ਹਿੰਦੂਤਵ ਖਿਲਾਫ ਡਟੇ ਲਿਖਾਰੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਭਾਰਤ ਵਿਚ ਹਾਕਮ ਧਿਰ ਦੀ ਸੌੜੀ ਸਿਆਸਤ ਅਤੇ ਅਸਹਿਣਸ਼ੀਲਤਾ ਖਿਲਾਫ ਲਿਖਾਰੀਆਂ ਨੇ ਆਵਾਜ਼ ਬੁਲੰਦ ਕੀਤੀ ਹੈ। ਪੰਜਾਬ ਸਮੇਤ ਮੁਲਕ ਭਰ ਵਿਚ ਸਾਹਿਤਕਾਰਾਂ ਨੇ ਫਿਰਕਾਪ੍ਰਸਤੀ ਅਤੇ ਇਸ ਦੀ ਪੁਸ਼ਤਪਨਾਹੀ ਬਾਰੇ ਸਰਕਾਰੀ ਨੀਤੀ ਖਿਲਾਫ ਡਟਣ ਦਾ ਅਹਿਦ ਲੈਂਦਿਆਂ ਰੋਸ ਵਜੋਂ ਆਪਣੇ ਸਰਕਾਰੀ ਮਾਣ-ਸਨਮਾਨ ਤੇ ਅਹੁਦੇਦਾਰੀਆਂ ਛੱਡ ਦਿੱਤੀਆਂ ਹਨ। ਹੁਣ ਤੱਕ ਦੋ ਦਰਜਨ ਤੋਂ ਵੱਧ ਲੇਖਕ ਅਜਿਹਾ ਐਲਾਨ ਕਰ ਚੁੱਕੇ ਹਨ।

ਇਸ ਮਾਮਲੇ ਵਿਚ ਵੱਡੀ ਪਹਿਲ ਅੰਗਰੇਜ਼ੀ ਲੇਖਕਾ ਨਯਨਤਾਰਾ ਸਹਿਗਲ ਵੱਲੋਂ ਸਾਹਿਤ ਅਕੈਡਮੀ ਪੁਰਸਕਾਰ ਵਾਪਸ ਕਰਨ ਦੇ ਐਲਾਨ ਹੋਈ। ਉਸ ਨੇ ਆਪਣਾ ਸਾਹਿਤ ਅਕੈਡਮੀ ਪੁਰਸਕਾਰ ਵਾਪਸ ਕਰਦਿਆਂ ਕਿਹਾ ਕਿ ਦਾਦਰੀ (ਉਤਰ ਪ੍ਰਦੇਸ਼) ਵਿਚ ਹਿੰਦੂ ਧਾੜਵੀਆਂ ਵੱਲੋਂ ਮੁਹੰਮਦ ਅਖਲਾਕ ਦੇ ਕੀਤੇ ਕਤਲ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਯਾਦ ਰਹੇ ਕਿ ਮੁਹੰਮਦ ਅਖਲਾਕ ਨੂੰ ਇਨ੍ਹਾਂ ਹਮਲਾਵਰਾਂ ਨੇ ਘਰੇ ਜਾ ਕੇ ਕੁੱਟ ਕੁੱਟ ਕੇ ਮਾਰ ਸੁੱਟਿਆ ਸੀ। ਇਸ ਹਮਲੇ ਵਿਚ ਉਸ ਦਾ ਪੁੱਤਰ ਦਾਨਿਸ਼ ਸਖਤ ਜ਼ਖਮੀ ਹੋ ਗਿਆ ਸੀ ਜੋ ਅਜੇ ਵੀ ਹਸਪਤਾਲ ਵਿਚ ਹੈ। ਇਸ ਤੋਂ ਪਹਿਲਾਂ ਕਰਨਾਟਕ ਵਿਚ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਲੇਖਕ ਐਮæਐਮæ ਕਲਬੁਰਗੀ ਨੂੰ 30 ਅਗਸਤ 2015 ਨੂੰ ਘਰੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਵੀ ਪਹਿਲਾਂ ਮਹਾਂਰਾਸ਼ਟਰ ਵਿਚ ਦੋ ਤਰਕਸ਼ੀਲ ਆਗੂਆਂ- ਨਰੇਂਦਰ ਦਾਭੋਲਕਰ ਤੇ ਗੋਬਿੰਦ ਪਨਸਾਰੇ ਨੂੰ ਹਿੰਦੂ ਕੱਟੜਪੰਥੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਸਾਹਿਤ ਅਕੈਡਮੀ ਦਾ ਪੁਰਸਕਾਰ ਮੋੜਨ ਦੇ ਮਾਮਲੇ ਵਿਚ ਪਹਿਲ ਹਿੰਦੀ ਕਹਾਣੀਕਾਰ ਉਦੈ ਪ੍ਰਕਾਸ਼ ਨੇ ਕੀਤੀ ਸੀ। ਉਸ ਨੇ ਸ੍ਰੀ ਕਲਬੁਰਗੀ ਦੇ ਕਤਲ ਅਤੇ ਕਾਤਲਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਖਿਲਾਫ ਰੋਸ ਪ੍ਰਗਟ ਕਰਦਿਆਂ 9 ਸਤੰਬਰ 2015 ਨੂੰ ਆਪਣਾ ਪੁਰਸਕਾਰ ਵਾਪਸ ਕਰ ਦਿੱਤਾ ਸੀ। ਉਸ ਨੂੰ ਉਸ ਦੀ ਰਚਨਾ ‘ਮੋਹਨਦਾਸ’ ਲਈ ਇਹ ਪੁਰਸਕਾਰ 2010 ਵਿਚ ਮਿਲਿਆ ਸੀ। ਉਸ ਨੇ ਕਿਹਾ ਸੀ ਕਿ ਕਲਬੁਰਗੀ ਦੇ ਕਤਲ ਤੋਂ ਬਾਅਦ ਸਾਹਿਤ ਅਕੈਡਮੀ ਦੀ ਖਾਮੋਸ਼ੀ ਨੇ ਉਸ ਨੂੰ ਬਹੁਤ ਤੰਗ ਕੀਤਾ ਹੈ। ਸਾਹਿਤ ਅਕੈਡਮੀ ਦੇ ਅਹੁਦੇਦਾਰਾਂ ਨੇ ਵਾਅਦਾ ਕੀਤਾ ਸੀ ਕਿ ਇਸ ਸਬੰਧੀ ਵਿਚਾਰ ਹਿਤ ਮੀਟਿੰਗ ਸੱਦੀ ਜਾਵੇਗੀ, ਪਰ ਸੱਦੀ ਨਹੀਂ ਗਈ
ਬਾਅਦ ਵਿਚ ਜਦੋਂ ਅਖਲਾਕ ਮੁਹੰਮਦ ਨੂੰ 28 ਸਤੰਬਰ ਨੂੰ ਕਤਲ ਕਰ ਦਿੱਤਾ ਗਿਆ, ਤਾਂ ਹਿੰਦੂ ਕੱਟੜਪੰਥੀਆਂ ਖਿਲਾਫ ਲੋਕਾਂ ਦਾ ਗੁੱਸਾ ਭੜਕਣਾ ਸ਼ੁਰੂ ਹੋਇਆ। ਇਸੇ ਲੜੀ ਵਿਚ ਬੀਬੀ ਨਯਨਤਾਰਾ ਸਹਿਗਲ ਨੇ ਆਪਣਾ ਸਾਹਿਤ ਅਕੈਡਮੀ ਪੁਰਸਕਾਰ ਮੋੜਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਤਾਂ ਫਿਰ ਲੇਖਕਾਂ ਦੀ ਰੋਸ ਮੁਹਿੰਮ ਚੱਲ ਪਈ ਜੋ ਹੁਣ ਤੱਕ ਜਾਰੀ ਹੈ। ਇਸ ਤੋਂ ਬਆਦ ਅਸ਼ੋਕ ਵਾਜਪਈ, ਰਹਿਮਾਨ ਅੱਬਾਸ, ਕ੍ਰਿਸ਼ਨਾ ਸੋਬਤੀ, ਸ਼ਸ਼ੀ ਦੇਸ਼ਪਾਂਡੇ, ਸਾਰਾ ਜੋਜ਼ੇਫ਼, ਕੇæ ਸਚਿਦਾਨੰਦਨ ਅਤੇ ਹੋਰਾਂ ਨੇ ਪੁਰਸਕਾਰ ਵਾਪਸ ਕਰ ਦਿੱਤੇ।
ਪੰਜਾਬੀਆਂ ਵਿਚੋਂ ਪਹਿਲ ਦਿੱਲੀ ਵੱਸਦੇ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਕੀਤੀ। ਉਨ੍ਹਾਂ ਸਾਹਿਤ ਅਕੈਡਮੀ ਨੂੰ ਲਿਖੀ ਚਿੱਠੀ ਵਿਚ ਲਿਖਿਆ, “ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸਬੰਧੀ ਗ਼ਮ ਪ੍ਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।”
