ਮੈਂ ਗ਼ਜ਼ਲ ਕਿਉਂ ਲਿਖਦਾ ਹਾਂ?

ਜਸਵਿੰਦਰ
ਇਸ ਸਵਾਲ ਦਾ ਜਵਾਬ ਤਲਾਸ਼ਦਾ ਹਾਂ ਤਾਂ ਸਰੋਦੀ ਸ਼ਾਇਰੀ ਦਾ ਉਹ ਨਿਰੰਤਰ ਸਿਲਸਿਲਾ ਜ਼ਿਹਨ ‘ਚ ਆਉਂਦਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਮਿੱਟੀ ਵਿਚ ਰਚਿਆ ਵਸਿਆ ਹੈ। ਇਸ ਸਰੋਦੀ ਕਾਵਿ-ਪਰੰਪਰਾ ਵਿਚ ਹੀ ਪੰਜਾਬੀ ਗ਼ਜ਼ਲ ਦੇ ਬੀਜ ਪਏ ਨੇ। ਭਾਵੇਂ ਰੂਪਕ ਪੱਖੋਂ ਇਹ ਵਿਧਾ ਅਰਬੀ ਫ਼ਾਰਸੀ ਤੋਂ ਆਈ ਹੈ ਪਰ ਪੰਜਾਬੀ ਵਿਚ ਆ ਕੇ ਅਰੂਜ਼ ਦੀਆਂ ਉਹ ਬਹਿਰਾਂ ਹੀ ਮਕਬੂਲ ਹੋਈਆਂ ਜੋ ਸਾਡੀ ਕਵਿਤਾ ਦੇ ਸੁਰ ਤਾਲ ਨਾਲ ਮੇਲ ਖਾਂਦੀਆਂ ਹਨ। ਪੰਜਾਬੀ ਗ਼ਜ਼ਲ ਵਿਚ ਦੇਸੀ ਛੰਦਾਂ ਦੀ ਆਮਦ ਨੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ।

ਸੋ ਪੰਜਾਬੀ ਗ਼ਜ਼ਲ ਦੀ ਵੱਥ ਤੇ ਕੱਥ ਪੰਜਾਬੀਅਤ ਦੇ ਰੰਗ ਵਿਚ ਰੰਗੀ ਹੋਈ ਹੈ।
ਇੱਕ ਸ਼ਿਅਰ ਦੇ ਸੀਮਤ ਸ਼ਬਦਾਂ ‘ਚ ਵੱਡੇ ਅਰਥ ਪੈਦਾ ਕਰਨ ਦੀ ਗੱਲ ਮੈਨੂੰ ਟੁੰਬਦੀ ਹੈ। ਮੈਂ ਗ਼ਜ਼ਲ ਦੀ, ਫੁੱਲ ਦੀ ਪੱਤੀ ਨਾਲ ਹੀਰੇ ਦਾ ਜਿਗਰ ਕੱਟਣ ਦੀ ਸ਼ਕਤੀ ਦਾ ਕਾਇਲ ਹਾਂ। ਗ਼ਜ਼ਲ ਦੇ ਸ਼ਿਅਰਾਂ ਵਿਚ ਅਨੇਕ ਰੰਗਾਂ, ਤਰੰਗਾਂ, ਬੁਲੰਦੀਆਂ, ਗਹਿਰਾਈਆਂ ਦੇ ਕੋਲਾਜ ਬਣਦੇ ਹਨ ਜੋ ਚਿਰ-ਸਥਾਈ ਪ੍ਰਭਾਵ ਛੱਡਦੇ ਹਨ। ਗ਼ਜ਼ਲ ਦੇ ਸ਼ਿਅਰ, ਪਾਠਕ ਮਨ ਦੀ ਤੜਪਦੀ ਰੇਤ ਦੀ ਪਿਆਸ ਬੁਝਾਉਂਦੇ ਹੋਏ ਇਸ ਦੀ ਤੀਬਰਤਾ ਨੂੰ ਨਵੇਂ ਸਿਰਿਓਂ ਤਿੱਖੀ ਕਰਦੇ ਜਾਂਦੇ ਨੇ ਅਤੇ ਅਖ਼ੀਰ ਵਿਚ ਜ਼ਿੰਦਗੀ ਦੇ ਗੁੱਝੇ ਭੇਦ ਉਜਾਗਰ ਕਰਨ ਵਾਲੇ ਸਕੂਨ ਅਤੇ ਤੜਪ ਦੇ ਮਿਲਵੇਂ ਅਹਿਸਾਸ ਪਿੱਛੇ ਬਚਦੇ ਹਨ।
ਕੁਦਰਤ ਦੀ ਹਰ ਗਤੀਵਿਧੀ ਕਿਸੇ ਖ਼ਾਸ ਲੈਅ ਵਿਚ ਵਾਪਰ ਰਹੀ ਹੈ। ਸਾਹ ਲੈਣਾ, ਦਿਲ ਦੀ ਧੜਕਣ, ਰਗ਼ਾਂ ‘ਚ ਦੌੜਦਾ ਲਹੂ ਸਭ ਲੈਅ ਵਿਚ ਹੈ। ਕੁਦਰਤ ਦੀ ਇਹ ਸੁਰਤਾਲ ਜਦੋਂ ਸ਼ਾਇਰੀ ਵਿਚ ਆਉਂਦੀ ਹੈ ਤਾਂ ਇਹ ਗ਼ਜ਼ਲ ਵਿਧਾ ਵਿਚ ਸਿਖ਼ਰਲੇ ਮੁਕਾਮ ‘ਤੇ ਹੁੰਦੀ ਹੇ।
ਗ਼ਜ਼ਲ ਨਾਲ ਗਹਿਰਾ ਲਗਾਓ ਹੋਣ ਦੇ ਬਾਵਜੂਦ ਕਵਿਤਾ ਦੇ ਹੋਰ ਰੂਪਾਂ ਦੀ ਸਮਰੱਥਾ ਬਾਰੇ ਮੈਨੂੰ ਕੋਈ ਸ਼ੱਕ ਨਹੀਂ। ਸਗੋਂ ਮੈਂ ਚੰਗੀ ਨਜ਼ਮ ਸਮੇਤ ਸਮੁੱਚੇ ਸਾਹਿਤ ਤੋਂ ਹੀ ਅਸਰ ਗ੍ਰਹਿਣ ਕਰਦਾ ਹਾਂ, ਜੋ ਮੇਰੀ ਗ਼ਜ਼ਲ ਸਿਰਜਣਾ ਵਿਚ ਸਹਾਈ ਹੁੰਦਾ ਹੈ। ਇਸ ਵਿਧਾ ਨੂੰ ਅਪਨਾਉਣਾ ਮੇਰੀ ਆਪਣੀ ਸਹਿਜ ਚੋਣ ਹੈ, ਕਿਉਂਕਿ ਹੋਰ ਵਿਧਾਵਾਂ ਨਾਲੋਂ ਗ਼ਜ਼ਲ ਮੇਰੇ ਸੁਭਾਅ ਦੇ ਵੱਧ ਅਨੁਕੂਲ ਹੈ।

ਮੈਂ ਗ਼ਜ਼ਲ ਵਿਚ ਕੀ ਲਿਖਦਾ ਹਾਂ? ਏਥੇ ਇਕ ਸ਼ਿਅਰ ਦਰਜ ਕਰ ਰਿਹਾ ਹਾਂ:
ਜੋ ਨਾ ਦੇਹੀ ਨਾਲ ਸੜਦੇ, ਹਸ਼ਰ ਤਕ ਜੋ ਰਹਿਣ ਬਲਦੇ
ਉਨ੍ਹਾਂ ਜ਼ਖ਼ਮਾਂ ਦੀ ਸ਼ਨਾਖ਼ਤ ਕਰਨ ਖ਼ਾਤਰ ਲਿਖ ਰਿਹਾ ਹਾਂ।
ਇਹ ਜ਼ਖ਼ਮ ਪੂਰੇ ਇਤਿਹਾਸਕ ਕਾਲ ਵਿਚ ਮਾਨਵਤਾ ਦੀ ਹੋਣੀ ਸਮੇਤ ਕੁੱਲ ਕਾਇਨਾਤ ਦੇ ਨੇ। ਮਨੁੱਖ ਹਰ ਵਾਪਰੇ ਜਾਂ ਵਾਪਰ ਰਹੇ ਵਰਤਾਰੇ ‘ਚੋਂ ਇਨਾਂ ਦੀ ਸ਼ਨਾਖ਼ਤ ਕਰਨ ਅਤੇ ਇਨਾਂ ਨੂੰ ਭਰਨ ਲਈ ਯਤਨਸ਼ੀਲ ਰਹਿੰਦਾ ਹੈ। ਸਮਕਾਲੀ ਯਥਾਰਥ ਦੇ ਨਾਲ ਨਾਲ ਮਨੁੱਖ ਅਤੇ ਪ੍ਰਕਿਰਤੀ ਦੇ ਸਬੰਧਾਂ-ਦਵੰਧਾਂ ਦੇ ਅਨੇਕ ਪਾਸਾਰ ਮੇਰੇ ਵਿਸ਼ੇ ਬਣਦੇ ਨੇ। ਮੇਰੀ ਗ਼ਜ਼ਲ ਵਿਚ ਆਪਣੇ ਆਪ ਨਾਲ ਅਤੇ ਆਪਣੇ ਮਾਹੌਲ ਨਾਲ ਨਿਰੰਤਰ ਸੰਵਾਦ ਚਲਦਾ ਰਹਿੰਦਾ ਹੈ। ਮਨੁੱਖ ਨੂੰ ਹਾਸ਼ੀਏ ‘ਤੇ ਧੱਕ ਕੇ ਅਮੁੱਕ ਹਿਰਸ ਦਾ ਭਾਰੂ ਹੋ ਜਾਣਾ ਮੈਨੂੰ ਅਤਿ ਪ੍ਰੇਸ਼ਾਨ ਕਰਦਾ ਹੈ। ਇਸ ਅਮਾਨਵੀ ਵਰਤਾਰੇ ਵਿਚ ਬੰਦੇ ਦੀ ਬੇਵਸੀ ਵੀ ਮੇਰੀ ਸੰਵੇਦਨਾ ਦਾ ਅੰਗ ਬਣਦੀ ਹੈ:
ਫ਼ਸੀਲਾਂ ਕੋਲ ਭਾਵੇਂ ਦਰਦ ਅਪਣਾ ਫੋਲਦਾ ਹੋਵੇ।
ਕੋਈ ਪੱਥਰ ਤਾਂ ਇਸ ਖ਼ੰਡਰ ਦੇ ਅੰਦਰ ਬੋਲਦਾ ਹੋਵੇ।
ਵੇਚਣੇ ਦੀਵੇ ਅਤੇ ਇਤਰਾਜ਼ ਕਰਨਾ ਰੌਸ਼ਨੀ ‘ਤੇ
ਰਾਤ ਦੇ ਸੌਦਾਗਰਾਂ ਦਾ ਇਹ ਵੀ ਕੀ ਦਸਤੂਰ ਹੋਇਆ।

ਜੁੜੇ ਨਾ ਰਿਜ਼ਕ ਜੇ ਤਾਂ ਆਲ੍ਹਣੇ ਛੱਡ ਜਾਣ ਪੰਛੀ ਵੀ
ਘਰਾਂ ਦੇ ਅਰਥ ਕੀ ਰਹਿੰਦੇ ਜਦੋਂ ਚੁੱਲ੍ਹਿਆਂ ‘ਚ ਘਾਹ ਹੱਸੇ।
ਮਨੁੱਖ ਦੀ ਅਥਾਹ ਰਚਨਾਤਮਕ ਸ਼ਕਤੀ ਵਿਚ ਮੇਰਾ ਗਹਿਰਾ ਵਿਸ਼ਵਾਸ ਹੈ। ਤਬਾਹੀ ਵਿਚ ਨਵੀਂ ਉਸਾਰੀ ਦੇ ਬੀਜ ਹੁੰਦੇ ਨੇ ਅਤੇ ਉਦਾਸੀ ਵਿੱਚੋਂ ਨਵੀਂ ਉਮੀਦ ਜਨਮਦੀ ਹੈ।
ਮੇਰੀ ਮਿੱਟੀ ‘ਚ ਉੱਗੇ ਫੁੱਲ ਜੇ ਮੁਰਝਾ ਗਏ ਤਾਂ ਕੀ
ਜੋ ਖ਼ੁਸ਼ਬੂ ਰਹਿ ਗਈ ਪਿੱਛੇ ਨਾ ਅੱਜ ਜਾਣੀ ਨਾ ਕੱਲ੍ਹ ਜਾਣੀ।
ਦਿਲ ਦਰਿਆ ਸਮੁੰਦਰੋਂ ਡੂੰਘੇæææਬੰਦੇ ਦੇ ਮਨ ਦੀਆਂ ਦਿਸ਼ਾਵਾਂ ਕੌਣ ਜਾਣ ਸਕਿਆ ਹੈ। ਆਦਿ ਜੁਗਾਦੀ ਤੇਹਾਂ ਦੀ ਪੂਰਤੀ ਲਈ ਇਹ ਕਿੱਥੇ ਕਿੱਥੇ ਨਹੀਂ ਭਟਕਦਾ। ਇਹ ਜਿਉਣ ਦੀ ਚਾਹਤ ਪਾਲਦਿਆਂ ਮੁਹੱਬਤ ਅਤੇ ਕਰੁਣਾ ਦੇ ਖੰਭਾਂ ਆਸਰੇ ਦੁੱਖਾਂ-ਸੁੱਖਾਂ ਦੇ ਅਸਮਾਨ ਗਾਹੁੰਦਾ ਰਹਿੰਦਾ ਹੈ। ਸੰਜੋਗ-ਵਿਜੋਗ ਨਾਲ ਨਾਲ ਚਲਦੇ ਨੇ:
ਤੇਰੀ ਵਿਦਾਈ ਬਾਦ ਮੈਂ ਸੰਭਲਦਾ ਕਿਸ ਤਰ੍ਹਾਂ
ਹਿਲਦੀ ਸੀ ਇਹ ਜ਼ਮੀਨ ਵੀ ਹਿਲਦੇ ਰੁਮਾਲ ਨਾਲ।
ਅਜਿਹੇ ਬਹੁਤ ਸਾਰੇ ਅਹਿਸਾਸ ਮੇਰੀ ਗ਼ਜ਼ਲ ਦੀ ਜ਼ਮੀਨ ਵਿਚ ਉਗਦੇ ਰਹਿੰਦੇ ਨੇ। ਇੱਕ ਸ਼ਿਅਰ ਦੀਆਂ ਦਿਸਦੀਆਂ ਤੇ ਅਣਦਿਸਦੀਆਂ ਕਈ ਪਰਤਾਂ ਹੋ ਸਕਦੀਆਂ ਨੇ ਅਤੇ ਪਾਠਕ ਆਪਣੇ ਨਜ਼ਰੀਏ ਅਨੁਸਾਰ ਅਰਥਾਂ ਦੀ ਤਲਾਸ਼ ਕਰਦਾ ਹੈ।
ਮੇਰੀ ਗ਼ਜ਼ਲ ਵਿਚ ਕੀ ਹੈ, ਕੀ ਹੋਣਾ ਚਾਹੀਦਾ ਹੈ, ਇਸ ਦਾ ਠੀਕ ਨਿਰਣਾ ਤਾਂ ਸੂਝਵਾਨ ਪਾਠਕ ਤੇ ਵਿਦਵਾਨ ਹੀ ਕਰ ਸਕਦੇ ਨੇ। ਮੇਰੀ ਸੰਵੇਦਨਾ ਮੈਥੋਂ ਜੋ ਲਿਖਵਾਉਂਦੀ ਹੈ, ਸਿਰਫ਼ ਉਹ ਹੀ ਲਿਖਦਾ ਹਾਂ। ਲਿਖਣ ਵੇਲੇ ਮਾਨਵੀ ਹੋਂਦ ਨਾਲ ਜੁੜੇ ਅਨੇਕ ਸਵਾਲ ਮੇਰੇ ਸਾਹਮਣੇ ਹੁੰਦੇ ਨੇ:
ਕੀ, ਕੌਣ, ਕਿੱਥੇ, ਕਿਸ ਤਰ੍ਹਾਂ, ਕਿਹੜਾ, ਕਦੋਂ, ਕਿਵੇਂ
