ਜ਼ਿੰਦਗੀ ਵਿਚ ਤਜਰਬੇ ਦਾ ਦਾਅਵਾ ਉਹੀ ਕਰਦੈ, ਜਿਸ ਨੇ ਕੰਮ ਵੀ ਰੱਜ ਕੇ ਕੀਤੈ, ਘਾਟੇ ਵੀ ਖਾਧੇ ਤੇ ਪ੍ਰਾਪਤੀਆਂ ਵੀ ਬਹੁਤ ਕੀਤੀਆਂ। ਰੋਜ਼ਾਨਾ ਸਵਾ ਸੇਰ ਅੰਨ ਨੂੰ ਬੁਖਾਰ ਚੜ੍ਹਾ ਕੇ ਘੁਰਾੜੇ ਮਾਰਨ ਵਾਲੇ ਲੋਕ ਵੀ ਜੇ ਮੱਤਾਂ ਦੇਣ ਲੱਗ ਪੈਣ ਤਾਂ ਉਨ੍ਹਾਂ ਦੀ ਹਾਲਤ ਉਹੋ ਜਿਹੀ ਹੋਵੇਗੀ ਜਿਵੇਂ ਕੋਈ ਲੰਗੜਾ ਦੌੜ ਜਿੱਤਣ ਦੀ ਸ਼ਰਤ ਲਾ ਰਿਹਾ ਹੋਵੇ। ਅੜਬ ਸੁਭਾਅ ਦਾ ਪਤੀ ਹੋਵੇ ਤਾਂ ਖਿੱਚ-ਧੂਹ ਕੇ ਘਰ ਤਾਂ ਚੱਲੀ ਜਾਂਦੈ ਪਰ ਜੇ ਪਤਨੀ ਕੁਪੱਤੀ ਹੋਵੇ, ਚਲੋ ਆਪ ਤਾਂ ਵਿਚਾਰਾ ਸੁੱਕੀ ਜਾਂ ਬੇਹੀ ਰੋਟੀ ਨੂੰ ਗੋਭੀ ਆਲਾ ਪਰੌਂਠਾ ਸਮਝ ਕੇ ਖਾ ਲੈਂਦਾ ਹੋਵੇਗਾ, ਪਰ
ਗੁਆਂਢੀ ਸੁੱਖ ਦਾ ਸਾਹ ਲੈ ਕੇ ਆਨੇ-ਬਹਾਨੇ ਕਹੀ ਜਾਣਗੇ ‘ਧੰਨੋ ਅੱਜ ਪੇਕਿਆਂ ਨੂੰ ਗਈ ਲਗਦੀ ਹੈ।’ ਜੁਆਨੀ ਵਿਚ ਪ੍ਰੇਮੀ ਤੇ ਪ੍ਰੇਮਿਕਾ ਅੱਖਾਂ ਨਾਲ ਗੱਲਾਂ ਕਰਦਿਆਂ ਸੋਚਦੇ ਨੇ ਕਿ ਧਰਤੀ ਸਿਰਫ ਹੀਰ ਤੇ ਰਾਂਝੇ ਦੀ ਹੀ ਹੈ ਤੇ ਉਹੀ ਬੁਢਾਪੇ ‘ਚ ਇੱਕ ਦੂਜੇ ਦੇ ਕੰਨ ‘ਚ ਹੌਲੀ-ਹੌਲੀ ਕਹਿ ਰਹੇ ਹੁੰਦੇ ਨੇ ‘ਬਚਨੀਏ ਤੂੰ ਛੋਟੇ ਨਾਲ ਰਹਿਣੈ ਕਿ ਵੱਡੇ ਨਾਲ।’ ਫਿਰ ਅੱਖਾਂ ਤੇ ਜ਼ੁਬਾਨ ਦੋਵੇਂ ਗੁੰਗੀਆਂ ਹੋ ਗਈਆਂ ਹੁੰਦੀਆਂ ਨੇ, ਸਿਰ ਹੀ ਹਿੱਲ ਕੇ ਹਾਂ-ਨਾਂਹ ਦੱਸ ਰਿਹਾ ਹੁੰਦਾ ਹੈ। ਜੋਬਨ ਰੁੱਤੇ ਰੋਂਦੇ ਮਰਦ ਤੇ ਹੱਸਦੀ ਔਰਤ ‘ਤੇ ਸਿਆਣੇ ਲੋਕ ਛੇਤੀ ਵਿਸ਼ਵਾਸ਼ ਨਹੀਂ ਕਰਦੇ, ਕਿਉਂਕਿ ਇਸ ਉਮਰ ਵਿਚ ਦੋਹਾਂ ਨੂੰ ਹੀ ਇਹ ਵਹਿਮ ਹੁੰਦਾ ਹੈ ਕਿ ਕੱਪੜੇ ਅੱਜ ਕੱਲ੍ਹ ਉਨ੍ਹਾਂ ਕਰਕੇ ਹੀ ਮਹਿੰਗੇ ਹੋਈ ਜਾਂਦੇ ਹਨ। ਮਨੋ-ਵਿਗਿਆਨ ਮੰਨਦਾ ਹੈ ਕਿ ਜੇ ਔਰਤਾਂ ਦੀ ਸੁੰਦਰਤਾ ‘ਚ ਮਨੁੱਖ ਦਾ ਝੱਲਪੁਣਾ ਉਬਾਲੇ ਨਾ ਮਾਰਦਾ ਤਾਂ ਜ਼ਿੰਦਗੀ ਇੱਕ ਪਾਸੀ ਰੋਟੀ ਵਰਗੀ ਹੋ ਜਾਣੀ ਸੀ ਤੇ ਜਿਊਣ ‘ਚ ਦਿਲਚਸਪੀ ਪੈਦਾ ਹੀ ਨਹੀਂ ਸੀ ਹੋ ਸਕਦੀ। ਸਿੱਧੇ ਸ਼ਬਦਾਂ ਵਿਚ ਮਨੁੱਖ ਔਰਤ ਕਰਕੇ ਜਿਉਂ ਰਿਹਾ ਹੈ, ਰੂਪ ਭਾਵੇ ਮਾਂ, ਭੈਣ ਤੇ ਬੀਵੀ ਦਾ ਹੋਵੇ। ਸੁਨੱਖੇ ਬੰਦੇ ਵੀ ਸੋਹਣੇ ਕੱਪੜੇ ਪਾ ਕੇ ਔਰਤ ਨੂੰ ਚੰਗਾ ਲੱਗਣ ਦਾ ਯਤਨ ਕਰਦੇ ਰਹੇ ਹੁੰਦੇ ਹਨ। ਇਸੇ ਲਈ ਪਹਿਰਾਵੇ ਦਾ ਖਾਸ ਥਾਂ ਹੈ ਤੇ ਬੱਚਾ ਜੰਮਣ ਤੋਂ ਪਹਿਲਾਂ ਹੀ ਕਈ ਸਿਆਣੀਆਂ ਮਾਂਵਾਂ ਖੂਬਸੂਰਤ ਲੀੜੇ ‘ਕੱਠੇ ਕਰਨ ਲੱਗ ਪੈਂਦੀਆਂ ਹਨ, ਕਿਉਂਕਿ ਮਾਂ ਹੀ ਬਚਪਨ ਤੇ ਜਵਾਨੀ ‘ਚ ਪੁੱਤਰ ਨੂੰ ਸੁੰਦਰ ਵਸਤਰਾਂ ‘ਚ ਜਵਾਨ ਹੁੰਦਾ ਦੇਖ ਕੇ ਕੁੱਖ ‘ਤੇ ਹੱਥ ਫੇਰ ਰਹੀ ਹੁੰਦੀ ਹੈ ‘ਜੀ ਵੇ ਸੋਹਣਿਆ ਜੀ।’
ਐਸ ਅਸ਼ੋਕ ਭੌਰਾ
