ਮੁਆਫੀ ਮਾਮਲਾ: ਬਾਦਲਾਂ ਵੱਲੋਂ ਸਿੱਖਾਂ ਦੇ ‘ਭੁਲੇਖੇ’ ਦੂਰ ਕਰਨ ਲਈ ਮੁਹਿੰਮ

ਚੰਡੀਗੜ੍ਹ: ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਅਕਾਲ ਤਖਤ ਦੇ ਫੈਸਲੇ ਦੇ ਹੱਕ ਵਿਚ ਲਾਮਬੰਦੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮਸਲੇ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿਆਦਾ ਦਿਲਚਸਪੀ ਵਿਖਾ ਰਹੇ ਹਨ।

ਸ਼ ਬਾਦਲ ਵੱਲੋਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੁਖਬੀਰ ਬਾਦਲ ਵੱਲੋਂ ਮੈਂਬਰਾਂ ਨੂੰ ਦੋ ਟੁੱਕ ਸੰਦੇਸ਼ ਦਿੱਤਾ ਗਿਆ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਬਾਰੇ ਅਕਾਲ ਤਖ਼ਤ ਦਾ ਫੈਸਲਾ ਪਵਿੱਤਰ ਹੈ ਤੇ ਇਸ ਉਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਡੇਰਾ ਮੁਖੀ ਨੂੰ ਮੁਆਫੀ ਦੇਣ ਕਰਕੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੱਡੇ ਪੱਧਰ ਉਤੇ ਸਿੱਖਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਸੰਦਰਭ ਵਿਚ ਸਿੱਖ ਮਰਿਆਦਾ ਦਾ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੀ ਨਿੱਜੀ ਤੌਰ ਤੇ ਪੇਸ਼ ਨਾ ਹੋਣ ਦੇ ਬਾਵਜੂਦ ਉਸ ਨੂੰ ਮੁਆਫੀ ਕਿਵੇਂ ਦੇ ਦਿੱਤੀ ਗਈ। ਸੁਖਬੀਰ ਬਾਦਲ ਨੇ ਆਪਣੀ ਰਿਹਾਇਸ਼ ‘ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ।
ਮੀਟਿੰਗ ਵਿਚ ਪੁੱਜੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਬਹੁਗਿਣਤੀ ਮੈਂਬਰ ਮੀਟਿੰਗ ਵਿਚ ਹਾਜ਼ਰ ਹੋਏ, ਪਰ ਪਤਾ ਲੱਗਿਆ ਹੈ ਕਿ 190 ਮੈਂਬਰੀ ਸਦਨ (170 ਚੁਣੇ ਹੋਏ ਤੇ 15 ਮਨੋਨੀਤ ਮੈਂਬਰਾਂ) ਵਿਚੋਂ 110 ਮੈਂਬਰਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ। ਮੁਆਫੀ ਦੇ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਮੀਟਿੰਗ ਵਿਚ ਨਹੀਂ ਸੱਦਿਆ ਗਿਆ, ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਕਿਰਪਾਲ ਸਿੰਘ ਬਡੂੰਗਰ ਵੀ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੌਕੇ ਡੇਰਾ ਮੁਖੀ ਵੱਲੋਂ ਲਿਖੇ ਗਏ ਪੱਤਰ ਦੀਆਂ ਕਾਪੀਆਂ ਵੀ ਮੈਂਬਰਾਂ ਨੂੰ ਵੰਡੀਆਂ ਗਈਆਂ ਤੇ ਉਨ੍ਹਾਂ ਨੂੰ ਅੱਗੋਂ ਇਹ ਸਿੱਖ ਸੰਗਤ ਵਿਚ ਵੰਡਣ ਲਈ ਕਿਹਾ ਗਿਆ ਹੈ ਤਾਂ ਕਿ ਇਹ ਧਾਰਨਾ ਦੂਰ ਕੀਤੀ ਜਾ ਸਕੇ ਕਿ ਡੇਰਾ ਮੁਖੀ ਨੇ ਮੁਆਫੀ ਨਹੀਂ ਮੰਗੀ ਸੀ। ਦੱਸਣਯੋਗ ਹੈ ਕਿ ਰਹੇ ਕਿ 2007 ਵਿਚ ਡੇਰਾ ਮੁਖੀ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਦੀ ਨਕਲ ਕਰਦਿਆਂ ਉੱਦਾਂ ਦਾ ਬਾਣਾ ਪਹਿਨ ਕੇ ਸਿੱਖ ਭਾਈਚਾਰੇ ਦਾ ਰੋਸ ਸਹੇੜ ਲਿਆ ਸੀ।
______________________________
ਸੁਖਬੀਰ ਵੱਲੋਂ ਜਥੇਦਾਰਾਂ ਲਈ ‘ਮਿਸ਼ਨ ਮਨੋਬਲ’ ਸ਼ੁਰੂ
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ‘ਚੜ੍ਹਦੀ ਕਲਾ’ ਵਿਚ ਰੱਖਣ ਲਈ ਖੁਫੀਆ ਤੌਰ ਉਤੇ ‘ਮਿਸ਼ਨ ਮਨੋਬਲ’ ਸ਼ੁਰੂ ਕੀਤਾ ਹੈ। ਇਸ ਮਿਸ਼ਨ ਲਈ ਤਾਇਨਾਤ ਅਕਾਲੀ ਨੇਤਾਵਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼ ਬਾਦਲ ਦੀ ਹਦਾਇਤ ‘ਤੇ ਜਥੇਦਾਰਾਂ ਨੂੰ ਹੌਸਲਾ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਤਖਤ ਕੇਸਗੜ੍ਹ ਸਾਹਿਬ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਹੁਣ ਸੰਗਤਾਂ ਵਿਚ ਜਾਣ ਤੋਂ ਝਿਜਕ ਰਹੇ ਹਨ। ਇਹ ਜਥੇਦਾਰ ਪਿਛਲੇ ਦਿਨਾਂ ਤੋਂ ਆਪਣੇ ਘਰਾਂ ਵਿਚੋਂ ਘੱਟ ਹੀ ਬਾਹਰ ਨਿਕਲ ਰਹੇ ਹਨ। ਉਪ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਨੇਤਾਵਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਜਥੇਦਾਰਾਂ ਨਾਲ ਰਾਬਤਾ ਰੱਖ ਕੇ ਉਨ੍ਹਾਂ ਨੂੰ ਚੜ੍ਹਦੀਕਲਾ ਵਿਚ ਰੱਖਣ ਲਈ ਕੋਸ਼ਿਸ਼ਾਂ ਕਰਨ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਮਗਰੋਂ ਜਥੇਦਾਰਾਂ ਨੂੰ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਟਾਕਰੇ ਲਈ ਅਕਾਲੀ ਦਲ ਨੇ ਨਵੀਂ ਰਣਨੀਤੀ ਘੜੀ ਹੈ।
___________________________________
ਮੁਆਫੀ ਬਾਰੇ ਫੈਸਲਾ ਵਿਚਾਰਨ ਵਾਲੀ ਕਮੇਟੀ ਠੰਢੇ ਬਸਤੇ ‘ਚ
ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪਿੱਛੋਂ ਸਿੱਖਾਂ ਵਿਚ ਪੈਦਾ ਹੋਏ ਰੋਹ ਨੂੰ ਸ਼ਾਂਤ ਕਰਨ ਦੇ ਮੰਤਵ ਨਾਲ ਇਸ ਫੈਸਲੇ ਨੂੰ ਵਿਚਾਰਨ ਲਈ ਬਣਾਈ ਜਾਣ ਵਾਲੀ ਸਿੱਖ ਵਿਦਵਾਨਾਂ ਦੀ ਕਮੇਟੀ ਦਾ ਮਸਲਾ ਉਲਝ ਗਿਆ ਹੈ। ਸੂਤਰਾਂ ਮੁਤਾਬਕ ਪੰਜ ਮੈਂਬਰੀ ਕਮੇਟੀ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਚੀਫ਼ ਖਾਲਸਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਦੋ ਹੋਰ ਮੈਂਬਰਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚੋਂ ਕੁਝ ਮੈਂਬਰਾਂ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਪ੍ਰਸਤਾਵਿਤ ਕਮੇਟੀ ਵੱਲੋਂ ਸਮੁੱਚੀ ਸਥਿਤੀ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਣ ਮਗਰੋਂ ਆਪਣੀ ਰਾਏ ਦਿੱਤੀ ਜਾਣੀ ਸੀ, ਜਿਸ ਦੇ ਆਧਾਰ ‘ਤੇ ਕੋਈ ਅਗਲਾ ਫੈਸਲਾ ਕਰਨ ਦੀ ਯੋਜਨਾ ਸੀ।ਪਹਿਲੀ ਵਾਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਲਏ ਫੈਸਲਿਆਂ ਬਾਰੇ ਵਿਚਾਰ-ਵਟਾਂਦਰੇ ਲਈ ਕਮੇਟੀ ਬਣਾਏ ਜਾਣ ਬਾਰੇ ਵਾਰ-ਵਾਰ ਤਰੀਕਾਂ ਬਦਲਣੀਆਂ ਪੈ ਰਹੀਆਂ ਹਨ ਤੇ ਸਿੱਖ ਬੁੱਧੀਜੀਵੀਆਂ ਤੇ ਪ੍ਰਮੁੱਖ ਸਿੱਖ ਹਸਤੀਆਂ ਵਿਚੋਂ ਬਹੁਤੇ ਕਮੇਟੀ ਵਿਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਰਹੇ ਹਨ। ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਦਾ ਐਲਾਨ ਕਰਨ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਰੀ ਝੰਡੀ ਮਿਲ ਗਈ ਸੀ। ਸੂਤਰਾਂ ਮੁਤਾਬਕ ਕਮੇਟੀ ਵਿਚ ਸ਼ਾਮਲ ਕੁਝ ਨਵੇਂ ਮੈਂਬਰਾਂ ਵੱਲੋਂ ਜੱਕੋ-ਤੱਕੀ ਵਿਚ ਪੈਣ ਬਾਅਦ ਵੀ ਕਮੇਟੀ ਦੇ ਗਠਨ ਦਾ ਐਲਾਨ ਨਹੀਂ ਹੋ ਸਕਿਆ।
______________________________________
ਜਥੇਦਾਰਾਂ ਨੂੰ ਕਿਸ ਗੱਲ ਦਾ ਭੈਅ?
