ਗੁਲਜ਼ਾਰ ਸੰਧੂ
ਖੁਸ਼ਵੰਤ ਸਿੰਘ ਨੂੰ ਆਪਣੇ ਜੀਵਨ ਵਿਚ ਨਵੀਂ ਦਿੱਲੀ ਤੋਂ ਬਾਹਰ ਦੋ ਥਾਂਵਾਂ ਬਹੁਤ ਪਸੰਦ ਸਨ। ਆਪਣਾ ਜਨਮ ਸਥਾਨ ਹਡਾਲੀ (ਪਾਕਿਸਤਾਨ) ਤੇ ਹਿਮਾਲਾ ਪਰਬੱਤ ਦੀ ਬੁੱਕਲ ਵਿਚ ਬੈਠੀ ਕਸੌਲੀ। ਇਹੋ ਕਾਰਨ ਹੈ ਕਿ ਇਸ ਵਾਰ ਦਾ ਚੌਥਾ ਖੁਸ਼ਵੰਤ ਸਿੰਘ ਸਾਹਿਤ ਸਮਾਗਮ ਵੀ ਕਸੌਲੀ ਵਿਚ ਹੀ ਕੀਤਾ ਗਿਆ। ਇਹ ਸਮਾਗਮ ਖੁਸ਼ਵੰਤ ਸਿੰਘ ਦੇ ਸਮਿਆਂ (100 ਸਾਲ) ਨੂੰ ਸਮਰਪਿਤ ਸੀ।
ਇਹ ਤਿੰਨ ਰੋਜ਼ਾ (9-11 ਅਕਤੂਬਰ) ਸਮਾਗਮ ਭਾਰਤ-ਪਾਕਿ ਸਦਭਾਵਨਾ ਤੇ ਖੁਸ਼ਵੰਤ ਸਿੰਘ ਦੇ ਮਨਭਾਉਂਦੇ ਸ਼ੌਕ ‘ਤੇ ਝਾਤ ਪਵਾਉਣ ਵਿਚ ਸਫਲ ਰਿਹਾ। ਉਦਘਾਟਨੀ ਸੈਸ਼ਨ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ, ਆਬਿਦਾ, ਹੁਸੈਨ, ਅਮਰੀਕਾ ਸਈਅਦ, ਗੋਬਿੰਦ ਨਿਹਲਾਨੀ, ਸਈਅਦ ਹਮੀਦ ਤੇ ਅਦਾਕਾਰ ਓਮ ਪੁਰੀ ਨੇ ਖੁਸ਼ਵੰਤ ਸਿੰਘ ਦੇ ਸਦਾ ਖੁਸ਼ ਰਹਿਣੇ ‘ਤੇ ਸਦਾ ਚਾਹੇ ਜਾਣ ਵਾਲੇ ਸੁਭਾਅ ‘ਤੇ ਚਾਨਣਾ ਪਾਇਆ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਪਾਕਿਸਤਾਨ ਸ਼ਾਖਾ ਦੀ ਮੈਨੇਜਿੰਗ ਡਾਇਰੈਕਟਰ ਅਮੀਨਾ ਸਈਅਦ ਦੇ ਸ਼ਬਦਾਂ ਵਿਚ ਖੁਸ਼ਵੰਤ ਸਿੰਘ ਸਦਭਾਵਨਾ ਲਈ ਤਰਸਦੇ ਹਰ ਵਿਅਕਤੀ ਤੇ ਪਾਠਕ ਦਾ ਮਾਰਗ ਦਰਸ਼ਕ ਸੀ। ਉਸ ਦੀ ਪ੍ਰਸਿੱਧ ਰਚਨਾ Ḕਪਾਕਿਸਤਾਨ ਮੇਲ’ ਦੋਵਾਂ ਦੇਸ਼ਾਂ ਵਿਚਲੀਆਂ ਤ੍ਰੇੜਾਂ ਦੇ ਪਾੜੇ ਪੂਰਨ ਵਾਲੀ ਹੈ।
ਫਾਰੂਖ ਅਬਦੁਲਾ ਨੇ ਉਸ ਨੂੰ ਲੋਕਪ੍ਰਿਅਤਾ ਦਾ ਥੰਮ ਕਹਿ ਕੇ ਉਸ ਦੀ ਖੁਣਸ ਭਾਵਨਾ ਨੂੰ ਮਾਂ ਦੀਆਂ ਝਿੜਕਾਂ ਵਾਲੀ ਮਲ੍ਹਮ ਕਿਹਾ। ਪਾਕਿਸਤਾਨ ਦੀ ਪਹਿਲੀ ਮਹਿਲਾ ਵਿਧਾਇਕ ਸਈਅਦਾ ਹਮੀਦ ਨੇ ਉਸ ਨੂੰ ਹਾਸੇ-ਠੱਠੇ ਤੇ ਮਾਨਵਤਾ ਦਾ ਪਹਿਰੇਦਾਰ ਗਰਦਾਨਿਆ। ਇਹ ਵੀ ਕਿ ਉਸ ਵਿਚ ਮਿਲਣ ਵਾਲਿਆਂ ਦੇ ਗੁਣ ਪਛਾਣਨ ਦੀ ਏਨੀ ਸ਼ਕਤੀ ਸੀ ਕਿ ਹਰ ਕਿਸੇ ਦਾ ਰਾਹ ਦਿਸੇਰਾ ਸੀ। ਉਸ ਨੇ ਸਈਅਦਾ ਨੂੰ ਆਪਣੀ ਪਹਿਲੀ ਪੁਸਤਕ ਲਿਖਣ ਲਈ ਪ੍ਰੇਰਿਆ।
ਦੂਜੇ ਦਿਨ ਦੇ ਸਾਰੇ ਸੈਸ਼ਨ ਭਾਰਤ-ਪਾਕਿ ਸਬੰਧਾਂ ਤੇ ਹਿਮਾਲਿਆ ਪਰਬਤ ਦੀ ਖੂਬਸੂਰਤੀ ਨੂੰ ਪ੍ਰਣਾਏ ਹੋਏ ਸਨ। ਇਸ ਵਿਚਾਰ-ਵਟਾਂਦਰੇ ਵਿਚ ਬੀ ਐਨ ਗੋਸਵਾਮੀ, ਫਾਰੂਖ ਅਬਦੁਲਾ, ਫ਼ਕੀਰ ਅਜ਼ੀਜ਼-ਉਦ-ਦੀਨ, ਬੌਬੀ ਬੇਦੀ, ਗੋਬਿੰਦ ਨਿਹਲਾਨੀ, ਸਲਮਾਨ ਖੁਰਸ਼ੀਦ, ਕੂਮੀ ਕਪੂਰ, ਕਬੀਰ ਬੇਦੀ, ਆਬਿਦੀ ਹੁਸੈਨ ਤੇ ਪਾਕਿਸਤਾਨ ਦਾ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਨੇ ਹਿੱਸਾ ਲਿਆ। ਇਹ ਗੱਲ ਖੁੱਲ੍ਹ ਕੇ ਉਭਰੀ ਕਿ ਖੁਸ਼ਵੰਤ ਸਿੰਘ ਨੂੰ ਹਿਮਾਲਾ ਪਰਬਤ ਦੇ ਸਿਹਤਮੰਦ ਟਿਕਾਣੇ, ਖਾਸ ਕਰਕੇ ਕਸੌਲੀ ਤੇ ਸ਼ਿਮਲਾ ਬਹੁਤ ਪਸੰਦ ਸਨ। ਇਹ ਵੀ ਕਿ ਪਾਕਿਸਤਾਨ ਦਾ ਜੰਮਿਆ ਜਾਇਆ ਹੋਣ ਕਾਰਨ ਉਹ ਸਦਾ ਪਾਕਿਸਤਾਨ ਦੀ ਬਿਹਤਰੀ ਚਾਹੁੰਦਾ ਰਿਹਾ। ਉਹ ਹਰ ਹੀਲੇ ਭਾਰਤ-ਪਾਕਿ ਸਬੰਧਾਂ ਨੂੰ ਬਣਾਈ ਰੱਖਣ ਦੇ ਹੱਕ ਵਿਚ ਸੀ।
