ਹੋਰ ਵੀ ਬੁਰਾ ਹੋਇਆ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਹਾਰਮੋਨੀਅਮ ਨਾਲ ਛੈਣੇ, ਮ੍ਰਿਦੰਗ, ਖੜਤਾਲਾਂ ਆਪਣੀਆਂ ਲੈਆਂ, ਤਾਲਾਂ ਨਾਲ ਸਰਗੋਸ਼ੀਆਂ ਕਰਦੀਆਂ ਅਤੇ ਕੀਰਤਨ ਹੁੰਦਾ, ਪੰਥ ਮੇਰੇ ਦੀਆਂ ਗੂੰਜਾਂ, ਜੁਗੋ ਜੁਗ ਪੈਂਦੀਆਂ ਰਹਿਣਗੀਆਂ।
ਇਨ੍ਹੀਂ ਦਿਨੀਂ ਪੰਥ ਖਾਲਸਾ ਬਾਰੇ ਤਖ਼ਤਾਂ ਦੇ ਜਥੇਦਾਰਾਂ ਬਾਰੇ, ਸ਼੍ਰੋਮਣੀ ਕਮੇਟੀ ਮੈਂਬਰਾਂ, ਅਕਾਲੀ ਦਲ ਦੇ ਜਥੇਦਾਰਾਂ ਅਤੇ ਵਿਦਵਾਨਾਂ ਦੇ ਬਿਆਨ ਇੰਨੇ ਛਪੇ ਕਿ ਸਮਝੋਂ ਬਾਹਰ ਹੋ ਗਏ।

ਨਾ ਕਿਸੇ ਨੂੰ ਚਿੱਤ ਨਾ ਚੇਤੇ, ਆਸ ਨਾ ਉਮੀਦ, ਮੰਗ ਨਾ ਇੱਛਾ। ਖਬਰ ਪੜ੍ਹੀ ਕਿ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਹੰਗਾਮੀ ਮੀਟਿੰਗ ਕਰਕੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ ਕਰ ਦਿੱਤਾ ਹੈ ਅਤੇ 2007 ਵਾਲਾ ਹੁਕਮਨਾਮਾ ਵਾਪਸ ਲੈ ਲਿਆ ਹੈ। ਜਥੇਦਾਰਾਂ ਨੇ ਅਕਾਲ ਤਖ਼ਤ ਦੇ ਇਸ ਫੈਸਲੇ ‘ਤੇ ਖੁਸ਼ੀਆਂ ਪ੍ਰਗਟਾਈਆਂ, ਵਧਾਈ ਸੰਦੇਸ਼ ਛਪਵਾਏ ਅਤੇ ਬਿਆਨ ਦਾਗੇ, ḔḔਸ੍ਰੀ ਅਕਾਲ ਤਖ਼ਤ ਦੀ ਸਰਵੁੱਚਤਾ ਹੋਰ ਉੱਚੀ ਹੋਈ।” ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਸਰਵੁਚਤਾ ਹੋਰ ਉੱਚੀ ਵੀ ਹੋ ਜਾਇਆ ਕਰਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕੋਈ ਦਾਅਵਾ ਕਰੇ ਕਿ ਮੈਂ ਰਬੜ ਵਾਂਗ ਖਿੱਚ ਕੇ ਰੱਬ ਦਾ ਕੱਦ ਵਧਾ ਦਿੱਤਾ ਹੈ।
ਜਦੋਂ ਡੇਰਾ ਪ੍ਰੇਮੀ ਪੰਥ ਵਿਚੋਂ ਛੇਕੇ ਗਏ ਸਨ, ਉਦੋਂ ਵੀ ਅਕਾਲ ਤਖ਼ਤ ਦੀ ਵਡਿੱਤਣ ਹੋਈ। ਜਦੋਂ ਬਖਸ਼ ਦਿੱਤੇ ਉਦੋਂ ਵੀ ਸੋਹਲੇ ਗਾਏ। ਹੁਣ ਤੀਜੀ ਵਾਰ ਮਾਫੀ ਦਾ ਫੈਸਲਾ ਵਾਪਸ ਲੈ ਕੇ ਅਕਾਲ ਤਖ਼ਤ ਦੀ ਸਰਵੁਚਤਾ ਤੀਜੀ ਵਾਰ ਉੱਚੀ ਕਰ ਦਿੱਤੀ।
ਕਮਾਈ ਕਰਨ ਗਿਆ ਗਰੀਬ ਮਰਾਸੀ ਸਾਲ ਬਾਅਦ ਪਰਦੇਸੋਂ ਆਇਆ ਤਾਂ ਪਿੰਡ ਦੀ ਜੂਹ ਵਿਚ ਦਾਖਲ ਹੁੰਦਿਆ ਖੈਰ ਸੁੱਖ ਪੁੱਛਣ ਲੱਗਾ। ਗ੍ਰਾਈਂ ਨੇ ਦੱਸਿਆ, ਤੇਰੀ ਔਰਤ ਕਿਸੇ ਨਾਲ ਦੌੜ ਗਈ। ਮਰਾਸੀ ਨੇ ਕਿਹਾ, ਬੁਰਾ ਹੋਇਆ। ਉਸ ਬੰਦੇ ਨੇ ਫੇਰ ਦੱਸਿਆ, ਪਰ ਦੋ ਮਹੀਨਿਆਂ ਬਾਅਦ ਵਾਪਸ ਆ ਗਈ। ਮਰਾਸੀ ਨੇ ਕਿਹਾ, ਹੋਰ ਵੀ ਬੁਰਾ ਹੋਇਆ।
ਡੇਰਾ ਮੁਖੀ ਨੂੰ ਅਚਾਨਕ ਖਿਮਾ ਮਿਲੀ ਤਾਂ ਸਿੱਖ ਜਗਤ ਵਿਚ ਰੋਸ ਦੀ ਜਬਰਦਸਤ ਲਹਿਰ ਪੈਦਾ ਹੋਈ। ਇਹ ਦੱਸ ਦਈਏ ਕਿ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਜਾਵਾਂ ਦੇਣ ਵਾਸਤੇ ਨਹੀਂ ਹਨ। ਇਥੇ ਅਰਦਾਸ ਕਰਨ ਵਾਲਿਆਂ ਦੇ ਗੁਨਾਹ ਬਖਸ਼ੇ ਜਾਂਦੇ ਹਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਰਾਹੁਲ ਗਾਂਧੀ ਮੱਥਾ ਟੇਕਣ ਆਇਆ ਸੀ, ਲੰਗਰ ਛਕ ਕੇ ਗਿਆ ਸੀ। ਉਸ ਵਲੋਂ ਕੀਤੀ ਇਹ ਤੀਰਥ-ਯਾਤਰਾ ਸਲਾਹੀ ਗਈ ਸੀ। ਪਰ ਮਾਫ ਕਰਨ ਦੇ ਵਿਧੀ ਵਿਧਾਨ ਹੋਇਆ ਕਰਦੇ ਹਨ। ਭੁੱਖ ਲੱਗਣ ‘ਤੇ ਖਾਣਾ ਮੂੰਹ ਵਿਚੋਂ ਦੀ ਪੇਟ ਅੰਦਰ ਜਾਇਆ ਕਰਦਾ ਹੈ, ਕੰਨਾਂ ਵਿਚ ਬੁਰਕੀਆਂ ਪਾ ਕੇ ਨਹੀਂ।
ਖਿਮਾ ਮਿਲਣ ਪਿਛੋਂ ਡੇਰਾ ਮੁਖੀ ਦਾ ਦਿਲਚਸਪ ਬਿਆਨ ਛਪਿਆ, ਅਕਾਲ ਤਖ਼ਤ ਸੁਪਰੀਮ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖ਼ਤ ਦਾ ਹੁਕਮ ਖੁਸ਼ੀ ਨਾਲ ਮੰਨਣ। ਬਿਆਨ ਪੜ੍ਹ ਕੇ ਹਾਸਾ ਆਇਆ। ਸਿੱਖਾਂ ਨੂੰ ਹੁਣ ਤੱਕ ਪਤਾ ਨਹੀਂ ਸੀ ਕਿ ਅਕਾਲ ਤਖ਼ਤ ਦਾ ਹੁਕਮ ਮੰਨੀਦਾ ਹੁੰਦਾ ਹੈ। ਡੇਰਾ ਮੁਖੀ ਨੇ ਸੁਪਰੀਮ ਕਹਿ ਦਿੱਤਾ ਫੇਰ ਤਾਂ ਸੁਪਰੀਮ ਹੀ ਹੋਏਗਾ!
