ਸਟਾਰ ਘਰਾਣੇ ਦੀ ਧੀ ਆਲੀਆ ਭੱਟ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਸੰਘਰਸ਼ ਕੀ ਹੁੰਦਾ ਹੈ। ‘ਸਟੂਡੈਂਟ ਆਫ਼ ਦਾ ਯੀਅਰ’ ਫ਼ਿਲਮ ਨਾਲ ਉਹ 2012 ਦੀ ਕਾਮਯਾਬ ਨਿੱਕੀ ਉਮਰ ਦੀ ਹਸੀਨ ਨਾਇਕਾ ਬਣ ਕੇ ਉਭਰੀ ਹੈ। ਪਹਿਲੀ ਫ਼ਿਲਮ ਸਫ਼ਲ ਹੋਣ ਨਾਲ ਆਲੀਆ ਨੂੰ ਅੱਗੇ ਵਧਣ ਲਈ ਹੌਸਲਾ ਮਿਲਿਆ ਹੈ। ਇਹ ਜ਼ਰੂਰ ਹੈ ਕਿ ਆਲੀਆ ਨੇ ਡਾਂਸ ਵਿਚ ਖੂਬ ਮੁਹਾਰਤ ਲਈ ਹੈ। ਆਧੁਨਿਕ ਹੀ ਨਹੀਂ, ਭਾਰਤ ਨਟਿਅਮ ਜਿਹੇ ਪੁਰਾਤਨ ਡਾਂਸ ਵੀ ਉਸ ਨੂੰ ਆਉਂਦੇ ਹਨ। ਆਲੀਆ ਲਈ ਸਰੀਰ ਦਿਖਾਵਾ ਕੋਈ ਵੱਡੀ ਗੱਲ ਨਹੀਂ। ਅਜਿਹਾ ਉਸ ਨੇ ‘ਸਟੂਡੈਂਟ ਆਫ਼ ਦਾ ਯੀਅਰ’ ਵਿਚ ਦਿਖਾ ਦਿੱਤਾ ਹੈ। ਉਂਜ, ਆਲੀਆ ਨੂੰ ਵੀ ਸਕਰੀਨ ਟੈਸਟ ਦੇਣਾ ਪਿਆ ਸੀ। ਫਿਰ ਕਿਤੇ ਜਾ ਕੇ ਉਸ ਦੀ ਚੋਣ ਹੋਈ ਸੀ। ਆਲੀਆ ਦਾ ਮਾਸੂਮ ਚਿਹਰਾ ਹੀ ਉਸ ਦੀ ਖਾਸੀਅਤ ਹੈ। ਆਲੀਆ ਕੋਲ ਕਰਨ ਜੌਹਰ ਦੀ ਫ਼ਿਲਮ ਤੋਂ ਇਲਾਵਾ ਇਕ ਹੋਰ ਫ਼ਿਲਮ ‘ਮਿਸਟਰ ਲਵ’ ਵੀ ਹੈ।
_______________________
ਦੀਪਿਕਾ 27
ਰੇਖਾ ਵਾਂਗ ਆਪਣੇ ਸਉਲੇ ਰੰਗ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦੇਣ ਵਾਲੀ ਦੀਪਿਕਾ ਪਾਦੁਕੋਣ ਨੇ 5 ਜਨਵਰੀ ਨੂੰ ਆਪਣਾ 27ਵਾਂ ਜਨਮ ਦਿਨ ਮਨਾਇਆ। ਹੋਰਾਂ ਵਾਂਗ ਉਹ ਆਪਣੀ ਉਮਰ ਨਹੀਂ ਲੁਕਾਉਂਦੀ, ਸਗੋਂ ਆਖਦੀ ਹੈ ਕਿ ਲੋਕ ਕਿਸੇ ਦੀ ਉਮਰ ਨਹੀਂ, ਕੰਮ ਦੇਖਦੇ ਹਨ ਅਤੇ ਕੰਮ ਇਸ ਕੁੜੀ ਨੇ ਬਥੇਰਾ ਕੀਤਾ ਹੈ। 