ਹਨੀ ਸਿੰਘ ਖਿਲਾਫ਼ ਉਠੇ ਗੁੱਸੇ ਸਬੰਧੀ ਪੈਦਾ ਹੁੰਦੇ ਕੁਝ ਸਵਾਲ

ਸਵਰਨ ਸਿੰਘ ਟਹਿਣਾ
ਫੋਨ: 91-98141-78883
ਪੰਜਾਬੀ ਗਾਇਕੀ ਵਿਚ ਨਵੇਂ ਤਜਰਬਿਆਂ ਦੇ ਨਾਂ ‘ਤੇ ਗੰਦ ਪਰੋਸਣ ਵਾਲਿਆਂ ਵਿਚੋਂ ਸਭ ਤੋਂ ਮੋਹਰੀ ਹਨੀ ਸਿੰਘ ਬਾਰੇ ਦੇਸ਼-ਵਿਦੇਸ਼ ਵਿਚ ਪਿਆ ਰੌਲਾ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਰਿਹਾ ਹੈ। ਹਨੀ ਸਿੰਘ ਖਿਲਾਫ਼ ਗਾਣਿਆਂ ਜ਼ਰੀਏ ਔਰਤਾਂ ਦੀ ਬੇਪੱਤੀ ਕਾਰਨ ਦਰਜ ਹੋਇਆ ਮੁਕੱਦਮਾ, ਇਕਦਮ ਪੰਜਾਬ ਦੇ ‘ਗ਼ੈਰਤਮੰਦਾਂ’ ਦੀ ਜਾਗੀ ਜ਼ਮੀਰ ਤੇ ਮੀਡੀਏ ਵਿਚ ਉਸ ਖਿਲਾਫ਼ ਜਾਰੀ ਕੀਤੇ ਜਾ ਰਹੇ ਬਿਆਨ ਕਿੰਨਾ ਹੀ ਕੁਝ ਬਿਆਨ ਕਰ ਰਹੇ ਨੇ।
ਬਿਨਾਂ ਸ਼ੱਕ ਹਨੀ ਵਰਗੇ ਲੁੱਚ ਸਵਾਮੀਆਂ ਨੇ ਪੰਜਾਬੀ ਗਾਇਕੀ ਦਾ ਘਾਣ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਹੜਾ ਰੌਲਾ ਉਸ ਦੇ ਗਾਉਣ ‘ਤੇ ਅੱਜ ਪਿਐ, ਇਹ ਸਾਡੀ ਜਾਚੇ ਬਿਲਕੁਲ ਨਹੀਂ ਸੀ ਪੈਣਾ, ਜੇ ਦਿੱਲੀ ਵਿਚ ਔਰਤਾਂ ਦੇ ਹੱਕਾਂ ਲਈ ਲੋਕ ਰੋਹ ਪ੍ਰਚੰਡ ਨਾ ਹੋਇਆ ਹੁੰਦਾ। ਹੁਣ ਤੱਕ ਲੋਕ ਉਸ ਦੇ ਮਾੜੇ ਗਾਉਣ ਨੂੰ ਚੰਗਾ ਸਮਝ ਕੇ ਕਿਉਂ ਸੁਣਦੇ ਰਹੇ? ਹੁਣ ਤੱਕ ਲੋਕਾਂ ਇਹ ਕਿਉਂ ਨਾ ਸੋਚਿਆ ਕਿ ਇਹੋ ਜਹਿਆਂ ਦਾ ਵਿਰੋਧ ਕਰਨਾ ਚਾਹੀਦੈ, ਜਦੋਂ ਸ਼ੋਅ ਹੁੰਦੇ ਨੇ, ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦੈ।