ਉਨ੍ਹਾਂ ਤੋਂ ਬਾਅਦ ਆਤਮਜੀਤ, ਅਜਮੇਰ ਸਿੰਘ ਔਲਖ, ਵਰਿਆਮ ਸਿੰਘ ਸੰਧੂ, ਸੁਰਜੀਤ ਪਾਤਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਕਵੀ ਦਰਸ਼ਨ ਬੁੱਟਰ ਤੇ ਗਜ਼ਲਗੋ ਜਸਵਿੰਦਰ ਨੇ ਆਪਣੇ ਸਾਹਿਤ ਅਕੈਡਮੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਉਘੀ ਲੇਖਕਾ ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮਸ੍ਰੀ ਸਨਮਾਨ ਮੋੜਦਿਆਂ ਕਿਹਾ, “ਬੁੱਧ ਅਤੇ ਨਾਨਕ ਦੇ ਦੇਸ਼ ਵਿਚ ਫ਼ਿਰਕਾਪ੍ਰਸਤੀ ਕਾਰਨ 1984 ਵਿਚ ਸਿੱਖਾਂ ਉਪਰ ਹੋਏ ਜ਼ੁਲਮ ਅਤੇ ਹੁਣ ਮੁਸਲਿਮ ਤੇ ਹੋਰ ਘੱਟ-ਗਿਣਤੀਆਂ ‘ਤੇ ਹੋ ਰਹੇ ਅਤਿਆਚਾਰ ਸਰਕਾਰ ਅਤੇ ਸਮਾਜ ਲਈ ਫ਼ਿਟਕਾਰ ਹਨ। ਹੱਕ ਅਤੇ ਸੱਚ ਦੀ ਆਵਾਜ਼ ਉਠਾਉਣ ਵਾਲੇ ਲੇਖਕ ਨੂੰ ਮਾਰ ਦੇਣਾ ਸੰਸਾਰ ਅਤੇ ਰੱਬ ਅੱਗੇ ਸ਼ਰਮਸਾਰ ਕਰਦਾ ਹੈ। ਇਸ ਲਈ ਰੋਸ ਵੱਜੋਂ ਭਾਰਤ ਸਰਕਾਰ ਵੱਲੋਂ 2004 ਵਿਚ ਦਿੱਤਾ ਪਦਮਸ੍ਰੀ ਐਵਾਰਡ ਵਾਪਸ ਕਰਦੀ ਹਾਂ।” ਇਸ ਤੋਂ ਇਲਾਵਾ ਵੱਖ ਵੱਖ ਇਨਾਮ ਮੋੜਨ ਵਾਲਿਆਂ ਵਿਚ ਡਾæ ਚਮਨ ਲਾਲ, ਇਕਬਾਲ ਰਾਮੂਵਾਲੀਆ, ਹਰਦੇਵ ਚੌਹਾਨ ਸ਼ਾਮਲ ਹਨ।
ਸ਼ਸ਼ੀ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਉਸ ਨੇ ਸਾਹਿਤ ਅਕੈਡਮੀ ਦੇ ਮੁਖੀ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੂੰ ਕਲਬੁਰਗੀ ਹੱਤਿਆ ਕਾਂਡ ਖਿਲਾਫ ਮਤਾ ਪਾਸ ਕਰਨ ਲਈ ਕਿਹਾ ਸੀ। ਇਸ ਮੰਗ ਬਾਰੇ ਅਕਾਦਮੀ ਦੀ ਖਾਮੋਸ਼ੀ ਨੇ ਉਸ ਨੂੰ ਸੁੰਨ ਕਰ ਦਿੱਤਾ।
ਇਸੇ ਦੌਰਾਨ ਆਰæਐਸ਼ਐਸ਼ ਲੇਖਕਾਂ ਦੇ ਇਸ ਸਮੂਹਿਕ ਹੱਲੇ ਤੋਂ ਬੁਰੀ ਤਰ੍ਹਾਂ ਬੁਖਲਾ ਗਈ ਹੈ। ਜਥੇਬੰਦੀ ਦੇ ਪਰਚੇ ‘ਪੰਚਜਨਿਯਾ’ ਦੀ ਸੰਪਾਦਕੀ ਵਿਚ ਲੇਖਕਾਂ ਨੂੰ ‘ਬੌਧਿਕਤਾ ਦੇ ਆਪੂੰ ਬਣੇ ਠੇਕੇਦਾਰ’ ਆਖਿਆ ਗਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਖੱਬੇ ਪੱਖੀ ਲੇਖਕਾਂ ਦੀ ਅਗਵਾਈ ਹੇਠ ਹੋ ਰਿਹਾ ਹੈ ਜਿਨ੍ਹਾਂ ਦੀ ਧਰਮ ਨਿਰਪੱਖਤਾ ਦਾ ਹੁਣ ਪਰਦਾਫਾਸ਼ ਕੀਤਾ ਜਾਵੇਗਾ।
ਚੁਫੇਰਿਓਂ ਘਿਰੀ ਕੌਮੀ ਸਾਹਿਤ ਅਕੈਡਮੀ
ਨਵੀਂ ਦਿੱਲੀ: ਸਾਹਿਤਕਾਰਾਂ ਵੱਲੋਂ ਧੜਾ-ਧੜ ਵਾਪਸ ਕੀਤੇ ਜਾ ਰਹੇ ਪੁਰਸਕਾਰਾਂ ਕਾਰਨ ਸਾਹਿਤ ਅਕੈਡਮੀ ਚੁਫੇਰਿਓਂ ਘਿਰ ਗਈ ਹੈ। ਸਾਹਿਤ ਅਕੈਡਮੀ ਨੇ ਕਾਰਜਕਾਰੀ ਬੋਰਡ ਦੀ 23 ਅਕਤੂਬਰ ਨੂੰ ਬੈਠਕ ਸੱਦ ਲਈ ਹੈ। ਅਕੈਡਮੀ ਦੇ ਪ੍ਰਧਾਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੇ ਕਿਹਾ ਹੈ ਕਿ ਅਕੈਡਮੀ ਸੰਵਿਧਾਨ ਤਹਿਤ ਧਰਮ ਨਿਰਪੱਖ ਕਦਰਾਂ ਕੀਮਤਾਂ ਪ੍ਰਤੀ ਵਚਨਬੱਧ ਹੈ।
ਫਿਰਕਾਪ੍ਰਸਤੀ ਖਿਲਾਫ ਮੋਦੀ ਦਾ ਮੌਨ
ਨਵੀਂ ਦਿੱਲੀ: ਆਰæਐਸ਼ਐਸ਼ ਦੀ ‘ਘਰ ਵਾਪਸੀ ਮੁਹਿੰਮ’ ਤੋਂ ਦਾਦਰੀ ਕਾਂਡ ਤੱਕ ਵਾਪਰੀਆਂ ਫਿਰਕੂ ਘਟਨਾਵਾਂ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਖਾਮੋਸ਼ੀ ਕਈ ਸਵਾਲ ਖੜ੍ਹੇ ਕਰਦੀ ਹੈ। ਪਿਛਲੇ ਦਿਨੀਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਸੀ ਕਿ ਦੇਸ਼ ਵਿਚ ਪੈਦਾ ਹੋ ਰਿਹਾ ਮਾਹੌਲ ਇਸ ਦੀਆਂ ਸਥਾਪਤ ਪਰੰਪਰਾਵਾਂ ਦੇ ਉਲਟ ਹੈ, ਪਰ ਇਹ ਆਵਾਜ਼ ਮੌਨਧਾਰੀ ਮੋਦੀ ਦੇ ਕੰਨੀਂ ਨਹੀਂ ਪੈ ਰਹੀ। ਕੇਂਦਰ ਵਿਚ ਜਦੋਂ ਦੀ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਸੱਤਾਧਾਰੀ ਪਾਰਟੀ ਤੇ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾਂ ਨੇ ਕਿਸੇ ਨਾ ਕਿਸੇ ਬਹਾਨੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਥਿਤੀ ਦਾ ਲਾਭ ਉਠਾਉਂਦਿਆਂ ਖੁੰਬਾਂ ਵਾਂਗ ਬਹੁਤ ਸਾਰੇ ਫਿਰਕੂ ਸੰਗਠਨ ਵੀ ਉੱਭਰ ਆਏ ਹਨ ਜੋ ਧਰਮ ਨਿਰਪੱਖ ਤੇ ਤਰਕਸ਼ੀਲ ਬੁੱਧੀਜੀਵੀਆਂ ਉਤੇ ਹਮਲੇ ਕਰ ਰਹੇ ਹਨ। ਸਿੱਖਿਆ ਪ੍ਰਣਾਲੀ ਦੇ ਹਿੰਦੂ ਮਾਡਲ ਦੀ ਪੇਸ਼ਕਾਰੀ ਨਾਲ ਸ਼ੁਰੂ ਹੋਇਆ ਅਮਲ ਹੁਣ ਲੰਮਾ ਸਫਰ ਤੈਅ ਕਰ ਚੁੱਕਾ ਹੈ। ਦਿਨ-ਤਿਉਹਾਰਾਂ ਦੇ ਬਹਾਨੇ ਮਾਸ ਦੀ ਵਿਕਰੀ ਉਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਵੀ ਦੇਸ਼ ਵਿਚ ਫਿਰਕੂ ਕਤਾਰਬੰਦੀ ਨੂੰ ਤਿੱਖਾ ਕਰਨ ਦੇ ਕਿਸੇ ਯੋਜਨਾਬੱਧ ਏਜੰਡੇ ਦਾ ਹਿੱਸਾ ਹਨ।
