ਦਲਵਿੰਦਰ ਸਿੰਘ ਅਜਨਾਲਾ ਬੇਕਰਜ਼ਫੀਲਡ
ਫੋਨ: 661-834-9770
ਕਹਾਵਤ ਹੈ ਕਿ ‘ਅਤਿ ਤੇ ਖੁਦਾ ਦਾ ਵੈਰ ਹੁੰਦਾ।’ ਅਤਿ ਜਾਂ ਆਖਰ ਚੁੱਕਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿ ਅਤਿ ਕਿੰਨੀ ਭਿਆਨਕ ਹੁੰਦੀ ਹੈ। ਦੂਜੇ ਬੰਨੇ ਅਤਿ ਦਰਜੇ ਦੀ ਭਲਮਾਣਸੀ ਵੀ ਚੰਗੀ ਨਹੀਂ ਹੁੰਦੀ। ਮਿਸਾਲ ਸਭ ਦੇ ਸਾਹਮਣੇ ਹੈ-ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ। ਉਨ੍ਹਾਂ ਦੀ ਭਲਮਾਣਸੀ ਦਾ ਫਾਇਦਾ ਗਲਤ ਕਿਸਮ ਦੇ ਲੋਕ ਉਠਾ ਰਹੇ ਹਨ। ਇਸ ਭਲਮਾਣਸੀ ਨੇ ਤਾਂ ਪ੍ਰਧਾਨ ਮੰਤਰੀ ਨੂੰ ਬੋਲਣ ਜੋਗਾ ਵੀ ਨਹੀਂ ਛੱਡਿਆ। ਡਰ ਹੈ ਕਿ ਇਸੇ ਵਜ੍ਹਾ ਕਰ ਕੇ ਉਨ੍ਹਾਂ ਨੂੰ ਇਕ ਦਿਨ ਬੇਇਜ਼ਤ ਹੋ ਕੇ ਅਹੁਦਾ ਛੱਡਣਾ ਪਵੇਗਾ।
ਅਤਿ ਦੀ ਗੁੰਡਾਗਰਦੀ ਦਾ ਕੀ ਹਸ਼ਰ ਹੋਵੇਗਾ? ਇਸ ਬਾਰੇ ਵੀ ਇਤਿਹਾਸ ਕੂਕ-ਕੂਕ ਕੇ ਬਿਆਨ ਕਰ ਰਿਹਾ ਹੈ। ਬੰਦਾ ਭਾਵੇਂ ਕਿੱਡੀ ਹਸਤੀ ਜਾਂ ਰੁਤਬੇ ਦਾ ਮਾਲਕ ਹੋਵੇ ਪਰ ‘ਅਤਿ ਤੇ ਖੁਦਾ ਦਾ ਵੈਰ’ ਵਾਲਾ ਸਿਧਾਂਤ ਸਭ ਲਈ ਬਰਾਬਰ ਵਰਤਦਾ ਹੈ। ਸ੍ਰੀਮਤੀ ਇੰਦਰਾ ਗਾਂਧੀ, ਉਨ੍ਹਾਂ ਦੇ ਦੋਹਾਂ ਪੁੱਤਰਾਂ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਬੱਸਾਂ ਤੇ ਘਰਾਂ ਵਿਚੋਂ ਕੱਢ ਕੱਢ ਕੇ ਬੇਦੋਸ਼ੇ ਤੇ ਬੇਹਥਿਆਰੇ ਗਰੀਬਾਂ, ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਨੂੰ ਮਾਰਨ ਵਾਲਿਆਂ ਦਾ ਹਸ਼ਰ ਸਭ ਨੇ ਅੱਖੀਂ ਵੇਖਿਆ ਹੈ। ਜੋ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਹ ਇਤਿਹਾਸ ਦੁਹਰਾਉਂਦੇ ਰਹਿੰਦੇ ਹਨ। ਪੰਜਾਬ ਦੇ ਸ਼ਕਤੀਸ਼ਾਲੀ, ਪੜ੍ਹੇ-ਲਿਖੇ ਅਤੇ ਜਬ੍ਹੇ-ਜਲਾਲ ਵਾਲੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਭਿਆਨਕ ਅਤੇ ਬੇਵਕਤ ਇੰਤਕਾਲ ਵੀ ਇਸੇ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ।