ਚੰਡੀਗੜ੍ਹ: ਪੰਜ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ਤੋਂ ਬਾਅਦ ਸਿੰਘ ਸਾਹਿਬਾਨ ਨੂੰ ਹਮਲੇ ਦਾ ਭੈਅ ਹੈ। ਇਸੇ ਲਈ ਸਾਰੇ ਸਿੰਘ ਸਾਹਿਬਾਨ ਨੇ ਜਨਤਕ ਸਮਾਗਮਾਂ ਤੋਂ ਦੂਰੀ ਬਣਾਈ ਹੋਈ ਹੈ। ਜਨਰਲ ਏæਐਸ਼ ਵੈਦਯਾ ਨੂੰ ਕਤਲ ਕਰਨ ਵਾਲੇ ਦੋ ਸਿੱਖ ਨੌਜਵਾਨ ਜਿੰਦਾ ਤੇ ਸੁੱਖਾ ਦੇ ਬਰਸੀ ਸਮਾਗਮ ਮੌਕੇ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਆਗੂ ਗੈਰਹਾਜ਼ਰ ਰਹੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਉਤੇ ਹੋਏ ਹਮਲੇ ਤੋਂ ਬਾਅਦ ਹੋਰਾਂ ਜਥੇਦਾਰਾਂ ਨੂੰ ਵੀ ਹਮਲੇ ਦਾ ਭੈਅ ਹੈ। ਸਿੱਖ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਜਥੇਦਾਰ ‘ਤੇ ਹਮਲਾ ਹੋਇਆ ਹੋਵੇ। ਇਹ ਵੀ ਪਹਿਲੀ ਵਾਰ ਹੈ ਕਿ ਪੁਲਿਸ ਨੇ ਜਥੇਦਾਰਾਂ ਨੂੰ ਵੱਡੀ ਸੁਰੱਖਿਆ ਛਤਰੀ ਦਿੱਤੀ ਹੈ। ਡੇਰਾ ਮੁਖੀ ਨੂੰ ਦਿੱਤੀ ਮੁਆਫੀ ਤੋਂ ਬਾਅਦ ਪੰਜਾਬ ਸਮੇਤ ਦੇਸ-ਵਿਦੇਸ ਦੇ ਸਿੱਖਾਂ ਵਿਚ ਤਖਤਾਂ ਦੇ ਜਥੇਦਾਰਾਂ ਖਿਲਾਫ ਰੋਹ ਹੈ। ਸੋਸ਼ਲ ਮੀਡੀਆ ਵਿਚ ਵੀ ਜਥੇਦਾਰਾਂ ਲਈ ਹੇਠਲੇ ਪੱਧਰ ਦੀ ਵਰਤੀ ਜਾ ਰਹੀ ਭਾਸ਼ਾ ਤੋਂ ਵੀ ਸਾਫ ਹੈ ਕਿ ਜਥੇਦਾਰਾਂ ਦੇ ਸਨਮਾਨ ਵਿਚ ਦਿਨੋਂ ਦਿਨ ਗਿਰਾਵਟ ਆ ਰਹੀ ਹੈ। ਇਸ ਸਾਰੇ ਮਾਮਲੇ ਵਿਚ ਸਿੱਖ ਭਾਈਚਾਰੇ ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਦਾ ਵਿਰੋਧ ਸਭ ਤੋਂ ਵੱਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਜਥੇਦਾਰ ਗੁਰਮੁਖ ਸਿੰਘ ਨੇ ਇਸ ਫੈਸਲੇ ਵਿਚ ਅਹਿਮ ਭੂਮਿਕਾ ਨਿਭਾਈ ਹੈ।
______________________________________
ਸ਼੍ਰੋਮਣੀ ਕਮੇਟੀ ਦੇ ‘ਬਾਗੀਆਂ’ ਖਿਲਾਫ ਕਾਰਵਾਈ ਸ਼ੁਰੂ
ਅੰਮ੍ਰਿਤਸਰ: ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਧਿਰ ਦੀ ਸੋਚ ਤੋਂ ਉਲਟ ਜਾ ਕੇ ਖੜ੍ਹੇ ਹੋਣ ਵਾਲੇ ਟੌਹੜਾ ਧੜੇ ਦੇ ਦੋ ਆਗੂਆਂ ਜਥੇਦਾਰ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਨੂੰ ਹੁਣ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿਚੋਂ ਹਾਸ਼ੀਏ ‘ਤੇ ਧੱਕਣ ਦੀ ਕਾਰਵਾਈ ਉਤੇ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।
