ਸ਼ਰਾਬ ਦੀ ਦਾਅਵਤ

ਦੱਖਣੀ ਅਫਰੀਕਾ ਵਿਚ ਨਸਲਪ੍ਰਸਤੀ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਐਲਨ ਪੈਟਨ (11 ਜਨਵਰੀ 1903-12 ਅਪਰੈਲ 1988) ਦੀ ਕਹਾਣੀ ‘ਸ਼ਰਾਬ ਦੀ ਦਾਅਵਤ’ ਮੁਲਕ ਦੀ ਸਿਆਸਤ ਉਤੇ ਸਿੱਧੀਆਂ ਚੋਟਾਂ ਲਾਉਂਦੀ ਹੈ। ਨਸਲੀ ਵਿਤਕਰਾ ਕਿਸ ਤਰ੍ਹਾਂ ਬੰਦੇ ਦੇ ਦਿਲ-ਦਿਮਾਗ ਉਤੇ ਸੱਟਾਂ ਮਾਰਦਾ ਹੈ, ਇਸ ਕਹਾਣੀ ਵਿਚ ਜ਼ਾਹਿਰ ਹੋ ਜਾਂਦਾ ਹੈ। ਐਲਨ ਪੈਟਨ ਸਿਰਫ ਲੇਖਕ ਹੀ ਨਹੀਂ ਸੀ, ਸਿਰਕੱਢ ਸਿਆਸੀ ਆਗੂ ਵੀ ਸੀ। ਉਹਨੇ 1953 ਵਿਚ ਲਿਬਰਲ ਪਾਰਟੀ ਦੀ ਕਾਇਮੀ ਵਿਚ ਅਹਿਮ ਰੋਲ ਨਿਭਾਇਆ ਸੀ।

ਇਹ ਪਾਰਟੀ ਨਸਲਪ੍ਰਸਤੀ ਖਿਲਾਫ ਆਵਾਜ਼ ਬੁਲੰਦ ਕਰਨ ਲਈ ਹੀ ਬਣਾਈ ਗਈ ਸੀ। ਉਸ ਦੀਆਂ ਕੁਝ ਕਿਤਾਬਾਂ ਜਿਵੇਂ ‘ਕ੍ਰਾਈ’, ‘ਦਿ ਬੀਲਵਡ ਕੰਟਰੀ’, ‘ਲੌਸਟ ਇਨ ਦਿ ਸਟਾਰਜ਼’, ‘ਟੂ ਲੇਟ ਦਿ ਫਾਲਾਰੋਪ’ ਉਤੇ ਫਿਲਮਾਂ ਵੀ ਬਣੀਆਂ। -ਸੰਪਾਦਕ

ਐਲੇਨ ਪੈਟਨ
ਅਨੁਵਾਦ: ਬਲਬੀਰ ਮਾਧੋਪੁਰੀ
ਫੋਨ: +91-93505-48100

ਕੁਝ ਸਾਲ ਪਹਿਲਾਂ 1960 ਵਿਚ ਦੱਖਣੀ ਅਫ਼ਰੀਕਾ ਸੰਘ ਨੇ ਬੜੀ ਧੂਮਧਾਮ ਨਾਲ ਆਪਣੀ ਗੋਡਲਨ ਜੁਬਲੀ ਮਨਾਈ ਤੇ ਕੌਮੀ ਪੱਧਰ ਉਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੂਰਤੀਕਲਾ ਦਾ ਇਕ ਹਜ਼ਾਰ ਪੌਂਡ ਦਾ ਸਰਵੋਤਮ ਪੁਰਸਕਾਰ ਇਕ ਕਾਲੇ ਬੰਦੇ ਐਡਵਰਡ ਸਿਮੇਲੇਨ ਨੂੰ ਮਿਲਿਆ। ਉਸ ਦੀ ਕਲਾਕ੍ਰਿਤੀ ‘ਅਫ਼ਰੀਕੀ ਮਾਂ ਤੇ ਬੱਚਾ’ ਦੀ ਭਰਵੀਂ ਪ੍ਰਸੰਸਾ ਹੋਈ, ਸਗੋਂ ਇਸ ਨੇ ਦੱਖਣੀ ਅਫ਼ਰੀਕਾ ਦੇ ਗੋਰਿਆਂ ਦੇ ਦਿਲਾਂ ਨੂੰ ਵੀ ਦੂਰ ਅੰਦਰ ਤੱਕ ਛੋਹਿਆ ਤੇ ਵਿਦੇਸ਼ਾਂ ਵਿਚ ਵੀ ਇਸ ਨੂੰ ਕਾਫੀ ਸ਼ੁਹਰਤ ਮਿਲੀ।
ਇਹ ਪ੍ਰਬੰਧਕਾਂ ਦੀ ਲਾਪਰਵਾਹੀ ਹੀ ਕਹੀ ਜਾਵੇਗੀ ਕਿ ਇਸ ਕਲਾਕ੍ਰਿਤੀ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਮਿਲ ਗਈ, ਨਹੀਂ ਤਾਂ ਇਸ ਗੱਲ ਦੀ ਸਖਤ ਹਦਾਇਤ ਸੀ ਕਿ ਮੁਕਾਬਲੇ ਦਾ ਮਸਲਾ ਪੂਰੀ ਤਰ੍ਹਾਂ ਕਾਲੇ ਲੋਕਾਂ ਤੋਂ ਦੂਰ ਹੀ ਰੱਖਿਆ ਜਾਵੇ। ਮੂਰਤੀਕਲਾ ਵਿਭਾਗ ਦੀ ਕਮੇਟੀ ਨੂੰ ਨਿੱਜੀ ਤੌਰ ‘ਤੇ ਚਿਤਾਵਨੀ ਦਿੱਤੀ ਗਈ ਕਿ ਉਸ ਨੇ Ḕਸਿਰਫ ਗੋਰਿਆਂ ਵਾਸਤੇ’ ਵਰਗੇ ਤੱਥ ਨੂੰ ਕਿਵੇਂ ਨਜ਼ਰ-ਅੰਦਾਜ਼ ਕਰ ਦਿੱਤਾ, ਪਰ ਇਕ ਉਚ ਅਧਿਕਾਰੀ ਨੇ ਕਮੇਟੀ ਸਾਹਮਣੇ ਇਹ ਦਲੀਲ ਪੇਸ਼ ਕੀਤੀ ਸੀ ਕਿ ਜੇ ਸਿਮੇਲੇਨ ਦੀ ਕਲਾਕ੍ਰਿਤੀ Ḕਨਿਰਵਿਵਾਦ ਰੂਪ ਵਿਚ ਸਰਵੋਤਮ’ ਹੈ ਤਾਂ ਉਸ ਨੂੰ ਸਨਮਾਨਿਆ ਜਾਵੇ। ਕਮੇਟੀ ਨੇ ਉਦੋਂ ਇਹ ਤੈਅ ਕੀਤਾ ਕਿ ਸਮਾਪਤੀ ਸਮਾਰੋਹ ਮੌਕੇ ਇਸ ਪੁਰਸਕਾਰ ਨੂੰ ਵੀ ਦੂਜੇ ਲੋਕਾਂ ਦੇ ਨਾਲ ਹੀ ਸਿਮੇਲੇਨ ਨੂੰ ਦਿੱਤਾ ਜਾਵੇ।