ਹੁਣ ਪੰਜਾਬ ਦਾ ਸਮੁੱਚਾ ਪ੍ਰਬੰਧ ਸਿਰਫ਼ ਦੋ ਨੌਜਵਾਨ ਜੋ ਆਪਸ ਵਿਚ ਨੇੜਲੇ ਰਿਸ਼ਤੇਦਾਰ ਵੀ ਹਨ, ਚਲਾ ਰਹੇ ਸਨ। ਇਕ ਜਵਾਨੀ, ਦੂਜੇ ਅਥਾਹ ਧਨ-ਦੌਲਤ ਅਤੇ ਤੀਜੇ ਬੇਪਨਾਹ ਸਿਆਸੀ ਤਾਕਤ ਦਾ ਗਰੂਰ। ਇਹ ਜੋ ਮੂੰਹ ਆਵੇ, ਬੋਲੀ ਜਾਂਦੇ ਹਨ ਅਤੇ ਗੰਭੀਰ ਤੋਂ ਗੰਭੀਰ ਮਸਲੇ ਜਾਂ ਸਵਾਲ ਨੂੰ ਵੀ ਹਾਸੇ-ਮਜ਼ਾਕ ਦੇ ਠੁੱਡੇ ਮਾਰੀ ਜਾਂਦੇ ਹਨ। ਇਸ ਵਕਤ ਇਨ੍ਹਾਂ ਉਪਰ ਗੁਰੂ ਦੀ ਐਸੀ ਅਪਾਰ ਕਿਰਪਾ ਹੈ ਕਿ ਪੰਜਾਬ ਵਿਚ ਸਮੁੱਚਾ ਲੋਕ ਰਾਜ ਇਨ੍ਹਾਂ ਦਾ ਪਾਣੀ ਭਰਦਾ ਹੈ। ਲੋਕ ਭਲਾਈ ਵਾਲੇ, ਪੰਜਾਬ ਦੀਆਂ ਧੀਆਂ ਦੇ ਵੱਡੇ ਹਮਦਰਦ ਸ਼ ਬਲਵੰਤ ਸਿੰਘ ਰਾਮੂਵਾਲੀਆ ਜਿਹੜੇ ਕਦੀ ਬਾਦਲ ਦੀ ਰਾਜਨੀਤੀ ਤੇ ਰਾਜ ਪ੍ਰਬੰਧ ਨੂੰ ਭੰਡਣ ਤੇ ਨਿੰਦਣ ਵਾਸਤੇ ਧੂੰਆਂ-ਧਾਰ ਭਾਸ਼ਣ ਕਰਦੇ ਹੁੰਦੇ ਸਨ, ਅੱਜ ਆਪਣਾ ਇਖਲਾਕ ਤੇ ਅਣਖ ਛਿੱਕੇ ਟੰਗ ਕੇ ਇਨ੍ਹਾਂ ‘ਯੋਧਿਆਂ’ ਅੱਗੇ ਆਤਮ-ਸਮਰਪਣ ਕਰ ਚੁੱਕੇ ਹਨ। ਵਿਦੇਸ਼ੀਂ ਵੱਸਦੇ ਵੱਡੇ-ਵੱਡੇ ਧਨਾਢ ਸਿੱਖ ਸਰਦਾਰ ਚੌਧਰਾਂ, ਅਹੁਦੇਦਾਰੀਆਂ ਅਤੇ ਨਿੱਜੀ ਫਾਇਦੇ ਲੈਣ ਵਾਸਤੇ ਪੰਜਾਬ ਦੇ ਇਨ੍ਹਾਂ ਸ਼ਕਤੀਸ਼ਾਲੀ ਹੰਕਾਰੇ ਅਤੇ ਬੇਅਸੂਲੇ ਸਿਆਸੀ ਆਗੂਆਂ ਤੱਕ ਪਹੁੰਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਅੱਜ ਜਿਹੜੇ ਗੁਰੂ ਨਾਨਕ ਦੀ ਸਿੱਖੀ ਦੇ ਠੇਕੇਦਾਰ ਬਣੇ ਬੈਠੇ ਹਨ, ਉਨ੍ਹਾਂ ਨੂੰ ਘੱਟੋ-ਘੱਟ ਨਿਸ਼ਾਨ ਸਿੰਘ ਅਤੇ ਰਣਜੀਤ ਸਿੰਘ ਰਾਣੇ ਵਰਗੇ ‘ਸੂਰਮਿਆਂ’ ਨੂੰ ਤਾਂ ਸਿੱਖੀ ਵਿਚੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਵਿਚ ਸਿੱਖੀ ਬਾਰੇ ਇਹ ਪ੍ਰਭਾਵ ਬਣੇ ਕਿ ਗੁੰਡੇ ਅਤੇ ਬਦਮਾਸ਼ਾਂ ਲਈ ਸਿੱਖੀ ਵਿਚ ਕੋਈ ਥਾਂ ਨਹੀਂ।
ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਵਰਗੇ ਵੱਡੇ ਵੱਕਾਰੀ ਅਹੁਦਿਆਂ ‘ਤੇ ਬੈਠੇ ਬਜ਼ੁਰਗ, ਦਰਵੇਸ਼ ਅਤੇ ਦਾਨਿਸ਼ਮੰਦ ਸਿੱਖ ਸਰਦਾਰ ਆਪਣੀ ਨੈਤਿਕਤਾ ਅਤੇ ਜ਼ਿੰਮੇਵਾਰੀ ਨੂੰ ਢੱਠੇ ਖੂਹ ‘ਚ ਸੁੱਟ ਕੇ ਹੋਰ ਪਾਸੇ ਤੁਰ ਪੈਣ ਤਾਂ ਫਿਰ ਕੀ ਹੋਵੇਗਾ ਭਲਾ? ਗੁਰੂ ਨਾਨਕ ਪਾਤਸ਼ਾਹ ਨੇ ਤਾਂ ਹੀ ਫਰਮਾਇਆ ਹੋਵੇਗਾ,
ਕਲਜੁਗਿ ਰਥ ਅਗਨਿ ਕਾ ਕੂੜੁ ਅਗੈ ਰਥਵਾਹੁ॥
ਸਭ ਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਕ ਮੰਨੇ-ਪ੍ਰਮੰਨੇ ਬਾਬੇ ਨੂੰ ਬਲਾਤਕਾਰ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਸੀ ਜਿਸ ਨੂੰ ਬਾਅਦ ਵਿਚ ਅਦਾਲਤ ਨੇ ਦੋਸ਼ੀ ਸਿੱਧ ਹੋ ਜਾਣ ਕਰ ਕੇ ਸਜ਼ਾ ਸੁਣਾ ਦਿੱਤੀ ਸੀ। ਹੁਣ ਜਦੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ‘ਤੇ ਬੈਠੇ ਮਹਾਂਪੁਰਸ਼ ਘੜੀ-ਮੁੜੀ ਹੋ ਰਹੇ ਵਿਸ਼ਵ ਕਬੱਡੀ ਕੱਪ ਮੌਕੇ ਬੀਬੀਆਂ ਸਮੇਤ ਆਪਣੇ ਪਰਿਵਾਰ ਨਾਲ ਮਹਿੰਗੀਆਂ ਅੱਧ-ਨੰਗੀਆਂ ਫਿਲਮੀ ਨਾਚੀਆਂ ਅਤੇ ਨਾਚਿਆਂ ਨਾਲ ਆਪਣਾ ਸ਼ਾਹੀ ਠਾਠ-ਬਾਠ ਵਾਲਾ ਮਨੋਰੰਜਨ ਕਰਨ ਤਾਂ ਕੀ ਮਹਿਸੂਸ ਨਹੀਂ ਹੁੰਦਾ ਕਿ ਇਸ ਤਰ੍ਹਾਂ ਦਾ ਸੱਭਿਆਚਾਰ ਗੁੰਡਾਗਰਦੀ ਨੂੰ ਹੋਰ ਹੱਲਾਸ਼ੇਰੀ ਦੇਵੇਗਾ? ਕੀ ਕਰਜ਼ਈ ਪੰਜਾਬ ਨੂੰ ਅਤੇ ਖਾਸ ਕਰ ਕੇ ਸੇਵਾਦਾਰ ਪੰਥਕ ਪਾਰਟੀ ਨੂੰ ਅਜਿਹੇ ਮਹਿੰਗੇ, ਲੱਚਰ ਅਤੇ ਬੇਹਯਾਈ ਵਾਲੇ ਸ਼ਾਹੀ ਮਨੋਰੰਜਨ ਜਚਦੇ ਹਨ?
