ਨੋਇਡਾ: ਗਾਊ ਮਾਸ ਖਾਣ ਦੀ ਗੱਲ ਕਹਿ ਕੇ ਬਿਸਹਾੜਾ ਪਿੰਡ ਵਿਚ ਮੁਹੰਮਦ ਅਖ਼ਲਾਕ ਦੀ ਹੱਤਿਆ ਕੋਈ ਹਾਦਸਾ ਨਹੀਂ ਸੀ, ਬਲਕਿ ਇਸ ਪਿੱਛੇ ਮਕਸਦ ਫਿਰਕੂ ਦੰਗੇ ਭੜਕਾ ਕੇ ਮੁਜੱਫਰਨਗਰ ਤੋਂ ਵੀ ਜ਼ਿਆਦਾ ਬੁਰੇ ਹਾਲਾਤ ਪੈਦਾ ਕਰਨਾ ਸੀ। ਇਹ ਖੁਲਾਸਾ ਖੁਫੀਆ ਰਿਪੋਰਟ ਵਿਚ ਹੋਇਆ ਹੈ।’ਟਾਈਮਜ਼ ਆਫ ਇੰਡੀਆ’ ਨੇ ਖੁਫੀਆ ਰਿਪੋਰਟ ਦੇ ਆਧਾਰ ਉਤੇ ਕਿਹਾ ਕਿ ਨੇੜਲੇ ਪਿੰਡਾਂ ਵਿਚ ਇਕ ਮਸਜਿਦ ਨੂੰ ਤੋੜਨ ਦੀ ਵੀ ਯੋਜਨਾ ਸੀ।
ਰਿਪੋਰਟ ਮੁਤਾਬਕ ਪ੍ਰਸ਼ਾਸਨ ਦੀ ਮੁਸਤੈਦੀ ਤੇ ਪਿੰਡ ਵਾਲਿਆਂ ਦੇ ਵਿਚ ਪੈਣ ਨਾਲ ਇਸ ਮਾਮਲੇ ਦਾ ਸੇਕ ਹੋਰ ਪਿੰਡਾਂ ਤੱਕ ਪਹੁੰਚਣ ਤੋਂ ਬਚਾਅ ਹੋ ਗਿਆ। ਅਖਬਾਰ ਨੇ ਖੁਫੀਆ ਰਿਪੋਰਟ ਦੇ ਆਧਾਰ ‘ਤੇ ਲਿਖਿਆ ਹੈ ਕਿ ਸਾਥਾ ਚੌਰਸੀ ਦੇ ਪੂਰੇ ਇਲਾਕੇ ਵਿਚ ਦੰਗਾ ਭੜਕਾਉਣ ਦੀ ਯੋਜਨਾ ਸੀ। ਬਿਸਹਾੜਾ ਪਿੰਡ ਵਿਚ ਰਾਜਪੂਤਾਂ ਦੀ ਬਹੁਤਾਂਤ ਹੈ, ਜਿਸ ਨੂੰ ਸਾਥਾ ਚੌਰਸੀ ਕਿਹਾ ਜਾਂਦਾ ਹੈ। ਇਨ੍ਹਾਂ ਪਿੰਡਾਂ ਦੇ ਨੇੜੇ ਹੀ ਡਾਸਨਾ ਤੇ ਮਸੂਰੀ ਪਿੰਡ ਹਨ, ਜਿਥੇ ਮੁਸਲਮਾਨਾਂ ਦੀ ਕਾਫੀ ਆਬਾਦੀ ਹੈ। ਖੁਫੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਖ਼ਲਾਕ ਦੀ ਹੱਤਿਆ ਦੇ ਦੂਜੇ ਦਿਨ ਦਾਦਰੀ ਵਿਚ ਐਨæਟੀæਪੀæਸੀæ ਕੋਲ ਗਾਊ ਹੱਤਿਆ ਖਿਲਾਫ ਪ੍ਰਦਰਸ਼ਨ ਇਸੇ ਕੜੀ ਦਾ ਹਿੱਸਾ ਸੀ।
ਕਾਬਲੇਗੌਰ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਚੋਣਾਂ ਤੋਂ ਪਹਿਲਾਂ ਦੰਗੇ ਕਰਾਉਣਾ ਭਾਰਤੀ ਸਿਆਸਤ ਦੀ ਰਵਾਇਤ ਜਿਹੀ ਬਣ ਗਈ ਹੈ। ਇਸ ਲਈ ਇਸ ਖੁਫੀਆ ਰਿਪੋਰਟ ਦੀਆਂ ਦਲੀਲਾਂ ਵਜ਼ਨਦਾਰ ਨਜ਼ਰ ਆ ਰਹੀਆਂ ਹਨ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਤਮ ਬੁੱਧ ਨਗਰ ਦੇ ਦਾਦਰੀ ਨੇੜੇ ਵੱਸੇ ਪਿੰਡ ਬਿਸਹੇੜਾ ਵਿਚ 28 ਸਤੰਬਰ ਨੂੰ ਇਕ ਸਥਾਨਕ ਧਾਰਮਿਕ ਅਸਥਾਨ ਤੋਂ ਪੁਜਾਰੀ ਵੱਲੋਂ ਸਪੀਕਰ ਉਤੇ ਇਹ ਐਲਾਨ ਕਰਕੇ ਲੋਕਾਂ ਨੂੰ ਭੜਕਾਇਆ ਗਿਆ ਕਿ ਮੁਹੰਮਦ ਅਖ਼ਲਾਕ ਦੇ ਪਰਿਵਾਰ ਨੇ ਗਊ ਦਾ ਮਾਸ ਪਕਾਇਆ ਹੈ ਤੇ ਫਰਿੱਜ ਵਿਚ ਰੱਖਿਆ ਹੋਇਆ ਹੈ।