ਉਤਰੀ ਭਾਰਤ ਵਿਚੋਂ ਪੰਜਾਬ ਵਿਚ ਹੋਇਆ ਸਭ ਤੋਂ ਵੱਧ ਨੁਕਸਾਨ

ਬਠਿੰਡਾ: ਚਿੱਟੇ ਮੱਛਰ ਨੇ ਇਸ ਵਾਰ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਵਿਚ ਵੀ ਫਸਲ ਬਰਬਾਦ ਕੀਤੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਭਾਰਤ ਵਿਚੋਂ ਸਭ ਤੋਂ ਘੱਟ ਨੁਕਸਾਨ ਪੰਜਾਬ ਵਿਚ ਹੋਇਆ ਹੈ, ਪਰ ਹਰਿਆਣਾ ਤੇ ਰਾਜਸਥਾਨ ਨੇ ਪੰਜਾਬ ਸਰਕਾਰ ਦੇ ਤੱਥਾਂ ਨੂੰ ਝੁਠਲਾ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਆਖਿਆ ਹੈ ਕਿ ਰਾਜਸਥਾਨ ਵਿਚ ਔਸਤਨ ਸੱਤ ਫੀਸਦੀ ਫਸਲ ਦਾ ਚਿੱਟੇ ਮੱਛਰ ਕਾਰਨ ਨੁਕਸਾਨ ਹੋਇਆ ਹੈ। ਇਵੇਂ ਹਰਿਆਣਾ ਨੇ ਆਖਿਆ ਹੈ ਕਿ ਖੇਤਰ ਵਿਚ ਪੰਜਾਬ ਤੋਂ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਰਾਜਸਥਾਨ ਦੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ (ਕਾਟਨ) ਬੀæਕੇæਨੈਣ ਨੇ ਦੱਸਿਆ ਕਿ ਰਾਜਸਥਾਨ ਵਿਚ ਚਿੱਟੇ ਮੱਛਰ ਨਾਲ ਸਭ ਤੋਂ ਘੱਟ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ 15 ਫੀਸਦੀ ਨੁਕਸਾਨ ਹਨੂੰਮਾਨਗੜ੍ਹ ਤੇ ਗੰਗਾਨਗਰ ਜ਼ਿਲ੍ਹੇ ਵਿਚ ਹੋਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁਕਾਬਲੇ ਤਾਂ ਰਾਜਸਥਾਨ ਦੇ ਕਿਸਾਨਾਂ ਨੇ ਸਪਰੇਆਂ ਵੀ ਕਾਫੀ ਘੱਟ ਕੀਤੀਆਂ ਹਨ। ਪੰਜਾਬ ਵਿਚ ਐਤਕੀਂ 4æ40 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਕਪਾਹ ਦੀ ਬਿਜਾਂਦ ਸੀ ਜਿਸ ਵਿਚੋਂ 1æ40 ਲੱਖ ਹੈਕਟੇਅਰ ਰਕਬਾ ਪ੍ਰਭਾਵਿਤ ਹੋਣ ਦੀ ਗੱਲ ਆਖੀ ਜਾ ਰਹੀ ਹੈ। ਹਰਿਆਣਾ ਦੇ ਖੇਤੀ ਵਿਭਾਗ ਦੇ ਵਧੀਕ ਡਾਇਰੈਕਟਰ ਡਾæ ਸੁਰੇਸ਼ ਗਹਿਲਾਵਤ ਨੇ ਦੱਸਿਆ ਕਿ ਸੂਬੇ ਵਿਚ 25 ਤੋਂ 30 ਫੀਸਦੀ ਫਸਲ ਚਿੱਟੇ ਮੱਛਰ ਕਾਰਨ ਪ੍ਰਭਾਵਿਤ ਹੋਈ ਹੈ ਜੋ ਪੰਜਾਬ ਤੋਂ ਘੱਟ ਹੈ। ਹਰਿਆਣਾ ਤੇ ਰਾਜਸਥਾਨ ਦੇ ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਰਾਜਾਂ ਵਿਚ ਕਿਤੇ ਵੀ ਸਬਸਿਡੀ ਵਾਲੇ ਕੀਟਨਾਸ਼ਕਾਂ ਦੀ ਵੰਡ ਨਹੀਂ ਕੀਤੀ ਗਈ।
______________________________________
ਅਜੇ ਹਾੜ੍ਹੀ ਦੀ ਫਸਲ ਦਾ ਵੀ ਨਹੀਂ ਮਿਲਿਆ ਮੁਆਵਜ਼ਾ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਚਿੱਟੇ ਮੱਛਰ ਦੇ ਹੱਲੇ ਕਾਰਨ ਨਰਮੇ ਦੀ ਹੋਈ ਬਰਬਾਦੀ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅਪਣਾਏ ਸਖਤ ਰੁਖ ਕਾਰਨ ਭਾਵੇਂ ਮੁਆਵਜ਼ੇ ਦੀ ਰਕਮ ਧੜਾ ਧੜ ਵੰਡਣ ਦੇ ਦਾਅਵੇ ਕਰ ਰਹੀ ਹੈ, ਪਰ ਜਨਵਰੀ ਵਿਚ ਬਾਰਸ਼ਾਂ ਕਾਰਨ ਹੋਏ ਨੁਕਸਾਨ ਦਾ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ। ਫਰਵਰੀ-ਮਾਰਚ ਵਿਚ ਹੋਈਆਂ ਬਾਰਸ਼ਾਂ, ਹੜ੍ਹਾਂ ਤੇ ਗੜਿਆਂ ਕਾਰਨ ਜ਼ਿਲ੍ਹੇ ਵਿਚ 15522 ਏਕੜ ਰਕਬੇ ਵਿਚ ਫਸਲ ਬਰਬਾਦ ਹੋ ਗਈ ਸੀ, ਜਿਸ ਦੇ ਬਦਲੇ 8,05,78,400 ਰੁਪਏ ਮੁਆਵਜ਼ਾ ਦੇਣਾ ਬਣਦਾ ਹੈ, ਪਰ ਇਸ ਵਿਚੋਂ ਅਜੇ ਤੱਕ ਕੌਡੀ ਵੀ ਨਹੀਂ ਦਿੱਤੀ ਗਈ। ਹਾਲਾਂਕਿ ਚਿੱਟੇ ਮੱਛਰ ਕਾਰਨ ਮੁਕਤਸਰ ਉਪ ਮੰਡਲ ਵਿਚ 21494 ਏਕੜ ਰਕਬੇ ਵਿਚ ਨਰਮੇ ਦੀ ਫਸਲ ਦੇ ਖਰਾਬੇ ਲਈ 17,15,72,400 ਰੁਪਏ, ਮਲੋਟ ਉਪ ਮੰਡਲ ਵਿਚ 74 ਏਕੜ ਦੇਸੀ ਕਪਾਹ ਤੇ 70792 ਏਕੜ ਨਰਮੇ ਦੇ ਨੁਕਸਾਨ ਲਈ 56,69,28,000 ਰੁਪਏ, ਗਿੱਦੜਬਾਹਾ ਉਪ ਮੰਡਲ ਵਿਚ 21670 ਏਕੜ ਦੇ ਨੁਕਸਾਨ ਲਈ 17,33,60,000 ਰੁਪਏ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ।
________________________________________
ਤੋਤਾ ਸਿੰਘ ਦੇ ਹੱਕ ਵਿਚ ਡਟੇ ਬਾਦਲ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਬਚਾਓ ਕਰਦਿਆਂ ਕਿਹਾ ਹੈ ਕਿ ਘਟੀਆ ਕੀਟਨਾਸ਼ਕਾਂ ਦਵਾਈਆਂ ਦੀ ਉੱਚ ਪੱਧਰੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਕਿਸੇ ਕੋਲੋਂ ਅਸਤੀਫਾ ਨਹੀਂ ਮੰਗਿਆ ਜਾ ਸਕਦਾ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕਾਂਗਰਸ ਸਮੇਤ ਕੁਝ ਰਾਜਨੀਤਕ ਪਾਰਟੀਆਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀ ਜਾਂਚ ਕਰ ਰਹੇ ਹਨ ਤੇ ਜਾਂਚ ਮੈਰਿਟ ‘ਤੇ ਹੋ ਰਹੀ ਹੈ। ਜਿਹੜਾ ਵੀ ਕਸੂਰਵਾਰ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
____________________________
ਕਿਸਾਨ ਅੰਦੋਲਨ ਨੇ ਫੇਲ੍ਹ ਕੀਤੀ ਸਰਕਾਰ: ਅੰਦੋਲਨ
ਚੰਡੀਗੜ੍ਹ: ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਠ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਅੰਦੋਲਨ ਦਾ ਕੋਈ ਹੱਲ ਨਾ ਨਿਕਲਣਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਤੇ ਪ੍ਰਸ਼ਾਸਨਿਕ ਅਸਫਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਮੁਸ਼ਕਿਲ ਹਾਲਾਤ ਵਿਚ ਹੱਲ ਕੱਢਣ ਦੇ ਕਾਬਲ ਨਹੀਂ ਹੈ। ਕਿਸਾਨ, ਸ਼ ਬਾਦਲ ਨੂੰ ਲਗਾਤਾਰ ਚਿਤਾਵਨੀ ਦਿੰਦੇ ਆ ਰਹੇ ਸਨ ਕਿ ਹਾਲਾਤ ਹੱਥੋਂ ਨਿਕਲ ਰਹੇ ਹਨ ਤੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ, ਸਰਕਾਰ ਨੇ ਇਸ ਪਾਸੇ ਆਪਣੀ ਨਾਕਾਮੀ ਵਿਖਾਈ।
______________________________
ਭਗਵੰਤ ਮਾਨ ਵੱਲੋਂ ਖੇਤੀ ਮੰਤਰੀ ਨੂੰ ਕਲੀਨ ਚਿੱਟ ਉਤੇ ਸਵਾਲ
ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ 33 ਕਰੋੜ ਰੁਪਏ ਦੀਆਂ ਕੀਟਨਾਸ਼ਕ ਦਵਾਈਆਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀ ਮਿਲੀਭੁਗਤ ਨਾਲ ਬਿਨਾਂ ਟੈਂਡਰ ਤੇ ਬਿਨਾਂ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਤੋਂ ਖਰੀਦ ਕੀਤੀਆਂ ਗਈਆਂ ਹਨ, ਜਿਸ ਦੀ ਸੀæਬੀæਆਈæ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ਦੀ ਜਾਂਚ ਤੋਂ ਬਿਨਾਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ ਜਦੋਂਕਿ ਜਾਂਚ ਤੋਂ ਪਹਿਲਾਂ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦਾ ਕੋਈ ਹੱਕ ਨਹੀਂ ਹੈ।