ਸਾਰੇ ਸਫ਼ਰ ‘ਚ ਤੁਰ ਰਹੇ ਕਿੰਨੇ ਸਵਾਲ ਨਾਲ
ਮੈਂ ਗ਼ਜ਼ਲ ਕਿਵੇਂ ਲਿਖਦਾ ਹਾਂ? ਕਵੀ ਦੇ ਅਰਧ ਚੇਤਨ ਮਨ ‘ਚ ਕਵਿਤਾ ਦੇ ਬੀਜ ਹਮੇਸ਼ਾ ਪਏ ਹੁੰਦੇ ਨੇ। ਬਾਹਰੀ ਜਾਂ ਅੰਦਰੂਨੀ ਵਰਤਾਰਿਆਂ ਦੇ ਰੂਬਰੂ ਤਾਂ ਹਰ ਕੋਈ ਹੁੰਦਾ ਹੈ ਪਰ ਕਵੀ ਮਨ ਉਤੇ ਇਹ ਅਲੱਗ ਪ੍ਰਭਾਵ ਪਾਉਂਦੇ ਨੇ। ਕਵੀ ਚੀਜ਼ਾਂ ਦੇ ਆਰ ਪਾਰ ਦੇਖਦਾ ਹੈ। ਕਈ ਵਾਰ ਕਿਸੇ ਸਧਾਰਨ ਗੱਲ, ਘਟਨਾ ਜਾਂ ਦ੍ਰਿਸ਼ ਨਾਲ ਕਵਿਤਾ ਦਾ ਬੀਜ ਪੁੰਗਰ ਪੈਂਦਾ ਹੈ। ਇਸ ਦੇ ਮੁਕੰਮਲ ਪੌਦਾ ਬਣਨ ਤੱਕ ਕਵੀ ਕਈ ਤਣਾਵਾਂ, ਉਤਰਾਵਾਂ, ਚੜ੍ਹਾਵਾਂ ‘ਚੋਂ ਗੁਜ਼ਰਦਾ ਹੈ ਅਤੇ ਇਸ ਤਣਾਓ ਤੋਂ ਮੁਕਤੀ ਲਈ ਸਿਰਜਣਾਤਮਕ ਮਾਹੌਲ ਦੀ ਤਲਾਸ਼ ਵਿਚ ਰਹਿੰਦਾ ਹੈ। ਮੇਰੇ ਲਈ ਅਜਿਹਾ ਮਾਹੌਲ ਆਮ ਤੌਰ ਤੇ ਰਾਤ ਵੇਲੇ ਹੁੰਦਾ ਹੈ। ਮਨ ਮਸਤਕ ਉਤੇ ਖ਼ਾਸ ਕਿਸਮ ਦਾ ਕਾਵਿਕ ਵਾਤਾਵਰਣ ਛਾਇਆ ਹੋਵੇ ਤਾਂ ਖ਼ਿਆਲਾਂ ਦੀ ਜਗਮਗ ਹੁੰਦੀ ਹੈ। ਸ਼ਬਦਾਂ ਦੇ ਜੁਗਨੂੰ ਆਪਣੀ ਲੈਅ ਦੀ ਲੋਅ ਸਮੇਤ ਆਉਂਦੇ ਨੇ। ਜ਼ਿੰਦਗੀ ‘ਚ ਹੰਢਾਇਆ, ਪੜ੍ਹਿਆ ਵਿਚਾਰਿਆ ਅਨੁਭਵ ਕਾਵਿ-ਅਹਿਸਾਸ ਨੂੰ ਮਾਰਗ ਦਿਖਾਉਂਦਾ ਹੈ ਅਤੇ ਸ਼ਿਅਰ ਰੂਪ ਧਾਰਦੇ ਨੇ। ਇਕ ਵਾਰ ਮਨਪਸੰਦ ਸ਼ਿਅਰ ਲਿਖਿਆ ਜਾਵੇ ਤਾਂ ਉਦੋਂ ਤੱਕ ਅਨੰਦਮਈ ਛਟਪਟਾਹਟ ਦਾ ਆਲਮ ਤਾਰੀ ਰਹਿੰਦਾ ਹੈ ਜਦੋਂ ਤੱਕ ਗ਼ਜ਼ਲ ਪੂਰੀ ਨਹੀਂ ਹੋ ਜਾਂਦੀ। ਇਸ ਪ੍ਰਕਿਰਿਆ ਵਿਚ ਕਈ ਦਿਨ ਵੀ ਲੱਗ ਸਕਦੇ ਨੇ। ਅਜਿਹਾ ਬਹੁਤ ਘੱਟ ਹੋਇਆ ਹੈ ਜਦੋਂ ਲਿਖਿਆ ਗਿਆ ਸ਼ਿਅਰ ਸਾਲਾਂ ਬੱਧੀ ਗ਼ਜ਼ਲ ਬਣ ਨਾ ਸਕੇ। ਬਸ ਇੱਕੋ ਮਤਲਾ ਯਾਦ ਆ ਰਿਹਾ ਹੈ ਜਿਸ ਦੀ ਗ਼ਜ਼ਲ ਪੂਰੀ ਕਰਨ ਬਾਰੇ ਦਸ ਸਾਲ ਬਾਦ ਸੋਚਿਆ, ਉਹ ਇਉਂ ਹੈ:

ਅੱਗ ਹੈ, ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ।
ਮੇਰੇ ਚੇਤਨ ਤੇ ਅਚੇਤਨ ਦੇ ਵਿਚਾਲੇ ਕੌਣ ਹੈ।
ਮੈਂ ਸਮੁੱਚੀ ਕਾਵਿ-ਪਰੰਪਰਾ ਨੂੰ ਆਪਣੀ ਉਸਤਾਦ ਮੰਨਦਾ ਹਾਂ। ਬਚਪਨ ਤੋਂ ਹੀ ਸਰੋਦੀ ਕਵਿਤਾ ਪ੍ਰਤੀ ਖਿੱਚ ਨੇ ਅਰੂਜ਼ੀ ਬਾਰੀਕੀਆਂ ਸਮਝਣੀਆਂ ਮੇਰੇ ਲਈ ਆਸਾਨ ਕਰ ਦਿੱਤੀਆਂ। ਬਹਿਰਾਂ ਵਿਚ ਨਵੇਂ ਤੇ ਓਪਰੇ ਤਜਰਬੇ ਕਰਨੇ ਮੈਨੂੰ ਪਸੰਦ ਨਹੀਂ, ਕਿਉਂਕਿ ਬਹਿਰ ਮੇਰੇ ਲਈ ਅਹਿਸਾਸ ਦੇ ਪ੍ਰਗਟਾਵੇ ਦਾ ਮਾਧਿਅਮ ਮਾਤਰ ਹੈ। ਮਹਿਜ਼ ਸ਼ਿਲਪਕਾਰੀ ਦੀ ਉਧੇੜ ਬੁਣ ਨਾਲ ਖ਼ਿਆਲ ਦੀ ਸ਼ਿੱਦਤ ਪੇਤਲੀ ਪੈਣ ਦਾ ਤੌਖ਼ਲਾ ਬਣਿਆ ਰਹਿੰਦਾ ਹੈ।
ਆਪਣੀ ਗ਼ਜ਼ਲ ਦਾ ਪਹਿਲਾ ਆਲੋਚਕ ਮੈਂ ਖੁਦ ਹੁੰਦਾ ਹਾਂ। ਵਿਚਾਰ ਦੀ ਸਪਸ਼ਟਤਾ, ਸੰਚਾਰਮੁੱਖਤਾ, ਭਾਸ਼ਾ ਦੀ ਤਾਜ਼ਗੀ ਅਤੇ ਮੌਲਿਕਤਾ ਦਾ ਖ਼ਿਆਲ ਰਖਦਾ ਹਾਂ। ਗ਼ਜ਼ਲ ਪੂਰੀ ਹੋਣ ਉਪਰੰਤ ਉਕਾਈਆਂ ‘ਤੇ ਨਜ਼ਰਸਾਨੀ ਕਰਦਾ ਹਾਂ। ਦੋਸਤਾਂ ਦੀ ਨੇਕ ਰਾਇ ਦੀ ਕਦਰ ਕਰਦਾ ਹਾਂ। ਫੇਰ ਵੀ ਸੰਪੂਰਨਤਾ ਦਾ ਕੋਈ ਦਾਅਵਾ ਨਹੀਂ।
