‘ਸ਼ਰਾਫਤ ਕਿ ਡਰ’ ਵਿਚ ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਮਨੁੱਖੀ ਫਿਤਰਤ ਬਿਆਨ ਕੀਤੀ ਹੈ। ਮਨੁੱਖ ਦੇ ਮਨੁੱਖ ਬਣੇ ਰਹਿਣ ਜਾਂ ਹੈਵਾਨ ਬਣਨ ਵਿਚਕਾਰ ਮਹੀਨ ਜਿਹਾ ਪਰਦਾ ਹੁੰਦਾ ਹੈ। ਮਨੁੱਖੀ ਫਿਤਰਤ ਦੀ ਇਹ ਕਥਾ ਹਰਪ੍ਰੀਤ ਨੇ ਬੜੇ ਜ਼ਬਤ ਨਾਲ ਸੁਣਾਈ ਹੈ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ।
ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਇਨ੍ਹਾਂ ਕਹਾਣੀਆਂ ਵਿਚ ਕੈਨੇਡੀਅਨ ਸਮਾਜ ਅੰਦਰ ਜੂਝ ਰਹੇ ਜਿਉੜਿਆਂ ਦਾ ਜ਼ਿਕਰ ਹੈ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ
ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
ਸਵੇਰ ਦੇ ਸਵਾ ਕੁ ਚਾਰ ਵੱਜੇ ਸਨ। ਅਗਸਤ ਦਾ ਅਖੀਰਲਾ ਪੱਖ ਸੀ। ਪਹੁ-ਫੁਟਾਲਾ ਹੋਣ ‘ਚ ਹਾਲੇ ਘੰਟਾ ਕੁ ਰਹਿੰਦਾ ਸੀ। ਉਸ ਦੇ ਚਿੱਟਾ ਟੈਂਕ ਟੌਪ ਅਤੇ ਜੀਨ ਦੀ ਨਿੱਕਰ ਪਾਈ ਹੋਈ ਸੀ ਜਿਸ ਦੇ ਪਾਉਂਚੇ ਉਧੜੇ ਹੋਏ ਸਨ। ਉਸ ਨੇ ਨਾਲ ਖੜ੍ਹੇ ਅਧੇੜ ਉਮਰ ਦੇ ਬਦਮਾਸ਼ ਲੱਗਦੇ ਬੰਦੇ ਦੇ ਮੋਢੇ ਦਾ ਸਹਾਰਾ ਲਿਆ ਹੋਇਆ ਸੀ। ਆਪ ਉਹ ਛਮਕ ਜਿਹੀ ਮੁਟਿਆਰ ਸੀ। ਐਡਮੰਡਸ ਸਟਰੀਟ ‘ਤੇ ਚੱਲ ਰਹੇ ਨਾਜਾਇਜ਼ ਪਾਰਟੀ ਹਾਊਸ ਦੇ ਮੂਹਰੇ ਟੈਕਸੀ ਰੋਕਦਿਆਂ ਹੀ ਟੈਕਸੀ ਦਾ ਮੂਹਰਲਾ ਦਰਵਾਜ਼ਾ ਖੋਲ੍ਹ ਕੇ, ਉਸ ਬੰਦੇ ਨੇ ਖਰ੍ਹਵੀਂ ਆਵਾਜ਼ ਵਿਚ ਕਿਹਾ, “ਇਹਨੂੰ ਠੀਕ-ਠਾਕ ਇਸ ਦੇ ਟਿਕਾਣੇ ‘ਤੇ ਲੈ ਕੇ ਜਾਵੀਂ।”