ਇਸ ਫੈਸਲੇ ਨੂੰ ਗੋਰਿਆਂ ਵੱਲੋਂ ਹੈਰਾਨੀ ਭਰੀ ਹਮਾਇਤ ਹਾਸਲ ਹੋਈ, ਪਰ ਕੁਝ ਪ੍ਰਭਾਵਸ਼ਾਲੀ ਤਬਕਿਆਂ ਵਿਚ ਦੇਸ਼ ਦੀਆਂ Ḕਪਰੰਪਰਾਗਤ ਨੀਤੀਆਂ’ ਦੇ ਉਲਟ ਚੱਲਣ ਉਤੇ ਬਹਿਸ ਚੱਲੀ ਤੇ ਇਹ ਖਤਰਾ ਪੈਦਾ ਹੋ ਗਿਆ ਕਿ ਬਹੁਤੇ ਗੋਰੇ ਇਨਾਮ ਜੇਤੂ, ਆਪਣੇ ਪੁਰਸਕਾਰ ਵਾਪਸ ਕਰ ਦੇਣਗੇ। ਕਿਸੇ ਤਰ੍ਹਾਂ ਇਹ ਸੰਕਟ ਟਲ ਗਿਆ, ਕਿਉਂਕਿ ਉਪਰਲੀ ਕਲਾਕ੍ਰਿਤੀ ‘ਬਦਕਿਸਮਤੀ’ ਨੂੰ ਸਮਾਪਤੀ ਸਮਾਰੋਹ ਵਿਚ ਸ਼ਾਮਲ ਨਾ ਹੋ ਸਕੀ।
“ਮੈਂ ਇਸ ਹੱਦ ਤੱਕ ਮਹਿਸੂਸ ਨਹੀਂ ਕਰ ਰਿਹਾ ਸੀ”, ਸਿਮੇਲੇਨ ਨੇ ਸ਼ਰਾਰਤ ਭਰੇ ਅੰਦਾਜ਼ ਵਿਚ ਮੈਨੂੰ ਕਿਹਾ, “ਮੇਰੇ ਮਾਂ-ਬਾਪ ਤੇ ਪਾਦਰੀ ਨੇ ਤੈਅ ਕਰ ਲਿਆ ਸੀ ਕਿ ਮੈਂ ਇਸ ਯੋਗ ਨਹੀਂ ਸੀ ਤੇ ਆਖਰ ਮੈਂ ਵੀ ਤੈਅ ਕਰ ਲਿਆ, ਬੇਸ਼ੱਕ ਮਜੋਸਾ ਤੇ ਸੋਲਾ ਦਾ ਕਹਿਣਾ ਸੀ ਕਿ ਮੈਨੂੰ ਖੁਦ ਜਾ ਕੇ ਪੁਰਸਕਾਰ ਪ੍ਰਾਪਤ ਕਰਨਾ ਚਾਹੀਦਾ, ਪਰ ਮੈਂ ਕਿਹਾ- ਬੱਚਿਓ, ਮੈਂ ਸ਼ਿਲਪੀ ਹਾਂ, ਪ੍ਰਦਰਸ਼ਨਕਾਰੀ ਨਹੀਂ।”
ਫਿਰ ਉਸ ਨੇ ਕਿਹਾ, “ਇਹ ਕੋਨਿਕ ਬੜੀ ਕਮਾਲ ਦੀ ਹੈ, ਖਾਸ ਤੌਰ ‘ਤੇ ਇਨ੍ਹਾਂ ਵੱਡੇ ਗਲਾਸਾਂ ਵਿਚ। ਇਹ ਪਹਿਲਾ ਮੌਕਾ ਹੈ ਜਦੋਂ ਮੇਰੇ ਕੋਲ ਇੰਨੇ ਵੱਡੇ ਗਲਾਸ ਹਨ। ਇਹ ਵੀ ਪਹਿਲਾ ਸਬੱਬ ਹੈ ਜਦੋਂ ਮੈਂ ਇੰਨੀ ਹੌਲੀ ਹੌਲੀ ਬਰਾਂਡੀ ਖਤਮ ਕਰ ਰਿਹਾ ਹਾਂ। ਔਰਲੈਂਡੋ ਵਿਚ ਤਾਂ ਤੁਹਾਡਾ ਗਲਾ ਲੋਹੇ ਵਾਂਗ ਹੋ ਜਾਂਦਾ ਹੈ ਤੇ ਸਿਰ ਪਿਛਾਂਹ ਨੂੰ ਟਿਕਾ ਕੇ ਇਕ ਤੋਂ ਬਾਅਦ ਇਕ ਪੈੱਗ ਪਾਉਂਦੇ ਜਾਓ; ਉਦੋਂ ਤੱਕ ਜਦੋਂ ਤੱਕ ਪੁਲਿਸ ਨਾ ਆ ਜਾਵੇ।”
ਉਸ ਨੇ ਮੈਨੂੰ ਦੱਸਿਆ, “ਮੇਰੀ ਜ਼ਿੰਦਗੀ ਦਾ ਇਹ ਦੂਜਾ ਕੋਨਿਕ ਹੈ, ਮੈਂ ਪਹਿਲਾਂ ਕੋਨਿਕ ਕਿਵੇਂ ਪੀਤੀ, ਇਸ ਦਾ ਕਿੱਸਾ ਸੁਣੋਗੇ?”
æææ æææ æææ ਵਾਨ ਬ੍ਰਾਂਡਸ ਸਟਰੀਟ ਦੀ ਐਲਵੇਸਟਰ ਸ਼ਾਪ ਦਾ ਪਤਾ ਹੈ? ਖੈਰ, ਮੁਕਾਬਲੇ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਮੇਰੀ ਕ੍ਰਿਤੀ Ḕਅਫ਼ਰੀਕੀ ਮਾਂ ਤੇ ਬੱਚਾ’ ਦੇ ਪ੍ਰਦਰਸ਼ਨ ਦੀ ਆਗਿਆ ਮੰਗੀ। ਉਨ੍ਹਾਂ ਨੇ ਮੇਰੇ ਚਿੱਤਰ ਦੀ ਪਿੱਠ-ਭੂਮੀ ਵਿਚ ਚਿੱਟੇ ਮਖ਼ਮਲ (ਜੇ ਉਸ ਨੂੰ ਮਖ਼ਮਲ ਕਹੋ ਤਾਂ) ਦਾ ਟੋਟਾ ਲਗਾਇਆ ਤੇ ਪ੍ਰਸ਼ੰਸਾ ਵਿਚ ਕੁਝ ਸ਼ਬਦ ਆਖੇ। ਮੇਰੀ ਕਲਾਕ੍ਰਿਤੀ ਲਈ ਉਨ੍ਹਾਂ ਨੇ ਇਕ ਪੂਰੀ ਖਿੜਕੀ ਦਿੱਤੀ।
ਖੈਰ, ਮੈਂ ਖੁਦ ਜਾ ਕੇ ਇਹ ਸਭ ਨਾ ਦੇਖ ਸਕਿਆ। ਸਟੇਸ਼ਨ ਤੋਂ Ḕਹੈਰਲਡ’ ਦੇ ਦਫਤਰ ਜਾਂਦੇ ਵੇਲੇ ਕਦੀ ਮੈਂ ਉਧਰੋਂ ਦੀ ਲੰਘਦਾ ਤੇ ਤਿਰਛਾ ਜਿਹਾ ਦੇਖ ਲੈਂਦਾ ਕਿ ਕੁਝ ਲੋਕ ਖੜ੍ਹੇ ਹੋ ਕੇ ਮੇਰੀ ਕ੍ਰਿਤੀ ਨੂੰ ਇਕ ਟੱਕ ਨਿਹਾਰ ਰਹੇ ਹਨ। ਮੈਨੂੰ ਖੁਸ਼ੀ ਹੁੰਦੀ।
ਇਕ ਰਾਤ ਕਾਫੀ ਦੇਰ ਤੱਕ ਮੈਂ Ḕਹੈਰਲਡ’ ਦੇ ਦਫਤਰ ਵਿਚ ਕੰਮ ਕਰਦਾ ਰਿਹਾ ਤੇ ਜਦੋਂ ਬਾਹਰ ਆਇਆ ਤਾਂ ਚੁਫੇਰੇ ਸੰਨਾਟਾ ਪਸਰਿਆ ਹੋਇਆ ਹੈ। ਮੈਂ ਸੋਚਿਆ ਕਿਉਂ ਨਾ ਜਾ ਕੇ ਆਪਣੀ ਕ੍ਰਿਤੀ ਦੇਖਾਂ ਤੇ ਪਿਆਰ ਭਰੀ ਖੁਸ਼ੀ ਮਾਣਾਂ। ਆਪਣੀ ਪ੍ਰਤਿਭਾ ਦੀ ਚਕਾਚੌਂਧ ਵਿਚ ਮੈਂ ਅਜੇ ਪੂਰੀ ਤਰ੍ਹਾਂ ਗੁਆਚਣ ਹੀ ਵਾਲਾ ਸੀ ਕਿ ਚਾਣਚੱਕ ਮੇਰੀ ਨਜ਼ਰ ਕੋਲ ਖੜ੍ਹੇ ਨੌਜਵਾਨ ਉਤੇ ਪਈ।
ਉਸ ਨੇ ਮੈਥੋਂ ਪੁੱਛਿਆ, “ਇਸ ਬਾਰੇ ਕੀ ਖਿਆਲ ਹੈ ਦੋਸਤ?”