ਪਹਿਰਾਵਾ ਹੀ ਦੱਸ ਦਿੰਦਾ ਹੈ ਕਿ ਔਰਤਾਂ ਮੇਲੇ ਚੱਲੀਆਂ ਹਨ, ਵਿਆਹ ਨੂੰ ਜਾਂ ਤੀਆਂ ਤੇ ਤਿੰਞਣਾਂ ‘ਚ, ਤੇ ਇਹ ਪਛਾਣ ਕਰਨ ਵਿਚ ਵੀ ਦੇਰੀ ਨਹੀਂ ਲੱਗਦੀ ਕਿ ਚਿੱਟੀ ਚੁੰਨੀ ਤੇ ਚਿੱਟੇ ਲੀੜੇ ਪਾ ਕੇ ਬੀਬੀਆਂ ਇਕੱਠੀਆਂ ਹੋ ਕੇ ਜਾਂਦੀਆਂ ਹੋਣ ਤਾਂ ਝੱਟ ਪਤਾ ਲੱਗ ਜਾਂਦਾ ਹੈ ਕਿ ਕੋਈ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਹੈ। ਮਰਦ ਦੇ ਮੁਕਾਬਲੇ ਔਰਤਾਂ ਨਾਲ ਬਹੁਤ ਸਾਰਾ ਅਜਿਹਾ ਕੁਝ ਜੁੜਿਆ ਹੋਇਆ ਹੈ ਜੋ ਔਰਤ ਦੀ ਪਛਾਣ ਅਤੇ ਮਰਦ ਦੀ ਕਮਜ਼ੋਰੀ ਮੰਨਿਆ ਜਾਂਦਾ ਰਹੇਗਾ। ਇਸਤਰੀ ਜਦੋਂ ਮੁਹੱਬਤ ਦੀ ਪ੍ਰਵਾਨਗੀ ਦੇ ਕੇ ਦਿਲ ਦੇ ਬੂਹੇ ਖੋਲ੍ਹਦੀ ਹੈ ਤਾਂ ਉਹ ਜਿੰਦਾ ਕੁੰਡਾ ਹਮੇਸ਼ਾ ਲਈ ਤੋੜ ਦਿੰਦੀ ਹੈ। ਔਰਤਾਂ ਆਪਣੇ ਪਤੀਆਂ ਨੂੰ ਪਹਿਨਣ ਵਾਲੇ ਕੱਪੜਿਆਂ ਦੇ ਤੋਹਫੇ ਦੇਣ ਵਿਚ ਵਧੇਰੇ ਵਿਸ਼ਵਾਸ ਰੱਖਦੀਆਂ ਹਨ ਕਿਉਂਕਿ ਪਤਨੀ ਸੋਚਦੀ ਹੈ ਕਿ ਦੂਜੀਆਂ ਦੇਖ ਕੇ ਇਹ ਸੋਚਣ ‘ਹਾਏ! ਇਹ ਪਤਾ ਨ੍ਹੀਂ ਕਿਹੜੇ ਭਾਗਾਂ ਵਾਲੀ ਦੇ ਦਿਲ ਵਿਚ ਵਸ ਗਿਆ ਹੈ।’ ਕੋਟ, ਪੈਂਟ ਅਤੇ ਟਾਈ ਪਹਿਨ ਕੇ ਤੁਰੇ ਖ਼ਾਵੰਦ ਨਾਲ ਜਾਂਦੀ ਬੀਵੀ ਸੋਚਦੀ ਹੈ ਕਿ ਬਾਦਸ਼ਾਹ ਤੇ ਰਾਜ ਕੁਮਾਰ ਇਹਦੇ ਮੁਕਾਬਲੇ ‘ਚ ਹੋ ਹੀ ਨਹੀਂ ਸਕਦੇ। ਇਸੇ ਲਈ ਮੈਂ ਅੱਜ ਇਥੇ ਟਾਈ ਦੀ ਗੱਲ ਕਰਦਿਆਂ ਕਹਾਂਗਾ ਕਿ ਹੈ ਤਾਂ ਇਹ ਕੁਝ ਗਿੱਠਾਂ ਦਾ ਕੱਪੜਾ ਹੀ ਪਰ ਇਸ ਨਾਲ ਜੁੜਿਆ ਬਹੁਤ ਕੁਝ ਹੈ।
ਕੋਈ ਮੰਨੇ ਜਾਂ ਨਾ ਪਰ ਇਹ ਸੱਚ ਹੈ ਕਿ ਜਦੋਂ ਇਕ ਖੂਬਸੂਰਤ ਇਸਤਰੀ ਬੁੱਲ੍ਹਾਂ ‘ਚ ਹੱਸ ਪਵੇ ਤਾਂ ਉਹ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਮਰਦ ਦੀਆਂ ਅਕਲ ਤੇ ਸਬਰ ਦੀਆਂ ਚੂੜੀਆਂ ਢਿੱਲੀਆਂ ਕਰ ਦਿੰਦੀ ਹੈ ਤੇ ਮਰਦ ਜਦੋਂ ਇਸਤਰੀ ਨਾਲ ਟਾਈ ਲਾ ਕੇ ਤੁਰਿਆ ਜਾਂਦਾ ਹੋਵੇ ਤਾਂ ਉਹ ਸਮਝਦਾ ਹੈ ਕਿ ਮੈਂ ਦੁਨੀਆਂ ‘ਤੇ ਖਾਸ ਹੀ ਨਹੀਂ ਪਤਵੰਤਿਆਂ ‘ਚ ਵੀ ਗਿਣਿਆ ਜਾ ਰਿਹਾ ਹਾਂ। ‘ਟਾਈ’ ਦਾ ਅਰਥ ਅਸਲ ਵਿਚ ਤਿੰਨ ਕੋਣਾਂ ਦੇ ਇਕ ਸਿਰੇ ਨੂੰ ਲੰਬਿਆਂ ਕਰ ਦੇਣਾ ਹੀ ਸਮਝਿਆ ਜਾ ਰਿਹਾ ਹੈ ਪਰ ਦੂਜਾ ਸ਼ਾਬਦਿਕ ਅਰਥ ‘ਬੰਨ੍ਹਣਾ’ ਹੀ ਹੁੰਦਾ ਹੈ। ਜੇ ਸੋਲ੍ਹਵੀਂ ਸਦੀ ਤੋਂ ਪਹਿਲਾਂ ਦਾ ਇਤਿਹਾਸ ਵੇਖੀਏ ਤਦ ਮੁਗਲ ਬਾਦਸ਼ਾਹਾਂ ਦੇ ਸਿਰ ‘ਤੇ ਕਲਗੀ ਖਾਸ ਹੋਣ ਦੀ ਨਿਸ਼ਾਨੀ ਰਹੀ ਹੈ। ਵੱਡੇ ਲੋਕਾਂ ਦੇ ਗਲੇ ‘ਚ ਰੁਮਾਲ ਦਾ ਲਟਕਣਾ ਜਾਂ ਕੀਮਤੀ ਗਹਿਣੇ ਦੀ ਗੰਢ ਦੇ ਕੇ ਪਾਉਣਾ ਬਾਅਦ ਵਿਚ ਟਾਈ ਦਾ ਵਿਕਸਤ ਰੂਪ ਹੀ ਮੰਨਿਆ ਜਾ ਸਕਦਾ ਹੈ। ਇਹ ਪਹਿਲਾਂ ਰਜਵਾੜਾਸ਼ਾਹੀ ਦਾ ਚਿੰਨ ਵੀ ਲੱਗਦਾ ਸੀ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਯੂਰਪੀ ਮੁਲਕਾਂ ਵਿਚ ਹੀ ਬਹੁਤਾ ਟਾਈ ਲਾਉਣ ਦਾ ਰਿਵਾਜ਼ ਰਿਹਾ ਹੈ ਪਰ ਵੀਹਵੀਂ ਸਦੀ ਦੇ ਅਰੰਭ ਤੇ ਦੂਜੇ ਸੰਸਾਰ ਯੁੱਧ ਤੋਂ ਬਾਅਦ ਟਾਈ ਬੰਨ੍ਹਣ ਦਾ ਸ਼ੌਕ ਆਮ ਪ੍ਰਬਲ ਹੋਇਆ, ਹਾਲਾਂਕਿ ਅਣਖ ਦੇ ਦੂਜੇ ਨਾਂ ਤਾਲਿਬਾਨ ਨੇ ਟਾਈ ਲਾਉਣ ‘ਤੇ ਇਸ ਕਰਕੇ ਪਾਬੰਦੀ ਲਾਈ ਹੋਈ ਹੈ ਕਿ ਯੂਰਪ ਦੀ ਗੁਲਾਮੀ ਦੀ ਪ੍ਰਤੀਕ ਟਾਈ ਨੂੰ ਅਸੀਂ ਸਵੀਕਾਰ ਹੀ ਨਹੀਂ ਕਰਾਂਗੇ। ਜੇ ਵੇਖਿਆ ਜਾਵੇ ਤਾਂ ਇਸ ਗੱਲ ਵਿਚ ਪੂਰਾ ਵਜ਼ਨ ਹੈ ਕਿ ਮਾਡਲ ਸਕੂਲਾਂ ਵਿਚ ਬੱਚਿਆਂ ਦਾ ਟਾਈ ਪਹਿਨ ਨੇ ਆਉਣਾ ਅਮੀਰੀ ਦੀ ਨੁਮਾਇਸ਼ ਰਿਹਾ ਹੈ। ਹਾਲਾਂਕਿ ਥਾਂ ਥਾਂ ‘ਤੇ ਮਾਡਲ ਸਕੂਲਾਂ ਦਾ ਖੁੱਲ੍ਹ ਜਾਣਾ ਟਾਈ ਨੂੰ ਬਹੁਤੀ ਵਡਿਆਈ ਦਿੱਤੇ ਜਾਣ ਦੇ ਯੋਗ ਵੀ ਨਹੀਂ ਰਿਹਾ।
ਬਾਦਸ਼ਾਹਾਂ ਤੋਂ ਬਾਅਦ ਵਕੀਲ ਹੀ ਇਕ ਐਸੀ ਜਮਾਤ ਰਹੀ ਹੈ ਜਿਸ ਦੇ ਗਲੇ ਵਿਚ ਕਮੀਜ਼ ਨਾਲ ਇਕ ਖਾਸ ਕਿਸਮ ਦਾ ਪਹਿਲਾਂ ਗੰਢ ਦਿੱਤਾ ਕੱਪੜਾ ਤੇ ਟਾਈ ਲਾਉਣਾ ਉਨ੍ਹਾਂ ਦੇ ਆਮ ਤੋਂ ਖਾਸ ਹੋਣ ਦੀ ਨਿਸ਼ਾਨੀ ਵੀ ਸੀ ਅਤੇ ਕਾਨੂੰਨ ਦੇ ਰਾਖਿਆਂ ਦਾ ਇਕ ਵੱਖਰਾ ਪਹਿਰਾਵਾ ਵੀ। ਚਿੱਟੇ ਕੱਪੜਿਆਂ ਤੇ ਕਾਲਾ ਕੋਟ, ਕਾਲੀ ਟਾਈ ਭਾਰਤੀ ਵਕੀਲਾਂ ਨੂੰ ਅੰਗਰੇਜ਼ਾਂ ਦੀ ਦਿੱਤੀ ਖਾਸ ਨਿਸ਼ਾਨੀ ਹੈ ਤੇ ਨੇੜਲੇ ਭਵਿੱਖ ਤੱਕ ਇਸ ਦੇ ਬਦਲੇ ਜਾਣ ਦੀ ਕੋਈ ਸੰਭਾਵਨਾ ਵੀ ਨਹੀਂ।
ਮੈਂ ਟਾਈ ਦਾ ਖਿਲਾਰਾ ਪਾਉਣ ਨਾਲੋਂ ਕੁਝ ਦਿਲਚਸਪ ਗੱਲਾਂ ਕਰਨੀਆਂ ਹੀ ਮੁਨਾਸਿਬ ਸਮਝਾਂਗਾ ਪਰ ਇਹ ਗੱਲ ਕਹਿ ਕੇ ਕਿ ਟਾਈ ਨੂੰ ਗੰਢ ਦੇਣਾ ਵੀ ਆਮ ਬੰਦੇ ਨੂੰ ਨਹੀਂ ਸੀ ਆਉਂਦਾ, ਇਸੇ ਕਰਕੇ ਇਹ ਖਾਸ ਲੋਕਾਂ ਦੇ ਪਹਿਰਾਵੇ ਦਾ ਹਿੱਸਾ ਰਹੀ ਹੈ ਤੇ ਆਮ ਕਰਕੇ ਟਾਈ ਨੂੰ ਗੰਢ ਦੇਣ ਦੀਆਂ ਦੋ ਹੀ ਕਿਸਮਾਂ ਪ੍ਰਚੱਲਿਤ ਰਹੀਆਂ। ਕੁਝ ਖਾਸ ਹੀ ਕਾਰਨ ਨੇ ਕਿ ਮੈਂ ਆਪਣੇ ਪਾਠਕਾਂ ਨਾਲ ਟਾਈ ਦੀਆਂ ਅੱਜ ਦਿਲਚਸਪ ਗੱਲਾਂ ਕਰਾਂਗਾ।
ਅਕਬਰ ਤੇ ਬੀਰਬਲ ਦੇ ਲਤੀਫੇ ਬੜੇ ਪ੍ਰਚੱਲਿਤ ਨੇ, ਮੈਨੂੰ ਇਹ ਤਾਂ ਨਹੀਂ ਪਤਾ ਕਿ ਅਕਬਰ ਦੇ ਰਾਜ ਵਿਚ ਟਾਈ ਜਾਂ ਗਲੇ ਵਿਚ ਕੁਝ ਖਾਸ ਰੁਮਾਲ ਜਾਂ ਕੱਪੜਾ ਬੰਨ੍ਹਣ ਦਾ ਰਿਵਾਜ਼ ਹੋਵੇਗਾ ਜਾਂ ਨਹੀਂ ਪਰ ਕਹਿੰਦੇ ਨੇ ਇਕ ਵਾਰ ਅਕਬਰ ਨੇ ਬੀਰਬਲ ਨੂੰ ਪੁੱਛਿਆ, ‘ਬੀਰਬਲ ਅੱਜ ਮੈਂ ਤੇਰੇ ਦਿਮਾਗ ਦੀ ਇਕ ਹੋਰ ਪ੍ਰੀਖਿਆ ਲਵਾਂਗਾ। ਭਲਾ! ਇਹ ਲੋਕੀਂ ਗਲ ਦੇ ਕਾਲਰ ਹੇਠ ਕੁਝ ਖਾਸ ਕਿਸਮ ਦਾ ਕੱਪੜਾ ਕਿਉਂ ਪਹਿਨਦੇ ਨੇ?’