ਸ਼ ਭੌਰ ਤੇ ਪੰਜੋਲੀ ਨੂੰ 23-24 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਵਿਸ਼ਵ ਪੰਜਾਬੀ ਸੰਮੇਲਨ ਦੀ ਸਵਾਗਤੀ ਕਮੇਟੀ ਤੇ ਹੋਰਨਾਂ ਜ਼ਿੰਮੇਵਾਰੀਆਂ ਤੋਂ ਫਾਰਗ ਕੀਤਾ ਗਿਆ ਹੈ। ਇਹ ਕਮੇਟੀਆਂ ਨਿਰੋਲ ਰੂਪ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਖੇਤਰ ਵਿਚ ਹਨ, ਜਿਨ੍ਹਾਂ ਦੇ ਫਿਲਹਾਲ ਜ਼ੁਬਾਨੀ ਹੁਕਮਾਂ ‘ਤੇ ਉਕਤ ਦੋਵਾਂ ਅਹੁਦੇਦਾਰਾਂ ਦੇ ਨਾਂ ਕੱਟ ਦਿੱਤੇ ਗਏ ਹਨ। ਇਥੇ ਹੀ ਬੱਸ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾਣ ਵਾਲੇ ਹਰ ਫੈਸਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਬਾਕੀ ਸਾਰੀਆਂ ਸਬ ਕਮੇਟੀਆਂ ਵਿਚੋਂ ਵੀ ਲਾਂਭੇ ਕਰਨ ਦੀ ਚਾਰਾਜੋਈ ਅੰਦਰਖਾਤੇ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਜਥੇਦਾਰ ਭੌਰ ਤੇ ਪੰਜੌਲੀ ਨੇ ਡੇਰਾ ਮੁਖੀ ਨੂੰ ਮੁਆਫ਼ ਕਰਨ ਦੇ ਫੈਸਲੇ ਖਿਲਾਫ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ। ਇਸ ਨੂੰ ਪਾਰਟੀ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ। ਹਾਲਾਂਕਿ ਜਨਰਲ ਸਕੱਤਰ ਦੇ ਅਹੁਦੇ ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਦਿੱਤੀ ਹੋਣ ਕਰਕੇ ਜਥੇਦਾਰ ਭੌਰ ਨੂੰ ਉਸ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ, ਪਰ ਆਗੂਆਂ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਉਨ੍ਹਾਂ ਦੇ ਪਰ ਪੂਰੀ ਤਰ੍ਹਾਂ ਕੁਤਰ ਦਿੱਤੇ ਜਾਣ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣ ਕਿ ਉਨ੍ਹਾਂ ਨੂੰ ਤਰਜੀਹ ਨਾ ਦਿੱਤੀ ਜਾਵੇ।
ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਹੈ ਕਿ ਕਮੇਟੀਆਂ ਦੀ ਮੈਂਬਰਸ਼ਿਪ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਹਨ। ਉਹ ਜਿਸ ਨੂੰ ਚਾਹੁਣ ਰੱਖ ਸਕਦੇ ਜਾਂ ਕੱਢ ਸਕਦੇ ਹਨ, ਪਰ ਇਕ ਗੱਲ ਸਪੱਸ਼ਟ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਨਾਲ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਢਾਹ ਲੱਗੀ ਹੈ। ਉਨ੍ਹਾਂ ਨੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਤੇ ਕਰਦੇ ਰਹਿਣਗੇ।