2013 ਵਿਚ ਦੀਪਿਕਾ ਦੀਆਂ ਪੰਜ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ‘ਕੂਚਾਦੱਈਆਂ’ ਤਮਿਲ ਫਿਲਮ ਹੈ। ‘ਰੇਸ 2’, ‘ਯਹ ਜਵਾਨੀ ਹੈ ਦੀਵਾਨੀ’, ‘ਚੇਨਈ ਐਕਸਪ੍ਰੈੱਸ’ ਅਤੇ ‘ਰਾਮ ਲੀਲ੍ਹਾ’ ਹਿੰਦੀ ਫਿਲਮਾਂ ਹਨ। ਦੀਪਿਕਾ ਮਸ਼ਹੂਰ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਦੀ ਧੀ ਹੈ ਅਤੇ ਉਸ ਨੇ ਆਪਣਾ ਕਰੀਅਰ ਮਾਡਲਿੰਗ ਤੋਂ ਆਰੰਭ ਕੀਤਾ ਸੀ। ਮਾਡਲਿੰਗ ਤਾਂ ਉਹਨੇ ਕਾਲਜ ਵਿਚ ਪੜ੍ਹਾਈ ਦੌਰਾਨ ਹੀ ਆਰੰਭ ਦਿੱਤੀ ਸੀ ਅਤੇ ਆਪਣੀ ਪ੍ਰਤਿਭਾ ਦੇ ਸਿਰ ‘ਤੇ ਇਸ ਖੇਤਰ ਵਿਚ ਛੇਤੀ ਹੀ ਵਾਹਵਾ ਚੰਗੀ ਥਾਂ ਬਣਾ ਲਈ। 2006 ਵਿਚ ਕੰਨੜ ਫਿਲਮ ਐਸ਼ਵਰਿਆ ਨਾਲ ਉਸ ਨੇ ਫਿਲਮੀ ਦੁਨੀਆਂ ਵਿਚ ਪੈਰ ਧਰਿਆ। ਅਗਲੇ ਹੀ ਸਾਲ ਹਿੰਦੀ ਫਿਲਮ ‘ਓਮ ਸ਼ਾਂਤੀ ਓਮ’ ਨਾਲ ਉਸ ਦੀ ਬੱਲੇ ਬੱਲੇ ਹੋ ਗਈ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਬਚਨਾ ਐ ਹਸੀਨੋ, ਚਾਂਦਨੀ ਚੌਕ ਟੂ ਚਾਈਨਾ, ਬਿੱਲੂ, ਲਵ ਆਜ ਕੱਲ੍ਹ, ਮੈਂ ਔਰ ਮਿਸੇਜ਼ ਖੰਨਾ, ਕਾਰਤਿਕ ਕਾਲਿੰਗ ਕਾਰਤਿਕ, ਹਾਊਸਫੁੱਲ, ਦਮ ਮਾਰੋ ਦਮ, ਆਰੱਕਸ਼ਨ, ਦੇਸੀ ਬੁਆਏਜ਼ ਅਤੇ ਕੌਕਟੇਲ ਫਿਲਮਾਂ ਰਾਹੀਂ ਉਸ ਨੇ ਆਪਣਾ ਫਿਲਮੀ ਸਫਰ ਅੱਗੇ ਵਧਾਇਆ। ਦੀਪਿਕਾ ਦਾ ਨਾਂ ਪਹਿਲਾਂ ਅਦਾਕਾਰ ਰਣਬੀਰ ਕਪੂਰ ਨਾਲ ਅਤੇ ਫਿਰ ਕਿੰਗਫਿਸ਼ਰ ਵਾਲੇ ਵਿਜੈ ਮਾਲਿਆ ਦੇ ਮੁੰਡੇ ਸਿਧਾਰਥ ਨਾਲ ਜੁੜਿਆ। ਹੁਣ ਦੋਹਾਂ ਨਾਲ ਤੋੜ-ਵਿਛੋੜਾ ਹੋ ਚੁੱਕਾ ਹੈ।
Leave a Reply