ਕਾਂਗਰਸ ਪਾਰਟੀ ਵੀ ਆਪਣੀ ਹਕੂਮਤ ਦੌਰਾਨ ਰੱਜ ਕੇ ਬੁਰਛਾਗਰਦੀ ਕਰਦੀ ਰਹੀ ਹੈ ਪਰ ਅਕਾਲੀ ਦਲ ਤਾਂ ਪੰਜਾਬ ਵਿਚੋਂ ਸਭ ਤਰ੍ਹਾਂ ਦੀ ਗੰਦਗੀ ਅਤੇ ਬੁਰਾਈ ਖਤਮ ਕਰਨ ਲਈ ‘ਰਾਜ ਨਹੀਂ, ਸੇਵਾ’ ਦੇ ਨਾਅਰੇ ਨਾਲ ਹਕੂਮਤ ਕਰਨ ਦਾ ਵਾਅਦਾ ਕਰਦਾ ਹੈ। ਹੁਣ ਪਤਾ ਲੱਗ ਰਿਹਾ ਹੈ ਕਿ ਅਕਾਲੀ ਦਲ ਵਾਲੇ ਗੁੰਡਾਗਰਦੀ ਅਤੇ ਬੁਰਛਾਗਰਦੀ ਵਾਲੇ ਮਾਮਲੇ ਵਿਚ ਪਿਛਲੇ ਸਾਰੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਵਿਚ ਹਨ। ਉਂਜ, ਇਕ ਗੱਲ ਪੱਕੀ ਹੈ ਕਿ ਗੁੰਡਿਆਂ ਬਦਮਾਸ਼ਾਂ ਦਾ ਆਪਣਾ ਤਾਂ ਭਿਆਨਕ ਅੰਤ ਹੁੰਦਾ ਹੀ ਹੈ, ਉਹ ਆਪਣੇ ਪਾਲਕਾਂ ਅਤੇ ਮਾਲਕਾਂ ਨੂੰ ਵੀ ਭਸਮ ਕਰ ਜਾਂਦੇ ਹਨ। ਇਸ ਦਾ ਸਬੂਤ ਪੁਰਾਣੇ ਤੋਂ ਪੁਰਾਣੇ ਅਤੇ ਨਵੇਂ ਤੋਂ ਨਵੇਂ ਇਤਿਹਾਸ ਦੇ ਕਿਸੇ ਵੀ ਪੰਨੇ ਤੋਂ ਮਿਲ ਜਾਵੇਗਾ। ਅਤਿ ਥੋੜ੍ਹੇ ਦਿਨਾਂ ਦੀ ਹੀ ਹੁੰਦੀ ਹੈ।
ਕਬੀਰ ਸਾਹਿਬ ਆਖਦੇ ਹਨ:
ਏ ਭੂਪਤਿ ਸਭਿ ਦਿਵਸ ਚਾਰਿ ਕੇ
ਝੂਠੇ ਕਰਤ ਦਿਵਾਜਾ॥
Leave a Reply