ਕੋਈ ਤਿੰਨ ਸਾਲ ਪਹਿਲਾਂ ਅਸੀਂ ਹਨੀ ਸਿੰਘ ਦੀ ਮਾੜੀ ਜ਼ਹਿਨੀਅਤ ਬਾਰੇ ਲਿਖਿਆ ਸੀ ਕਿ ਉਸ ਵੱਲੋਂ ‘ਚੂææ’ ਨਾਂ ਹੇਠ ਅਜਿਹਾ ਗੀਤ ਪੇਸ਼ ਕੀਤਾ ਗਿਐ, ਜਿਸ ਨੂੰ ‘ਯੂ ਟਿਊਬ’ ‘ਤੇ ਜਾ ਕੇ ਸੁਣਿਆਂ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦੈ। ਸਾਨੂੰ ਪੰਦਰਾਂ-ਵੀਹ ਫੋਨ ਆਏ ਕਿ ਗਾਇਕੀ ਦੇ ਨਾਂ ‘ਤੇ ਇੰਜ ਨਹੀਂ ਹੋਣਾ ਚਾਹੀਦਾ। ਸੋਚਣਾ ਬਣਦੈ ਕਿ ਜੋ ਕੁਝ ਅੱਜ ਹੋ ਰਿਹੈ, ਇਹ ਸਭ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਪਰ ਪੰਜਾਬੀ ਭੇਡਾਂ ਵਾਂਗ ਰੀਸ ਕਰਨ ਦੇ ਆਦੀ ਹੋਣ ਕਰਕੇ ਕਿਸੇ ਵੀ ਮਾਮਲੇ ‘ਚ ਵਿਰੋਧ ਕਰਨ ਲਈ ਇੱਕ ਜਣੇ ਨੂੰ ਮੂਹਰੇ ਲੱਗਣਾ ਪੈਂਦੈ ਤੇ ਫੇਰ ਸਾਡੇ ‘ਹਾਏæææਹਾਏæææ’ ਕਰਨ ਲੱਗੇ ਬਹੁਤੀ ਦੇਰ ਨਹੀਂ ਲਾਉਂਦੇ।
ਪਿਛਲੇ ਦਸ ਕੁ ਦਿਨਾਂ ਵਿਚ ਹਨੀ ਸਿੰਘ ਬਾਰੇ ਨਵੀਂਆਂ-ਨਵੀਂਆਂ ਗੱਲਾਂ ਸੁਣਨ ਨੂੰ ਮਿਲੀਆਂ। ਪਹਿਲਾਂ ਇਕ ਗਾਣੇ ਦੀ ਗੱਲ ਹੋਈ ਕਿ ਉਹਨੇ ‘ਮੈਂ ਹੂੰ ਬਲਾਤਕਾਰੀ’ ਗਾਇਐ, ਤੇ ਉਹ ਵੀ ਉਸ ਵੇਲ਼ੇ ਜਦੋਂ ਪੂਰਾ ਭਾਰਤ ਸੜਕਾਂ ‘ਤੇ ਉਤਰਿਆ ਹੋਇਐ ਕਿ ਦਿੱਲੀ ਦੇ ਜਬਰ-ਜਨਾਹ ਕੇਸ ਦੇ ਦੋਸ਼ੀਆਂ ਨੂੰ ਫਾਹੇ ਲਾਇਆ ਜਾਵੇ। ਹਨੀ ਖਿਲਾਫ਼ ਲਖਨਊ ਦੇ ਗੋਮਤੀਨਗਰ ਥਾਣੇ ਵਿਚ ਮਾਮਲਾ ਦਰਜ ਕਰਾਇਆ ਗਿਆ, ਸਿੱਟੇ ਵਜੋਂ 31 ਦਸੰਬਰ ਦੀ ਰਾਤ ਨੂੰ ਗੁੜਗਾਓਂ ਦੇ ਜਿਹੜੇ ਹੋਟਲ ਵਿਚ ਉਸ ਦਾ ਸ਼ੋਅ ਹੋਣਾ ਸੀ, ਪ੍ਰਬੰਧਕਾਂ ਨੂੰ ਕੈਂਸਲ ਕਰਨਾ ਪਿਆ।
