ਗੁਣਾਚੌਰ, ਸ਼ਮਸ਼ੇਰ ਸੰਧੂ ਤੇ ਜਸਬੀਰ

ਐਸ ਅਸ਼ੋਕ ਭੌਰਾ
ਕਿਸੇ ਦੇ ਚੰਗੇ ਗੁਣਾ ਦੀ ਪ੍ਰਸ਼ੰਸਾ ਕਰਨੀ ਹੁਣ ਕਾਫੀ ਔਖੀ ਹੁੰਦੀ ਜਾ ਰਹੀ ਹੈ ਪਰ ਜਸਬੀਰ ਗੁਣਾਚੌਰੀਆ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਉਹਦੀ ਵਡਿਆਈ ‘ਚ ਇਹ ਜ਼ਰੂਰ ਕਹਾਂਗਾ ਕਿ ਭਾਵੇਂ ਬਹੁਤ ਸਾਰੇ ਗੀਤਕਾਰਾਂ ਅਤੇ ਸ਼ਾਇਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਪਰ ਦੇਬੀ ਤੋਂ ਬਾਅਦ ਜੇ ਕਿਸੇ ਗੀਤਕਾਰ ਨੂੰ ਮੈਂ ਢਿੱਡੋਂ ਰੱਜ ਕੇ ਸਲਾਹਿਆ ਹੈ ਤਾਂ ਉਹ ਜਸਬੀਰ ਗੁਣਾਚੌਰੀਆ ਹੀ ਹੈ।

ਸਿਆਣੇ ਆਖਦੇ ਨੇ ਕਿ ਕਿਸੇ ਦੀ ਵਡਿਆਈ ਕਰਕੇ ਤਾਂ ਦੇਖੋ ਉਹ ਤੁਹਾਡੇ ਗਲ ਵਿਚ ਕਾਗਜ਼ੀ ਫੁੱਲਾਂ ਦੇ ਨਹੀਂ ਗੁਲਾਬ ਦੇ ਮਹਿਕਦੇ ਫੁੱਲਾਂ ਦਾ ਹਾਰ ਗੁੰਦ ਕੇ ਪਾਉਣ ਲਈ ਉਤਾਵਲਾ ਹੋ ਜਾਵੇਗਾ। ਜਸਬੀਰ ਦੀ ਸਿਫਤ ਮੈਂ ਕਿਉਂ ਕਰ ਰਿਹਾ ਹਾਂ? ਉਹਦਾ ਸ਼ੁਰੂਆਤ ‘ਚ ਹੀ ਹਵਾਲਾ ਦੇ ਦਿੰਨੈਂ।
“ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ” ਦੀਆਂ ਆਖਰੀ ਸਤਰਾਂ:
ਜਦ ਹੁਸਨ ਤੇਰੇ ਦਾ ਚੰਨ ਜਿੰਦੇ,
ਗਿਆ ਬੈਠ ਗੋਡਣੀ ਲਾ ਕੇ ਨੀ,
ਗੁਣਾਚੌਰੀਏ ਤੂੰ ਜਸਬੀਰ ਤਾਈਂ,
ਉਦੋਂ ਲੱਭੇਂਗੀ ਫਿਰ ਆ ਕੇ ਨੀ।
ਜਾਂ
‘ਤੁਰ ਗਈ ਜਹਾਜ ਚੜ੍ਹ ਕੇ’ ਦੀਆਂ ਕੁਝ ਸਤਰਾਂ:
ਉਚੇ ਅਸਮਾਨਾਂ ਵਿਚ ਉਚੀਆਂ ਉਡਾਨਾਂ,
ਤੈਨੂੰ ਉਚਿਆਂ ਘਰਾਂ ਨੇ ਭਰਮਾ ਲਿਆ।
ਸਾਡਿਆਂ ਹੱਥਾਂ ਦੇ ਵਿਚੋਂ ਖੋਹ ਲਿਆ ਏ ਤੈਨੂੰ,
ਜਾਲ਼ ਸੋਨੇ ਦੀਆਂ ਰੱਸੀਆਂ ਦਾ ਪਾ ਲਿਆ।
ਨਾਲ ਕਹਿ ਸਕਦੇ ਹਾਂ ਕਿ ਜਸਬੀਰ ਸ਼ਾਇਰੀ ਦਾ ਸਿਖਰ ਹੈ। ਉਹ ਆਪਣੀ ਜ਼ਿੰਦਗੀ ਵਿਚ ਆਪ ਕਿੰਨਾ ਕੁ ਉਦਾਸ ਰਿਹਾ ਹੈ, ਇਹ ਤਾਂ ਉਹੀ ਜਾਣੇ ਪਰ ਉਸ ਨੂੰ ਉਦਾਸ ਗੀਤ ਲਿਖਣ ਦਾ ਬਾਦਸ਼ਾਹ ਕਹਿ ਸਕਦਾ ਹਾਂ।
‘ਗੁਣਾਚੌਰ’ ਬੰਗਿਆਂ ਤੋਂ ਮੁਕੰਦਪੁਰ ਨੂੰ ਜਾਂਦੀ ਸੜਕ ‘ਤੇ ਵਸਿਆ ਪਹਾੜੀਨੁਮਾ ਪਿੰਡ ਹੈ। ਇਸ ਪਿੰਡ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਜਰਾ ਇਕਾਗਰਚਿੱਤ ਹੋ ਕੇ ਦੇਖੋ, ਨੰਦ ਲਾਲ ਦਾ ਨੂਰਪੁਰ ਨਾਲ, ਦੀਪਕ ਜੈਤੋਈ ਦਾ ਜੈਤੋ ਨਾਲ, ਹਸਨਪੁਰ ਦਾ ਇੰਦਰਜੀਤ ਨਾਲ, ਬਾਬੂ ਸਿੰਘ ਮਾਨ ਦਾ ਮਰਾੜਾਂ ਨਾਲ, ਗੁਰਾਇਆ ਦਾ ਚੰਨ ਨਾਲ, ਦੇਬੀ ਦਾ ਮਖਸੂਸਪੁਰ ਨਾਲ, ਥਰੀਕਿਆਂ ਦਾ ਦੇਵ ਨਾਲ, ਦੇਤਵਾਲ ਦਾ ਪਾਲੀ ਨਾਲ, ਗਿੱਲ ਦਾ ਜੱਬੋਮਾਜਰੇ ਨਾਲ, ਦਵਿੰਦਰ ਦਾ ਖੰਨੇ ਨਾਲ ਟਿੱਚ ਬਟਣਾਂ ਵਰਗਾ ਸਬੰਧ ਰਿਹਾ ਹੈ ਤੇ ਆਪਾਂ ਇਨ੍ਹਾਂ ਨਾਂਵਾਂ ਨੂੰ ਅੱਗੜ ਪਿੱਛੜ ਵੀ ਕਰ ਲਈਏ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਗੁਣਾਚੌਰ ਨੂੰ ਕਈ ਹੋਰ ਗੱਲਾਂ ਕਰਕੇ ਵੀ ਜਾਣਦਾ ਹਾਂ। ਕਹਿੰਦੇ ਨੇ, ਇਥੇ ਕਦੇ ਰਾਜਾ ਗੋਪੀਚੰਦ ਆਇਆ ਸੀ, ਪਹਾੜੀ ਦੇ ਉਪਰ ਗੁਣਾਚੌਰ ਦੇ ਟਿੱਬਿਆਂ ਦੇ ਉਪਰ ਪੁਰਾਣੀਆਂ ਇੱਟਾਂ ਦੇ ਨਿਸ਼ਾਨ ਇਹੀ ਦਰਸਾਉਂਦੇ ਹਨ। ਗੁਣਾਚੌਰ ਦਾ ਸਬੰਧ ਬੰਗਿਆਂ ਦੇ ਲਹਿੰਦੇ ਪਾਸੇ ਥੇਹ ‘ਤੇ ਵਸੇ ‘ਹੀਉਂ’ ਪਿੰਡ ਨਾਲ ਵੀ ਹੈ ਜਿਸ ਨੂੰ ਆਮ ਤੌਰ ਤੇ ‘ਹੀਵਾਂ’ ਵੀ ਕਿਹਾ ਜਾਂਦਾ ਹੈ। ਕਹਿੰਦੇ ਨੇ, ਇਥੇ ਰਾਜਾ ਭਰਥਰੀ ਰਾਜ ਕਰਦਾ ਰਿਹੈ ਤੇ ਗੋਪੀ ਚੰਦ ਤੇ ਰਾਜਾ ਭਰਥਰੀ ਚਾਚਾ-ਭਤੀਜਾ ਸਨ।
1980 ਦੀਆਂ ਮਾਸਕੋ ਉਲੰਪਿਕ ਖੇਡਾਂ, ਜਿਨ੍ਹਾਂ ਨੂੰ ਮੈਂ ਅੱਖੀਂ ਵੇਖਿਆ ਤੇ ਇਨ੍ਹਾਂ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੀ ਅਗਵਾਈ ਹੁਣ ਦੇ ਵੱਡੇ ਪੁਲਿਸ ਅਫਸਰ ਸੁਰਿੰਦਰ ਸੋਢੀ ਦੇ ਹੱਥਾਂ ਵਿਚ ਸੀ, ਉਲੰਪੀਅਨ ਚੈਂਪੀਅਨ ਸੋਢੀ ਦਾ ਪਿੰਡ ਵੀ ਗੁਣਾਚੌਰ ਹੀ ਹੈ। ਕਲਾ ਪੱਖੋਂ ਢਾਡੀ ਦੀਦਾਰ ਸਿੰਘ ਰਟੈਂਡਾ ਵੰਡ ਤੋਂ ਪਿੱਛੋਂ ਆਖਰੀ ਸਾਹਾਂ ਤੱਕ ਗੁਣਾਚੌਰ ਹੀ ਰਹਿੰਦਾ ਰਿਹਾ ਹੈ। ਇਥੇ ਹੀ ਮੈਂ ਉਸ ਨੂੰ ਇਕ ਬਾਂਹ ਦੀ ਸਾਰੰਗੀ ਅਤੇ ਦੂਜੀ ਬਾਂਹ ਦਾ ਗਜ ਬਣਾ ਕੇ ਸੌਵੇਂ ਸਾਲ ਤੋਂ ਉਪਰ ‘ਚੱਕ ਕੇ ਝੰਮਣ ਹੀਰੇ ਡੋਲੀ ਬਹਿ ਗਈ ਖੇੜਿਆਂ ਦੀ’ ਗਾਉਂਦਿਆਂ ਸੁਣਿਐ। ਇਹ ਪਿੰਡ ਗੀਤਕਾਰ ਸ਼ਮਸ਼ੇਰ ਸੰਧੂ ਨਾਲ ਵੀ ਜੁੜਦਾ ਹੈ ਕਿਉਂਕਿ ਉਸ ਦੀ ਪਤਨੀ ਸੁਖਬੀਰ ਇਸੇ ਪਿੰਡ ਦੀ ਹੈ। ਅੱਜ ਦੇ ਗੁਣਾਚੌਰ ਦੀ ਗੱਲ ਕਰਨੀ ਹੋਵੇ ਤਾਂ ਕਹਿ ਸਕਦਾ ਹਾਂ ਕਿ ਭੱਤਾ ਲੈ ਕੇ ਜਾਂਦੀ ਦਾ ਚਾਹੇ ਲੱਕ ਹਿੱਲੇ ਚਾਹੇ ਗੜਵਾ, ਗੁਣਾਚੌਰ ਨੂੰ ਦੁਨੀਆਂ ‘ਚ ਪ੍ਰਸਿੱਧੀ ਲੈ ਕੇ ਦੇਣ ਦਾ ਸਿੱਧਾ ਸਬੰਧ ਇਸੇ ਪਿੰਡ ਵਿਚ ਜੰਮੇ ਦਿਲਾਵਰ ਤੇ ਦਰਸ਼ਣ ਕੌਰ ਦੇ ਪੁੱਤਰ ਜਸਬੀਰ ਨਾਲ ਹੀ ਹੈ।