ਮੈਨੂੰ ਉਸ ਦਾ ਇਸ ਤਰ੍ਹਾਂ ਆਖਣਾ ਚੁਭਿਆ। ਚਿੱਤ ‘ਚ ਆਈ ਕਿ ਆਖਾਂ, ਅਸੀਂ ਟੈਕਸੀਆਂ ‘ਕੱਲੀਆਂ-ਕਾਰੀਆਂ ਜਨਾਨੀਆਂ ਦੇਖ ਕੇ ਰੇਪ ਕਰਨ ਲਈ ਨਹੀਂ ਚਲਾਉਂਦੇ; ਪਰ ਮੈਂ ਉਸ ਬੰਦੇ ਦੀ ਦਿੱਖ ਵੇਖ ਕੇ ਕੌੜਾ ਘੁੱਟ ਲੰਘਾ ਲਿਆ। ਕੁੜੀ ਨੇ ਮੇਰੇ ਨਾਲ ਵਾਲੀ ਸੀਟ ‘ਤੇ ਬੈਠਦਿਆਂ ਹੀ ਕਿਹਾ, “ਮੌਸਕਰੌਪ ਤੇ ਸਮਿੱਥ।” ਉਸ ਦੀ ਆਵਾਜ਼ ਤੋਂ ਲੱਗਾ ਕਿ ਉਹ ਸ਼ਰਾਬਣ ਸੀ। ਉਸ ਬੰਦੇ ਨੇ ਟੈਕਸੀ ਦਾ ਦਰਵਾਜ਼ਾ ਬੰਦ ਕਰ ਕੇ ਮੇਰੇ ਵੱਲ ਵੇਖਿਆ, ਜਿਵੇਂ ਮੈਨੂੰ ਯਾਦ ਕਰਾ ਰਿਹਾ ਹੋਵੇ। ਟੈਕਸੀ ਤੋਰ ਕੇ ਮੈਂ ਉਸ ਪਾਸੇ ਬੰਦੇ ਵੱਲ ਵੇਖਿਆ, ਉਹ ਪਾਰਟੀ ਹਾਊਸ ਵੱਲ ਜਾ ਰਿਹਾ ਸੀ। ਕੁੜੀ ਨੇ ਸੀਟ ‘ਤੇ ਢੋਅ ਲਾ ਕੇ ਅੱਖਾਂ ਮੀਚ ਲਈਆਂ। ਮੈਂ ਸ਼ੁਕਰ ਕੀਤਾ ਕਿ ਉਹ ਆਰਾਮ ਕਰਨਾ ਚਾਹੁੰਦੀ ਸੀ, ਨਹੀਂ ਤਾਂ ਪਾਰਟੀਆਂ ‘ਚੋਂ ਸ਼ਰਾਬੀ ਹੋ ਕੇ ਨਿਕਲੀਆਂ ਸਵਾਰੀਆਂ ਰੇਡੀਓ ‘ਤੇ ਉਚੀ ਆਵਾਜ਼ ਵਿਚ ਸੰਗੀਤ ਸੁਣਨ ਦੀ ਫਰਮਾਇਸ਼ ਕਰ ਦਿੰਦੀਆਂ ਹਨ, ਜਿਸ ਨੂੰ ਸੁਣ ਕੇ ਚਿੱਤ ਕਾਹਲਾ ਪੈਣ ਲੱਗ ਜਾਂਦਾ।
