ਰਾਜਿੰਦਰ ਸਿੰਘ ਬੇਦੀ-8
ਗੁਰਬਚਨ ਸਿੰਘ ਭੁੱਲਰ
ਬੇਦੀ ਜੀ ਦੀ ਜੀਵਨ-ਯਾਤਰਾ ਰੋਗ ਤੋਂ ਰੋਗ ਤੱਕ ਦੀ ਕਹਾਣੀ ਹੈ। ਉਹ ਜੰਮੇ ਵੀ ਰੋਗੀ ਅਤੇ ਮਰਨ ਤੋਂ ਕਾਫ਼ੀ ਸਮਾਂ ਪਹਿਲਾਂ ਅਧਰੰਗ ਦੇ ਨਾਮੁਰਾਦ ਰੋਗ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਘੇਰ ਲਿਆ। ਇਕ ਪਾਸਾ ਮਾਰਿਆ ਗਿਆ। ਇਕ ਲੱਤ ਅਤੇ ਇਕ ਬਾਂਹ ਕੰਮ ਕਰਨੋਂ ਹਟ ਗਈਆਂ। ਸਹਾਰੇ ਦੀ ਲੋੜ ਪੈਂਦੀ। ਦੂਜੀ ਅੱਖ ਬੰਦ ਕਰ ਕੇ ਅਧਰੰਗੀ ਅੱਖ ਉਤੇ ਆਪਣੇ ਕੰਮ ਕਰਦੇ ਹੱਥ ਦੀ ਕੋਕਲੀ ਰੱਖ ਕੇ ਉਹ ਵਾਰ-ਵਾਰ ਇਹ ਨਿਰਣਾ ਕਰਨ ਦਾ ਜਤਨ ਕਰਦੇ ਕਿ ਉਸ ਵਿਚੋਂ ਕੁਝ ਦਿਸਦਾ ਹੈ ਜਾਂ ਨਹੀਂ।
ਕਿੰਨਾ ਦਰਦਨਾਕ ਦ੍ਰਿਸ਼ ਹੁੰਦਾ ਹੋਵੇਗਾ ਕਿ ਜਿਸ ਲੇਖਕ ਦੀ ਬਰੀਕ-ਬੀਨੀ ਜ਼ਿੰਦਗੀ ਦੀਆਂ, ਘਟਨਾਵਾਂ ਦੀਆਂ, ਸਥਿਤੀਆਂ ਦੀਆਂ ਡੂੰਘੀਆਂ ਛੁਪੀਆਂ ਪਰਤਾਂ ਮਨ ਦੀ ਅੱਖ ਨਾਲ ਦੇਖ ਲੈਂਦੀ ਸੀ, ਉਸ ਤੋਂ ਇਹ ਨਿਤਾਰਾ ਵੀ ਨਹੀਂ ਸੀ ਹੋ ਰਿਹਾ ਕਿ ਉਹਦੀ ਸਰੀਰਕ ਅੱਖ ਨੂੰ ਦਿਸਦਾ ਹੈ ਜਾਂ ਨਹੀਂ। ਉਨ੍ਹਾਂ ਦੇ ਬੁੱਲ੍ਹ ਵੱਸ ਤੋਂ ਬਾਹਰੇ ਹੋ ਕੇ ਲਟਕ ਜਾਂਦੇ। ਉਨ੍ਹਾਂ ਉਤੇ ਆ ਕੇ ਸ਼ਬਦ ਅਟਕ ਜਾਂਦੇ। ਹਾਜ਼ਰ-ਜਵਾਬੀ ਦੇ ਉਸਤਾਦ ਅਤੇ ਭਾਸ਼ਾ ਦੀ ਵਰਤੋਂ ਦੇ ਬੇਮਿਸਾਲ ਕਲਾਕਾਰ ਨੂੰ ਗੱਲ ਅੱਧ-ਵਿਚਾਲੇ ਭੁੱਲ ਜਾਂਦੀ। ਉਹ ਥੱਕ ਜਾਂਦੇ, ਅੱਕ ਜਾਂਦੇ, ਨਿਰਾਸ਼ ਹੋ ਜਾਂਦੇ, ਮਾਯੂਸ ਹੋ ਜਾਂਦੇ ਅਤੇ ਬੇਵੱਸ ਹੋ ਕੇ ਨਿਢਾਲ ਹੋਏ ਚੁੱਪ ਹੋ ਜਾਂਦੇ।
ਡਾਕਟਰ ਕਹਿੰਦੇ ਸਨ, ਕੋਈ ਉਨ੍ਹਾਂ ਕੋਲ ਬੈਠੇ ਅਤੇ ਉਨ੍ਹਾਂ ਨਾਲ ਬੜੇ ਹਿਤ ਨਾਲ, ਬੜੇ ਠਰੰ੍ਹਮੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰੇ, ਉਨ੍ਹਾਂ ਦਾ ਬੀਤਿਆ ਚੇਤੇ ਕਰਾਵੇ, ਉਨ੍ਹਾਂ ਦੀਆਂ ਯਾਦਾਂ ਨੂੰ ਰੋਗ ਦੇ ਗੰਧਲੇ ਪਾਣੀ ਵਿਚੋਂ ਉਭਾਰਨ ਦਾ ਯਤਨ ਕਰੇ, ਪਰ ਇਹ ਸਭ ਕੌਣ ਕਰੇ? ਇਕ ਵਾਰ ਉਹ ਦਿੱਲੀ ਆਪਣੇ ਕਦਰਦਾਨ ਭਰਾ ਹਰਬੰਸ ਸਿੰਘ, ਜੋ ਇਕ ਉਚ-ਅਧਿਕਾਰੀ ਸਨ, ਦੇ ਘਰ ਠਹਿਰੇ ਹੋਏ ਸਨ। ਇੰਦਰਜੀਤ ਗਈ ਤਾਂ ਉਹ ਉਹਦੇ ਵੱਲ ਪ੍ਰਭਾਵਹੀਣ ਨਜ਼ਰਾਂ ਨਾਲ ਦੇਖਦੇ ਬੈਠੇ ਰਹੇ। ਪੁੱਛਣ ਉਤੇ ਵੀ ਚੁੱਪ ਰਹੇ। ਇੰਦਰਜੀਤ ਬੋਲੀ, “ਬੇਦੀ ਸਾਹਿਬ, ਮੈਂ ਇੰਦਰਜੀਤ, ਤੁਹਾਡੀ ਭੈਣ ਰਾਜ ਦੁਲਾਰੀ ਦੀ ਨੂੰਹ, ਤੁਹਾਡੇ ਭਾਣਜੇ ਰਵੀ, ਜੀਹਨੂੰ ਤੁਸੀਂ ਰੱਦੀ ਕਹਿੰਦੇ ਹੁੰਦੇ ਸੀ, ਦੀ ਪਤਨੀ।” ਉਹ ਫੇਰ ਵੀ ਅਬੋਲ ਦੇਖਦੇ ਅਤੇ ਪਰੇਸ਼ਾਨ ਹੁੰਦੇ ਰਹੇ। ਉਹਨੇ ਕਿਹਾ, “ਬੇਦੀ ਸਾਹਿਬ, ਮੈਂ ਰੂਸੀ ਦਫ਼ਤਰ ਵਿਚ ਕੰਮ ਕਰਦੀ ਸੀ। ਤੁਸੀਂ ਰੂਸੀਆਂ ਬਾਰੇ ਕਹਾਣੀ ਲਿਖ ਕੇ ਮੈਨੂੰ ਪੜ੍ਹਨ ਨੂੰ ਦਿੱਤੀ ਸੀ।” ਉਹ ਹੈਰਾਨ ਹੋਏ, “ਮੈਂ ਕਹਾਣੀ ਲਿਖੀ ਸੀ, ਰੂਸੀਆਂ ਬਾਰੇ?” ਇੰਦਰਜੀਤ ਨੇ ਕਾਗਜ਼ ਅਤੇ ਪੈਨ ਅੱਗੇ ਕਰਦਿਆਂ ਉਨ੍ਹਾਂ ਨੂੰ ਆਪਣਾ ਨਾਂ ਲਿਖਣ ਲਈ ਕਿਹਾ। ਉਹ ਇਕ ਪਲ ਝਿਜਕੇ ਅਤੇ ਫੇਰ ਉਰਦੂ ਵਿਚ ਆਪਣਾ ਨਾਂ ਲਿਖ ਦਿੱਤਾ। ਆਪਣਾ ਲਿਖਿਆ ‘ਰਾਜਿੰਦਰ ਸਿੰਘ ਬੇਦੀ’ ਪੜ੍ਹ ਕੇ ਜਿਵੇਂ ਉਨ੍ਹਾਂ ਦੇ ਕੰਨਾਂ ਵਿਚ ਉਹ ਪੁਰਾਣੀ ਧੁਨੀ ਗੂੰਜ ਉਠੀ: “ਸਾਵਧਾਨ! ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ, ਅਜ਼ੀਮ ਅਫ਼ਸਾਨਾਨਿਗਾਰ, ਜਨਾਬ ਰਾਜਿੰਦਰ ਸਿੰਘ ਬੇਦੀ ਰੰਗਭੂਮੀ ਵਿਚ ਪਧਾਰ ਰਹੇ ਹਨ!” ਉਨ੍ਹਾਂ ਦਾ ਚਿਹਰਾ ਜਿੰਨਾ ਕੁ ਖਿੜ ਸਕਦਾ ਸੀ, ਖਿੜ ਗਿਆ, ਅੱਖਾਂ ਵਿਚ ਚਮਕ ਜਿੰਨੀ ਕੁ ਆ ਸਕਦੀ ਸੀ, ਆ ਗਈ ਅਤੇ ਬੋਲੇ, “ਹਾਂ, ਯਾਦ ਆਇਆ, ਮੈਂ ਕਹਾਣੀ ਲਿਖੀ ਸੀ, ਰੂਸੀਆਂ ਬਾਰੇ।” ਤੇ ਫੇਰ ਉਨ੍ਹਾਂ ਨੇ ਕਾਗਜ਼ ਦੁਬਾਰਾ ਨੇੜੇ ਖਿਸਕਾ ਕੇ ਉਸ ਉਤੇ ਪੰਜਾਬੀ ਤੇ ਅੰਗਰੇਜੀ ਵਿਚ ਵੀ ਆਪਣਾ ਨਾਂ ਲਿਖ ਦਿੱਤਾ ਅਤੇ ਜਿੱਤੇ ਹੋਏ ਬਾਂਟੇ ਦਿਖਾਉਣ ਵਾਲੇ ਬੱਚੇ ਵਾਂਗ ਬੜੇ ਚਾਅ ਨਾਲ ਆਪਣੇ ਦਸਤਖ਼ਤ ਉਥੇ ਬੈਠੇ ਸਾਰਿਆਂ ਨੂੰ ਦਿਖਾਉਣ ਲੱਗੇ। ਪਰ ਝੱਟ ਹੀ ਉਨ੍ਹਾਂ ਦੀ ਯਾਦਦਾਸ਼ਤ ਫੇਰ ਧੁੰਦ ਵਿਚ ਲੋਪ ਹੋ ਗਈ। ਇੰਦਰਜੀਤ ਕੋਈ ਪੁਰਾਣੀ ਗੱਲ ਛੇੜਦੀ ਤਾਂ ਉਨ੍ਹਾਂ ਦਾ ਚੇਤਾ ਉਹਦੀ ਤੰਦ ਫੜ ਕੇ ਬਾਹਰ ਨਿਕਲ ਆਉਂਦਾ, ਪਰ ਛੇਤੀ ਹੀ ਫੇਰ ਚੁੱਭੀ ਮਾਰ ਜਾਂਦਾ।
ਉਹ ਨਿੱਕੀ-ਨਿੱਕੀ ਗੱਲ ਉਤੇ ਵਿੱਟਰ ਜਾਣ ਵਾਲੇ ਅਤੇ ਬਿਨਾਂ ਕਿਸੇ ਕਾਰਨ ਜਾਂ ਬਹਾਨੇ ਤੋਂ ਰੀਂ-ਰੀਂ ਕਰਦੇ ਰਹਿਣ ਵਾਲੇ ਬਾਲ ਸਨ। ਜਨਮ-ਰੋਗ ਅਤੇ ਮਰਨ-ਰੋਗ ਦੇ ਵਿਚਕਾਰਲੀ ਉਮਰ ਦਾ ਵਰਣਨ ਉਹ ਕੇਵਲ “ਵਿੱਦਿਆ, ਕਹਾਣੀਆਂ, ਡਾਕਖਾਨੇ ਦੀ ਨੌਕਰੀ, ਰੇਡੀਓ ਦੀ ਨੌਕਰੀ, ਦੇਸ-ਵੰਡ, ਰੇਡੀਓ ਦੇ ਪ੍ਰਬੰਧਕਾਂ ਨਾਲ ਲੜਾਈ, ਬੰਬਈ, ਫ਼ਿਲਮਾਂ ਅਤੇ ਕਿਤਾਬਾਂ” ਵਜੋਂ ਕਰਦੇ ਸਨ। ਏਨੀ ਕਾਹਲੀ-ਕਾਹਲੀ ਅਤੇ ਏਨੀ ਸੰਖੇਪਤਾ ਨਾਲ, ਜਿਵੇਂ ਜੀਵਨ ਦੀਆਂ ਬੀਤੀਆਂ ਘਟਨਾਵਾਂ ਨੂੰ ਯਾਦ ਨਾ ਕਰਨਾ ਚਾਹੁੰਦੇ ਹੋਣ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ, ਕਈ ਲੋਕਾਂ ਦੇ ਮਨ ਵਿਚ ਉਹ ਸਾਰੀਆਂ ਯਾਦਾਂ ਹੁਮ-ਹੁੰਮਾ ਕੇ ਆ ਜੁੜਦੀਆਂ ਹਨ, “ਜਿਨ੍ਹਾਂ ਨੂੰ ਮੁੜ-ਮੁੜ ਚੇਤੇ ਕਰ ਕੇ ਬੰਦਾ ਇਉਂ ਖੁਸ਼ ਹੁੰਦਾ ਹੈ, ਜਿਵੇਂ ਅਘੋਰੀ ਲੋਕ ਮੁਰਦਾ ਖਾ ਕੇ ਖੁਸ਼ ਹੁੰਦੇ ਹਨ।” ਪਰ ਉਹ ਮੁਰਾਦਾਰ ਖਾਣੇ ਅਘੋਰੀ ਨਹੀਂ ਸਨ ਜਿਸ ਕਰਕੇ ਉਹ ਆਪਣੀਆਂ ਮੁਰਦਾ ਯਾਦਾਂ ਨੂੰ ਮਨ ਦੇ ਕਬਰਿਸਤਾਨ ਵਿਚ ਦੱਬੀਆਂ ਪਈਆਂ ਰਹਿਣ ਦੇਣਾ ਹੀ ਠੀਕ ਸਮਝਦੇ ਸਨ।
ਉਨ੍ਹਾਂ ਦੇ ਦੱਸਣ ਅਨੁਸਾਰ, ਉਨ੍ਹਾਂ ਦੇ ਗਿਆਨ ਅਤੇ ਕਰਮ ਵਿਚ ਪਾੜਾ ਰਹਿ ਜਾਣ ਕਾਰਨ ਉਨ੍ਹਾਂ ਨੂੰ ਦੁਰਘਟਨਾਵਾਂ ਦੇ ਵੱਸ ਪੈਣਾ ਪਿਆ ਅਤੇ ਹਰ ਤਜਰਬੇ ਦੀ ਸੂਲੀ ਉਤੇ ਆਪ ਚੜ੍ਹਨਾ ਪਿਆ। ਉਹ ਕਈ ਵਾਰ ਮਰੇ ਅਤੇ ਕਈ ਵਾਰ ਜੀਵੇ। ਹਰ ਚੀਜ਼ ਨੂੰ ਦੇਖ ਕੇ, ਹਰ ਅਨੁਭਵ ਨੂੰ ਭੋਗ ਕੇ ਹੈਰਾਨ ਹੋਏ ਅਤੇ ਹਰ ਘਟਨਾ-ਦੁਰਘਟਨਾ ਤੋਂ ਮਗਰੋਂ ਪਰੇਸ਼ਾਨ। ਨਾ ਉਨ੍ਹਾਂ ਦੀ ਹੈਰਾਨੀ ਦਾ ਕੋਈ ਅੰਤ ਸੀ ਅਤੇ ਨਾ ਹੀ ਪਰੇਸ਼ਾਨੀ ਦੀ ਕੋਈ ਹੱਦ ਸੀ। ਉਨ੍ਹਾਂ ਦੇ ਦੁੱਖਾਂ ਦੀ ਪੰਡ ਨੂੰ ਪਰਿਵਾਰ ਦੇ ਹੋਰ ਜੀਆਂ ਦੇ ਰੋਗਾਂ ਦੇ ਪੱਥਰ ਹੋਰ ਹੋਰ ਭਾਰੀ ਕਰਦੇ ਰਹਿੰਦੇ ਸਨ। ਮਿਸਾਲ ਵਜੋਂ ਉਨ੍ਹਾਂ ਦੀ ਘਰਵਾਲੀ ਵੀ ਰੋਗਣ ਸੀ ਅਤੇ ਉਨ੍ਹਾਂ ਦੇ ਕਹਿਣ ਅਨੁਸਾਰ, ਉਨ੍ਹਾਂ ਦੇ ‘ਪਿਉ ਦੀ ਘਰਵਾਲੀ’ ਵੀ ਰੋਗਣ ਹੀ ਸੀ।
