ਕਾਬੁਲ: ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਸਿੱਖ ਤੇ ਹਿੰਦੂ ਭਾਈਚਾਰੇ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ। ਬੀæਬੀæਸੀæ ਵੱਲੋਂ ਜਾਰੀ ਰਿਪੋਰਟ ਮੁਤਾਬਕ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਅਫ਼ਗਾਨਿਸਤਾਨ ਸਰਕਾਰ ਹਾਲਾਂਕਿ ਘੱਟ ਗਿਣਤੀ ਭਾਈਚਾਰੇ ਦੀ ਜ਼ਮੀਨ ਤੇ ਸੰਪਤੀ ਵਿਵਾਦ ਨੂੰ ਸੁਲਝਾਉਣ ਦਾ ਦਾਅਵਾ ਕਰਦੀ ਹੈ, ਪਰ ਤਮਾਮ ਦਾਅਵਿਆਂ ਦੇ ਬਾਵਜੂਦ ਹਿੰਦੂ ਤੇ ਸਿੱਖਾਂ ਲਈ ਹਾਲਾਤ ਠੀਕ ਨਹੀਂ ਹਨ।
ਅਫ਼ਗਾਨਿਸਤਾਨ ਵਿਚ ਇਕੋ ਇਕ ਸਿੱਖ ਮੈਂਬਰ ਪਾਰਲੀਮੈਂਟ ਅਨਾਰਕਲੀ ਕੌਰ ਹੋਨਰੀ ਵੀ ਭਾਈਚਾਰੇ ਦੀ ਹਾਲਤ ਉੱਤੇ ਚਿੰਤਤ ਹੈ। ਉਨ੍ਹਾਂ ਮੁਤਾਬਕ ਜ਼ਮੀਨਾਂ ਉੱਤੇ ਕਬਜ਼ੇ ਹੋਣਾ ਇਕ ਵੱਡੀ ਸਮੱਸਿਆ ਹੈ। ਕਾਬੁਲ, ਜਲਾਲਾਬਾਦ ਤੇ ਕੰਧਾਰ ਵਰਗੇ ਸ਼ਹਿਰਾਂ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਉੱਤੇ ਇਸਲਾਮ ਕਬੂਲ ਕਰਨ ਲਈ ਦਬਾਅ ਵਧਦਾ ਜਾ ਰਿਹਾ ਹੈ। ਇਸ ਕਰਕੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਦੂਜੇ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਅਸਲ ਵਿਚ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ ਵਿਚ ਅਜੇ ਵੀ ਤਾਲਿਬਾਨ ਸਰਗਰਮ ਹੈ। ਤਾਲਿਬਾਨ ਵੱਲੋਂ ਹੀ ਹਿੰਦੂ ਤੇ ਸਿੱਖ ਭਾਈਚਾਰੇ ਦੀਆਂ ਸੰਪਤੀਆਂ ਉਤੇ ਕਬਜ਼ਾ ਕਰ ਲਿਆ ਜਾਂਦਾ ਹੈ। ਘੱਟ ਗਿਣਤੀ ਭਾਈਚਾਰੇ ਨੂੰ ਤਾਲਿਬਾਨ ਵੱਲੋਂ ਅਕਸਰ ਅਗਵਾ ਕਰ ਲਿਆ ਜਾਂਦਾ ਹੈ। ਤਾਲਿਬਾਨ ਦੇ ਡਰ ਕਾਰਨ ਬਹੁਤ ਸਾਰੇ ਹਿੰਦੂ ਤੇ ਸਿੱਖ ਦੇਸ਼ ਛੱਡ ਕੇ ਭਾਰਤ ਤੇ ਹੋਰ ਦੇਸ਼ਾਂ ਵਿਚ ਸ਼ਰਨ ਲੈ ਚੁੱਕੇ ਹਨ। ਹੋਨਰੀ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਨੂੰ ਅਜੇ ਵੀ ਜ਼ਮੀਨ ‘ਤੇ ਕਬਜ਼ੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੜ੍ਹੇ-ਲਿਖੇ ਲੋਕ ਵੀ ਭਾਈਚਾਰੇ ਦੇ ਲੋਕਾਂ ਨੂੰ ਬਾਹਰੀ ਕਹਿੰਦੇ ਹਨ ਜਦੋਂ ਕਿ ਭਾਈਚਾਰਾ ਇਥੇ ਕਈ ਸਾਲਾਂ ਤੋਂ ਰਹਿ ਰਿਹਾ ਹੈ।
ਕਾਬੁਲ, ਕੰਧਾਰ ਤੇ ਜਲਾਲਾਬਾਦ ਵਰਗੇ ਸ਼ਹਿਰਾਂ ਵਿਚ ਰਹਿਣ ਵਾਲੇ ਘੱਟ ਗਿਣਤੀਆਂ ਨੇ ਹਾਲ ਹੀ ਵਿਚ ਭਾਈਚਾਰੇ ਨਾਲ ਧੱਕਾਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਕੁਝ ਪਰਿਵਾਰਾਂ ਦਾ ਦੋਸ਼ ਹੈ ਕਿ ਤਾਲਿਬਾਨ ਵੱਲੋਂ ਉਨ੍ਹਾਂ ‘ਤੇ ਇਸਲਾਮ ਕਬੂਲ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਹੋਨਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਪਿਛਲੇ ਕਾਫੀ ਸਮੇਂ ਤੋਂ ਯੁੱਧ ਚੱਲ ਰਿਹਾ ਹੈ। ਪਿਛਲੇ 30 ਸਾਲਾਂ ਵਿਚ ਵੱਡੀ ਗਿਣਤੀ ਵਿਚ ਅਫਗਾਨ ਹਿੰਦੂ ਤੇ ਸਿੱਖ ਦੂਜੇ ਦੇਸ਼ਾਂ ਵੱਲ ਚਾਲੇ ਪਾ ਗਏ ਹਨ। ਭਾਰਤ ਵਿਚ ਬਹੁਤ ਸਾਰੇ ਅਜਿਹੇ ਸ਼ਰਨਾਰਥੀ ਹਨ, ਇਨ੍ਹਾਂ ਵਿਚੋਂ ਬਹੁਤਿਆਂ ਨੂੰ ਸ਼ਰਨ ਨਹੀਂ ਮਿਲੀ ਹੈ ਤੇ ਹੁਣ ਉਹ ਯੂਰਪੀ ਦੇਸ਼ਾਂ ਵੱਲ ਜਾ ਰਹੇ ਹਨ। ਇਕ ਅਫਗਾਨ ਹਿੰਦੂ ਨੇ ਦੱਸਿਆ ਕਿ ਉਹ 40 ਦਿਨਾਂ ਤੱਕ ਤਾਲਿਬਾਨ ਦਾ ਬੰਧਕ ਰਿਹਾ। ਉਸ ਨੂੰ ਬਹੁਤ ਤੰਗ-ਪਰੇਸ਼ਾਨ ਕੀਤਾ ਗਿਆ। 24 ਘੰਟਿਆਂ ਵਿਚ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਅਫ਼ਗਾਨਿਸਤਾਨ ਭਾਈਚਾਰੇ ਦੇ ਜ਼ਿਆਦਾਤਰ ਲੋਕ ਗੁਆਂਢੀ ਦੇਸ਼ ਭਾਰਤ ਦਾ ਦਰ ਖੜਕਾਉਂਦੇ ਹਨ। ਹਾਲੇ ਦੋ ਅਕਤੂਬਰ ਨੂੰ ਹੀ ਹੇਲਮੰਦ ਸੂਬੇ ਤੋਂ 30 ਪਰਿਵਾਰਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਗੜਬੜੀ ਵਾਲੇ ਇਲਾਕੇ ਵਿਚੋਂ ਨਿਕਲਣ ਲਈ ਮਦਦ ਦੀ ਗੁਹਾਰ ਲਗਾਈ ਸੀ।
_______________________________
ਗਿਣਤੀ ਲੱਖ ਤੋਂ ਘਟ ਕੇ ਅੱਠ ਹਜ਼ਾਰ ‘ਤੇ ਆਈ
ਕਾਬੁਲ: ਅਫ਼ਗਾਨਿਸਤਾਨ ਨਾਲ ਹਿੰਦੂਆਂ ਤੇ ਸਿੱਖਾਂ ਦਾ ਰਿਸ਼ਤਾ ਕਾਫੀ ਪੁਰਾਣਾ ਹੈ। 18ਵੀਂ ਸਦੀ ਵਿਚ ਵਪਾਰ ਦਾ ਮੁੱਖ ਕੇਂਦਰ ਅਫ਼ਗਾਨਿਸਤਾਨ ਹੁੰਦਾ ਸੀ ਜੋ ਮੱਧ ਤੇ ਦੱਖਣੀ ਏਸ਼ੀਆ ਨੂੰ ਆਪਸ ਵਿਚ ਜੋੜਦਾ ਸੀ। ਉਸ ਸਮੇਂ ਕਾਬੁਲ ਪ੍ਰਮੁੱਖ ਵਪਾਰਕ ਕੇਂਦਰ ਵਜੋਂ ਜਾਣਿਆ ਜਾਂਦਾ ਸੀ। 1990 ਵਿਚ ਇਕ ਲੱਖ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਅਫ਼ਗਾਨਿਸਤਾਨ ਵਿਚ ਰਹਿੰਦੇ ਸਨ, ਪਰ ਇਹ ਗਿਣਤੀ ਹੁਣ ਘਟ ਕੇ ਸਿਰਫ ਅੱਠ ਹਜ਼ਾਰ ਰਹਿ ਗਈ ਹੈ।
_________________________________
ਰਾਸ਼ਟਰਪਤੀ ਗਨੀ ਦਾ ਭਰੋਸਾ ਕੰਮ ਨਾ ਆਇਆ
ਕਾਬੁਲ: ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਹਿੰਦੂ ਤੇ ਸਿੱਖ ਭਾਈਚਾਰੇ ਨੇ ਦੇਸ਼ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਇਆ ਹੈ। ਰਾਸ਼ਟਰਪਤੀ ਨੇ ਦੋਵਾਂ ਭਾਈਚਾਰਿਆਂ ਦੀ ਸੰਪਤੀ ਤੇ ਸੁਰੱਖਿਆ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੋਵਾਂ ਭਾਈਚਾਰਿਆਂ ਨੂੰ ਸਸਕਾਰ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਸੀ, ਪਰ ਤਮਾਮ ਭਰੋਸਿਆਂ ਦੇ ਬਾਵਜੂਦ ਭੈਅ ਦੀ ਭਾਵਨਾ ਭਾਈਚਾਰੇ ਅੰਦਰ ਕਾਇਮ ਹੈ।