ਚਿੱਤ ਵਿਚ ਆਈ, ਕੈਸੇ ਕੁੱਤੇ ਕੰਮ ‘ਚ ਫਸ ਗਿਆ ਹਾਂ, ਅਗਲਾ ਮਿੰਟ ‘ਚ ਬੇਇਜ਼ਤੀ ਕਰ ਜਾਂਦੈ। ਆਪਣੀਆਂ ਸੋਚਾਂ ਵਿਚ ਟੈਕਸੀ ਚਲਾਉਂਦਾ ਟਿਕਾਣੇ ਵੱਲ ਵਧਣ ਲੱਗਾ। ਕਦੇ ਕਦੇ ਮੈਂ ਕੁੜੀ ਵੱਲ ਵੀ ਨਿਗ੍ਹਾ ਮਾਰ ਲੈਂਦਾ, ਇਹ ਪਤਾ ਕਰਨ ਲਈ ਕਿ ਉਹ ਸ਼ਰਾਬਣ ਸੀ ਜਾਂ ਉਨੀਂਦਰੀ। ਚਿੱਤ ‘ਚ ਇਹ ਵੀ ਡਰ ਉਪਜਿਆ ਕਿ ਜੇ ਸ਼ਰਾਬਣ ਹੋਈ ਤਾਂ ਕਿਰਾਏ ਜੋਗੇ ਪੈਸੇ ਵੀ ਹੋਣਗੇ ਓਹਦੇ ਕੋਲ ਕਿ ਅੱਜ ਦੀ ‘ਬੋਹਣੀ’ ਹੀ ਮਾੜੀ ਹੋਣੀ ਹੈ।
‘ਮੌਸਕਰੌਪ ਤੇ ਸਮਿੱਥ’ ਦੇ ਚੁਰਾਹੇ ਕੋਲ ਪਹੁੰਚ ਕੇ ਮੈਂ ਪੂਰਾ ਪਤਾ ਜਾਨਣ ਲਈ ਉੱਚੀ ਆਵਾਜ਼ ਵਿਚ “ਹੈਲੋ” ਕਿਹਾ, ਪਰ ਕੁੜੀ ‘ਤੇ ਕੋਈ ਅਸਰ ਨਾ ਹੋਇਆ। ਮੈਂ ਫਿਰ ਉਚੀ ਆਵਾਜ਼ ਵਿਚ ਕਿਹਾ ਕਿ ਅਸੀਂ ‘ਮੌਸਕਰੌਪ ਤੇ ਸਮਿੱਥ’ ਦੇ ਚੁਰਾਹੇ ‘ਤੇ ਪਹੁੰਚ ਗਏ ਹਾਂ। ਕੁੜੀ ਟੱਸ ਤੋਂ ਮੱਸ ਨਾ ਹੋਈ। ‘ਕਸੂਤੇ ਈ ਫਸ’ਗੇ ਅੱਜ ਤਾਂ’, ਮੈਂ ਸੋਚਿਆ। ਇਸ ਸੋਚ ਨਾਲ ਮੇਰਾ ਚਿੱਤ ਕਾਹਲਾ ਪੈਣ ਲੱਗਾ। ਮੈਂ ਕਾਰ ਤੋਰ ਕੇ ਜ਼ੋਰ ਨਾਲ ਬ੍ਰੇਕ ਮਾਰੇ। ਕਾਰ ਹੁਝਕੇ ਨਾਲ ਰੁਕੀ। ਕੁੜੀ ਥੋੜ੍ਹਾ ਜਿਹਾ ਬਾਰੀ ਵੱਲ ਲੁੜ੍ਹਕ ਗਈ।
‘ਮਾਰੇ ਗਏ, ਕਿਤੇ ਮਰ-ਮੁਰ ਈ ਨਾ ਗਈ ਹੋਵੇ’, ਮੇਰਾ ਅੰਦਰ ਡਰ ਨਾਲ ਕੰਬ ਗਿਆ। ਮੈਂ ਛੇਤੀ ਛੇਤੀ ਆਪਣਾ ਹੱਥ ਕੁੜੀ ਦੇ ਨੱਕ ਮੂਹਰੇ ਕੀਤਾ। ਉਸ ਦਾ ਨੱਕ ਤਾਂ ਇੰਜਣ ਵਾਂਗ ਸ਼ੂਕ ਰਿਹਾ ਸੀ। ਮੇਰਾ ਚਿੱਤ ਥੋੜ੍ਹਾ ਜਿਹਾ ਟਿਕਾਣੇ ਸਿਰ ਹੋ ਗਿਆ। ਜੀਅ ਕੀਤਾ ਕਿ ਮੋਢੇ ਤੋਂ ਫੜ ਕੇ ਝੰਜੋੜਾਂ, ਪਰ ਹਿੰਮਤ ਨਾ ਪਈ। ਹਾਰ ਕੇ ਹਾਲਾਤ ਬਾਰੇ ਡਿਸਪੈਚਰ ਨੂੰ ਦੱਸਿਆ। ਉਸ ਨੇ ਸਲਾਹ ਦਿੱਤੀ ਕਿ ਕੁੜੀ ਨੂੰ ਮੋਢੇ ਤੋਂ ਫੜ ਕੇ ਹਿਲਾਵਾਂ। ਮੈਂ ਜਵਾਬ ਦਿੰਦਿਆਂ ਆਪਣਾ ਖਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਕੁੜੀ ਹੋਸ਼ ਵਿਚ ਆ ਕੇ ਉਸ ਨੂੰ ਹੱਥ ਲਾਉਣਾ ਪਸੰਦ ਨਾ ਕਰੇ, ਇਸ ਲਈ ਮੈਂ ਕਿਸੇ ਸੰਭਾਵੀ ਖਤਰੇ ਨੂੰ ਮੁੱਲ ਨਹੀਂ ਲੈਣਾ ਚਾਹੁੰਦਾ। ਡਿਸਪੈਚਰ ਨੇ ਮੇਰੀ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਸਲਾਹ ਦਿੱਤੀ ਕਿ ਮੈਂ ਉਸ ਚੁਰਾਹੇ ਵਿਚ ਐਮਰਜੈਂਸੀ ਬੱਤੀਆਂ ਚਲਾ ਕੇ ਕਾਰ ਪਾਰਕ ਕਰ ਦੇਵਾਂ ਅਤੇ ਉਹ ਐਂਬੂਲੈਂਸ ਉਸ ਥਾਂ ਭੇਜ ਦੇਵੇਗਾ।
ਕਾਰ ਪਾਰਕ ਕਰ ਕੇ ਮੈਂ ਐਂਬੂਲੈਂਸ ਦੀ ਉਡੀਕ ਕਰਨ ਲੱਗਾ। ਮੇਰਾ ਧਿਆਨ ਕੁੜੀ ਦੇ ਉਚੇ ਉਠੇ ਟੈਂਕ ਟਾਪ ਵਿਚੋਂ ਝਾਕ ਰਹੇ ਅੰਗਾਂ ‘ਤੇ ਪਿਆ। ਮੇਰਾ ਚੜ੍ਹਦੀ ਜਵਾਨੀ ਵਾਲਾ ਮਨ ਮਚਲਣ ਲੱਗਾ। ਚਿੱਤ ਵਿਚ ਆਈ ਕਿ ਸਿਰਫ ਤਸਵੀਰਾਂ ‘ਚ ਦੇਖੇ ਅੰਗਾਂ ਨੂੰ ਟੋਹ ਕੇ ਤਾਂ ਦੇਖਾਂ! ਇਸ ਨੂੰ ਕਿਹੜਾ ਪਤਾ ਲੱਗਣਾ ਹੈ। ਆਪਣੇ ਇਸ ਵਿਚਾਰ ‘ਤੇ ਮੈਨੂੰ ਆਪਣੇ-ਆਪ ‘ਤੇ ਸ਼ਰਮ ਵੀ ਮਹਿਸੂਸ ਹੋਈ। ਮੈਂ ਆਪਣੀ ਨਿਗ੍ਹਾ ਉਸ ਪਾਸਿਓਂ ਮੋੜ ਲਈ, ਪਰ ਧਿਆਨ ਉਥੇ ਹੀ ਰਿਹਾ। ਮੈਂ ਫਿਰ ਲਲਚਾਈਆਂ ਅੱਖਾਂ ਨਾਲ ਉਧਰ ਟਿਕਟਿਕੀ ਲਾ ਲਈ। ਮੇਰੇ ਚਿੱਤ ‘ਚ ਆਈ ਕਿ ਸਵਾਦ ਲੈ ਹੀ ਲੈਣਾ ਚਾਹੀਦਾ ਹੈ, ਪਰ ਅਗਲੇ ਹੀ ਪਲ ਮੈਨੂੰ ਕੁਝ ਦਿਨ ਵਾਪਰੀ ਘਟਨਾ ਚੇਤੇ ਆ ਗਈ ਅਤੇ ਮੈਂ ਡਰ ਕੇ ਆਪਣਾ ਧਿਆਨ ਪਾਸੇ ਕਰ ਕੇ ਐਂਬੂਲੈਂਸ ਨੂੰ ਉਡੀਕਣ ਲੱਗਾ।
