ਖਾਮੋਸ਼ੀ ਤੋੜਦੀ ਕਥਾ ‘ਕਿੱਸਾ ਪੰਜਾਬ’

ਸਿਮਰਨ ਕੌਰ
ਨੌਜਵਾਨ ਫਿਲਮਸਾਜ਼ ਜਤਿੰਦਰ ਮੌਹਰ ਆਪਣੀ ਨਵੀਂ ਫਿਲਮ Ḕਕਿੱਸਾ ਪੰਜਾਬḔ ਲੈ ਕੇ ਹਾਜ਼ਰ ਹੈ। ਇਹ ਫਿਲਮ ਕੈਨੇਡਾ ਦੇ ਫਿਲਮ ਮੇਲੇ ਵਿਚ ਦਿਖਾਈ ਗਈ ਸੀ ਅਤੇ ਇਸ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਸੀ। ਸਭ ਨੇ ਫਿਲਮ ਦੇ ਛੇ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਸਨ।

ਇਹ ਛੇ ਕਿਰਦਾਰ ਪ੍ਰੀਤ ਭੁੱਲਰ, ਕੁੱਲ ਸਿੱਧੂ, ਧੀਰਜ ਕੁਮਾਰ, ਜਗਜੀਤ ਸੰਧੂ, ਅਮਨ ਧਾਲੀਵਾਲ ਅਤੇ ਹਰਸ਼ਜੋਤ ਕੌਰ ਨੇ ਨਿਭਾਏ ਹਨ। ਸਭ ਦੀ ਅਦਾਕਾਰੀ ਬੜੀ ਸਹਿਜ ਤੇ ਸੁਹਜ ਭਰਪੂਰ ਹੈ, ਇਸੇ ਲਈ ਪ੍ਰਭਾਵਿਤ ਵੀ ਕਰਦੀ ਹੈ। ਸੰਗੀਤ ਅਤੇ ਗੀਤਾਂ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ ਹੈ। ਫਿਲਮ ਵਿਚ ਕੁੱਲ ਚਾਰ ਗੀਤ ਹਨ ਅਤੇ ਸਾਰੇ ਇਕ ਤੋਂ ਇਕ ਵਧ ਕੇ ਹਨ। ਗੁਰਦਾਸ ਮਾਨ ਨੇ ḔਰੋਗḔ, ਨੂਰਾ ਭੈਣਾਂ ਨੇ Ḕਜਿੰਦੇ ਮੇਰੀਏḔ ਅਤੇ ਮੰਨਾ ਮੰਡ ਨੇ ਦੋ ਗੀਤ- ḔਬੋਲੀਆਂḔ ਤੇ ‘ਰੁੱਤ ਪਿਆਰ ਦੀḔ ਗਾਏ ਹਨ; ਪਰ ਸਭ ਤੋਂ ਵੱਧ ਧਿਆਨ ਇਸ ਫਿਲਮ ਦੇ ਵਿਸ਼ੇ ਨੇ ਖਿੱਚਿਆ ਹੈ। ਇਹ ਫਿਲਮ ਨਸ਼ਿਆਂ ਅਤੇ ਬੇਰੁਜ਼ਗਾਰੀ ਕਰ ਕੇ ਨੌਜਵਾਨਾਂ ਦੀ ਹੋ ਰਹੀ ਦੁਰਗਤ ਦੀਆਂ ਬਾਤਾਂ ਪਾਉਂਦੀ ਹੈ। ਫਿਲਮ ਦੇ ਆਰੰਭ ਵਿਚ ਕਹਾਣੀ ਬੜੀ ਉਘੜ-ਦੁਘੜੀ ਲਗਦੀ ਹੈ, ਪਰ ਜਿਉਂ ਜਿਉਂ ਕਹਾਣੀ ਦੀਆਂ ਪਰਤਾਂ ਖੁੱਲ੍ਹਣ ਲਗਦੀਆਂ ਹਨ ਅਤੇ ਪਰਦੇ ਉਤੇ ਕਿਰਦਾਰ ਉਭਰਨੇ ਸ਼ੁਰੂ ਹੁੰਦੇ ਹਨ, ਵੱਖ ਵੱਖ ਕਹਾਣੀਆਂ ਦੀਆਂ ਤੰਦਾਂ ਜੁੜਨ ਲਗਦੀਆਂ ਹਨ। ਇਨ੍ਹਾਂ ਛੇਆਂ ਨੌਜਵਾਨਾਂ ਜਿਨ੍ਹਾਂ ਵਿਚ ਦੋ ਕੁੜੀਆਂ ਅਤੇ ਚਾਰ ਮੁੰਡੇ ਹਨ, ਦੀਆਂ ਕਹਾਣੀਆਂ ਦਰਸ਼ਕ ਦੇ ਜ਼ਿਹਨ ਅੰਦਰ ਬਰਮੇ ਵਾਂਗ ਸੁਰਾਖ ਕਰਦੀਆਂ ਚਲੀਆਂ ਜਾਂਦੀਆਂ ਹਨ।