ਗੱਲ 1986-87 ਦੀ ਹੈ ਜਦੋਂ ਜਸਬੀਰ ਮੇਰੇ ਸੰਪਰਕ ਵਿਚ ਆਇਆ। ਉਹ ‘ਅਜੀਤ’ ਵਿਚ ਮੇਰੇ ਛਪ ਰਹੇ ਲੇਖਾਂ ਦਾ ਕਦਰਦਾਨ ਸੀ ਤੇ ਲੇਖਕ ਹੀ ਬਣਨ ਦੀ ਉਸ ਦੀ ਇੱਛਾ ਸੀ। ਉਹਦੇ ਕੁਝ ਲੇਖ ਅਜੀਤ ਵਿਚ ਛਪਦੇ ਵੀ ਰਹੇ। ਇਹਦਾ ਜ਼ਰੀਆ ਭਾਵੇਂ ਮੈਂ ਸੀ ਪਰ ਅਜੀਤ ਦਾ ਮੈਗਜ਼ੀਨ ਐਡੀਟਰ ਪਰਮਜੀਤ ਸਿੰਘ ਵਿਰਕ ਗੁਣਾਚੌਰ ਵਿਆਹਿਆ ਹੋਣ ਕਰਕੇ ਜਸਬੀਰ ਨੂੰ ਕੁਝ ਹੋਰ ਵੀ ਫਾਇਦਾ ਹੁੰਦਾ ਰਿਹਾ। ਉਹ ਪਹਿਲਿਆਂ ‘ਚ ਸ਼ਮਸ਼ੇਰ ਦਾ ਹਵਾਲਾ ਦੇ ਕੇ ਮਿਲਦਾ ਹੁੰਦਾ ਸੀ ਕਿ ਉਹ ਸਾਡੇ ਪਿੰਡ ਦਾ ਜੁਆਈ ਭਾਈ ਹੈ ਤੇ ਮਨਧੀਰ, ਸ਼ਮਸ਼ੇਰ ਤੇ ਜਸਬੀਰ ਅਕਸਰ ਮੈਨੂੰ ‘ਕੱਠਿਆ ਹੀ ਮਿਲਦੇ। ਪਰ ਜਦੋਂ ਕੁਲਵੀਰ ਚੰਡੀਗੜ੍ਹੀਏ ਨੇ ਜਸਬੀਰ ਦਾ ਪਹਿਲਾ ਗੀਤ ਰਿਕਾਰਡ ਕਰਵਾਇਆ ਤਾਂ ਉਹ ਮੈਨੂੰ ਚਾਅ ਨਾਲ ਦੱਸਣ ਆਇਆ। ਮੁੱਖੜਾ ਤਾਂ ਯਾਦ ਨਹੀਂ ਪਰ ਆਖਰੀ ਬੋਲ ਸਨ ‘ਗੁਣਾਚੌਰ ਜਸਬੀਰ ਨੇ ਤੈਨੂੰ ਕਮਲੀ ਕਹਿ ਕਹਿ ਹੱਸਣਾ’, ਮੈਨੂੰ ਲੱਗਾ ਸੀ ਕਿ ਚੰਗਾ ਗੀਤਕਾਰ ਬਣੇਗਾ ਪਰ ਉਹ ਗੀਤਕਾਰੀ ਵਿਚ ਸ਼ਬਦ ਰੋਣ ਹੀ ਲਾ ਦੇਵੇਗਾ, ਆਸ ਨਹੀਂ ਸੀ ਤੇ ਜਿਹੜਾ ਜਸਬੀਰ ਗੀਤਕਾਰੀ ਦੇ ਭੀੜ ਭੜੱਕੇ ਵਿਚ ਅੱਜ ਨਿੱਖਰ ਕੇ ਬੈਠਾ ਹੈ, ਉਹ ਉਹਦੇ ਅੰਦਰ ਜਗਦੀਆਂ ਮੋਮਬੱਤੀਆਂ ਦੀ ਬਾਹਰੀ ਲੋਅ ਹੈ। ਜਸਬੀਰ ਵਿਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਬੇਹਦ ਮਿਲਣਸਾਰ ਹੈ। ਹਵਾਲਾ ਇਥੇ ਇਹ ਦਿਆਂਗਾ ਕਿ ‘ਇੰਨਾ ਗੁੱਸੇ ਗੁੱਸੇ ਰਵੇਂ ਦੱਸ ਕਿਉਂ ਸੱਜਣਾ, ਕਦੇ ਮਿਲਿਆ ਵੀ ਕਰ ਸਿੱਧੇ ਮੂੰਹ ਸੱਜਣਾ’ ਆਪਣਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿਚ ਰਿਕਾਰਡ ਕਰਵਾ ਜਾਣਾ ਜਸਬੀਰ ਦੀਆਂ ਉਨ੍ਹਾਂ ਤਲੀਆਂ ਦੀ ਗੱਲ ਹੈ ਜਿਹੜੀਆ ਆਪ ਹੀ ਨਹੀਂ ਵੱਜੀਆਂ, ਦੂਜਿਆਂ ਨਾਲ ਵੀ ਇਕਸੁਰ ਹੋ ਕੇ ਵੱਜਦੀਆਂ ਰਹੀਆਂ ਹਨ।
ਜਸਬੀਰ ਦੇ ਵਿਆਹ ਦੀ ਝਲਕ ਦੇਖੋ ਕਿ ਮੇਰੇ ਵਿਆਹ ‘ਤੇ 22 ਕਲਾਕਾਰ ਸਨ ਤੇ ਉਹਦੇ ਤੇ 27, ਤੇ ਮੈਨੂੰ ਲੱਗਦਾ ਸੀ ਕਿ ਜਸਬੀਰ ਸਾਡਾ ਪੱਲਾ ਖਿੱਚ ਕੇ ਲੈ ਗਿਆ। ਇਹ ਉਹਦੇ ਪਿਆਰ, ਮੁਹੱਬਤ, ਸੂਝ, ਨਿਮਰਤਾ, ਸਾਦਗੀ ਦੇ ਪੰਜ ਪਰਮੇਸ਼ਰਾਂ ਦਾ ਸਾਂਝਾ ਜੈਕਾਰਾ ਸੀ। ਮਨਮੋਹਨ ਵਾਰਿਸ ਹੁਰਾਂ ਦੇ ਗਾਏ ਗੀਤਾਂ ਵਿਚ ਜਸਬੀਰ ਚੰਗਾ ਨਿੱਖਰਿਆ ਹੈ ਤੇ ਮੈਨੂੰ ਕਈ ਵਾਰੀ ਇੱਦਾਂ ਵੀ ਲੱਗਦਾ ਰਿਹਾ ਹੈ ਕਿ ਮਨਮੋਹਨ ਆਪ ਵੀ ਚਮਕ ਗਿਆ ਹੈ। ਜਸਬੀਰ ਦੇ ਖਾਤੇ ‘ਚ ਇਕ ਅੰਕੜਾ ਬਣਿਆ ਰਹੇਗਾ ਕਿ ‘ਕੱਲੀ ਬਹਿ ਕੇ ਸੋਚੀਂ’ ਕੈਸਿਟ ਜਾਂ ਗੀਤ ਹੀ ਨਹੀਂ ਚੱਲਿਆ ਸਗੋਂ ਉਹਦੇ ਟਾਈਟਲ ‘ਤੇ ਲੱਗੀ ਤਸਵੀਰ ਵਿਕਣ ਦੇ ਵੀ ਅੰਕੜੇ ਕਦੇ ਝੁਠਲਾਏ ਨਹੀਂ ਜਾ ਸਕਦੇ। ਮੈਨੂੰ ਉਹਦੇ ਇਕ ਹੋਰ ਗੀਤ ਦੀਆਂ ਸਤਰਾਂ ਬਹੁਤ ਪਿਆਰੀਆਂ ਲੱਗਦੀਆਂ ਰਹੀਆਂ ਹਨ:
ਹੱਥੀਂ ਰੰਗਲਾ ਚੂੜਾ ਪਾ ਕੇ,
ਗਲ ਵਿਚ ਰਾਣੀ ਹਾਰ ਸਜਾ ਕੇ,
ਬਹਿ ਗਈ ਵਿਚ ਡੋਲੀ ਦੇ ਜਾ ਕੇ,
ਦਿੱਤੇ ਤੋੜ ਯਰਾਨੇ।
ਹੁਣ ਕਦ ਮੇਲ ਹੋਣਗੇ,
ਹਾਏ ਨ੍ਹੀਂ ਮੇਰੀਏ ਜਾਨੇਂæææ।
ਉਦਾਸ, ਰੋਮਾਂਸ ਅਤੇ ਸ਼ਬਦ ਸ਼ੈਲੀ ਨੂੰ ਪਿਆਰ ਕਰਨ ਵਾਲਾ ਤੇ ਦਿਲ, ਗੁਰਦੇ ਵਾਲਾ ਮਨੁੱਖ ਸੁਭਾਵਿਕ ਹੀ ਦੋਵੇਂ ਬਾਹਾਂ ਉਚੀਆਂ ਕਰਕੇ ਕਹੇਗਾ ‘ਜਸਬੀਰ ਗੁਣਾਚੌਰੀਆ- ਜ਼ਿੰਦਾਬਾਦ’। ਜਸਬੀਰ ਨੂੰ ਸਰਦੂਲ ਨੇ ਵੀ ਗਾਇਆ ਹੈ, ਅਮਰ ਨੂਰੀ ਨੇ ਵੀ, ਹੰਸ ਰਾਜ ਹੰਸ ਨੇ ਵੀ, ਗੁਰਦਾਸ ਨੇ ਵੀ, ਦੁਰਗੇ ਰੰਗੀਲੇ ਨੇ ਵੀ, ਪਰਮਿੰਦਰ ਸੰਧੂ ਨੇ ਵੀ, ਹਰਭਜਨ ਮਾਨ ਨੇ ਵੀ, ਕਮਲ ਹੀਰ ਨੇ ਵੀ, ਹਰਦੀਪ ਨੇ ਵੀ, ਕਮਲਜੀਤ ਨੀਰੂ ਨੇ ਵੀ ਤੇ ਉਨ੍ਹਾਂ ਨੇ ਵੀ ਜਿਹੜੇ ਉਹਦੇ ਤੋਂ ਜਸਬੀਰ ‘ਇਕ ਗੀਤ ਦਈਂ ਇਕ ਗੀਤ ਦਈਂ’ ਮੰਗ ਕੇ ਆਪਣੀ ਗਾਇਕੀ ਨੂੰ ਬਰੇਕ ਦਵਾਉਣ ਲਈ ਗੁਣਾਚੌਰ ਦੇ ਟਿੱਬਿਆਂ ‘ਤੇ ਵੀ ਚੜ੍ਹਦੇ ਰਹੇ ਨੇ ਅਤੇ ਕੈਨੇਡਾ ਵਸਦੇ ਉਹਦੇ ਘਰ ਦੀਆਂ ਘੰਟੀਆਂ ਵੀ ਖੜਕਾਉਂਦੇ ਰਹੇ ਨੇ।
ਹਰਭਜਨ ਮਾਨ ਦਾ ਗੀਤ ‘ਨੱਚ ਨੱਚ ਕੇ ਧਮਾਲਾਂ ਪਾ ਨੀ ਜੇ ਤੈਨੂੰ ਨੱਚਣੇ ਦਾ ਚਾਅ’ ਨਾਲ ਜਸਬੀਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹਨੂੰ ਸਿਰਫ ਉਦਾਸ ਗੀਤ ਹੀ ਲਿਖਣੇ ਨਹੀਂ ਆਉਂਦੇ ਸਗੋਂ ਉਹ ਪੱਬ ਚੱਕਣ ਲਈ ਸ਼ਬਦਾਂ ਦੀਆਂ ਬੁੱਚੀਆਂ ਵੀ ਪੁਆ ਸਕਦਾ ਹੈ।
ਮਜਾਰਾ ਰਾਜਾ ਸਾਹਿਬ ਦਾ ਮੇਲਾ ਕਿਸੇ ਵੇਲੇ ਪੰਜਾਬ ਦੇ ਵੱਡੇ ਗਾਇਕਾਂ, ਢਾਡੀਆਂ, ਕਵੀਸ਼ਰਾਂ ਕਰਕੇ ਸ਼ਰਧਾ ਦੇ ਨਾਲ ਨਾਲ ਸਫਲਤਾ ਦਾ ਦੁਆਰ ਵੀ ਖੋਲ੍ਹਦਾ ਰਿਹਾ ਹੈ। ਫਿਰ ਜਦੋਂ ਗੁਣਾਚੌਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਰੋਵਰ ਸਾਹਿਬ ਬਣਾਇਆ ਗਿਆ ਤਾਂ ਦੋ ਮੇਲੇ ਇੱਕੋ ਵੇਲੇ ਆਹਮੋ ਸਾਹਮਣੇ ਵੀ ਲੱਗਦੇ ਰਹੇ। ਇਹ ਦੋਵੇਂ ਮੇਲੇ ਮੈਨੂੰ ਸਾਰੀ ਉਮਰ ਇਸ ਕਰਕੇ ਵੀ ਯਾਦ ਰਹਿਣਗੇ ਕਿ ਇਨ੍ਹਾਂ ਦੀ ਰੱਜ ਕੇ ਰਿਪੋਰਟਿੰਗ ਕੀਤੀ ਅਤੇ ਉਦੋਂ ਸੱਚੀਂ ਅਖਬਾਰਾਂ, ਅਖਬਾਰਾਂ ਸਨ ‘ਤੇ ਬੰਗਿਆਂ ਦੀ ਖਬਰ ਮਾਝੇ ਮਾਲਵੇ ਤੱਕ ਜਾਂਦੀ ਸੀ। ਇਨ੍ਹਾਂ ਮੇਲਿਆਂ ‘ਚ ਗਾਇਕਾਂ ਦਾ ਆਉਣਾ ਜਸਬੀਰ ਦੀ ਮੁਹੱਬਤ ਦਾ ਇਕ ਸ੍ਰੋਤ ਅਤੇ ਸ਼ਮਸ਼ੇਰ ਸੰਧੂ ਨਾਲ ਜੁੜੇ ਗੁਣਾਚੌਰ ਦੀ ਵਿਆਖਿਆ ਵੀ ਹੁੰਦਾ ਸੀ। ਕੋਈ ਵੇਲਾ ਸੀ, ਗੁਣਾਚੌਰ ਤੋਂ ਕਰਨਾਣੇ ਵੱਲ ਜਾਂਦੀ ਸੜਕ ਇਨ੍ਹਾਂ ਦੋ ਮੇਲਿਆਂ ਕਰਕੇ ਇੱਦਾਂ ਸੰਗਤਾਂ ਨਾਲ ਭਰੀ ਹੋਈ ਹੁੰਦੀ ਸੀ ਕਿ ਬੰਦੇ ਵਿਚ ਬੰਦਾ ਨਹੀਂ ਲੱਤਾਂ ਵਿਚ ਲੱਤਾਂ ਵੱਜਦੀਆਂ ਹੁੰਦੀਆਂ ਸਨ ਤੇ ਬੱਚਿਆਂ ਦਾ ਗੁਆਚ ਜਾਣਾ ਆਮ ਜਿਹੀ ਗੱਲ ਲੱਗਦੀ ਸੀ। ਇਨ੍ਹਾਂ ਦਿਨਾਂ ਵਿਚ ਜਸਬੀਰ ਦੇ ਘਰ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਸਨ। ਅਸਲ ਵਿਚ ਜਸਬੀਰ ਨੇ ਸਿਰਫ ਗੀਤਾਂ ਵਿਚ ਹੀ ਗੁਣਾਚੌਰ ਨੂੰ ਮਾਣ ਨਹੀਂ ਦਿਵਾਇਆ ਬਲਕਿ ਜਸਬੀਰ ਬੰਗਿਆਂ ਤੇ ਗੁਣਾਚੌਰ ਦੀ ਆਬੋ ਹਵਾ ‘ਚੋਂ ਕਦੇ ਮਨਫੀ ਹੀਂ ਨਹੀਂ ਹੋਇਆ।
ਦੋ ਗੀਤਕਾਰਾਂ ਦੀ ਆਪਸ ਵਿਚ ਮੁਹੱਬਤ ਭਰੀ ਖਿੱਚੋਤਾਣ ਵੀ ਮੈਨੂੰ ਕਈ ਵਾਰ ਚੰਗੀ ਲੱਗਦੀ ਰਹੀ। ਉਦਾਹਰਣ ਦੇਖੋ, ਸ਼ਮਸ਼ੇਰ ਸੰਧੂ ਨੇ ਵਰਿੰਦਰ ਬਚਨ ਦੇ ਮਿਊਜ਼ਿਕ ਹੇਠ ਫਗਵਾੜੇ ਦੇ ਐਚ ਐਸ ਪ੍ਰੀਤ ਦੀ ‘ਮਿਊਜ਼ਿਕ ਮੈਮਰੀਜ਼’ ਕੰਪਨੀ ਲਈ ਕੋਕੇ ਵਾਲੀ ਸਰਬਜੀਤ ਦੀ ਆਵਾਜ਼ ਵਿਚ ਐਲਬਮ ਰਿਕਾਰਡ ਕਰਵਾਈ। ਉਸ ਵੇਲੇ ਮੈਂ ਵੀ ਆਪਣਾ ਕੋਈ ਗੀਤ ਰਿਕਾਰਡ ਕਰਵਾਉਣ ਦੀ ਇੱਛਾ ਨਾਲ ਚੰਡੀਗੜ੍ਹ ਸਟੂਡੀਓ ਵਿਚ ਹਾਜ਼ਰ ਸਾਂ ਪਰ ਇਹ ਮੇਰੀ ਤਾਂ ਕੀ ਇੱਛਾ ਪੂਰੀ ਹੋਣੀ ਸੀ, ਜਸਬੀਰ ਵੀ ਆਪਣੇ ਅੱਧੇ ਗੀਤ ਰਿਕਾਰਡ ਕਰਵਾਉਂਦਾ ਇਕ ‘ਤੇ ਹੀ ਰਹਿ ਗਿਆ। ਅੱਠਾਂ ਵਿਚੋਂ ਸੱਤ ਗੀਤ ‘ਕੱਲੇ ਸ਼ਮਸ਼ੇਰ ਸੰਧੂ ਦੇ ਸਨ। ਊਂ ਜਸਬੀਰ ਦਾ ਇਹ ਗੀਤ ਸਰਬਜੀਤ ਦੀ ਆਵਾਜ਼ ‘ਚ ਚੰਗਾ ਰਿਹਾ ਸੀ ‘ਗੀਟੇ ਖੇਡਦੀ ਨੂੰ ਢਾਣੀ ‘ਚੋਂ ਉਠਾ ਲਿਆ ਹਿਲਾ ਕੇ ਵੇ ਰੁਮਾਲ ਰੇਸ਼ਮੀ, ਦਿਲ ਭੋਲੀ ਜਿਹੀ ਕੁੜੀ ਦਾ ਭਰਮਾ ਪਿਆ ਹਿਲਾ ਕੇ ਵੇ ਰੁਮਾਲ ਰੇਸ਼ਮੀ’।
ਜਸਬੀਰ ਗੁੱਸਾ ਕਰੇ ਚਾਹੇ ਨਾ, ਮੈਨੂੰ ਲੱਗਦਾ ਵੀ ਹੈ ਕਿ ਉਹ ਮੇਰੀ ਮੁਹੱਬਤ ਨੂੰ ਦਾਅ ‘ਤੇ ਨਹੀਂ ਲਾਏਗਾ ਪਰ ਮੈਂ ਇਹ ਕਹਿਣ ਤੋਂ ਰਹਿ ਨਹੀਂ ਸਕਦਾ ਕਿ ਠੀਕ ਹੈ ਜਸਬੀਰ ਗਾ ਸਕਦਾ ਹੈ, ਕਿਉਂਕਿ ਉਹ ਬਹੁਤ ਗਾਇਕਾਂ ਨੂੰ ਆਪ ਕੰਪੋਜ਼ੀਸ਼ਨਾ ਬਣਾ ਕੇ ਦਿੰਦਾ ਹੈ ਤੇ ਇਸੇ ਕਰਕੇ ਆਪਣੀ ਐਲਬਮ ਰਿਕਾਰਡ ਕਰਨ ਦਾ ਝੱਸ ਵੀ ਪੂਰਾ ਕਰ ਲਿਆ ਹੈ ਪਰ ਉਹ ਗਾਇਕਾਂ ਦੀ ਸ਼੍ਰੇਣੀ ਵਿਚ ਗੀਤਕਾਰੀ ‘ਚੋਂ ਨਿਕਲ ਕੇ ਸਥਾਪਿਤ ਨਹੀਂ ਹੋ ਸਕਿਆ ਪਰ ਮੈਂ ਜ਼ਰੂਰ ਕਹਾਂਗਾ ਕਿ ਸੁਨਿਆਰ ਨੂੰ ਲੋਹਾਰ ਬਣਨ ਦਾ ਯਤਨ ਕਰਨਾ ਹੀ ਨਹੀਂ ਚਾਹੀਦਾ।
ਸ਼ਮਸ਼ੇਰ ਤੇ ਜਸਬੀਰ ਦੀਆਂ ਕੁਝ ਸਮਾਨਤਾਵਾਂ ਵੀ ਨੇ। ਜਸਬੀਰ ਦਾ ਇਹ ਜੱਦੀ ਪੁਸ਼ਤੀ ਪਿੰਡ ਹੈ, ਸ਼ਮਸ਼ੇਰ ਦੇ ਬੱਚਿਆਂ ਦਾ ਨਾਨਕਾ ਪਿੰਡ ਹੈ। ਸ਼ਮਸ਼ੇਰ ਦੀ ਅਗਵਾਈ ‘ਚ ਤੇ ਸੋਢੀ ਦੇ ਸਹਿਯੋਗ ਨਾਲ ਕਈ ਸਾਲ ਗੁਣਾਚੌਰ ‘ਚ ਲੱਗਦੇ ਵੱਡੇ ਸੱਭਿਆਚਾਰਕ ਮੇਲਿਆਂ ‘ਚ ਜਸਬੀਰ ਦਾ ਹੱਥ ਵੀ ਅਗਾਂਹ ਨੂੰ ਰਿਹਾ ਹੈ। ਸ਼ਮਸ਼ੇਰ ਦੇ ਨਵੇਂ ਸਾਲ ਦੇ ਕਈ ਪ੍ਰੋਗਰਾਮ ਬਣਾ ਕੇ ਸਿਖਰਲੀਆਂ ਝੰਡਾਂ ਕੀਤੀਆਂ ਹਨ। ਜਸਬੀਰ ਨੇ ਨਾ ਸਿਰਫ ਨਵਿਆਂ ਦੀ ਪੇਸ਼ਕਾਰੀ ਨੂੰ ਕਮਾਲ ਦੀ ਬਣਾਇਐ ਸਗੋਂ ਜਿਹੜੇ ਉਹਦਾ ਫਿਰੋਜ਼ ਖਾਨ ਤੇ ਰੌਸ਼ਨ ਪਿੰ੍ਰਸ ਦਾ ਗਾਇਆ ‘ਏਦਾਂ ਦੀ ਹੋਵੇ ਸਾਡੀ ਯਾਰੀ’ ਸੁਣਨਗੇ, ਉਹ ਝੱਟ ਦੇਣੀ ਤਸਦੀਕ ਕਰ ਦੇਣਗੇ ਕਿ ਜਸਬੀਰ ਦਾ ਸ਼ਾਇਰਾਨਾ ਖੂਨ ‘ਓ ਪਾਜ਼ਿਟਿਵ ਗਰੁਪ’ ਹੈ ਜਿਹੜਾ ਨਵਿਆਂ ਪੁਰਾਣਿਆਂ ਸਭ ਨੂੰ ‘ਸੂਟ’ ਕਰ ਜਾਂਦਾ ਹੈ। ਇਤਫਾਕ ਇਕ ਵਾਰ ਇਹ ਵੀ ਹੋਇਆ ਕਿ ਸੰਨ 2000 ਵਿਚ ਮੈਂ ‘ਰੋਜ਼ਾਨਾ ਅਜੀਤ’ ਦੇ ਮੈਗਜ਼ੀਨ ਸੈਕਸ਼ਨ ਵਿਚ ਬੀਤੇ ਵਰ੍ਹੇ ਦੀ ਗਾਇਕੀ ਦਾ ਲੇਖਾ-ਜੋਖਾ ਕਰਦਿਆਂ ਜਸਬੀਰ ਦੀ ਆਪਣੀ ਆਵਾਜ਼ ਵਿਚ ਗਾਈ ਐਲਬਮ ਬਾਰੇ ਟਿੱਪਣੀ ਕਰ ਬੈਠਾ ਕਿ ‘ਗੱਲ ਨਹੀਂ ਬਣੀ’। ਦੂਸਰੇ ਦਿਨ ਸ਼ਾਮ ਨੂੰ ਜਸਬੀਰ ਦਾ ਫੋਨ ਖੜਕ ਪਿਆ। ਮੈਨੂੰ ਲੱਗਦਾ ਸੀ ਕਿ ਉਹ ਭਰਿਆ ਪੀਤਾ ਆ। ਮੇਰੇ ਤੋਂ ਉਹ ਕਾਫੀ ਖਫਾ ਵੀ ਲੱਗਦਾ ਸੀ ਤੇ ਉਹਦਾ ਸਵਾਲ ਸੀ ‘ਭੌਰਾ ਭਾਜੀ ਮੈਨੂੰ ਤੁਹਾਡੇ ਤੋਂ ਇਹ ਆਸ ਨਹੀਂ ਸੀ’ ਮੈਨੂੰ ਲੱਗਾ ਉਹ ਮੁਹੱਬਤ ਦੀ ਸਾਂਝ ਵਾਲੀ ਚੁਟਕੀ ਲੈ ਰਿਹਾ ਹੈ ਪਰ ਮੈਨੂੰ ਯਾਦ ਹੈ ਕਿ ਜਸਬੀਰ ਦੀ ਨਾਰਾਜ਼ਗੀ ਨੂੰ ਬਹਾਨੇ ਦੀ ਚਟਣੀ ‘ਚ ਸਵਾਦਲਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਸਬੀਰ ਤੇਰੇ ਬਾਰੇ ਲਿਖੀਆਂ ਚੰਗੀਆਂ ਲਾਈਨਾਂ ਸ਼ਾਇਦ ਐਡੀਟਰ ਦੀ ਕੈਂਚੀ ਦਾ ਸ਼ਿਕਾਰ ਹੋ ਗਈਆਂ ਨੇ। ਪਰ ਮੇਰਾ ਇਹ ਬਹਾਨਾ ਉਸ ਨੂੰ ਬਹਾਨਾ ਨਾ ਲੱਗਾ ਤੇ ਉਹ ਇਸ ਨੂੰ ਸੱਚ ਮੰਨ ਗਿਆ ਸੀ।
ਇਕ ਵਾਰ ਅਸੀਂ ਗੁਣਾਚੌਰ ‘ਚ ਸੁਖਬੀਰ ਬੋਲੀਨਾ ਦੀ ਇਕ ਵੀਡੀਓ ਐਲਬਮ ਲਈ ਪਰਮਿੰਦਰ ਸੰਧੂ ਦਾ ਇਕ ਗੀਤ ਸ਼ੂਟ ਕਰ ਰਹੇ ਸਾਂ, ਜਸਬੀਰ ਮੇਰੇ ਨਾਲ ਸੀ। ਗੀਤ ਦਾ ਮੁੱਖੜਾ ਸੀ ‘ਪਿੱਪਲਾਂ ਦੇ ਟਾਣ੍ਹ ਹਿੱਲਦੇ ਕੁੜੀ ਨੱਚਦੀ ਸਤਾਰਾਂ ਵਲ ਖਾਵੇ’। ਜਦੋਂ ਉਹਦਾ ਆਖਰੀ ਅੰਤਰਾ ਆਇਆ ‘ਭੌਰੇ ਦਾ ਅਸ਼ੋਕ ਉਹਦੇ ਦਿਲ ਦਿਆਂ ਚਾਵਾਂ ਵਿਚ ਦਿਨੇ ਰਾਤ ਦੀਪ ਬਣ ਜਗਦਾ’ ਜਸਬੀਰ ਮੇਰੇ ਵੱਲ ਮੂੰਹ ਕਰਕੇ ਹੱਸ ਪਿਆ, ‘ਅੱਛਾ! ਤੁਸੀਂ ਗੀਤ ਵੀ ਲਿਖ ਲੈਂਦੇ ਹੋ, ਹੁਣ ਮੁੱਕੀ ਤੁਸੀਂ ਸਾਡੀ ਕਲਾ ਵਿਚ ਵੀ ਮਾਰੋਗੇ।’
ਜਸਬੀਰ ਗੀਤ ‘ਤੇ ਗੀਤ ਲਿਖੀ ਜਾ ਰਿਹਾ ਹੈ ਪਰ ਗੀਤ ਚੰਗੇ ਬਹੁਤ ਲਿਖ ਰਿਹਾ ਹੈ। ਦੁੱਖ ਇਸ ਗੱਲ ਦਾ ਹੈ ਕਿ ਜਿਹੜਾ ਦੌਰ ਚੱਲ ਰਿਹਾ ਹੈ ਉਹ ਜਸਬੀਰ ਦਾ ਨਹੀਂ। ਇਹ ਉਨ੍ਹਾਂ ਕਲਮਾਂ ਦਾ ਹੈ ਜਿਨ੍ਹਾਂ ਦੀ ਨਿੱਬ੍ਹ ਤਾਂ ਟੁੱਟੀ ਹੋਈ ਹੈ ਪਰ ਲਿਖ ਰਹੀਆਂ ਨੇ ਜਾਂ ਜਿਨ੍ਹਾਂ ਕੋਲ ਸਰੀਰ ਤਾਂ ਹੈ ਜ਼ਮੀਰ ਨਹੀਂ।
ਜਸਬੀਰ ਨਿਮਰਤਾ ਤੇ ਸਾਦਗੀ ਵਾਲਾ ਮਨੁੱਖ ਹੈ। ਉਹ ਪਿੱਠ ਪਿੱਛੇ ਵੀ ਸ਼ਮਸ਼ੇਰ ਨੂੰ ਸੰਧੂ ਭਾਜੀ ਕਹੇਗਾ, ਗੁਰਦਾਸ ਨੂੰ ਵੀ ਤੇ ਲਗਭਗ ਆਪਣੇ ਹਾਣ ਦੇ ਮਨਮੋਹਣ ਵਾਰਿਸ ਨੂੰ ਮਨਮੋਹਨ ਭਾਜੀ ਕਹਿ ਰਿਹਾ ਹੁੰਦਾ ਹੈ। ਉਹ ਆਖਦਾ ਹੈ ਕਿ ਮੈਂ ਗੀਤਾਂ ਵਿਚੋਂ ਕਮਾਈ ਨਹੀਂ ਕੀਤੀ ਤੇ ਉਹਦੇ ਗੀਤ ਗਾਉਣ ਵਾਲੇ ਗਾਇਕਾਂ ਨੇ ਬਹੁਤ ਪੈਸਾ ਬਣਾਇਆ ਹੈ। ਪਰ ਕਦੇ ਕਦੇ ਮਨਮੋਹਨ ਉਹਦੇ ਨਾਲ ਖੜਾ ਹੁੰਦਾ ਰਿਹਾ ਹੈ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਵਸਦਾ ਹੈ। ਉਹਦਾ ਸਰੀਰ ਭਾਵੇਂ ਸਰੀ ਸ਼ਹਿਰ ਰਹਿੰਦਾ ਹੈ ਪਰ ਉਹਦੀ ਰੂਹ ਗੁਣਾਚੌਰ ਦੀ ਆਬੋ ਹਵਾ ਵਿਚ ਕਿੱਕਲੀ ਪਾ ਰਹੀ ਹੁੰਦੀ ਹੈ। ਪਤਨੀ ਸੁਖਵਿੰਦਰ ਤੇ ਦੋ ਪੁੱਤਰਾਂ ਮਨਜੋਬਨ ਅਤੇ ਗੁਰਜਸ਼ਨ ਨਾਲ ਜ਼ਿੰਦਗੀ ਬਸਰ ਕਰ ਰਹੇ ਜਸਬੀਰ ਨੂੰ ਜਦੋਂ ਕਦੇ ਵੀ ਮਿਲਣ ਜਾਉਗੇ ਤਾਂ ਉਹ ਕੋਈ ਨਵਾਂ ਗੀਤ ਭਾਵੇਂ ਨਾ ਵੀ ਸੁਣਾਵੇ ਪਰ ਉਹ ਆਪ ਹੀ ਇਕ ਗੀਤ ਵਰਗਾ ਲੱਗ ਰਿਹਾ ਹੁੰਦਾ ਹੈ ਕਿਉਂਕਿ ਅਸਲ ਵਿਚ ਜਸਬੀਰ ਸਿਰ ਤੋਂ ਪੈਰਾਂ ਤੱਕ ਸਾਰੇ ਦਾ ਸਾਰਾ ਆਪ ਵੀ ਸੁਰ ‘ਚ ਹੀ ਹੈ।