ਇਸ ਤੋਂ ਬਾਅਦ ਬਹੁਗਿਣਤੀ ਭਾਈਚਾਰੇ ਨਾਲ ਸਬੰਧਤ ਭੀੜ ਨੇ 50 ਸਾਲਾ ਅਖ਼ਲਾਕ ਦੇ ਘਰ ‘ਤੇ ਹਮਲਾ ਕੀਤਾ ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਦੇ 20 ਸਾਲਾ ਲੜਕੇ ਦਾਨਿਸ਼ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।
_________________________________
ਮੋਦੀ ਵੱਲ ਤਣੀਆਂ ਘਰ ਅੰਦਰੋਂ ਹੀ ਤੋਪਾਂ
ਆਗਰਾ: ਦੇਸ਼ ਵਿਚ ਵਧ ਰਹੇ ਫਿਰਕੂ ਤਣਾਅ ਕਰਕੇ ਜਿਥੇ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉਤੇ ਹੈ, ਉਥੇ ਬੀæਜੀæਪੀæ ਦੇ ਅੰਦਰੋਂ ਵੀ ਸੁਰਾਂ ਉੱਠਣ ਲੱਗੀਆਂ ਹਨ। ਇਸ ਦਾ ਸੰਕੇਤ ਵਿੱਤ ਮੰਤਰੀ ਅਰੁਣ ਜੇਤਲੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਦੇ ਤਾਜ਼ਾ ਬਿਆਨਾਂ ਤੋਂ ਮਿਲਦਾ ਹੈ। ਦਾਦਰੀ ਕਾਂਡ ਉਤੇ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਖਾਮੋਸ਼ ਹਨ, ਪਰ ਜੇਤਲੀ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਧਰ, ਅਡਵਾਨੀ ਨੇ ਵੀ ਇਸ਼ਾਰਿਆਂ-ਇਸ਼ਾਰਿਆਂ ਵਿਚ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਆਗਰਾ ਆਏ ਅਡਵਾਨੀ ਤੋਂ ਜਦੋਂ ਦਾਦਰੀ ਕਾਂਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਬੋਲਣਗੇ। ਜੇਕਰ ਬੋਲੇ ਤਾਂ ਅਟਲ ਜੀ ਨੂੰ ਚੰਗਾ ਨਹੀਂ ਲੱਗੇਗਾ।
____________________________
ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬੇ!