ਤੇ ਇਹ ਤਾਂ ਤੁਹਾਨੂੰ ਪਤਾ ਹੈ ਕਿ ਕੋਈ ਨਿੱਤ ਥੋੜ੍ਹੋ Ḕਦੋਸਤ’ ਕਹਿੰਦਾ!
“ਮੈਂ ਇਸੇ ਨੂੰ ਦੇਖ ਰਿਹਾ ਹਾਂ।” ਮੈਂ ਕਿਹਾ।
“ਮੈਂ ਇਥੇ ਹੀ ਰਹਿੰਦਾ ਹਾਂ”, ਉਸ ਨੇ ਦੱਸਿਆ, “ਤੇ ਤਕਰੀਬਨ ਹਰ ਰੋਜ਼ ਰਾਤ ਨੂੰ ਆ ਕੇ ਇਸ ਮੂਰਤੀ ਨੂੰ ਦੇਖਦਾ ਰਹਿੰਦਾ ਹਾਂ। ਤੁਹਾਨੂੰ ਪਤਾ ਹੈ, ਇਹ ਤੁਹਾਡੇ ਹੀ ਲੋਕਾਂ ਵਿਚੋਂ ਕਿਸੇ ਨੇ ਬਣਾਈ ਹੈ। ਆਹ ਦੇਖੋ, ਨਾਮ ਦੇਖੋ, ਐਡਵਰਡ ਸਿਮੇਲੇਨ।”
“ਹਾਂ, ਮੈਨੂੰ ਪਤਾ ਹੈ।”
“ਕਿੰਨੀ ਖੂਬਸੂਰਤ ਚੀਜ਼ ਹੈ”, ਉਸ ਨੇ ਆਖਿਆ, “ਜ਼ਰਾ ਮਾਂ ਦਾ ਸਿਰ ਦੇਖ, ਉਹ ਬੱਚੇ ਨੂੰ ਪਿਆਰ ਤਾਂ ਕਰ ਰਹੀ ਹੈ, ਪਰ ਦੇਖ ਕਿਵੇਂ ਰਹੀ ਹੈ, ਜਿਵੇਂ ਉਸ ਦੀ ਨਿਗਰਾਨੀ ਕਰ ਰਹੀ ਹੋਵੇ। ਉਹ ਜਾਣਦੀ ਹੈ ਕਿ ਇਸ ਨੇ ਬੇਹੱਦ ਮੁਸ਼ਕਿਲ ਜ਼ਿੰਦਗੀ ਬਤੀਤ ਕਰਨੀ ਹੈ।”
ਫਿਰ ਉਸ ਨੇ ਠੀਕ ਤਰ੍ਹਾਂ ਦੇਖਣ ਲਈ ਧੌਣ ਇਕ ਪਾਸੇ ਝੁਕਾਈ।
“ਉਸ ਨੂੰ ਇਕ ਹਜ਼ਾਰ ਪੌਂਡ ਦਾ ਇਨਾਮ ਮਿਲਿਆ ਹੈ”, ਉਸ ਨੇ ਕਿਹਾ, “ਇੰਨਾ ਪੈਸਾ ਤਾਂ ਤੁਹਾਡੇ ਲੋਕਾਂ ਲਈ ਕਾਫੀ ਹੁੰਦਾ ਹੈ- ਬੜਾ ਖੁਸ਼ਕਿਸਮਤ ਹੈ ਉਹ। ਤੂੰ ਤਾਂ ਇੰਨਾ ਖੁਸ਼ਕਿਸਮਤ ਨਹੀਂ ਏਂ- ਕਿਉਂ?”
ਫਿਰ ਉਸ ਨੇ ਮਲਕ ਦੇਣੀ ਪੁੱਛਿਆ, “ਦੋਸਤ, ਸ਼ਰਾਬ ਪੀਣੀ ਪਸੰਦ ਕਰੇਂਗਾ?”
ਇਮਾਨਦਾਰੀ ਵਾਲੀ ਗੱਲ ਇਹ ਸੀ ਕਿ ਇੰਨੀ ਰਾਤ ਗਈ ਕਿਸੇ ਗੋਰੇ ਅਜਨਬੀ ਨਾਲ ਮੈਂ ਉੱਕਾ ਸ਼ਰਾਬ ਨਹੀਂ ਸੀ ਪੀਣੀ ਚਾਹੁੰਦਾ। ਦੂਜਾ, ਮੈਂ ਔਰਲੈਂਡੋ ਤੋਂ ਗੱਡੀ ਵੀ ਫੜਨੀ ਸੀ।
“ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਨੂੰ ਕਾਲੇ ਲੋਕਾਂ ਨੂੰ ਰਾਤ ਦੇ ਗਿਆਰਾਂ ਵਜੇ ਤੱਕ ਸ਼ਹਿਰ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ।” ਮੈਂ ਆਖਿਆ।
“ਹਾਂ-ਹਾਂ, ਠੀਕ ਹੈ।” ਬਹੁਤਾ ਵਕਤ ਨਹੀਂ ਲੱਗੇਗਾ। ਮੇਰਾ ਫਲੈਟ ਅਹੁ ਅਗਲੇ ਮੋੜ ਉਤੇ ਹੀ ਹੈæææ ਕੀ ਤੂੰ ਅਫ਼ਰੀਕੀ ਬੋਲ ਸਕਦਾ ਏਂ?”
“ਹਾਂ, ਜਨਮ ਤੋਂ ਹੀ।” ਮੈਂ ਅਫਰੀਕੀ ਵਿਚ ਕਿਹਾ।
“ਫਿਰ ਤਾਂ ਅਸੀਂ ਅਫਰੀਕੀ ਵਿਚ ਗੱਲ ਕਰਾਂਗੇ, ਮੇਰੀ ਅੰਗਰੇਜ਼ੀ ਵਧੀਆ ਨਹੀਂ ਹੈ। ਮੈਨੂੰ ਵਾਨ ਰੇਂਜਬਰਗ ਕਹਿੰਦੇ ਨੇ, ਤੇ ਤੈਨੂੰ?”
