ਆਮਨਾ ਅਮੀਨ, ਲਾਹੌਰ
ਗੁਲ ਪਾਨਰਾ ਪਸ਼ਤੋ ਮੁਟਿਆਰ ਹੈ ਜਿਸ ਦਾ ਵਾਹ ਗਾਇਨ ਨਾਲ ਹੈ। ਗੁਲ ਪਾਨਰਾ ਦਾ ਸ਼ਾਬਦਿਕ ਅਰਥ ਫੁੱਲ ਪੱਤੀ ਬਣਦਾ ਹੈ ਅਤੇ ਜਦੋਂ ਗੁਲ ਗਾਉਂਦੀ ਹੈ ਤਾਂ ਸੱਚਮੁੱਚ ਫੁੱਲਾਂ ਦੀਆਂ ਪੱਤੀਆਂ ਵਿਚੋਂ ਸੁਰਾਂ ਦੀ ਛਹਿਬਰ ਝਰਦੀ ਜਾਪਦੀ ਹੈ। ਗੁਲ ਪਨਾਰਾ ਦਾ ਅਸਲ ਨਾਂ ਮਹਿਨਾਜ਼ ਹੈ, ਪਰ ਅੱਜ ਕੱਲ੍ਹ ਉਹ ਗੁਲ ਪਨਾਰਾ ਦੇ ਨਾਂ ਨਾਲ ਮਸ਼ਹੂਰ ਹੈ।
ਉਹਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਦੀ ਮਾਸਟਰਜ਼ ਡਿਗਰੀ ਲਈ ਹੋਈ ਹੈ। ਉਹ ਸਕੂਲ ਵਿਚ ਪੜ੍ਹਦੀ ਹੀ ਗਾਉਣ ਲੱਗ ਪਈ ਸੀ ਅਤੇ ਹੁਣ ਤੱਕ ਉਸ ਦੀ ਤਿੰਨ ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ। ਆਪਣੀ ਆਵਾਜ਼ ਨਾਲ ਜਦੋਂ ਉਹ ਪਸ਼ਤੋਂ Ḕਚ ਹੇਕ ਲਾਉਂਦੀ ਹੈ ਤਾਂ ਆਸਮਾਨ ਤੋਂ ਉਤਰੀ ਕੋਈ ਪਰੀ ਹੀ ਜਾਪਦੀ ਹੈ।
ਦਰਅਸਲ, ਪਸ਼ਤੋ ਲਈ ਉਹ ਪਰੀ ਹੀ ਹੈ ਜਿਸ ਦੀਆ ਧੁੰਮਾਂ ਅੱਜ ਸੰਸਾਰ ਭਰ ਵਿਚ ਪੈ ਰਹੀਆਂ ਹਨ। ਪਸ਼ਤੋ ਇਸ ਵੇਲੇ ਅਫਗਾਨਿਸਤਾਨ ਦੀਆਂ ਦੋ ਸਰਕਾਰੀ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਸੰਸਾਰ ਭਰ ਵਿਚ ਪੰਜ ਕਰੋੜ ਤੋਂ ਵੱਧ ਲੋਕ ਪਸ਼ਤੋ ਬੋਲਦੇ ਹਨ। ਪਾਕਿਸਤਾਨ ਵਿਚ ਭਾਵੇਂ ਇਸ ਨੂੰ ਸਰਕਾਰੀ ਭਾਸ਼ਾ ਵਾਲਾ ਦਰਜਾ ਤਾਂ ਨਹੀਂ ਮਿਲ ਸਕਿਆ, ਪਰ ਮੁਲਕ ਦੇ ਤਕਰੀਬਨ ਪੌਣੇ ਦੋ ਲੱਖ ਲੋਕ ਇਹ ਬੋਲੀ ਬੋਲਦੇ ਹਨ। ਖੈਬਰ ਪਖਤੂਨਖਵਾ, ‘ਫਾਟਾ’ (ਫੈਡਰਲੀ ਐਡਮਨਿਸਟ੍ਰੇਟਡ ਟਰਾਈਬਲ ਏਰੀਆਜ਼) ਅਤੇ ਉਤਰੀ ਬਲੋਚਿਸਤਾਨ ਵਿਚ ਵੱਸੇ ਲੋਕਾਂ ਦੀ ਮੁੱਖ ਬੋਲੀ ਵੀ ਇਹੀ ਹੈ। ਇਹੀ ਨਹੀਂ, ਪੰਜਾਬ ਦੇ ਮੀਆਂਵਾਲੀ ਅਤੇ ਅਟਕ ਜ਼ਿਲ੍ਹਿਆਂ ਵਿਚ ਵੀ ਪਸ਼ਤੋ ਦੀ ਚੜ੍ਹਤ ਹੈ। ਸਿੰਧ ਵਿਚ ਕਰਾਚੀ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿਚ ਪਸ਼ਤੋਂ ਬੋਲਣ ਵਾਲੇ ਆਮ ਮਿਲ ਜਾਂਦੇ ਹਨ। ਤਾਜਿਕਸਤਾਨ ਦੇ ਕੁਝ ਭਾਈਚਾਰੇ ਵੀ ਪਸ਼ਤੋ ਨਾਲ ਬਾਵਸਤਾ ਹਨ। ਭਾਰਤ ਵਿਚ ਜੰਮੂ ਕਸ਼ਮੀਰ ਦੇ ਦੱਖਣ-ਪੱਛਮੀ ਖਿੱਤੇ ਵਿਚ ਵੀ ਇਸ ਬੋਲੀ ਦੀ ਮਿਠਾਸ ਫੈਲੀ ਹੋਈ ਹੈ। ਯੂæਏæਈæ, ਇਰਾਨ (ਸੂਬਾ ਖੁਰਾਸਾਨ), ਅਮਰੀਕਾ, ਇੰਗਲੈਂਡ, ਥਾਈਲੈਂਡ, ਨੈਨੇਡਾ, ਜਰਮਨੀ, ਨੀਦਰਲੈਂਡਜ਼, ਸਵੀਡਨ, ਕਤਰ, ਆਸਟਰੇਲੀਆ, ਜਪਾਨ, ਰੂਸ, ਨਿਊਜ਼ੀਲੈਂਡ ਵਿਚ ਪਖਤੂਨ ਅਤੇ ਇਨ੍ਹਾਂ ਦੀ ਇਹ ਭਾਸ਼ਾ ਤੇ ਬੋਲੀ ਪਸ਼ਤੋ ਫੈਲੀ ਹੋਈ ਹੈ।
ਪਸ਼ਤੋ ਜਿਸ ਨੂੰ ਪਖਤੋ, ਪਠਾਨੀ ਜਾਂ ਅਫਗਾਨੀ ਵੀ ਕਿਹਾ ਜਾਂਦਾ ਰਿਹਾ ਹੈ, ਦਾ ਇਤਿਹਾਸ ਅਫਗਾਨਿਸਤਾਨ ਨਾਲ ਜੁੜਿਆ ਹੋਇਆ ਹੈ। ਇਤਿਹਾਸ ਦੀ ਇਹ ਲੜੀ ਦੋ ਹਜ਼ਾਰ ਤੋਂ ਵੀ ਪਹਿਲਾਂ ਵਾਲੇ ਵਕਤ ਨਾਲ ਜਾ ਜੁੜਦੀ ਹੈ। ਯੂਨਾਨੀ ਫਿਲਾਸਫਰ/ਇਤਿਹਾਸਕਾਰ ਸਤਰੇਬੋ ਜਿਸ ਦਾ ਸਮਾਂ 63/64 ਈਸਾ ਪੂਰਵ ਤੋਂ 24 ਈਸਵੀ ਤੱਕ ਮੰਨਿਆ ਜਾਂਦਾ ਹੈ, ਨੇ ਆਪਣੀ ਲਿਖਤ ਵਿਚ ਸਿੰਧੂ ਦਰਿਆ ਦੇ ਕਬਾਇਲੀ ਇਲਾਕਿਆਂ ਦਾ ਜ਼ਿਕਰ ਕੀਤਾ ਹੈ। ਇਹ ਉਹੀ ਇਲਾਕੇ ਹਨ ਜਿਨ੍ਹਾਂ ਦਾ ਜ਼ਿਕਰ ਤੀਜੀ ਈਸਵੀ ਵਿਚ ਅਫਗਾਨ ਵਜੋਂ ਸ਼ੁਰੂ ਹੋ ਗਿਆ ਸੀ ਅਤੇ ਇਸ ਇਲਾਕੇ ਦੀ ਭਾਸ਼ਾ ਨੂੰ ਅਫਗਾਨੀ ਕਿਹਾ ਗਿਆ ਸੀ। ਸੋਲਵੀਂ ਸਦੀ ਦੌਰਾਨ ਪਸ਼ਤੋ ਸ਼ਾਇਰੀ ਨੂੰ ਬਹੁਤ ਗੂੜ੍ਹਾ ਰੰਗ ਚੜ੍ਹਿਆ ਅਤੇ ਇਸ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ। ਪਸ਼ਤੋ ਦੀ ਇਹ ਮਹਿਮਾ ਪੀਰ ਰੌਸ਼ਨ, ਖੁਸ਼ਹਾਲ ਖਾਨ ਖਟਕ, ਰਹਿਮਾਨ ਬਾਬਾ, ਨਾਜ਼ੋ ਤੋਖੀ ਅਤੇ ਅਹਿਮਦ ਸ਼ਾਹ ਦੁੱਰਾਨੀ ਵਰਗੇ ਸ਼ਾਇਰਾਂ ਕਰ ਕੇ ਸੰਭਵ ਹੋ ਸਕੀ।
ਇਉਂ ਪੇਸ਼ਾਵਰ ਵਿਚ 6 ਸਤੰਬਰ 1989 ਨੂੰ ਜੰਮੀ ਮਹਿਨਾਜ਼ ਉਰਫ ਗੁਲ ਪਾਨਰਾ ਦਾ ਸਬੰਧ ਦੋ ਹਜ਼ਾਰ ਸਾਲ ਪੁਰਾਣੀ ਪਸ਼ਤੋ ਨਾਲ ਜੁੜ ਗਿਆ। ਫਿਰ ਛੇਤੀ ਹੀ ਉਸ ਦੇ ਰਾਗ-ਰੰਗ ਨੇ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿਚ ਵੱਸਦੇ ਪਖਤੂਨਾਂ ਨਾਲ ਸਾਂਝ ਬਣਾ ਲਈ। ਤੇ ਅੱਜ ਕੱਲ੍ਹ ਉਸ ਦਾ ਗੀਤ ḔਮਲੰਗḔ ਲੋਕਾਂ ਦੇ ਦਿਲਾਂ ਅੰਦਰ ਝਰਨਾਟਾਂ ਛੇੜ ਰਿਹਾ ਹੈ।