ਨਵੀਂ ਦਿੱਲੀ: ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਮਾਮਲਾ ਸੰਯੁਕਤ ਰਾਸ਼ਟਰ ਕੋਲ ਉਠਾਇਆ ਜਾਏਗਾ। ਇਹ ਦਾਅਵਾ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਆਜ਼ਮ ਖਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜ ਸਿਤਾਰਾ ਹੋਟਲਾਂ ਵਿਚ ਬੀਫ ਪਰੋਸਿਆ ਜਾਂਦਾ ਹੈ। ਜੇਕਰ ਹਿੰਮਤ ਹੈ ਤਾਂ ਇਨ੍ਹਾਂ ਹੋਟਲਾਂ ਨੂੰ ਵੀ ਬਾਬਰੀ ਮਸਜਿਦ ਵਾਂਗ ਤੋੜ ਦੇਵੋ। ਉਨ੍ਹਾਂ ਗਾਊ ਭਗਤਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਅੱਜ ਤੋਂ ਕਿਸੇ ਵੀ ਹੋਟਲ ਦੇ ਮੈਨਿਊ ਵਿਚ ਬੀਫ ਦੀ ਕੀਮਤ ਨਾ ਲਿਖਣ ਦੇਵੋ। ਉਨ੍ਹਾਂ ਕਿਹਾ ਕਿ ਅਸਲ ਵਿਚ ਬੀæਜੇæਪੀæ ਤੇ ਆਰæਐਸ਼ਐਸ਼ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀਆਂ ਹਨ। ਇਸ ਲਈ ਘੱਟ ਗਿਣਤੀਆਂ ਨੂੰ ਖਤਰਾ ਹੈ।
_________________________________
ਅਖ਼ਲਾਕ ਦੇ ਘਰ ਗਾਂ ਦਾ ਮਾਸ ਨਹੀਂ, ਮਟਨ ਸੀ: ਰਿਪੋਰਟ
ਨਵੀਂ ਦਿੱਲੀ: ਦਾਦਰੀ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਗਾਂ ਦਾ ਮਾਸ ਖਾਣ ਦੇ ਸ਼ੱਕ ਵਿਚ ਕਤਲ ਕੀਤੇ ਗਏ ਅਖ਼ਲਾਕ ਦੇ ਘਰੋਂ ਬਰਾਮਦ ਮਾਸ ਦੀ ਜਾਂਚ ਰਿਪੋਰਟ ਆ ਗਈ ਹੈ। ਰਿਪੋਰਟ ਮੁਤਾਬਕ ਇਹ ਗਾਂ ਦਾ ਮਾਸ ਨਹੀਂ ਸਗੋਂ ਮਟਨ ਸੀ। ਪੀੜਤ ਪਰਿਵਾਰ ਲਗਾਤਾਰ ਦਾਅਵਾ ਕਰਦਾ ਆਇਆ ਹੈ ਕਿ ਉਨ੍ਹਾਂ ਦੇ ਘਰ ਗਾਂ ਦਾ ਮਾਸ ਨਹੀਂ ਸੀ। ਰਿਪੋਰਟ ਵਿਚ ਸਾਫ ਹੋ ਗਿਆ ਹੈ ਕਿ ਜਿਹੜਾ ਮਾਸ ਅਖ਼ਲਾਕ ਦੇ ਘਰੋਂ ਮਿਲਿਆ ਉਹ ਗਾਂ ਦਾ ਨਹੀਂ ਸੀ। ਜਾਂਚ ਰਿਪੋਰਟ ਵਿਚ ਇਸ ਮਾਸ ਦੇ ਮਟਨ ਹੋਣ ਦੀ ਪੁਸ਼ਟੀ ਹੋ ਗਈ ਹੈ। ਗੌਤਮ ਬੁੱਧ ਨਗਰ ਪ੍ਰਸ਼ਾਸਨ ਨੇ ਘਰ ਵਿਚੋਂ ਬਰਾਮਦ ਹੋਏ ਮਾਸ ਦੀ ਪਸ਼ੂ ਡਾਕਟਰ ਤੋਂ ਜਾਂਚ ਕਰਵਾਈ, ਇਸ ਤੋਂ ਬਾਅਦ ਮਥੁਰਾ ਲੈਬ ਵਿਚ ਜਾਂਚ ਲਈ ਭੇਜਿਆ ਗਿਆ ਸੀ।
_____________________________
ਦਾਦਰੀ ਕਾਂਡ ਨੂੰ ਨਰੇਂਦਰ ਮੋਦੀ ਦੀ ਸਹਿਮਤੀ?
