ਗੁਰਨਾਮ ਕੌਰ ਕੈਨੇਡਾ
ਅੰਗਰੇਜ਼ਾਂ ਨੇ ਪੰਜਾਬ ਦੇ ਲਾਇਲਪੁਰ (ਹੁਣ ਪਾਕਿਸਤਾਨ ਵਿਚ) ਇਲਾਕੇ ਦੀ ਬੰਜਰ ਜ਼ਮੀਨ ਨੁੰ ਆਬਾਦ ਕਰਨ ਲਈ ਚਨਾਬ ਦਰਿਆ ਵਿਚੋਂ ਨਹਿਰਾਂ ਕੱਢ ਕੇ ਪਾਣੀ ਦਾ ਪ੍ਰਬੰਧ ਕੀਤਾ ਅਤੇ ਪੰਜਾਬ ਦੇ ਪਿੰਡਾਂ, ਖਾਸ ਕਰ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਸਾਬਕਾ ਫੌਜੀਆਂ ਅਤੇ ਆਮ ਕਿਸਾਨਾਂ ਨੂੰ ਹੱਲਾ-ਸ਼ੇਰੀ ਦਿੱਤੀ ਕਿ ਉਹ ਜ਼ਮੀਨਾਂ ਆਬਾਦ ਕਰਨ ਅਤੇ ਜ਼ਮੀਨਾਂ ਦੇ ਮਾਲਕ ਬਣਨ। ਕਿਸਾਨਾਂ ਨੇ ਹੱਡ-ਭੰਨਵੀਂ ਮਿਹਨਤ ਨਾਲ ਇਨ੍ਹਾਂ ਬੰਜਰ ਜ਼ਮੀਨਾਂ ਨੂੰ ਆਬਾਦ ਕੀਤਾ ਅਤੇ ਸਰਕਾਰ ਨੂੰ ਅੱਛੀ-ਖਾਸੀ ਆਮਦਨ ਵੀ ਹੋਣ ਲੱਗੀ।
ਆਬਾਦ ਹੋ ਜਾਣ ‘ਤੇ ਅੰਗਰੇਜ਼ ਸਰਕਾਰ ਨੇ Ḕਨਿਊ ਕਾਲੋਨਾਈਜੇਸ਼ਨ ਐਕਟḔ ਅਤੇ Ḕਦੋਆਬ-ਬਾਰੀ ਐਕਟḔ ਪਾਸ ਕਰ ਦਿੱਤੇ। ਇਨ੍ਹਾਂ ਐਕਟਾਂ ਅਨੁਸਾਰ ਕਿਸਾਨਾਂ ਨੇ ਜਿਨ੍ਹਾਂ ਜ਼ਮੀਨਾਂ ਨੂੰ ਆਪਣੀਆਂ ਜੱਦੀ ਜ਼ਮੀਨਾਂ, ਘਰ-ਬਾਰ ਛੱਡ ਕੇ ਆਬਾਦ ਕੀਤਾ ਸੀ, ਉਨ੍ਹਾਂ ਜ਼ਮੀਨਾਂ ਤੋਂ ਉਨ੍ਹਾਂ ਦਾ ਮਾਲਕੀ ਦਾ ਹੱਕ ਖੋਹ ਲਿਆ ਗਿਆ ਸੀ। ਉਹ ਸਿਰਫ ਫਸਲ ਦੇ ਹਿੱਸੇਦਾਰ ਰਹਿ ਗਏ ਸੀ ਭਾਵ ਮੁਜਾਰੇ ਬਣ ਗਏ ਸਨ ਅਤੇ ਆਪਣੀ ਮਰਜ਼ੀ ਨਾਲ ਜ਼ਮੀਨਾਂ ਤੇ ਹੋਰ ਕੋਈ ਹੱਕ ਉਨ੍ਹਾਂ ਦਾ ਨਹੀਂ ਸੀ ਰਹਿ ਗਿਆ।
