ਤਿਆਗੀ ਯੋਧਿਆਂ ਨੂੰ ਸਾਡਾ ਸਲਾਮ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਤਤਕਾਲੀ ਘਟਨਾਕ੍ਰਮ ਦੌਰਾਨ ਕੁੱਝ ਦੁਖਦਾਈ ਵਾਰਦਾਤਾਂ ਵਾਪਰੀਆਂ। ਦੋ ਗੈਰ ਪੰਜਾਬੀ ਨਾਮਵਰ ਲੇਖਕਾਂ ਕਲਬੁਰਗੀ ਅਤੇ ਦਬੋਲਕਰ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿ ਉਕਤ ਦਾਨਸ਼ਵਰ ਫਿਰਕਾਪ੍ਰਸਤੀ ਅਤੇ ਧਾਰਮਿਕ ਅੰਧਵਿਸ਼ਵਾਸ ਖਿਲਾਫ ਝੰਡਾ-ਬਰਦਾਰ ਸਨ। ਇਨ੍ਹਾਂ ਦੀ ਹੱਤਿਆ ਪਿੱਛੇ ਹਿੰਦੂਤਵੀ ਤਾਕਤਾਂ ਤਾਂ ਸਨ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ-ਮੰਡਲ ਮੂਕ ਦਰਸ਼ਕ ਬਣਿਆ ਰਿਹਾ।

ਸਥਿਤੀ ਨੂੰ ਵਾਚਣ ਵਾਲੇ ਲੋਕ ਇਸ ਨਤੀਜੇ ‘ਤੇ ਪਹੁੰਚੇ ਕਿ ਇਨ੍ਹਾਂ ਕਤਲਾਂ ਪਿੱਛੇ ਸਰਕਾਰੀ ਸ਼ਹਿ ਅਤੇ ਸਰਕਾਰ ਦੀ ਹਮਦਰਦੀ ਮਕਤੂਲਾਂ ਨਾਲ ਹੋਣ ਦੀ ਬਜਾਏ ਕਾਤਲਾਂ ਨਾਲ ਸੀ। ਇਹ ਸਰਕਾਰੀ ਵਰਤਾਰਾ ਨਿੰਦਣਯੋਗ ਅਤੇ ਦੁਖਦਾਈ ਹੈ।
ਦੂਜੀ ਵੱਡੀ ਘਟਨਾ ਦਾਦਰੀ ਲਾਗੇ ਵਾਪਰੀ ਜਿਸ ਵਿਚ ਇਕ ਮੁਸਲਮਾਨ ਪਰਿਵਾਰ ਉਪਰ ਹਿੰਦੂ ਕੱਟੜਪੰਥੀਆਂ ਨੇ ਇਸ ਲਈ ਕਾਤਲਾਨਾ ਹਮਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਇਹ ਸ਼ਕ ਪੈ ਗਿਆ ਸੀ ਕਿ ਮੁਸਲਮਾਨ ਪਰਿਵਾਰ ਦੇ ਚੁੱਲ੍ਹੇ ਉਪਰ ਗਊ ਮਾਸ ਪਕਾਇਆ ਜਾ ਰਿਹਾ ਹੈ। ਮੰਦਰ ਦੇ ਲਾਊਡਸਪੀਕਰ ਤੋਂ ਐਲਾਨ ਕਰਕੇ ਹਜੂਮ ਹਮਲਾ ਕਰਨ ਲਈ ਤੁਰਿਆ ਅਤੇ ਵਹਿਸ਼ੀਆਨਾ ਵਾਰਦਾਤ ਸਰੰਜਾਮ ਕੀਤੀ। ਕਾਤਲਾਂ ਨੂੰ ਫੜ ਕੇ ਸੰਗੀਨ ਅਪਰਾਧ ਕਾਰਨ ਮੁਕੱਦਮਾ ਦਰਜ ਕਰਨ ਦੀ ਬਜਾਏ ਪੁਲਿਸ ਰਿੱਝਦੇ ਹੋਏ ਮੀਟ ਨੂੰ ਪਰਖਣ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜਣ ਵਿਚ ਰੁੱਝ ਗਈ। ਅਰਥ ਇਹ ਹੋਇਆ ਕਿ ਜੇ ਵਾਕਿਆ ਹੀ ਮੀਟ ਗਾਂ ਦਾ ਹੋਇਆ ਤਾਂ ਇਹ ਕਤਲ ਜਾਇਜ਼ ਹਨ। ਇਨ੍ਹਾਂ ਦੋ ਘਟਨਾਵਾਂ ਨੇ ਭਾਰਤ ਨੂੰ ਹਿਲਾ ਦਿੱਤਾ।
ਸਰਕਾਰ ਦਾ ਅਜਿਹਾ ਫਿਰਕੂ ਰਵੱਈਆ ਦੇਖਦਿਆਂ ਨਾਮਵਰ ਲੇਖਕਾਂ ਨੇ ਆਪੋ ਆਪਣੇ ਪ੍ਰਾਪਤ ਕੀਤੇ ਮਾਨ-ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਨਾਮ ਵਾਪਸ ਕਰਨ ਵਾਲੇ ਮੋਢੀਆਂ ਵਿਚ ਸ਼੍ਰੀ ਉਦੈ ਪ੍ਰਕਾਸ਼, ਨਯਨਤਾਰਾ ਸਹਿਗਲ, ਅਸ਼ੋਕ ਵਾਜਪੇਈ, ਰਹਿਮਾਨ ਅੱਬਾਸ, ਸ਼ਸ਼ੀ ਦੇਸ਼ਪਾਂਡੇ, ਸੇਰਾ ਜੋਜ਼ਫ ਅਤੇ ਕੇæ ਸਚਿਦਾਨੰਦਨ ਹਨ। ਅਸੀਂ ਦਿਲਚਸਪੀ ਅਤੇ ਉਤੇਜਨਾ ਨਾਲ ਦੇਖ ਰਹੇ ਸਾਂ ਕਿ ਇਸ ਦਿਸ਼ਾ ਵਿਚ ਪੰਜਾਬ ਕੀ ਭੂਮਿਕਾ ਨਿਭਾਏਗਾ। ਸਭ ਤੋਂ ਪਹਿਲੀ ਖਬਰ ਮਿਲੀ ਕਿ ਉਘੇ ਕਹਾਣੀਕਾਰ, ਨਾਵਲਕਾਰ ਅਤੇ ਸੰਪਾਦਕ-ਪੱਤਰਕਾਰ ਸ਼ ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਦਾ ਨਾਮਵਰ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ। ਉਨ੍ਹਾਂ ਪਿੱਛੋਂ ਸ਼੍ਰੀ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਅਤੇ ਮੇਘਰਾਜ ਮਿੱਤਰ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ। ਇਨ੍ਹਾਂ ਪਿੱਛੋਂ ਸ਼੍ਰੀ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਜਸਵਿੰਦਰ ਅਤੇ ਦਰਸ਼ਨ ਬੁੱਟਰ ਨੇ ਆਪਣੇ ਸਨਮਾਨ ਚਿੰਨ੍ਹ ਤਿਆਗ ਦਿੱਤੇ। ਇਥੇ ਇਹ ਦੱਸਣਾ ਜਰੂਰੀ ਹੈ ਕਿ ਇਸ ਲੜੀ ਵਿਚ ਕਨੜ ਭਾਸ਼ਾ ਦੇ ਸੱਤ ਲੇਖਕ ਪਹਿਲੋਂ ਹੀ ਸਰਕਾਰੀ ਸਨਮਾਨ ਵਾਪਸ ਕਰ ਚੁੱਕੇ ਹਨ।
ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵਲੋਂ ਦਿਖਾਇਆ ਤਿਆਗ ਹਿੰਦੂਸਤਾਨ ਦੀ ਰਹਿਨੁਮਾਈ ਕਰੇਗਾ ਕਿਉਂਕਿ ਪੰਜਾਬੀ ਸਾਹਿਤਕਾਰਾਂ ਨੇ ਗੈਰ ਪੰਜਾਬੀ ਹਿਤਾਂ ਦੀ ਰੱਖਿਆ ਵਾਸਤੇ ਆਪੋ ਆਪਣੇ ਸਨਮਾਨ ਚਿੰਨ੍ਹ ਵਾਪਸ ਕਰ ਦਿੱਤੇ। ਇਸ ਮੌਕੇ ਤੇ ਪੰਜਾਬੀ ਅਤੇ ਅੰਗਰੇਜ਼ੀ ਟ੍ਰਿਬਿਊਨ ਨੇ ਇਸ ਪ੍ਰਸੰਗ ਵਿਚ ਤਾਕਤਵਰ ਸੰਪਾਦਕੀ ਲਿਖੇ। ਸ਼੍ਰੀ ਹਰੀਸ਼ ਹਰੇ ਨੇ ਦੁਖਿਆਰਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮਾਰਟਿਨ ਨਿਮੋਲਰ ਦੀਆਂ ਪੰਕਤੀਆਂ ਦੁਹਰਾਈਆਂ ਜਿਹੜੀਆਂ ਉਸਨੇ ਜਰਮਨ ਫਾਸ਼ੀਵਾਦ ਵਿਰੁੱਧ ਲਿਖੀਆਂ ਸਨ-
ਪਹਿਲਾਂ ਉਹ ਸੋਸ਼ਲਿਸਟਾਂ ਨੂੰ ਫੁੰਡਣ ਆਏ
ਮੈਂ ਖਾਮੋਸ਼ ਰਿਹਾ ਕਿਉਂਕਿ ਮੈ ਸੋਸ਼ਲਿਸਟ ਨਹੀਂ ਸਾਂ।
ਫਿਰ ਉਹ ਮਜਦੂਰ ਆਗੂਆਂ ਨੂੰ ਫੁੰਡਣ ਆਏ
ਮੈਂ ਚੁੱਪ ਰਿਹਾ, ਮੈਂ ਕਿਹੜਾ ਮਜਦੂਰ ਆਗੂ ਸਾਂ।
ਫਿਰ ਉਹ ਯਹੂਦੀਆਂ ਨੂੰ ਫੁੰਡਣ ਆਏ
ਮੈਂ ਦੇਖਦਾ ਰਿਹਾ ਕਿਉਂਕਿ ਮੈਂ ਕਿਹੜਾ ਯਹੂਦੀ ਸਾਂ।
ਫਿਰ ਉਹ ਮੇਰੇ ਉਪਰ ਹਮਲਾ ਕਰਨ ਆਏ
ਮੈਂ ਇੱਕਲਾ ਰਹਿ ਗਿਆ, ਕੋਈ ਮੇਰੇ ਹੱਕ ਵਿਚ ਨਾ ਨਿੱਤਰਿਆ।
ਕੁੱਝ ਕੁ ਤਮਾਸ਼ਬੀਨਾਂ ਨੇ ਸਨਮਾਨ ਤਿਆਗਣ ਵਾਲਿਆਂ ਦੀ ਇਹ ਕਹਿ ਕੇ ਖਿੱਲੀ ਉਡਾਈ ਕਿ ਇਨ੍ਹਾਂ ਨੇ ਕਾਗਜ਼ਾਂ ਦੇ ਸਰਟੀਫਿਕੇਟ ਵਾਪਸ ਕਰ ਦਿੱਤੇ ਪਰ ਸਰਕਾਰ ਵਲੋਂ ਪ੍ਰਾਪਤ ਧਨ ਰਾਸ਼ੀ ਨਹੀਂ ਮੋੜੀ। ਇਲਜ਼ਾਮ-ਤਰਾਸ਼ੀ ਕਰਨ ਵਾਲਿਆਂ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਇਨ੍ਹਾਂ ਸਾਰੇ ਲੇਖਕਾਂ ਨੇ ਰੋਸ ਵਜੋਂ ਸਰਕਾਰ ਨੂੰ ਲਿਖੇ ਪੱਤਰਾਂ ਨਾਲ ਸਨਮਾਨ ਰਾਸ਼ੀ ਦੇ ਚੈਕ ਨੱਥੀ ਕੀਤੇ ਸਨ। ਮੈਨੂੰ ਸੱਠਵਿਆਂ ਵਿਚ ਸੋਵੀਅਤ ਰੂਸ ਅੰਦਰ ਵਾਪਰੀ ਘਟਨਾ ਯਾਦ ਆਈ। ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਨ ਨੂੰ ਸੋਵੀਅਤ ਲੇਖਕ ਸੰਘ ਨੇ ਇਸ ਕਰਕੇ ਛੇਕ ਦਿੱਤਾ ਸੀ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ। ਸੋਵੀਅਤ ਲੇਖਕ ਸੰਘ ਵਿਚੋਂ ਕੱਢੇ ਜਾਣ ਦਾ ਅਰਥ ਭੁੱਖਮਰੀ ਦੀ ਮੌਤ ਮਰਨਾ ਸੀ। ਸੋਲਜ਼ੇਨਿਤਸਨ ਇਸ ਕਰਕੇ ਬਚਿਆ ਰਿਹਾ ਕਿਉਂਕਿ ਉਸ ਦੀਆਂ ਲਿਖਤਾਂ ਪੱਛਮ ਵਿਚ ਧੜਾਧੜ ਛਪਣ ਲੱਗੀਆਂ। ਹੁਣ ਉਸ ਉਪਰ ਕਮਿਊਨਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਸੋਲਜ਼ੇਨਿਤਸਨ ਪੱਛਮ ਪਾਸ ਵਿਕ ਗਿਆ ਹੈ। ਇਹ ਇਲਜ਼ਾਮ ਪੜ੍ਹ ਕੇ ਸੋਲਜ਼ੇਨਿਤਸਨ ਨੇ ਐਲਾਨ ਕਰ ਦਿੱਤਾ ਕਿ ਉਹ ਪੱਛਮੀ ਪ੍ਰੈਸ ਤੋਂ ਭਵਿੱਖ ਵਿਚ ਰਾਇਲਟੀ ਦੇ ਪੈਸੇ ਨਹੀਂ ਲਵੇਗਾ। ਇਸ ਬਾਅਦ ਅਲੋਚਕਾਂ ਨੇ ਕਿਹਾ, ਸੋਲਜ਼ੇਨਿਤਸਨ ਹੁਣ ਪੈਸੇ ਨਾਲ ਪੱਛਮ ਦੀ ਮਦਦ ਕਰ ਰਿਹਾ ਹੈ। ਜਦੋਂ ਉਸ ਨੂੰ ਜਲਾਵਤਨ ਕਰ ਦਿੱਤਾ ਤਾਂ ਅਮਰੀਕਾ ਤੋਂ ਉਸ ਨੇ ਸੋਵੀਅਤ ਸਰਕਾਰ ਦੇ ਨਾਮ ਖੁਲ੍ਹਾ ਖ਼ਤ ਲਿਖਿਆ ਜਿਸ ਵਿਚ ਇਕ ਵਾਕ ਇਹ ਸੀ, “ਤੁਸੀਂ ਆਪਣੇ ਦੇਸ ਦੇ ਦੁਆਲੇ ਲੋਹੇ ਦੀਆਂ ਉਚੀਆਂ ਕੰਧਾਂ ਉਸਾਰ ਰੱਖੀਆਂ ਹਨ, ਇਨ੍ਹਾਂ ਕੰਧਾਂ ਨੂੰ ਢਾਹੋਗੇ ਤਾਂ ਦੇਖੋਗੇ ਕਿ ਬਾਹਰ ਤਾਂ ਕਦੋਂ ਦਾ ਸੂਰਜ ਚੜ੍ਹ ਚੁੱਕਿਆ ਹੈ।”
ਪੰਜਾਬ ਦੇ ਲੇਖਕਾਂ ਨੇ ਇਸ ਮੌਕੇ ਸਾਰੀਆਂ ਹੱਦਬੰਦੀਆਂ ਤੋਂ ਉਪਰ ਉਠਦਿਆਂ ਜਿਵੇਂ ਭਾਰਤੀ ਮਜ਼ਲੂਮਾਂ ਦੇ ਹੱਕ ਵਿਚ ਆਪਣੇ ਸਨਮਾਨ ਤਿਆਗੇ ਹਨ ਉਸ ਨਾਲ ਸਾਰੇ ਸੰਸਾਰ ਵਿਚ ਪੰਜਾਬ ਦਾ ਮਰਾਤਬਾ ਬੁਲੰਦ ਹੋਇਆ ਹੈ। ਦਿਲਚਸਪ ਤੱਥ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਲਗਭਗ ਸਾਰੇ ਪੰਜਾਬੀ ਖੱਬੇ ਪੱਖੀ ਵਿਚਾਰਧਾਰਾ ਦੇ ਸਮਰਥਕ ਲੇਖਕ ਹਨ। ਇਨ੍ਹਾਂ ਨੇ ਜੋ ਫੈਸਲਾ ਇਸ ਦੁਖਦਾਈ ਘੜੀ ਵਿਚ ਲਿਆ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਯਾਦ ਕਰਵਾ ਦਿੰਦਾ ਹੈ ਜਿਨ੍ਹਾਂ ਨੇ ਉਸ ਤਿਲਕ ਜੰਜੂ ਦੀ ਸਲਾਮਤੀ ਵਾਸਤੇ ਜਾਨ ਦੇ ਦਿੱਤੀ ਸੀ ਜਿਸ ਤਿਲਕ ਜੰਜੂ ਨੂੰ ਧਾਰਨ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ।
ਵਿਦਰੋਹੀ ਪੰਜਾਬੀ ਸਾਹਿਤਕਾਰਾਂ ਦਾ ਫੈਸਲਾ ਮਨੁੱਖਤਾ ਦਾ ਸਿਰ ਉਚਾ ਕਰਦਾ ਹੈ। ਇਨ੍ਹਾਂ ਲੇਖਕਾਂ ਦੇ ਤਿਆਗਮਈ ਫੈਸਲੇ ਨੂੰ ਸਾਡਾ ਸਲਾਮ।