ਮੈਂ ਉਸ ਨੂੰ ਆਪਣਾ ਅਸਲੀ ਨਾਂ ਨਾ ਦੱਸ ਸਕਿਆ। ਮੈਂ ਕਿਹਾ ਕਿ ਮੇਰਾ ਨਾਂ ਬਾਕਾਲਿਸਾ ਹੈ ਤੇ ਮੈਂ ਔਰਲੈਂਡੋ ਵਿਚ ਰਹਿੰਦਾ ਹਾਂ।
“ਬਾਕਾਲਿਸਾ! ਹੂੰæææ ਇਹ ਨਾਂ ਮੈਂ ਪਹਿਲਾਂ ਕਦੇ ਨਹੀਂ ਸੁਣਿਆ।”
ਹੁਣ ਉਹ ਤੁਰ ਪਿਆ ਸੀ ਤੇ ਮੈਂ ਬੇ-ਮਨਾ ਜਿਹਾ ਹੋ ਕੇ ਉਹਦੇ ਪਿੱਛੇ ਪਿੱਛੇ ਤੁਰ ਰਿਹਾ ਸੀ। ਮੇਰੇ ਨਾਲ ਇਹੀ ਗੜਬੜੀ ਹੈ, ਜਿਵੇਂ ਤੁਸੀਂ ਖੁਦ ਹੀ ਮਹਿਸੂਸ ਕਰੋਗੇ। ਮੈਂ ਕਿਸੇ ਹੱਥ-ਪਾਈ ਨੂੰ ਰੋਕ ਨਹੀਂ ਸਕਦਾ। ਅਸੀਂ ਬਿਲਕੁਲ ਜੁੜ ਕੇ ਨਹੀਂ ਸੀ ਤੁਰ ਰਹੇ, ਪਰ ਉਹ ਠੀਕ ਮੇਰੇ ਸਾਹਮਣੇ ਵੀ ਨਹੀਂ ਸੀ। ਉਸ ਦੇ ਚਿਹਰੇ ਉਤੇ ਘਬਰਾਹਟ ਨਹੀਂ ਸੀ। ਉਹ ਆਪਣੇ ਚੁਫੇਰੇ ਇਹ ਵੀ ਨਹੀਂ ਦੇਖ ਰਿਹਾ ਸੀ ਕਿ ਕਾਲੇ ਬੰਦੇ ਨਾਲ ਦੋਸਤੀ ਦੇ ਅੰਦਾਜ਼ ਵਿਚ ਚੱਲਦਿਆਂ ਉਸ ਨੂੰ ਕੋਈ ਦੇਖ ਤਾਂ ਨਹੀਂ ਰਿਹਾ ਹੈ।
ਉਸ ਨੇ ਪੁੱਛਿਆ, “ਕੀ ਤੈਨੂੰ ਪਤਾ ਹੈ ਕਿ ਮੈਂ ਕੀ ਕਰਨਾ ਚਾਹੁੰਦਾ ਸੀ?”
“ਹੂੰ।” ਮੈਂ ਕਿਹਾ।
“ਮੈਂ ਕਿਤਾਬਾਂ ਦੀ ਦੁਕਾਨ ਕਰਨਾ ਚਾਹੁੰਦਾ ਸੀ, ਜਿਵੇਂ ਉਥੇ ਤੂੰ ਦੇਖੀ ਹੋਵੇਗੀ। ਜਦੋਂ ਤੋਂ ਹੋਸ਼ ਸੰਭਾਲੀ, ਅਜਿਹੀ ਹੀ ਦੁਕਾਨ ਦੀ ਇੱਛਾ ਮਨ ਵਿਚ ਲਈ ਫਿਰਦਾਂ। ਜਦੋਂ ਮੈਂ ਛੋਟਾ ਸੀ, ਮੇਰੀ ਆਪਣੀ ਛੋਟੀ ਜਿਹੀ ਦੁਕਾਨ ਸੀ।” ਉਹ ਆਪਣੇ ਆਪ ਹੱਸ ਪਿਆ, “ਉਨ੍ਹਾਂ ਵਿਚੋਂ ਕੁਝ ਤਾਂ ਸੱਚਮੁੱਚ ਕਿਤਾਬਾਂ ਸਨ, ਕੁਝ ਮੈਂ ਹੀ ਲਿਖੀਆਂ ਸਨ; ਪਰ ਮੈਂ ਬੜਾ ਬਦਕਿਸਮਤ ਸੀ- ਜਦੋਂ ਤੱਕ ਮੇਰੀ ਪੜ੍ਹਾਈ ਖਤਮ ਹੁੰਦੀ, ਉਦੋਂ ਤੱਕ ਮੇਰੇ ਮਾਂ-ਬਾਪ ਮਰ ਚੁੱਕੇ ਸਨ।”
ਫਿਰ ਮੈਨੂੰ ਮੁਖ਼ਾਤਬ ਹੁੰਦਿਆਂ ਉਸ ਨੇ ਕਿਹਾ, “ਤੂੰ ਪੜ੍ਹਿਆ-ਲਿਖਿਆ ਏਂ?”
ਮੈਂ ਬੇ-ਮਨੇ ਜਿਹੇ ਢੰਗ ਨਾਲ Ḕਹਾਂ’ ਕਿਹਾ, ਫਿਰ ਮਨ ਹੀ ਮਨ ਆਪਣੀ ਬੇਵਕੂਫੀ ਦਾ ਅਹਿਸਾਸ ਕੀਤਾ ਕਿ ਸਵਾਲ ਤਾਂ ਖੁੱਲ੍ਹਾ ਹੀ ਰਹਿ ਗਿਆ ਤੇ ਸਚਮੁੱਚ ਉਸ ਨੇ ਪੁੱਛ ਹੀ ਲਿਆ, “ਕਿਥੇ ਤੱਕ?”
ਫਿਰ ਮੈਂ ਉਂਜ ਹੀ ਜਵਾਬ ਦਿੱਤਾ, “ਕਾਫੀ।”
ਉਸ ਨੇ ਛਾਲ ਮਾਰੀ- “ਬੀæਏæ ਤੱਕ?”
“ਹਾਂ।”
“ਸਾਹਿਤ ਵਿਚ?”
“ਹਾਂ।”
ਉਸ ਨੇ ਸਾਹ ਬਾਹਰ ਛੱਡਦਿਆਂ ਲਮਕਵੀਂ ਆਵਾਜ਼ ਵਿਚ ਆਖਿਆ, “ਵਾਹ!”
