ਕਸ਼ਮੀਰ ਸਮੱਸਿਆ: ਕੂਟਨੀਤੀ ਨਾਲੋਂ ਸਿਆਸਤ ਦੀਆਂ ਲੋੜਾਂ ਭਾਰੂ

-ਜਤਿੰਦਰ ਪਨੂੰ
ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੀ ਰੂਸ ਵਾਲੀ ਮੀਟਿੰਗ ਤੋਂ ਬਾਅਦ ਜਦੋਂ ਇਹ ਸੁਣਿਆ ਗਿਆ ਕਿ ਉਲਝਣ ਬਣਦੇ ਮੁੱਦਿਆਂ ਦੇ ਹੱਲ ਲੱਭਣ ਲਈ ਦੋਵਾਂ ਪਾਸਿਆਂ ਦੇ ਕੌਮੀ ਸੁਰੱਖਿਆ ਸਲਾਹਕਾਰ ਮੀਟਿੰਗ ਕਰਨਗੇ ਤਾਂ ਲੋਕ ਬੜੀ ਵੱਡੀ ਆਸ ਲਾ ਬੈਠੇ ਸਨ। ਫਿਰ ਉਹ ਮੀਟਿੰਗ ਨਹੀਂ ਸੀ ਹੋ ਸਕੀ। ਪਾਕਿਸਤਾਨ ਨੇ ਉਦੋਂ ਕਸ਼ਮੀਰ ਦਾ ਅੜਿੱਕਾ ਪਾ ਦਿੱਤਾ ਸੀ। ਜਦੋਂ ਦੁਵੱਲੀ ਮੀਟਿੰਗ ਨਾ ਹੋ ਸਕੀ ਤਾਂ ਅਮਰੀਕਾ ਦਾ ਕੌਮੀ ਸੁਰੱਖਿਆ ਸਲਾਹਕਾਰ ਖੜੇ ਪੈਰ ਪਾਕਿਸਤਾਨ ਆਇਆ ਤੇ ਗੱਲਬਾਤ ਚੱਲਦੀ ਰੱਖਣ ਦੀ ਨਵੀਂ ਸਲਾਹ ਦੇ ਕੇ ਚਲਾ ਗਿਆ।

ਉਸ ਪਿਛੋਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਮਰੀਕਾ ਗਏ, ਮੌਕਾ ਤਾਂ ਯੂ ਐਨ ਓ ਦੀ ਸੱਤਰਵੀਂ ਵਰ੍ਹੇਗੰਢ ਦਾ ਸੀ, ਪਰ ਅਜੀਬ ਸਬੱਬ ਇਹ ਸੀ ਕਿ ਦੋਵਾਂ ਪ੍ਰਧਾਨ ਮੰਤਰੀਆਂ ਦੇ ਰਹਿਣ ਦਾ ਪ੍ਰਬੰਧ ਇੱਕੋ ਹੋਟਲ ਵਿਚ ਕੀਤਾ ਗਿਆ ਅਤੇ ਇਹ ਗੱਲ ਵਾਰ-ਵਾਰ ਦੁਹਰਾਈ ਜਾਂਦੀ ਰਹੀ ਕਿ ਦੋਵਾਂ ਦੀ ਆਪਸ ਵਿਚ ਗੱਲਬਾਤ ਨਹੀਂ ਹੋਣੀ। ਦੋਵੇਂ ਜਣੇ ਆਪੋ ਵਿਚ ਨਾ ਵੀ ਮਿਲੇ ਹੋਣ, ਕੁਝ ਲੋਕ ਇਹ ਗੱਲ ਫਿਰ ਵੀ ਕਹਿ ਸਕਦੇ ਹਨ, ਤੇ ਕਹਿੰਦੇ ਵੀ ਪਏ ਹਨ, ਕਿ ਸਿੱਧਾ ਨਾ ਸਹੀ, ਭਾਵੇਂ ਵਲਾਵੇਂ ਪਾ ਕੇ ਕੀਤਾ ਹੋਵੇ, ਕੁਝ ਨਾ ਕੁਝ ਸੰਪਰਕ ਅਮਰੀਕਾ ਵਿਚ ਇੱਕ-ਦੂਸਰੇ ਨਾਲ ਹੋਇਆ ਹੋ ਸਕਦਾ ਹੈ।
ਕੁਝ ਹੋਰ ਲੋਕ ਇਸ ਸੋਚਣੀ ਨੂੰ ਇਹ ਕਹਿ ਕੇ ਰੱਦ ਕਰ ਦਿੰਂਦੇ ਹਨ ਕਿ ਦੋਂਹ ਦੇਸ਼ਾਂ ਦੇ ਮੁਖੀ ਆਪਸ ਵਿਚ ਸੰਪਰਕ ਕਰਨ ਤਾਂ ਏਦਾਂ ਦੀ ਗੱਲ ਲੁਕਾਈ ਨਹੀਂ ਜਾ ਸਕਦੀ। ਇਸ ਤਰ੍ਹਾਂ ਸੋਚਣਾ ਗਲਤ ਹੈ। ਦੇਸ਼ਾਂ ਦੇ ਮੁਖੀਆਂ ਦੀਆਂ ਇਹੋ ਜਿਹੀਆਂ ਗੱਲਾਂ ਕਿਸੇ ਤੀਸਰੇ ਅਣਗੌਲੇ ਵਿਚੋਲੇ ਰਾਹੀਂ ਹੋਣ ਦੀਆਂ ਮਿਸਾਲਾਂ ਦੁਨੀਆਂ ਵਿਚ ਮੌਜੂਦ ਹਨ। ਭਾਰਤ ਵੀ ਇਸ ਚੱਕਰ ਤੋਂ ਬਚਿਆ ਨਹੀਂ, ਪਰ ਭੇਦ ਕੁਝ ਚਿਰ ਪਿੱਛੋਂ ਖੁੱਲ੍ਹਿਆ ਕਰਦੇ ਹਨ। ਦੇਸ਼ਾਂ ਵਿਚਾਲੇ ਕੂਟਨੀਤੀ ਓਨੀ ਲੋਕਾਂ ਸਾਹਮਣੇ ਨਹੀਂ ਹੁੰਦੀ, ਅਤੇ ਇਹ ਹੋ ਵੀ ਨਹੀਂ ਸਕਦੀ, ਜਿੰਨੀ ਪਰਦੇ ਦੇ ਪਿੱਛੇ ਹੋਇਆ ਕਰਦੀ ਹੈ। ਕਈ ਵਾਰੀ ਇਸ ਤਰ੍ਹਾਂ ਦੀ ਕੂਟਨੀਤੀ ਰਾਤ ਨੂੰ ਉਦੋਂ ਵੀ ਹੁੰਦੀ ਹੈ, ਜਦੋਂ ਲੋਕ ਘੁਰਾੜੇ ਮਾਰ ਰਹੇ ਹੁੰਦੇ ਹਨ।
ਬੀਤੇ ਵੀਰਵਾਰ ਇੱਕ ਖਬਰ ਅਚਾਨਕ ਆਈ ਅਤੇ ਫਿਰ ਜਿਵੇਂ ਆਈ ਸੀ, ਉਵੇਂ ਹੀ ਦੱਬੀ ਗਈ। ਉਸ ਖਬਰ ਦਾ ਸਾਰ ਸਿਰਫ ਏਨਾ ਸੀ ਕਿ ਕਸ਼ਮੀਰ ਸਮੱਸਿਆ ਦਾ ਹੱਲ ਲੱਭਣ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਕਿਸਤਾਨ ਦਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਲੁਕਵੀਂਆਂ ਮੀਟਿੰਗਾਂ ਕਰਦੇ ਰਹੇ ਸਨ ਤੇ ਇਨ੍ਹਾਂ ਦਾ ਗਿਣੇ-ਮਿੱਥੇ ਕੁਝ ਲੋਕਾਂ ਤੋਂ ਬਿਨਾ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ। ਖਬਰ ਦੇ ਨਾਲ ਇਹ ਵੀ ਲਿਖਿਆ ਸੀ ਕਿ ਪਿਛਲੇ ਸਾਲ ਸਤਾਈ ਮਈ ਨੂੰ ਮਨਮੋਹਨ ਸਿੰਘ ਨੇ ਆਪਣੀ ਥਾਂ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੂੰ ਇਸ ਦੇ ਵੇਰਵੇ ਦੇਣ ਦਾ ਫਰਜ਼ ਵੀ ਨਿਭਾ ਦਿੱਤਾ ਸੀ। ਨਰਿੰਦਰ ਮੋਦੀ ਉਸ ਤੋਂ ਇੱਕ ਦਿਨ ਪਹਿਲਾਂ ਮਨਮੋਹਨ ਸਿੰਘ ਦੀ ਥਾਂ ਕਮਾਨ ਸੰਭਾਲ ਚੁੱਕਾ ਸੀ। ਇਸ ਦੇ ਬਾਵਜੂਦ ਪਿਛਲੇ ਸਾਲ ਤੋਂ ਹੁਣ ਤੱਕ ਇਹ ਗੱਲ ਲੋਕਾਂ ਤੋਂ ਲੁਕੀ ਰਹੀ ਤੇ ਹੁਣ ਜਦੋਂ ਮੀਡੀਏ ਵਿਚ ਆ ਗਈ ਹੈ ਤਾਂ ਹੁਣ ਦੀ ਜਾਂ ਪਿਛਲੀ ਸਰਕਾਰ ਦੇ ਕਿਸੇ ਪ੍ਰਤੀਨਿਧ ਨੇ ਇਸ ਦਾ ਖੰਡਨ ਵੀ ਨਹੀਂ ਕੀਤਾ। ਕੀ ਇਸ ਤੋਂ ਲੋਕਾਂ ਨੂੰ ਇਹ ਅੰਦਾਜ਼ਾ ਲਾਉਣ ਦਾ ਹੱਕ ਨਹੀਂ ਕਿ ਕੁਝ ਨਾ ਕੁਝ ਹੁਣ ਵੀ ਇਹੋ ਜਿਹਾ ਵਾਪਰਦਾ ਹੋ ਸਕਦਾ ਹੈ, ਜਿਸ ਦਾ ਅੱਜ ਨਾ ਸਹੀ, ਅਗਲੇ ਜਾਂ ਅਗਲੇਰੇ ਸਾਲ ਤੱਕ ਪਤਾ ਲੱਗ ਜਾਵੇਗਾ ਤੇ ਲੋਕ ਹੈਰਾਨ ਹੁੰਦੇ ਰਹਿਣਗੇ?
ਇਹ ਕੁਝ ਕਈ ਵਾਰ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਰਾਜ ਵੇਲੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਬੱਸ ਸੇਵਾ ਸ਼ੁਰੂ ਹੋਣੀ ਸੀ। ਇਸ ਦੇ ਉਦਘਾਟਨ ਦੀ ਮਿਥੀ ਗਈ ਤਰੀਕ ਨੂੰ ਸਿਰਫ ਸੱਤ ਦਿਨ ਬਾਕੀ ਰਹਿ ਗਏ ਤਾਂ ਅਚਾਨਕ ਐਲਾਨ ਆ ਗਿਆ ਕਿ ਪਹਿਲੀ ਬੱਸ ਵਿਚ ਵਾਜਪਾਈ ਜੀ ਆਪ ਵੀ ਜਾਣਗੇ। ਇਹੋ ਜਿਹਾ ਫੈਸਲਾ ਰਾਤੋ-ਰਾਤ ਅਚਾਨਕ ਨਹੀਂ ਹੋਇਆ ਕਰਦਾ, ਪਰਦੇ ਓਹਲੇ ਹਿੱਲੀਆਂ ਤਾਰਾਂ ਇਸ ਵਿਚ ਰੋਲ ਨਿਭਾਉਂਦੀਆਂ ਹੁੰਦੀਆਂ ਹਨ। ਵਾਜਪਾਈ ਸਰਕਾਰ ਦੇ ਵਕਤ ਹੀ ਜਦੋਂ ਪਾਰਲੀਮੈਂਟ ਉਤੇ ਹਮਲਾ ਹੋਇਆ ਤਾਂ ਭਾਰਤੀ ਫੌਜ ਉਦੋਂ ਪਾਕਿਸਤਾਨ ਨਾਲ ਸਿੱਧੀ ਜੰਗ ਲਈ ਤਿਆਰ ਵੇਖੀ ਗਈ ਸੀ। ਪ੍ਰਧਾਨ ਮੰਤਰੀ ਵਾਜਪਾਈ ਇਸ ਦੌਰਾਨ ਸ੍ਰੀਨਗਰ ਗਏ ਤਾਂ ਮੀਡੀਏ ਵਿਚ ਇਹ ਕਿਹਾ ਗਿਆ ਕਿ ਉਹ ਜੰਗੀ ਤਿਆਰੀਆਂ ਵੇਖਣ ਗਏ ਹਨ। ਮੀਡੀਏ ਨੇ ਜਦੋਂ ਉਨ੍ਹਾਂ ਤੋਂ ਜੰਗ ਲੱਗਣ ਜਾਂ ਨਾ ਲੱਗਣ ਬਾਰੇ ਪੁੱਛਿਆ ਤਾਂ ਵਾਜਪਾਈ ਦਾ ਜਵਾਬ ਸੀ: ‘ਬੱਦਲ ਜਦ ਗੱਜਦੇ ਹਨ, ਬਿਜਲੀ ਜਦੋਂ ਚਮਕਦੀ ਹੈ ਤਾਂ ਫਿਰ ਜੋ ਹੁੰਦਾ ਹੈ, ਤੁਹਾਨੂੰ ਪਤਾ ਹੀ ਹੈ।’ ਰਾਤੋ-ਰਾਤ ਪਤਾ ਨਹੀਂ ਕਿਸ ਨੇ ਕਿੱਥੋਂ ਤਾਰ ਹਿਲਾ ਦਿੱਤੀ, ਅਗਲੇ ਦਿਨ ਦੀ ਪ੍ਰੈਸ ਕਾਨਫਰੰਸ ਵਿਚ ਏਸੇ ਸਵਾਲ ਨੂੰ ਵਾਜਪਾਈ ਸਾਹਿਬ ਇਹ ਕਹਿ ਕੇ ਟਾਲ ਗਏ ਕਿ ਕਈ ਵਾਰ ਬੱਦਲ ਗੱਜਦੇ ਹਨ, ਬਿਜਲੀ ਚਮਕਦੀ ਰਹਿੰਦੀ ਹੈ, ਪਰ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ ਤੇ ਫਿਰ ਕੁਝ ਵਾਪਰਦਾ ਹੀ ਨਹੀਂ। ਵਿਚਲੀ ਗੱਲ ਉਦੋਂ ਇਹ ਸੁਣੀ ਗਈ ਸੀ ਕਿ ਅਮਰੀਕਾ ਨੇ ਜੰਗ ਰੋਕਣ ਲਈ ਦਖਲ ਦਿੱਤਾ ਹੈ।
ਪਰਵੇਜ਼ ਮੁਸ਼ੱਰਫ ਨਾਲ ਕਾਰਗਿਲ ਦੀ ਜੰਗ ਤੋਂ ਕੁੜੱਤਣ ਸੀ, ਪਾਕਿਸਤਾਨ ਵਿਚ ਲੋਕਾਂ ਦੀ ਚੁਣੀ ਸਰਕਾਰ ਦਾ ਤਖਤਾ ਪਲਟਣ ਦਾ ਵਿਰੋਧ ਵੀ ਉਸ ਨਾਲ ਸੀ ਅਤੇ ਵਾਜਪਾਈ ਜੀ ਗੱਲ ਕਰਨ ਨੂੰ ਤਿਆਰ ਨਹੀਂ ਸਨ। ਪਾਰਲੀਮੈਂਟ ਉਤੇ ਹਮਲੇ ਕਾਰਨ ਹੋਰ ਵੀ ਕੌੜ ਵਿਚ ਆ ਗਏ ਸਨ। ਇਸ ਦੇ ਬਾਵਜੂਦ ਉਸੇ ਮੁਸ਼ੱਰਫ ਨੂੰ ਗੱਲਬਾਤ ਦਾ ਸੱਦਾ ਭੇਜ ਦਿੱਤਾ ਸੀ। ਮੀਟਿੰਗ ਦੋਵਾਂ ਦੀ ਆਗਰੇ ਵਿਚ ਹੋਣੀ ਸੀ, ਪਹਿਲਾਂ ਉਸ ਨੂੰ ਦਿੱਲੀ ਸੱਦਿਆ ਅਤੇ ਉਸ ਦੇ ਜਨਮ ਵਾਲੇ ਸਥਾਨ ‘ਨਹਿਰ ਵਾਲੀ ਹਵੇਲੀ’ ਵਿਖਾ ਕੇ ਉਸ ਦੀ ਦਾਈ ਨਾਲ ਮਿਲਾਇਆ ਗਿਆ। ਦੋ ਦਿਨ ਸ਼ਾਹੀ ਸਵਾਗਤ ਕੀਤਾ ਗਿਆ। ਦਿੱਲੀ ਦੇ ਇਹ ਦੋ ਦਿਨ ਸਿਰਫ ਵੰਨ-ਸੁਵੰਨੇ ਪਕਵਾਨਾਂ ਦਾ ਮਜ਼ਾ ਲੈਣ ਲਈ ਨਹੀਂ, ਸਗੋਂ ਆਗਰੇ ਤੋਂ ਪਹਿਲਾਂ ਦਿੱਲੀ ਵਿਚ ਭਾਰਤ ਦੇ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂਆਂ ਨਾਲ ਇੱਕ-ਇੱਕ ਪਲ ਨੁਕਤਿਆਂ ਉਤੇ ਵਿਚਾਰ ਹੁੰਦੀ ਰਹੀ ਸੀ। ਆਗਰੇ ਵਿਚ ਦੋਵਾਂ ਨੇ ਫਿਰ ਮੀਟਿੰਗਾਂ ਕੀਤੀਆਂ ਤੇ ਐਲਾਨਨਾਮਾ ਤਿਆਰ ਹੋਣ ਪਿੱਛੋਂ ਸਿਰਫ ਇੱਕ ਨੁਕਤੇ ਉਤੇ ਗੱਲ ਅੜ ਗਈ। ਮੁਸ਼ੱਰਫ ਨੇ ਉਦੋਂ ਮੀਡੀਏ ਨੂੰ ਕਿਹਾ ਸੀ ਕਿ ਗੱਲ ਦੁਵੱਲੀ ਕੂਟਨੀਤੀ ਦੀ ਨਹੀਂ, ਆਪੋ-ਆਪਣੇ ਦੇਸ਼ ਵਿਚ ਰਾਜਨੀਤੀ ਦੀ ਵੀ ਹੈ, ਜੇ ਮੈਂ ਇਹ ਇੱਕੋ ਨੁਕਤਾ ਪਾਸੇ ਰੱਖਣ ਦੀ ਸੋਚਾਂ ਤਾਂ ਪਾਕਿਸਤਾਨ ਮੁੜਨ ਦੀ ਥਾਂ ਦਿੱਲੀ ਦੀ ‘ਨਹਿਰ ਵਾਲੀ ਹਵੇਲੀ’ ਵਿਚ ਬਾਕੀ ਜ਼ਿੰਦਗੀ ਗੁਜ਼ਾਰਨੀ ਪਵੇਗੀ। ਉਸ ਪਿੱਛੋਂ ਐਲਾਨਨਾਮੇ ਦੀ ਸਹਿਮਤੀ ਹੋ ਗਈ। ਜਦੋਂ ਹਰ ਕੋਈ ਇਹ ਉਡੀਕ ਰਿਹਾ ਸੀ ਕਿ ਹੁਣ ਦੋਵੇਂ ਆਗੂ ਇਸ ਉਤੇ ਦਸਤਖਤ ਕਰਨਗੇ, ਉਦੋਂ ਅਚਾਨਕ ਇਹ ਖਬਰ ਆ ਗਈ ਕਿ ਮੁਸ਼ੱਰਫ ਨੇ ਇਨਕਾਰ ਕਰ ਦਿੱਤਾ ਹੈ ਤੇ ਉਹ ਵਾਪਸ ਚੱਲਿਆ ਹੈ।
ਵਾਪਸੀ ਤੋਂ ਪਹਿਲਾਂ ਉਸ ਨੇ ਮੀਡੀਏ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਮੈਂ ਸਤਿਕਾਰ ਵਜੋਂ ਕੋਈ ਸ਼ਬਦ ਵਰਤਣ ਦੀ ਥਾਂ ਸਿੱਧਾ ਕਹਿਣਾ ਚਾਹੁੰਦਾ ਹਾਂ ਕਿ ਸਿਰੇ ਲੱਗੀ ਖੇਡ ਇੱਕ ਔਰਤ ਨੇ ਵਿਗਾੜ ਦਿੱਤੀ ਹੈ। ਹਾਕਮ ਪਾਰਟੀ ਦੀ ਜਿਹੜੀ ਔਰਤ ਆਗੂ ਵੱਲ ਮੁਸ਼ੱਰਫ ਨੇ ਇਸ਼ਾਰਾ ਕੀਤਾ ਸੀ, ਉਸ ਦਾ ਇਸ਼ਾਰਿਆਂ ਵਿਚ ਜ਼ਿਕਰ ਹੁੰਦਾ ਰਿਹਾ ਸੀ, ਕਦੇ ਨਾਂ ਨਹੀਂ ਲਿਆ ਗਿਆ। ਕਹਿੰਦੇ ਸਨ ਕਿ ਉਸ ਬੀਬੀ ਨੇ ਕਹਿ ਦਿੱਤਾ ਸੀ ਕਿ ਜੇ ਮੁਸ਼ੱਰਫ ਇੱਕ ਨੁਕਤੇ ਕਾਰਨ ਦਿੱਲੀ ਦੀ ਨਹਿਰ ਵਾਲੀ ਹਵੇਲੀ ਵਿਚ ਰਹਿਣ ਨੂੰ ਮਜਬੂਰ ਹੋ ਸਕਦਾ ਹੈ ਤਾਂ ਇਸ ਨੁਕਤੇ ਦੇ ਕਾਰਨ ਕੁਰਸੀ ਆਪਾਂ ਨੂੰ ਵੀ ਛੱਡਣੀ ਪੈ ਸਕਦੀ ਹੈ।
ਮਨਮੋਹਨ ਸਿੰਘ ਅਤੇ ਜਾਰਜ ਬੁੱਸ਼ ਵਿਚਾਲੇ ਐਟਮੀ ਸਮਝੌਤੇ ਦੇ ਵਕਤ ਪਰਦੇ ਪਿੱਛੇ ਦੀ ਰਾਜਨੀਤੀ ਦੀ ਗੱਲ ਵੀ ਕਈ ਸਾਲ ਮਗਰੋਂ ਖੁੱਲ੍ਹੀ ਹੈ। ਸਾਰੇ ਲੋਕ ਇਹੋ ਸੋਚਦੇ ਰਹੇ ਕਿ ਮਨਮੋਹਨ ਸਿੰਘ ਅਮਰੀਕਾ ਦੇ ਦਬਾਅ ਹੇਠ ਝੁਕ ਕੇ ਸਮਝੌਤਾ ਕਰ ਆਇਆ ਸੀ। ਉਸ ਸਮਝੌਤੇ ਦੀ ਦਸਵੀਂ ਵਰ੍ਹੇਗੰਢ ਦੇ ਸਮਾਗਮ ਵਿਚ ਅਮਰੀਕਾ ਦੀ ਵਿਦੇਸ਼ ਮੰਤਰੀ ਰਹਿ ਚੁੱਕੀ ਕੌਂਡਾਲੀਜ਼ਾ ਰਈਸ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਮਨਮੋਹਨ ਸਿੰਘ ਤਾਂ ਆਪਣੇ ਦੇਸ਼ ਦੀਆਂ ਰਾਜਸੀ ਪਾਰਟੀਆਂ ਦੇ ਦਬਾਅ ਹੇਠ ਸਮਝੌਤੇ ਤੋਂ ਪਿੱਛੇ ਹਟ ਚੱਲਿਆ ਸੀ। ਭਾਰਤ ਦਾ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਐਮ ਕੇ ਨਰਾਇਣਨ ਉਥੇ ਮੌਜੂਦ ਸੀ, ਉਸ ਨੇ ਕੌਂਡਾਲੀਜ਼ਾ ਦਾ ਭਾਸ਼ਣ ਮੁੱਕਦਿਆਂ ਸਾਰ ਮੰਚ ਤੋਂ ਜਾ ਕੇ ਕਹਿ ਦਿੱਤਾ ਕਿ ਮਨਮੋਹਨ ਸਿੰਘ ਸਮਝੌਤੇ ਤੋਂ ਹਟ ਚੱਲਿਆ ਸੀ, ਪਰ ਭਾਰਤ ਦੀ ਰਾਜਨੀਤੀ ਕਾਰਨ ਨਹੀਂ, ਇਸ ਦਾ ਕਾਰਨ ਅਮਰੀਕਾ ਦੀ ਕੂਟਨੀਤੀ ਸੀ। ਫਿਰ ਉਸ ਨੇ ਦੱਸਿਆ ਕਿ ਇਹ ਤੈਅ ਹੋ ਚੁੱਕਾ ਸੀ ਕਿ ਭਾਰਤ ਦੇ ਛੇ ਤੋਂ ਅੱਠ ਐਟਮੀ ਰਿਐਕਟਰ ਕੌਮਾਂਤਰੀ ਨਿਗਰਾਨੀ ਤੋਂ ਬਾਹਰ ਰੱਖੇ ਜਾਣਗੇ, ਪਰ ਅਮਰੀਕੀ ਰਾਜਨੀਤੀ ਦੇ ਕੁਝ ਲੋਕ ਭਾਰਤ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ, ਉਨ੍ਹਾਂ ਨੇ ਸਮਝੌਤੇ ਦੇ ਖਰੜੇ ਵਿਚ ਸਿਰਫ ਦੋ ਰਿਐਕਟਰ ਨਿਗਰਾਨੀ ਤੋਂ ਪਾਸੇ ਰੱਖ ਕੇ ਬਾਕੀ ਸਾਰਿਆਂ ਨੂੰ ਨਿਗਰਾਨੀ ਅਧੀਨ ਪਾ ਦਿੱਤਾ। ਮਨਮੋਹਨ ਸਿੰਘ ਨੇ ਇਸ ਤੋਂ ਗੁੱਸਾ ਖਾ ਕੇ ਸਮਝੌਤੇ ਤੋਂ ਇਨਕਾਰ ਕਰ ਦਿੱਤਾ। ਇਹ ਗੱਲ ਜਾਰਜ ਬੁੱਸ਼ ਤੱਕ ਪਹੁੰਚੀ ਤਾਂ ਉਸ ਨੇ ਕੌਂਡਾਲੀਜ਼ਾ ਰਈਸ ਨੂੰ ਮਨਮੋਹਨ ਸਿੰਘ ਨੂੰ ਮਨਾਉਣ ਲਈ ਭੇਜਿਆ ਤੇ ਮਨਮੋਹਨ ਸਿੰਘ ਨੇ ਇਸ ਬੀਬੀ ਨੂੰ ਮਿਲਣ ਤੋਂ ਨਾਂਹ ਕਰ ਕੇ ਅਗਲਾ ਸੰਕੇਤ ਦੇ ਦਿੱਤਾ।
ਫਿਰ ਕੌਂਡਾਲੀਜ਼ਾ ਰਈਸ ਭਾਰਤੀ ਵਿਦੇਸ਼ ਮੰਤਰੀ ਨਟਵਰ ਸਿੰਘ ਨੂੰ ਅੱਧੀ ਰਾਤ ਵੇਲੇ ਮਿਲੀ ਤੇ ਇਹ ਮੰਨ ਕੇ ਗਈ ਕਿ ਜਿਵੇਂ ਮਨਮੋਹਨ ਸਿੰਘ ਕਹਿੰਦੇ ਹਨ, ਉਵੇਂ ਹੀ ਕਰ ਲਵਾਂਗੇ। ਮੂਹਰੇ ਬੈਠੀ ਕੌਂਡਾਲੀਜ਼ਾ ਰਈਸ ਇਸ ਖੁਲਾਸੇ ਨੂੰ ਕੱਟ ਨਹੀਂ ਸੀ ਸਕੀ। ਭਾਰਤ ਦੇ ਲੋਕ ਅੱਜ ਵੀ ਮਨਮੋਹਨ ਸਿੰਘ ਨੂੰ ਕਮਜ਼ੋਰ ਜਿਹਾ ਆਦਮੀ ਸਮਝਦੇ ਹਨ।
ਗੱਲ ਮਨਮੋਹਨ ਸਿੰਘ ਦੀ ਕਮਜ਼ੋਰੀ ਜਾਂ ਸਖਤ ਸਟੈਂਡ ਦੀ ਨਹੀਂ, ਭਾਰਤੀ ਰਾਜਨੀਤੀ ਦਾ ਕਮਜ਼ੋਰ ਗਿਣਿਆ ਜਾ ਰਿਹਾ ਬੰਦਾ ਵੀ ਜਾਰਜ ਬੁੱਸ਼ ਦੇ ਸਾਹਮਣੇ ਇਸ ਲਈ ਡਟ ਗਿਆ ਸੀ ਕਿ ਕੂਟਨੀਤੀ ਵਿਚ ਕੋਈ ਕਮਜ਼ੋਰੀ ਉਸ ਦੇ ਸਾਹਮਣੇ ਸੰਕਟ ਖੜਾ ਕਰ ਸਕਦੀ ਸੀ। ਇਹ ਸੰਕਟ ਉਹੋ ਸੀ, ਜਿਸ ਬਾਰੇ ਮੁਸ਼ੱਰਫ ਨੇ ਕਿਹਾ ਸੀ ਕਿ ਜੇ ਮੈਂ ਫਲਾਣੀ ਗੱਲ ਸਮਝੌਤੇ ਵਿਚ ਨਾ ਪਾਈ ਤਾਂ ਪਾਕਿਸਤਾਨ ਦੇ ਲੋਕ ਮੈਨੂੰ ਵੜਨ ਨਹੀਂ ਦੇਣਗੇ ਤੇ ਦਿੱਲੀ ਦੀ ਨਹਿਰ ਵਾਲੀ ਹਵੇਲੀ ਵਿਚ ਰਹਿਣਾ ਪਵੇਗਾ। ਕੂਟਨੀਤੀ ਹੁਣ ਵੀ ਚੱਲਦੀ ਪਈ ਹੈ। ਭਾਰਤੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਆਪੋ ਵਿਚ ਸਿੱਧੇ ਮਿਲਣ ਜਾਂ ਜਨਰਲ ਮੁਸ਼ੱਰਫ ਤੇ ਮਨਮੋਹਨ ਸਿੰਘ ਵਾਂਗ ਲੁਕਵੇਂ ਤੌਰ ਉਤੇ ਮਿਲਦੇ ਰਹਿਣ ਦੀ ਗੱਲ ਕਈ ਸਾਲ ਪਿੱਛੋਂ ਸਾਹਮਣੇ ਆਵੇ, ਕੂਟਨੀਤੀ ਆਪਣੀ ਥਾਂ ਚੱਲੀ ਜਾਂਦੀ ਹੈ। ਇਸ ਨੇ ਏਸੇ ਤਰ੍ਹਾਂ ਚੱਲੀ ਜਾਣਾ ਹੈ। ਦੋਵਾਂ ਦੇਸ਼ਾਂ ਵਿਚੋਂ ਕਿਸੇ ਦਾ ਕੋਈ ਹਾਕਮ ਵੀ ਦੂਸਰੇ ਦੇਸ਼ ਦੀ ਜ਼ਿਦ ਅੱਗੇ ਕੁਝ ਝੁਕ ਕੇ ਕਸ਼ਮੀਰ ਸਮੱਸਿਆ ਬਾਰੇ ਸਮਝੌਤਾ ਕਰਨ ਤੁਰ ਪਵੇਗਾ, ਇਹ ਸੋਚਣਾ ਦਿਨੇ ਸੁਫਨੇ ਲੈਣ ਵਾਂਗ ਹੋਵੇਗਾ। ਜਿੱਦਾਂ ਦੀ ਹਾਲਤ ਹੈ, ਏਦਾਂ ਦੀ ਹੀ ਰਹਿਣੀ ਹੈ, ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਤਨਾਅ ਥੋੜ੍ਹਾ ਜਿਹਾ ਘਟ ਜਾਵੇ, ਹੋਰ ਕੁਝ ਨਹੀਂ ਹੋਣ ਲੱਗਾ। ਕਾਰਨ ਇਸ ਦਾ ਸਿਰਫ ਇਹੋ ਹੈ ਕਿ ਕਸ਼ਮੀਰ ਦੀ ਸਮੱਸਿਆ ਦੋਵਾਂ ਦੇਸ਼ਾਂ ਦੀ ਕੂਟਨੀਤੀ ਨਾਲੋਂ ਅੰਦਰੂਨੀ ਰਾਜਨੀਤੀ ਦੀਆਂ ਲੋੜਾਂ ਨਾਲ ਵਧੇਰੇ ਬੱਝੀ ਹੋਈ ਹੈ ਤੇ ਇਸ ਨੂੰ ਉਨ੍ਹਾਂ ਲੋੜਾਂ ਨਾਲੋਂ ਵੱਖ ਕਰ ਕੇ ਵੇਖਣ ਦੀ ਹਿੰਮਤ ਕੋਈ ਵੀ ਨਹੀਂ ਕਰ ਸਕਦਾ।