1906 ਵਿਚ ਗਰਮ-ਖਿਆਲੀ ਸੁਤੰਤਰਤਾ ਸੰਗਰਾਮੀਆਂ ਵੱਲੋਂ ਭਾਰਤ ਮਾਤਾ ਸੁਸਾਇਟੀ ਬਣਾਈ ਗਈ ਸੀ, ਪੰਜਾਬ ਵਿਚ ਜਿਸ ਦੀ ਰੂਹੇ-ਰਵਾਂ ਸਰਦਾਰ ਅਜੀਤ ਸਿੰਘ (ਭਗਤ ਸਿੰਘ ਸ਼ਹੀਦ ਦੇ ਚਾਚਾ ਜੀ। ਸਰਦਾਰ ਅਜੀਤ ਸਿੰਘ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਅਜ਼ਾਦੀ ਦੀ ਲੜਾਈ ਦੇ ਲੇਖੇ ਲਾ ਦਿੱਤਾ ਪਰ ਅੱਜ ਉਨ੍ਹਾਂ ਨੂੰ ਸਿਰਫ ਭਗਤ ਸਿੰਘ ਦਾ ਚਾਚਾ ਹੋਣ ਕਰਕੇ ਹੀ ਯਾਦ ਕੀਤਾ ਜਾਂਦਾ ਹੈ) ਸਨ। ਇਨ੍ਹਾਂ ਨਵੇਂ ਕਾਨੂੰਨਾਂ ਦੀ ਖਿਲਾਫਤ ਲਈ ਕਿਸਾਨਾਂ ਨੇ ਸਰਦਾਰ ਅਜੀਤ ਸਿੰਘ ਦੀ ਅਗਵਾਈ ਵਿਚ ਸੰਘਰਸ਼ ਵਿੱਢ ਦਿੱਤਾ ਅਤੇ ਥਾਂ ਥਾਂ ਅੰਗਰੇਜ਼ਾਂ ਦੀ ਮੁਖਾਲਫ਼ਤ ਜਲਸੇ, ਜਲੂਸ ਅਤੇ ਹੋਰ ਹਰ ਤਰ੍ਹਾਂ ਦੇ ਵਿਖਾਵਿਆਂ ਰਾਹੀਂ ਜੋਰ-ਸ਼ੋਰ ਨਾਲ ਸ਼ੁਰੂ ਹੋ ਗਈ। ਇਸੇ ਸਬੰਧ ਵਿਚ 3 ਮਾਰਚ 1907 ਨੂੰ ਲਾਇਲਪੁਰ ਵਿਚ ਬਹੁਤ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿਚ Ḕਝੰਗ ਸਿਆਲḔ ਅਖ਼ਬਾਰ ਦੇ ਸੰਪਾਦਕ ਬਾਂਕੇ ਦਿਆਲ ਨੇ ਇੱਕ ਗੀਤ ਰੱਖਿਆ, Ḕਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਇ।ਤੇਰਾ ਲੁੱਟ ਲਿਆ ਮਾਲ ਓਇḔ ਅਤੇ ਇਹ ਗੀਤ ਏਨਾ ਜ਼ਿਆਦਾ ਮਸ਼ਹੂਰ ਹੋਇਆ ਕਿ ਅੰਗਰੇਜ਼-ਵਿਰੋਧੀ ਇਸ ਕਿਸਾਨ ਲਹਿਰ ਦਾ ਨਾਮ ਹੀ Ḕਪੱਗੜੀ ਸੰਭਾਲḔ ਪੈ ਗਿਆ। ਇਸ ਗੀਤ ਦੇ ਮੋਟੇ ਜਿਹੇ ਅਰਥ ਇਹ ਸਨ ਕਿ ਕਿਸਾਨ ਦੁਨੀਆਂ ਭਰ ਦਾ ਅੰਨ ਦਾਤਾ ਹੈ ਪਰ ਉਸ ਦੀਆਂ ਆਪਣੀਆਂ ਜੇਬਾਂ ਖਾਲੀ ਹਨ। ਉਸ ਦੇ ਘਰ ਵਿਚ ਹਨੇਰਾ (ਤੰਗੀਆਂ ਕਾਰਨ) ਹੈ ਪਰ ਲੋਕਾਂ ਦੀ ਦੀਵਾਲੀ ਹੈ। ਉਹ ਭਾਵੇਂ ਗਊਆਂ ਪਾਲਣ ਵਾਲਾ ਹੈ ਪਰ ਉਸ ਦੇ ਬੱਚੇ ਦੁੱਧ ਨੂੰ ਤਰਸ ਰਹੇ ਹਨ। ਉਚਾ ਅੰਬਰ ਕਿਸਾਨ ਦਾ ਰਾਖਾ ਹੈ ਅਤੇ ਧਰਤੀ ਉਸ ਦੀ ਮਾਂ ਹੈ ਪਰ ਸਾਰੀ ਦੁਨੀਆਂ ਕਿਸਾਨ ਦੀ ਕਮਾਈ ਖਾ ਰਹੀ ਹੈ। ਜਿਹੜੇ ਆਪਣੇ ਆਪ ਨੂੰ ਕਿਸਾਨ ਦੇ ਰਖਵਾਲੇ ਕਹਿੰਦੇ ਹਨ, ਉਹ ਹੀ ਉਸ ਦੀ ਖੇਤੀ ਨੂੰ ਖਾ ਰਹੇ ਹਨ। ਮੋਟੇ ਢਿੱਡਾਂ ਵਾਲਿਆਂ ਨੇ ਕਿਸਾਨ ਦਾ ਜੀਵਨ ਦਾ ਹੱਕ ਵੀ ਖੋਹ ਲਿਆ ਹੈ (ਵੀਰਾ ਤੈਨੂੰ ਜੀਣ ਨਾ ਦਿੰਦੇ ਮੋਟੇ ਢਿੱਡਾਂ ਵਾਲੇ)।
ਆਜ਼ਾਦੀ ਮਿਲਿਆਂ ਭਾਵੇਂ 68 ਸਾਲ ਹੋ ਗਏ ਹਨ ਪਰ ਕਿਸਾਨ ਦੀ ਹਾਲਤ ਬਹੁਤੀ ਬਦਲੀ ਨਹੀਂ ਹੈ। ਅੱਜ ਵੀ ਬਾਂਕੇ ਦਿਆਲ ਦਾ ਗੀਤ ਅਤੇ ਸਰਦਾਰ ਅਜੀਤ ਸਿੰਘ ਦਾ ਪੱਗੜੀ ਸੰਭਾਲ ਮੋਰਚਾ ਕਿਸਾਨ/ਮਜ਼ਦੂਰ (ਖੇਤੀ ਦੇ ਕਿੱਤੇ ਨਾਲ ਜੁੜਿਆ ਮਜ਼ਦੂਰ ਵੀ ਓਨਾ ਹੀ ਮਾਰੂ-ਅਸਰ ਹੇਠ ਹੈ) ਲਈ ਉਵੇਂ ਹੀ Ḕਲਾਈਟ ਹਾਊਸḔ ਦੀ ਤਰ੍ਹਾਂ ਰਾਹ-ਦਰਸਾਊ ਹੈ। ਕਦੀ ਅਮਰੀਕਨ ਸੁੰਡੀ ਦੀ ਮਾਰ, ਕਦੀ ਚਿੱਟੇ ਮੱਛਰ ਦੀ ਮਾਰ, ਨਕਲੀ ਖਾਦਾਂ, ਨਕਲੀ ਕੀੜੇ ਮਾਰ ਦਵਾਈਆਂ, ਸਰਕਾਰਾਂ ਦੀ ਅਣਗਹਿਲੀ, ਬੈਂਕਾਂ ਦੇ ਕਰਜੇ ਅਤੇ ਹੋਰ ਬਹੁਤ ਕੁਝ, ਉਸ ਦੀ ਕਿਸਮਤ ਅਤੇ ਮਿਹਨਤ ਦੋਵਾਂ ਨੁੰ ਰਾਹੂ-ਕੇਤੂ ਬਣ ਕੇ ਚੰਬੜੇ ਹੋਏ ਹਨ। ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ। ਉਸ ਦੇ ਬੱਚਿਆਂ ਲਈ ਉਚੀ ਵਿਦਿਆ ਦੇ ਦਰਵਾਜ਼ੇ ਬੰਦ ਹੋ ਗਏ ਹਨ ਕਿਉਂਕਿ ਉਚੀ ਵਿੱਦਿਆ ਮਹਿੰਗੀ ਹੋ ਗਈ ਹੈ, ਉਹ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇਲਾਜ ਲਈ ਪੈਸਾ ਨਹੀਂ ਹੈ। ਡਾਕਟਰੀ ਸਹੂਲਤਾਂ ਆਮ ਆਦਮੀ ਦੇ ਵੱਸ ਦਾ ਰੋਗ ਨਹੀਂ ਰਿਹਾ। ਇਸ ਸਭ ਦਾ ਖ਼ਾਲਾਸਾ ਪਹਿਲਾਂ ਵੀ ਹੁੰਦਾ ਰਿਹਾ ਹੈ ਅਤੇ Ḕਪੰਜਾਬ ਟਾਈਮਜ਼Ḕ ਵਿਚ ਕਿਸਾਨ ਮੋਰਚੇ ਦੇ ਸਬੰਧ ਵਿਚ ਛਪੇ ਦਲਜੀਤ ਅਮੀ ਦੇ ਲੇਖ Ḕਸਰਕਾਰ, ਵਿਗਿਆਨੀ ਅਤੇ ਹਟਵਾਣੀਏ ਦਾ ਚਿੱਟਾ ਮੱਛਰḔ ਵਿਚ ਬਹੁਤ ਵਿਸਥਾਰ ਵਿਚ ਪੜ੍ਹਨ ਨੂੰ ਮਿਲ ਜਾਂਦਾ ਹੈ।
ਅੰਗਰੇਜ਼ ਬਾਹਰੋਂ ਵਪਾਰੀ ਬਣ ਕੇ ਆਇਆ ਸੀ ਅਤੇ ਰਾਜਾ ਬਣ ਬੈਠਾ। ਉਸ ਦਾ ਵੱਡਾ ਮਕਸੱਦ ਹਿੰਦੁਸਤਾਨ ਨੂੰ ਲੁੱਟ ਲੁੱਟ ਕੇ ਇਸ ਦੀ ਦੌਲਤ ਨਾਲ ਆਪਣੇ ਮੁਲਕ ਦੇ ਖਜ਼ਾਨੇ ਭਰਨੇ ਅਤੇ ਐਸ਼ੋ-ਆਰਾਮ ਕਰਨਾ ਸੀ। ਹੁਣ ਸਰਕਾਰ ਦੇ ਰੂਪ ਵਿਚ Ḕਮੰਤਰੀ-ਸੰਤਰੀḔ ਵਪਾਰੀ ਬਣ ਗਏ ਹਨ। ਉਨ੍ਹਾਂ ਦਾ ਇੱਕੋ-ਇੱਕ ਮਕਸਦ ਆਪਣੀਆਂ ਤਿਜੋਰੀਆਂ ਭਰਨਾ ਅਤੇ ਜਨਤਾ ਦੀ ਲੁੱਟ-ਖਸੁੱਟ ਦੇ ਪੈਸੇ ‘ਤੇ ਐਸ਼ ਕਰਨਾ ਹੋ ਗਿਆ ਹੈ। ਸਰਕਾਰਾਂ ਰਾਜ ਕਰਦੀਆਂ ਕਰਦੀਆਂ ਵਪਾਰੀ ਬਣ ਗਈਆਂ ਹਨ। ਇਸੇ ਲਈ ਤਾਂ ਵੱਡੇ ਅਤੇ ਛੋਟੇ ਕਾਰੋਬਾਰ (ਬੱਸਾਂ, ਮਿੰਨੀ ਬੱਸਾਂ, ਕੇਬਲ, ਮੀਡੀਆ, ਹੋਟਲ, ਰੇਤਾ-ਬਜਰੀ, ਨਸ਼ਿਆਂ ਦਾ ਕਾਰੋਬਾਰ ਹੋਰ ਪਤਾ ਨਹੀਂ ਕੀ ਕੀ) ਸਭ ਕੁਝ ‘ਤੇ ਮੁੱਖ ਮੰਤਰੀਆਂ, ਉਪ-ਮੁਖ ਮੰਤਰੀਆਂ, Ḕਮੰਤਰੀਆਂ-ਸੰਤਰੀਆਂḔ ਦਾ ਕਬਜਾ ਹੋ ਗਿਆ ਹੈ। ਕੁਝ ਵੀ ਤਾਂ ਲੋਕਾਂ ਦੇ ਹੱਥ ਵਿਚ ਨਹੀਂ ਰਿਹਾ। ਕਿਸਾਨ ਦੇ ਬੱਚਿਆਂ ਦਾ ਕੇਵਲ ਦੁੱਧ ਹੀ ਨਹੀਂ ਖੁੱਸਿਆ, ਉਸ ਨੂੰ ਹਰ ਸਹੂਲਤ ਤੋਂ ਸੱਖਣਾ ਕਰ ਦਿੱਤਾ ਗਿਆ ਹੈ, ਮੂੰਹ ਦੀ ਬੁਰਕੀ ਤੱਕ ਖੋਹ ਲਈ ਗਈ ਹੈ।
Ḕਹਟਵਾਣੀਏ ਦਾ ਚਿੱਟਾ ਮੱਛਰḔ ਇਸ ਲਈ ਹਟਵਾਣੀਏ ਦਾ ਹੈ ਕਿਉਂਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਵੇਚਣ ਵਾਲੇ ਹਟਵਾਣੀਏ ਨਾਲ ਸਰਕਾਰ ਦੀ ਭਾਈਵਾਲੀ ਹੈ। Ḕਮੰਤਰ-ਸੰਤਰੀḔ ਆਪ ਹੀ ਵਪਾਰੀ ਬਣ ਗਏ ਹਨ, ਹਰ ਵਪਾਰ ਵਿਚ ਹਿੱਸਾ-ਪੱਤੀ ਹੈ। ਜੇ ਹਿੱਸਾ-ਪੱਤੀ ਨਾ ਹੋਵੇ, ਬਾਣੀਏ ਨੂੰ ਤਾਂ ਫਿਰ ਹੀ ਘੇਰਿਆ ਜਾ ਸਕਦਾ ਹੈ। ਅੰਗਰੇਜ਼ਾਂ ਬਾਰੇ ਆਮ ਕਹਾਵਤ ਬੋਲੀ ਜਾਂਦੀ ਸੀ ਕਿ Ḕਅੱਗ ਲੈਣ ਆਈ, ਘਰ ਵਾਲੀ ਬਣ ਬੈਠੀḔ ਅਰਥਾਤ ਆਏ ਸੀ ਵਪਾਰ ਕਰਨ ਅਤੇ ਮੁਲਕ ਦੇ ਮਾਲਕ ਬਣ ਬੈਠੇ। ਪੰਜਾਬ ਦੀ ਮੌਜੂਦਾ ਅਕਾਲੀ ਸਰਕਾਰ ਲਈ ਮੁਹਾਵਰਾ Ḕਵਾੜ ਹੀ ਖੇਤ ਨੂੰ ਖਾ ਰਹੀ ਹੈḔ ਐਨ ਢੁਕਵਾਂ ਹੈ। ਜਿਨ੍ਹਾਂ ਕਿਸਾਨਾਂ ਦੀਆਂ ਵੋਟਾਂ ਨਾਲ ਇਹ ਅਕਾਲੀ ਹਰ ਵਾਰ ਤਾਕਤ ਵਿਚ ਆਉਂਦੇ ਹਨ, ਉਸੇ ਕਿਸਾਨੀ ਦੀ ਜਾਨ ਦਾ ਖੌਅ ਬਣੇ ਹੋਏ ਹਨ।
ਕਿਸਾਨ ਪਿੰਡਾਂ ਵਿਚ ਰਹਿੰਦੇ ਹਨ ਅਤੇ ਕਿਸੇ ਵੀ ਪਿੰਡ ਨੂੰ ਜਾਂਦੀ ਸੜਕ ਗੋਡੇ ਗੋਡੇ ਟੋਇਆਂ ਨਾਲ ਭਰਪੂਰ ਹੈ। ਕਿਸੇ ਵੀ ਵਾਹਨ ‘ਤੇ ਸਵਾਰ ਹੋ ਕੇ ਇਨ੍ਹਾਂ ਸੜਕਾਂ ਤੋਂ ਲੰਘਣਾ ਮੁਹਾਲ ਹੋ ਗਿਆ ਹੈ। ਨਿਯਮਾਂ ਅਨੁਸਾਰ ਪਿੰਡਾਂ ਥਾਂਵਾਂ ਨੂੰ ਜਾਣ ਵਾਲੀ ਹਰ ਸੜਕ ਦੀ ਮੁਰੰਮਤ 5 ਸਾਲ ਬਾਅਦ ਹੋ ਜਾਣੀ ਚਾਹੀਦੀ ਹੈ ਪਰ ਪਿਛਲੇ ਨੌਂ ਸਾਲ ਤੋਂ ਕਿਸੇ ਸੜਕ ਦੀ ਮੁਰੰਮਤ ਨਹੀਂ ਹੋਈ। ਹਾਂ ਕਾਗਜ਼ਾਂ-ਪੱਤਰਾਂ ਵਿਚ ਸ਼ਾਇਦ ਹਰ ਤਿੰਨਾਂ ਸਾਲਾਂ ਬਾਅਦ ਹੋਈ ਹੋਵੇ। Ḕਮੰਤਰੀਆਂ-ਸੰਤਰੀਆਂḔ ਦੇ ਰੂਪ ਵਿਚ ਕਈ ਤਰ੍ਹਾਂ ਦੇ Ḕਤੋਤੇ, ਚਿੜੀਆਂ, ਗਊਆਂḔ ਬਣ ਕੇ ਕਿਸਾਨ ਦੀ ਫਸਲ ਅਤੇ ਉਸ ਦਾ ḔਘਰḔ (ਪੰਜਾਬ) ਉਜਾੜ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਜੇ ਮੁੱਖ ਮੰਤਰੀ ਦੇ ਪਿੰਡ ਦੀ ਗੇੜੀ ਲੱਗ ਜਾਵੇ ਤਾਂ ਭੁਲੇਖਾ ਪੈ ਸਕਦਾ ਹੈ ਕਿ ਕਿਸ ਪੱਛਮੀ ਮੁਲਕ ਦੀਆਂ ਸੜਕਾਂ ਹਨ ਇਹ?
ਪੰਜਾਬ ਦੀ ਮਿੱਟੀ, ਪਾਣੀ, ਹਵਾ ਸਭ ਕੁਝ ਪਲੀਤ ਹੋ ਗਿਆ ਹੈ। ਇਹ ਉਹੀ ਪੰਜਾਬ ਹੈ ਜਿਸ ਬਾਰੇ ਕਦੇ ਕਿਸੇ ਕਵੀ ਨੇ ਲਿਖਿਆ ਸੀ, “ਸੋਹਣਾ ਦੇਸਾਂ ਵਿਚੋਂ ਦੇਸ ਪੰਜਾਬ ਨੀਂ ਸਈਓ। ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀਂ ਸਈਓ।” (ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਇੱਕ ḔਦੇਸḔ ਦਾ ਹੀ ਤਾਂ ਦਰਜਾ ਦਿੱਤਾ ਸੀ। ਪੰਜਾਬ ਬਾਕੀ ਮੁਲਕ ਤੋਂ ਬਹੁਤ ਬਾਅਦ ਅੰਗਰੇਜ਼ਾਂ ਦਾ ਗੁਲਾਮ ਬਣਿਆ, ਉਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੁਣ ਦੇ ਲੀਡਰਾਂ ਵਰਗੇ ਬੇਈਮਾਨ ਅਤੇ ਨਾਲਾਇਕ, ਭ੍ਰਿਸ਼ਟ, ਲਾਲਚੀ ਸਿੱਖ ਲੀਡਰਾਂ ਕਾਰਨ)। ਅੱਜ ਇਹ Ḕਗੁਲਾਬ ਦਾ ਫੁੱਲḔ ਨਾ ਸਿਰਫ ਮੁਰਝਾ ਗਿਆ ਹੈ ਬਲਕਿ ਟੁੱਟ ਕੇ ਪੱਤੀ-ਪੱਤੀ ਹੋ ਜਾਣ ਦੇ ਕਿਨਾਰੇ ਖੜ੍ਹਾ ਹੈ। ਵਿਗਿਆਨੀ ਕਿਸਾਨਾਂ ਦੀ ਹਾਮੀ ਤਾਂ ਭਰਦਾ ਜੇ ਉਸ ਨੇ ਵਪਾਰੀ ਸਰਕਾਰ ਦੀ ਕਾਰਗੁਜਾਰੀ ‘ਤੇ ਪਰਦਾ ਨਾ ਪਾਉਣਾ ਹੁੰਦਾ। ਵਿਗਿਆਨੀ, ਵਾਈਸ ਚਾਂਸਲਰ ਮਹਿਜ ਆਪਣੀ ਵਿੱਦਿਆ, ਡਿਗਰੀਆਂ ਅਤੇ ਵਿਗਿਆਨ ਦੇ ਸਿਰ ‘ਤੇ ਨਹੀਂ ਲੱਗਦੇ। ਉਨ੍ਹਾਂ ਨੂੰ ਹੀ ਅਜਿਹੇ ਅਹੁਦੇ ਦਿੱਤੇ ਜਾਂਦੇ ਹਨ ਜੋ ਸਰਕਾਰ ਨੂੰ ਜਿੰਮੇਵਾਰੀ ਤੋਂ ਬਚਾਉਣ, ਸਰਕਾਰ ਨੂੰ ਯੂਨੀਵਰਸਿਟੀ ਦੀਆਂ ਜ਼ਮੀਨਾਂ ਯੂਨੀਵਰਸਿਟੀ ਤੋਂ ਬਾਹਰਲੇ ਕੰਮਾਂ ਲਈ ਵਰਤਣ ਲਈ ਅੜਿੱਕੇ ਨਾ ਪਾਉਣ, ਖੇਤੀ ਯੂਨੀਵਰਸਿਟੀ ਦੇ ਫਾਰਮ ਵੇਚਣ ਵਿਚ ਅੜਿੱਕੇ ਨਾ ਬਣਨ ਅਤੇ ਹਰ ਤਰ੍ਹਾਂ ਨਾਲ ਸਰਕਾਰ ਦੇ ਕੰਮ ਆਉਣ।
