ਦਲਜੀਤ ਅਮੀ
ਫੋਨ: +91-97811-21873
ਸਾਹਿਤ ਅਕਾਡਮੀ ਸਨਮਾਨ ਵਾਪਸ ਕਰਨ ਵਾਲੇ ਲੇਖਕਾਂ ਦੀ ਫਹਿਰਿਸਤ ਲੰਮੀ ਹੁੰਦੀ ਜਾ ਰਹੀ ਹੈ। ਸਨਮਾਨ ਵਾਪਸ ਕਰਨ ਵਾਲੇ ਜ਼ਿਆਦਾਤਰ ਲੇਖਕਾਂ ਦੀਆਂ ਚਿੱਠੀਆਂ ਵਿਚ ਦਰਜ ਹੈ ਕਿ ਸਾਹਿਤ ਅਕਾਡਮੀ ਲੇਖਕਾਂ ਉਤੇ ਹਮਲਿਆਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਉਤੇ ਲੱਗ ਰਹੀਆਂ ਪਾਬੰਦੀਆਂ ਦੇ ਮਾਮਲੇ ਵਿਚ Ḕਉਮੀਦ ਮੁਤਾਬਕ’ ਹੁੰਗਾਰਾ ਭਰਨ ਵਿਚ ਨਾਕਾਮਯਾਬ ਰਹੀ ਹੈ। ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਦੇ ਕਤਲ ਤੋਂ ਬਾਅਦ ਹਿੰਦੀ ਲੇਖਕ ਉਦੈ ਪ੍ਰਕਾਸ਼ ਨੇ ਸਾਹਿਤ ਅਕਾਡਮੀ ਦੀ ਚੁੱਪ ਦੇ ਖ਼ਿਲਾਫ਼ ਸਨਮਾਨ ਵਾਪਸ ਕੀਤਾ ਸੀ।
ਨਯਨਤਾਰਾ ਸਹਿਗਲ ਨੇ ਦਾਦਰੀ ਵਿਚ ਮੁਹੰਮਦ ਅਖ਼ਲਾਕ ਦੇ ਕਤਲ ਤੋਂ ਬਾਅਦ ਮੁਲਕ ਵਿਚ ਵਧ ਰਹੇ ਕੱਟੜਪੁਣੇ ਨੂੰ ਨਿਸ਼ਾਨਾ ਬਣਾ ਕੇ ਸਨਮਾਨ ਵਾਪਸ ਕੀਤਾ। ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ। ਪੰਜਾਬੀਆਂ ਦੀ ਇਸ ਰੁਝਾਨ ਵਿਚ ਸ਼ਮੂਲੀਅਤ ਨਯਨਤਾਰਾ ਸਹਿਗਲ ਨਾਲ ਸ਼ੁਰੂ ਹੋਈ ਅਤੇ ਕ੍ਰਿਸ਼ਨਾ ਸੋਬਤੀ ਨੇ ਦੋਹਰ ਪਾਈ। ਪੰਜਾਬੀ ਦੇ ਲੇਖਕਾਂ ਵਿਚ ਗੁਰਬਚਨ ਸਿੰਘ ਭੁੱਲਰ ਨੇ ਸਨਮਾਨ ਵਾਪਸ ਕੀਤਾ ਤਾਂ ਪਿਛੇ ਪਿਛੇ ਆਤਮਜੀਤ, ਅਜਮੇਰ ਔਲਖ, ਵਰਿਆਮ ਸੰਧੂ, ਦਰਸ਼ਨ ਬੁੱਟਰ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਅਤੇ ਸੁਰਜੀਤ ਪਾਤਰ ਨੇ ਇਹ ਸਨਾਮਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਇਹ ਫਹਿਰਿਸਤ ਲੇਖ ਛਪਣ ਤੱਕ ਹੋਰ ਲੰਮੀ ਹੋ ਸਕਦੀ ਹੈ। ਮੇਘਰਾਜ ਮਿੱਤਰ ਨੇ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਲੇਖਕ ਅਤੇ ਕੁਝ ਹੋਰ ਲੇਖਕਾਂ ਨੇ ਹੋਰ ਸਨਮਾਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ।
ਸਾਹਿਤ ਅਕਾਡਮੀ ਦੇ ਸਨਮਾਨ ਵਾਪਸ ਕਰਨ ਦੀ ਅਹਿਮੀਅਤ ਹੈ ਕਿ ਲੇਖਕ, ਸਨਮਾਨ ਦੇਣ ਵਾਲੇ ਅਦਾਰੇ ਦੀ ਚੁੱਪ ਤੋਂ ਖ਼ਫ਼ਾ ਹਨ ਅਤੇ ਉਸ ਨੂੰ ਉਘਾੜ ਕੇ ਵਡੇਰੇ ਮੁੱਦੇ ਵਜੋਂ ਪੇਸ਼ ਕਰ ਰਹੇ ਹਨ। ਜੇ ਲੇਖਕ ਦਾ ਕੰਮ ਹੀ ਅਹਿਸਾਸ ਨੂੰ ਜ਼ੁਬਾਨ ਦੇਣਾ ਹੈ ਤਾਂ ਉਸ ਨੂੰ ਬੇਵਕਤੀ ਚੁੱਪ ਤੋਂ ਪਰੇਸ਼ਾਨੀ ਹੋਣੀ ਚਾਹੀਦੀ ਹੈ। ਇਸ ਬਹਿਸ ਦਾ ਉਹ ਪੱਖ ਮਹਿਜ਼ ਤਕਨੀਕੀ ਅਤੇ ਵਿਅਕਤੀਗਤ ਹੈ ਕਿ ਵਾਪਸ ਕਰਨ ਵੇਲੇ ਕੀ ਕੁਝ ਵਾਪਸ ਕੀਤਾ ਗਿਆ। ਉਂਜ ਇੱਕ ਵਾਰ ਪ੍ਰਵਾਨ ਕੀਤਾ ਗਿਆ ਸਨਮਾਨ ਕਦੇ ਵਾਪਸ ਨਹੀਂ ਹੋ ਸਕਦਾ। ਸਨਮਾਨ ਵਾਪਸ ਕਰਨ ਦੀ ਅਹਿਮੀਅਤ ਹੀ ਇਸੇ ਵਿਚ ਹੈ ਕਿ ਇਹ ਲੇਖਕ ਨੂੰ ਦੂਜੀ ਵਾਰ ਸਨਮਾਨ ਮਿਲਣ ਜਿੰਨੀ ਮਾਨਤਾ ਰੱਖਦਾ ਹੈ। ਹੁਣ ਤੋਂ ਬਾਅਦ ਇਨ੍ਹਾਂ ਲੇਖਕਾਂ ਦੀ ਜਾਣ-ਪਛਾਣ ਇਸ ਸਨਮਾਨ ਦੇ ਮਿਲਣ ਅਤੇ ਵਾਪਸ ਕਰਨ ਤੋਂ ਬਿਨਾਂ ਕਦੇ ਪੂਰੀ ਨਹੀਂ ਹੋਣੀ। ਸਨਮਾਨ ਦੀ ਇਸੇ ਅਹਿਮੀਅਤ ਕਾਰਨ ਹੀ ਤਾਂ ਸਨਮਾਨਤ ਸ਼ਖ਼ਸੀਅਤ ਦਾ ਸਨਮਾਨ ਕਰਨ ਵਾਲੇ ਅਦਾਰੇ ਉਤੇ ਕੋਈ ਨੈਤਿਕ ਦਾਅਵਾ ਹੁੰਦਾ ਹੈ। ਇਸੇ ਨੈਤਿਕ ਦਾਅਵੇਦਾਰੀ ਦੇ ਹਵਾਲੇ ਨਾਲ ਅਦਾਰਿਆਂ ਅਤੇ ਸਰਕਾਰਾਂ ਦੀ ਜੁਆਬਦੇਹੀ ਲੇਖਕ, ਵਿਦਵਾਨ, ਕਲਾਕਾਰ ਅਤੇ ਕਾਰਕੁਨ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਮੌਜੂਦਾ ਦੌਰ ਵਿਚ ਸਰਕਾਰਾਂ ਅਤੇ ਅਦਾਰੇ ਨੈਤਿਕ ਦਾਅਵੇਦਾਰੀਆਂ ਦੀ ਕਿੰਨੀ ਕੁ ਪਰਵਾਹ ਕਰਦੇ ਹਨ।
