ਬਲਜੀਤ ਬਾਸੀ
ਪਿੰਡ ਵਿਚ ਥੋੜ੍ਹਾ ਦੂਰੋਂ ਲਗਦੇ ਮੇਰੇ ਚਾਚਾ ਜੀ ਦਾ ਅਤੇ ਸਾਡਾ ਘਰ ਨਾਲੋ ਨਾਲੋ ਸੀ। ਉਨ੍ਹਾਂ ਨੇ ਅੰਗਰੇਜ਼ਾਂ ਵੇਲੇ ਮਦਰਾਸ ਤੋਂ ਪੀæਟੀæਆਈæ ਦਾ ਕੋਰਸ ਕੀਤਾ ਸੀ। ਉਹ ਰਿਟਾਇਰ ਹੋਣ ਸਮੇਂ ਤੱਕ ਪਿੰਡ ਦੇ ਹਾਈ ਸਕੂਲ ਵਿਚ ਹੀ ਪੀæਟੀæ ਲੱਗੇ ਰਹੇ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿਖਿਆ ਹੈ। ਉਹ ਦੱਸਿਆ ਕਰਦੇ ਸਨ ਕਿ ਮਦਰਾਸੀਆਂ ਦੀ ਬੋਲੀ ਤਾਮਿਲ ਇਸ ਤਰ੍ਹਾਂ ਸੁਣਾਈ ਦਿੰਦੀ ਹੈ ਜਿਵੇਂ ਕਿਸੇ ਪੀਪੇ ਵਿਚ ਰੋੜੇ ਪਾ ਕੇ ਖੜਕਾਏ ਜਾਣ।
ਅਜਿਹਾ ਇਸ ਕਰਕੇ ਹੈ ਕਿ ਇਸ ਭਾਸ਼ਾ ਵਿਚ ਟਵਰਗ ਧੁਨੀਆਂ ਦੀ ਭਰਮਾਰ ਹੈ। ਇਕ ਦਿਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਅੰਗਰੇਜ਼ੀ ਦਾ ਸਭ ਤੋਂ ਲੰਬਾ ਸ਼ਬਦ ਹੈ, ਅਨਟਦਿਸਿeਸਟਅਬਲਸਿਹਮeਨਟਅਰਅਿਨਸਿਟਚਿਅਲਲੇ। ਇਸ ਦਾ ਅਰਥ ਸਮਝਾਉਣ ਲੱਗਿਆਂ ਉਨ੍ਹਾਂ ਈਸਾਈ ਧਰਮ ਦੇ ਇਤਿਹਾਸ ‘ਤੇ ਹੀ ਭਾਸ਼ਨ ਦੇ ਮਾਰਿਆ। ਇਕ ਹੋਰ ਦਿਨ ਘਰ ਮੂਹਰੇ ਮੱਝ ਨੁਹਾਉਂਦਿਆਂ ਉਨ੍ਹਾਂ ਪਤੇ ਦੀ ਗੱਲ ਦੱਸੀ ਕਿ ਸ਼ਬਦਾਂ ਦੇ ਮੁਢਲੇ ਰੂਪਾਂ ਦਾ ਅਧਿਐਨ ਕਰਨ ਵਾਲੇ ਮਜ਼ਮੂਨ ਨੂੰ ਅੰਗਰੇਜ਼ੀ ਵਿਚ ਓਟੇਮੋਲੋਗੇ ਆਖਦੇ ਹਨ। ਉਨ੍ਹਾਂ ਨਾਲ ਹੀ ਖੂਹ ਸ਼ਬਦ ਦੀ ਮਿਸਾਲ ਦਿੱਤੀ, “ਜੇ ਮੌਣ ‘ਤੇ ਖੜ੍ਹ ਕੇ ਖੂਹ ਅੰਦਰ ਝਾਤੀ ਮਾਰਿਆਂ ‘ਹੂਅ’ ਬੋਲੋ ਤਾਂ ਖੂਹ ਅੰਦਰੋਂ ਬੋਲੇਗਾ ‘ਖੂਹ’। ਇਹੀ ਹੈ ਖੂਹ ਸ਼ਬਦ ਦੀ ਐਟੀਮੌਲੋਜੀ।”