ਬੀਰਬਲ ਦੀ ਹਾਜ਼ਰ ਜਵਾਬੀ ਵੇਖੋ, ਕਹਿਣ ਲੱਗਾ, ‘ਬਾਦਸ਼ਾਹ ਸਲਾਮਤ ਇਹ ਪਹਿਨਣਾ ਤੁਹਾਡੇ ਵੱਸ ਦਾ ਰੋਗ ਨਹੀਂ, ਇਸ ਨੂੰ ਤਾਂ ਕੁਝ ਖਾਸ ਹੀ ਲੋਕ ਪਹਿਨ ਸਕਦੇ ਨੇ।’
‘ਕਿਉਂ? ਉਹ ਕਿਹੜੇ ਖਾਸ ਲੋਕ ਨੇ?’
ਬੀਰਬਲ ਹੱਸ ਕੇ ਬੋਲਿਆ, ‘ਜਹਾਂ ਪਨਾਹ ਇਹ ਉਹ ਹੀ ਲੋਕ ਪਹਿਨਦੇ ਨੇ ਜਿਨ੍ਹਾਂ ਦੀ ਇਕ ਹੀ ਤੀਵੀਂ ਹੋਵੇ।’
ਅਕਬਰ ਖਿਝ ਕੇ ਕਹਿਣ ਲੱਗਾ, ‘ਬੀਰਬਲ ਤੂੰ ਮੈਨੂੰ ਟਿੱਚਰ ਕੀਤੀ ਹੈ ਕਿ ਮੇਰੇ ਸਵਾਲ ਦਾ ਜਵਾਬ ਦਿੱਤਾ ਹੈ, ਜੇ ਮੇਰੀਆਂ ਕਈ ਬੇਗਮਾਂ ਨੇ ਤਾਂ ਮੈਂ ਕਿਉਂ ਨਹੀਂ ਪਹਿਨ ਸਕਦਾ?’
‘ਬਾਦਸ਼ਾਹ ਸਲਾਮਤ ਇਨ੍ਹਾਂ ਲੋਕਾਂ ਨਾਲ ਇਕ ਤੀਵੀਂ ਤੋਂ ਹੀ ਰੋਜ਼ ਕੁਪੱਤ ਨਹੀਂ ਝੱਲੀ ਜਾਂਦੀ, ਇਹ ਰੋਸ ਵਜੋਂ ਗਲ ਵਿਚ ਗ੍ਰਹਿਸਥ ਦਾ ਫਾਹਾ ਪਾਈ ਫਿਰਦੇ ਨੇ ਤੇ ਜਿਹਦੀਆਂ ਫਿਰ ਇਕ ਤੋਂ ਵੱਧ ਹੋਣਗੀਆਂ ਉਹਦੇ ਨਾਲ ਤਾਂ ਫਿਰ ਜੂਤ-ਪਤਾਣ ਹੀ ਹੁੰਦਾ ਹੋਵੇਗਾ।’
ਕਹਿੰਦੇ ਨੇ ਬਾਦਸ਼ਾਹ ਉਸ ਵੇਲੇ ਰੱਜ ਕੇ ਹੱਸਿਆ ਤੇ ਪਿਛਲੇ ਦਰਵਾਜ਼ੇ ਰਾਹੀਂ ਚੁੱਪ ਕਰਕੇ ਬਾਹਰ ਨਿਕਲ ਗਿਆ।
ਖੈਰ! ਟਾਈ ਲਾਉਣ ਦਾ ਮੈਨੂੰ ਵੀ ਬਹੁਤ ਸ਼ੌਕ ਰਿਹਾ ਹੈ ਪਰ ਇਸ ਕਹਾਣੀ ਦਾ ਖੁਲਾਸਾ ਕਰਨ ਤੋਂ ਪਹਿਲਾਂ ਮੈਨੂੰ ਆਪਣੇ ਇਕ ਮਿੱਤਰ ਦੀ ਕਹਾਣੀ ਜਿਹੜੀ ਕਈਆਂ ਨੂੰ ਸ਼ਾਇਦ ਲੱਗੇਗੀ ਕਿ ਉਹਦੀ ਸਖਸ਼ੀਅਤ ‘ਤੇ ਚੋਟ ਹੈ ਪਰ ਸੱਚੀ ਹੋਣ ਕਰਕੇ ਇਸ ਨੂੰ ਲੁਕੋਣਾ ਵੀ ਨਹੀਂ ਚਾਹੁੰਦਾ।
ਗੜ੍ਹਸ਼ੰਕਰ ਤੋਂ ਮੈਂ ਜਦੋਂ ਖੇੜਾ ਕਲਮੋਟ ਸਕੂਲ ਨੂੰ ਪੜ੍ਹਾਉਣ ਜਾਣ ਲਈ ਬੱਸ ਫੜ੍ਹਨੀ ਤਾਂ ਮੇਰੇ ਨਾਲ ਇਕ ਸਖਸ਼ ਨੇ ਵੀ ਰੋਜ਼ ਸਫਰ ਕਰਨਾ। ਉਸ ਸਖਸ਼ ਦੀਆਂ ਦੋ ਗੱਲਾਂ ਖਾਸ ਸਨ, ਪਹਿਲੀ ਇਹ ਕਿ ਉਹਨੇ ਸਰਦੀਆਂ ਵਿਚ ਸਵੈਟਰ ਨਾਲ ਟਾਈ ਲਾਈ ਹੁੰਦੀ, ਟਾਈ ਬਦਲਦਾ ਵੀ ਰੋਜ਼ ਤੇ ਐਨਕਾਂ ਕਾਲੇ ਰੰਗ ਦੀਆਂ ਲਾਈਆਂ ਹੁੰਦੀਆਂ, ਹੱਥ ਵਿਚ ਡਾਇਰੀ ਹੁੰਦੀ, ਤੇ ਉਹ ਵੇਖਣ ਵਿਚ ਬਾਬੂ ਲੱਗਦਾ ਪਰ ਉਹਦੇ ਦੱਸਣ ਮੁਤਾਬਿਕ ਉਹ ਡੰਗਰ ਹਸਪਤਾਲ ਵਿਚ ਫਾਰਮਾਸਿਸਟ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਅਨੰਦਪੁਰ ਸਾਹਿਬ ਵਾਲੇ ਮਾਰਗ ‘ਤੇ ‘ਹਰੋ ਦਾ ਪੌ’ (ਉਸ ਬੱਸ ਅੱਡੇ ਦਾ ਨਾਮ ਜਿਥੇ ਹਰੋ ਨਾਮ ਦੀ ਬਜ਼ੁਰਗ ਔਰਤ ਯਾਤਰੀਆਂ ਨੂੰ ਜਲ ਛਕਾਇਆ ਕਰਦੀ ਸੀ) ‘ਤੇ ਉਤਰਨਾ ਅਤੇ ਇਕ ਕਵਿਤਾ ਜਾਂ ਕਦੇ ਕਦੇ ਗਜ਼ਲ ਉਹਨੇ ਰੋਜ਼ ਸੁਣਾਉਣੀ। ਇਥੋਂ ਤਿੰਨ ਕਿਲੋਮੀਟਰ ਪਹਾੜੀ ‘ਤੇ ਪੈਦਲ ਆਪਣੇ ਨੌਕਰੀ ਵਾਲੇ ਟਿਕਾਣੇ ‘ਤੇ ਉਹ ਜਾਂਦਾ ਸੀ। ਕਿਤੇ ਮੈਂ ਆਪਣੇ ਸਾਥੀ ਅਧਿਆਪਕਾਂ ਨਾਲ ਘੁੰਮਦਾ ਇਕ ਦਿਨ ਉਸ ਪਿੰਡ ਚਲਾ ਗਿਆ ਜਿਥੇ ਉਹ ਸਖਸ਼ ਨੌਕਰੀ ਕਰਦਾ ਸੀ। ਸੋਚਿਆ ਡੰਗਰਾਂ ਦੇ ਹਸਪਤਾਲ ਚੱਲਦੇ ਹਾਂ ਤੇ ਕਵੀ ਕੋਲ ਬਹਿ ਕੇ ਚਾਰ ਕਵਿਤਾਵਾਂ ਵੀ ਸੁਣਾਂਗੇ। ਇਤਫਾਕਨ ਡਾਕਟਰ ਤਾਂ ਉਥੇ ਹੀ ਸੀ ਪਰ ਉਹ ਫਾਰਮਾਸਿਸਟ ਛੁੱਟੀ ‘ਤੇ ਸੀ। ਮੈਂ ਡਾਕਟਰ ਨੂੰ ਮਿੱਤਰ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, ‘ਤੁਸੀਂ ਉਸ ਨੂੰ ਕਿਵੇਂ ਜਾਣਦੇ ਹੋ?’
ਮੈਂ ਕਿਹਾ, ‘ਉਹ ਸ਼ਾਇਰ ਹੈ ਤੇ ਲਿਖਣ ਦਾ ਝੱਸ ਮੈਨੂੰ ਵੀ ਹੈ। ਬੱਸ ਇਹੀ ਸਾਡੀ ਸਾਂਝ ਹੈ।’
ਡਾਕਟਰ ਹੱਥ ਜੋੜ ਕੇ ਖੜ੍ਹਾ ਹੋ ਗਿਆ। ਆਖਣ ਲੱਗਾ, ‘ਜੇਕਰ ਸੱਚੀਂ ਤੁਹਾਡੀ ਕੋਈ ਸਾਂਝ ਹੈ ਤਾਂ ਮੇਰੀ ਅੱਜ ਮਦਦ ਕਰ ਦਿਓ।’
ਮੈਂ ਪੁੱਛਿਆ, ‘ਦੱਸੋ ਕੀ ਮਦਦ ਕਰ ਸਕਦਾਂ?’
ਉਹ ਦੁਖੀ ਹੋ ਕਹਿਣ ਲੱਗਾ, ਤੁਹਾਡਾ ਮਿੱਤਰ ਕਾਲੀਆਂ ਐਨਕਾਂ ਲਾ ਕੇ ਹੱਥ ‘ਚ ਡਾਇਰੀ ਫੜ ਰੋਜ਼ ਟਾਈ ਲਾ ਕੇ ਆਉਂਦਾ ਹੈ ਤੇ ਮੈਂ ਜ਼ਿੰਦਗੀ ‘ਚ ਕਦੇ ਟਾਈ ਲਾਈ ਹੀ ਨਹੀਂ। ਲੋਕੀਂ ਸਾਰਾ ਦਿਨ ਉਸੇ ਨੂੰ ਹੀ ਡਾਕਟਰ ਸਮਝ ਕੇ ‘ਸਾਸਰੀ ਕਾਲ’ ਬੁਲਾਈ ਜਾਂਦੇ ਨੇ। ਮੈਂ ਤੁਹਾਡੇ ਵਾਂਗ ਉਹਦੇ ਮੂਹਰੇ ਵੀ ਹੱਥ ਜੋੜ ਕੇ ਖੜਾ ਹੋਇਆ ਸੀ ਕਿ ਮਿੱਤਰਾ, ਤੇਰਾ ਅਹੁਦਾ ਤਾਂ ਸਾਨ੍ਹ ਦਾ ਗੋਹਾ ਹਟਾਉਣ ਵਾਲੇ ਸਫਾਈ ਸੇਵਕ ਦਾ ਹੈ ਜਾਂ ਸਾਨ੍ਹ ਨੂੰ ਨੁਹਾਉਣ ਤੇ ਚਾਰਾ ਪਾਉਣ ਦਾ ਹੈ ਪਰ ਘੱਟੋ ਘੱਟ ਤੂੰ ਟਾਈ ਲਾ ਕੇ ਤਾਂ ਨਾ ਆਇਆ ਕਰ। ਚਲੋ ਇਹ ਕੰਮ ਤਾਂ ਮੈਂ ਕਿਸੇ ਹੋਰ ਨੂੰ ਸੌ ਰੁਪਿਆ ਦੇ ਕੇ ਵੀ ਕਰਾ ਲਿਆ ਕਰਾਂਗਾ ਪਰ ਹੈਰਾਨੀ ਇਹ ਹੈ ਕਿ ਉਹ ਗੋਹਾ ਵੀ ਹਟਾ ਦਿੰਦੈ ਤੇ ਟਾਈ ਲਾਉਣੋ ਵੀ ਨਹੀਂ ਹਟਦਾ। ਲੱਗਦੈ ਇਹ ਅੰਗਰੇਜ਼ਾਂ ਦੀ ਕਿਸੇ ਪੁਰਾਣੀ ਹਵੇਲੀ ਵਿਚ ਰਹਿੰਦੇ ਹੋਣੇ ਆ।’