ਅਸੀਂ ਬਿਲਡਿੰਗ ਤੱਕ ਪਹੁੰਚ ਗਏ ਸੀ- ਮਜ਼ੋਰਕਾ ਮਿਸ਼ਨ, ਬਹੁਤ ਆਰਾਮਦਾਇਕ ਜਗ੍ਹਾ ਨਹੀਂ, ਫਿਰ ਵੀ ਕੰਮ ਚਲਾਊ ਹੈ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਗੈਸਟ ਲੌਬੀ ਖੁੱਲ੍ਹੀ ਪਈ ਸੀ। ਮੈਂ ਸਕੂਨ ਮਹਿਸੂਸ ਨਹੀਂ ਕਰ ਰਿਹਾ ਸੀ। ਅਜਿਹੀ ਜਗ੍ਹਾ ਵਿਚ ਉਦੋਂ ਤੱਕ ਮੈਨੂੰ ਚੈਨ ਨਹੀਂ ਮਿਲਦੀ ਜਦ ਤੱਕ ਦੋ-ਚਾਰ ਦੋਸਤ ਨਾਲ ਨਾ ਹੋਣ। ਇਥੇ ਤਾਂ ਬਿਲਕੁਲ ਅਨਜਾਣ ਬੰਦੇ ਨਾਲ ਸੀ ਮੈਂ। ਲਿਫਟ ਹੇਠਲੀ ਮੰਜ਼ਲ ਉਤੇ ਹੀ ਸੀ। ਉਸ ਉਤੇ ਸਾਫ ਸਾਫ ਅੱਖਰਾਂ ਵਿਚ ਲਿਖਿਆ ਹੋਇਆ ਸੀ- Ḕਸਿਰਫ ਗੋਰਿਆਂ ਵਾਸਤੇ।Ḕ ਵਨ ਰੇਂਜਬਰਗ ਨੇ ਲਿਫਟ ਦਾ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਅੰਦਰ ਖਿੱਚ ਲਿਆ। ਕੀ ਉਸ ਦਾ ਇਹ ਵਤੀਰਾ ਬਨਾਉਟੀ ਸੀ? ਮੈਂ ਅੱਜ ਤੱਕ ਸਮਝ ਨਹੀਂ ਸਕਿਆ। ਮੇਰੀ ਇੱਛਾ ਹੋ ਰਹੀ ਸੀ ਕਿ ਉਹ ਛੇਤੀ ਤੋਂ ਛੇਤੀ ਲਿਫਟ ਦਾ ਬਟਨ ਦਬਾਵੇ ਤੇ ਅਸੀਂ ਉਪਰ ਚਲੇ ਜਾਈਏ, ਪਰ ਉਹਦੀ ਉਂਗਲੀ ਬਟਨ ਉਤੇ ਟਿਕੀ ਰਹੀ ਤੇ ਉਹ ਕਿਸੇ ਇਮਾਨਦਾਰ ਦੋਸਤ ਦੀ ਨਿਗ੍ਹਾ ਨਾਲ ਮੈਨੂੰ ਘੂਰ ਰਿਹਾ ਸੀ- ਹਸਰਤ ਨਾਲ- ਈਰਖਾ ਨਾਲ।
“ਤੂੰ ਸਚਮੁੱਚ ਬਹੁਤ ਖੁਸ਼ਕਿਸਮਤ ਏਂ।” ਉਸ ਨੇ ਕਿਹਾ, “ਸਾਹਿਤ ਵਿਚ ਡਿਗਰੀ- ਇਹ ਤਾਂ ਮੈਂ ਵੀ ਕਰਨੀ ਚਾਹੁੰਦਾ ਸੀ।”
ਉੁਸ ਨੇ ਆਪਣਾ ਸਿਰ ਰਤਾ ਕੁ ਝਟਕਾਇਆ ਤੇ ਬਟਨ ਉਤੇ ਆਪਣੀ ਉਂਗਲੀ ਦਬਾ ਦਿੱਤੀ। ਜਦੋਂ ਤੱਕ ਅਸੀਂ ਉਪਰ ਤੱਕ ਨਹੀਂ ਪਹੁੰਚੇ, ਉਹ ਚੁੱਪ ਰਿਹਾ।
ਹੁਣ ਅਸੀਂ ਲਿਫਟ ਤੋਂ ਬਾਹਰ ਨਿਕਲ ਕੇ ਚਮਕਦੇ ਭੀੜੇ ਜਿਹੇ ਗਲਿਆਰੇ ਵਿਚ ਜਾ ਰਹੇ ਸੀ। ਇਸ ਦੇ ਇਕ ਪਾਸੇ ਦੀਵਾਰ ਸੀ, ਖੁੱਲ੍ਹੀ ਹਵਾ ਸੀ ਤੇ ਦੂਜਾ ਪਾਸਾ ਕਾਫੀ ਨੀਵਾਂ ਸੀ- ਵਾਨ ਵੇਂਡਿਸ ਸਟ੍ਰੀਟ। ਦੂਜੇ ਪਾਸੇ ਬਹੁਤ ਸਾਰੇ ਦਰਵਾਜ਼ੇ ਸਨ, ਜਿਨ੍ਹਾਂ ਥਾਣੀਂ ਗੱਲਬਾਤ ਜਾਂ ਰੇਡੀਓ ਦੀਆਂ ਆਵਾਜ਼ਾਂ ਆ ਰਹੀਆਂ ਸਨ, ਪਰ ਕੋਈ ਆਦਮੀ ਦਿਖਾਈ ਨਹੀਂ ਦੇ ਰਿਹਾ ਸੀ। ਮੈਂ ਕਦੀ ਇੰਨੀ ਉਚਾਈ ਉਤੇ ਰਹਿਣਾ ਪਸੰਦ ਨਹੀਂ ਕਰਦਾ, ਅਸੀਂ ਅਫ਼ਰੀਕੀ ਲੋਕ ਜ਼ਮੀਨ ਦੇ ਵੱਧ ਤੋਂ ਵੱਧ ਨੇੜੇ ਰਹਿਣਾ ਚਾਹੁੰਦੇ ਹਾਂ। ਵਾਨ ਰੇਂਜਬਰਗ ਇਕ ਦਰਵਾਜ਼ੇ ਕੋਲ ਰੁਕਿਆ ਤੇ ਮੈਨੂੰ ਕਹਿਣ ਲੱਗਾ, “ਇਕ ਮਿੰਟ ਵਿਚ ਆ ਰਿਹਾਂ।” ਉਹ ਅੰਦਰ ਚਲਾ ਗਿਆ। ਦਰਵਾਜ਼ਾ ਖੁੱਲ੍ਹਿਆ ਹੀ ਸੀ ਕਿ ਮੈਨੂੰ ਅੰਦਰ ਦੀ ਗੱਲਬਾਤ ਸੁਣਾਈ ਦੇ ਰਹੀ ਸੀ। ਮੈਂ ਮਨ ਵਿਚ ਸੋਚਿਆ ਕਿ ਉਹ ਦੱਸ ਰਿਹਾ ਹੋਵੇਗਾ ਕਿ ਮੈਂ ਕੌਣ ਹਾਂ। ਫਿਰ ਇਕ ਜਾਂ ਦੋ ਮਿੰਟ ਬਾਅਦ ਉਹ ਅੰਦਰ ਆਇਆ। ਉਹਦੇ ਹੱਥ ਵਿਚ ਦੋ ਗਲਾਸ ਸਨ, ਜਿਨ੍ਹਾਂ ਵਿਚ ਲਾਲ ਰੰਗ ਦੀ ਸ਼ਰਾਬ ਭਰੀ ਹੋਈ ਸੀ। ਉਹ ਬਹੁਤ ਉਤਸ਼ਾਹਿਤ ਸੀ ਤੇ ਮੁਸਕਰਾ ਰਿਹਾ ਸੀ।
“ਯਾਰ ਮਾਫ਼ ਕਰਨਾ, ਬਰਾਂਡੀ ਨਹੀਂ ਮਿਲੀæææ ਸਿਰਫ ਅੰਗੂਰਾਂ ਦੀ ਸ਼ਰਾਬ ਹੀ ਪਈ ਸੀ।”
ਪੱਕੀ ਗੱਲ ਇਹ ਕਿ ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਮੈਨੂੰ ਗਲਿਆਰੇ ਵਿਚ ਖੜ੍ਹੇ ਹੋ ਕੇ ਸ਼ਰਾਬ ਪੀਣੀ ਪਵੇਗੀ। ਮੈਂ ਸਿਰਫ ਉਹ ਨਹੀਂ ਮਹਿਸੂਸ ਕਰ ਰਿਹਾ ਸੀ ਜੋ ਤੁਸੀਂ ਸੋਚ ਰਹੇ ਹੋ; ਮੈਨੂੰ ਤਾਂ ਲਗਾਤਾਰ ਇਹੋ ਡਰ ਲੱਗਾ ਹੋਇਆ ਸੀ ਕਿ ਸਾਹਮਣੇ ਵਾਲਾ ਦਰਵਾਜ਼ਾ ਹੁਣੇ ਖੁੱਲ੍ਹੇਗਾ ਤੇ ਮੈਨੂੰ ਗੋਰਿਆਂ ਦੀ ਬਿਲਡਿੰਗ ਵਿਚ ਦੇਖ ਲਿਆ ਜਾਵੇਗਾ। ਇਸ ਤੋਂ ਬਾਅਦ ਕਾਨੂੰਨ ਤੋੜਨ ਦੇ ਜੁਰਮ ਵਿਚ ਮੈਨੂੰ ਬੰਦ ਕਰ ਦਿੱਤਾ ਜਾਵੇ। ਇਸ ਪੂਰੀ ਸੰਕਟ ਭਰੀ ਹਾਲਤ ਵਿਚ ਮੇਰਾ ਗੁੱਸਾ ਵੀ ਮੈਨੂੰ ਪਰੇਸ਼ਾਨ ਕਰ ਸਕਦਾ ਸੀ, ਪਰ ਤੁਹਾਨੂੰ ਪਤਾ ਹੈ ਕਿ ਸਹਿਜੇ ਕੀਤੇ ਮੈਂ ਗੁੱਸੇ ਵਿਚ ਨਹੀਂ ਆਉਂਦਾ। ਜੇ ਗੁੱਸੇ ਹੁੰਦਾ ਹਾਂ ਤਾਂ ਘੱਟੋ-ਘੱਟ ਆਦਮੀ ਉਤੇ ਨਹੀਂ ਹੁੰਦਾ। ਫਿਰ ਵੀ ਮੈਂ ਉਥੋਂ ਭੱਜ ਜਾਣਾ ਚਾਹੁੰਦਾ ਸੀ, ਪਰ ਅਜਿਹਾ ਕਰ ਨਾ ਸਕਿਆ। ਬਚਪਨ ਵਿਚ ਮੈਂ ਜਦੋਂ ਗੋਰਿਆਂ ਖਿਲਾਫ ਕੁਝ ਬੋਲਦਾ, ਤਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ, “ਪੁੱਤ, ਇਉਂ ਨਾ ਕਿਹਾ ਕਰ। ਆਪਣੀ ਔਕਾਤ ਦੇਖ ਕੇ ਬੋਲਿਆ ਕਰ।” ਉਹ ਸ਼ਾਇਦ ਉਸੇ ਵੇਲੇ ਸਮਝ ਜਾਂਦੀ ਕਿ ਗਲਿਆਰੇ ਵਿਚ ਪੇਸ਼ ਕੀਤੀ ਸ਼ਰਾਬ ਨੂੰ ਕਿਉਂ ਮੈਂ ਬੇਝਿਜਕ ਹੋ ਕੇ ਫੜ ਲਿਆ ਸੀ।
ਵਾਨ ਰੇਂਜਬਰਗ ਨੇ ਮੈਨੂੰ ਪੁੱਛਿਆ, “ਤੂੰ ਉਸ ਸਿਮੇਲੇਨ ਨੂੰ ਜਾਣਦਾ ਏਂ?”
