ਪੰਜਾਬੀ ਬੋਲੀ ਦਾ ਸੱਚਾ ਸਪੂਤ ਧਨੀ ਰਾਮ ਚਾਤ੍ਰਿਕ

ਜਸਵੰਤ ਸਿੰਘ ਸੰਧੂ (ਘਰਿੰਡਾ)
ਫੋਨ: 510-516-5971
ਪੰਜਾਬੀ ਸ਼ਾਇਰ ਧਨੀ ਰਾਮ ਚਾਤ੍ਰਿਕ ਦਾ ਜਨਮ ਲਾਲਾ ਪੋਹੂਮਲ ਦੇ ਘਰ, 18 ਅੱਸੂ, ਸੰਮਤ 1933 (ਅਕਤੂਬਰ, 1876 ਈਸਵੀ) ਪਿੰਡ ਪਸੀਆਂਵਾਲਾ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। ਪਸੀਆਂਵਾਲਾ ਦਰਿਆ ਰਾਵੀ ਦੇ ਪਾਰਲੇ ਪਾਸੇ ਤੇ ਉਰਾਰਲੇ ਪਾਸੇ ਔਲਖਾਂ ਦੀ ਭਿੰਡੀਆਂ (ਅੰਮ੍ਰਿਤਸਰ) ਦਾ ਨਗਰ ਹੈ।

ਉਹ ਉਦੋਂ ਡੇਢ ਸਾਲ ਦੇ ਸਨ ਜਦੋਂ ਮਾਤਾ-ਪਿਤਾ ਪਰਿਵਾਰ ਸਮੇਤ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਆ ਵੱਸੇ। ਦਸ ਸਾਲ ਦੇ ਸਨ ਜਦ ਉਨ੍ਹਾਂ ਦਾ ਚਾਚਾ ਕੰਧਾੜੇ ਚੁੱਕ ਕੇ ਰਾਸਾਂ, ਤਮਾਸ਼ੇ, ਮੇਲੇ ਤੇ ਛਿੰਝਾਂ ਵਿਖਾਉਣ ਵਾਸਤੇ ਲੈ ਜਾਂਦਾ। ਪਿੰਡ ਵਿਚ ਦੇਵੀ ਦਵਾਰਾ ਸੀ ਜਿਥੇ ਹਰ ਅੱਠੀਂ ਦਿਨੀਂ ਭਜਨ ਤੇ ਭੇਟਾਂ ਗਾਈਆਂ ਜਾਂਦੀਆਂ ਸਨ। ਉਨ੍ਹਾਂ ਦਾ ਚਾਚਾ ਵੀ ਭਜਨ ਮੰਡਲੀ ਦਾ ਮੈਂਬਰ ਸੀ। ਜੋ ਗੀਤ ਤੇ ਭਜਨ ਉਨ੍ਹਾਂ ਦੀ ਕੰਨੀ ਪੈਂਦੇ ਰਹੇ, ਉਹ ਇਨ੍ਹਾਂ ਦੀ ਯਾਦ ਵਿਚ ਬੈਠਦੇ ਗਏ। ਇਉਂ ਉਨ੍ਹਾਂ ਦੇ ਮਨ ਦੀ ਜਰਖੇਜ ਜ਼ਮੀਨ ਵਿਚ ਕਵਿਤਾ ਦਾ ਬੀਜ ਬੀਜਿਆ ਗਿਆ ਅਤੇ 1925 ਵਿਚ ਉਨ੍ਹਾਂ ‘ਰਾਧਾ ਸੰਦੇਸ਼’ ਨਾਮੀ ਕਵਿਤਾ ਲਿਖੀ।
ਗੁਰਮੁਖੀ ਉਨ੍ਹਾਂ ਆਪਣੇ ਪਿਤਾ ਤੋਂ ਸਿੱਖੀ। ਹੌਲੀ ਹੌਲੀ ਹਿੰਦੀ ਅੱਖਰਾਂ ਦੀ ਪਛਾਣ ਵੀ ਕਰ ਲਈ। ਛੇ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਪਿੰਡ ਦੇ ਮਦਰੱਸੇ ਦਾਖਲ ਕਰਵਾਇਆ ਗਿਆ। ਦੋ ਜਮਾਤਾਂ ਪਿਛੋਂ ਉਨ੍ਹਾਂ ਬਦੋਮੱਲੀ (ਜ਼ਿਲ੍ਹਾ ਸਿਆਲਕੋਟ) ਸਕੂਲ ਵਿਚੋਂ ਪੰਜਵੀਂ ਪਾਸ ਕੀਤੀ। ਫਿਰ ਉਨ੍ਹਾਂ ਅੰਮ੍ਰਿਤਸਰ ਦੇ ਇਸਲਾਮੀਆ ਸਕੂਲ ਚੌਕ ਫਰੀਦ ਵਿਚ ਜੂਨੀਅਰ ਸਪੈਸ਼ਲ ਕਲਾਸ ਵਿਚ ਦਾਖਲਾ ਲੈ ਲਿਆ ਜਿਥੇ ਉਨ੍ਹਾਂ ਅੰਗਰੇਜ਼ੀ ਸਿੱਖੀ। ਪੰਦਰਾਂ ਸਾਲ ਦੀ ਉਮਰੇ ਉਨ੍ਹਾਂ ਵਸੀਕਾ-ਨਵੀਸੀ ਸ਼ੁਰੂ ਕੀਤੀ। ਆਰਥਿਕ ਮੁਸ਼ਕਿਲਾਂ ਆਈਆਂ ਤਾਂ ਉਨ੍ਹਾਂ ਦੇ ਹੱਲ ਲਈ ਅੰਮ੍ਰਿਤਸਰ ਆ ਗਏ, ਜਿਥੇ ਉਨ੍ਹਾਂ ਦਾ ਮੇਲ ਵਜ਼ੀਰ ਹਿੰਦ ਪ੍ਰੈਸ ਵਾਲੇ ਭਾਈ ਵਜ਼ੀਰ ਸਿੰਘ ਤੇ ਭਾਈ ਵੀਰ ਸਿੰਘ ਨਾਲ ਹੋਇਆ। ਵਧੀਆ ਲਿਖਾਈ ਹੋਣ ਕਰ ਕੇ ਉਨ੍ਹਾਂ ਨੂੰ ਵਜ਼ੀਰ ਹਿੰਦ ਪ੍ਰੈਸ ਵਿਚ ਨੌਕਰੀ ਮਿਲ ਗਈ। 1894 ਵਿਚ ਉਨ੍ਹਾਂ ਨੂੰ ਕੋਈ ਕਿਤਾਬ ਲਿਖਣ ਲਈ ਦਿੱਤੀ ਗਈ ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਬਾਖੂਬੀ ਨਿਭਾਈ। ਉਸ ਤੋਂ ਬਾਅਦ ਲਿਖਣ ਲਈ ਹੋਰ ਕਿਤਾਬਾਂ ਮਿਲ ਗਈਆਂ। ਉਦੋਂ ਪੱਥਰ ਦਾ ਛਾਪਾ ਹੁੰਦਾ ਸੀ, ਸਿਰਫ ਲਾਹੌਰ ਵਿਚ ਹੀ ਟਾਈਪ ਛਾਪਾ ਚੱਲਦਾ ਸੀ। ਫਿਰ ਟਾਈਪ ਛਾਪਾ ਅੰਮ੍ਰਿਤਸਰ ਵੀ ਆ ਗਿਆ। 