ਇਸ ਮੌਕੇ ਸਨਮਾਨਾਂ ਦੀ ਅਹਿਮੀਅਤ, ਸਿਆਸਤ, ਮੌਜੂਦਾ ਦੌਰ ਵਿਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਪਾਬੰਦੀਆਂ ਅਤੇ ਕੱਟੜਪੁਣੇ ਦੇ ਵਾਧੇ ਦੀਆਂ ਵੱਖ ਵੱਖ ਤੰਦਾਂ ਨੂੰ ਕਿਸੇ ਲੜੀ ਵਿਚ ਪਰੋ ਕੇ ਹੀ ਸਨਮਾਨ ਵਾਪਸੀ ਦੇ ਰੁਝਾਨ ਬਾਰੇ ਸਮਝ ਬਣਾਈ ਜਾ ਸਕਦੀ ਹੈ। ਇਸ ਸਮਝਣਾ ਵੀ ਜ਼ਰੂਰੀ ਹੈ ਕਿ Ḕਸਨਮਾਨ ਵਾਪਸੀ ਮੁਹਿੰਮ’ ਦੀ ਮੌਜੂਦਾ ਦੌਰ ਵਿਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਵੰਨ-ਸੁਵੰਨਤਾ ਦੀ ਕਦਰ, ਸਮਾਜਕ ਇਨਸਾਫ਼, ਸ਼ਹਿਰੀ-ਜਮਹੂਰੀ-ਮਨੁੱਖੀ ਹਕੂਕ ਲਈ ਚੱਲ ਰਹੇ ਸੰਘਰਸ਼ਾਂ ਵਿਚ ਕੀ ਥਾਂ ਬਣਦੀ ਹੈ?
ਸਨਮਾਨ ਵਾਪਸ ਕਰਨ ਲਈ ਇਸ ਦਾ ਮਿਲਣਾ ਜ਼ਰੂਰੀ ਹੈ। ਇਸ ਤਰ੍ਹਾਂ ਸਨਮਾਨ ਵਾਪਸੀ ਮੁਹਿੰਮ ਪ੍ਰਵਾਨਤ ਲੇਖਕਾਂ ਦੀ ਮੁਹਿੰਮ ਹੈ। ਇਸ ਦਾ ਇਹ ਪਤਵੰਤਾਸ਼ਾਹੀ ਖ਼ਾਸਾ ਹੀ ਇਸ ਨੂੰ ਅਖ਼ਬਾਰਾਂ ਅਤੇ ਟੈਲੀਵਿਜ਼ਨ ਜਾਂ ਇੰਟਰਨੈੱਟ ਦੀਆਂ ਸੁਰਖ਼ੀਆਂ ਬਣਾਉਂਦਾ ਹੈ। ਇਸ ਵਿਚ ਉਹ ਲੇਖਕ ਸ਼ਾਮਿਲ ਨਹੀਂ ਹਨ ਜੋ ਆਪਣੀਆਂ ਲਿਖਤਾਂ ਕਾਰਨ ਇਨ੍ਹਾਂ ਸਨਮਾਨਾਂ ਦੇ ਘੇਰੇ ਤੋਂ ਸਦਾ ਬਾਹਰ ਹਨ। ਇਸ ਫਹਿਰਿਸਤ ਵਿਚ ਕੋਈ Ḕਕੋਬਾੜ ਗਾਂਧੀḔ ਨਹੀਂ ਆ ਸਕਦਾ। ਕਿਸੇ Ḕਗ਼ਦਰḔ ਦੀ ਕਵਿਤਾ ਸ਼ਾਮਿਲ ਨਹੀਂ ਹੋ ਸਕਦੀ। ਕਿਸੇ ḔਲਾਲਟੂḔ ਦੀ ਕਿਤਾਬ ਨਹੀਂ ਆ ਸਕਦੀ। ਇਨ੍ਹਾਂ ਸਨਮਾਨਾਂ ਦੀ ਚੋਣ ਦਾ ਤਰੀਕਾ ਅਤੇ ਭਰੋਸੇਯੋਗਤਾ ਲਗਾਤਾਰ ਸ਼ੱਕ ਦੇ ਘੇਰੇ ਵਿਚ ਰਹੀ ਹੈ। ਇਨ੍ਹਾਂ ਵਿਚ ਸਿਆਸਤ ਅਤੇ ਧੜੇਬੰਦੀਆਂ ਦਾ ਜ਼ਿਕਰ ਲਗਾਤਾਰ ਹੁੰਦਾ ਰਹਿੰਦਾ ਹੈ। ਇਹ ਬਹਿਸ ਸਿਰਫ਼ ਸਾਹਿਤ ਅਕਾਡਮੀ ਬਾਰੇ ਨਹੀਂ, ਸਗੋਂ ਕੌਮਾਂਤਰੀ ਪੱਧਰ ਉਤੇ ਪ੍ਰਵਾਨਤ ਵੱਡੇ ਸਨਮਾਨਾਂ ਬਾਰੇ ਵੀ ਹੈ। ਨੋਬੇਲ ਪੁਰਸਕਾਰ ਵਰਗੇ ਸਨਮਾਨ ਬਾਰੇ ਨੋਬੇਲ ਇੰਸਟੀਚਿਊਟ ਦੇ ਸਾਬਕਾ ਨਿਰਦੇਸ਼ਕ ਅਤੇ ਨੋਬੇਲ ਪੀਸ ਪਰਾਈਜ਼ ਕਮੇਟੀ ਦੇ ਸਕੱਤਰ ਗੇਰ ਲੰਡਇਸਟਾਡ ਨੇ ਆਪਣੀ ਯਾਦਾਂ ਵਿਚ ਖੁਲਾਸਾ ਕੀਤਾ ਹੈ ਕਿ ਇਹ ਪੁਰਸਕਾਰ ਕਿਵੇਂ ਦਿੱਤੇ ਜਾਂਦੇ ਹਨ।
ਲੇਖਕਾਂ ਅਤੇ ਵਿਦਵਾਨਾਂ ਦੀਆਂ ਮਹਿਫ਼ਲਾਂ ਵਿਚ ਸਨਮਾਨ ਹਾਸਿਲ ਕਰਨ ਲਈ ਵਰਤੇ ਗਏ ਢੰਗ-ਤਰੀਕਿਆਂ ਦੀਆਂ ਤਫ਼ਸੀਲਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਜ਼ਿਆਦਾਤਰ ਸਨਮਾਨਯਾਫ਼ਤਾ ਲੇਖਕ ਆਪਣੇ ਤੋਂ ਬਿਨਾਂ ਬਾਕੀਆਂ ਨੂੰ ਸਿਫ਼ਾਰਸ਼ੀ Ḕਕਰਾਰ’ ਦੇਣ ਵਿਚ ਜ਼ਿਆਦਾ ਦੇਰ ਨਹੀਂ ਲਗਾਉਂਦੇ। ਸਾਹਿਤ ਅਕਾਡਮੀ ਸਨਮਾਨ ਇਸ ਬਹਿਸ ਤੋਂ ਕਦੇ ਬਾਹਰ ਨਹੀਂ ਰਿਹਾ। ਭਾਸ਼ਾ ਵਿਭਾਗ ਪੰਜਾਬ ਦੇ ਸਨਮਾਨਾਂ ਤੱਕ ਆਉਂਦੀ ਇਹ ਬਹਿਸ ਹਾਸਰਸ ਕਲਾਕਾਰਾਂ ਦਾ ਕੱਚਾ ਮਾਲ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਹਿਤ ਅਕਾਡਮੀ ਦੇ ਜ਼ਿਆਦਾਤਰ ਸਨਮਾਨਯਾਫ਼ਤਾ ਲੇਖਕਾਂ ਨੇ ਚੋਖਾ ਅਤੇ ਮਿਆਰੀ ਕੰਮ ਕੀਤਾ ਹੈ, ਪਰ ਇਹ ਸਨਮਾਨ ਉਨ੍ਹਾਂ ਦੀ ਯੋਗਤਾ ਦਾ ਨਾਪ ਨਹੀਂ ਹੋ ਸਕਦਾ।