ਮੈਂ ਸੋਚ ਰਿਹਾ ਸਾਂ, ਹੱਸਾਂ ਕਿ ਰੋਵਾਂ ਕਿਉਂਕਿ ਇਸ ਕਵੀ ਮਿੱਤਰ ਦਾ ਅਹੁਦਾ ਤਾਂ ਦਰਜਾ ਚਾਰ ਦਾ ਸੀ, ਸਫਾਈ ਸੇਵਕ ਵਾਲਾ ਪਰ ਉਹ ਐਨਕਾਂ ਲਾ ਕੇ ਸਾਨੂੰ ਆਪਣੇ ਆਪ ਨੂੰ ਫਾਰਮਾਸਿਸਟ ਹੀ ਦੱਸਦਾ ਰਿਹਾ। ਅਸਲ ਵਿਚ ਮੈਨੂੰ ਬੜੀ ਦੇਰ ਬਾਅਦ ਪਤਾ ਲੱਗਾ ਕਿ ਉਹ ਸ਼ਾਮ ਨੂੰ ਕਈ ਪੈਗ ਪੀ ਕੇ ਟਾਈ ਲਾਹੁੰਦਾ ਹੀ ਨਹੀਂ ਸੀ ਤੇ ਉਵੇਂ ਹੀ ਸਵੇਰ ਨੂੰ ਟਾਈ ਸਣੇ ਬੱਸੇ ਚੜ੍ਹ ਆਉਂਦਾ ਸੀ।
ਕੋਈ ਗੁੱਸਾ ਕਰੇ ਜਾਂ ਬੁਰਾ ਮਨਾਵੇ ਬਿਹਾਰ, ਯੂæਪੀæ ਤੇ ਰਾਜਸਥਾਨ ਦੇ ਬਹੁਤੇ ਲੋਕਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਟਾਈ ਕੀ ਹੁੰਦੀ ਹੈ ਪਰ ਪੰਜਾਬ ਦੇ ਲਗਭਗ ਸਾਰੇ ਪਿੰਡਾਂ ਵਿਚ ਹੁਣ ਟਾਈ ਘਰਾਂ ਦੀਆਂ ਉਨ੍ਹਾਂ ਕਿੱਲੀਆਂ ਨਾਲ ਟੰਗੀ ਦੇਖੀ ਜਾ ਸਕਦੀ ਹੈ ਜਿਥੇ ਕਦੇ ਪਰਾਂਦੇ ਜਾਂ ਰੇਸ਼ਮੀ ਨਾਲ਼ੇ ਲਟਕਦੇ ਸਨ। ਫੋਟੋਆਂ ਵੇਖ ਕੇ ਮੇਰਾ ਨਿੱਕੇ ਹੁੰਦੇ ਦਾ ਦਿਲ ਕਰਦਾ ਕਿ ਮੈਂ ਵੀ ਕਦੇ ਟਾਈ ਲਾਵਾਂ। ਸਬੱਬ ਨਾਲ ਸਾਡੇ ਪਿੰਡ ਮਾੜੇ ਮੋਟੇ ਚੰਗੇ ਪਰਿਵਾਰ ਵਿਚ ਇਕ ਬਰਾਤ ਆ ਗਈ। ਬਹੁਤੇ ਬਰਾਤੀਆਂ ਨੇ ਟਾਈਆਂ ਲਾਈਆਂ ਹੋਈਆਂ ਸਨ। ਡੋਲੀ ਤੁਰਨ ਵੇਲੇ ਨਿੱਕੇ ਨਿੱਕੇ ਬੱਚਿਆਂ ਨਾਲ ਜੋੜੀ ਤੋਂ ਵਾਰ ਕੇ ਸੁੱਟੀ ਭਾਨ ਮੈਂ ਵੀ ਚੁੱਕ ਕੇ ਜਦੋਂ ਘਰ ਲਿਆਇਆ ਤਾਂ ਮਾਂ ਨੂੰ ਕਿਹਾ, ‘ਨਵਿਆਂ ਦੀ ਬਰਾਤ ‘ਚ ਬਹੁਤ ਲੋਕਾਂ ਨੇ ਟਾਈਆਂ ਲਾਈਆਂ ਹੋਈਆਂ ਸਨ, ਮੈਂ ਵੀ ਲਾਉਣੀ ਆ।’ ਮਾਂ ਨੇ ਵੱਟ ਕੇ ਚਪੇੜ ਮਾਰੀ ਤੇ ਕਹਿਣ ਲੱਗੀ, ‘ਚੱਕਿਆ ਟਾਈ ਦਾ, ਪਹਿਲਾਂ ਪਜਾਮੇ ਦਾ ਨਾਲਾ ਟੰਗ, ਇਹ ਟਾਈਆਂ ਵੱਡੇ ਵੱਡੇ ਲੋਕ ਲਾਉਂਦੇ ਆ।’
ਮੈਂ ਥੱਪੜ ਖਾ ਕੇ ਵੀ ਅਗਲਾ ਸਵਾਲ ਕਰ ਲਿਆ, ‘ਮਾਂ ਇਹ ਵੱਡੇ ਵੱਡੇ ਲੋਕ ਕੌਣ ਹੁੰਦੇ ਨੇ।’
ਕਹਿਣ ਲੱਗੀ, ‘ਜਿਹੜੇ ਅਫਸਰ ਹੋਣ, ਜਿਨ੍ਹਾਂ ਨਾਲ ਆਮ ਬੰਦਾ ਗੱਲ ਨਾ ਕਰ ਸਕੇ। ਇਹ ਟਾਈਆਂ ਕਿਤੇ ਮੁੱਲ ਖਰੀਦਦੇ ਆ, ਇਨ੍ਹਾਂ ਨੂੰ ਸਰਕਾਰ ਦਿੰਦੀ ਆ।’
ਸੀ ਤਾਂ ਮੈਂ ਬੱਚਾ ਹੀ, ਪੰਜਵੀਂ ਜਾਂ ਛੇਵੀਂ ਵਿਚ ਪੜ੍ਹਦਾ ਹੋਵਾਂਗਾ ਪਰ ਮਾਂ ਨੂੰ ਇਹ ਜ਼ਰੂਰ ਕਿਹਾ, ‘ਇਹ ਟਾਈਆਂ ਬੰਨ੍ਹਣ ਵਾਲੇ ਵੱਡੇ ਲੋਕ ਤਾਂ ਸ਼ਰਾਬ ਪੀ ਕੇ ਮੰਜਿਆਂ ਦੀਆਂ ਦੌਣਾਂ ਵਿਚ ਫਸੇ ਪਏ ਨੇ।’
‘ਬਹੁਤੀਆਂ ਗੱਲਾਂ ਨਾ ਬਣਾ ਇਹ ਤੇਰੇ ਵੱਸ ਦਾ ਰੋਗ ਨਹੀਂ, ਟਾਈ ਲਾਉਣ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਤੇ ਤੇਰਾ ਤਾਂ ਪਿਓ ਹੀ ਹੈਨੀਂ, ਟਾਈਆਂ ਗਰੀਬਾਂ ਦੇ ਘਰਾਂ ਵਿਚ ਨਹੀਂ ਕੋਈ ਬੰਨ੍ਹਦਾ ਹੁੰਦਾ।’
