ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦਾ ਹਰ ਅੰਕ ਬਹੁਤ ਵਧੀਆ ਹੁੰਦਾ ਹੈ, ਇਸ ਵਿਚ ਕੋਈ ਸ਼ਕ ਨਹੀਂ ਹੈ। ਹਰ ਵਾਰ ਇਹ ਕਹਿਣ ਨੁੰ ਜੀਅ ਕਰਦਾ ਹੈ, ਕਮਾਲ ਕਰ ਦਿੱਤੀ। ਜੇ ਜਗਬੀਰ ਵਾਂਗ ਕਹਿਣਾ ਹੋਵੇ ਤਾਂ ਮੈਂ ਇਹੀ ਕਹਾਂਗੀ ਕਿ ਵੀਰ ਮੇਰਿਆ ਗੱਲ ਇਹ ਹੈ ਕਿ ਤੂੰ ਕਮਾਲ ਕਰ ਦਿੱਤੀ, ਪੰਜਾਬ ਟਾਈਮਜ਼ ਵਰਗੀ ਅਖ਼ਬਾਰ ਕੱਢ ਕੇ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਨ੍ਹਾਂ ਦੇ ਲੇਖ ‘ਸਿਆਸਤ ਦੀ ਕਬੱਡੀ ਅਤੇ ਕਬੱਡੀ ਦੀ ਸਿਆਸਤ’ ਲਈ ਵਧਾਈ ਦਿੰਦੀ ਹਾਂ। ਬਾਦਲ ਪਿਉ-ਪੁੱਤ ਜਿਸ ਕਿਸਮ ਦੀ ਕਬੱਡੀ ਖੇਡ ਰਹੇ ਹਨ ਅਤੇ ਵੱਡੇ ਬਾਦਲ ਖੇਡਦੇ ਆਏ ਹਨ, ਉਸ ਨੂੰ ਮਹਿਸੂਸ ਤਾਂ ਬਹੁਤ ਲੋਕ ਕਰਦੇ ਹਨ, ਖਾਸ ਕਰਕੇ ਹਮਾਤੜ-ਧਮਾਤੜ ਜਿਹੜੇ ਆਪਣੇ ਆਪ ਨੂੰ ‘ਅਕਾਲੀ’ ਕਹਾਉਂਦੇ ਹਨ ਪਰ ਜਿੰਨੀ ਸੂਖਤਮਾ ਨਾਲ ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਖੇਡ ਨੂੰ ਜਾਣਿਆਂ ਤੇ ਲਿਖਿਆ ਹੈ, ਉਹ ਹੋਰ ਕਿਸੇ ਤੋਂ ਹੋ ਨਹੀਂ ਸਕਿਆ।
ਨੀਲਮ ਸੈਣੀ ਦੀ ਕਵਿਤਾ ‘ਸਖੀਓ’ ਦੇ ਸੁਨੇਹੇ ਨੂੰ ਪੰਜਾਬੀ ਕੁੜੀਆਂ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਅਤੇ ਇਹ ਕਵਿਤਾ ਦੂਰ ਪਿੰਡਾਂ ਥਾਂਵਾਂ ਤੱਕ ਗੂੰਜ ਪਾਵੇ, ਇਹ ਸਮੇਂ ਦੀ ਲੋੜ ਹੈ। ਬੀਬੀ ਸੁਰਜੀਤ ਕੌਰ ਦੀ ਕਵਿਤਾ ਪੜ੍ਹ ਕੇ ਮੈਂ ਨਿਹਾਲ ਹੋ ਗਈ। ਕਿੰਨੇ ਸਾਦੇ ਸ਼ਬਦਾਂ ਵਿਚ ਕਿੰਨਾ ਕੁੱਝ ਕਹਿ ਦਿੱਤਾ ਹੈ। ਮੈਂ ਆਪਣੇ ਛੋਟੇ ਬੇਟੇ ਨੂੰ ਅਵਾਜ਼ ਮਾਰ ਕੇ ਇਹ ਕਵਿਤਾ ਪੜ੍ਹਾਈ ਅਤੇ ਉਹ ਵੀ ਖੁਸ਼ ਹੋ ਗਿਆ। ਸੁਲਤਾਨ ਅਖ਼ਤਰ ਨੇ ਵੀ ਵਧੀਆ ਸੁਨੇਹਾ ਦਿੱਤਾ ਹੈ। ਦਲਜੀਤ ਅਮੀ ਦਾ ਲੇਖ ਪੜ੍ਹ ਕੇ ਮੈਂ ਉਚੀ ਸਾਰੀ ਆਵਾਜ਼ ਵਿਚ ਕਹਿਣਾ ਚਾਹੁੰਦੀ ਹਾਂ, ‘ਮੇਰਾ ਗਰਾਈਂ ਦਲਜੀਤ ਅਮੀ।’ ਜਦੋਂ ਉਸ ਨੇ ਮੰਟੋ ਬਾਰੇ ਲਿਖਿਆ ਸੀ, ਮੈਂ ਉਦੋਂ ਵੀ ਕਹਿਣਾ ਚਾਹਿਆ ਸੀ ਪਰ ਕਹਿ ਨਹੀਂ ਸੀ ਸਕੀ। ਮੰਟੋ ਦਾ ਪਿੰਡ ਪਪੜੌਦੀ ਮੈਨੂੰ ਆਪਣਾ ਹੀ ਪਿੰਡ ਲਗਦਾ ਹੈ। ਆਪਣੇ ਪਿੰਡ ਵਾਂਗ ਹੀ ਮੈਨੂੰ ਪਪੜੌਦੀ ਦੀਆਂ ਗਲੀਆਂ ਯਾਦ ਨੇ ਕਿਉਂਕਿ ਸਮਰਾਲੇ ਲੜਕੀਆਂ ਦੇ ਸਰਕਾਰੀ ਸਕੂਲ ਵਿਚ ਮੈਂ ਤੇ ਮੇਰੀ ਪਪੜੌਦੀ ਤੋਂ ਰਿਸ਼ਤੇਦਾਰ ਕੁੜੀ ਗੁਰਮੀਤ ਇਕੱਠੀਆਂ ਪੜ੍ਹਦੀਆਂ ਸੀ। ਅਸੀਂ ਇਕੱਠੀਆਂ ਜਾਂ ਪਪੜੌਦੀ ਹੁੰਦੀਆਂ ਸੀ ਜਾਂ ਘੁੰਗਰਾਲੀ। ਸਵਰਨ ਸਿੰਘ ਟਹਿਣਾ ਨੇ ਵੀ ‘ਪਰਸੁਰਾਮ ਵਾਲਾ ਕੁਹਾੜਾ’ ਚੁੱਕਿਆ ਹੈ, ਵਾਰ ਖਾਲੀ ਨਹੀਂ ਜਾਵੇਗਾ-ਕੁੱਝ ਨਾ ਕੁੱਝ ਤਾਂ ਕਰ ਕੇ ਹੀ ਦਮ ਲਵੇਗਾ। ‘ਉਡ ਪੁਡ ਗਿਆ ਪੰਜਾਬ ਦਾ ਅਮਨ ਕਾਨੂੰਨ’ ਪੜ੍ਹ ਕੇ ਲੱਗਿਆ ਕਿ ਲੋਕ ਮਹਿਸੂਸ ਤਾਂ ਕਰ ਰਹੇ ਹਨ, ਦਿੱਲੀ ਵਾਂਗ ਕਦੀ ਸੜਕਾਂ ‘ਤੇ ਵੀ ਨਿਕਲ ਆਉਣਗੇ। ਅਮੋਲਕ! ਤੁਸੀਂ ਕਮਾਲ ਕਰ ਦਿੱਤੀ ਪੰਜਾਬੀ ਟ੍ਰਿਬਿਊਨ ਬਾਰੇ ਲਿਖ ਕੇ। ਗੁਰਦਿਆਲ ਸਿੰਘ ਬੱਲ ‘ਪੰਜਾਬੀ ਟ੍ਰਿਬਿਊਨ’ ਵਿਚ ਹੀ ਨਹੀਂ, ਘਰ ਵੀ ਖ਼ਬਰਾਂ ਨਾਲ ਇਵੇਂ ਹੀ ਖੁਰਾਫਾਤਾਂ ਕਰਦੇ ਰਹੇ ਹਨ, ਇਹ ਤੁਹਾਡੇ ਅਤੇ ਵਿਛੜ ਗਏ ਸਾਥੀ ਨਰਿੰਦਰ ਭੁੱਲਰ ਤੋਂ ਵੱਧ ਹੋਰ ਕੌਣ ਜਾਣਦਾ ਹੈ?
ਡਾæ ਗੁਰਨਾਮ ਕੌਰ, ਟੋਰਾਂਟੋ
Leave a Reply