ਜਦੋਂ ਅਸੀਂ ਪੰਜਾਬ ਦੇ ਹਾਲਾਤ ਉਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਦੇ ਅਦਾਰੇ ਅਤੇ ਸਨਮਾਨਯਾਫ਼ਤਾ ਲੇਖਕ ਅਹਿਮ ਮੌਕਿਆਂ ਉਤੇ ਚੁੱਪ ਹੀ ਰਹੇ ਹਨ। ਸਾਡੀਆਂ ਯੂਨੀਵਰਸਿਟੀਆਂ, ਸਾਹਿਤ ਸਭਾਵਾਂ ਅਤੇ ਲੇਖਕਾਂ ਦੀਆਂ ਲਿਖਤਾਂ ਵਿਚ ਇਹ ਬਹਿਸ ਨਹੀਂ ਚੱਲੀ ਕਿ ਮੁਲਕ ਦੇ ਅਦਾਰਿਆਂ ਨੂੰ ਕਿਸ ਤਰੀਕੇ ਨਾਲ ਇੱਕ ਸੋਚ ਨਾਲ ਜੋੜਿਆ ਜਾ ਰਿਹਾ ਹੈ। ਮੁਲਕ ਦੇ ਖੋਜ, ਇਤਿਹਾਸ, ਵਿਗਿਆਨ ਅਤੇ ਕਲਾ ਨਾਲ ਜੁੜੇ ਅਦਾਰਿਆਂ ਦੀਆਂ ਨਾਮਜ਼ਦਗੀਆਂ ਅਤੇ ਨਿਯੁਕਤੀਆਂ ਪੰਜਾਬ ਵਿਚ ਚਰਚਾ ਦਾ ਵਿਸ਼ਾ ਨਹੀਂ ਬਣੀਆਂ। ਇਸੇ ਰੁਝਾਨ ਦਾ ਗ਼ੈਰ-ਸਰਕਾਰੀ ਦਸਤਾ ਸਮਾਜ ਵਿਚ ਹਮਲਾਵਰ ਰੁਖ਼ ਅਖ਼ਤਿਆਰ ਕਰ ਰਿਹਾ ਹੈ। ਪੰਜਾਬ ਦੇ ਅਦਾਰੇ ਇਸ ਰੁਝਾਨ ਉਤੇ ਆਪਣੀ ਪੜਚੋਲ ਕੀਤੇ ਬਿਨਾਂ ਸੁਆਲ ਨਹੀਂ ਕਰ ਸਕਦੇ ਅਤੇ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹਨ।
ਇਸ ਮਾਹੌਲ ਵਿਚ ਗੁਰਬਚਨ ਭੁੱਲਰ ਨੇ ਪੱਥਰ ਮਾਰ ਦਿੱਤਾ ਤਾਂ Ḕਸਨਮਾਨ ਵਾਪਸੀ’ ਦਾ ਰੁਝਾਨ ਤੁਰ ਪਿਆ। ਸਨਮਾਨਯਾਫ਼ਤਾ ਲੇਖਕਾਂ ਦੀ ਯੋਗਤਾ ਹੀ ਇਸ ਨੂੰ ਵਾਪਸ ਕਰਨਾ ਬਣ ਗਈ। ਸਨਮਾਨਯਾਫ਼ਤਾ ਲੇਖਕਾਂ ਖ਼ਿਲਾਫ਼ ਇੱਕ ਤਰ੍ਹਾਂ ਮੁਹਿੰਮ ਚੱਲ ਪਈ ਕਿ ਉਹ ਆਪਣੀ ਸੁਹਿਰਦਤਾ ਸਾਬਤ ਕਰਨ ਲਈ ਸਨਮਾਨ ਵਾਪਸ ਕਰਨ। ਵਰਿਆਮ ਸੰਧੂ ਅਤੇ ਸੁਰਜੀਤ ਪਾਤਰ ਦੀਆਂ ਚਿੱਠੀਆਂ ਵਿਚੋਂ ਸਨਮਾਨ ਵਾਪਸ ਕਰਨ ਦੀ ਬੇਵਸੀ ਪੜ੍ਹੀ ਜਾ ਸਕਦੀ ਹੈ। ਸਨਮਾਨ ਵਾਪਸ ਕਰਨ ਨਾਲ ਇਨ੍ਹਾਂ ਦੀਆਂ ਲਿਖਤਾਂ ਵਿਚ ਤਬਦੀਲੀ ਨਹੀਂ ਆ ਜਾਣੀ, ਪਰ ਇਨ੍ਹਾਂ ਉਤੇ ਸਨਮਾਨ ਵਾਪਸ ਕਰਨ ਲਈ ਪਿਆ ਦਬਾਅ ਕਿੰਨਾ ਕੁ ਜਾਇਜ਼ ਹੈ? ਕੀ ਜਿਹੜਾ ਦਬਾਅ ਇਨ੍ਹਾਂ ਲੇਖਕਾਂ ਨੇ ਮਹਿਸੂਸ ਕੀਤੇ ਹੈ, ਉਹ ਸਾਹਿਤ ਅਕਾਡਮੀ ਜਾਂ ਸਰਕਾਰ ਕਰੇਗੀ?
