨ ਜੋ ਇਹ ਮੰਗ ਵਾਰ ਵਾਰ ਉਭਾਰਦੇ ਹਨ। ਆਮ ਸਿੱਖ ਦਾ ਤਾਂ ਇਸ ਨਾਲ ਕੋਈ ਲੈਣਾ-ਦੇਣਾ ਨਹੀਂ, ਜਾਂ ਬਹੁ-ਗਿਣਤੀ ਤਾਂ ਇਸ ਮੰਗ ਦੇ ਵਿਰੋਧੀ ਹਨ। ਸਵਾਲ ਹੈ ਕਿ ਜਦ ਹਿੰਦੋਤਸਾਨ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਸ ਸਮੇਂ ਆਬਾਦੀ 35 ਕਰੋੜ ਸੀ। ਆਜ਼ਾਦੀ ਦੀ ਲੜਾਈ ਵਿਚ ਹਜ਼ਾਰਾਂ ਨੇ ਹੀ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਲਿਆ। ਭਲਾ ਕਿੰਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਪੈਦਾ ਹੋਏ? ਸੋ, ਆਜ਼ਾਦੀ ਦੀ ਸ਼ਮ੍ਹਾਂ ਜਗਦੀ ਰੱਖਣ ਦਾ ਉਪਰਾਲਾ ਸਿਰਫ਼ ਤੇ ਸਿਰਫ਼ ਉਨ੍ਹਾਂ ਨੇ ਹੀ ਕਰਨਾ ਹੁੰਦਾ ਹੈ ਜਿਨ੍ਹਾਂ ਵਿਚ ਸੜ ਮਰਨ ਦੀ ਪ੍ਰਬਲ ਤਾਂਘ ਹੁੰਦੀ ਹੈ। ਆਜ਼ਾਦੀ ਦੀ ਲੜਾਈ ਵਿਚ ਭੇਡਾਂ ਦੇ ਵੱਗ ਦੀ ਨਹੀਂ, ਸਗੋਂ ਸ਼ੇਰਾਂ ਦੀ ਗਰਜ ਦੀ ਜ਼ਰੂਰਤ ਹੁੰਦੀ ਹੈ।
ਨੌਂ ਗੁਰੂ ਸਾਹਿਬਾਨ ਨੇ ਤਾਕਤਵਰ ਤੇ ਗੈਰਤਮੰਦ ਕੌਮ ਦੀ ਉਸਾਰੀ ਲਈ ਆਧਾਰ ਤਿਆਰ ਕੀਤਾ। ਦਸਮ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਸਿੱਖੀ ਦਾ ਅਜਿਹਾ ਸੰਕਲਪ ਉਭਾਰਿਆ ਜਿਸ ਨੇ 10-12 ਸਾਲਾਂ ਵਿਚ ਹੀ ਦਸਮ ਪਾਤਸ਼ਾਹ ਵੱਲੋਂ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਜੇ ਰਾਜਸੀ ਸ਼ਕਤੀ ਦੀ ਪ੍ਰਾਪਤੀ ਗੁਰੂ ਸੰਕਲਪ ਦਾ ਹਿੱਸਾ ਨਾ ਹੁੰਦੀ ਤਾਂ ਇਸ ਦੀ ਪ੍ਰਾਪਤੀ ਉਪਰੰਤ ਗੁਰੂ ਸਾਹਿਬਾਨ ਦੇ ਨਾਂ ਦਾ ਸਿੱਕਾ ਨਾ ਚੱਲਦਾ। ਜਿਨ੍ਹਾਂ ਸੂਰਮਿਆਂ ਨੇ ਘੱਲੂਘਾਰਿਆਂ ਵਿਚੋਂ ਗੁਜ਼ਰਨ ਪਿਛੋਂ ਵੀ ਮਿਸਲਾਂ ਦੀ ਸਥਾਪਤੀ ਤੇ ਫਿਰ ਸਿੱਖ ਰਾਜ ਦੀ ਉਸਾਰੀ ਕੀਤੀ, ਉਹ ਲੋਕ ਕਿਸੇ ਵੀ ਤਰ੍ਹਾਂ ਗੁਰੂ ਆਸ਼ੇ ਦੇ ਉਲਟ ਚੱਲਣ ਵਾਲੇ ਨਹੀਂ ਸਨ।
ਉਸ ਵੀਰ ਦੀ ਇਕ ਹੋਰ ਬਚਗਾਨਾ ਦਲੀਲ ਸੀ ਕਿ ਸਿੱਖ ਜੋ ਮੁਲਕ ਦੀ ਰਾਖੀ ਲਈ ਬਣਿਆ ਹੈ, ਮੁਲਕ ਦੀ ਰਾਖੀ ਕਰੇ, ਕਿਤੇ ਮੁਲਕ ਵਿਰੁੱਧ ਹੋਣ ਦੀ ਭੁੱਲ ਨਾ ਕਰ ਬੈਠੇ। ਸਾਧਾਰਨ ਬੁੱਧੀ ਵਾਲਾ ਬੰਦਾ ਵੀ ਜਾਣਦਾ ਹੈ ਕਿ ਰਖਵਾਲਾ ਕੌਣ ਹੁੰਦਾ ਹੈ ਤੇ ਉਸ ਦੀ ਹੈਸੀਅਤ ਕੀ ਹੁੰਦੀ ਹੈ। ਸਿੱਖ ਕਿਸੇ ਵੀ ਰੂਪ ਵਿਚ ਹੋਵੇ, ਉਸ ਦੇ ਚੇਤੇ ਵਿਚ ਇਹ ਗੱਲ ਹਮੇਸ਼ਾ ਰਹਿਣੀ ਚਾਹੀਦੀ ਹੈ ਕਿ ਅਸੀਂ ਕਲਗੀਆਂ ਵਾਲੇ ਦੀ ਸਾਜੀ-ਨਿਵਾਜੀ ਕੌਮ ਹਾਂ। ਅਸੀਂ ਹਰ ਜ਼ਾਲਮ ਹਕੂਮਤ ਲਈ ਵੰਗਾਰ ਬਣੇ ਹਾਂ। ਬਾਗੀ ਜੇ ਕਿਸੇ ਨਿਜ਼ਾਮ ਪ੍ਰਤੀ ਬਾਗੀਆਨਾ ਦ੍ਰਿਸ਼ਟੀਕੋਣ ਅਪਨਾਉਂਦਾ ਹੈ ਤਾਂ ਇਸ ਲਈ ਨਹੀਂ ਕਿ ਉਹ ਮੰਜ਼ਲ ਦੀ ਪ੍ਰਾਪਤੀ ਉਪਰੰਤ ਰਖਵਾਲੇ ਜਾਂ ਚੌਕੀਦਾਰ ਦਾ ਕਿਰਦਾਰ ਅਪਨਾਏਗਾ, ਸਗੋਂ ਰਾਜ ਦੀ ਪ੍ਰਾਪਤੀ ਹੀ ਬਾਗੀ ਦੀ ਮੰਜ਼ਲ ਹੁੰਦੀ ਹੈ।