ਬੇਦੀ ਦਾ ਸਭ ਤੋਂ ਵੱਡਾ ਵਿਗੋਚਾ ਇਹ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਦੁੱਧ ਨਾ ਮਾਂ ਨੇ ਦਿੱਤਾ ਅਤੇ ਨਾ ਜ਼ਿੰਦਗੀ ਨੇ। ਮਾਂ ਤੋਂ ਦੁੱਧ ਲੈਣ ਲਈ ਉਹ ਉਹਦੀ ਰੋਗੀ ਛਾਤੀ ਨੂੰ ਵਾਰ-ਵਾਰ ਚੂੰਡਦੇ। ਉਹ ਛਿੱਥੀ ਪੈ ਕੇ ਉਨ੍ਹਾਂ ਨੂੰ ਪਰ੍ਹੇ ਵਗਾਹ ਮਾਰਦੀ ਅਤੇ ਉਹ ਵਿਲਕਦੇ, “ਮਾਂ, ਮੈਨੂੰ ਮੇਰਾ ਦੁੱਧ ਦੇ ਦੇæææਮੈਨੂੰ ਮੇਰਾ ਦੁੱਧ ਚਾਹੀਦੈ!” ਮਾਂ ਅਥਾਹ ਮਮਤਾ ਨਾਲ ਛਲਕ ਕੇ ਅਤੇ ਇਹ ਸਮਝਣ ਵਿਚ ਅਸਫਲ ਰਹਿ ਕੇ ਕਿ ਪੁੱਤਰ ਨੂੰ ਸੁੱਟੇ ਜਾਂ ਰੱਖੇ, ਬਾਲ ਨੂੰ ਫੇਰ ਹਿੱਕ ਨਾਲ ਲਾ ਲੈਂਦੀ। ਪਰ ਮਗਰੋਂ ਜਦੋਂ ਸਾਰੀ ਉਮਰ ਉਹ ਜ਼ਿੰਦਗੀ ਤੋਂ ਆਪਣੇ ਹਿੱਸੇ ਦਾ ਦੁੱਧ ਮੰਗਣ ਲਈ ਪੁਕਾਰਦੇ ਰਹੇ, ਬੇਕਿਰਕ ਜ਼ਿੰਦਗੀ, ਮਾਂ ਵਾਲੀ ਮਮਤਾ ਤੋਂ ਵਿਰਵੀ ਹੋਣ ਕਰਕੇ, ਉਨ੍ਹਾਂ ਨੂੰ ਵਾਰ ਵਾਰ ਸਵਾਹਰੀ ਸੜਕ ਤੋਂ ਵਗਾਹ ਕੇ ਚੁਭਵੇਂ ਫੁੱਟਪਾਥ ਉਤੇ ਸੁਟਦੀ ਰਹੀ। ਉਪਰੋਂ ਸਿਤਮ ਇਹ ਕਿ ਜ਼ਿੰਦਗੀ ਨੇ ਸੁੱਟਣ ਮਗਰੋਂ ਪਰੇਸ਼ਾਨ ਹੋ ਕੇ ਕਦੀ ਉਨ੍ਹਾਂ ਨੂੰ ਹਿੱਕ ਨਾਲ ਨਾ ਲਾਇਆ। ਉਨ੍ਹਾਂ ਦੀਆਂ ਕਹਾਣੀਆਂ ਅਸਲ ਵਿਚ ਜ਼ਿੰਦਗੀ ਤੋਂ ਆਪਣੇ ਆਪਣੇ ਹਿੱਸੇ ਦਾ ਦੁੱਧ ਮੰਗਦੇ ਪਾਤਰਾਂ ਦੀਆਂ ਕਹਾਣੀਆਂ ਹੀ ਹਨ, “ਜ਼ਿੰਦਗੀ, ਮੈਨੂੰ ਮੇਰਾ ਦੁੱਧ ਦੇ ਦੇæææਮੈਨੂੰ ਮੇਰਾ ਦੁੱਧ ਚਾਹੀਦੈ।”
ਜ਼ਿੰਦਗੀ ਦਾ ਇਹ ਕਠੋਰ ਅਤੇ ਬੇਕਿਰਕ ਰਵੱਈਆ ਉਨ੍ਹਾਂ ਦੇ ਮਨ ਵਿਚ ਅਨੇਕ ਸਵਾਲ ਖੜ੍ਹੇ ਕਰਦਾ ਸੀ। ਪਰ ਜ਼ਿੰਦਗੀ ਨੇ ਮਾਂ ਵਾਲੀ ਹੀ ਵਿਧੀ ਅਪਨਾ ਲਈ। ਪਹਿਲਾਂ ਝਿੜਕ ਕੇ ‘ਚੁੱਪ’ ਕਹਿਣਾ, ਪਰ ਜਵਾਬ ਮੰਗਣ ਲਈ ਅੜੇ ਰਹਿਣ ਕਰਕੇ ਜੇ ਕਦੇ ਜਵਾਬ ਦੇਣਾ ਪਵੇ ਤਾਂ ਅਜਿਹਾ ਦੇਣਾ ਜੋ ਪੱਲੇ ਨਾ ਪਵੇ ਅਤੇ ਜੇ ਪੱਲੇ ਪੈ ਜਾਵੇ ਤਾਂ ਨਤੀਜੇ ਵਜੋਂ ਜੁੱਤੀਆਂ ਪੈਣ।
ਧਰਮ-ਗ੍ਰੰਥ ਪੜ੍ਹਨ ਵਾਲੀ ਮਾਂ ਤੋਂ ਜਦੋਂ ਉਨ੍ਹਾਂ ਨੇ ਇਕ ਦਿਨ ‘ਗਣਿਕਾ’ ਦਾ ਅਰਥ ਜਾਣਨ ਲਈ ਅੜੀ ਕੀਤੀ ਤਾਂ ਉਤਰ ਮਿਲਿਆ, “ਬਹਿ ਜਾ, ਚੁੱਪ ਕਰ ਕੇ।æææਚੁੱਪ!” ਪਿੱਛੇ ਹੀ ਪੈ ਜਾਣ ਉਤੇ ਦੱਸਿਆ ਗਿਆ ਕਿ ਗਣਿਕਾ ਭੈੜੀ ਜ਼ਨਾਨੀ ਨੂੰ ਕਹਿੰਦੇ ਹਨ। ‘ਭੈੜੀ ਜ਼ਨਾਨੀ’ ਦੇ ਅਰਥ ਪੱਲੇ ਨਾ ਪਏ ਤਾਂ ਦੱਸਿਆ ਗਿਆ, ਉਹ ਜੋ ਬਹੁਤ ਸਾਰੇ ਮਰਦਾਂ ਨਾਲ ਰਹਿੰਦੀ ਹੋਵੇ। ਉਹ ਸਭ ਕੁਝ ਸਮਝ ਆ ਗਿਆ ਸਮਝ ਕੇ ਸੰਤੁਸ਼ਟ ਹੋ ਗਏ, ਪਰ ਅਗਲੇ ਦਿਨ ਜਦੋਂ ਕਈ ਜੇਠਾਂ-ਦਿਉਰਾਂ, ਸਹੁਰਿਆਂ-ਪਤ੍ਹਿਉਰਿਆਂ, ਆਦਿ ਜਿਹੇ ਊਟ-ਪਟਾਂਗ ਲੋਕਾਂ ਵਾਲੇ ਪਰਿਵਾਰ ਵਿਚ ਰਹਿਣ ਵਾਲੀ ਗੁਆਂਢਣ ਸੁਮਿਤਰਾ ਨੂੰ ਗਣਿਕਾ ਕਹਿ ਬੈਠੇ, ਤਾਂ ਉਨ੍ਹਾਂ ਨੂੰ ਪੈਣ ਵਾਲੀਆਂ ਜੁੱਤੀਆਂ ਦੀ ਗਿਣਤੀ ਵੀ ਭੁੱਲ ਗਈ। ਉਹ ਕਹਿੰਦੇ ਹਨ, “ਮੇਰੀ ਬਾਕੀ ਦੀ ਸਾਰੀ ਜ਼ਿੰਦਗੀ ਵੀ ਕੁਝ ਅਜਿਹੀ ਹੀ ਰਹੀ ਹੈ। ਏਧਰ ਮੈਂ ਸਵਾਲ ਕੀਤਾ ਅਤੇ ਓਧਰ ਜ਼ਿੰਦਗੀ ਨੇ ਕਹਿ ਦਿੱਤਾ, ਚੁੱਪ! ਤੇ ਜੇ ਕਦੇ ਜਵਾਬ ਦਿੱਤਾ ਤਾਂ ਅਜਿਹਾ ਕਿ ਮੇਰੇ ਪੱਲੇ ਹੀ ਕੁਝ ਨਾ ਪਵੇ। ਤੇ ਜੇ ਪੈ ਜਾਵੇ ਤਾਂ ਜੁੱਤੀਆਂ ਪੈਣ!” ਪਰ ਉਹ ਇਹ ਵੀ ਮੰਨਦੇ ਹਨ ਕਿ ਸਵਾਲਾਂ ਦੇ ਯੋਗ ਜਵਾਬ ਨਾ ਮਿਲਣ ਜਾਂ ਉਨ੍ਹਾਂ ਨੂੰ ਜਵਾਬਾਂ ਦਾ ਅਸਲ ਤੱਤ ਸਮਝ ਨਾ ਪੈਣ ਨੇ, ਉਨ੍ਹਾਂ ਵਿਚ ਨਿੱਜ ਦਾ ਅਜਿਹਾ ਤਿੱਖਾ ਅਹਿਸਾਸ ਪੈਦਾ ਕਰ ਦਿੱਤਾ, ਜਿਸ ਸਦਕਾ ਉਹ ਲੋੜ ਨਾਲੋਂ ਕਿਤੇ ਵੱਧ ਮਹਿਸੂਸ ਕਰਨ ਲੱਗ ਪਏ ਅਤੇ ਸੰਵੇਦਨਸ਼ੀਲ ਹੋ ਗਏ, ਜਿਹੜੀਆਂ ਗੱਲਾਂ ਨੇ ਉਨ੍ਹਾਂ ਨੂੰ ਲੇਖਕ ਬਣਾਇਆ।