“ਨਾਮ ਸੁਣਿਆ ਹੋਇਆ ਏ।” ਮੈਂ ਕਿਹਾ।
“ਮੇਰੀ ਉਸ ਨੂੰ ਮਿਲਣ ਦੀ ਇੱਛਾ ਹੈ, ਕੋਈ ਗੱਲਬਾਤ ਕਰਨ ਦੀ।” ਉਸ ਨੇ ਆਪਣੀ ਗੱਲ ਹੋਰ ਸਪਸ਼ਟ ਕੀਤੀ, “ਮੈਂ ਉਸ ਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਹਿ ਦੇਣਾ ਚਾਹੁੰਦਾ ਹਾਂ।”
ਇਕ ਔਰਤ ਜਿਸ ਦੀ ਉਮਰ ਤਕਰੀਬਨ ਪੰਜਾਹ ਸਾਲ ਸੀ, ਨਾਲ ਵਾਲਾ ਦਰਵਾਜ਼ਾ ਖੋਲ੍ਹ ਕੇ ਆਈ। ਉਹਦੇ ਹੱਥ ਵਿਚ ਬਿਸਕੁਟਾਂ ਨਾਲ ਭਰੀ ਹੋਈ ਪਲੇਟ ਸੀ। ਉਸ ਨੇ ਮੁਸਕਰਾ ਕੇ ਸਵਾਗਤ ਕੀਤਾ। ਮੈਂ ਪਲੇਟ ਵਿਚੋਂ ਬਿਸਕੁਟ ਲੈ ਲਿਆ, ਪਰ ਲੱਖ ਚਾਹੁੰਦਿਆਂ ਹੋਇਆਂ ਵੀ ਮੇਰੇ ਮੂੰਹੋਂ Ḕਧੰਨਵਾਦ’ ਨਹੀਂ ਨਿਕਲ ਸਕਿਆ। ਮੈਂ ਖਤਰਾ ਮੁੱਲ ਲੈ ਲਿਆ ਤੇ ਉਸ ਨੂੰ ਮੈਨਰੂ (ਮਿਸਟ੍ਰੈਸ) ਕਹਿ ਕੇ ਸੰਬੋਧਨ ਕੀਤਾ, ਭਾਵੇਂ ਅਜਿਹਾ ਕਹਿਣ ‘ਤੇ ਕਿਸੇ ਵੀ ਕਾਲੇ ਆਦਮੀ ਨੂੰ ਕੁੱਟਿਆ ਮਾਰਿਆ ਜਾ ਸਕਦਾ ਸੀ, ਪਰ ਮੈਂ ਮੁਸਕਰਾ ਕੇ ਝੁਕਦਿਆਂ ਹੋਇਆਂ ਅਫ਼ਰੀਕੀ ਵਿਚ ਇਹੀ ਗੱਲ ਦੁਹਰਾਈ।
ਮੈਨੂੰ ਕਿਸੇ ਨਾ ਕੁੱਟਿਆ। ਔਰਤ ਨੇ ਮੁਸਕਰਾਉਂਦਿਆਂ ਖੁਦ ਨੂੰ ਥੋੜ੍ਹਾ ਝੁਕਾਇਆ, ਤੇ ਵਾਨ ਰੇਂਜਬਰਗ ਥੱਕੀ ਹੋਈ ਆਵਾਜ਼ ਵਿਚ ਇਸ ਤਰ੍ਹਾਂ ਬੋਲਿਆ ਜਿਵੇਂ ਉਦਾਸੀ ਤੇ ਹੇਰਵੇ ਨਾਲ ਬੋਲ ਰਿਹਾ ਹੋਵੇ, “ਆਪਣਾ ਦੇਸ਼ ਕਿੰਨਾ ਖੂਬਸੂਰਤ ਹੈ, ਪਰ ਇਹ ਸਭ ਮੇਰਾ ਦਿਲ ਤੋੜ ਦਿੰਦਾ ਹੈ।”
ਔਰਤ ਨੇ ਆਪਣਾ ਹੱਥ ਉਹਦੇ ਮੋਢੇ ਉਤੇ ਰੱਖ ਕੇ ਹੌਲੀ ਹੌਲੀ ਮਾਰਦਿਆਂ ਕਿਹਾ, “ਜੇਨੀæææ ਜੇਨੀæææ।”
ਇੰਨੇ ਨੂੰ ਇਕ ਔਰਤ ਤੇ ਆਦਮੀ ਜੋ ਹਾਣ ਦੀ ਉਮਰ ਦੇ ਸਨ, ਆਏ ਤੇ ਵਾਨ ਰੇਂਜਬਰਗ ਦੇ ਪਿੱਛੇ ਆ ਕੇ ਖੜ੍ਹੇ ਹੋ ਗਏ।
“ਇਹ ਗ੍ਰੈਜੂਏਟ ਹੈ।” ਵਾਨ ਰੇਂਜਬਰਗ ਨੇ ਉਨ੍ਹਾਂ ਲੋਕਾਂ ਨੂੰ ਦੱਸਿਆ, “ਤੁਸੀਂ ਸਮਝਦੇ ਕੀ ਹੋ?”
