ਗਾਗਰ ਵਿਚ ਸਾਗਰ ਭਰਨ ਦੀ ਕਲਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਹਰ ਇਕ ਦੀ ਰਿਸ਼ਤੇਦਾਰੀ ਜਾਂ ਮਿੱਤਰ-ਸੂਚੀ ਵਿਚ ਕੋਈ ਨਾ ਕੋਈ ਅਜਿਹਾ ਮਾਈ-ਭਾਈ ਜ਼ਰੂਰ ਹੁੰਦਾ ਹੈ ਜਿਸ ਦੀ ਗੱਲ-ਕੱਥ ਕਰਨ ਵੇਲੇ ‘ਗਿੱਲਾ ਪੀਹਣ ਪਾ ਬਹਿਣ’ ਦੀ ਆਦਤ ਹੁੰਦੀ ਹੈ। ਸਮੇਂ ਦੀ ਨਜ਼ਾਕਤ ਅਣਡਿੱਠ ਕਰ ਕੇ ਆਪਣੀ ਰਾਮ ਕਹਾਣੀ ਛੇੜਨ ਵਾਲੇ ਅਜਿਹੇ ਸੱਜਣਾਂ ਨੂੰ ਕਈ ਵਾਰ ਕਹਿਣਾ ਪੈ ਜਾਂਦਾ ਹੈ ਕਿ ਭਰਾ ਜੀ, ਪਾਣੀ ਵਿਚ ਮਧਾਣੀ ਨਾ ਪਾਓ, ਛੇਤੀ ਗੱਲ ਮੁਕਾ ਦਿਓ।

ਅਜਿਹੀ ਆਦਤ ਵਾਲਾ ਕੋਈ ਜਾਣੂ ਜੇ ਕਦੀ ਸਾਹਮਣਿਓਂ ਆਉਂਦਾ ਦਿਸ ਪਵੇ, ਤਾਂ ਕੰਨੀ ਕਤਰਾਉਂਦਿਆਂ ਪਾਸੇ ਹੋਣ ਵਿਚ ਹੀ ਗਨੀਮਤ ਹੁੰਦੀ ਹੈ; ਕਿਉਂਕਿ ਪਤਾ ਹੀ ਹੁੰਦਾ ਹੈ ਕਿ ਜੇ ਉਸ ਨੇ ਇਕ ਵਾਰ ‘ਫਹੇ ਤੰਦ’ ਪਾ ਲਈ, ਤਾਂ ਉਹ ਗੱਲਾਂ ਦਾ ਪੂਰਾ ਗਲੋਟਾ ਲਾਹ ਕੇ ਹੀ ਹਟੇਗਾ। ਭੱਜ-ਨੱਠ ਤੇ ਕਾਹਲ ਭਰੇ ਅਜੋਕੇ ਸਮੇਂ ਵਿਚ ਭਲਾ ਕਿਹਦੇ ਕੋਲ ਟਾਈਮ ਹੈ ਜੋ ਕਿਸੇ ਨੂੰ ਅਕਾਰਥ ਹੀ ਲੱਸੀ ਵਿਚ ਪਾਣੀ ਪਾ-ਪਾ ਵਧਾਉਂਦਾ ਹੋਇਆ ਦੇਖੀ ਜਾਵੇ।
ਪੰਜਾਬੀ ਜਨ-ਜੀਵਨ ਵਿਚ ਸੰਖੇਪ ਤੋਂ ਸੰਖੇਪ ਸ਼ਬਦਾਂ ਰਾਹੀਂ ਗੱਲ ਕਹਿਣ ਦੀ ਕਲਾ ਬਾਰੇ ਇਕ ਲਤੀਫ਼ਾ ਬਹੁਤ ਮਸ਼ਹੂਰ ਹੋਇਆ ਸੀ; ਅਖੇ, ਕਿਸੇ ਕਾਰੋਬਾਰੀ ਅਦਾਰੇ ਦੇ ਦਫਤਰ ਵਿਚ ਕੋਈ ਖਾਲੀ ਅਸਾਮੀ ਪੁਰ ਕਰਨ ਲਈ ਇੰਟਰਵਿਊ ਚੱਲ ਰਹੀ ਸੀ। ਇੰਟਰਵਿਊ ਲੈ ਰਹੇ ਅਫਸਰ ਨੇ ਬਾਹਰ ਖੜ੍ਹੇ ਉਮੀਦਵਾਰਾਂ ਨੂੰ ਇਹ ਸ਼ਰਤ ਸੁਣਾ ਦਿੱਤੀ ਕਿ ਦਫਤਰ ਅੰਦਰ ਆਉਣ ਦੀ ਇਜਾਜ਼ਤ ਮੰਗਣ ਲਈ ਜਿਹੜਾ ਉਮੀਦਵਾਰ ਘੱਟ ਤੋਂ ਘੱਟ ਲਫ਼ਜ਼ਾਂ ਦੀ ਵਰਤੋਂ ਕਰੇਗਾ, ਉਸ ਨੂੰ ਰਖ ਲਿਆ ਜਾਵੇਗਾ।
ਅੰਗਰੇਜ਼ੀ ਬੋਲਣ ਵਿਚ ਪੂਰੇ ਮਾਹਰ ਇਕ ਮੁੰਡੇ ਨੇ ਦਰਵਾਜ਼ੇ ‘ਤੇ ਲਟਕਦੀ ਚਿਕ ਪਾਸੇ ਕਰਦਿਆਂ ਸਾਹਮਣੇ ਬੈਠੇ ਅਫਸਰ ਨੂੰ ਪੁੱਛਿਆ, “ਮੇ ਆਈ ਕਮ ਇਨ ਸਰ?” ਅਫਸਰ ਨੇ ਸਿਰ ਫੇਰ ਦਿੱਤਾ। ਦੂਸਰੇ ਲੜਕੇ ਨੇ ਅੰਦਰ ਵੜਨ ਲੱਗਿਆਂ ਹਿੰਦੀ ਵਿਚ ਪੁੱਛਿਆ, “ਸ੍ਰੀ ਮਾਨ ਜੀ, ਅੰਦਰ ਆ ਸਕਤਾ ਹੂੰ?” ਉਸ ਨੂੰ ਵੀ ਨਾਂਹ ਹੋ ਗਈ। ਤੀਜਾ ਲੜਕਾ ਉਰਦੂ ਜਾਣਦਾ ਸੀ। ਉਸ ਨੇ ਬੜੀ ਆਜਜ਼ੀ ਨਾਲ ਕਿਹਾ, “ਅੰਦਰ ਆਨੇ ਕੀ ਇਜਾਜ਼ਤ ਹੈ ਜਨਾਬ?” ਅਫਸਰ ਖੁਸ਼ ਨਾ ਹੋਇਆ। ਸਭ ਤੋਂ ਅਖੀਰ ਵਿਚ ਪੰਜਾਬੀ ਦੀ ਵਾਰੀ ਆਈ। ਸਰਟੀਫਿਕੇਟਾਂ ਦੀ ਫਾਈਲ ਕੱਛੇ ਮਾਰੀ ਉਹ ਦਰਵਾਜ਼ੇ ਵਿਚ ਜਾ ਖੜ੍ਹਿਆ। ਅਫਸਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿੰਦਾ, “ਵੜਾਂ?”
ਕਿਸੇ ਕੋਲੋਂ ਲੰਮੀਆਂ ‘ਰਾਮ ਕਹਾਣੀਆਂ’ ਸੁਣਨ ਦੀ ਗੱਲ ਤਾਂ ਇਕ ਪਾਸੇ, ਹੁਣ ਤਾਂ ਅਖਬਾਰਾਂ ਮੈਗਜ਼ੀਨਾਂ ਦੇ ਪਾਠਕ ਵੀ ਮਿਨੀ ਕਹਾਣੀਆਂ ਵਰਗੇ ਮਿੰਟਾਂ-ਸਕਿੰਟਾਂ ਵਿਚ ਮੁੱਕ ਜਾਣ ਵਾਲਾ ਮਸਾਲਾ ਪੜ੍ਹਨਾ ਸ਼ੁਰੂ ਕਰਦੇ ਹਨ। ਉਹ ਸਮਾਂ ਲੱਦ ਗਿਆ ਜਦੋਂ ਅਖਬਾਰਾਂ ਰਸਾਲਿਆਂ ਵਿਚ ਸਾਲ ਸਾਲ ਭਰ ਨਾਟਕ-ਨਾਵਲਾਂ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਸਨ। ਵਿਹਲ ਨਾਲ ਭਰੇ-ਭਕੁੰਨੇ ਪਾਠਕ ਉਤਸੁਕਤਾ ਨਾਲ ਇਨ੍ਹਾਂ ਲੜੀਆਂ ਨਾਲ ਜੁੜੇ ਰਹਿੰਦੇ ਸਨ। ਅੱਗੇ ਕੀ ਹੋਇਆ? ਜਾਨਣ ਦੀ ਖਿੱਚ ਬਰਕਰਾਰ ਰਹਿੰਦੀ ਸੀ ਉਦੋਂ।
ਹੁਣ ਵੀ ਭਾਵੇਂ ਕੁਝ ਅਖਬਾਰ ਨਾਵਲ ਵਗੈਰਾ ਕਿਸ਼ਤਵਾਰ ਛਾਪ ਰਹੇ ਹਨ, ਪਰ ਬਹੁਤੇ ਪਾਠਕ ਤਾਂ ਕੋਈ ਲੰਮੀ ਕਵਿਤਾ ਕਹਾਣੀ ਪੜ੍ਹਨੀ ਸ਼ੁਰੂ ਕਰਨ ਤੋਂ ਪਹਿਲਾਂ, ਉਸ ਦਾ ‘ਅੰਤਲਾ ਪਹਿਰਾ’ ਲੱਭ ਕੇ, ਉਸ ਦੀ ਲੰਬਾਈ ਚੌੜਾਈ ਨਾਲ ਆਪਣੇ ਕੀਮਤੀ ਵਿਹਲ ਦੀ ਜਮ੍ਹਾਂ-ਘਟਾਓ ਕਰਦੇ ਹਨ। ਜਿਸ ਇਬਾਰਤ ਦੇ ਅੰਤ ਵਿਚ ਲਿਖਿਆ ਹੋਵੇ ‘ਚੱਲਦਾ’, ਤਦ ਸਮਝੋ ਪਾਠਕ ਵੀ ਉਸ ਨੂੰ ਛੱਡ ਕੇ ਚੱਲਦਾ ਹੋ ਜਾਵੇਗਾ। ਸ਼ਾਰਟਕੱਟ ਦੇ ਇਸ ਦੌਰ ਵਿਚ ਉਹ ਕੁਝ ਸੰਕੋਚਵਾਂ ਹੀ ਲੱਭੇਗਾ ਪੜ੍ਹਨ ਲਈ।
‘ਹਾਂ’ ਜਾਂ ‘ਨਾਂਹ’ ਵਰਗੀ ਦੋ ਹਰਫ਼ੀ ਗੱਲ ਕਹਿਣ-ਸੁਣਨ ਦੀ ਪ੍ਰੇਰਨਾ ਦੇਣ ਵਾਲੀ ਇਕ ਇਤਿਹਾਸਕ ਸਾਖੀ ਵੀ ਸੁਣਨ ਵਿਚ ਆਉਂਦੀ ਹੈ। ਦੱਸਿਆ ਜਾਂਦਾ ਹੈ ਕਿ ਇਕ ਵਾਰ ਦਸਵੇਂ ਗੁਰੂ ਨੇ ਵੀ ਸਿੰਘਾਂ ਦੀ ਬਿਬੇਕ ਬੁੱਧ ਪਰਖਣ ਹਿੱਤ ਆਪਣੇ ਦਰਬਾਰੀ ਸਿੱਖ ਸੇਵਕਾਂ ਨੂੰ ਸਵਾਲ ਪਾਇਆ ਕਿ ਕੋਈ ਸਿੰਘ ਆ ਕੇ ਸਾਨੂੰ ਘੋੜੇ ਦੀ ਰਕਾਬ ਵਿਚ ਪੈਰ ਪਾਉਣ ਜਿੰਨੇ ਸਮੇਂ ਵਿਚ (ਗੁਰੂ) ਗ੍ਰੰਥ ਸਾਹਿਬ ਦਾ ਪਾਠ ਸੁਣਾਏ। ਗੁਰਬਾਣੀ ਦੇ ਨੇਮੀ ਪ੍ਰੇਮੀ ਭਾਵੇਂ ਇਹ ਅਨੋਖਾ ਸਵਾਲ ਸੁਣ ਕੇ ਖਾਮੋਸ਼ ਹੋ ਗਏ ਸਨ, ਪਰ ਆਤਮਿਕ ਸੋਝੀ ਵਾਲੇ ਇਕ ਸਿੱਖ ਨੇ ਗੁਰੂ ਜੀ ਦਾ ਦਿਲ ਜਿੱਤ ਲਿਆ ਸੀ, ਜਦ ਉਸ ਨੇ ਗੁਰੂ ਸਾਹਿਬ ਵੱਲੋਂ ਰਕਾਬ ਵਿਚ ਪੈਰ ਪਾਉਂਦਿਆਂ ਹੀ ਹੱਥ ਜੋੜ ਕੇ ‘ਇਕ ਓਂਕਾਰ’ ਦਾ ਉਚਾਰਨ ਕਰ ਦਿੱਤਾ।
ਜਾਪਦਾ ਹੈ, ਦੁਨੀਆਂ ਭਰ ਦਾ ਸਾਹਿਤ ਪੜ੍ਹੇ-ਗੁੜ੍ਹੇ ਅਚਾਰੀਆ ਰਜਨੀਸ਼ ਨੇ ਕਿਤੇ ਇਹ ਇਤਿਹਾਸ ਜ਼ਰੂਰ ਪੜ੍ਹਿਆ ਹੋਵੇਗਾ। ਇਸੇ ਕਰ ਕੇ ਉਸ ਨੇ ਇਸ ਵਾਰਤਾ ਦੇ ਅੰਤਰੀਵੀ ਭਾਵ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰਦਿਆਂ ਕਿਹਾ ਕਿ ਜੋ ਗਿਆਨੀ ਪੁਰਸ਼ ਹੈ, ਉਨ ਕੇ ਲੀਏ ਤੋ ਇਕ ਓਂਕਾਰ ਹੀ ਕਾਫੀ ਹੈ। ਆਗੇ ਕੀ ਬਾਣੀ ਤੋਂ ਅਗਿਆਨੀਓਂ ਕੋ ਸਮਝਾਨੇ ਕੇ ਹੇਤੂ ਲਿਖੀ ਗਈ ਹੈ!
ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੀ ਪੁਸਤਕ ‘ਜਨਤਾ ਵਿਚ ਕਿਵੇਂ ਬੋਲੀਏ’ ਵਿਚ ਕਿਸੇ ਮਦਰੱਸੇ ਦੇ ਮੌਲਵੀ ਦੀ ਦੁਰਗਤੀ ਬਿਆਨ ਕੀਤੀ ਹੋਈ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਸਿਖਾ ਰਿਹਾ ਸੀ ਕਿ ਐਵੇਂ ਠਾਹ ਸੋਟਾ ਮਾਰਨ ਵਾਂਗ ਮੂੰਹੋਂ ਗੱਲ ਨਹੀਂ ਕੱਢ ਮਾਰੀਦੀ, ਸਗੋਂ ਜਿਵੇਂ ਗਹਿਣੇ-ਗੱਟੇ ਪਹਿਨ ਕੇ ਔਰਤਾਂ ਨੇ ਆਪਣੇ ਹੁਸਨ ਨੂੰ ਹੋਰ ਚਾਰ ਚੰਨ ਲਾਏ ਹੁੰਦੇ ਨੇ, ਇਸੇ ਤਰ੍ਹਾਂ ਕੋਈ ਗੱਲ ਕਹਿਣ ਲੱਗਿਆਂ, ਉਸ ਵਿਚ ਮਾਣ ਸਤਿਕਾਰ ਤੇ ਮੋਹ ਮਿਠਾਸ ਵਾਲੇ ਵਿਸ਼ੇਸ਼ਣ ਜੜਨੇ ਚਾਹੀਦੇ ਹਨ, ਤਾਂ ਕਿ ਅਗਲੇ ‘ਤੇ ਤੁਹਾਡੀ ਵਿਦਵਤਾ ਦਾ ਰੋਹਬ ਪੈ ਸਕੇ।
ਵਿਦਿਆਰਥੀਆਂ ਨੂੰ ਇਹ ਨੁਕਤੇ ਸਮਝਾਉਣ ਦੇ ਨਾਲ ਨਾਲ ਮੌਲਵੀ ਸਾਹਿਬ ਚਿਲਮ ਦੇ ਸੂਟੇ ਵੀ ਖਿੱਚੀ ਗਿਆ। ਕਿਤੇ ਬੇ-ਧਿਆਨੀ ਵਿਚ ਚਿਲਮ ਵਿਚੋਂ ਚੰਗਿਆੜੀ ਉਡ ਕੇ ਉਸ ਦੇ ਸਿਰ ‘ਤੇ ਪਾਏ ਕੁੱਲੇ ‘ਤੇ ਡਿਗ ਪਈ। ਥੋੜ੍ਹੀ ਥੋੜ੍ਹੀ ਹਵਾ ਚੱਲਦੀ ਹੋਣ ਕਰ ਕੇ ਕੁੱਲੇ ‘ਤੇ ਅੱਗ ਸੁਲਘਣ ਲੱਗ ਪਈ। ਕੁੱਲਾ ਕਿਉਂਕਿ ਪੱਗ ਦੇ ਵਿਚਕਾਰ ਉਤੇ ਨੂੰ ਕਾਫੀ ਉਠਿਆ ਹੋਇਆ ਹੁੰਦਾ ਹੈ, ਇਸ ਕਰ ਕੇ ਸੁਲਘਦੀ ਚੰਗਿਆੜੀ ਤੋਂ ਬੇਖਬਰ ਮੌਲਵੀ ਚਿਲਮ ਦੇ ਸੂਟੇ ਮਾਰੀ ਗਿਆ। ਇੰਨੇ ਨੂੰ ਜਮਾਤ ਵਿਚੋਂ ਉਠ ਕੇ ਇਕ ਮੁੰਡਾ ਹੱਥ ਜੋੜ ਕੇ ਖੜ੍ਹਾ ਹੋ ਗਿਆ। ਮੌਲਵੀ ਸਾਹਿਬ ਨੂੰ ਮੁਖ਼ਾਤਬ ਹੋ ਕੇ ਕਹਿਣ ਲੱਗਾ, “ਸਾਡੀ ਸਾਰੀ ਜਮਾਤ ਦੇ ਚਾਨਣ ਮੁਨਾਰੇ, ਮਹਾਨ ਆਲਮ ਫ਼ਾਜ਼ਲ ਜਨਾਬ ਮੁਹੰਮਦ ਫਲਾਣੇ ਸ਼ਾਹ ਜੀਓ, ਬਾ-ਅਦਬ ਆਪ ਜੀਆਂ ਨੂੰ ਇਹ ਇਤਲਾਹ ਦਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਆਪ ਜੀ ਦੀ ਦਸਤਾਰ-ਏ-ਮੁਬਾਰਕ ਦੇ ਵਿਚਕਾਰ ਸ਼ੋਭਾ ਵਧਾ ਰਹੇ ਕੁੱਲੇ ਪਰ, ਮੌਲਵੀ ਸਾਹਿਬ ਜੀ ਦੇ ਦਸਤ-ਏੇ-ਮੁਬਾਰਕ ਵਿਚ ਫੜੀ ਹੋਈ ਚਿਲਮ ਵਿਚੋਂ ਚਮਕਦੀ ਦਮਕਦੀ ਅੱਗ ਦੀ ਚੰਗਿਆੜੀ ਡਿੱਗ ਪਈ ਸੀ, ਜੋ ਹੁਣ ਐਸ ਵੇਲੇæææ।”
