ਚੰਡੀਗੜ੍ਹ: ਪੰਜਾਬ ਵਿਚ ਬਹੁਕਰੋੜੀ ਨਸ਼ਾ ਤਸਕਰੀ ਦਾ ਮਾਮਲਾ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਰਫਤਾਰ ਤੇ ਗੈਰ-ਸੰਜੀਦਗੀ ਉਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਜਾਂਚ ਸੀæਬੀ ਆਈæ ਤੋਂ ਕਰਵਾਉਣ ਦੀ ਮੰਗ ਰੱਦ ਕਰਦਿਆਂ ਕਿਹਾ ਹੈ ਕਿ ਇਸ ਕੇਸ ਨਾਲ ਸਬੰਧਤ ਕਈ ਹੋਰ ਮਾਮਲਿਆਂ ਵਿਚ ਚਾਰਜਸ਼ੀਟਾਂ ਵਿਸ਼ੇਸ਼ ਅਦਾਲਤ ਵਿਚ ਦਾਖਲ ਕੀਤੀਆਂ ਜਾ ਚੁੱਕਣ ਕਰਕੇ ਇਸ ਪੜਾਅ ‘ਤੇ ਕੇਸ ਸੀæਬੀæਆਈæ ਨੂੰ ਸੌਂਪਣਾ ਦਰੁਸਤ ਨਹੀਂ ਹੈ।
ਉਂਜ, ਅਦਾਲਤ ਵੱਲੋਂ ਸਮੁੱਚੇ ਕੇਸ ਨੂੰ ਮੁੜ ਵਾਚਣ ਲਈ ਤਿੰਨ ਆਈæਪੀæਐਸ਼ ਅਧਿਕਾਰੀਆਂ-ਜੀ ਨਾਗੇਸ਼ਵਰ ਰਾਓ, ਈਸ਼ਵਰ ਸਿੰਘ ਤੇ ਬੀæ ਨੀਰਜਾ ‘ਤੇ ਆਧਾਰਤ ਇਕ ਕਮੇਟੀ ਗਠਨ ਕਰਨ ਦੇ ਦਿੱਤੇ ਗਏ ਹੁਕਮ ਇਸ ਕੇਸ ਦੀ ਨਿਰਪੱਖ ਜਾਂਚ ਲਈ ਕੁਝ ਰਾਹਤ ਭਰਪੂਰ ਹੋ ਸਕਦੇ ਹਨ। ਕਮੇਟੀ ਦੇ ਮੈਂਬਰ ਤਿੰਨੇ ਅਧਿਕਾਰੀ ਪੰਜਾਬ ਤੋਂ ਬਾਹਰਲੇ ਹਨ। ਇਨ੍ਹਾਂ ਦੇ ਸਰਕਾਰੀ ਜਾਂ ਗੈਰ-ਸਰਕਾਰੀ ਦਬਾਅ ਹੇਠ ਆਉਣ ਦੀ ਗੁੰਜਾਇਸ਼ ਜ਼ਾਹਰਾ ਤੌਰ ‘ਤੇ ਘੱਟ ਜਾਪਦੀ ਹੈ।
ਉੱਚ ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਜੇਕਰ ਇਸ ਕੇਸ ਦੀ ਚਾਰਜਸ਼ੀਟ ਦਾਖਲ ਕਰਨ ਸਬੰਧੀ ਕਮੇਟੀ ਨੂੰ ਕੋਈ ਬੇਨਿਯਮੀ ਨਜ਼ਰ ਆਈ ਤਾਂ ਉਹ ਅਦਾਲਤ ਦੇ ਧਿਆਨ ਵਿਚ ਲਿਆਂਦੀ ਜਾ ਸਕਦੀ ਹੈ। ਅਦਾਲਤ ਵੱਲੋਂ ਕਮੇਟੀ ਦੀ ਜਾਂਚ ਰਿਪੋਰਟ ਪੇਸ਼ ਕਰਨ ਲਈ 31 ਦਸੰਬਰ ਤੱਕ ਦੀ ਸਮਾਂ ਸੀਮਾ ਨਿਸ਼ਚਿਤ ਕਰਨਾ ਵੀ ਹਾਂ-ਪੱਖੀ ਕਦਮ ਹੈ।
ਇਸ ਮਾਮਲੇ ਨਾਲ ਸਬੰਧਤ ਕਈ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੇਸ ਦੀ ਜਾਂਚ ਵਿਚ ਢਿੱਲ-ਮੱਠ ਲਈ ਸੂਬਾ ਸਰਕਾਰ ਨੂੰ ਝਾੜ ਪਾਈ ਹੈ। ਇਸ ਬਹੁਚਰਚਿਤ ਨਸ਼ਾ ਤਸਕਰੀ ਕੇਸ ਵਿਚ ਕੌਮਾਂਤਰੀ ਪਹਿਲਵਾਨ ਤੇ ਪੰਜਾਬ ਪੁਲਿਸ ਦੇ ਮੁਅੱਤਲ ਡੀæਐਸ਼ਪੀæ ਜਗਦੀਸ਼ ਭੋਲਾ ਨੂੰ ਨਵੰਬਰ 2013 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਕੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਿੰਦਰ ਸਿੰਘ ਉਰਫ ਬਿੱਟੂ ਔਲਖ ਤੇ ਦੋ ਕਾਰੋਬਾਰੀ ਭਰਾਵਾਂ ਜਗਜੀਤ ਸਿੰਘ ਚਾਹਲ ਤੇ ਪਰਮਜੀਤ ਸਿੰਘ ਚਾਹਲ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।
ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਹੋਏ ਖੁਲਾਸਿਆਂ ਦੇ ਵੇਰਵਿਆਂ ਮੁਤਾਬਕ ਨਸ਼ਿਆਂ ਦੀ ਤਸਕਰੀ ਦੇ ਧੰਦੇ ਵਿਚ ਕਈ ਵੱਡੇ ਰਸੂਖਵਾਨਾਂ ਦੇ ਨਾਂ ਬੋਲਣ ਨਾਲ ਸਰਕਾਰੀ ਤੇ ਗੈਰ-ਸਰਕਾਰੀ ਹਲਕਿਆਂ ਵਿਚ ਖਲਬਲੀ ਮੱਚ ਗਈ ਸੀ। ਵਿਰੋਧੀ ਧਿਰ ਨੇ ਰਸੂਖਵਾਨਾਂ ਦੇ ਅਸਤੀਫਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਉਲਟਾ ਇਸ ਕੇਸ ਦੀ ਜਾਂਚ ਨੂੰ ਹੀ ਲੀਹੋਂ ਲਾਹ ਦਿੱਤਾ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਉਚ ਤਫਤੀਸ਼ੀ ਅਧਿਕਾਰੀ ਨੂੰ ਵੀ ਬਦਲਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਕੇਸ ਵਿਚ ਨਾਮਜ਼ਦ ਤੇ ਗ੍ਰਿਫਤਾਰ ਮੁੱਖ ਮੁਲਜ਼ਮ ਜਗਦੀਸ਼ ਭੋਲਾ ਤੇ ਹੋਰਾਂ ਨੇ ਇਸ ਕੇਸ ਦੀਆਂ ਤਾਰਾਂ ਉਪਰ ਤੱਕ ਜੁੜੀਆਂ ਹੋਣ ਦਾ ਹਵਾਲਾ ਦੇ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਹ ਕੇਸ ਪੰਜਾਬ ਪੁਲਿਸ ਤੋਂ ਲੈ ਕੇ ਸੀæਬੀæਆਈæ ਨੂੰ ਦੇਣ ਦੀ ਗੁਹਾਰ ਲਾਈ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
______________________________________
ਆਈæਪੀæਐਸ਼ ਅਫਸਰਾਂ ਦੀ ਟੀਮ ਬਣਾਉਣ ਦੀ ਹਦਾਇਤ
ਚੰਡੀਗੜ੍ਹ: ਪੰਜਾਬ ਵਿਚ ਬਹੁ ਕਰੋੜੀ ਨਸ਼ਾ ਤਸਕਰੀ ਦੇ ਮਾਮਲੇ ਦੀ ਸੀæਬੀæਆਈæ ਜਾਂਚ ਕਰਾਉਣ ਦੀ ਮੰਗ ਨੂੰ ਖਾਰਜ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਹਦਾਇਤ ਕੀਤੀ ਹੈ ਕਿ ਤਿੰਨ ਆਈæਪੀæਐਸ਼ ਅਫ਼ਸਰਾਂ ‘ਤੇ ਆਧਾਰਿਤ ਨਿਗਰਾਨ ਕਮੇਟੀ ਬਣਾਈ ਜਾਵੇ। ਇਹ ਕਮੇਟੀ ਸਾਰੇ ਵਿਵਾਦ ਦੀ ਪੜਤਾਲ ਕਰਕੇ 31 ਦਸੰਬਰ ਤੱਕ ਰਿਪੋਰਟ ਦਾਖਲ ਕਰੇਗੀ।
______________________________
ਸੁਪਰੀਮ ਕੋਰਟ ਜਾਵੇਗਾ ਜਗਦੀਸ਼ ਭੋਲਾ
ਪਟਿਆਲਾ: ਜਗਦੀਸ਼ ਭੋਲਾ ਵੱਲੋਂ ਡਰੱਗ ਤਸਕਰੀ ਦਾ ਮਾਮਲਾ ਸੀæਬੀæਆਈæ ਹਵਾਲੇ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਉਸ ਵੱਲੋਂ ਆਪਣੇ ਵਕੀਲ ਐਡਵੋਕੇਟ ਸਤੀਸ਼ ਕਰਕਰਾ ਰਾਹੀਂ ਸੁਪਰੀਮ ਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਵੱਲੋਂ ਅਜਿਹੀ ਹੀ ਮੰਗ ਤਹਿਤ ਹਾਈਕੋਰਟ ਵਿਚ ਵੀ ਰਿੱਟ ਦਾਇਰ ਕੀਤੀ ਗਈ ਸੀ, ਪਰ ਇਹ ਪਟੀਸ਼ਨ ਪਿਛਲੇ ਹਫਤੇ ਖਾਰਜ ਕਰ ਦਿੱਤੀ ਗਈ ਸੀ।