ਪਰ ਕਮਾਲ ਦੇਖੋ, ਹਨੀ ਦੇ ਪ੍ਰਬੰਧਕਾਂ ਨੇ ਸਪੱਸ਼ਟੀਕਰਨ ‘ਚ ਕਿਹਾ, ‘ਇਹ ਸ਼ੋਅ ਹੋਟਲ ਵਾਲਿਆਂ ਨੇ ਨਹੀਂ, ਸਗੋਂ ਅਸੀਂ ਖੁਦ ਕੈਂਸਲ ਕੀਤੈ, ਕਿਉਂਕਿ ਸਾਨੂੰ ਵੀ ਦੁੱਖ ਏ ਕਿ ਦਿੱਲੀ ‘ਚ ਜਬਰ-ਜਨਾਹ ਦਾ ਕਾਂਡ ਵਾਪਰਿਐæææਨਾਲ ਹੀ ਕਿਹਾ ਕਿ ਹਨੀ ਸਿੰਘ ਤਾਂ ਜੰਤਰ-ਮੰਤਰ ਜਾ ਕੇ ਇੱਕ ਮੋਮਬੱਤੀ ਵੀ ਬਾਲ਼ ਸਕਦੈ, ਮ੍ਰਿਤਕ ਕੁੜੀ ਨੂੰ ਸ਼ਰਧਾਂਜਲੀ ਦੇਣ ਲਈæææ।’ ਜਵਾਬ ਵਿਚ ਉਸ ਦੇ ਪ੍ਰਬੰਧਕਾਂ ਨੂੰ ਘੇਰਨ ਵਾਲਾ ਕੋਈ ਨਹੀਂ ਸੀ ਕਿ ਸ਼ਰਧਾਂਜਲੀਆਂ ਮੋਮ ਪਿਘਲਾਉਣ ਨਾਲ ਨਹੀਂ, ਸਗੋਂ ਪੀੜਤ ਦੇ ਹੱਕ ‘ਚ ਅਵਾਜ਼ ਬੁਲੰਦ ਕਰਨ ਨਾਲ ਦਿੱਤੀਆਂ ਜਾ ਸਕਦੀਆਂ ਨੇ, ਭਵਿੱਖ ਵਿਚ ਕਿਸੇ ਹੋਰ ਨਾਲ ਇਹ ਸਭ ਨਾ ਵਾਪਰੇ, ਇਸ ਲਈ ਸਰਕਾਰਾਂ ‘ਤੇ ਦਬਾਅ ਬਣਾਉਣ ਨਾਲ ਦਿੱਤੀਆਂ ਜਾਂਦੀਆਂ ਨੇ ਤੇ ਇਸ ਹਨੀ ਸਿੰਘ ਨੇ ਇਸ ਤੋਂ ਪਹਿਲਾਂ ‘ਕੰਡੋਮ’ ਵਰਗੇ ਗਾਣੇ ਗਾ ਕੇ ਔਰਤ ਵਰਗ ਦੇ ਸਨਮਾਨ ‘ਚ ਭਲਾ ਕਿਹੜਾ ਵਾਧਾ ਕੀਤੈ?
ਇਸ ਤੋਂ ਦੋ ਦਿਨ ਬਾਅਦ ਨਵੀਂ ਖ਼ਬਰ ਆ ਗਈ ਕਿ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਜਿਹੜੀ ਕਹਿੰਦੀ ਏ ਕਿ ਜਬਰ-ਜਨਾਹ ਦੀਆਂ ਘਟਨਾਵਾਂ ਦਾ ਕਾਰਨ ਗਾਇਕੀ ਵਿਚਲੀ ਅਸ਼ਲੀਲਤਾ ਵੀ ਏ, ਸੀਨੀਅਰ ਸਿਟੀਜਨਾਂ ਦੇ ਪਿਛਲੇ ਸਾਲ ਹੋਏ ਇਕ ਸਮਾਗਮ ਵਿਚ ਹਨੀ ਨਾਲ ਸਟੇਜ ‘ਤੇ ਠੁਮਕੇ ਲਾਉਂਦੀ ਰਹੀ ਸੀ। ਮੀਡੀਏ ਵਿਚ ਉਹ ਫੋਟੋ ਵੀ ਆ ਗਈ, ਜਿਸ ਵਿਚ ਹਨੀ ਤੇ ਸ਼ੀਲਾ ਇਕੱਠੇ ਸਨ। ਖੂਬ ਤੋਏ-ਤੋਏ ਹੋਈ ਮੁੱਖ ਮੰਤਰੀ ਦੀ ਤੇ ਹਨੀ ਸਿੰਘ ਖੁਦ ਨੂੰ ਬੇਸਕਸੂਰ ਠਹਿਰਾਉਂਦਿਆਂ ਕਹਿਣ ਲੱਗਾ, ‘ਬਿਨਾਂ ਵਜ੍ਹਾ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਇਹ ਸਭ ਮੇਰੀ ਇਕਦਮ ਹੋਈ ਚੜ੍ਹਤ ਕਰਕੇ ਕੀਤਾ ਜਾ ਰਿਹੈ, ਕਈ ਲੋਕ ਮੈਨੂੰ ਬਰਦਾਸ਼ਤ ਨਹੀਂ ਕਰ ਰਹੇ।’
ਕੌਮੀ ਪੱਧਰ ਦੇ ਚੈਨਲਾਂ ਨੂੰ ਨਵੀਂ ਖ਼ਬਰ ਮਿਲ ਗਈ ਤੇ ਉਨ੍ਹਾਂ ਹਨੀ ਸਿੰਘ ਦੀ ਸੋਚ ‘ਤੇ ਸਵਾਲ ਕਰਨ ਦੀ ਥਾਂ ਉਸ ਦੇ ਗਾਣਿਆਂ ਨੂੰ ਸ਼ਾਮਲ ਕਰ-ਕਰ ਖ਼ਬਰਾਂ ਦਿੱਤੀਆਂ, ‘ਆਖਰ ਫ਼ਸ ਗਏ ਹਨੀ ਸਿੰਘ’, ‘ਕਬ ਸੁਧਰੇਂਗੇ ਹਨੀ ਸਿੰਘ?’ ਚੈਨਲਾਂ ਵਾਲਿਆਂ ਇਹ ਖ਼ਬਰਾਂ ਬਿਲਕੁਲ ਓਦਾਂ ਹੀ ਪੇਸ਼ ਕੀਤੀਆਂ, ਜਿਵੇਂ ਪੂਨਮ ਪਾਂਡੇ, ਸ਼ਰਲਿਨ ਚੋਪੜਾ, ਰਾਖੀ ਸਾਵੰਤ ਜਾਂ ਵੀਨਾ ਮਲਿਕ ਦੇ ਗ਼ਰਮਾ-ਗ਼ਰਮ ਬਿਆਨਾਂ ਦੀਆਂ ਪੇਸ਼ ਹੁੰਦੀਆਂ ਨੇ ਕਿ, ‘ਅਸੀਂ ਕੱਪੜੇ ਲਾਹੁਣ ਤੋਂ ਪ੍ਰਹੇਜ਼ ਨਹੀਂ ਕਰਦੀਆਂæææ।’
ਹੁਣ ਸਵਾਲ ਪੰਜਾਬੀਆਂ ਦੀ ਬੇਗ਼ੈਰਤੀ ‘ਤੇ ਉਠਦਾ ਹੈ। ਲਖਨਊ ਦਾ ਰਹਿਣ ਵਾਲਾ ਇੱਕ ਗ਼ੈਰ ਪੰਜਾਬੀ ਸੱਜਣ ਹਨੀ ਦੇ ਗਾਣਿਆਂ ਖਿਲਾਫ਼ ਮਾਮਲਾ ਦਰਜ ਕਰਾ ਸਕਦਾ ਏ, ਪਰ ਪੰਜਾਬੀ ਸਿਰਫ਼ ਧਰਮ-ਕਰਮ ਦੇ ਮਾਮਲਿਆਂ ‘ਚ ਹੀ ਸੜਕਾਂ ‘ਤੇ ਕਿਉਂ ਉਤਰਦੇ ਨੇ? ਪੰਜਾਬੀਆਂ ਦੀ ਅੱਖ ਦੀ ਸ਼ਰਮ ਮਰ ਗਈ ਜਾਂ ਇਨ੍ਹਾਂ ਦੀ ‘ਗ਼ੈਰਤਮੰਦੀ’ ਦੇ ਕਿੱਸੇ ਹੀ ਝੂਠੇ ਨੇ?
ਜਦੋਂ ਲਖਨਊ ਤੋਂ ਪਟੀਸ਼ਨ ਦਾਖਲ ਹੋ ਗਈ ਤਾਂ ਪੰਜਾਬ ਤੋਂ ਵੀ ਸਿਲਸਿਲਾ ਸ਼ੁਰੂ ਹੋ ਗਿਆ। ਜਲੰਧਰ ਦੇ ਪ੍ਰੈਸ ਕਲੱਬ ਵਿਚ ਕਈ ਜਥੇਬੰਦੀਆਂ ਨੇ ਹਨੀ ਦਾ ਪੁਤਲਾ ਫੂਕਿਆ ਤੇ ਨਾਲ ਹੀ ਕਿਹਾ ਕਿ ਅਸੀਂ ਉਸ ਦਾ ਦੁਆਬਾ ਖੇਤਰ ਵਿਚ ਕੋਈ ਸ਼ੋਅ ਨਹੀਂ ਹੋਣ ਦੇਵਾਂਗੇ ਤੇ ਉਸ ਦੀਆਂ ਫ਼ਿਲਮਾਂ ਦਾ ਵੀ ਵਿਰੋਧ ਕਰਾਂਗੇ। ਉਨ੍ਹਾਂ ਦੇ ਮਨਾਂ ‘ਚ ਉਠਿਆ ਭੂਚਾਲ ਕਿੰਨੀ ਕੁ ਦੇਰ ਉਨ੍ਹਾਂ ਨੂੰ ਆਪਣੇ ਕਹੇ ‘ਤੇ ਖੜ੍ਹਾ ਰੱਖੇਗਾ, ਵਕਤ ਹੀ ਇਹਦੇ ਬਾਰੇ ਦੱਸੇਗਾ।
ਅਸੀਂ ਪਿਛਲੇ ਲੰਮੇ ਸਮੇਂ ਤੋਂ ਮਾੜਾ ਗਾਉਣ ਵਾਲਿਆਂ ਖਿਲਾਫ਼ ਲਾਮਬੰਦੀ ਦੀ ਗੱਲ ਕਰ ਰਹੇ ਹਾਂ, ਪਰ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬੀਆਂ ਦੀ ਦੋਗਲੀ ਨੀਤੀ ਹੈ ਕਿ ਉਹ ਦਿਨ ਵੇਲ਼ੇ ਕੁਝ ਹੋਰ ਕਹਿੰਦੇ ਨੇ ਤੇ ਰਾਤ ਵੇਲ਼ੇ ਕੁਝ ਹੋਰ। ਉਹ ਸਮਾਜਿਕ ਵਿਗਾੜਾਂ ਖਿਲਾਫ਼ ਝੰਡਾ ਓਨੀ ਦੇਰ ਨਹੀਂ ਚੁੱਕਦੇ, ਜਿੰਨੀ ਦੇਰ ਉਨ੍ਹਾਂ ਦਾ ਆਪਣਾ ਨੁਕਸਾਨ ਨਹੀਂ ਹੁੰਦਾ। ਇਹ ਪੰਜਾਬੀ ਸਿਲੰਡਰ ਦੀ ਕੀਮਤ ਵਧਣ ‘ਤੇ ਵੀ ਰੌਲਾ ਪਾ ਸਕਦੇ ਨੇ, ਬਿਜਲੀ ਦੀ ਯੂਨਿਟ ਪੰਦਰਾਂ ਪੈਸੇ ਮਹਿੰਗੀ ਹੋਣ ‘ਤੇ ਵੀ ਸੜਕਾਂ ‘ਤੇ ਆਣ ਖਲੋਂਦੇ ਨੇ, ਪਰ ਇਨ੍ਹਾਂ ਨੂੰ ਸੱਭਿਆਚਾਰ ਦਾ ਕੋਈ ਫ਼ਿਕਰ ਨਹੀਂ।
ਹਨੀ ਸਿੰਘ ਵਰਗੇ ਲੋਕਾਂ ਬਾਰੇ ਜੋ ਕੁਝ ਅੱਜ ਕਿਹਾ ਜਾ ਰਿਹੈ, ਇਹ ਸਿਰਫ਼ ਪੰਦਰਾਂ-ਵੀਹ ਦਿਨ ਦੇ ਗੁੱਸੇ ਤੱਕ ਸੀਮਤ ਹੈ। ਦੋ ਮਹੀਨਿਆਂ ਤੱਕ ਉਹ ਕੋਈ ਗੀਤ ਗਾਵੇਗਾ ਤੇ ਇਹੀ ਪੰਜਾਬੀ ਉਹਨੂੰ ਮਾੜਾ ਕਹਿੰਦੇ-ਕਹਿੰਦੇ ਮੁੜ ਨੱਚਣ ਲੱਗ ਜਾਣਗੇ। ਸਭ ਤੋਂ ਵੱਡੀ ਗੱਲ ਇਹ ਕਿ ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਕਹਿ ਰਿਹੈ, ‘ਹੁਣ ਮੈਂ ਬਾਲੀਵੁੱਡ ਵੱਲ ਕਦਮ ਵਧਾ ਲਏ ਨੇæææ।’ ਤੇ ਸਾਨੂੰ ਯਾਦ ਰੱਖਣਾ ਚਾਹੀਦੈ ਕਿ ਬਾਲੀਵੁੱਡ ਵਿਚ ਕਦਰ ਹੀ ਸਿਰਫ਼ ਨੰਗਿਆਂ ਦੀ ਏ। ਬਾਲੀਵੁੱਡ ਤਾਂ ਪਿਛਲੇ ਇੱਕ ਦਹਾਕੇ ਤੋਂ ਨੋਟ ਸਿਰਫ਼ ਨੰਗੇ ਹੋਣ ਕਰਕੇ ਕਮਾ ਰਿਹੈ, ਜਦੋਂ ਸੰਨੀ ਲਿਓਨ ਨੂੰ ਹਿੰਦੀ ਫ਼ਿਲਮਾਂ ਵਿਚ ਲਿਆ ਜਾਂਦਾ ਹੋਵੇ, ਜਦੋਂ ‘ਪਲੇਅ ਬੁਆਏ’ ਮੈਗ਼ਜ਼ੀਨ ਦੇ ਕਵਰ ‘ਤੇ ਨੰਗੀ ਫੋਟੋ ਛਪਵਾਉਣ ਵਾਲੀਆਂ ਕੁੜੀਆਂ ਨੂੰ ਬਾਲੀਵੁੱਡ ਵਿਚ ਕੰਮ ਮਿਲਦਾ ਹੋਵੇ, ਉਦੋਂ ਬਾਲੀਵੁੱਡ ਤੋਂ ਨੈਤਿਕਤਾ ਦੀ ਉਮੀਦ ਰੱਖਣੀ ਸਹੀ ਨਹੀਂ।
ਪੰਜਾਬੀਆਂ ਦੇ ਇਕਦਮ ਉਬਲੇ ਗੁੱਸੇ ਨੂੰ ਵੀ ਸਲਾਮ ਕਹਿਣੀ ਬਣਦੀ ਹੈ ਕਿ ਚਲੋ ਦੁੱਧ ਦੇ ਉਬਾਲ ਵਾਂਗ ਸਹੀ, ਇਹ ਇਕਦਮ ਭੜਕਦੇ ਤਾਂ ਹਨ ਹੀ। ਪਾਣੀ ਗਿੱਟੇ-ਗੋਡੇ, ਲੱਕ ਜਿੰਨਾ ਕੁਝ ਮਰਜ਼ੀ ਘੇਰ ਲਵੇ, ਪੰਜਾਬੀ ਸਿਰਫ਼ ਧੌਣ ਤੱਕ ਪਹੁੰਚਣ ਵੇਲ਼ੇ ਮਾੜਾ ਮੋੜਾ ਸੋਚਦੇ ਨੇ। ਦੇਰ-ਸਵੇਰ ਮਾੜਾ ਗਾਉਣ ਵਾਲੇ ਆਉਣਗੇ ਹੀ, ਵਿਸਾਖੀ ਦੇ ਸ਼ੋਆਂ ਮੌਕੇ ਕਈ ਅਜਿਹੇ ਕਲਾਕਾਰਾਂ ਤੁਹਾਡੇ ਸ਼ਹਿਰਾਂ ਵੱਲ ਆ ਰਹੇ ਨੇ, ਜਿਨ੍ਹਾਂ ਮਾੜਾ ਗਾਇਐ। ਉਨ੍ਹਾਂ ਨੂੰ ਥੋੜ੍ਹਾ ਸਬਕ ਸਿਖਾਓ ਤਾਂ ਅਸੀਂ ਮੰਨਾਂਗੇ ਕਿ ਇਹ ‘ਗ਼ੈਰਤਬੰਦ’ ਨਹੀਂ, ‘ਗ਼ੈਰਤਮੰਦ’ ਪੰਜਾਬੀ ਹੀ ਹਨ। ਜੇ ਹੁਣ ਵੀ ਮਾੜਿਆਂ ਖਿਲਾਫ਼ ਕੁਝ ਨਾ ਕੀਤਾ ਤਾਂ ਇਧਰਲੇ-ਉਧਰਲੇ ਪੰਜਾਬੀਆਂ ਵਿਚ ਕੋਈ ਫ਼ਰਕ ਨਹੀਂ ਰਹਿਣਾ।

Be the first to comment

Leave a Reply

Your email address will not be published.