1896 ਵਿਚ ਵਜ਼ੀਰ ਹਿੰਦ ਪ੍ਰੈਸ ਵਾਲਿਆਂ ਆਪਣੀ ਕਿਤਾਬਾਂ ਦੀ ਦੁਕਾਨ, ਬਾਜ਼ਾਰ ਮਾਈ ਸੇਵਾ ਵਿਚ ਖੋਲ੍ਹ ਲਈ। ਉਥੇ ਬੈਠਣ ਦੀ ਜ਼ਿੰਮੇਵਾਰੀ ਧਨੀ ਰਾਮ ਚਾਤ੍ਰਿਕ ਨੂੰ ਦੇ ਦਿੱਤੀ ਗਈ। ਇੰਨੇ ਵਿਚ ਪ੍ਰੈਸ ਵਾਲਿਆਂ ਨੇ ਟਾਈਪ ਛਪਾਈ ਸ਼ੁਰੂ ਕਰ ਦਿੱਤੀ ਜਿਸ ਵਿਚ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਤੇ ਹੋਰ ਕਿਤਾਬਾਂ ਛਪੀਆਂ। ਚਾਤ੍ਰਿਕ ਦਾ ਇਸ ਵਿਚ ਵੱਡਾ ਯੋਗਦਾਨ ਸੀ।
ਚਾਤ੍ਰਿਕ ਦਾ ਵਿਆਹ ਬੱਦੋਮੱਲੀ ਵਿਚ ਹੀ ਹੋਇਆ। ਉਨ੍ਹਾਂ ਮੁਤਾਬਕ, ਉਸ ਵਕਤ ਅੱਠ-ਨੌਂ ਵਰ੍ਹਿਆਂ ਦੇ ਮੁੰਡੇ ਤੇ ਸੱਤ-ਅੱਠ ਵਰ੍ਹਿਆਂ ਦੀ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਉਂਜ ਵਿਆਹ ਤੋਂ ਬਾਅਦ ਮੁਕਲਾਵੇ ਲਈ ਤਿੰਨ ਜਾਂ ਚਾਰ ਸਾਲ ਮਿਲ ਜਾਂਦੇ ਸਨ ਤਾਂ ਜੋ ਮੁੰਡੇ ਤੇ ਕੁੜੀ ਨੂੰ ਹੋਸ਼ ਆ ਲਵੇ। ਉਨ੍ਹਾਂ ਦਾ ਦੂਜਾ ਵਿਆਹ 1906 ਵਿਚ ਹੋਇਆ ਤੇ ਉਹ ਅੱਠ ਮਈ 1907 ਨੂੰ ਲੋਪੋਕੇ ਤੋਂ ਅੰਮ੍ਰਿਤਸਰ ਆ ਗਏ ਜਿਥੇ ਉਨ੍ਹਾਂ ਦੇ ਘਰ ਚਾਰ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ। ਅੱਜ ਕੱਲ੍ਹ ਇਸ ਘਰ (ਅੰਮ੍ਰਿਤਸਰ ਅਟਾਰੀ ਜੀ ਟੀ ਰੋਡ) ਵਿਚ ਚਿਰਾਗ ਪੈਲੇਸ ਬਣਿਆ ਹੋਇਆ ਹੈ। ਉਨ੍ਹਾਂ ਦੀ ਔਲਾਦ ਬਾਰੇ ਤਾਂ ਕੁਝ ਪਤਾ ਨਹੀਂ ਕਿਥੇ ਰਹਿੰਦੀ ਹੈ, ਪਰ ਚਾਤ੍ਰਿਕ ਦੇ ਨਾਂ ਵਾਲੀ ਨੇਮ-ਪਲੇਟ ਅੱਜ ਵੀ ਕੰਧ ਉਤੇ ਉਕਰੀ ਹੋਈ ਹੈ।
ਕਵਿਤਾ ਤਾਂ ਉਹ ਪਿੰਡ ਵਿਚ ਹੀ ਲਿਖਣ ਲੱਗ ਪਏ ਸਨ, ਪਰ ਉਸ ਨੂੰ ਅਸਲੀ ਰੂਪ ਦੇਣ ਦਾ ਮੌਕਾ ਸ਼ਹਿਰ ਆ ਕੇ ਹੀ ਮਿਲਿਆ। ਉਂਜ ਪਿੰਡ ਵਿਚ ਹੀ ਉਨ੍ਹਾਂ ਨੇ ਪੰਜ ਗ੍ਰੰਥੀ, ਦਸ ਗ੍ਰੰਥੀ, ਹੀਰ ਵਾਰਸ ਸ਼ਾਹ, ਹਕੀਕਤ ਰਾਏ, ਕਾਲੀਦਾਸ ਆਦਿ ਕਿਤਾਬਾਂ ਵਿਚ ਛੰਦਾਂ ਦੇ ਨਾਮ ਪੜ੍ਹੇ ਹੋਏ ਸਨ, ਪਰ ਪਿੰਗਲ ਗ੍ਰੰਥ ਅੰਮ੍ਰਿਤਸਰ ਆ ਕੇ ਪੜ੍ਹਿਆ। ‘ਖਾਲਸਾ ਸਮਾਚਾਰ’ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਹਰਿ ਧਨੀ (ਹ ਧ) ਦੇ ਨਾਂ ‘ਤੇ ਛਪਦੀਆਂ ਰਹੀਆਂ। ਬਾਅਦ ਵਿਚ ਉਨ੍ਹਾਂ ਆਪਣਾ ਤਖ਼ੱਲਸ ‘ਚਾਤ੍ਰਿਕ’ ਰੱਖ ਲਿਆ।
ਭਾਈ ਵਜ਼ੀਰ ਸਿੰਘ ਦੀ ਸੰਗਤ ਵਿਚ ਉਨ੍ਹਾਂ ਮਨੁੱਖਤਾ ਤੇ ਸੱਚਾਈ ਦੇ ਸਬਕ ਸਿੱਖੇ। ਗੁਰਮਤਿ ਤੇ ਗੁਰਬਾਣੀ ਦੀ ਸੂਝ ਮਿਲੀ। ਅਗਸਤ 1908 ਵਿਚ ਭਾਈ ਵਜ਼ੀਰ ਸਿੰਘ ਦਾ ਦੇਹਾਂਤ ਹੋ ਗਿਆ, ਤਾਂ ਚਾਤ੍ਰਿਕ ਦੇ ਮਨ ਉਤੇ ਡੂੰਘੀ ਸੱਟ ਵੱਜੀ। ਉਨ੍ਹਾਂ ਦਾ ਮਨ ਇਸ ਵਿਛੋੜੇ ਨੂੰ ਮੰਨਣ ਲਈ ਤਿਆਰ ਨਹੀਂ ਸੀ। ਇਸ ਉਪਰਾਮਤਾ ਕਾਰਨ ਉਹ 1911 ਵਿਚ ਅੰਮ੍ਰਿਤਸਰ ਤੋਂ ਮੁੰਬਈ ਰਵਾਨਾ ਹੋ ਗਏ। ਮੁੰਬਈ ਜਾ ਕੇ ਉਨ੍ਹਾਂ ਤਿੰਨ-ਚਾਰ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਛੇ-ਸੱਤ ਟਾਈਪ ਮਸ਼ੀਨਾਂ ਬਣਵਾ ਕੇ ਕਾਰੀਗਰਾਂ ਸਮੇਤ ਅੰਮ੍ਰਿਤਸਰ ਆ ਕੇ ਅਗਸਤ 1914 ਨੂੰ ਬਾਕਾਇਦਾ ‘ਸਟੈਂਡਰਡ ਟਾਈਪ ਫਾਊਂਡਰੀ’ ਲਾ ਕੇ ਕਾਰੋਬਾਰ ਸ਼ੁਰੂ ਕੀਤਾ। ਉਹ ਮਾਂ-ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਸਨ। ਇਸ ਦੀ ਤਰੱਕੀ ਲਈ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈਆਂ ਦਾ ਸਾਂਝਾ ਪਿੜ ਬਣਾ ਕੇ ਪ੍ਰਚਾਰ ਕਰਨ ਦੀ ਲਹਿਰ 1926 ਵਿਚ ‘ਪੰਜਾਬੀ ਸਭਾ ਅੰਮ੍ਰਿਤਸਰ’ ਬਣਾ ਕੇ ਸ਼ੁਰੂ ਕੀਤੀ। ਇਸ ਸਭਾ ਦੇ ਪਹਿਲੇ ਪ੍ਰਧਾਨ ਖੁਦ ਚਾਤ੍ਰਿਕ ਹੀ ਸਨ। ਗਿਆਨੀ ਹੀਰਾ ਸਿੰਘ ਦਰਦ ਇਸ ਦੇ ਸਕੱਤਰ, ਐਸ਼ਐਸ਼ ਚਰਨ ਸਿੰਘ ਸ਼ਹੀਦ, ਪ੍ਰੋæ ਤੇਜਾ ਸਿੰਘ ਐਮæਏæ, ਡਾæ ਦੇਵੀ ਦਾਸ, ਲਾਲਾ ਗੁਰਾਂਦਿੱਤਾ ਖੰਨਾ, ਮੁਨਸ਼ੀ ਮੌਲਾ ਬਖਸ਼ ਕੁਸ਼ਤਾ, ਉਸਤਾਦ ਮੁਸ਼ਤਾਕ ਤੇ ਮੁਹੰਮਦ ਹੁਸੈਨ ਖੁਸ਼ਨੂਦ ਆਦਿ ਮੈਂਬਰ ਸਨ। ਇਸ ਸਭਾ ਦਾ ਸਭ ਤੋਂ ਵੱਡਾ ਕਵੀ ਦਰਬਾਰ, ਹਿੰਦੂ ਸਭਾ ਕਾਲਜ ਹਾਲ (ਅੰਮ੍ਰਿਤਸਰ) ਵਿਚ ਹੋਇਆ ਜਿਸ ਦੀ ਪ੍ਰਧਾਨਗੀ ਭਾਈ ਕਾਹਨ ਸਿੰਘ ਨਾਭਾ ਨੇ ਕੀਤੀ।
ਪੰਜਾਬੀ ਸਭਾ ਦੀ ਲਹਿਰ ਨੇ ਅੰਮ੍ਰਿਤਸਰ ਦੀ ਜਨਤਾ ਦੇ ਦਿਲਾਂ ਵਿਚ ਆਪਣੀ ਥਾਂ ਬਣਾ ਲਈ ਜਿਸ ਕਾਰਨ ਪਹਿਲੀ ਪੰਜਾਬੀ ਕਾਨਫਰੰਸ ਅਕਤੂਬਰ 1927 ਵਿਚ ਹੋਈ ਜਿਸ ਦੇ ਪ੍ਰਧਾਨ ਪੰਜਾਬੀ ਦੇ ਉਘੇ ਲੇਖਕ ਚੌਧਰੀ ਸਰ ਸ਼ਹਾਬੁਦੀਨ ਚੁਣੇ ਗਏ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੰਜਾਬੀ, ਹਿੰਦੀ ਤੇ ਉਰਦੂ ਝਗੜੇ ਦਾ ਨਿਆਂ ਕਰਦਿਆਂ ਫਰਮਾਇਆ:
ਹੈ ਪੰਜਾਬੀ ਦੇਸ ਦੀ ਬੋਲੀ,
ਝੂਠ ਨਹੀਂ ਵਿਚ ਇਸ ਦੇ।
ਦੂਜੇ ਦਾਅਵੇਦਾਰ ਦੋਵੇਂ ਨੇ,
ਝੂਠੇ ਮੈਨੂੰ ਦਿਸਦੇ।
ਚਾਤ੍ਰਿਕ ਨੇ ਬਹੁਤ ਸਮਾਂ ਸ਼ਹਿਰ ਵਿਚ ਗੁਜ਼ਾਰਿਆ, ਪਰ ਮੁਢਲੇ ਸਤਾਰਾਂ ਸਾਲ ਉਨ੍ਹਾਂ ਮਾਝੇ ਦੇ ਪੇਂਡੂ ਇਲਾਕੇ ਵਿਚ ਗੁਜ਼ਾਰੇ। ਇਨ੍ਹਾਂ ਦੀ ਮੋਹਰ-ਛਾਪ ਉਨ੍ਹਾਂ ਦੀ ਕਵਿਤਾ, ਖਾਸ ਕਰ ਬੋਲੀ ਵਿਚ ਉਕਰੀ ਗਈ। ਉਹ ਪੰਜਾਬੀ ਦਾ ਸਭ ਤੋਂ ਵੱਡਾ ਤੇ ਵਿਸ਼ੇਸ਼ ਪੇਂਡੂ ਕਵੀ ਪ੍ਰਤੀਤ ਹੁੰਦਾ ਹੈ। ਪਿੰਡ ਦਾ ਪੂਰਾ ਵਿਸਥਾਰ, ਖੁੱਲ੍ਹਾ ਸੁਭਾਅ, ਦੁੱਧ ਘਿਓ ਦੀਆਂ ਬਰਕਤਾਂ, ਇਹ ਸਭ ਕੁਝ ਉਹ ਸਹਿਜ-ਸੁਭਾਅ ਹੀ ਆਪਣੀ ਕਵਿਤਾ ਵਿਚ ਰੂਪਮਾਨ ਕਰ ਦਿੰਦੇ ਸਨ। ਪੇਂਡੂ ਮੇਲੇ ਤੇ ਉਸ ਦੇ ਨਾਇਕ ਜੱਟ ਦੇ ਅਦਭੁਤ ਚਿਤਰ ਖਿੱਚਦੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਬੋਲਾਂ ਵਾਲੀ ਕਵਿਤਾ ਭਲਾ ਕਿਸ ਪੰਜਾਬੀ ਨੇ ਨਹੀਂ ਸੁਣੀ।
ਪੰਜਾਬ ਨੂੰ ਪੁਰਾਣੇ ਸਮੇਂ ਵਿਚ ਸਪਤ ਸਿੰਧੂ ਕਹਿੰਦੇ ਸਨ। ਇਹ ਰਮਣੀਕ ਧਰਤੀ ਹੈ ਜਿਥੇ ਪੰਜ ਦਰਿਆ ਵਹਿੰਦੇ ਹਨ। ਇਸ ਦੇ ਬੇਲੇ, ਪਹਾੜ ਤੇ ਮੈਦਾਨ ਕਾਵਿ-ਹੁਲਾਰਾ ਦਿੰਦੇ ਹਨ। ਚਾਤ੍ਰਿਕ ਨੂੰ ਪੰਜਾਬ ਦੇ ਪਿੰਡਾਂ, ਬੇਲਿਆਂ ਤੇ ਨਦੀ-ਨਾਲਿਆਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਦੀਆਂ ਕਵਿਤਾਵਾਂ, ਪੰਜਾਬ ਤੇ ਪੰਜਾਬੀਆਂ ਸਬੰਧੀ ਹਨ। ਪੰਜਾਬ ਦੀ ਸਿਫਤ ਕਰਦਿਆਂ ਕਹਿੰਦੇ ਹਨ:
ਐ ਪੰਜਾਬ! ਕਰਾਂ ਕੀ ਸਿਫਤ ਤੇਰੀ,
ਸ਼ਾਨਾਂ ਦੇ ਸਭ ਸਾਮਾਨ ਤਿਰੇ,
ਜਲ ਪਾਉਣ ਓਰਾ ਹਰਿਔਲ ਤਿਰੀ,
ਦਰਿਆ ਪਰਬਤ ਮੈਦਾਨ ਤਿਰੇ।
ਭਾਰਤ ਦੇ ਸਿਰ ਤੇ ਛਤਰ ਤਿਰਾ,
ਤੇਰੇ ਸਿਰ ਤੇ ਛਤਰ ਹਿਮਾਲਾ ਦਾ।
ਮੋਢੇ ਤੇ ਚਾਦਰ ਬਰਫਾਂ ਦੀ,
ਸੀਨੇ ਵਿਚ ਸੇਕ ਜੁਆਲਾ ਦਾ।
ਖੱਬੇ ਹੱਥ ਬਰਛੀ ਜਮਨਾ ਦੀ,
ਸੱਜੇ ਹੱਥ ਖੜਗ ਅਟਕ ਦਾ ਹੈ।
ਪਿਛਵਾੜੇ ਬੰਦ ਚੱਟਾਨਾਂ ਦਾ,
ਕੋਈ ਵੈਰੀ ਤੋੜ ਨਾ ਸਕਦਾ ਹੈ।
ਅਰਸ਼ੀ ਬਰਕਤ ਰੂੰ ਵਾਂਗ ਉਤਰ,
ਚਾਂਦੀ ਦੇ ਢੇਰ ਲਗਾਂਦੀ ਹੈ।
ਚਾਂਦੀ ਢਲ ਕੇ ਵਿਛਦੀ ਹੈ,
ਤੇ ਸੋਨਾ ਬਣਦੀ ਜਾਂਦੀ ਹੈ।
ਚਾਤ੍ਰਿਕ ਅਸਲ ਅਰਥਾਂ ਵਿਚ ਅਗਾਂਹਵਧੂ ਕਵੀ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੰਗਤ ਵਿਚ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਮਾਜਵਾਦੀ ਹੋ ਗਿਆ। ਉਹ ਨਵੇਂ ਆਦਰਸ਼ਕ ਸੰਸਾਰ ਦੇ ਸੁਪਨੇ ਘੜਦੇ ਤੇ ਸੁੰਦਰ ਸੰਸਾਰ ਨੂੰ ਇਨਸਾਨਿਸਤਾਨ ਦਾ ਨਾਂ ਦਿੰਦੇ। ਉਹ ਲੋਕਾਂ ਦੇ ਸੰਸਾਰ ਵਿਚ ਜੋਕਾਂ ਦੀ ਹੋਂਦ ਨਹੀਂ ਸਨ ਚਾਹੁੰਦੇ:
ਸਾਂਝੇ ਹੋਣ ਮਸੀਤਾਂ ਮੰਦਰ,
ਵੱਸੇ ਰੱਬ ਦਿਲਾਂ ਦੇ ਅੰਦਰ।
ਲੀਡਰ ਹੋਣ ਦਿਆਨਤਦਾਰ,
ਮੇਲ ਮੁਹੱਬਤ ਦਾ ਪਰਚਾਰ।
ਮਤਲਬੀਏ ਤੇ ਪਾੜਨ ਵਾਲੇ,
ਭੁੱਲ ਜਾਵਣ ਸ਼ਤਰੰਜ ਦੇ ਚਾਲੇ।
ਟੁੱਕਰਾਂ ਤੋਂ ਨਾ ਵੱਢ ਵੱਢ ਖਾਣ,
ਸਚਮੁਚ ਦਾ ਇਨਸਾਨਿਸਤਾਨ।
ਧਨੀ ਰਾਮ ਚਾਤ੍ਰਿਕ ਧਰਤੀ ਦੇ ਕਵੀ ਸਨ। ਉਨ੍ਹਾਂ ਨਰਕ-ਸਵਰਗ ਦੀਆਂ ਗੱਲਾਂ ਨਹੀਂ ਕੀਤੀਆਂ। ਸੰਤੋਖ ਸਿੰਘ ਧੀਰ ਵਾਂਗ ਸਮਾਜਵਾਦੀ ਸੂਝ ਦਾ ਆਵੇਸ਼ ਉਨ੍ਹਾਂ ਦੀ ਕਾਵਿ-ਕਲਾ ਵਿਚ ਹੋਇਆ। ਉਨ੍ਹਾਂ ਬਿਰਲੇ, ਟਾਟੇ ਤੇ ਡਾਲਮੀਆ ਵਿਰੁਧ ਕਲਮ ਦੀ ਤਲਵਾਰ ਉਠਾਈ ਤੇ ਵਾਰ ਕੀਤੇ:
ਬਿਰਲੇ ਟਾਟੇ ਡਾਲਮੀਏ ਨੇ,
ਰਲ ਕੇ ਏਕਾ ਕੀਤਾ।
ਵੱਡੇ ਵੱਡੇ ਅਖਬਾਰਾਂ ਨੂੰ,
ਕੁਝ ਦੇ ਕੇ ਮੁੱਲ ਲੈ ਲੀਤਾ।
ਧਨ ਵੀ ਆਪਣਾ ਪ੍ਰੈਸ ਵੀ ਆਪਣਾ,
ਬਾਕੀ ਰਹਿ ਗਏ ਕਾਮੇ,
ਮੁੱਠ ਗਰਮ ਕਰ ਵੋਟ ਲੈ ਗਿਆ,
ਮੂੰਹ ਉਨ੍ਹਾਂ ਦਾ ਸੀਤਾ।
ਅੱਜ ਦੇ ਮਲਕ ਭਾਗੋਆਂ ਦਾ ਵੀ ਇਹੋ ਹਾਲ ਹੈ।
ਚਾਤ੍ਰਿਕ ਕਈ ਸਾਲ ਪਿੰਡ ਵਿਚ ਰਹੇ। ਉਹ ਵੇਖਦੇ ਸਨ ਕਿ ਕਿਵੇਂ ਕਿਸਾਨ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦਾ ਹੈ, ਫਿਰ ਵੀ ਉਸ ਦੀ ਗਰੀਬੀ ਦੂਰ ਨਹੀਂ ਹੁੰਦੀ। ਇਸ ਦਾ ਕਾਰਨ ਉਹ ਦੱਸਦੇ ਹਨ:
ਇਕ ਇਲਮ ਦੀ ਊਣ,
ਮੁੰਡੇ ਪੜ੍ਹਨੇ ਪਾਇ,
ਦੂਜਾ ਝੱਸ ਸ਼ਰਾਬ ਦਾ,
ਇਸ ਤੋਂ ਜਾਨ ਛੁਡਾਇ,
ਤੀਜਾ ਐਬ ਕੁਪੱਤ ਦਾ,
ਖਹਿ ਖਹਿ ਮਰੇ ਭਰਾਇ,
ਫੇਰ ਮੁਕੱਦਮਾ ਲੜਦਿਆਂ,
ਝੁੱਗਾ ਉਜੜ ਜਾਇ,
ਪੰਜਵਾਂ ਚਸਕਾ ਕਰਜ਼ ਦਾ,
ਵਾਹਣ ਛੱਡੇ ਤੂੰ ਖਾਇ,