ਮੈਨੂੰ ਯਾਦ ਹੈ, ਕੁਝ ਦਿਨਾਂ ਬਾਅਦ ਜਦੋਂ ਮੈਂ ਸਕੂਲੋਂ ਛੁੱਟੀ ਕਰਕੇ ਘਰ ਪਹੁੰਚਿਆ ਤਾਂ ਮਾਂ ਸ਼ਾਇਦ ਮੈਨੂੰ ਡਰਾਉਣ ਲਈ ਹੀ ਇਕ ਗਵਾਂਢੀ ਵੱਡੇ ਸਰਦਾਰ ਨੂੰ ਮੂੰਹ ਦੇ ਸੱਜੇ ਪਾਸਿਓਂ ਘੁੰਡ ਦਾ ਓਹਲਾ ਕਰਕੇ ਪੁੱਛ ਰਹੀ ਸੀ, ‘ਭਾਈਆ ਆਹ ਸਾਡਾ ਮੁੰਡਾ ਕਈਆਂ ਦਿਨਾਂ ਦਾ ਟਾਈ ਨੂੰ ਬੜੀ ਅੜੀ ਕਰਦਾ, ਇਹਨੂੰ ਕੁਝ ਸਮਝਾ।’
ਵੱਡਾ ਸਰਦਾਰ ਡਰਾ ਕੇ ਕਹਿਣ ਲੱਗਾ, ‘ਪੁਲਿਸ ਫੜ ਕੇ ਲੈ ਜੂ, ਇਹ ਤਾਂ ਉਹ ਬੰਨ੍ਹਦੇ ਆ ਜਿਨ੍ਹਾਂ ਦਾ ਪਿਓ ਦਿੱਲੀ ਸਰਕਾਰੀ ਨੌਕਰੀ ਕਰਦਾ ਹੋਵੇ।’
ਮੈਨੂੰ ਲੱਗਦਾ ਸ਼ਾਇਦ ਮੈਂ ਜ਼ਿੰਦਗੀ ਵਿਚ ਕਦੇ ਟਾਈ ਨਹੀਂ ਬੰਨ੍ਹ ਸਕਾਂਗਾ।
ਕਿਤੇ ਦੋ ਕੁ ਮਹੀਨੇ ਬਾਅਦ ਮਾਂ ਨਾਨਕਿਆਂ ਤੋਂ ਇਕ ਸੂਟ ਲਿਆਈ ਜਿਸ ਵਿਚ ਸਲਵਾਰ ਕੱਪੜੇ ਦਾ ਥਰ ਉਨ੍ਹਾਂ ਹੀ ਬਰਾਤੀਆਂ ਦੀਆਂ ਧਾਰੀਆਂ ਵਾਲੀਆਂ ਟਾਈਆਂ ਵਰਗਾ ਸੀ। ਮੈਂ ਉਹ ਕੱਪੜਾ ਚੋਰੀ ਖਿਸਕਾ ਲਿਆ।
ਕਿਤੇ ਮੈਂ ਤੇ ਮੇਰੀ ਭੈਣ ਜੋ ਮੈਥੋਂ ਡੇਢ ਕੁ ਸਾਲ ਹੀ ਵੱਡੀ ਹੈ ਇਕੱਲੇ ਘਰ ਸਾਂ, ਮੈਂ ਮਾਂ ਦੇ ਸੂਟ ਦਾ ਉਹੀ ਕਪੱੜਾ ਕੱਢ ਲਿਆ ਤੇ ਭੈਣ ਨੂੰ ਕਿਹਾ, ‘ਭੈਣ ਬਣ ਕੇ ਮਾਂ ਨੂੰ ਨਾ ਦੱਸੀਂ, ਮੈਂ ਇਹਦੀ ਟਾਈ ਬਣਾਉਣੀ ਹੈ।’
ਉਹ ਕਹਿਣ ਲੱਗੀ, ‘ਮੈਂ ਜ਼ਿੰਮੇਵਾਰ ਨਹੀਂ ਜੇ ਪਤਾ ਲੱਗਿਆ ਤਾਂ ‘ਕੱਲਾ ਹੀ ਕੁੱਟ ਖਾਈਂ।’
ਚਲੋ! ਮੈਂ ਕੈਂਚੀ ਨਾਲ ਉਹਦੀ ਵਿੰਗੀ ਟੇਡੀ ਟਾਈ ਤਾਂ ਕੱਟ ਵੱਢ ਕੇ ਬਣਾ ਲਈ ਪਰ ਗੰਢ ਨਾ ਦੇਣੀ ਆਈ। ਗੰਢ ਦੇਣ ਦੀ ਖੱਜਲ ਖੁਆਰੀ ਵਿਚ ਉਲਝਦੇ ਨੂੰ ਮਾਂ ਦੇ ਆਉਣ ਦਾ ਚੇਤਾ ਹੀ ਭੁੱਲ ਗਿਆ। ਮੂੰਹ ਚੁੱਕ ਕੇ ਵੇਖਿਆ ਤਾਂ ਮਾਂ ਸਾਹਮਣੇ ਖੜੀ ਸੀ। ਕਹਿਣ ਲੱਗੀ, ‘ਕੀ ਕਰਦਾ ਸੀ? ਆਹ ਕੱਪੜਾ ਕਿਥੋਂ ਲਿਆ? ਕੈਂਚੀ ਨਾਲ ਕੀ ਕਰਦਾ ਸੀ?’ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਉਹਦੇ ਪੇਕਿਆਂ ਦੇ ਦਿੱਤੇ ਲੋਹੜੀ ਦੇ ਸੂਟ ਦਾ ਇਹ ਹਾਲ ਕਰ ਦਿੱਤਾ ਹੈ ਤਾਂ ਮੇਰੀ ਹਾਲਤ ਮਾਂ ਨੇ ਉਦਣ ਉਹੀ ਕੀਤੀ ਜਿਹੜੀ ਕਿਸੇ ਲੀਡਰ ਦੀ ਸਿਫਾਰਿਸ਼ ‘ਤੇ ਨਾਜਾਇਸ਼ ਦੋਸ਼ਾਂ ਅਧੀਨ ਫੜੇ ਬੰਦੇ ਦਾ ਪੁਲਿਸ ਪਹਿਲੇ ਦਿਨ ਰਿਮਾਂਡ ‘ਤੇ ਕਰਦੀ ਹੈ।