ਬੇਦੀ ਬਾਰੇ ਇਸ ਗੱਲ ਨਾਲ ਅਸਹਿਮਤ ਹੋਣਾ ਅਸੰਭਵ ਹੈ ਕਿ ਉਨ੍ਹਾਂ ਨੇ, ਭਾਵੇਂ ਸਾਹਿਤ ਹੋਵੇ ਤੇ ਭਾਵੇਂ ਫ਼ਿਲਮਾਂ, ਆਪਣਾ ਆਪ ਪੂਰਨ ਤੌਰ ਉਤੇ ਕਲਾ ਨੂੰ ਸਮਰਪਿਤ ਕਰੀ ਰਖਿਆ ਤੇ ਆਮ ਦੁਨੀਆਂ ਨੇ ਭਲਾ ਕਲਾ ਤੋਂ ਕੀ ਲੈਣਾ ਹੁੰਦਾ ਹੈ। ਇਸ ਕਰਕੇ ਦੁਨੀਆਂ ਨਾਲ, ਪਰਿਵਾਰ ਸਮੇਤ ਦੁਨੀਆਂ ਦੇ ਬੰਦਿਆਂ ਨਾਲ ਉਨ੍ਹਾਂ ਦੀ ਵਿੱਥ ਵਧਦੀ ਗਈ। ਜਦੋਂ ਉਹ ਕਹਿੰਦੇ ਹਨ, “ਮੈਂ ਹਰੇ-ਕਚੂਰ ਪੱਤਿਆਂ ਤੇ ਚੰਬੇ ਦੇ ਫੁੱਲਾਂ ਨਾਲ ਗੱਲਾਂ ਕੀਤੀਆਂ ਹਨ ਅਤੇ ਉਨ੍ਹਾਂ ਨੇ ਮੈਨੂੰ ਉਤਰ ਵੀ ਦਿੱਤੇ ਹਨ” ਜਾਂ “ਮੇਰਾ ਕੁੱਤਾ ਮੈਨੂੰ ਸਮਝਦਾ ਹੈ ਅਤੇ ਮੈਂ ਉਸ ਨੂੰ ਸਮਝਦਾ ਹਾਂ”, ਉਹ ਅਸਲ ਵਿਚ ਮਨੁੱਖਾਂ ਬਾਰੇ ਆਪਣੀ ਉਪਰਾਮਤਾ ਹੀ ਪ੍ਰਗਟ ਕਰ ਰਹੇ ਹੁੰਦੇ ਹਨ। ਇਸ ਹਾਲਤ ਵਿਚ ਉਨ੍ਹਾਂ ਦਾ ਵਿਸ਼ਵਾਸਾਂ ਤੋਂ, ਆਸਾਂ-ਨਿਰਾਸਾਂ ਤੋਂ ਉਚਾ ਉਠ ਖਲੋਣਾ ਕੁਦਰਤੀ ਸੀ। ਹੁਣ ਮਨ ਵਿਚ ਨਾ ਕੋਈ ਇੱਛਾ ਰਹੀ, ਨਾ ਲੋਚਾ।
ਉੁਹ ਕਹਿੰਦੇ ਹਨ, “ਬਿਨਾਂ ਕਿਸੇ ਇੱਛਾ ਤੋਂ ਮੇਰੀ ਇਕੋ ਇੱਛਾ ਹੈ, ਮੈਂ ਲਿਖੀ ਜਾਵਾਂ, ਪੈਸੇ ਲਈ ਨਹੀਂ, ਪ੍ਰਕਾਸ਼ਕ ਲਈ ਨਹੀਂ, ਬੱਸ ਲਿਖਣ ਲਈ।æææਬਿਨਾਂ ਕਿਸੇ ਲੋਚਾ ਤੋਂ ਮੇਰੀ ਇਕੋ ਲੋਚਾ ਹੈ, ਇਕ ਸਾਦੇ ਮਨੁੱਖ ਵਜੋਂ ਜਿਊਣਾ!æææਇੱਛਾਵਾਂ ਤੋਂ ਮੁਕਤ ਹੋ ਕੇ ਉਸ ਅਵਸਥਾ ਵਿਚ ਪਹੁੰਚਣ ਦੀ ਇੱਛਾ ਹੈ, ਜਿਸ ਨੂੰ ਸਹਿਜ-ਅਵਸਥਾ ਕਿਹਾ ਜਾਂਦਾ ਹੈ ਅਤੇ ਜੋ ਗਿਆਨ ਉਪਰੰਤ ਵਾਪਰਦੀ ਹੈ।æææਪਰ ਗਿਆਨ ਮੇਰੇ ਪੱਲੇ ਹੈ ਨਹੀਂ!”