—
ਉਹ ਘਟਨਾ ਇਸ ਤਰ੍ਹਾਂ ਹੋਈ ਕਿ ਕਿਸੇ ਡਰਾਈਵਰ ਨੂੰ ਕੁਝ ਦਿਨ ਪਹਿਲਾਂ ਬੀਅਰ ਦੀ ਡਿਲਵਿਰੀ ਮਿਲੀ। ਜਦ ਉਹ ਬੀਅਰ ਦੇਣ ਉਸ ਅਪਾਰਟਮੈਂਟ ਪਹੁੰਚਿਆ, ਤਾਂ ਔਰਤ ਨਿਰਵਸਤਰ ਖੜ੍ਹੀ ਸੀ। ਡਰਾਈਵਰ ਨੂੰ ਉਸ ਨੇ ਬੀਅਰ ਲਈ ਸਾਥ ਦੇਣ ਦਾ ਸੱਦਾ ਦਿੱਤਾ ਅਤੇ ਫਿਰ ਜਦ ਉਹ ਵਿਹਲਾ ਹੋ ਕੇ ਜਾਣ ਲੱਗਾ ਤਾਂ ਔਰਤ ਨੇ ਉਸ ‘ਤੇ ਰੇਪ ਕਰਨ ਦਾ ਇਲਜ਼ਾਮ ਲਾ ਦਿੱਤਾ ਅਤੇ ਉਹ ਪੁਲਿਸ ਨੂੰ ਸੱਦਣ ਤੇ ਟੈਕਸੀ ਕੰਪਨੀ ਨੂੰ ਦੱਸਣ ਦੀ ਧਮਕੀ ਦੇਣ ਲੱਗੀ। ਬਾਅਦ ਵਿਚ ਉਸ ਡਰਾਈਵਰ ਨੇ ਦੋ ਹਜ਼ਾਰ ਡਾਲਰ ਦੇ ਕੇ ਗੱਲ ਰਫਾ-ਦਫਾ ਕਰਵਾਈ।
—
ਮੈਨੂੰ ਲੱਗਾ ਕਿ ਹੋ ਸਕਦਾ ਹੈ ਕਿ ਇਹ ਕੁੜੀ ਵੀ ਮਚਲੀ ਪਈ ਹੋਵੇ ਅਤੇ ਕੋਈ ਅਜਿਹੀ ਹਰਕਤ ਕਰਦਿਆਂ ਹੀ ਉਹ ਝੱਟ ਅੱਖਾਂ ਖੋਲ੍ਹ ਦੇਵੇਗੀ ਅਤੇ ਉਹੀ ਹਾਲਤ ਮੇਰੀ ਹੋਵੇਗੀ ਜਿਹੜੀ ਉਸ ਡਰਾਈਵਰ ਦੀ ਹੋਈ ਸੀ। ਇਹ ਸੋਚਦਿਆਂ ਮੈਂ ਟੈਕਸੀ ‘ਚੋਂ ਬਾਹਰ ਨਿਕਲ ਕੇ ਖੜ੍ਹ ਗਿਆ। ਪੰਜਾਂ ਮਿੰਟਾਂ ਵਿਚ ਹੀ ਐਂਬੂਲੈਂਸ ਉਥੇ ਆ ਗਈ। ਉਨ੍ਹਾਂ ਨੇ ਕੁੜੀ ਨੂੰ ਹਿਲਾ-ਜੁਲਾ ਕੇ ਜਗਾਇਆ ਅਤੇ ਬਾਹਾਂ ਤੋਂ ਫੜ ਕੇ ਲੜਖੜਾਉਂਦੀ ਨੂੰ ਐਂਬੂਲੈਂਸ ਵਿਚ ਪਾ ਲਿਆ। ਫਿਰ ਕੁੜੀ ਦਾ ਪਰਸ ਫਰੋਲ ਕੇ ਉਨ੍ਹਾਂ ਮੈਨੂੰ ਕਿਰਾਇਆ ਦਿੱਤਾ। ਵਾਪਸ ਮੁੜਦੇ ਹੋਏ ਮੇਰੀ ਸੁਰਤ ‘ਚੋਂ ਕੁੜੀ ਦੇ ਝਾਤੀਆਂ ਮਾਰਦੇ ਅੰਗ ਪਾਸੇ ਨਹੀਂ ਸੀ ਹੋ ਰਹੇ। ਮਨ ਵਿਚ ਪਛਤਾਵਾ ਜਿਹਾ ਵੀ ਸੀ ਕਿ ਉਹ ਤਾਂ ਸੱਚੀਂ ਹੀ ਗੂੜ੍ਹੀ ਨੀਂਦ ਸੁੱਤੀ ਹੋਈ ਸੀ। ਇਨ੍ਹਾਂ ਸੋਚਾਂ ‘ਚ ਹੀ ਮੈਂ ‘ਓਲਡ ਔਰਚਰਡ’ ਸਟੈਂਡ ਉਤੇ ਪਹੁੰਚ ਗਿਆ। ਆਪਣੀ ਕਾਰ ਵਿਚੋਂ ਨਿਕਲ ਕੇ ਮੈਂ ‘ਮਾਸਟਰ’ ਦੀ ਕਾਰ ਵਿਚ ਬੈਠਣ ਲਈ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਉਥੇ ਬੈਠਾ ‘ਬਲੂਅ ਸਿਕਸਟੀਨ’ ਬੋਲਿਆ, “ਓਹ ਲਖਾਰੀਆ, ਐਨੀ ਵੀ ਸ਼ਰਾਫਤ ਨ੍ਹੀਂ ਚੰਗੀ ਹੁੰਦੀ। ਐਹੋ ਜਿਆ ਮੌਕਾ ਵਾਰ ਵਾਰ ਨ੍ਹੀਂ ਆਉਂਦਾ ਹੁੰਦਾ। ਦੋ ਮਿੰਟ ਖੇਡ ਲੈਂਦਾ।”
ਫਿਰ ਉਹ ਮੇਰੀ ਰੀਸ ਲਾਉਂਦਾ ਬੋਲਿਆ, “ਆਈ ਡੋਂਟ ਵਾਂਟ ਟੂ ਟੱਚ ਹਰ।” ਮੈਂ ਇਸੇ ਤਰ੍ਹਾਂ ਹੀ ਡਿਸਪੈਚਰ ਨੂੰ ਕਿਹਾ ਸੀ। ‘ਬਲੂਅ ਸਿਕਸਟੀਨ’ ਤਾੜੀ ਮਾਰ ਕੇ ਹੱਸਿਆ। ਫਿਰ ਬੋਲਿਆ, “ਕੰਜਰ ਦਿਆ, ਓਹਨੂੰ ਛਪਾਕੀ ਨਿਕਲੀ ਸੀ, ਓਏ?”
“ਕਿਉਂ ਐਵੇਂ ਮੁੰਡੇ ਨੂੰ ਮਖੌਲ ਕਰਦੈਂ? ਇਹ ਕਿੱਧਰਲੀ ਬਹਾਦਰੀ ਐ, ਬਈ ਬੇਸੁਰਤ ਜਨਾਨੀ ਦਾ ਫਾਇਦਾ ਉਠਾਓ। ਨਾਲੇ ਇਹ ਭਾਈ ਸਾਹਬ, ਕਿੱਤੇ ਨਾਲ ਵਿਸ਼ਵਾਸਘਾਤ ਐ। ਸਾਡੇ ‘ਤੇ ਵਿਸ਼ਵਾਸ ਕਰ ਕੇ ਹੀ ‘ਕੱਲੀਆਂ ਕਾਰੀਆਂ ਜਨਾਨੀਆਂ ਸਾਡੇ ਨਾਲ ਬਹਿੰਦੀਐਂ।” ਮਾਸਟਰ ਬੋਲਿਆ।
ਮਾਸਟਰ ਦੀ ਇਹ ਗੱਲ ਸੁਣ ਕੇ ਮੈਂ ਅੰਦਰੇ ਅੰਦਰ ਪਾਣੀਓਂ-ਪਾਣੀ ਹੋ ਗਿਆ।
(ਚਲਦਾ)