ਇਕ ਹੋਰ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਸੰਘਰਸ਼ ਦੀ ਸੋਚ ਹਮੇਸ਼ਾ ਗਰੀਬ ਤੇ ਮੱਧ ਵਰਗੀ ਸ਼੍ਰੇਣੀ ਦੇ ਹਿੱਸੇ ਹੀ ਆਈ ਹੈ। ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਸੰਘਰਸ਼ ਉਪਰੰਤ ਜੋ ਪਰਿਵਰਤਨ ਆਵੇਗਾ, ਉੁਹ ਉਨ੍ਹਾਂ ਦੇ ਹਨੇਰੇ ਰਾਹਾਂ ਲਈ ਰੋਸ਼ਨੀ ਸਾਬਤ ਹੋਵੇਗਾ। ਅਮੀਰ ਆਪਣੀ ਸਲਾਮਤੀ ਹਮੇਸ਼ਾ ਵੇਲੇ ਦੀ ਸਰਕਾਰ ਦੀ ਸੁਰ ਨਾਲ ਸੁਰ ਮਿਲਾ ਕੇ ਚੱਲਣ ਨਾਲ ਹੀ ਸੁਰੱਖਿਅਤ ਸਮਝਦਾ ਹੈ। ਉਸ ਦਾ ਆਪਣੇ ਧਰਮ, ਕੌਮ ਤੇ ਮਨੁੱਖੀ ਆਦਰਸ਼ਾਂ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ। ਜਿਸ ਲਈ ਗਰੀਬ ਸ਼੍ਰੇਣੀ ਤਬਦੀਲੀ ਵਿਚੋਂ ਆਸ ਰੱਖਦੀ ਹੈ, ਉਸ ਤੋਂ ਕਿਤੇ ਵੱਧ ਅਮੀਰ ਕੋਲ ਪਹਿਲਾਂ ਹੀ ਹੁੰਦਾ ਹੈ। ਜੇ ਗੁਲਾਮੀ ਦੇ ਦਿਨਾਂ ਦੀ ਗੱਲ ਵੀ ਕਰੀਏ ਤਾਂ ਇਕ ਪਾਸੇ ਕਸ਼ਮੀਰੀ ਪੰਡਤ ਆਪਣੇ ਜਨੇਊ ਦੀ ਰਾਖੀ ਲਈ ਸਹਾਰਾ ਲੱਭਦੇ ਫਿਰਦੇ ਸਨ, ਦੂਜੇ ਪਾਸੇ ਉਸੇ ਹਿੰਦੂ ਜਾਤੀ ਦੇ ਦੀਵਾਨ ਸੁੱਚਾ ਨੰਦ ਵਰਗੇ ਅਨੇਕਾਂ ਲੋਕ ਮੁਗਲ ਰਾਜ ਅੰਦਰ ਉਚ ਪਦਵੀਆਂ ਉਪਰ ਬੈਠੇ ਸਨ।
ਗੁਰਬਾਣੀ ਵਿਚ ਅਨੇਕਾਂ ਮਿਸਾਲਾਂ ਹਨ ਜੋ ਮਨੁੱਖ ਨੂੰ ਸੰਬੋਧਤ ਹਨ, ਪਰ ਹਵਾਲਾ ਪਸ਼ੂਆਂ ਦਾ ਹੈ, ਖਾਸ ਕਰ ਕੁੱਤੇ ਦਾ। ਕੁੱਤੇ ਦੀ ਵਫ਼ਾਦਾਰੀ, ਉਸ ਦੀ ਚਾਪਲੂਸੀ, ਉਸ ਅੰਦਰਲੇ ਡਰ ਤੇ ਭੌਂਕਣ ਦੀ ਬਿਰਤੀ ਆਦਿ। ਮੈਂ ਸਮਝਦਾਂ ਕਿ ਅਮੀਰ ਭਾਈਚਾਰੇ (ਜਿਸ ਦੀ ਅਮੀਰੀ ਉਸ ਦੇ ਮਾਲਕ ਦੀ ਵਫ਼ਾਦਾਰੀ ਤੇ ਸਰਕਾਰੀ ਨਿਜ਼ਾਮ ਦੀ ਰਹਿਮਤ ਉਪਰ ਨਿਰਭਰ ਹੁੰਦੀ ਹੈ) ਦੀ ਬਿਰਤੀ ਕੁੱਤੇ ਦੀ ਇਸ ਬਿਰਤੀ ਨਾਲ ਮੇਲ ਖਾਂਦੀ ਹੈ। ਕੁੱਤਾ ਦੋ ਮੌਕਿਆਂ ‘ਤੇ ਜ਼ਿਆਦਾ ਪੂਛ ਹਿਲਾਉਂਦੈ-ਇਕ ਤਾਂ ਜਦੋਂ ਉਸ ਨੂੰ ਭੁੱਖ ਲੱਗੀ ਹੁੰਦੀ ਹੈ, ਦੂਜਾ ਮਾਲਕ ਜਦੋਂ ਉਸ ਦੇ ਮਨ ਦੀ ਤਮੰਨਾ ਪੂਰੀ ਕਰਦਾ ਹੈ। ਅਜਿਹੀ ਬਿਰਤੀ ਵਾਲਾ ਅਮੀਰ ਸਾਰੀ ਉਮਰ ਚਾਪਲੂਸੀ, ਖੁਸ਼ਾਮਦ ਤੇ ਗੁਲਾਮ ਬਿਰਤੀ ਦਾ ਧਾਰਨੀ ਰਹਿੰਦਾ ਹੈ। ਉਹ ਆਪਣੀ ਅਮੀਰੀ ਤੇ ਰਾਜਸੀ ਸ਼ਕਤੀ ਦੇ ਬਲਬੂਤੇ ਸਮਾਜ ਅੰਦਰ ਮਾਨਤਾ ਪ੍ਰਾਪਤ ਕਰ ਲੈਂਦਾ ਹੈ; ਦੂਜੇ ਪਾਸੇ ਬਾਗੀ ਬਿਰਤੀ ਵਾਲਾ (ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ) ਹਮੇਸ਼ਾ ਆਪਣੀ ਅਣਖ ਤੇ ਪੱਤ ਦੀ ਸਲਾਮਤੀ ਨੂੰ ਤਰਜੀਹ ਦਿੰਦਾ ਹੈ। ਇਹੀ ਕਾਰਨ ਹੈ ਕਿ ਮੁਲਕ, ਕੌਮ ਜਾਂ ਧਰਮ ਲਈ ਸੰਘਰਸ਼ ਦੇ ਰਾਹ ਚੱਲਣ ਵਾਲੇ ਕਦੀ ਅਮੀਰ ਨਹੀਂ ਹੋਏ। ਉਨ੍ਹਾਂ ਨੂੰ ਅਮੀਰੀ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵਿਚ ਹੀ ਨਜ਼ਰ ਆਉਂਦੀ ਹੈ, ਭਾਵੇਂ ਉਹ ਮਕਸਦ ਦੀ ਪ੍ਰਾਪਤੀ ਤੋਂ ਬਹੁਤ ਪਹਿਲਾਂ ’80 ਫ਼ੀਸਦੀ ਸਿੱਖਾਂ ਦੀਆਂ ਕੁਰਬਾਨੀਆਂ’ ਵਾਂਗ ਹੀ ਅਲਵਿਦਾ ਹੋ ਜਾਂਦੇ ਹਨ।
ਸਿੱਖ ਦੁਨੀਆਂ ਦੇ ਧਾਰਮਿਕ ਖੇਤਰ ਅੰਦਰ ਪੰਜਵੀਂ ਵੱਡੀ ਕੌਮ ਹਨ, ਪਰ ਸਿੱਖ ਹੀ ਅਜਿਹੀ ਕੌਮ ਹੈ ਜਿਸ ਦਾ ਆਪਣਾ ਕੋਈ ਘਰ ਨਹੀਂ। ਇਹੀ ਕਾਰਨ ਹੈ ਕਿ ਢਾਈ ਕਰੋੜ ਆਬਾਦੀ ਵਾਲੀ ਕੌਮ ਅੱਜ ਵੀ ਵਿਦੇਸ਼ਾਂ ਅੰਦਰ ਆਪਣੀ ਪਛਾਣ ਨਹੀਂ ਬਣਾ ਸਕੀ। ਅੱਜ ਵੀ ਵਿਦੇਸ਼ੀ ਲੋਕ ਸਿੱਖੀ ਸਰੂਪ ਨੂੰ ਇਸਲਾਮ ਨਾਲ ਜੋੜ ਕੇ ਵੇਖਦੇ ਹਨ।
ਅਸੀਂ ਜਦ ਵੀ ਆਜ਼ਾਦੀ ਦੀ ਕੋਈ ਗੱਲ ਕਰਦੇ ਹਾਂ ਤਾਂ ਯਹੂਦੀਆਂ ਦਾ ਜ਼ਿਕਰ ਆ ਜਾਂਦਾ ਹੈ। ਯਹੂਦੀਆਂ ਦੇ ਵਤਨ ਇਜ਼ਰਾਈਲ ਦਾ ਰਕਬਾ 8019 ਵਰਗ ਮੀਲ ਹੈ ਤੇ ਆਬਾਦੀ 81 ਲੱਖ; ਮੌਜੂਦਾ ਪੰਜਾਬ ਦਾ ਰਕਬਾ 19445 ਵਰਗ ਮੀਲ ਹੈ ਤੇ ਆਬਾਦੀ 22 ਕਰੋੜ 80 ਲੱਖ ਤੋਂ ਉਪਰ। ਯਹੂਦੀ ਪੂਰੀ ਦੁਨੀਆਂ ਅੰਦਰ ਇਕ ਕਰੋੜ 55 ਲੱਖ ਹਨ ਤੇ ਸਿੱਖ 2 ਕਰੋੜ 50 ਲੱਖ ਤੋਂ ਉਪਰ। ਯਹੂਦੀਆਂ ਨੇ ਕਈ ਵਾਰ ਹੋਏ ਕਤਲੇਆਮ ਤੋਂ ਸਬਕ ਸਿੱਖਿਆ ਕਿ ਉਨ੍ਹਾਂ ਦਾ ਇਸ ਦੁਰਗਤੀ ਤੇ ਬੇਪਤੀ ਤੋਂ ਛੁਟਕਾਰਾ ਸਿਰਫ ਤੇ ਸਿਰਫ ਆਪਣੇ ਮੁਲਕ ਦੀ ਸਥਾਪਤੀ ਨਾਲ ਹੀ ਹੋਵੇਗਾ। ਉਨ੍ਹਾਂ ਆਪਣੀ ਕੌਮ ਅੰਦਰ ਜਾਗਰੂਕਤਾ ਪੈਦਾ ਕੀਤੀ ਕਿ ਕਿਵੇਂ ਸੰਸਾਰ ਅੰਦਰ ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਹੈ; ਕਿਵੇਂ ਸ਼ਕਤੀਸ਼ਾਲੀ ਹਕੂਮਤਾਂ ਦਾ ਸਮਰਥਨ ਹਾਸਲ ਕਰਨਾ ਹੈ। ਇਸੇ ਨੇ ਹੀ ਉਨ੍ਹਾਂ ਨੂੰ ਸਮਰੱਥਾ ਦਿੱਤੀ ਕਿ ਉਹ ਦੁਨੀਆਂ ਦੇ ਨਕਸ਼ੇ ‘ਤੇ ਆਪਣੀ ਥਾਂ ਬਣਾ ਸਕੇ। ਪੂਰੇ ਅਰਬੀ ਖਿੱਤੇ ਵਿਚ ਜਿਸ ਗੈਰਤ ਤੇ ਗੌਰਵ ਨਾਲ ਉਹ ਜੀਅ ਰਹੇ ਨੇ, ਉਹ ਆਜ਼ਾਦੀ ਦੇ ਸੰਘਰਸ਼ ਦੇ ਰਾਹ ਉਪਰ ਬਾਗੀ ਸੁਰ ਦੇ ਧਾਰਨੀ ਲੋਕਾਂ ਲਈ ਮਾਰਗ ਦਰਸ਼ਨ ਹਨ, ਆਸ ਦਾ ਦੀਵਾ ਤੇ ਚਾਨਣ ਮੁਨਾਰਾ ਹਨ।