ਫਿਰ ਵਾਨ ਰੇਂਜਬਰਗ ਨੇ ਪਹਿਲੀ ਤੀਵੀਂ ਨਾਲ ਅਫਸੋਸ ਕਰਦਿਆਂ ਆਖਿਆ, “ਮੈਂ ਇਸ ਨੂੰ ਬਰਾਂਡੀ ਪਿਲਾਉਣੀ ਚਾਹੁੰਦਾ ਸੀ, ਪਰ ਪਤਾ ਨਹੀਂ ਮੈਂ ਬੋਤਲ ਕਿੱਥੇ ਰੱਖ ਦਿੱਤੀ।”
ਦੂਜੀ ਔਰਤ ਨੇ ਕਿਹਾ, “ਮੈਨੂੰ ਯਾਦ ਆ ਰਿਹਾ ਹੈ ਜੇਨੀ, ਮੈਂ ਕਿਤੇ ਬਰਾਂਡੀ ਰੱਖੀ ਹੋਈ ਹੈæææ ਤੁਸੀਂ ਮੇਰੇ ਨਾਲ ਆਓ।”
ਉਹ ਕਮਰੇ ਵਿਚ ਚਲੀ ਗਈ ਤੇ ਉਹ ਵੀ ਉਹਦੇ ਮਗਰ ਅੰਦਰ ਚਲਾ ਗਿਆ। ਪਹਿਲੀ ਔਰਤ ਨੇ ਮੈਨੂੰ ਕਿਹਾ, “ਜੇਨੀ ਬੜਾ ਵਧੀਆ ਬੰਦਾ ਹੈ, ਕੁਝ ਅਜੀਬ ਜਿਹਾ ਹੈ, ਫਿਰ ਵੀ ਨੇਕ ਹੈ।”
ਫਿਰ ਮੈਨੂੰ ਲੱਗਿਆ ਕਿ ਸਾਰੀਆਂ ਗੱਲਾਂ ਕਿਸੇ ਪਾਗਲਪਨ ਦੇ ਦੌਰ ਵਿਚੋਂ ਲੰਘ ਰਹੀਆਂ ਸਨ ਜਿਸ ਵਿਚ ਮੈਂ ਇਕ ਕਾਲਾ ਆਦਮੀæææ ਅਜਨਬੀ ਵਾਂਗ ਖੜ੍ਹਾ ਹਾਂ, ਆਪਣੇ ਸਰਟੀਫਿਕੇਟ ਦਿਖਾਉਂਦਾ ਰਿਹਾਂ ਕਿ ਬਹੁਤ ਸਾਰੇ ਗੋਰੇ ਲੋਕ ਚਮਤਕਾਰੀ ਢੰਗ ਨਾਲ ਮੇਰੇ ਆਲੇ-ਦੁਆਲੇ ਸਲੀਕੇ ਨਾਲ ਖੜ੍ਹੇ ਹਨ। ਉਨ੍ਹਾਂ ਦੀ ਇੱਛਾ ਕਿਸੇ ਤਰ੍ਹਾਂ ਮੈਨੂੰ ਛੋਹਣ ਦੀ ਹੈ, ਪਰ ਕਿਸ ਤਰ੍ਹਾਂ? ਇਸ ਨੂੰ ਸਮਝ ਨਹੀਂ ਰਹੇ ਹੋਵੋਗੇ। ਮੈਂ ਹੌਲੀ ਦੇਣੀ ਆਖਿਆ, “ਤੁਸੀਂ ਠੀਕ ਕਹਿ ਰਹੇ ਹੋ।”
“ਉਹ ਹਰ ਰਾਤ ਮੂਰਤੀ ਦੇਖਣ ਜਾਂਦਾ ਹੈ।” ਔਰਤ ਨੇ ਦੱਸਿਆ।
“ਉਹ ਕਹਿੰਦਾ ਹੈ ਕਿ ਅਜਿਹੀ ਖੂਬਸੂਰਤ ਚੀਜ਼ ਸਿਰਫ ਰੱਬ ਹੀ ਬਣਾ ਸਕਦਾ ਹੈ ਤੇ ਉਹ ਉਸ ਕਲਾਕਾਰ ਨਾਲ ਮਿਲ ਕੇ ਆਪਣੇ ਦਿਲ ਦੀਆਂ ਗੱਲਾਂ ਕਰਨਾ ਚਾਹੁੰਦਾ ਹੈ।”
ਔਰਤ ਨੇ ਮੁੜ ਕੇ ਕਮਰੇ ਵੱਲ ਦੇਖਿਆ, ਫਿਰ ਹੌਲੀ ਦੇਣੀ ਬੋਲਿਆ, “ਪਤਾ ਅਜਿਹਾ ਕਿਉਂ ਹੈ?æææ ਕਿਉਂਕਿ ਇਹ ਕਾਲੀ ਔਰਤ ਦਾ ਬੱਚਾ ਹੈ।”
“ਮੈਨੂੰ ਪਤਾ ਹੈ।” ਮੈਂ ਕਿਹਾ।
ਇੰਨੇ ਨੂੰ ਦੂਜੀ ਔਰਤ ਵਾਨ ਰੇਂਜਬਰਗ ਨਾਲ ਆ ਗਈ ਸੀ। ਵਾਨ ਰੇਂਜਬਰਗ ਦੇ ਹੱਥ ਵਿਚ ਬਰਾਂਡੀ ਦੀ ਬੋਤਲ ਸੀ। ਉਸ ਨੇ ਮੁਸਕਰਾਉਂਦਿਆਂ ਮੈਨੂੰ ਆਖਿਆ, “ਕੋਈ ਮਾਮੂਲੀ ਬਰਾਂਡੀ ਨਹੀਂ, ਫਰੈਂਚ ਹੈ।”
ਉਸ ਨੇ ਮੈਨੂੰ ਬੋਤਲ ਦਿਖਾਈ। ਉਹ ਕੋਨਿਕ ਸੀ। ਮੈਂ ਹੁਣ ਛੇਤੀ ਤੋਂ ਛੇਤੀ ਬਾਹਰ ਜਾਣਾ ਚਾਹੁੰਦਾ ਸੀ। ਆਦਮੀ ਨੂੰ ਮੁਖ਼ਾਤਬ ਹੁੰਦਿਆਂ ਆਖਿਆ, “ਤੁਹਾਨੂੰ ਯਾਦ ਹੈ ਨਾ, ਜਦੋਂ ਤੁਸੀਂ ਬਿਮਾਰ ਪਏ ਸੀ; ਡਾਕਟਰ ਨੇ ਵਧੀਆ ਬਰਾਂਡੀ ਲਈ ਕਿਹਾ ਸੀ ਤੇ ਦੁਕਾਨਦਾਰ ਨੇ ਮੈਨੂੰ ਦੱਸਿਆ ਸੀ ਕਿ ਇਹ ਦੁਨੀਆਂ ਦੀ ਸਭ ਤੋਂ ਵਧੀਆ ਬਰਾਂਡੀ ਹੈ।
“ਮੈਂ ਗੱਡੀ ਫੜਨੀ ਹੈ, ਛੇਤੀ ਕਰੋ।” ਮੈਂ ਕਿਹਾ।
“ਅੰਕਲ, ਤੁਸੀਂ ਵੀ ਥੋੜ੍ਹਾ ਚਾਹੁੰਦੇ ਹੋ ਤਾਂæææ।” ਉਸ ਨੇ ਆਖਿਆ।
“ਮੈਨੂੰ ਕੋਈ ਇਤਰਾਜ਼ ਨਹੀਂ।” ਕਹਿੰਦਿਆਂ ਉਹ ਆਦਮੀ ਅੰਦਰ ਗਲਾਸ ਲਿਆਉਣ ਚਲਾ ਗਿਆ।