ਪੰਜੇ ਭੈੜੀਆਂ ਵਾਦੀਆਂ,
ਬਰਕਤ ਖੜ੍ਹਨ ਉਡਾਇ।
ਧਨੀ ਰਾਮ ਚਾਤ੍ਰਿਕ ਬੇਸ਼ੱਕ ਧਾਰਮਿਕ ਮਾਹੌਲ ਵਿਚ ਪਲੇ ਸਨ, ਪਰ ਉਹ ਧਰਮ ਦੇ ਨਾਂ ‘ਤੇ ਹੋ ਰਹੀਆਂ ਚਲਾਕੀਆਂ ਤੋਂ ਜਾਣੂ ਸਨ। ਉਨ੍ਹਾਂ ਆਪਣੀ ਇਕ ਕਵਿਤਾ ਵਿਚ ਇਹੋ ਜਿਹੇ ਧਾਰਮਿਕ ਸਮਾਜ ਉਤੇ ਕਾਫੀ ਚੋਟਾਂ ਕੀਤੀਆਂ:
ਸੰਤਾਂ ਦੀ ਅਯਾਰੀ ਵੇਖੀ,
ਪੂਰੀ ਜਾਹਰਦਾਰੀ ਦੇਖੀ।
ਲੀਡਰ ਹੌਕੇ ਭਰਦੇ ਵੇਖੇ,
ਖੀਸੇ ਖਾਲੀ ਕਰਦੇ ਵੇਖੇ।
ਮੰਦਰ ਦੇਖੇ, ਡੇਰੇ ਦੇਖੇ,
ਬੀਬੇ ਬੀਬੇ ਦਾਹੜੇ ਦੇਖੇ,
ਅੰਦਰ ਵਜਦੇ ਧਾੜੇ ਦੇਖੇ।
ਕਿੰਨੀ ਜ਼ੁਰਅਤ ਹੈ ਉਨ੍ਹਾਂ ਵਿਚ, ਪਖੰਡ ਨੂੰ ਨੰਗਾ ਕਰਨ ਦੀ!
ਇਕ ਹੋਰ ਦੋਹਰੇ ਵਿਚ ਉਨ੍ਹਾਂ ਮਜ਼ਹਬ ਦੇ ਠੇਕੇਦਾਰਾਂ ਉਤੇ ਚੋਟ ਕੀਤੀ ਹੈ ਜੋ ਉਂਜ ਆਪਣੇ ਭਾਸ਼ਣਾਂ ਨਾਲ ਦੋ ਮਜ਼ਹਬਾਂ ਦੇ ਆਦਮੀਆਂ ਵਿਚ ਵੈਰ ਦੀ ਅੱਗ ਲਾ ਦਿੰਦੇ ਹਨ, ਪਰ ਸ਼ਾਮ ਨੂੰ ਉਨ੍ਹਾਂ ਬੰਦਿਆਂ ਪਾਸੋਂ ਚੰਦੇ ਦੇ ਤੌਰ ‘ਤੇ ਬਟੋਰੇ ਹੋਏ ਪੈਸਿਆਂ ਨਾਲ ਇਕੱਠੇ ਸ਼ਰਾਬਾਂ ਪੀਂਦੇ ਸਨ। ਕਵੀ ਨੇ ਕਿੰਨਾ ਵਧੀਆ ਤੇ ਅਸਲੀ ਚਿੱਤਰ ਪੇਸ਼ ਕੀਤਾ ਹੈ:
ਮੁੱਲਾਂ ਮਿਸ਼ਰ ਨਿਖੇੜੀ ਰੱਖਦੇ,
ਲਾ ਲਾ ਗੁੱਝੀਆਂ ਅੱਗਾਂ।
ਲੈਕਚਰ ਕਰਦਿਆਂ ਜਾਣ ਨ ਡਿੱਠੇ,
(ਜਦ) ਮੂੰਹੋਂ ਉਗਲਣ ਝੱਗਾਂ।
ਲੈ ਚੰਦਾ ਜਦ ਠੇਕੇ ਅੱਪੜੇ,
(ਤਦ) ਸੂਰਤ ਬਦਲੀ ਠੱਗਾਂ।
ਇਕ ਬੋਤਲ ਤੇ ਇਕੋ ਠੂਠੀ,
(ਅਤੇ) ਵਟੀਆਂ ਹੋਈਆਂ ਪੱਗਾਂ।
ਇਹ ਕਾਵਿ ਸਤਰਾਂ ਅਜੋਕੇ ਲੀਡਰਾਂ ਉਤੇ ਇੰਨ-ਬਿੰਨ ਢੁਕਦੀਆਂ ਹਨ।
ਇਸੇ ਤਰ੍ਹਾਂ ਸਿਆਸੀ ਲੀਡਰ ਪਰਜਾ ਨੂੰ ਮੂਰਖ ਬਣਾਉਂਦੇ ਹਨ। ਇਹ ਆਪਣੇ ਸਵਾਰਥਾਂ ਲਈ ਧਰਮ, ਭਾਸ਼ਾ, ਜਾਤ-ਬਰਾਦਰੀ ਤੇ ਇਲਾਕੇ ਦੇ ਨਾਂ ‘ਤੇ ਝਗੜੇ ਕਰਦੇ ਹਨ। ਚਾਤ੍ਰਿਕ ਨੇ ਅਜਿਹੇ ਅਖੌਤੀ ਲੀਡਰਾਂ ਦੀ ਖੂਬ ਮਿੱਟੀ ਪਲੀਤ ਕੀਤੀ ਹੈ:
ਕੁੱਕੜਾਂ ਵਾਂਗਰ ਲੀਡਰ ਲੜਦੇ,
ਬੇ-ਬੁਨਿਆਦ ਬਹਾਨੇ ਘੜਦੇ।
ਖਤਰੇ ਵਿਚ ਹੈ ਪੱਗ ਲੋਕੋ,
ਮੇਰੇ ਆਸੇ ਪਾਸੇ ਅੱਗ ਲੋਕੋ।
ਚਾਤ੍ਰਿਕ ਭਾਵੇਂ ਰਾਜਸੀ ਸੰਗਰਾਮੀਏ ਨਹੀਂ ਸਨ, ਪਰ ਉਨ੍ਹਾਂ ਆਪਣੀ ਕਲਮ ਰਾਹੀਂ ਆਜ਼ਾਦੀ ਪ੍ਰਾਪਤੀ ਲਈ ਲਿਖਿਆ। ਦੇਸ਼ ਭਗਤਾਂ ਦੀ ਲੰਮੀ ਜਦੋ-ਜਹਿਦ ਪਿਛੋਂ ਜਦ ਮੁਲਕ ਆਜ਼ਾਦ ਹੋ ਗਿਆ ਤਾਂ ਚਾਤ੍ਰਿਕ ਸਮਾਜਕ, ਰਾਜਨੀਤਕ ਤੇ ਆਰਥਿਕ ਪ੍ਰਬੰਧ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਦਾ ਦਿਲ ਭਾਈ-ਭਤੀਜਾਵਾਦ ਵੇਖ ਕੇ ਵਿਲਕ ਉਠਿਆ:
ਕੋਈ ਚਾਚੇ ਦਾ ਜਵਾਈ,
ਕੋਈ ਮਾਮੇ ਦਾ ਜਵਾਈ।
ਕੋਈ ਸਾਂਢੂ ਕੋਈ ਸਾਲਾ,
ਕੋਈ ਸਾਲੇ ਦਾ ਭੀ ਸਾਲਾ।
ਸਾਂਭੀ ਜਾਂਦੇ ਠੇਕੇ ਸਾਰੇ,
ਆਪੂੰ ਬੈਠੇ ਰਹਿਣ ਕਿਨਾਰੇ।
ਪੰਜਾਬ ਦੀ ਏਕਤਾ ਦੇ ਇਤਿਹਾਸਕ ਨਾਇਕ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਸਿੱਖ ਸੀ, ਪਰ ਉਨ੍ਹਾਂ ਦਾ ਰਾਜ ਪੰਜਾਬੀਆਂ ਦਾ ਰਾਜ ਸੀ ਜਿਸ ਵਿਚ ਸਾਰੇ ਫਿਰਕੇ ਪਿਆਰ ਨਾਲ ਭਰਾਵਾਂ ਵਾਂਗ ਰਹਿੰਦੇ ਸਨ। ਉਨ੍ਹਾਂ ਦੇ 40 ਸਾਲ ਦੇ ਰਾਜ ਵਿਚ ਇਕ ਵੀ ਫਿਰਕੂ ਫਸਾਦ ਨਹੀਂ ਹੋਇਆ। ਚਾਤ੍ਰਿਕ ਚਾਹੁੰਦੇ ਸਨ ਕਿ ਉਨ੍ਹਾਂ ਵਰਗੀ ਕੋਈ ਸ਼ਖਸੀਅਤ ਪੈਦਾ ਹੋਵੇ। ਉਨ੍ਹਾਂ ਲਿਖਿਆ:
ਜੇ ਤੈਨੂੰ ਖੋਹ ਨਾ ਖੜ੍ਹਦੀ,
ਪੰਜ ਦਰਿਆਵਾਂ ਦੀ ਸ਼ਾਨ ਕਿਤੇ ਜਾ ਚੜ੍ਹਦੀ।
ਜੇ ਮੁੜ ਆ ਕੇ ਬੰਨ੍ਹ ਸਕੇਂ ਉਹ ਸ਼ੀਰਾਜਾ,
ਖੁੱਲ੍ਹ ਜਾਏ ਸਾਰੀ ਉਨਤੀ ਦਾ ਦਰਵਾਜ਼ਾ।
ਉਨ੍ਹਾਂ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਉਨ੍ਹਾਂ ਦੇ ਜੀਵਨ ਦਾ ਆਸ਼ਾ, ਆਦਰਸ਼, ਕੰਮ ਤੇ ਉਮੰਗਾਂ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਇਕ ਤਰ੍ਹਾਂ ਉਨ੍ਹਾਂ ਆਪਣੀ ਸਵੈ-ਜੀਵਨੀ ਨੂੰ ਕੁੱਜੇ ਵਿਚ ਸਮੁੰਦਰ ਵਾਂਗ ਬੰਦ ਕਰ ਦਿੱਤਾ ਹੈ:
ਮੈਂ ਪੈਦਾ ਹੋਇਆ ਇਸ ਦੁਨੀਆਂ ਵਿਚ,
ਚਾਰ ਦਿਹਾੜੇ ਜਿਉਣ ਲਈ।
ਭਲਿਆਂ ਲੋਕਾਂ ਵਿਚ ਬਹਿਣ ਲਈ,
ਇਨਸਾਨ ਬਣਨ ਤੇ ਜਿਉਣ ਲਈ।
ਕੁਝ ਰੋਟੀ ਦਾ ਉਪਰਾਲਾ ਸੀ,
ਕੁਝ ਪੜ੍ਹਨ ਲਿਖਣ ਦਾ ਚਸਕਾ ਸੀ।
ਕਵਿਤਾ ਕਰਦਾ ਸਾਂ ਦੇਸ਼ ਲਈ,
ਯਾ ਪਾਟੇ ਸੀਨੇ ਸਿਉਣ ਲਈ।
ਈਸ਼ਵਰ ਹੈ ਸਚਮੁਚ ਬਹੁਤ ਬੜਾ,
ਪਰ ਮੈਂ ਉਸ ਨੂੰ ਨਹੀਂ ਪਾ ਸਕਿਆ।
ਨਾ ਉਸ ਦੇ ਭੇਤ ਸਮਝ ਸਕਿਆ,
ਨਾ ਦੁਨੀਆਂ ਨੂੰ ਸਮਝਾ ਸਕਿਆ।
ਮਜ਼ਹਬ ਤੇ ਫਿਰਕੇਦਾਰੀ ਦੀ,
ਰੰਗਣ ਨੇ ਮੈਨੂੰ ਮੋਹਿਆ ਨਹੀਂ।
ਮੈਂ ਧਰਤੀ ਦਾ ਪੰਖੇਰੂ ਸਾਂ,
ਅਸਮਾਨਾਂ ਤੱਕ ਨਹੀਂ ਜਾ ਸਕਿਆ।
ਨਰਕਾਂ ਦਾ ਮੈਨੂੰ ਖੌਫ਼ ਨਹੀਂ,
ਸੁਰਗਾਂ ਵਿਚ ਜਾਣਾ ਚਾਹੁੰਦਾ ਨਹੀਂ।
ਇਨਸਾਨੀਅਤ ਦਾ ਹਾਮੀ ਹਾਂ,
ਲੁੱਟ ਲੁੱਟ ਕੇ ਖਾਣਾ ਚਾਹੁੰਦਾ ਨਹੀਂ।
ਰੱਬ ਦੇ ਚਲਾਕ ਏਜੰਟਾਂ ਨੂੰ,
ਨਿੱਤ ਨੰਗਾ ਕਰਦਾ ਆਇਆ ਹਾਂ।
ਖੱਟੀ ਇਸ ਲੋਕ ਦੇ ਲੋਕਾਂ ਦੀ,
ਪਰਲੋਕ ਪਹੁੰਚਾਣਾ ਚਾਹੁੰਦਾ ਨਹੀਂ।
ਮੈਂ ਬੰਦਿਆਂ ਵਰਗਾ ਬੰਦਾ ਹਾਂ,
ਪੈਗੰਬਰ ਨਹੀਂ ਮਲਾਹ ਨਹੀਂ।
ਮੈਂ ਸੰਤ ਨਹੀਂ ਗੁਰੂ ਪੀਰ ਨਹੀਂ,
ਮੁਕਤੀ ਦੀ ਹਾਲੀ ਚਾਹ ਨਹੀਂ।
ਬੁਲਬੁਲਾ ਸਮੁੰਦਰ ਵਿਚ ਤਰਦਾ,
ਜਿਸ ਦਿਨ ਜੀ ਆਵੇ ਫਟ ਜਾਵੇ।
ਕੋਈ ਮੇਰੇ ਬਾਬਤ ਕੁਝ ਆਖੇ,
ਇਸ ਦੀ ਮੈਨੂੰ ਪਰਵਾਹ ਨਹੀਂ।
ਉਨ੍ਹਾਂ ਸਾਰੀ ਉਮਰ ਹਿੰਦੂ-ਮੁਸਲਿਮ ਏਕਤਾ ਲਈ ਪ੍ਰਚਾਰ ਕੀਤਾ, ਪਰ ਉਨ੍ਹਾਂ ਦੇ ਵੇਖਦਿਆਂ-ਵੇਖਦਿਆਂ ਪਾਕਿਸਤਾਨ ਬਣਿਆ ਤੇ ਉਨ੍ਹਾਂ ਦੇ ਪਿਆਰੇ ਪੰਜਾਬ ਦੀ ਹਿੱਕ ਉਤੇ ਲਕੀਰ ਮਾਰ ਕੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਉਜੜੇ ਲੋਕਾਂ ਦਾ ਕਤਲੇਆਮ ਵੇਖ ਕੇ ਭਗਵਾਨ ਨੂੰ ਉਲਾਂਭਾ ਦਿੱਤਾ:
ਤੂੰ ਮੁਰਦਿਆਂ ਦੇ ਅੰਬਾਰ ਤਕਦੋਂ,
ਤੂੰ ਰੱਤੇ ਪਾਣੀ ਦੀ ਧਾਰ ਤਕਦੋਂ।
ਤੜਪਦਿਆਂ ਦੀ ਪੁਕਾਰ ਸੁਣਦੋਂ,
ਤੇ ਤਕਦੋਂ ਵਿਧਵਾ ਦਾ ਹਾਲ ਭਗਵਾਨ।
