ਸਨੀ ਦਿਓਲ ਦਾ ਦਹਿਲਾ

ਸਨੀ ਦਿਓਲ ਫਿਲਮ ‘ਸਿੰਘ ਸਾਹਿਬ-ਦਿ ਗ੍ਰੇਟ’ ਨਾਲ ਫਿਰ ਚਰਚਾ ਵਿਚ ਹੈ। ‘ਯਮਲਾ ਪਗਲਾ ਦੀਵਾਨਾ’ ਤੋਂ ਬਾਅਦ ਉਸ ਦੀ ਕੋਈ ਫਿਲਮ ਨਹੀਂ ਆਈ ਹੈ। ਹੁਣ ਉਹ ਇਸ ਫਿਲਮ ਰਾਹੀਂ ਆਪਣਾ ਰਾਹ ਬਣਾ ਰਿਹਾ ਹੈ ਅਤੇ ਨਹਿਲੇ ‘ਤੇ ਦਹਿਲਾ ਮਾਰਨ ਦੀ ਤਿਆਰੀ ਕੱਸ ਰਿਹਾ ਹੈ। ਇਸ ਫਿਲਮ ਦਾ ਡਾਇਰੈਕਟਰ ਅਨਿਲ ਸ਼ਰਮਾ ਹੈ। ਇਸ ਤੋਂ ਪਹਿਲਾਂ ਇਹ ਦੋਵੇਂ (ਸਨੀ ਅਤੇ ਅਨਿਲ) ਰਲ ਕੇ ‘ਗਦਰ-ਏਕ ਪ੍ਰੇਮ ਕਥਾ’ ਨਾਂ ਦੀ ਸਫਲ ਫਿਲਮ ਬਣਾ ਚੁੱਕੇ ਹਨ। ਫਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਵੱਲੋਂ ਇਹ ਫਿਲਮ ਅਚਾਨਕ ਛੱਡਣ ਤੋਂ ਬਾਅਦ ਹੁਣ ਨਵੀਂ ਹੀਰੋਇਨ ਦੀ ਤਲਾਸ਼ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਅਮੀਸ਼ਾ ਵੱਲੋਂ ਫਿਲਮ ਤੋਂ ਕਿਨਾਰਾ ਕਰਨ ਦੇ ਬਾਵਜੂਦ ਫਿਲਮ ਦੀ ਸ਼ੂਟਿੰਗ ਭੁਪਾਲ ਵਿਚ ਚੱਲ ਰਹੀ ਹੈ। ਸਨੀ ਦਿਓਲ ਖੁਦ ਇਸ ਫਿਲਮ ਵਿਚ ਵੱਧ ਦਿਲਚਸਪੀ ਲੈ ਰਿਹਾ ਹੈ। ਫਿਲਮ ਦੀ ਕਹਾਣੀ ਬਾਰੇ ਅਜੇ ਬਹੁਤਾ ਦੱਸਿਆ ਨਹੀਂ ਗਿਆ ਹੈ। ਇਸ ਫਿਲਮ ਵਿਚ ਸਨੀ ਕੁਲੈਕਟਰ ਦਾ ਕਿਰਦਾਰ ਨਿਭਾਅ ਰਿਹਾ ਹੈ ਅਤੇ ਫਿਲਮ ਭ੍ਰਿਸ਼ਟ ਨਿਜ਼ਾਮ ਉਤੇ ਤਿੱਖੀ ਚੋਟ ਹੈ। ਫਿਲਮ ਦੇ ਨਾਂ ਬਾਰੇ ਪੁੱਛਣ ‘ਤੇ ਅਨਿਲ ਸ਼ਰਮਾ ਇੰਨਾ ਹੀ ਕਹਿੰਦਾ ਹੈ ਕਿ ਫਿਲਮ ਦੇ ਹੀਰੋ ਦੇ ਕਿਰਦਾਰ ਮੁਤਾਬਕ ਹੀ ਫਿਲਮ ਦਾ ਨਾਂ ਰੱਖਿਆ ਗਿਆ ਹੈ। ਚੇਤੇ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਵੱਖ ਵੱਖ ਅਦਾਕਾਰਾਂ ਦੇ ਪਿਛੋਕੜ ਨੂੰ ਆਧਾਰ ਬਣਾ ਕੇ ਫਿਲਮਾਂ ਬਣਾਉਣ ਦੀ ਰੀਤ ਚੱਲ ਪਈ ਹੈ। ਅਜਿਹੀਆਂ ਫਿਲਮਾਂ ਵਿਚ ਸਬੰਧਤ ਅਦਾਕਾਰ ਦੇ ਸੂਬੇ ਦੇ ਸਭਿਆਚਾਰ ਨੂੰ ਵੱਧ ਤੋਂ ਵੱਧ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸ ਨਾਲ ਸਬੰਧਤ ਸੂਬੇ ਵਿਚ ਫਿਲਮ ਚੱਲਣ ਦੀ ਰਤਾ ਕੁ ਗਰੰਟੀ ਹੋ ਜਾਂਦੀ ਹੈ ਅਤੇ ਜੇ ਫਿਲਮ ਫਲਾਪ ਵੀ ਹੋ ਜਾਵੇ ਤਾਂ ਵੀ ਫਿਲਮਕਾਰ ਦਾ ਖਰਚਿਆ ਹੋਇਆ ਪੈਸਾ ਡੁੱਬਦਾ ਨਹੀਂ, ਮੁੜ ਆਉਂਦਾ ਹੈ। ਸਨੀ ਦਿਓਲ ਦੀਆਂ ਦੋ ਫਿਲਮਾਂ ‘ਮੁਹੱਲਾ ਅੱਸੀ’ ਅਤੇ ‘ਆਈ ਲਵ ਨਿਊ ਯੀਅਰ’ ਰਿਲੀਜ਼ ਹੋਣ ਵਾਲੀਆਂ ਹਨ। ਇਹ ਦੋਵੇਂ ਫਿਲਮਾਂ 2012 ਵਿਚ ਰਿਲੀਜ਼ ਹੋਣੀਆਂ ਸਨ ਪਰ ਕੁਝ ਕਾਰਨਾਂ ਕਰ ਕੇ ਲੇਟ ਹੋ ਗਈਆਂ। ਇਨ੍ਹਾਂ ਫਿਲਮਾਂ ਤੋਂ ਸਨੀ ਨੂੰ ਬਹੁਤ ਆਸਾਂ ਹਨ। ‘ਮੁਹੱਲਾ ਅੱਸੀ’ ਵਿਚ ਉਸ ਦੀ ਹੀਰੋਇਨ ਸਾਕਸ਼ੀ ਤਨਵਰ ਹੈ ਅਤੇ ‘ਆਈ ਲਵ ਨਿਊ ਯੀਅਰ’ ਵਿਚ ਉਸ ਦੀ ਜੋੜੀ ਤਨਿਸ਼ਠਾ ਚੈਟਰਜੀ ਨਾਲ ਬਣੀ ਹੈ। ਉਸ ਦੀਆਂ ਅਗਲੀਆਂ ਫਿਲਮਾਂ ‘ਬ੍ਹੱਈਆਜੀ ਸੁਪਰਹਿੱਟ’, ‘ਯਮਲਾ ਪਗਲਾ ਦੀਵਾਨਾ-2’ ਅਤੇ ‘ਘਾਇਲ ਰਿਟਰਨਜ਼’ ਹਨ। ਸਨੀ ਦਿਓਲ ਨੇ ਆਪਣੇ ਫਿਲਮੀ ਕਰੀਅਰ ਦਾ ਆਰੰਭ ਫਿਲਮ ‘ਬੇਤਾਬ’ ਨਾਲ 1983 ਵਿਚ ਕੀਤਾ ਸੀ। ਇਸ ਫਿਲਮ ਵਿਚ ਅੰਮ੍ਰਿਤਾ ਸਿੰਘ ਉਸ ਦੀ ਹੀਰੋਇਨ ਸੀ। ਅੰਮ੍ਰਿਤਾ ਦੀ ਵੀ ਇਹ ਪਹਿਲੀ ਹੀ ਫਿਲਮ ਸੀ। ਇਹ ਫਿਲਮ ਬੜੀ ਹਿੱਟ ਸਾਬਤ ਹੋਈ ਅਤੇ ਸਨੀ ਰਾਤੋ-ਰਾਤ ਸਟਾਰ ਬਣ ਗਿਆ। ਮਗਰੋਂ ਵੀ ਉਹ ਪੈਸੇ ਪੱਖੋਂ ਕਾਮਯਾਬ ਅਦਾਕਾਰ ਸਾਬਤ ਹੋਇਆ। ਉਸ ਦੀਆਂ ਹਿੱਟ ਫਿਲਮਾਂ ਵਿਚ ਬਾਰਡਰ, ਗਦਰ, ਅਰਜੁਨ, ਦਾਮਿਨੀ, ਘਾਇਲ, ਤ੍ਰਿਦੇਵ, ਡਰ, ਜੀਤ, ਘਾਤਕ ਆਦਿ ਸ਼ਾਮਲ ਹਨ। ਉਹ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਪੁੱਤਰ ਹੈ।

Be the first to comment

Leave a Reply

Your email address will not be published.