ਡੇਰਾ ਮੁਖੀ ਨੂੰ ਛੇਕਣ ਪਿੱਛੋਂ ਜਿਨ੍ਹਾਂ ਨਾਮਵਰ ਸ਼ਖਸੀਅਤਾਂ ਨੇ ਤਖ਼ਤ-ਜੱਥੇਦਾਰਾਂ ਨੂੰ ਵਧਾਈਆਂ ਦਿੱਤੀਆਂ ਸਨ, ਉਨ੍ਹਾਂ ਗੱਜ ਵੱਜ ਕੇ ਉਦੋਂ ਫੇਰ ਵਧਾਈਆਂ ਦਿੱਤੀਆਂ ਜਦੋਂ ਖਿਮਾ ਹੋ ਗਈ।
ਮਿਰਜਾ ਦਾਗ ਦਾ ਇਹ ਸ਼ੇਅਰ ਸ਼ਾਇਦ ਇਨ੍ਹਾਂ ਵਾਸਤੇ ਸੀ,
ਜਲਵਾ ਗਰੀ ਕਾ ਖੰਜਰ ਦੋਨੋਂ ਤਰਹ ਚਲਾਇਆ।
ਪਰਦਾ ਉਠਾ ਕੇ ਮਾਰਾ, ਪਰਦਾ ਗਿਰਾ ਕੇ ਮਾਰਾ।
ਅਸੀਂ ਤਾਂ ਹਲਾਲ ਹੋਣ ਵਾਸਤੇ ਹੀ ਬੈਠੇ ਹਾਂ, ਚਿਹਰੇ ਤੋਂ ਪਰਦਾ ਚੁੱਕਿਆ ਗਿਆ ਤਾਂ ਜ਼ਖਮੀ, ਪਰਦਾ ਕਰ ਲਿਆ ਤਾਂ ਮਰਨ ਕਿਨਾਰੇ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਇਕ ਇਕ ਕਰਕੇ ਅਸਤੀਫੇ ਦੇਣ ਲੱਗੇ। ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿਚ ਅਕਾਲ ਤਖ਼ਤ ਵਲੋਂ ਜਾਰੀ ਮਾਫੀਨਾਮੇ ਦੀ ਪ੍ਰੋੜ੍ਹਤਾ ਕੀਤੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਹੈ ਕਿ ਅਕਾਲ ਤਖ਼ਤ? ਸ਼੍ਰੋਮਣੀ ਕਮੇਟੀ ਪਹਿਲੋਂ ਮਾਫੀਨਾਮੇ ਦਾ ਮਤਾ ਪਾਉਂਦੀ ਫੇਰ ਅਕਾਲ ਤਖ਼ਤ ਅੱਗੇ ਅਰਜ਼ ਕਰਦੀ ਕਿ ਡੇਰਾ ਮੁਖੀ ਨੂੰ ਖਿਮਾ ਕੀਤਾ ਜਾਏ ਤੇ ਤਖ਼ਤ ਸਾਹਿਬਾਨ ਖਿਮਾ ਕਰ ਦਿੰਦੇ। ਫੇਰ ਇਹ ਘਟਨਾਕ੍ਰਮ ਸਹੀ ਲੱਗਦਾ। ਜਦੋਂ ਅਕਾਲ ਤਖ਼ਤ ਫੈਸਲਾ ਕਰ ਚੁੱਕਾ ਸੀ ਕਿ ਡੇਰਾ ਮੁਖੀ ਨੂੰ ਮਾਫ ਕਰ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਵਲੋਂ ਉਸ ਫੈਸਲੇ ਦੀ ਪ੍ਰੋੜਤਾ ਕਰਨ ਦੀ ਕੀ ਤੁੱਕ?
