ਕੈਲੰਡਰ ਵਿਵਾਦ ਨੇ ਮੁੜ ਦੁਚਿੱਤੀ ਵਿਚ ਪਾਈ ਸੰਗਤ

ਅੰਮ੍ਰਿਤਸਰ: ਕੈਲੰਡਰ ਵਿਵਾਦ ਨੇ ਸਿੱਖ ਸੰਗਤ ਵਿਚ ਇਕ ਵਾਰ ਫਿਰ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਇਸ ਵਿਵਾਦ ਕਾਰਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ ਜਾਵੇਗਾ। ਸਿੱਖ ਜਥੇਬੰਦੀਆਂ ਅਕਾਲ ਪੁਰਖ ਕੀ ਫੌਜ ਤੇ ਪੰਥਕ ਤਾਲਮੇਲ ਸੰਗਠਨ ਵੱਲੋਂ ਅੱਠ ਅਕਤੂਬਰ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ।

ਜਦੋਂ ਕਿ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪ੍ਰਕਾਸ਼ ਪੁਰਬ 29 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੈਲੰਡਰ ਵਿਵਾਦ ਕਾਰਨ ਸਮੁੱਚਾ ਸਿੱਖ ਜਗਤ ਦੁਬਿਧਾ ਵਿੱਚ ਹੈ ਤੇ ਵਧੇਰੇ ਗੁਰਪੁਰਬ ਦੋ-ਦੋ ਵਾਰ ਵੱਖ-ਵੱਖ ਤਰੀਕਾਂ ‘ਤੇ ਮਨਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਵਰ੍ਹੇ ਨਵਾਂ ਕੈਲੰਡਰ ਜਾਰੀ ਕੀਤਾ ਗਿਆ ਸੀ ਜਿਸ ਨੂੰ ਭਾਰਤ ਸਮੇਤ ਵੱਡੀ ਗਿਣਤੀ ਵਿਦੇਸ਼ੀ ਸਿੱਖ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਸੀ। ਨਵੇਂ ਕੈਲੰਡਰ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਗੱਦੀ ਦਿਵਸ ਪੰਜ ਚੇਤ ਭਾਵ 18 ਮਾਰਚ ਨੂੰ ਦਰਸਾਇਆ ਗਿਆ ਹੈ। ਇਹ ਦਿਹਾੜਾ ਪਹਿਲਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਮੇਸ਼ਾ 14 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਲਈ ਪਹਿਲੇ ਦਿਨ ਹੀ ਨਵੇਂ ਕੈਲੰਡਰ ਕਾਰਨ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗੁਰਗੱਦੀ ਦਿਵਸ ਬਾਰੇ ਮਤਭੇਦ ਪੈਦਾ ਹੋ ਗਏ। ਇਸੇ ਤਰ੍ਹਾਂ ਹੋਰ ਗੁਰੂ ਸਾਹਿਬਾਨ ਦੇ ਦਿਵਸ ਵੀ ਪਹਿਲੇ ਕੈਲੰਡਰਾਂ ਨਾਲ ਮੇਲ ਨਹੀਂ ਖਾਂਦੇ। ਨਵੇਂ ਕੈਲੰਡਰ ਵਿਚ ਕਈ ਸਿੱਖ ਜਰਨੈਲਾਂ ਦੇ ਸ਼ਹੀਦੀ ਦਿਹਾੜੇ ਵੀ ਮਨਫ਼ੀ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਕਈ ਹਿੰਦੂ ਭਾਈਚਾਰੇ ਦੇ ਤਿਉਹਾਰਾਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਜਦੋਂਕਿ ਪਿਛਲੇ ਕੈਲੰਡਰਾਂ ਵਿਚ ਇਹ ਜਾਣਕਾਰੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ 2003 ਵਿਚ ਜਾਰੀ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਹੋਲੀ ਤੇ ਹੋਲਾ ਮੁਹੱਲਾ, ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਛੱਡ ਕੇ ਬਾਕੀ ਗੁਰਪੁਰਬਾਂ ਤੇ ਦਿਨ ਤਿਉਹਾਰਾਂ ਦੀਆਂ ਤਰੀਕਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਸਨ। 2010 ਵਿਚ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿਚ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਸ਼ਾਮਲ ਕੀਤੇ ਜਾਣ ਕਾਰਨ ਕਈ ਤਰੀਕਾਂ ਪੁਰਾਣੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਨ ਤੇ ਕੁਝ ਤਰੀਕਾਂ ਨਵੀਆਂ ਸਨ। ਨਵੇਂ ਕੈਲੰਡਰ ਵਿਚ ਗੁਰਪੁਰਬਾਂ ਦੀਆਂ ਤਰੀਕਾਂ ਦੋਵੇਂ ਕੈਲੰਡਰਾਂ ਤੋਂ ਅਲੱਗ ਹੋਣ ਕਾਰਨ ਉਸ ਨੂੰ ਪੂਰੀ ਤਰ੍ਹਾਂ ਬਿਕਰਮੀ ਕੈਲੰਡਰ ਦਾ ਰੂਪ ਦੱਸਿਆ ਜਾ ਰਿਹਾ ਹੈ। ਸੋਧੇ ਹੋਏ (ਨਾਨਕਸ਼ਾਹੀ) ਕੈਲੰਡਰ ਮੁਤਾਬਕ ਵੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਅੱਠ ਅਕਤੂਬਰ ਨੂੰ ਮਨਾਇਆ ਜਾਂਦਾ ਸੀ ਜਦਕਿ ਕਿ ਇਸ ਵਾਰ ਇਹ 29 ਅਕਤੂਬਰ ਨੂੰ ਆਏਗਾ। ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਗੁਰੂ ਅਮਰਦਾਸ ਜੀ ਦਾ ਜੋਤੀ-ਜੋਤਿ, ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਵੀ ਬਿਕਰਮੀ ਕੈਲੰਡਰ ਅਨੁਸਾਰ ਬਦਲ ਦਿੱਤਾ ਗਿਆ ਹੈ।
________________________________
ਕੈਲੰਡਰ ਬਾਰੇ ਕਮੇਟੀ ਵੀ ਵਿਵਾਦਾਂ ਵਿਚ
ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਵੱਲੋਂ ਕੈਲੰਡਰ ਵਿਵਾਦ ਦੇ ਹੱਲ ਲਈ ਬਣਾਈ 18 ਮੈਂਬਰੀ ਕਮੇਟੀ ਵੀ ਵਿਵਾਦਾਂ ਵਿਚ ਘਿਰੀ ਹੋਈ ਹੈ। ਕਮੇਟੀ ਵਿਚ ਨਾਨਕਸ਼ਾਹੀ ਕੈਲੰਡਰ ਸਮਰਥਕ ਘੱਟ, ਆਲੋਚਕ ਵੱਧ ਹਨ। ਕਮੇਟੀ ਵਿਚ ਸਮਰਥਕ ਵਜੋਂ ਇਕੱਲੇ ਪਾਲ ਸਿੰਘ ਪੁਰੇਵਾਲ ਹੀ ਹਨ। ਬਿਕਰਮੀ ਕੈਲੰਡਰ ਵਿਚ ਵਧੇਰੇ ਖਾਮੀਆਂ ਹੋਣ ਕਾਰਨ 2003 ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਤੇ ਸੰਤ ਸਮਾਜ ਬਿਕਰਮੀ ਕੈਲੰਡਰ ਲਾਗੂ ਕਰਨ ‘ਤੇ ਅੜੇ ਹੋਏ ਹਨ ਜਦੋਂ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਨ ਬਦਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਗਿਆ ਸੀ।