ਬਰਾਂਡੀ ਵਧੀਆ ਸੀ। ਸ਼ਾਇਦ ਇੰਨੀ ਵਧੀਆ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਪੀਤੀ ਸੀ। ਇੰਨੇ ਨੂੰ ਅੰਕਲ ਵੀ ਗਲਾਸ ਲੈ ਕੇ ਆ ਚੁੱਕੇ ਸਨ। ਵਾਨ ਰੇਂਜਬਰਗ ਨੇ ਉਨ੍ਹਾਂ ਦੇ ਗਲਾਸ ਵਿਚ ਵੀ ਪੈੱਗ ਪਾਇਆ। ਅੰਕਲ ਨੇ Ḕਚੀਅਰਜ਼’ ਕਹਿੰਦਿਆਂ ਗਲਾਸ ਹਵਾ ਵਿਚ ਲਹਿਰਾਇਆ। ਹਾਸੇ-ਖੁਸ਼ੀ ਵਾਲਾ ਮਾਹੌਲ ਸੀ, ਪਰ ਮੇਰੇ ਅੰਦਰ ਅਜੇ ਵੀ ਦਹਿਸ਼ਤ ਨੇ ਘਰ ਕੀਤਾ ਹੋਇਆ ਸੀ ਕਿ ਸ਼ਾਇਦ ਕੋਈ ਦਰਵਾਜ਼ਾ ਖੁੱਲ੍ਹੇ ਤੇæææ ਮੈਂ ਇੰਨੀ ਤੇਜ਼ੀ ਨਾਲ ਪੀ ਰਿਹਾ ਸੀ ਕਿ ਜਿਵੇਂ ਔਰਲੈਂਡੋ ਵਿਚ ਖੜ੍ਹਾ ਹੋ ਕੇ ਪੀ ਰਿਹਾ ਹੋਵਾਂ।
“ਚੰਗਾ ਫਿਰ ਹੁਣ ਚਲਦਾਂ।” ਮੈਂ ਕਿਹਾ।
ਅਸੀਂ ਦੋਹਾਂ ਨੇ ਆਪਣੇ ਖਾਲੀ ਗਲਾਸ ਉਸ ਆਦਮੀ ਨੂੰ ਫੜਾ ਦਿੱਤੇ। ਉਸ ਨੇ ਗੁੱਡ ਨਾਈਟ ਕਿਹਾ। ਔਰਤਾਂ ਨੇ ਝੁਕ ਕੇ ਸ਼ੁਭ ਕਾਮਨਾਵਾਂ ਪ੍ਰਗਟਾਈਆਂ ਤੇ ਅਸੀਂ ਲਿਫਟ ਰਾਹੀਂ ਹੇਠਾਂ ਉਤਰ ਆਏ।
“ਮੈਂ ਤੈਨੂੰ ਸਟੇਸ਼ਨ ਦੀ ਬਜਾਇ ਘਰ ਤੱਕ ਛੱਡ ਕੇ ਆਉਂਦਾ ਹਾਂ, ਪਰ ਰਾਤ ਨੂੰ ਔਰਲੈਂਡੋ ਖਤਰੇ ਤੋਂ ਖਾਲੀ ਨਹੀਂ ਲੱਗਦਾ।”
ਅਸੀਂ ਏæਕੇæਐਫ਼ ਸਟਰੀਟ ਥਾਣੀਂ ਲੰਘ ਰਹੇ ਸਾਂ। ਉਸ ਨੇ ਕਿਹਾ, “ਤੂੰ ਮੇਰਾ ਮਤਲਬ ਸਮਝਿਆ?”
ਮੈਨੂੰ ਪਤਾ ਸੀ ਕਿ ਉਹ ਮੈਥੋਂ ਕਿਸੇ ਗੱਲ ਦਾ ਜਵਾਬ ਕਿਉਂ ਚਾਹੁੰਦਾ ਹੈ ਤੇ ਮੈਂ ਵੀ ਉਸ ਨੂੰ ਉਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਸੀ, ਪਰ ਇਹੀ ਪਤਾ ਨਹੀਂ ਲੱਗ ਰਿਹਾ ਕਿ ਗੱਲ ਕੀ ਹੈ?
“ਕੇਹਾ ਮਤਲਬ?” ਮੈਂ ਪੁੱਛਿਆ।
“ਇਹੀ ਕਿ ਸਾਡਾ ਦੇਸ਼ ਕਿੰਨਾ ਖੂਬਸੂਰਤ ਹੈ।”
ਹਾਂ, ਉਹਦਾ ਮਕਸਦ ਮੈਂ ਸਮਝ ਗਿਆ। ਮੈਂ ਸਮਝ ਗਿਆ ਕਿ ਉਹ ਵੀ ਮੈਨੂੰ ਛੋਹਣਾ ਚਾਹੁੰਦਾ ਹੈ, ਪਰ ਇਹ ਸੰਭਵ ਨਹੀਂ ਸੀ, ਕਿਉਂਕਿ ਸਦੀਆਂ ਦੇ ਹਨੇਰੇ ਵਿਚ ਉਸ ਨੂੰ ਅੰਨ੍ਹਾ ਬਣਾ ਦਿੱਤਾ ਗਿਆ ਸੀ। ਇਹ ਤਰਸ ਵਾਲੀ ਹਾਲਤ ਸੀ, ਕਿਉਂਕਿ ਜੇ ਲੋਕ ਇਕ-ਦੂਜੇ ਨੂੰ ਛੋਹ ਨਹੀਂ ਸਕਦੇ, ਤਾਂ ਸਾਫ ਹੈ ਕਿ ਉਹ ਇਕ-ਦੂਜੇ ਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਸੱਟ ਮਾਰਨਗੇ। ਉਹ ਛੋਹ ਨਹੀਂ ਸਕਦਾ ਸੀ, ਕਿਉਂਕਿ ਕਾਲਾ ਆਦਮੀ ਕਦੀ ਗੋਰੇ ਨੂੰ ਨਹੀਂ ਛੋਹ ਸਕਦਾ। ਜੇ ਛੋਹ ਵੀ ਲਵੇ ਤਾਂ ਉਹ ਮਾੜੇ ਹਾਲਾਤ ਵਿਚ ਜਦੋਂ Ḕਮਾਂ ਤੇ ਬੱਚਾ’ ਵਰਗੀ ਕੋਈ ਕ੍ਰਿਤੀ ਬਣਾਏ।
“ਤੇ ਤੂੰ ਕੀ ਸੋਚ ਰਿਹਾਂ?”
“ਬਹੁਤ ਕੁਝ।” ਮੇਰੇ ਇਸ ਜਵਾਬ ਨਾਲ ਉਹ ਉਦਾਸ, ਹਾਰਿਆ ਹੋਇਆ ਤੇ ਥੱਕਿਆ ਥੱਕਿਆ ਜਿਹਾ ਦਿਸਣ ਲੱਗਾ। ਸਟੇਸ਼ਨ ਦਾ ਫਾਟਕ ਆ ਗਿਆ ਸੀ। ਸ਼ੁਕਰੀਆ ਅਦਾ ਕਰ ਕੇ ਮੈਂ ਕਾਰ ਵਿਚੋਂ ਉਤਰ ਗਿਆ। ਉਹ ਕੀ ਸੋਚ ਰਿਹਾ ਸੀ, ਇਹ ਤਾਂ ਮੈਂ ਦੱਸ ਨਹੀਂ ਸਕਦਾ; ਪਰ ਮੈਂ ਸੋਚ ਰਿਹਾ ਸੀ ਕਿ ਉਸ ਨੇ ਲੋਹੇ ਦੀ ਜੁੱਤੀ ਪਾਈ ਹੋਈ ਸੀ ਅਤੇ ਦੌੜ ਵਿਚ ਹਿੱਸਾ ਲੈ ਰਿਹਾ ਹੈ। ਹੁਣ ਮੈਂ ਇਹ ਨਹੀਂ ਸਮਝ ਰਿਹਾ ਹਾਂ ਕਿ ਉਹਦੇ ਦੌੜਨ ਵਿਚ ਕਿਹੜੀ ਚੀਜ਼ ਰੁਕਾਵਟ ਪਾ ਰਹੀ ਹੈ।
ਵਾਪਸ ਔਰਲੈਂਡੋ ਪਹੁੰਚਣ ‘ਤੇ ਮੈਂ ਆਪਣੀ ਪਤਨੀ ਨਾਲ ਸਾਰੀ ਗੱਲ ਸਾਂਝੀ ਕੀਤੀ। ਉਹ ਦੇਰ ਤੱਕ ਰੋਂਦੀ ਰਹੀ।