ਖਬਰ ਪੜ੍ਹੀ ਕਿ ਲੀਡਰਾਂ ਅਤੇ ਵਜੀਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਕਿ ਉਹ ਤਖ਼ਤਾਂ ਦੇ ਜਥੇਦਾਰਾਂ ਨੂੰ ਧਰਵਾਸ ਦੇਣ, ਹੌਸਲਾ ਅਫਜਾਈ ਕਰਨ। ਅਜਿਹਾ ਕਰਨਾ ਇਸ ਲਈ ਜਰੂਰੀ ਹੋ ਗਿਆ ਕਿ ਸਿੰਘ ਸਾਹਿਬਾਨ ਆਪੋ ਆਪਣੇ ਘਰਾਂ ਦੇ ਬੂਹਿਓਂ ਬਾਹਰ ਨਿਕਲਣ ਤੋਂ ਹੱਟ ਗਏ ਸਨ। ਦੋ ਦੋ ਜਿਪਸੀਆਂ ਦੇ ਕੇ ਸੁਰੱਖਿਆ ਹੋਰ ਵਧਾ ਦਿੱਤੀ ਪਰ ਸਿੰਘ ਸਾਹਿਬਾਨ ਜਾਣ ਤਾਂ ਕਿਥੇ ਜਾਣ? ਡੇਰਾ ਪ੍ਰੇਮੀਆਂ ਵਲੋਂ ਸਿੰਘ ਸਾਹਿਬਾਨ ਨੂੰ ਕੋਈ ਖਤਰਾ ਨਹੀਂ, ਸਿੱਖਾਂ ਪਾਸੋਂ ਖਤਰਾ ਹੈ ਤਾਂ ਉਹ ਕਿਨ੍ਹਾਂ ਦੇ ਸਿੰਘ ਸਾਹਿਬਾਨ ਹਨ?
ਸੋਸ਼ਲ ਮੀਡਿਆ ਵਿਚ ਡੇਰਾ ਮੁਖੀ ਸਿਰਸਾ ਦੀ ਇੰਟਰਵਿਊ ਦੇਖੀ। ਡੇਰਾ ਮੁਖੀ ਕਹਿ ਰਿਹਾ ਸੀ, ਮੇਰੇ ਪਾਸ ਮੁਹਤਬਰ ਅਕਾਲੀ ਲੀਡਰ ਆਏ ਤੇ ਕਿਹਾ ਕਿ ਚਿੱਠੀ ਲਿਖ ਦਿਓ, ਖਿਮਾ ਮਿਲ ਜਾਏਗੀ। ਚਿੱਠੀ ਲਿਖ ਦਿੱਤੀ, ਉਨ੍ਹਾਂ ਨੇ ਸੋਧਾਂ ਕੀਤੀਆਂ। ਮੈਂ ਸੋਧੀ ਹੋਈ ਚਿੱਠੀ ‘ਤੇ ਦਸਤਖਤ ਕਰ ਦਿੱਤੇ। ਅਖਬਾਰ-ਨਵੀਸ ਨੇ ਪੁੱਛਿਆ, ਤੁਸੀਂ ਅਕਾਲ ਤਖ਼ਤ ‘ਤੇ ਪੇਸ਼ ਕਿਉਂ ਨਾ ਹੋਏ? ਡੇਰਾ ਮੁਖੀ ਦਾ ਉੱਤਰ ਸੀ, ਉਹ ਮੁਹਤਬਰ ਬੰਦੇ ਸਨ। ਉਨ੍ਹਾਂ ਨੇ ਮੈਨੂੰ ਕਿਹਾ, ਗੁਰੂ ਜੀ ਪੇਸ਼ ਹੋਣ ਦੀ ਲੋੜ ਹੀ ਨਹੀਂ। ਜੇ ਕਹਿੰਦੇ ਮੈਂ ਪੇਸ਼ ਹੋ ਜਾਂਦਾ।