ਨਵੀਂ ਦਿੱਲੀ: ਦਾਦਰੀ ਕਾਂਡ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਦਿੱਗਵਿਜੈ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਮੋਦੀ ਇਸ ਘਟਨਾ ‘ਤੇ ਆਖਰ ਮੌਨ ਕਿਉਂ ਹਨ। ਦਿੱਗਵਿਜੈ ਨੇ ਦਾਦਰੀ ਤੇ ਵਾਰਾਨਸੀ ਨੂੰ ਆਪਣੇ ਤਰੀਕੇ ਨਾਲ ਜੋੜਦੇ ਹੋਏ ਪੀæਐਮæ ਮੋਦੀ ‘ਤੇ ਹਮਲਾ ਬੋਲਿਆ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਹਰ ਛੋਟੀ-ਮੋਟੀ ਘਟਨਾ ‘ਤੇ ਮੋਦੀ ਜੀ ਟਵੀਟ ਕਰਦੇ ਹਨ, ਪਰ ਦਾਦਰੀ ਤੇ ਵਾਰਾਨਸੀ ਦੀ ਘਟਨਾ ‘ਤੇ ਮੌਨ ਕਿਉਂ ਹਨ। ਉਨ੍ਹਾਂ ਕਿਹਾ ਹੈ ਕਿ ਸ਼ਾਇਦ ਦਾਦਰੀ ਘਟਨਾ ‘ਤੇ ਉਨ੍ਹਾਂ ਦੀ ਸਹਿਮਤੀ ਹੋਏ।
_______________________________
ਬੀਫ ਪਾਰਟੀ ਦੇਣ ਵਾਲੇ ਵਿਧਾਇਕ ਨੂੰ ਵਿਧਾਨ ਸਭਾ ‘ਚ ਕੁਟਾਪਾ
ਸ੍ਰੀਨਗਰ: ਕੁਝ ਭਾਜਪਾ ਵਿਧਾਇਕਾਂ ਨੇ ਇਥੇ ਗਊ ਮਾਸ ਪਾਰਟੀ ਕਰਨ ਉਤੇ ਆਜ਼ਾਦ ਵਿਧਾਇਕ ਸ਼ੇਖ ਅਬਦੁਲ ਰਾਸ਼ਿਦ ਦੀ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਕੁੱਟ ਮਾਰ ਕੀਤੀ, ਜਿਸ ਨੂੰ ਲੈ ਕੇ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਕੀਤਾ ਤੇ ਸਦਨ ਦਾ ਬਾਈਕਾਟ ਕੀਤਾ। ਗਊ ਮਾਸ ਪਾਰਟੀ ਕਰਨ ਵਾਲੇ ਵਿਧਾਇਕ ਨੂੰ ਕੁੱਟਣ ਦੀ ਘਟਨਾ ਅਜਿਹੇ ਸਮੇਂ ਹੋਈ ਹੈ ਜਦ ਵਿਧਾਨ ਸਭਾ ਵਿਚ ਮਾਸ ‘ਤੇ ਪਾਬੰਦੀ ਬਾਰੇ ਬਿੱਲ ਪੇਸ਼ ਕੀਤਾ ਜਾਣਾ ਸੀ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਕਿਹਾ ਕਿ ਇਸ ਘਟਨਾ ਨੂੰ ਪਚਾ ਪਾਉਣਾ ਅਸੰਭਵ ਹੈ।
______________________________
ਦਾਦਰੀ ਕਾਂਡ ਉਤੇ ਪਾਕਿਸਤਾਨ ਦੀ ਨਸੀਹਤ
ਇਸਲਾਮਾਬਾਦ: ਭਾਰਤ ਵਿਚ ਹੋਏ ਦਾਦਰੀ ਕਾਂਡ ਵਿਚ ਪਾਕਿਸਤਾਨ ਵੀ ਕੁੱਦ ਪਿਆ ਹੈ। ਪਾਕਿਸਤਾਨ ਨੇ ਆਖਿਆ ਹੈ ਕਿ ਭਾਰਤ ਧਰਮ ਨਿਰਪੱਖ ਦੇਸ਼ ਹੋਣ ਦਾ ਦਾਅਵਾ ਕਰਦਾ ਹੈ ਤਾਂ ਫਿਰ ਮੁਸਲਮਾਨਾਂ ਉੱਤੇ ਹਮਲੇ ਕਿਉਂ ਹੋ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਾਜ਼ੀ ਖਲੀਲ ਓੱਲਾ ਨੇ ਆਖਿਆ ਹੈ ਕਿ ਭਾਰਤ ਵਿਚ ਬੀਫ ਬੈਨ ਉੱਤੇ ਰਾਜਨੀਤੀ ਗਰਮਾ ਰਹੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਬੀਫ ਐਕਸਪੋਟਰ ਹੈ ਜੋ ਬਿਨਾਂ ਗਾਂ ਦੀ ਹੱਤਿਆ ਦੇ ਨਹੀਂ ਹੋ ਸਕਦਾ।