ਉਨ੍ਹਾਂ ਦਾ ‘ਪੱਲੇ ਗਿਆਨ ਨਾ ਹੋਣ’ ਦਾ ਅਹਿਸਾਸ ਹਰ ਉਸ ਹੁਸ਼ਿਆਰ ਵਿਦਿਆਰਥੀ ਵਰਗਾ ਹੈ ਜੋ ਇਮਤਿਹਾਨ ਤੋਂ ਪਹਿਲਾਂ ਪਰੇਸ਼ਾਨ ਹੁੰਦਾ ਰਹਿੰਦਾ ਹੈ ਕਿ ਉਹਨੂੰ ਕੁਝ ਵੀ ਨਹੀਂ ਆਉਂਦਾ। ਤੇ ਉਹ ਹਰ ਹੁਸ਼ਿਆਰ ਵਿਦਿਆਰਥੀ ਵਾਂਗ ਗਿਆਨ ਪੱਲੇ ਨਾ ਹੋਣ ਦੇ ਭਰਮ ਦੇ ਬਾਵਜੂਦ ਕਲਾ ਦੇ ਖੇਤਰ ਦੇ ਨਿਰਵਿਵਾਦ ਵਿਜਈ ਬਣੇ। ਉਨ੍ਹਾਂ ਨੂੰ 11 ਨਵੰਬਰ 1984 ਨੂੰ ਸਾਥੋਂ ਵਿਛੜਿਆਂ ਲਗਭਗ ਇਕ-ਤਿਹਾਈ ਸਦੀ ਹੋਣ ਲੱਗੀ ਹੈ। ਉਮਰ ਜਾਂ ਬੀਮਾਰੀ ਕਰਕੇ ਸਰਗਰਮ ਕਲਮਕਾਰੀ ਨਾਲੋਂ ਟੁੱਟੇ ਲੇਖਕਾਂ ਨੂੰ ਜਿਉਂਦੇ-ਜੀਅ ਵਿਸਾਰ ਦੇਣ ਵਾਲੀ ਇਸ ਦੁਨੀਆਂ ਵਿਚ ਬੇਦੀ ਜੀ ਦਾ ਅਤੇ ਉਨ੍ਹਾਂ ਦੀ ਕਹਾਣੀ ਦਾ ਸਾਡੇ ਦਿਲਾਂ ਵਿਚ ਜੀਵਤ ਰਹਿਣਾ ਉਨ੍ਹਾਂ ਦੀ ਸ਼ਖ਼ਸੀਅਤ ਦੀ ਮਿਕਨਾਤੀਸੀ ਖਿੱਚ ਦਾ, ਤੇ ਉਨ੍ਹਾਂ ਦੀ ਕਹਾਣੀ ਦੇ ਦਮ ਦਾ ਸਬੂਤ ਹੈ, ਜਿਨ੍ਹਾਂ ਅਜੇ ਹੋਰ ਲੰਮੇ ਸਮੇਂ ਤੱਕ ਫਿੱਕੇ ਨਹੀਂ ਪੈਣਾ। ਇਸ ਕਾਲਜੀਵੀ ਕਲਾਜੀਵੀ ਨੂੰ ਸਲਾਮ!
(ਇਸ ਲੇਖ ਵਿਚ ਸ਼ਾਮਲ ਬੇਦੀ ਜੀ ਦੀਆਂ ਕੁਝ ਨਿੱਜੀ ਤੇ ਪਰਿਵਾਰਕ ‘ਅੰਦਰਲੀਆਂ’ ਗੱਲਾਂ ਲਈ, ਜੋ ਹੋਰ ਕਿਤੇ ਲਿਖਣ ਵਿਚ ਨਹੀਂ ਆਈਆਂ, ਲੇਖਕ ਉਨ੍ਹਾਂ ਦੀ ਭਾਣਜ-ਨੂੰਹ ਸ੍ਰੀਮਤੀ ਇੰਦਰਜੀਤ ਦਾ ਰਿਣੀ ਹੈ।)