ਬੱਚੇ ਆਮ ਤੌਰ ‘ਤੇ ਖੂਹ ਵਿਚ ਮੂੰਹ ਕਰਕੇ Ḕਹੂ ਹੂḔ ਕਰਦੇ ਰਹਿੰਦੇ ਹਨ। ਮੈਂ ਬਾਅਦ ਵਿਚ ਸੋਚਦਾ ਰਿਹਾ ਕਿ ਇਹ ਸ਼ਾਇਦ ਅੰਗਰੇਜ਼ੀ ਵਾਲਾ ਹੂ (ੱਹੋ=ਕੌਣ) ਹੈ ਜਿਸ ਦੇ ਬੋਲਣ ਤੋਂ ਭਾਵ ਹੈ ਕਿ ਤੂੰ ਕੌਣ ਹੈਂ? ਅੱਗੋਂ ਖੂਹ ਗੂੰਜਵੀਂ ਆਵਾਜ਼ ਵਿਚ ਜਵਾਬ ਦਿੰਦਾ ਹੈ ਕਿ ਮੈਂ ਖੂਹ ਹਾਂ। ਬਹੁਤ ਦੇਰ ਮੈਂ ਏਹੀ ਸੋਚਦਾ ਰਿਹਾ ਕਿ ਸ਼ਾਇਦ ਖੂਹ ਸ਼ਬਦ ਏਦਾਂ ਹੀ ਬਣਿਆ ਹੈ ਪਰ ਬਹੁਤ ਪਿਛੋਂ ਪਤਾ ਲੱਗਾ ਕਿ ਇਹ ਇਕ ਮਨਘੜਤ ਵਿਉਤਪਤੀ ਹੈ ਜਿਸ ਨੂੰ ਅੰਗਰੇਜ਼ੀ ਵਿਚ ਾਂੋਲਕ ਓਟੇਮੋਲੋਗੇ ਆਖਦੇ ਹਨ।
ਮਨੁੱਖੀ ਸਭਿਅਤਾ ਨੂੰ ਅਗਲੇ ਪੜਾਅ ‘ਤੇ ਲਿਜਾਣ ਵਿਚ ਖੂਹ ਦੀ ਭੂਮਿਕਾ ਨਿਸਚੇ ਹੀ ਇਨਕਲਾਬੀ ਹੈ। ਪ੍ਰਾਚੀਨ ਵਿਚ ਮਨੁੱਖ ਦਾ ਵਸੇਬਾ ਵਗਦੇ ਪਾਣੀ ਜਾਂ ਸਮੁੰਦਰਾਂ ਦੇ ਕਿਨਾਰੇ ਹੀ ਹੋਇਆ ਕਿਉਂਕਿ ਇਥੇ ਪੀਣ ਲਈ ਅਤੇ ਖੇਤੀ ਕਰਨ ਵਾਸਤੇ ਪਾਣੀ ਸੁਖਾਲਾ ਮਿਲਦਾ ਸੀ। ਫਿਰ ਜਦ ਮਨੁੱਖ ਨੇ ਖੂਹ ਪੁੱਟ ਕੇ ਧਰਤੀ ਹੇਠੋਂ ਪਾਣੀ ਕੱਢਣ ਦੀ ਜਾਚ ਸਿੱਖ ਲਈ ਤਾਂ ਮਨੁੱਖ ਦੇ ਵਸੇਬੇ ਦਰਿਆਵਾਂ ਆਦਿ ਤੋਂ ਦੂਰ ਵੀ ਹੋਣ ਲੱਗੇ ਤੇ ਖੇਤੀ ਅਤੇ ਪੀਣ ਲਈ ਪਾਣੀ ਖੂਹ ਤੋਂ ਲਿਆ ਜਾਣ ਲੱਗਾ। ਇਸ ਤਰ੍ਹਾਂ ਖੂਹ ਇਕ ਤਰ੍ਹਾਂ ਜੀਵਨਦਾਤਾ ਸਹੂਲਤ ਹੀ ਬਣ ਗਿਆ। ਇਸ ਦੇ ਆਸ-ਪਾਸ ਹੀ ਵਿਹਲੇ ਲੋਕ ਗੱਪ-ਸ਼ੱਪ ਚਲਾਉਣ ਲੱਗੇ। ਰਾਜੇ ਅਤੇ ਅਮੀਰ ਲੋਕ ਪੁੰਨ ਕਾਰਜ ਹਿੱਤ ਖੂਹ ਲਗਵਾਉਣ ਲੱਗ ਪਏ। ਖੇਤੀ ਪ੍ਰਧਾਨ ਹੋਣ ਕਾਰਨ ਪੰਜਾਬ ਦੇ ਜੀਵਨ ਵਿਚ ਖੂਹਾਂ ਦੀ ਆਰਥਕ ਤੇ ਸਭਿਆਚਾਰਕ ਮਹੱਤਤਾ ਸਪੱਸ਼ਟ ਝਲਕਦੀ ਹੈ। ਖੂਹ ਪਿੰਡ ਦੇ ਸਭਿਆਚਾਰਕ ਜੀਵਨ ਦਾ ਧੁਰਾ ਬਣ ਗਿਆ। ਪੰਜਾਬੀ ਦਾ ਲੋਕ ਸਾਹਿਤ ਖੂਹ ਦੇ ਜ਼ਿਕਰ ਨਾਲ ਭਰਿਆ ਪਿਆ ਹੈ। ਖੂਹ ਦਾ ਹੋਣਾ ਖਾਂਦੇ ਪੀਂਦੇ ਹੋਣ ਦੀ ਨਿਸ਼ਾਨੀ ਸੀ, ਇਸ ਲਈ ਧੀਆਂ ਵੀ ਖੂਹ ਵਾਲੇ ਘਰ ਦੀ ਲੋਚਾ ਕਰਨ ਲੱਗੀਆਂ:
ਦੇਈਂ ਵੇ ਬਾਬਲ ਓਸ ਘਰੇ,
ਜਿੱਥੇ ਵਗਣ ਦਵਾਟੇ ਖੂਹ।
ਠੰਢਾ-ਮਿੱਠਾ ਜਲ ਭਰਾਂ,
ਮੇਰੀ ਭਿੱਜੀ ਰਹੇ ਸਦਾ ਰੂਹ।
ਦੰਦ ਕਥਾ ਅਨੁਸਾਰ ਪੂਰਨ ਭਗਤ ਨੂੰ ਵੱਢ ਕੇ ਖੂਹ ਵਿਚ ਹੀ ਸੁੱਟਿਆ ਗਿਆ ਸੀ ਜਿਥੇ ਉਹ ਬਾਰਾਂ ਵਰ੍ਹੇ ਪਿਆ ਰਿਹਾ। ਆਖਰ ਗੋਰਖ ਨਾਥ ਦੇ ਚੇਲਿਆਂ ਨੇ ਉਸ ਨੂੰ ਬਾਹਰ ਕੱਢਿਆ,
ਕਾਫ ਕਈ ਜੋ ਮੁਦਤਾਂ ਗੁਜ਼ਰ ਗਈਆਂ,
ਬਾਰਾਂ ਬਰਸ ਗੁਜ਼ਰੇ ਪੂਰਨ ਖੂਹ ਪਾਇਆ।
ਫਰੀਦ ਨੇ ਖੂਹ ਸ਼ਬਦ ਵਰਤਿਆ ਹੈ, “ਵਧਣ ਖੂਹੀ ਮੁੰਧ ਇਕੇਲੀ” ਅਰਥਾਤ ਇਸ ਜਗਤ ਰੂਪੀ ਭਿਆਨਕ ਖੂਹੀ ਵਿਚ ਮੈਂ ਜੀਵ-ਇਸਤਰੀ ਇਕੱਲੀ ਡਿਗ ਪਈ ਹਾਂ। ਗੁਰੂ ਨਾਨਕ ਦੇਵ ਨੇ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ, “ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ॥” ਇਕ ਬੁਝਾਰਤ ਹੈ, “ਰਾਹ ਵਿਚ ਡੱਬਾ, ਚੱਕ ਨਹੀਂ ਹੁੰਦਾ, ਚਕਾ ਦੇਹ ਰੱਬਾ।” ਬਚਪਨ ਵਿਚ ਕਿਸੇ ਦੀ ਗੁਆਚੀ ਚੀਜ਼ ਮਿਲ ਜਾਣੀਂ ਤਾਂ ਇਸ ਤਰ੍ਹਾਂ ਘੋਸ਼ਣਾਂ ਕਰੀਦੀ ਸੀ, “ਇੱਕ ਮੁੰਡੇ ਦੀ ਚੀਜ਼ ਗੁਆਚੀ, ਅੱਜ ਲੈ ਲਓ, ਭਲਕੇ ਲੈ ਲਓ, ਪਰਸੋਂ ਨੂੰ ਖੂਹ ਦੇ ਥੱਲੇ।” ਬਚਪਨ ਵਿਚ ਜਦ ਕੋਈ ਦੁਧ ਦੰਦ ਟੁੱਟ ਜਾਂਦਾ ਤਾਂ ਇਸ ਨੂੰ ਖੂਹ ਵਿਚ ਸੁੱਟਿਆ ਜਾਂਦਾ ਸੀ, ਸ਼ਾਇਦ ਲੋਕ ਮਾਨਸਿਕਤਾ ਮਨੁਖੀ ਸਰੀਰ ਜਾਂ ਇਸ ਦੇ ਕਿਸੇ ਅੰਗ ਨੂੰ ਜਲ ਪਰਵਾਹ ਕਰਨ ਵਿਚ ਵਿਸ਼ਵਾਸ ਕਰਦੀ ਹੈ। ਜਲ ਵਿਚ ਪੁਨਰ-ਸੁਰਜੀਤੀ ਗੁਣ ਮੰਨੇ ਜਾਂਦੇ ਹਨ। ਮੁਰਦੇ ਜਾਂ ਇਸ ਦੀਆਂ ਅਸਥੀਆਂ ਨੂੰ ਵੀ ਪਾਣੀ ਵਿਚ ਹੀ ਵਹਾਇਆ ਜਾਂਦਾ ਹੈ।
ਖੂਹ ਨਾਲ ਸਬੰਧਤ ਮੁਹਾਵਰਿਆਂ, ਅਖਾਣਾਂ ਅਤੇ ਵਿਸ਼ਵਾਸਾਂ ਦਾ ਕੋਈ ਅੰਤ ਨਹੀਂ। ਮਿਸਾਲ ਵਜੋਂ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ, ਅਕਲਾਂ ਬਿਨਾਂ ਖੂਹ ਖਾਲੀ, ਖੂਹ ਪੁੱਟਦੇ ਨੂੰ ਖਾਤਾ ਤਿਆਰ, ਖੂਹ ਗਿੜਦਿਆਂ ਦੇ ਸਾਕ ਮਿਲਦਿਆਂ ਦੇ, ਖੂਹ ਦਾ ਡੱਡੂ, ਖੂਹ ‘ਚੋਂ ਖਾਤੇ ਵਿਚ, ਖੂਹ ਪਿਆਸੇ ਕੋਲ ਨਹੀਂ ਜਾਂਦਾ, ਖੂਹ ਕੋਲ ਪਿਆਸਾ ਜਾਂਦਾ ਹੈ, ਖੂਹ ਵਿਚ ਛਾਲ ਮਾਰਨੀ, ਖੂਹ ਵਿਚ ਬਾਂਸ ਸੁੱਟਣਾ, ਖੂਹ ਵਿਚ ਧੱਕਾ ਦੇਣਾ, ਖੂਹ ਵਿਚ ਚਾਲੀਵਾਂ ਹਿੱਸਾ ਤੇ ਖਾਲਾਂ ਵਿਚ ਅੱਧ, ਖੂਹ ਵਿਚ ਡਿਗੀ ਇੱਟ ਸੁੱਕੀ ਨਹੀਂ ਰਹਿੰਦੀ, ਖੂਹ ਪਿਆ ਥਾਲ, ਨਾ ਮਿਹਣਾ ਨਾ ਗਾਲ, ਖੂਹ ਵਿਚੋਂ ਬੋਲਣਾ ਅਰਥਾਤ ਹੌਲੀ ਬੋਲਣਾ ਆਦਿ। ਇਕ ਦੋ ਦੀ ਕਾਵਿਕ ਵਰਤੋਂ ਵੀ ਦੇਖ ਲਈਏ,
ਦਿਲਬਰ ਮੈਨੂੰ ਮੂੰਹ ਨਾ ਲਾਂਦਾ,
ਤੇ ਇਸ਼ਕ ਪਸੰਦ ਨਾ ਕਰਦਾ।
ਖੂਹ ਪਈ ਸਭ ਕੀਤੀ ਕੱਤਰੀ,
ਸਿੱਕਾ ਬਣਿਆ ਜ਼ਰ ਦਾ। -ਸੈਫਲ ਮਲੂਕ
ਸਿੰਘਾਂ ਆਖਿਆ, ‘ਲੜਾਂਗੇ ਹੋਏ ਟੋਟੇ,
ਸਾਨੂੰ ਖ਼ਬਰ ਭੇਜੀਂ ਦਿਨੇ ਰਾਤ ਮਾਈ!
ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ।
-ਸ਼ਾਹ ਮੁਹੰਮਦ, ਜੰਗ ਸਿੰਘਾਂ ‘ਤੇ ਫਰੰਗੀਆਂ
ਖੂਹ ਦੀਆਂ ਕੁਝ ਕਿਸਮਾਂ ‘ਤੇ ਵੀ ਝਾਤ ਮਾਰ ਲਈਏ। ਗੋਰਾ ਖੂਹ ਪਿੰਡ ਦੀ ਜੂਹ ਕੋਲ ਹੁੰਦਾ ਹੈ। ਇਸ ਖੂਹ ‘ਤੇ ਪਸ਼ੂਆਂ ਨੂੰ ਪਾਣੀ ਪਿਲਾਇਆ ਅਤੇ ਨੁਹਾਇਆ ਜਾਂਦਾ ਹੈ। ਗੋਰਾ ਸ਼ਬਦ ਗਾਂ ਨਾਲ ਸਬੰਧਤ ਹੈ। ਇਸ ਦਾ ਪੂਰਾ ਰੂਪ ਹੈ ḔਗੋਪੁਰਾḔ ਅਰਥਾਤ ਗਊਆਂ ਦਾ ਨਗਰ। ਨਗਰ ਦੁਆਰ ‘ਤੇ ਸਥਿਤ ਇਥੇ ਗਊਆਂ ਦੇ ਵਾੜੇ ਹੁੰਦੇ ਸਨ। ਹਲਟ ਦੀ ਵਿਡ ਤੋਂ ਰਹਿਤ ਅਤੇ ਮਹਿਲ ਦੇ ਧਰਤੀ ਤੋਂ ਬਾਹਰ ਉਸਰੇ ਹਿੱਸੇ ਦੇ ਡਿਗੇ ਹੋਣ ਕਾਰਨ ਉਜਾੜ ਪਏ ਖੂਹ ਨੂੰ ਬੋੜਾ ਖੂਹ ਕਿਹਾ ਜਾਂਦਾ ਹੈ। ਖਾਰੇ ਪਾਣੀ ਵਾਲੇ ਖੂਹ ਨੂੰ ਖਾਰਾ ਖੂਹ ਕਿਹਾ ਜਾਂਦਾ ਹੈ। ਜੌੜੇ ਖੂਹ ਜੁੜਵੇਂ ਖੂਹ ਹੁੰਦੇ ਹਨ। ਇੱਕ ਖੇਡ ਦਾ ਨਾਂ ਵੀ ਬੋੜਾ ਖੂਹ ਹੈ। ਕੁਝ ਪਿੰਡਾਂ ਦੇ ਨਾਂਵਾਂ ਵਿਚ ਵੀ ਖੂਹ ਸ਼ਬਦ ਲਗਦਾ ਹੈ ਜਿਵੇਂ ਕੱਚਾ ਖੂਹ, ਭਡਿਆਰਾਂ ਵਾਲਾ ਖੂਹ, ਬੇਰੀ ਵਾਲਾ ਖੂਹ, ਬੁੱਢਣ ਖੂਹ, ਲੱਖੀ ਖੂਹ, ਕਾਲਿਆਂ ਵਾਲਾ ਖੂਹ ਆਦਿ। ਤੰਗ ਖੂਹ ਨੂੰ ਖੂਹੀ ਕਿਹਾ ਜਾਂਦਾ ਹੈ। ਇਹ ਆਮ ਤੌਰ ‘ਤੇ ਘਰ ਦਾ ਪਾਣੀ ਭਰਨ ਲਈ ਗਲੀਆਂ ਵਿਚ ਹੁੰਦੀ ਹੈ। ਸ਼ਟਾਪੂ ਖੇਡ ਵਿਚ ਘਰ ਨੂੰ ਖੂਹੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਲੌਣ ਲੌਣ ਖੇਡ ਵਿਚ ਵੀ ਇਕ ਖੂਹੀ ਹੁੰਦੀ ਹੈ। ਕਈ ਪਿੰਡਾਂ ਦੇ ਨਾਂਵਾਂ ਵਿਚ ਵੀ ਖੂਹੀ ਸ਼ਬਦ ਲਗਦਾ ਹੈ ਜਿਵੇਂ ਕਾਹਨਪੁਰ ਖੂਹੀ, ਖੂਹੀ ਸਾਹਿਬ ਆਦਿ। ਦੋ ਪਿੰਡਾਂ ਦੇ ਵਿਚਕਾਰ ਰਾਹੀਆਂ ਦੇ ਪਾਣੀ ਪੀਣ ਲਈ ਖੋਦੀ ਖੂਹੀ ਨੂੰ ਆਧੀ ਖੂਹੀ ਆਖਦੇ ਹਨ। ਬੇਆਬਾਦ ਅਤੇ ਉਜੜੇ ਖੂਹ ਨੂੰ ਅੰਨਾ ਖੂਹ ਕਿਹਾ ਜਾਂਦਾ ਹੈ। ਇਹ ਆਮ ਤੌਰ ‘ਤੇ ਜਲਹੀਣ ਅਤੇ ਘਾਹ ਫੂਸ ਨਾਲ ਢਕਿਆ ਹੁੰਦਾ ਹੈ। ਇਸ ਬਾਬਤ ਵਹਿਮ ਸੀ ਕਿ ਇਸ ਵਿਚ ਇੱਟਾਂ-ਪੱਥਰ ਮਾਰਨ ਨਾਲ ਭੂਤ ਚੁੰਬੜ ਜਾਂਦੇ ਹਨ। ਰਾਂਝਾ ਭਿਖਿਆ ਮੰਗਣ ਜਾਂਦਾ ਹੈ ਤਾਂ ਉਸ ਦਾ ਕਲਾਮ ਸੁਣੋ,
ਹਮੀਂ ਭਿਛਿਆ ਵਾਸਤੇ ਤਿਆਰ ਬੈਠੇ,
ਤੁਮਹੀਂ ਆਨ ਕੇ ਰਿੱਕਤਾਂ ਛੇੜਦੀਆਂ ਹੋ।
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ,
ਫੇਰ ਮੁੜ ਖੂਹ ਨੂੰ ਗੇੜਦੀਆਂ ਹੋ।
ਅਸੀਂ ਛੱਡ ਝੇੜੇ ਜੋਗ ਲਾ ਬੈਠੇ,
ਤੁਸੀਂ ਫੇਰ ਆਲੂਦ ਲਬੇੜੀਆਂ ਹੋ।
ਪਿੱਛੋਂ ਕਹੋਗੀ ਭੂਤਨੇ ਆਣ ਲੱਗੇ,
ਅੰਨ੍ਹੇ ਖੂਹ ਵਿਚ ਸੰਗ ਕਿਉਂ ਰੇੜ੍ਹਦੀਆਂ ਹੋ।
ਖੂਹ ਸ਼ਬਦ ਬਣਿਆ ਹੈ ਸੰਸਕ੍ਰਿਤ ਕੂਪ ਤੋਂ। ਸੰਸਕ੍ਰਿਤ ਕੂਪ ਦਾ ਅਰਥ ਮੋਰੀ, ਖੋਲ, ਗੁਫਾ, ਟੋਆ, ਖਾਈ ਤੇ ਖੂਹ ਆਦਿ ਹੈ। ਸਭ ਵਿਚ ਖੋਖਲੇਪਣ ਦਾ ਭਾਵ ਹੈ। ਅੱਜ ਕਲ੍ਹ ਪੰਜਾਬੀ ਵਿਚ ਭਾਵੇਂ ਕੂਪ ਸ਼ਬਦ ਨਹੀਂ ਚਲਦਾ ਪਰ ਇਸ ਦੀ ਸਾਹਿਤਕ ਵਰਤੋਂ ਜ਼ਰੂਰ ਹੁੰਦੀ ਹੈ। ਖਾਸ ਤੌਰ ‘ਤੇ ਅੰਨੇ ਖੂਹ ਦੇ ਅਰਥਾਂ ਵਾਲੇ ਸਮਾਸੀ ਸ਼ਬਦ ‘ਅੰਧ ਕੂਪ’ ਵਿਚ, “ਅੰਧ ਕੂਪ ਤੇ ਕਾਢੇ ਆਪਿ॥” (ਗੁਰੂ ਅਰਜਨ ਦੇਵ); “ਕੂਪ ਤੇ ਮੇਰੁ ਕਰਾਵੈ॥” (ਭਗਤ ਕਬੀਰ) ਅਰਥਾਤ ਨੀਵੇਂ ਤੋਂ ਉਚਾ ਕਰਦਾ ਹੈ। ਸੰਭਵ ਹੈ ਕੂਪਵਾੜਾ (ਇਕ ਨਗਰ ਦਾ ਨਾਂ) ਦਾ ਸ਼ਾਬਦਿਕ ਅਰਥ ਖੂਹ ਦਾ ਵਾੜਾ ਹੋਵੇ। ਕੂਪ ਦਾ ਇਕ ਅਰਥ ਚਮੜੇ ਦਾ ਭਾਂਡਾ ਅਰਥਾਤ ਕੁੱਪਾ ਵੀ ਹੈ। ਕੂਪ ਸ਼ਬਦ ਤੋਂ ਪ੍ਰਾਕ੍ਰਿਤ ਵਿਚ ਕੂਵ ਬਣਿਆ ਤੇ ਹਿੰਦੀ ਵਿਚ ਕੂਆਂ। ਕੂਆਂ ਸ਼ਬਦ ਪੰਜਾਬੀ ਦੀਆਂ ਲਹਿੰਦੀ ਉਪਭਾਸ਼ਾਵਾਂ ਵਿਚ ਚਲਦਾ ਹੈ,
ਕੂਏ ਤੇ ਪਾਣੀ ਮੈਂ ਭਰਾਂ,
ਚੀਰੇ ਵਾਲਿਆ ਵੇ।
ਗਾਗਰ ਨੂੰ ਹੱਥ ਲਵਾਂ,
ਮੈਂ ਜਲ ਵੇ ਰਸੀਆ।
ਭਗਤ ਕਬੀਰ ਨੇ ਕੂਆ ਸ਼ਬਦ ਵਰਤਿਆ ਹੈ, “ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ॥” ਦਿੱਲੀ ਦੇ ਇਕ ਇਲਾਕੇ ਦਾ ਨਾਂ ਹੈ, ਧੌਲਾ ਕੂਆਂ। ਇਸ ਦਾ ਅਰਥ ਹੈ, ਅਜਿਹਾ ਖੂਹ ਜਿਸ ਵਿਚੋਂ ਚਿੱਟੀ ਰੇਤ ਨਿਕਲੀ ਹੋਵੇ। ਖੂਹੀ ਦੇ ਅਰਥਾਂ ਵਾਲਾ ਕੂਈ ਸ਼ਬਦ ਵੀ ਗੁਰੂ ਅਰਜਨ ਦੇਵ ਨੇ ਵਰਤਿਆ ਹੈ, “ਭ੍ਰਮ ਕੀ ਕੂਈ॥” ਪੰਚ ਕੂਈਆਂ ਦਾ ਅਰਥ ਬਣਦਾ ਹੈ ਜਿਥੇ ਪੰਜ ਖੂਹ ਹੋਣ। ਇਸੇ ਹੀ ਅਰਥ ਵਿਚ ਭਗਤ ਕਬੀਰ ਨੇ ਕੂਹਟਾ ਸ਼ਬਦ ਵਰਤਿਆ ਹੈ, “ਕੂਅਟਾ ਏਕੁ ਪੰਚ ਪਨਿਹਾਰੀ॥” ਦਰਅਸਲ ਕੂਹਟਾ ਦੇ ਟਾਕਰੇ ‘ਤੇ ਖੂਹਟਾ ਤੇ ਖੂਹੜੀ ਸ਼ਬਦ ਵੀ ਮਿਲਦੇ ਹਨ। ਖੂਹ ਦੀ ਰੁਮਾਂਸਕਤਾ ਉਭਾਰਦੀ ਮੋਹਨ ਸਿੰਘ ਦੀ ਇਕ ਕਵਿਤਾ ਦੇ ਬੋਲ ਹਨ, “ਸਾਡੇ ਖੂਹ ‘ਤੇ ਵਸਦਾ ਰੱਬ ਨੀ।” ਪਰ ਜਿਸ ਨੇ ਘੰਟਿਆਂ ਬੱਧੀ ਹਲਟ ਵਾਲਾ ਖੂਹ ਹੱਕਿਆ ਹੈ, ਉਹੀ ਜਾਣਦਾ ਹੈ ਕਿ ਇਹ ਗਧੀ ਗੇੜ ਕਿੰਨਾ ḔਬੋਰਿੰਗḔ ਅਨੁਭਵ ਹੈ। ਆਪਣੇ ਨਿਜੀ ਤਜਰਬੇ ਤੋਂ ਕਹਿ ਰਿਹਾ ਹਾਂ।