ਦਰਅਸਲ, ਫਿਲਮ ਦਾ ਡਾਇਰੈਕਟਰ ਜਤਿੰਦਰ ਮੌਹਰ ਜਿਸ ਤਰ੍ਹਾਂ ਦਾ ਸਿਨੇਮਾ ਲੈ ਕੇ ਦਰਸ਼ਕਾਂ ਤੱਕ ਕੋਲ ਪੁੱਜ ਰਿਹਾ ਹੈ, ਉਹ ਅਵਾਮ ਦੇ ਫਿਕਰਾਂ ਦੀ ਗੱਲ ਕਰਦਾ ਹੈ। ਇਸ ਫਿਲਮ ਵਿਚ ਵੀ ਉਸ ਨੇ ਪੰਜਾਬ ਦੇ ਫਿਕਰਾਂ ਦੀ ਗੱਲ ਕੀਤੀ ਹੈ। ਜਤਿੰਦਰ ਮੌਹਰ ਇਸ ਤੋਂ ਪਹਿਲਾਂ ਦੋ ਫਿਲਮਾਂ ḔਮਿੱਟੀḔ ਅਤੇ ḔਸਰਸਾḔ (ਪ੍ਰੋਡਿਊਸਰਾਂ ਦੀ ਮਰਜ਼ੀ ਨਾਲ ਫਿਲਮ ਦਾ ਨਾਂ ḔਸਿਕੰਦਰḔ ਰੱਖ ਦਿੱਤਾ ਗਿਆ ਸੀ ਅਤੇ ਇਸ ਵਿਚ ਕੁਝ ਬੁਨਿਆਦੀ ਤਬਦੀਲੀਆਂ ਵੀ ਕਰ ਦਿੱਤੀਆਂ ਗਈਆਂ ਸਨ) ਬਣਾ ਚੁੱਕਾ ਹੈ। ਇਨ੍ਹਾਂ ਫਿਲਮਾਂ ਵਿਚ ਵੀ ਉਸ ਨੇ ਪੰਜਾਬ ਦੇ ਫਿਕਰ ਸਾਂਝੇ ਕੀਤੇ ਸਨ।
ਫਿਲਮ Ḕਕਿੱਸਾ ਪੰਜਾਬḔ ਅਸਲ ਵਿਚ ਅੱਜ ਦੇ ਪੰਜਾਬ ਦੀ ਹਕੀਕਤ ਬਿਆਨ ਕਰਦੀ ਹੈ। ਫਿਲਮ ਦੇ ਦ੍ਰਿਸ਼ਾਂ ਅਤੇ ਸੰਵਾਦਾਂ ਵਿਚ ਭਰਿਆ ਦਰਦ ਸਹਿਜੇ ਹੀ ਮਹਿਸੂਸ ਹੋ ਜਾਂਦਾ ਹੈ। ਅੱਜ ਕੱਲ੍ਹ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਹਨ, ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਦਰਸ਼ਕਾਂ ਦੀ ਪਸੰਦ-ਨਾਪਸੰਦ ਦਾ ਖਿਆਲ ਜ਼ਰੂਰ ਰੱਖਿਆ ਜਾਵੇ, ਪਰ ਫਿਲਮ Ḕਕਿੱਸਾ ਪੰਜਾਬḔ ਬਣਾਉਣ ਵਾਲਿਆਂ ਦਾ ਮਕਸਦ ਇਹ ਨਹੀਂ ਜਾਪਦਾ। ਉਹ ਦਰਸ਼ਕਾਂ ਤੱਕ ਉਹ ਕੁਝ ਲੈ ਕੇ ਜਾਣਾ ਚਾਹੁੰਦੇ ਹਨ ਜੋ ਉਹ ਦਰਸ਼ਕਾਂ ਨੂੰ ਖੁਦ ਦਿਖਾਉਣਾ ਚਾਹੁੰਦੇ ਹਨ। ਸ਼ਾਇਦ ਇਸੇ ਕਰ ਕੇ ਹੀ ਹਰ ਦਰਸ਼ਕ ਨੇ ਫਿਲਮ ਦੀ ਇੰਨੀ ਪ੍ਰਸ਼ੰਸਾ ਕੀਤੀ ਹੈ।
ਫਿਲਮ ਦੀ ਪ੍ਰੋਡਿਊਸਰ ਅਨੂ ਬੈਂਸ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਉਸ ਪੰਜਾਬ ਦੇ ਦਰਸ਼ਨ ਕਰਵਾਉਣਾ ਚਾਹੁੰਦੇ ਸਨ ਜੋ ਅੱਜ ਵੱਡੇ ਸੰਕਟ ਵਿਚ ਫਸਿਆ ਹੋਇਆ ਹੈ। ਜਤਿੰਦਰ ਮੌਹਰ ਨੇ ਤਾਂ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਅਦਾਕਾਰਾਂ ਲਈ ਲਾਈ ਵਰਕਸ਼ਾਪ ਵਿਚ ਸਪਸ਼ਟ ਕਿਹਾ ਸੀ ਕਿ ਉਸ ਨੂੰ ਫਿਲਮ ਵਿਚ ਅਦਾਕਾਰੀ ਨਹੀਂ ਚਾਹੀਦੀ, ਜ਼ਿੰਦਗੀ ਧੜਕਦੀ ਸੁਣਨੀ ਚਾਹੀਦੀ ਹੈ। ਸੱਚਮੁੱਚ, Ḕਕਿੱਸਾ ਪੰਜਾਬḔ ਵਿਚ ਕਿਰਦਾਰਾਂ ਦੀ ਜ਼ਿੰਦਗੀ ਧੜਕਦੀ ਸੁਣਦੀ ਹੈ ਅਤੇ ਫਿਲਮ ਬਣਾਉਣ ਵਾਲੀ ਟੀਮ ਦੀ ਇਹੀ ਵੱਡੀ ਪ੍ਰਾਪਤੀ ਹੈ। ਜ਼ਿੰਦਗੀ ਦੀ ਇਸ ਧੜਕਣ ਨੂੰ ਪੂਰੇ ਗਹੁ ਨਾਲ ਸੁਣਨਾ ਚਾਹੀਦਾ ਹੈ।