ਚਾਤ੍ਰਿਕ ਲੋਕਾਂ ਦੇ ਦਰਦੀ ਸਨ। ਆਜ਼ਾਦੀ ਤੋਂ ਬਾਅਦ ਵੀ ਸਾਡੇ ਕੁਝ ਅਖੌਤੀ ਲੀਡਰਾਂ ਤੇ ਪੱਤਰਕਾਰਾਂ ਨੇ ਹਿੰਦੀ-ਪੰਜਾਬੀ ਦਾ ਮਸਲਾ ਖੜ੍ਹਾ ਕਰ ਕੇ ਹਿੰਦੂ-ਸਿੱਖਾਂ ਨੂੰ ਇਕ-ਦੂਜੇ ਦੇ ਵੈਰੀ ਬਣਾ ਦਿੱਤਾ ਜਿਸ ਤੋਂ ਉਹ ਬਹੁਤ ਦੁਖੀ ਸਨ। ਉਨ੍ਹਾਂ ਵੱਖ ਵੱਖ ਦਲੀਲਾਂ ਦੇ ਕੇ ਪੁਰਾਣੇ ਸਾਂਝੇ ਇਤਿਹਾਸ ਨੂੰ ਦੁਹਰਾ ਕੇ ਇਕੋ ਸਭਿਅਤਾ ਤੇ ਤਹਿਜ਼ੀਬ ਦੇ ਨਕਸ਼ੇ ਖਿੱਚ ਕੇ ਰਿਸ਼ਤੇ-ਨਾਤਿਆਂ ਤੇ ਜਿਉਣ-ਮਰਨ ਦੀ ਸਾਂਝ ਦਰਸਾ ਕੇ ਹਿੰਦੂ ਸਿੱਖ ਏਕਤਾ ਉਤੇ ਜ਼ੋਰ ਦਿੱਤਾ। ਉਹ ਕਹਿੰਦੇ ਹਨ:
ਇਕੋ ਦੇਸ਼ ਤੇ ਇਕੋ ਉਦੇਸ਼ ਸਾਡਾ,
ਇਕੋ ਵੇਸ, ਇਕੋ ਰੂਪ ਰੰਗ ਸਾਡਾ।
ਇਕੋ ਫਲਸਫ਼ਾ, ਇਕੋ ਤਹਿਜ਼ੀਬ ਸਾਡੀ,
ਮੰਜੀ ਵਾਂਗ ਉਣਿਆਂ ਅੰਗ ਅੰਗ ਸਾਡਾ।
ਧੀਆਂ ਬੇਟੀਆਂ ਦੇ ਸਾਕ ਸੈਣ ਸਾਂਝੇ,
ਮਿਲਿਆ ਬਾਝ ਨਾ ਲੰਘਦਾ ਡੰਗ ਸਾਡਾ।
ਸਾਡੀ ਕੁੱਖ ਸਾਂਝੀ ਸਾਡੀ ਮੜ੍ਹੀ ਸਾਂਝੀ,
ਵਿਆਹ ਢੰਗ ਸਾਂਝਾ, ਪੜਦਾ ਲੰਗ ਸਾਡਾ।
ਇਕੋ ਕੁੱਖ ਦੇ ਟਾਹਣ ਤੋਂ ਤੁਸੀਂ ਦੋਵੇਂ,
ਲੱਖ ਵੱਖਰਾ ਵੱਖਰਾ ਨਾਂ ਹੋਵੇ।
ਰਲ ਕੇ ਬੈਠਿਆਂ ਆਪ ਵੀ ਸੁਖੀ ਵਸੋ,
ਨਾਲੇ ਹੱਕ ਹਮਸਾਏ ਨੂੰ ਛਾਂ ਹੋਵੇ।
ਅਖੀਰੀ ਉਮਰ ਵਿਚ ਉਹ ਕਈ ਵਰ੍ਹੇ ਬਿਮਾਰ ਰਹੇ। ਐਸ਼ਐਸ਼ ਅਮੋਲ ਤੇ ਹਰਿੰਦਰ ਸਿੰਘ ਰੂਪ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ। ਉਨ੍ਹਾਂ ਚਾਤ੍ਰਿਕ ਦੀਆਂ ਗੱਲਾਂ ਤੋਂ ਅਨੁਮਾਨ ਲਾ ਲਿਆ ਕਿ ਉਹ ਵਧੇਰੇ ਜਿਉਣ ਦੀ ਆਸ ਲਾਹ ਕੇ ਜਾਣ ਲਈ ਤਿਆਰ ਬੈਠੇ ਸਨ। ਉਨ੍ਹਾਂ ਨੇ ਲਿਖਿਆ ਸੀ:
ਹੁਕਮ ਹੋਇਆ ਤੁਰਨ ਦਾ,
ਪਰ ਕੁਝ ਦਿਹਾੜੇ ਠਹਿਰ ਕੇ,
ਖੰਭ ਖੋਲ੍ਹਣ ਵਾਸਤੇ,
ਹੱਸਦਾ ਹੁਲਾਰਾ ਮਿਲ ਗਿਆ।
ਬੰਦਾ ਹਾਂ ਆਖਰ ਫਰਿਸ਼ਤਾ ਨਹੀਂ,
ਥੱਕ ਗਿਆ ਮੰਜ਼ਿਲ ਮਾਰ ਕੇ।
ਅਤੇ ਸੁੱਟ ਕੇ ਗਠੜੀ ਅਮਲ ਦੀ,
ਚਾਤ੍ਰਿਕ ਚਲ ਤੁਰੇ।
ਸੁਰਗਾਂ ਨਰਕਾਂ ਤੋਂ ਨਿਆਰਾ
ਚੁਬਾਰਾ ਮਿਲ ਗਿਆ।
ਪੰਜਾਬ ਨੂੰ ਛੱਡ ਕੇ ਉਨ੍ਹਾਂ ਦਾ ਜਾਣ ਨੂੰ ਜੀ ਨਹੀਂ ਸੀ ਕਰਦਾ:
ਦੁਰਗਾਹੋਂ ਸੱਦੇ ਆ ਗਏ ਨੇ,
ਸਾਮਾਨ ਤਿਆਰ ਸਫਰ ਦਾ।
ਪਰ ਤੇਰੇ ਬੂਹਿਓਂ ਹਿਲਣ ਨੂੰ,
ਚਾਤ੍ਰਿਕ ਜੀ ਨਾ ਕਰਦਾ।
ਅਖੀਰ 18 ਦਸੰਬਰ 1954 ਨੂੰ ਧਨੀ ਰਾਮ ਚਾਤ੍ਰਿਕ ਆਪਣੇ ਪਿਆਰੇ ਪੰਜਾਬ ਨੂੰ ਅਲਵਿਦਾ ਕਹਿ ਗਏ। ਉਹ ਪੰਜਾਬੀਆਂ ਦੇ ਦਿਲਾਂ ਵਿਚ ਸਦਾ ਲਈ ਜ਼ਿੰਦਾ ਹਨ।

ਤਿੰਨ ਕਵਿਤਾਵਾਂ: ਧਨੀ ਰਾਮ ਚਾਤ੍ਰਿਕ

ਮੇਲੇ ਵਿਚ ਜੱਟ

ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ।
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਹਾਣੀਆਂ ਦੀ ਢਾਣੀ ਵਿਚ ਲਾੜਾ ਸੱਜਦਾ,
ਬੱਘ ਬੱਘ ਬੱਘ ਸ਼ੇਰ ਗੱਜਦਾ।
ਹੀਰੇ ਨੂੰ ਅਰਕ ਨਾਲ ਹੁੱਜਾਂ ਮਾਰਦਾ,
ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ।
ਚੰਗੀ ਜਿਹੀ ਸੱਦ ਲਾ ਦੇ ਬੱਲੇ ਬੇਲੀਆ!
ਤੂੰਬਾ ਜ਼ਰਾ ਖੋਲ੍ਹ ਖਾਂ ਜੁਆਨਾ ਤੇਲੀਆ।
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਤੂੰਬੇ ਨਾਲ ਭਾਂਤੋ ਭਾਂਤ ਬੋਲ ਬੋਲੀਆਂ,
ਹਾੜ੍ਹ ਵਿਚ ਜੱਟਾਂ ਨੇ ਮਨਾਈਆਂ ਹੋਲੀਆਂ।
ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਵਾਰੀ ਹੁਣ ਆ ਗਈ ਜੇ ਪੀਣ ਖਾਣ ਦੀ,
ਰਿਊੜੀਆਂ ਜਲੇਬੀਆਂ ਦੇ ਆਹੂ ਲਾਹਣ ਦੀ।
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ।
ਖੁੱਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ।
ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਪੰਜਾਬੀ ਦਾ ਸੁਪਨਾ

ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ
1)
ਪੰਜਾਬੋ ਔਂਦਿਆ ਵੀਰਨਿਆਂ!
ਕੋਈ ਗੱਲ ਕਰ ਆਪਣੇ ਥਾਂਵਾਂ ਦੀ।
ਮੇਰੇ ਪਿੰਡ ਦੀ, ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
ਫਸਲਾਂ ਚੰਗੀਆਂ ਹੋ ਜਾਂਦੀਆਂ ਨੇ?
ਮੀਂਹ ਵੇਲੇ ਸਿਰ ਪੈ ਜਾਂਦਾ ਹੈ?
ਘਿਉ ਸਸਤਾ, ਅੰਨ ਸਵੱਲਾ ਏ,
ਸਭ ਰੱਜ ਕੇ ਰੋਟੀ ਖਾਂਦੇ ਨੇ?
ਪਰਭਾਤ ਰਿੜਕਣੇ ਪੈਂਦੇ ਸਨ?
ਛਾਹ ਵੇਲੇ ਭੱਤੇ ਢੁੱਕਦੇ ਸਨ?
ਭੱਠੀਆਂ ‘ਤੇ ਝੁਰਮਟ ਪੈਂਦੇ ਸਨ?
ਤ੍ਰਿਞਣਾਂ ਵਿਚ ਚਰਖੇ ਘੁਕਦੇ ਸਨ?
ਪਰਦੇਸਾਂ ਅੰਦਰ ਬੈਠਿਆਂ ਨੂੰ,
ਕੋਈ ਯਾਦ ਤੇ ਕਰਦਾ ਹੋਵੇਗਾ,
ਮਾਂ, ਭੈਣ ਤੇ ਨਾਰ ਕਿਸੇ ਦੀ ਦਾ,
ਦਿਲ ਹੌਕੇ ਭਰਦਾ ਹੋਵੇਗਾ।
2)
ਪੰਜਾਬੀਆਂ ਵਿਚ ਕੋਈ ਚਾ ਭੀ ਹੈ?
ਪੰਜਾਬ ਦੀ ਸ਼ਾਨ ਬਣਾਉਣ ਦਾ?
ਪਾਟੇ ਹੋਏ ਸੀਨੇ ਸਿਉਣ ਦਾ?
ਨਿਖੜੇ ਹੋਏ ਵੀਰ ਮਿਲਾਉਣ ਦਾ?
ਹਿੰਦੂ, ਮੋਮਨ, ਸਿੱਖ, ਈਸਾਈ,
ਘਿਉ ਖਿਚੜੀ ਹੋ ਗਏ ਹੋਵਣਗੇ।
ਕਿਰਸਾਣ, ਬਪਾਰੀ ਤੇ ਕਿਰਤੀ,
ਇਕ ਥਾਏਂ ਖਲੋ ਗਏ ਹੋਵਣਗੇ।
3)
ਅਸੀਂ ਜਦ ਦੇ ਏਥੇ ਆਏ ਹਾਂ,
ਸਾਡੇ ਤੇ ਹੁਲੀਏ ਹੀ ਵਟ ਗਏ ਨੇ।
ਸਾਡੇ ਤੇ ਕੀਨੇ ਨਿਕਲ ਗਏ,
ਵਲ ਵਿੰਗ ਪੁਰਾਣੇ ਹਟ ਗਏ ਨੇ।
ਜੀ ਚਾਹੁੰਦਾ ਹੈ ਪੰਜਾਬ ਨੂੰ ਭੀ,
ਐਥੋਂ ਵਰਗਾ ਰੰਗ ਲਾ ਲਈਏ।
ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ,
ਪੱਕੀਆਂ ਸੜਕਾਂ ਬਣਵਾ ਲਈਏ।
ਹੱਥਾਂ ਵਿਚ ਬਰਕਤ ਪੈ ਜਾਵੇ,
ਧਰਤੀ ਸੋਨੇ ਦੀ ਹੋ ਜਾਵੇ।
ਆ ਕੇ ਕੋਈ ਰੋੜ੍ਹ ਮਜੂਰੀ ਦਾ,
ਭੁਖ ਨੰਗ ਦੇ ਧੋਣੇ ਧੋ ਜਾਵੇ।

ਬੋਲੀ ਹੈ ਪੰਜਾਬੀ ਸਾਡੀ

ਅਸਾਂ ਨਹੀਂ ਭੁਲਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ।

ਤ੍ਰਿੰਞਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠੀ ਤੇ ਸੁਹਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣੀ,
ਬੋਲੀ ਹੈ ਪੰਜਾਬੀ ਸਾਡੀ।

ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,
ਭੁੱਲ ਕੇ ਨਹੀਂ ਢਾਹੁਣੀ,
ਬੋਲੀ ਹੈ ਪੰਜਾਬੀ ਸਾਡੀ।