ਉਸਤਾਦ ਜੀ ਪਾਸੋਂ ਤਾਜ਼ੀ ਤਾਜ਼ੀ ਮਿਲੀ ਸਿੱਖਿਆ ਦਾ ਪਾਲਣ ਕਰਦਿਆਂ ਮੁੰਡੇ ਦਾ ਵਿਸ਼ੇਸ਼ਣਾਂ ਨਾਲ ਸ਼ਿੰਗਾਰੀ ਇਬਾਰਤ ਦਾ ਪਾਠ ਹਾਲੇ ਚੱਲ ਹੀ ਰਿਹਾ ਸੀ ਕਿ ਸਿਰ ਨੂੰ ਸੇਕ ਲੱਗ ਰਿਹਾ ਮਹਿਸੂਸ ਕਰ ਕੇ ਭੁੜਕਦੇ ਹੋਏ ਮੌਲਵੀ ਨੇ ਫੁਰਤੀ ਨਾਲ ਪੱਗ ਲਾਹ ਕੇ ਪਰੇ ਸੁੱਟ ਦਿੱਤੀ; ਤਾਂ ਕਰ ਕੇ ਮੌਲਵੀ ਜੀ ਦਾ ਬਚਾਅ ਹੋ ਗਿਆ, ਨਹੀਂ ਤਾਂ ਬੇਲੋੜੇ ਵਿਸ਼ੇਸ਼ਣਾਂ ਨੇ ਉਸ ਦਾ ਫ਼ਾਤਿਹਾ ਪੜ੍ਹ ਦੇਣਾ ਸੀ।
ਚਲੋ ‘ਗੱਲ ਮੁੱਕੀ ਰਿਹਾੜ ਗਈ’ ਵਾਲਾ ਮੁਹਾਵਰਾ ਯਾਦ ਕਰ ਕੇ ਮੈਂ ਵੀ ਗਿੱਲਾ ਪੀਹਣ ਪਾਉਣ ਤੋਂ ਗੁਰੇਜ਼ ਕਰਦਿਆਂ ਸਿਰਫ ਇੰਨਾ ਕੁ ਦੱਸ ਕੇ ਗੱਲ ਨਿਬੇੜਦਾ ਹਾਂ ਕਿ ਇਸ ਵਿਚਾਰ ਲੜੀ ਦਾ ਫੁਰਨਾ ਕਿਵੇਂ ਫੁਰਿਆ। ਕਿਸੇ ਸੰਮੇਲਨ ਵਿਚ ਕਥਾ ਵਾਰਤਾ ਕਰਦੇ ਬਾਬੇ ਨੇ ਲੰਮਾ-ਚੌੜਾ ਖਿਲਾਰਾ ਪਾ ਲਿਆ। ਅ-ਢੁਕਵੀਂਆਂ ਸਾਖੀਆਂ ਸੁਣਾਉਂਦੇ ਨੂੰ ਜਾਚ ਨਾ ਆਵੇ ਕਿ ਹੁਣ ਸਮਾਪਤੀ ਕਿਵੇਂ ਕਰਾਂ! ਉਸ ਤੋਂ ਮਗਰੋਂ ਇਕ ਢਾਡੀ ਜਥੇ ਨੂੰ ਮਿਲੇ ਤਾਂ ਪੰਦਰਾਂ-ਵੀਹ ਕੁ ਮਿੰਟ ਹੀ, ਪਰ ਉਨ੍ਹਾਂ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਸਾਹਿਬ ਵਾਲੀ ਜੰਗ ਦੀ ਵਾਰ ਸੁਣਾ ਕੇ ਸਰੋਤਿਆਂ ਦੇ ਲੂੰ ਕੰਡੇ ਖੜ੍ਹੇ ਕਰ ਦਿੱਤੇ। ਬਾਹਰ ਨੂੰ ਤੁਰੇ ਆ ਰਹੇ ਸਰੋਤੇ ਆਪਸ ਵਿਚੀਂ ਗੱਲਾਂ ਕਰਨ, “ਪਹਿਲਾ ਬਾਬਾ ਤਾਂ ਕੱਦੂਆਂ ਪੇਠਿਆਂ ਦੇ ਬੀ ਹੀ ਗਿਣੀ ਗਿਆ, ਢਾਡੀਆਂ ਨੇ ‘ਗਾਗਰ ਵਿਚ ਸਾਗਰ’ ਭਰ ਕੇ ਦਿਖਾ ਦਿੱਤਾ!”