ਸਮਾਗਮ ਦਾ ਆਖਰੀ ਦਿਨ ਖੁਸ਼ਵੰਤ ਸਿੰਘ ਦੇ ਸੌ ਸਾਲਾਂ ਨੂੰ ਵਿਦਾ ਕਰਨ ਦਾ ਸੀ। ਉਸ ਦੀਆਂ ਬੇਅੰਤ ਲਿਖਤਾਂ ਅਤੇ ਯੋਜਨਾ, ਇਲਸਟ੍ਰੇਟਿਡ ਵੀਕਲੀ ਤੇ ਹਿੰਦੁਸਤਾਨ ਟਾਈਮਜ਼ ਦੇ ਕੜਾਕੇਦਾਰ ਸੰਪਾਦਨ ਨੂੰ ਚੇਤੇ ਕਰਨ ਦਾ। ਬੁਲਾਰਿਆਂ ਨੇ ਇਹ ਗੱਲ ਦੋਹਰਾਈ ਕਿ ਉਹ ਨਿਰਾ ਦਾਸਤਾਨ ਗੋਈ ਦਾ ਹੀ ਮਾਹਿਰ ਨਹੀਂ ਸੀ। ਉਸ ਦੀ ਦਾਸਤਾਨ ਗੋਈ ਵਿਚ ਇਤਿਹਾਸ ਗੁਨ੍ਹਿਆ ਮਿਲਦਾ ਹੈ। ਇਸ ਚਰਚਾ ਦਾ ਤੋੜਾ ਇਹ ਸੀ ਕਿ ਖੁਸ਼ਵੰਤ ਸਿੰਘ ਆਪਣੇ ਤੋਂ ਪੰਜਾਹ ਸਾਲ ਵੱਡੇ ਰੁਡੀਆਰਡ ਕਿਪਲਿੰਗ ਦਾ ਸਾਨੀ ਸੀ। ਜੇ 2015 ਦਾ ਵਰ੍ਹਾ ਖੁਸ਼ਵੰਤ ਸਿੰਘ ਦੇ ਸੌ ਸਾਲਾਂ ਨੂੰ ਸਮਰਪਿਤ ਸੀ ਤਾਂ ਉਸ ਤੋਂ ਪੰਜਾਹ ਸਾਲ ਵੱਡਾ ਕਿਪਲਿੰਗ ਵੀ ਚੇਤੇ ਕੀਤੇ ਜਾਣ ਦਾ ਹੱਕ ਰੱਖਦਾ ਸੀ। ਕਿਪਲਿੰਗ ਨੂੰ ਭਾਰਤੀ ਸੱਭਿਆਚਾਰ ਤੇ ਇਤਿਹਾਸ ਏਨਾ ਪ੍ਰਭਾਵਿਤ ਕਰਦਾ ਸੀ ਕਿ ਉਸ ਦੀਆਂ ਸਾਰੀਆਂ ਲਿਖਤਾਂ ਇਸ ਦੀ ਗਵਾਹੀ ਭਰਦੀਆਂ ਹਨ।
ਖੁਸ਼ਵੰਤ ਸਿੰਘ ਸਮਾਗਮ ਕਸੌਲੀ ਕਲੱਬ ਵਿਚ ਹੋਇਆ। ਹਾਜ਼ਰ ਬੁਲਾਰਿਆਂ ਤੇ ਸਰੋਤਿਆਂ ਦੀ ਗਿਣਤੀ ਏਨੀ ਸੀ, ਖ਼ਾਸ ਕਰਕੇ ਚੀਰੇ-ਬੂਟੀ ਵਾਲੀਆਂ ਪੋਠੋਹਾਰੀ ਪੱਗਾਂ ਦੀ, ਕਿ ਕਸੌਲੀ ਪੋਠੋਹਾਰ ਬਣੀ ਪਈ ਸੀ। ਇਹ ਉਹ ਥਾਂ ਸੀ ਜਿਥੇ ਕੋਈ ਬੰਦ ਜੁੱਤੀ ਜਾਂ ਕਾਲਰ ਬਾਹਰੀ ਕਮੀਜ਼ ਨਾਲ ਪ੍ਰਵੇਸ਼ ਨਹੀਂ ਸੀ ਕਰ ਸਕਦਾ। ਜੇ ਖੁਸ਼ਵੰਤ ਸਿੰਘ ਜਿਊਂਦਾ ਹੁੰਦਾ ਤਾਂ ਉਹ ਵੀ ਨਹੀਂ। ਖੁਸ਼ਵੰਤ ਸਿੰਘ ਦਾ ਬੇਟਾ ਰਾਹੁਲ, ਧੀ ਮਾਲਾ ਤੇ ਬੇਟੇ ਦੀ ਦੋਸਤ ਨੀਲੋਫਰ ਆਉਣ ਵਾਲਿਆਂ ਦੀ ਦੇਖ ਰੇਖ ਵਿਚ ਖੂਬ ਰੁੱਝੇ ਹੋਏ ਸਨ।
ਮਾਲਾ ਨੂੰ ਵੇਖ ਕੇ ਮੈਨੂੰ ਪੰਜਾਹ ਸਾਲ ਪੁਰਾਣੀ ਇੱਕ ਘਟਨਾ ਚੇਤੇ ਆ ਗਈ। ਨਵੀਂ ਦਿੱਲੀ ਦੇ ਇਕ ਹੋਟਲ ਵਿਚ ਲੋਕ ਸਭਾ ਦੇ ਉਸ ਵੇਲੇ ਦੇ ਸਪੀਕਰ ਹੁਕਮ ਸਿੰਘ ਨੇ ਮਾਲਾ ਦੀ ਗੁਰੂ ਨਾਨਕ ਬਾਰੇ ਲਿਖੀ ਹੋਈ ਪੁਸਤਕ ਰਿਲੀਜ਼ ਕੀਤੀ ਸੀ। ਉਸ ਨੇ ਮਾਲਾ ਨੂੰ ਪਿਤਾ ਦੇ ਪੈਰ ਚਿੰਨ੍ਹਾਂ ‘ਤੇ ਤੁਰਨ ਦੀ ਵਧਾਈ ਦਿੱਤੀ ਤਾਂ ਨਾਲ ਇਹ ਵੀ ਕਿਹਾ ਕਿ ਉਹ ਆਪਣੇ ਵਸਤਰਾਂ ਦਾ ਧਿਆਨ ਰੱਖੇ। ਕਿਧਰੇ ਪਿਤਾ ਵਾਂਗ ਹੀ ਰੋਲੀ ਭੋਲੀ ਨਾ ਬਣੀ ਰਹੇ। ਮੈਨੂੰ ਚੇਤੇ ਹੈ ਕਿ ਇਸ ਮੌਕੇ ਢਿੱਲਮ-ਢਿੱਲੀ ਬੁਸ਼ਰਟ ਰੱਖਣ ਵਾਲਾ ਖੁਸ਼ਵੰਤ ਸਿੰਘ ਕੰਧ ਨਾਲ ਢੋਅ ਲਾ ਕੇ ਖੜ੍ਹਾ ਮੁਸਕਰਾਉਂਦਾ ਰਿਹਾ ਸੀ। ਉਸ ਦੀ ਇਹ ਮੁਸਕਰਾਹਟ ਉਸ ਦੇ ਤੁਰ ਜਾਣ ਤੋਂ ਪਿਛੋਂ ਵੀ ਕਾਇਮ ਹੈ। ਉਸ ਦੀਆਂ ਲਿਖਤਾਂ ਤੇ ਕਸੌਲੀ ਦੀਆਂ ਹਵਾਵਾਂ ਵਿਚ। ਪ੍ਰਬੰਧਕਾਂ ਨੂੰ ਸਮਾਗਮ ਦੀ ਸਫਲਤਾ ਮੁਬਾਰਕ।
ਅੰਤਿਕਾ: ਕਤੀਲ ਸ਼ਫਾਈ
ਤੁਮਹਾਰੀ ਬੇਰੁਖੀ ਨੇ ਲਾਜ ਰਖ ਲੀ ਬਾਦਾ ਖਾਨੇ ਕੀ
ਤੁਮ ਆਖੋਂ ਸੇ ਪਿਲਾ ਦੇਤੇ ਤੋ ਪੈਮਾਨੇ ਕਹਾ ਜਾਤੇ।