ਮਾਂ ਨੂੰ ਦੁੱਖ ਸੀ ਕਿ ਮੈਂ ਉਹਦਾ ਸੂਟ ਖਰਾਬ ਕਰ ਦਿੱਤਾ ਸੀ ਪਰ ਸਾਡੇ ਪਿੰਡ ਸਾਈਕਲ ‘ਤੇ ਕੱਪੜੇ ਵੇਚਦੇ ਸਾਧੂ ਸਿੰਘ ਨੇ ਮੈਨੂੰ ਰੋਂਦਾ ਵੇਖ ਕੇ ਮਾਂ ਨੂੰ ਕਹਾਣੀ ਪੁੱਛੀ ਤਾਂ ਕਹਿਣ ਲੱਗੀ, ‘ਇਸ ਕੰਜਰ ਨੂੰ ਨੱਕ ਨਹੀਂ ਪੂੰਝਣਾ ਆਉਂਦਾ, ਟਾਈ ਬਣਾਉਂਦੇ ਨੇ ਮੇਰਾ ਸੂਟ ਫੂਕ ਦਿੱਤਾ।’
ਪਰ ਉਸ ਸਾਧੂ ਸਿੰਘ ਨੇ ਸਾਧੂ ਸੁਭਾਅ ਵਾਂਗ ਉਸ ਦਿਨ ਜਿਹੜੀ ਗੱਲ ਕਹੀ ‘ਪ੍ਰਕਾਸ਼ ਕੋਰੇ ਅੱਜ ਤਾਂ ਤੂੰ ਮੁੰਡਾ ਕੁੱਟ ਲਿਆ, ਇਹਨੂੰ ਫਿਰ ਨਾ ਕੁੱਟੀਂ। ਇਹਦੇ ਚਾਅ ਦੱਸਦੇ ਨੇ ਇਹ ਜ਼ਰੂਰ ਕੁਝ ਖਾਸ ਹੋਵੇਗਾ’ ਅਜੇ ਤੱਕ ਨਹੀਂ ਭੁੱਲੀ।
æææਤੇ ਉਹੀ ਖਾਸ ਬਣਨ ਲਈ ਮੈਂ ਜ਼ਿੰਦਗੀ ‘ਚ ਸੰਘਰਸ਼ ਕਰੀ ਜਾ ਰਿਹਾ ਹਾਂ।
1972 ਵਿਚ ਇਕ ਫਿਲਮ ਆਈ ਸੀ ਅਭਿਨੇਤਰੀ ਇੰਦਰਾ ਬਿੱਲੀ ਦੀ ‘ਪਟੋਲਾ’ ਤੇ ਉਹਦਾ ਇਕ ਗੀਤ ਹਰ ਪੰਜਾਬੀ ਨੂੰ ਚੇਤੇ ਹੋਵੇਗਾ:
ਲੰਬੀ ਸੜ੍ਹਕ ਤੇ ਵਖਤ ਦਪਹਿਰ ਦਾ
ਇਕ ਬਾਬੂ ਡਿੱਠਾ ਸ਼ਹਿਰ ਦਾ
ਜਿਹਦਾ ਪੈਰ ਨਾ ਭੁੰਜੇ ਠਹਿਰ ਦਾ
ਨੀ ਨਕਟਾਈ ਵਾਲਾ ਬਾਬੂ ਸ਼ਹਿਰ ਦਾ।
ਟਾਈ ਭਾਵੇਂ ਹੁਣ ਖਾਸ ਨਾ ਰਹੀ ਹੋਵੇ ਪਰ ਇਨ੍ਹਾਂ ਘਟਨਾਵਾਂ ਨੇ ਮੇਰੀ ਜ਼ਿੰਦਗੀ ‘ਚ ਟਾਈ ਦਾ ਖਾਸ ਹੋਣਾ ਹਮੇਸ਼ਾ ਹੀ ਖਾਸ ਬਣਾਈ ਰੱਖਿਆ ਹੈ ਕਿਉਂਕਿ ਬਚਪਨ ਵਿਚ ਬਹੁਤਿਆਂ ਨੇ ਕਈ ਕਈ ਦਿਨ ਨਹਾਤਾ ਨਹੀਂ ਹੋਵੇਗਾ, ਮੰਨਣ ਭਾਵੇਂ ਹੁਣ ਵੀ ਨਾ!
ਗੱਲ ਬਣੀ ਕਿ ਨਹੀਂ?
ਐਸ ਅਸ਼ੋਕ ਭੌਰਾ
ਸਾਧ ਤੇ ਨੇਤਾ
ਸਭ ਕੁਝ ਉਲ਼ਝ ਗਿਆ ਏ ਮਿੱਤਰੋ ਸਣੇ ਤੰਦ ਤੇ ਤਾਣੀ,
ਤੋਤਾ ਮੈਨਾ ਵਰਗੀ ਲੱਗਦੀ ਇਕੋ ਜਿਹੀ ਕਹਾਣੀ।
ਰਾਜਨੀਤੀ ਦੀ ਦਲਦਲ ਦੇ ਵਿਚ ਫਸੇ ਵੇਖ ਕੇ ਲੋਕੀ,
ਪਹਿਲਾਂ ਤਾੜੀ ਰਾਜਾ ਮਾਰਦਾ ਮਗਰ ਮਾਰਦੀ ਰਾਣੀ।
ਫੁੱਲੀਆਂ ਵੰਡਦਾ ਸਾਧ ਹਰਾਮੀ ਫੇਰ ਭੇੜ ਕੇ ਮਾਰੂ,
ਇਹਦੇ ਪੁਲ ਦੇ ਹੇਠੋਂ ਲੰਘਦਾ ਅੱਜ ਕੱਲ੍ਹ ਅੱਗ ਦਾ ਪਾਣੀ।
ਕਤਲ ਹੋਣਗੇ ਜਿਵੇਂ ਮੁਜਾਹਰੇ ਹੁੰਦੇ ਚਾਰ ਚੁਫੇਰੇ,
ਖਚਰੇ ਨੇਤਾ ਚੱਲ ਗਏ ਆਪਣੀ ਉਹੀ ਚਾਲ ਪੁਰਾਣੀ।
ਕਿੱਦਾਂ ਬਹਿ ਗਈ ਅੱਖ ਬਚਨੀਏ ਫਿਰ ਤਾਂ ਦਊਂਗੀ ਦੱਸ,
ਸਿਰ ਪਾੜ ਦਊਂ ਊਂ ਜੇ ਪੁੱਛਿਆ ਕਿੱਦਾਂ ਹੋ ਗਈ ਕਾਣੀ?
ਜਿਨ੍ਹਾਂ ਲੀਡਰਾਂ ਪਿੱਛੇ ‘ਭੌਰੇ’ ਲੋਕੀਂ ਲਾਹ ਕੇ ਫਿਰਦੇ ਨੇ,
ਇਨ੍ਹਾਂ ਦਾ ਜੇ ਮਰ ਗਿਆ ਕੁੱਤਾ ਜਾਣਗੇ ਫਿਰ ਮਕਾਣੀਂ।