ਸਨਮਾਨ ਵਾਪਸੀ ਦੀ ਇਸ ਮੁਹਿੰਮ ਵਿਚੋਂ ਪੰਜਾਬ ਦੀ ਚੁੱਪ ਦਾ ਦੂਜਾ ਪਾਸਾ ਪੜ੍ਹਿਆ ਜਾ ਸਕਦਾ ਹੈ। ਲਗਾਤਾਰ ਧਾਰੀ ਚੁੱਪ ਨੂੰ Ḕਸਨਮਾਨ ਵਾਪਸੀ’ ਨਾਲ ਉਘਾੜਿਆ ਜਾ ਸਕਦਾ ਹੈ, ਪਰ ਤੋੜਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ Ḕਸਨਮਾਨ ਵਾਪਸੀ’ ਮੁਹਿੰਮ ਦੀ ਅਹਿਮੀਅਤ ਖ਼ਤਮ ਨਹੀਂ ਹੋ ਜਾਂਦੀ। ਜਦੋਂ ਲੇਖਕ ਸਨਮਾਨ ਵਾਪਸ ਕਰਨ ਦਾ ਐਲਾਨ ਕਰਦੇ ਹਨ, ਤਾਂ ਉਹ ਮੌਜੂਦਾ ਸਰਕਾਰ ਦੀਆਂ ਨਜ਼ਰਾਂ ਵਿਚ ਆਉਂਦੇ ਹਨ। ਉਹ ਕਲਬੁਰਗੀ ਨੂੰ ਕਤਲ ਕਰਨ ਵਾਲੀ ਸੋਚ ਵਾਲੀਆਂ ਜਥੇਬੰਦੀਆਂ ਦੀਆਂ ਨਜ਼ਰਾਂ ਵਿਚ ਆਉਂਦੇ ਹਨ। ਇਨ੍ਹਾਂ ਲੇਖਕਾਂ ਨੂੰ ਇਹ ਮਾਣ ਮਿਲਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਆਪਣਾ ਨਿਖੇੜਾ ਕੀਤਾ ਹੈ। ਦੂਜੇ ਪਾਸੇ ਸਨਮਾਨਯਾਫ਼ਤਾ ਲੇਖਕਾਂ ਦੀ ਇਹੋ ਯੋਗਤਾ ਨਹੀਂ ਹੋ ਸਕਦੀ। ਜੇ Ḕਸਨਮਾਨ ਵਾਪਸੀ ਮਹਿੰਮ’ ਵਿਚ ਸਾਹਿਤ ਅਕਾਡਮੀ ਦੀ ਖ਼ੁਦਮੁਖ਼ਤਿਆਰੀ ਦਾ ਮਸਲਾ ਉਭਰਿਆ ਹੈ ਤਾਂ ਬੰਦੇ ਦੀ ਖ਼ੁਦਮੁਖ਼ਤਿਆਰੀ ਨੂੰ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ?
ਜੇ ਕਲਬੁਰਗੀ, ਸਾਹਿਤ ਅਕਾਦਮੀ ਦਾ ਸਨਮਾਨਯਾਫ਼ਤਾ ਲੇਖਕ ਨਾ ਹੁੰਦਾ; ਜੇ ਨਯਨਤਾਰਾ ਦਾਦਰੀ ਵਾਲੇ ਕਤਲ ਅਤੇ ਮੁਲਕ ਵਿਚ ਵਿਗੜਦੇ ਮਾਹੌਲ ਦਾ ਜ਼ਿਕਰ ਨਾ ਕਰਦੀ; ਤਾਂ ਇਨ੍ਹਾਂ ਸਨਮਾਨਯਾਫ਼ਤਾ ਲੇਖਕਾਂ ਨੇ ਕੀ ਕਰਨਾ ਸੀ? ਜੇ ਨਯਨਤਾਰਾ ਦਾ ਨਹਿਰੂ ਪਰਿਵਾਰ ਨਾਲ ਰਿਸ਼ਤਾ ਨਾ ਹੁੰਦਾ ਤਾਂ ਕੀ ਉਸ ਦੀ Ḕਸਨਮਾਨ ਵਾਪਸੀ’ ਉਦੈ ਪ੍ਰਕਾਸ਼ ਦੀ ਤਰਜ਼ ਉਤੇ ਨਜ਼ਰਅੰਦਾਜ਼ ਨਾ ਹੋ ਜਾਂਦੀ? ਕੀ ਇਸ ਨਾਲ ਨਰੇਂਦਰ ਦਾਭੋਲਕਰ ਜਾਂ ਗੋਬਿੰਦ ਪਨਸਾਰੇ ਦੇ ਕਤਲ ਬੇਮਾਅਨਾ ਹੋ ਜਾਣੇ ਸੀ? ਕੀ ਅਖ਼ਲਾਕ ਦੀ ਲਾਸ਼ ਦਾ ਮੁਲਕ ਦੀ ਵੰਨ-ਸੁਵੰਨਤਾ ਅਤੇ ਸਭਿਆਚਾਰਕ ਸਾਂਝ ਉਤੇ ਬੋਝ ਨਹੀਂ ਪੈਣਾ ਸੀ? ਸੁਆਲ ਇਹ ਵੀ ਪੁੱਛੇ ਜਾ ਸਕਦੇ ਹਨ ਕਿ ਇਨ੍ਹਾਂ ਸਨਮਾਨਯਾਫ਼ਤਾ ਲੇਖਕਾਂ ਦੀ ਜ਼ਿੰਦਗੀ ਵਿਚ ਅਜਿਹੇ ਮੌਕੇ ਹੋਰ ਵੀ ਆਏ ਹੋਣਗੇ, ਪਰ ਇਹ ਚੁੱਪ ਕਿਉਂ ਰਹੇ? ਇਹ ਸੁਆਲ ਪਰਤ ਕੇ ਪੁੱਛਣ ਵਾਲਿਆਂ ਨੂੰ ਕਿਉਂ ਨਹੀਂ ਪੁੱਛੇ ਜਾ ਸਕਦੇ? ਕੀ ਚੁੱਪ ਤੋੜਨਾ ਸਨਮਾਨਯਾਫ਼ਤਾ ਲੇਖਕਾਂ ਦੀ ਹੀ ਜ਼ਿੰਮੇਵਾਰੀ ਹੈ?
ਮੌਜੂਦਾ ਮਾਹੌਲ ਨਾਲ ਜੁੜੇ ਸੁਆਲ ਹਰ ਮੰਚ ਉਤੇ ਪੁੱਛੇ ਜਾ ਰਹੇ ਹਨ। ਪੁਣੇ ਵਿਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਹਨ। ਵਿਗਿਆਨਕ ਸੋਚ ਨੂੰ ਪ੍ਰਨਾਏ ਬੰਦੇ ਨਰੇਂਦਰ ਦਾਭੋਲਕਰ ਦੇ ਮਸਲਿਆਂ ਨੂੰ ਕਾਇਮ ਰੱਖ ਰਹੇ ਹਨ। ਗੋਬਿੰਦ ਪਨਸਾਰੇ ਦੇ ਸਾਥੀ ਸੰਘਰਸ਼ਾਂ ਦੇ ਮੈਦਾਨ ਵਿਚ ਹਨ। ਇਸ ਮਾਹੌਲ ਵਿਚ ਸਨਾਮਾਨਯਾਫ਼ਤਾ ਲੇਖਕਾਂ ਦੀ Ḕਸਨਮਾਨ ਵਾਪਸੀ ਮੁਹਿੰਮ’ ਨੇ ਅਹਿਮ ਕਾਰਕ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਹਵਾਲੇ ਨਾਲ ਕਈ ਸੁਆਲ ਸੱਤਾ ਦੇ ਗ਼ਲਿਆਰਿਆਂ ਵਿਚ ਦਸਤਕ ਦੇ ਰਹੇ ਹਨ। ਇਹ ਲੇਖਕ ਮੌਜੂਦਾ ਸਰਕਾਰ ਅਤੇ ਫਾਸ਼ੀਵਾਦੀ ਸੋਚ ਖ਼ਿਲਾਫ਼ ਚੱਲਦੇ ਸੰਘਰਸ਼ਾਂ ਦੀ ਕੜੀ ਬਣੇ ਹਨ। ਇਹ ਸਮੁੱਚਾ ਸੰਘਰਸ਼ ਨਹੀਂ ਹੋ ਸਕਦੇ ਅਤੇ ਨਾ ਹੀ ਇਨ੍ਹਾਂ ਤੋਂ ਤਵੱਕੋ ਕੀਤੀ ਜਾ ਸਕਦੀ ਹੈ।
ਪੰਜਾਬ ਦੇ ਮਾਮਲੇ ਵਿਚ Ḕਸਨਮਾਨ ਵਾਪਸੀ ਮੁਹਿੰਮ’ ਦੇ ਹੋਰ ਮਾਅਨੇ ਵੀ ਪੜ੍ਹੇ ਜਾ ਸਕਦੇ ਹਨ। ਪੰਜਾਬ ਦੇ ਜ਼ਿਆਦਾਤਰ ਵਿਦਿਅਕ, ਖੋਜ, ਸਾਹਿਤਕ ਤੇ ਪੱਤਰਕਾਰੀ ਅਦਾਰੇ ਅਤੇ ਜਥੇਬੰਦੀਆਂ ਕੱਟੜਵਾਦੀ ਰੁਝਾਨ ਬਾਰੇ ਚੁੱਪ ਹਨ। ਇਨ੍ਹਾਂ ਅਦਾਰਿਆਂ ਅਤੇ ਜਥੇਬੰਦੀਆਂ ਦੀ ਚੁੱਪ ਨੂੰ Ḕਸਨਮਾਨ ਵਾਪਸੀ ਮੁਹਿੰਮ’ ਨੇ ਉਘਾੜ ਦਿੱਤਾ ਹੈ। ਇਸ ਮੁਹਿੰਮ ਨੂੰ ਵਡਿਆਉਣਾ ਪ੍ਰਾਪਤੀ ਨਹੀਂ ਹੋ ਸਕਦੀ, ਪਰ ਇਸ ਨਾਲ ਉਘੜ ਕੇ ਸਾਹਮਣੇ ਆਉਂਦੇ ਮਸਲਿਆਂ ਨੂੰ ਮੁਖ਼ਾਤਬ ਹੋਣਾ ਜ਼ਿੰਮੇਵਾਰੀ ਜ਼ਰੂਰ ਹੋ ਸਕਦੀ ਹੈ। ਸਾਹਿਤ ਅਕਾਡਮੀ ਵਾਲੇ ਖ਼ਾਸੇ ਅਤੇ ਵਿਗਿਆਨਕ ਸੋਚ ਦੇ ਧਾਰਨੀਆਂ ਦੇ ਕਤਲ ਕਰਨ ਵਾਲੀ ਸੋਚ ਦੀ ਆਪਣੇ ਅਦਾਰਿਆਂ ਅਤੇ ਸਮਾਜ ਵਿਚ ਸ਼ਨਾਖ਼ਤ ਕਰਨਾ ਅਤੇ ਉਸ ਨੂੰ ਮੁਖ਼ਾਤਬ ਹੋਣਾ ਪੰਜਾਬ ਦੀ ਪ੍ਰਾਪਤੀ ਬਣ ਸਕਦਾ ਹੈ। ਉਸ ਲਈ ਧੰਨਵਾਦ ਦਾ ਮਤਾ Ḕਸਨਮਾਨ ਵਾਪਸੀ ਮੁਹਿੰਮ’ ਵਿਚ ਸ਼ਾਮਿਲ ਪਤਵੰਤਿਆਂ ਦੇ ਨਾਮ ਉਤੇ ਪਾਉਣਾ ਬਣੇਗਾ।