16 ਅਕਤੂਬਰ ਨੂੰ ਸਿੰਘ ਸਾਹਿਬਾਨ ਨੇ ਦਿੱਤਾ ਗਿਆ ਮਾਫੀਨਾਮਾ ਵਾਪਸ ਲੈ ਲਿਆ ਤਾਂ 18 ਅਕਤੂਬਰ ਨੂੰ ਡੇਰਾ ਮੁਖੀ ਦਾ ਬਿਆਨ ਛਪਿਆ, ਹੁਕਮਨਾਮਾ ਬਦਲੇ ਜਾਣ ਤੋਂ ਡੇਰਾ ਮੁਖੀ ਹੈਰਾਨ। ਡੇਰਾ ਮੁਖੀ ਨੇ ਕਿਹਾ ਹੈ ਕਿ ਧਰਮ ਵਿਚ ਜੋ ਗੱਲ ਕਹਿ ਦਿੱਤੀ ਜਾਂਦੀ ਹੈ, ਅਟੱਲ ਹੁੰਦੀ ਹੈ ਪਰ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਮਾਫੀਨਾਮਾ ਵਾਪਸ ਲੈ ਲਿਆ। ਇਸ ਮਾਮਲੇ ਵਿਚ ਰਾਜਨੀਤੀ ਹੋ ਰਹੀ ਹੈ, ਜੋ ਚੰਗੀ ਗੱਲ ਨਹੀਂ।
ਇਕ ਸਦੀ ਪਹਿਲਾਂ ਸਿੰਘ ਸਭਾ ਲਹਿਰ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ। ਸਿੱਖਾਂ ਨੇ ਫੈਸਲਾ ਕੀਤਾ ਕਿ ਸੰਤ ਅਤਰ ਸਿੰਘ ਪਾਸੋਂ ਸ਼ੁਕਰਾਨੇ ਦੀ ਅਰਦਾਸ ਕਰਵਾਈਏ। ਕਾਰਵਾਂ ਅੰਮ੍ਰਿਤਸਰੋਂ ਮਸਤੂਆਣੇ ਵੱਲ ਤੁਰ ਪਿਆ। ਸੰਤ ਜੀ ਨੂੰ ਕਿਹਾ ਕਿ ਮਹੰਤ ਗੁਰਦੁਆਰਿਆਂ ਵਿਚੋਂ ਕੱਢ ਦਿੱਤੇ ਹਨ। ਸ਼ੁਕਰਾਨੇ ਦੀ ਅਰਦਾਸ ਕਰੋ। ਸੰਤ ਜੀ ਨੇ ਕਿਹਾ, ਅਕਾਲੀਆਂ ਦੇ ਕਹਿਣ ‘ਤੇ ਮਹੰਤ ਗੁਰਦੁਆਰਿਆਂ ਵਿਚੋਂ ਚਲੇ ਗਏ ਤਾਂ ਇਸ ਦਾ ਮਤਲਬ ਹੋਇਆ ਉਹ ਚੰਗੇ ਸਨ। ਗੁਰਦੁਆਰਿਆਂ ਵਿਚੋਂ ਤੁਹਾਨੂੰ ਕੱਢਣਾ ਬਹੁਤ ਔਖਾ ਕੰਮ ਹੋਵੇਗਾ।