ਪੰਜਾਬ ਦੇ ਕਿਸਾਨਾਂ ਦੀ ਹਾਲਤ ਏਨੀ ਪਤਲੀ ਹੋ ਗਈ ਹੈ, ਇਸ ਦਾ ਬਾਹਰ ਬੈਠਿਆਂ ਨੂੰ ਅੰਦਾਜ਼ਾ ਵੀ ਨਹੀਂ ਹੈ। ਹੁਣੇ ਹੁਣੇ ਆਪਣੀ ਪੰਜਾਬ ਫੇਰੀ ਸਮੇਂ ਦੋ ਸਕੂਲ ਅਧਿਆਪਕਾਂ ਦੀ ਗੱਲ-ਬਾਤ ਤੋਂ ਪਤਾ ਲੱਗਿਆ ਕਿ ਪੰਜਾਬ ਦਾ ਕਿਸਾਨ ਕਿਸ ਦੰਦੀ ‘ਤੇ ਆ ਖੜ੍ਹਾ ਹੋਇਆ ਹੈ ਕਿ ਜ਼ਮੀਨ ਦੇ ਨੰਬਰਾਂ ‘ਤੇ ਨਵਾਂ ਟਰੈਕਟਰ ਕਢਾ ਕੇ ਉਸ ਨੂੰ ਪੁਰਾਣੇ ਦੀ ਕੀਮਤ ‘ਤੇ ਵੇਚ ਕੇ ਗੁਜ਼ਾਰਾ ਕਰਨ ਤੱਕ ਦੀ ਨੌਬਤ ਪਹੁੰਚ ਗਈ ਹੈ (ਪਿੰਡਾਂ ਦੇ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਪਿੰਡ ਦੀ ਸੱਚਾਈ ਦਾ ਵੱਧ ਪਤਾ ਹੁੰਦਾ ਹੈ। ਯੂਨੀਵਰਸਿਟੀਆਂ ਵਿਚ ਬੈਠੇ ਕਹਿਣਾ ਕਿ ਪੰਜਾਬ ਵਿਚ ਕੋਈ ਨਸ਼ਾ ਨਹੀਂ ਵਰਤ ਰਿਹਾ ਜਾਂ ਸਭ ਅੱਛਾ ਹੈ ਪੰਜਾਬ ਦਾ ਸੱਚ ਨਹੀਂ ਹੈ)। ਠੀਕ ਜਿਵੇਂ ਦਲਜੀਤ ਅਮੀ ਨੇ ਲਿਖਿਆ ਹੈ ਕਿ ਫੌਰੀ ਰਾਹਤ ਮਿਲਣੀ ਚਾਹੀਦੀ ਹੈ ਪਰ ਇਹ ਪੂਰਾ ਅਤੇ ਪੱਕਾ ਹੱਲ ਨਹੀਂ ਹੈ। ਮਸਲਿਆਂ ਦਾ ਹੱਲ ਪੱਕਾ ਹੋਣਾ ਚਾਹੀਦਾ ਹੈ, ਰਾਹਤ ਦੇ ਦੇਣਾ ਮਹਿਜ਼ ਕਾਫੀ ਨਹੀਂ ਹੈ। ਇਸੇ ਤਰ੍ਹਾਂ ਜ਼ਮੀਨ ਦੇ ਨੰਬਰਾਂ ‘ਤੇ ਨਵੇਂ ਟਰੈਕਟਰ ਲੈ ਕੇ ਪੁਰਣਿਆਂ ਦੇ ਭਾਅ ਵੇਚ ਦੇਣਾ ਫੋਰੀ ਰਾਹਤ ਹੈ, ਪੱਕਾ ਹਲ ਨਹੀਂ ਹੈ। ਜੱਟ ਨੂੰ ਆਪਣੀ ਪਗੜੀ ਸੰਭਾਲ ਕੇ ਰੱਖਣ ਦਾ ਕੋਈ ਪੱਕਾ ਹੱਲ ਲੱਭਣਾ ਪਵੇਗਾ।