ਉਹ ਮੇਰੇ ਨਾਲ ਵਿੱਟਰਿਆ ਵੀ ਰਿਹਾ ਹੋਵੇ, ਪਰ ਉਹ ਮੈਨੂੰ ਆਪਣਾ ਆਪਣਾ ਇਸ ਕਰਕੇ ਲੱਗਦਾ ਰਿਹਾ ਹੈ ਕਿਉਂਕਿ ਤਿੰਨੇ ਹੀ ਨਾਂ ‘ਜਸਬੀਰ, ਸ਼ਮਸ਼ੇਰ ਤੇ ਗੁਣਾਚੌਰ’ ਮੇਰੇ ਲਈ ਉਸ ਤਿਕੋਣ ਵਰਗੇ ਹੀ ਹਨ ਜਿਸ ਦਾ ਜੋੜ ਇਕ ਸੌ ਅੱਸੀ ਡਿਗਰੀ ਹੀ ਹੁੰਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਭਰਮ ਹੈ ਕਿ ਸ਼ਾਇਦ ਧਨ ਨਾਲ ਸੰਤੁਸ਼ਟੀ ਹੋ ਜਾਏਗੀ ਪਰ ਜੇ ਮਨ ਦੀਆਂ ਲਹਿਰਾਂ ਵਿਚ ਮੁਹੱਬਤ ਦਾ ਵੇਗ ਨਹੀਂ ਤਾਂ ਪ੍ਰਸੰਨਤਾ ਤੁਹਾਡੇ ਕੋਲੋਂ ਅੱਖਾਂ ਘੁਮਾ ਕੇ ਲੰਘ ਜਾਵੇਗੀ। ਕਦੇ ਜਸਬੀਰ ਨੂੰ ਮਿਲਣ ਦਾ ਮੌਕਾ ਮਿਲੇ ਤਾਂ ਉਹਦੇ ਨਾਲ ਹੱਥ ਨਾ ਮਿਲਾਇਓ, ਗਲ ਲੱਗ ਕੇ ਜੱਫੀ ਪਾ ਕੇ ਮਿਲਿਓ, ਤੁਹਾਨੂੰ ਮਹਿਸੂਸ ਹੋਵੇਗਾ, ‘ਪ੍ਰੇਮਿਕਾ ਤਾਂ ਕੁਝ ਵੀ ਨਹੀਂ ਹੁੰਦੀ।’
ਮੈਂ ਵੀ ਜਸਬੀਰ ਦੀ ਸ਼ਾਇਰੀ, ਗੀਤਕਾਰੀ ਤੇ ਸੁਰ ਤੇ ਗੁਰ ਵਾਲੀ ਜ਼ਿੰਦਗੀ ਨੂੰ ਘੁੱਟ ਕੇ ਫੜੀ ਰੱਖਦਾ ਹਾਂ।

ਗੱਲ ਬਣੀ ਕਿ ਨਹੀਂ?
ਐਸ ਅਸ਼ੋਕ ਭੌਰਾ
ਹੁਣ ਇਹ ਮੇਰਾ ਪੰਜਾਬ ਹੈ!
ਰੁੱਸੀਆਂ ਪੌਣਾਂ ਲੱਗਦੀਆਂ, ਰੁੱਸਦੇ ਜਾਂਦੇ ਖਾਬ,
ਆਪਣੇ ਹੀ ਗਲ ਲੱਗ ਕੇ, ਲੱਗਾ ਰੋਣ ਪੰਜਾਬ।
ਹਾੜੇ ਤੁਸਾਂ ਨੇ ਸੁਣੇ ਨਾ, ਕੰਨਾਂ ਵਿਚ ਸੀ ਰੂੰ,
ਹਾਕਮੋ ਕਿਉਂ ਹੁਣ ਰੋਂਵਦੇ, ਦੇ ਗੋਡਿਆਂ ਵਿਚ ਮੂੰਹ।
ਜਿੱਧਰ ਵੇਖੋ ਹੋ ਰਿਹਾ, ਰਾਜਨੀਤੀ ਦਾ ਛੱਲ,
ਅੱਜ ਨ੍ਹੀਂ ਸਾਂਭਿਆ ਜਾ ਰਿਹਾ, ਕੀ ਹੋਵੇਗਾ ਕੱਲ੍ਹ?
ਨਾ ਖਿਲਾਰੋ ਨਫਰਤਾਂ, ਨਾ ਪਾਵੋ ਵੇ ਲੀਕ,
ਗੀਤਾ, ਵੇਦ, ਕੁਰਾਨ ਦੀ, ਸੁਣੋ ਨਿਕਲਦੀ ਚੀਕ।
ਬੰਦਿਆਂ ਨੇ ਹੈ ਕਰ ਲਈ, ਬੰਦਿਆਂ ਵੱਲ ਨੂੰ ਕੰਧ,
ਮੱਸਿਆ ਵਾਲੀ ਰਾਤ ਨੂੰ, ਮੂਰਖ ਲੱਭਣ ਚੰਦ।
ਮੌਸਮ ਖੁਸ਼ਗਵਾਰ ਨਹੀਂ, ਨਹੀਂ ਸੁਹਾਣੀ ਰੁੱਤ,
ਮਾਂਵਾਂ ਬੈਠੀਆਂ ਲਾ ਕੇ, ਹਿੱਕ ਨਾਲ ਆਪਣੇ ਪੁੱਤ।
ਕਿਸ ਤੋਂ ਦੁਨੀਆਂ ਡਰ ਰਹੀ, ਕਿਸ ਤੋਂ ਆਵੇ ਭੈਅ,
ਹੁਣ ਪਹਿਚਾਣੋ ਚਤਰ ਨੂੰ, ਜਿਹਦੀ ਲੱਗਦੀ ਸ਼ਹਿ।
ਦਰਿਆਵਾਂ ਵਿਚ ਵਹਿਣ ਨਹੀਂ, ਸੁੱਕੀ ਪਈ ਜ਼ਮੀਨ,
ਅੱਥਰੂ ਥੋਡੇ ਖੁਸ਼ਕ ਨੇ, ਖੂਨ ਕਮੀਨੇ ਪੀਣ।
ਅਰਜਨ ਕੋਲ ਕਮਾਨ ਨਹੀਂ, ਨਾ ਭੱਥੇ ਵਿਚ ਤੀਰ,
‘ਭੌਰੇ’ ਮਰੇ ਮਨੁੱਖਤਾ, ਕਿੱਦਾਂ ਬੰਨ੍ਹੀਏ ਧੀਰ।