ਪਿਛਲੇ ਦਿਨੀਂ ਸ਼ਿਵ ਸੈਨਾ ਨੇ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਗ਼ੁਲਾਮ ਅਲੀ ਦੇ ਮੁੰਬਈ ਤੇ ਪੁਣੇ ਵਿਚ ਸਮਾਗਮ ਰੱਦ ਕਰਵਾ ਦਿੱਤੇ। ਹੁਣ ਤਾਜ਼ਾ ਮਿਸਾਲ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦੀ ਪੁਸਤਕ ਦੇ ਰਿਲੀਜ਼ ਸਮਾਗਮ ਨੂੰ ਰੋਕਣ ਲਈ ਇਸ ਦੇ ਪ੍ਰਬੰਧਕ ਸੁਧੇਂਦਰ ਕੁਲਕਰਨੀ ਦੇ ਮੂੰਹ ‘ਤੇ ਕਾਲਾ ਰੰਗ ਮਲਣ ਦੀ ਹੈ।
ਦਾਦਰੀ ਕਾਂਡ ਵਿਚ ਵੀ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਨੇ ਭੂਮਿਕਾ ਨਿਭਾਈ। ਮੁਜ਼ੱਫਰਪੁਰ ਦੰਗਿਆਂ ਦੇ ਦੋਸ਼ੀ ਭਾਜਪਾ ਵਿਧਾਇਕ ਸੰਗੀਤ ਸੋਮ ਅਤੇ ਸਾਕਸ਼ੀ ਮਹਾਰਾਜ ਨੇ ਬਿਸਹੇੜਾ ਪਿੰਡ ਵਿਚ ਪਹੁੰਚ ਕੇ ਲੋਕਾਂ ਨੂੰ ਹੋਰ ਭੜਕਾਇਆ। ਜਿਸ ਪੁਜਾਰੀ ਨੇ ਪਿੰਡ ਦੇ ਧਾਰਮਿਕ ਸਥਾਨ ਤੋਂ ਮੁਹੰਮਦ ਅਖਲਾਕ ਦੇ ਪਰਿਵਾਰ ਵਿਰੁੱਧ ਲੋਕਾਂ ਨੂੰ ਭੜਕਾਇਆ ਸੀ, ਉਹ ਕੁਝ ਮਹੀਨੇ ਪਹਿਲਾਂ ਹੀ ਗੁਜਰਾਤ ਤੋਂ ਇਥੇ ਆਇਆ ਸੀ ਤੇ ਘਟਨਾ ਤੋਂ ਕੁਝ ਦਿਨ ਬਾਅਦ ਹੀ ਉਥੋਂ ਖਿਸਕ ਗਿਆ।
ਉਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਹੈ। ਇਸ ਤੋਂ ਇਲਾਵਾ ਇਲਾਕੇ ਵਿਚ ਘੱਟ-ਗਿਣਤੀਆਂ ਪ੍ਰਤੀ ਨਫਰਤ ਫੈਲਾਉਣ ਤੇ ਉਨ੍ਹਾਂ ਵਿਚ ਅਸੁਰੱਖਿਅਤਾ ਪੈਦਾ ਕਰਨ ਲਈ ਕਈ ਗਰੁੱਪ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਵਿਚ ਰਾਸ਼ਟਰਵਾਦੀ ਪ੍ਰਤਾਪ ਸੈਨਾ, ਸਮਾਧਾਨ ਸੈਨਾ ਤੇ ਰਾਮ ਸੈਨਾ ਆਦਿ ਸ਼ਾਮਲ ਹਨ। ਇਨ੍ਹਾਂ ਦੇ ਉਕਤ ਪਿੰਡ ਤੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿਚ ਪੋਸਟਰ ਵੀ ਲੱਗੇ ਹੋਏ ਹਨ।