ਗ਼ਜ਼ਲ ਸਿਰਜਣਾ ਦੇ ਪੂਰੇ ਸਫ਼ਰ ਦੌਰਾਨ ਮੈਂ ਕਦੇ ਕਾਹਲੀ ਨਹੀਂ ਕੀਤੀ। ਜੋ ਵੀ ਲਿਖਿਆ, ਆਪਣੀ ਸਹਿਜ ਚਾਲ ਕਾਇਮ ਰਖਦਿਆਂ ਹੀ ਲਿਖਿਆ। ਸ਼ਾਇਰੀ ਦਾ ਕੋਈ ਇਲਹਾਮ ਨਹੀਂ ਹੁੰਦਾ ਅਤੇ ਆਮਦ ਵੀ ਰੋਜ਼ ਰੋਜ਼ ਨਹੀਂ ਹੁੰਦੀ। ਮੈਨੂੰ ਸਹਿਜ ਅੰਦਾਜ਼ ਵਿਚ ਗ਼ਜ਼ਲ ਲਿਖ ਕੇ ਅਜੀਬ ਕਿਸਮ ਦੀ ਸੰਤੁਸ਼ਟੀ ਅਤੇ ਤੜਪ ਬਰਾਬਰ ਮਿਲਦੀਆਂ ਨੇ:
ਮੇਰੀ ਗ਼ਜ਼ਲ ਦੇ ਦਿਲ ‘ਚ ਉਹ ਸਾਰੇ ਹੀ ਲਹਿ ਗਏ।
ਰੋਕੇ ਸੀ ਜਿਹੜੇ ਤੀਰ ਮੈਂ ਸ਼ਬਦਾਂ ਦੀ ਢਾਲ ਨਾਲ।
ਇਹ ਗ਼ਜ਼ਲ-ਸੰਗ੍ਰਹਿ ‘ਅਗਰਬੱਤੀ’ ਪੇਸ਼ ਕਰਦਿਆਂ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਜ਼ਿੰਦਗੀ ਦੇ ਅਨੁਭਵ ‘ਚੋਂ ਮਿਲੀ ਸ਼ਬਦ ਸੰਵੇਦਨਾ ਦੀ ਦਾਤ ਵਿਚ ਆਪਣੇ ਰੰਗ ਭਰ ਕੇ ਵਾਪਸ ਪਰਤਾ ਰਿਹਾ ਹੋਵਾਂ।
ਮੈਂ ਜੋ ਲਿਖਿਆ ਰੂਹ ਦੀ ਲਿੱਪੀ ਵਿਚ ਲਿਖਿਆ ਹੈ ਯਾਰੋ।
ਪੇਸ਼ ਤੁਹਾਡੀ ਖ਼ਿਦਮਤ ਵਿਚ ਨੇ ਦਿਲ ਦੇ ਸੂਹੇ ਵਰਕੇ।
—-
ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ।
ਪਤਾ ਨਈਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲਗਦਾ।

ਕਦੇ ਲਗਦੇ ਨੇ ਤਾਰੇ, ਫੁੱਲ, ਪੰਛੀ ਆਪਣੇ ਵਰਗੇ,
ਕਦੇ ਸ਼ੀਸ਼ੇ ‘ਚ ਅਪਣਾ ਅਕਸ ਅਪਣਾ ਹੀ ਨਹੀਂ ਲਗਦਾ।

ਕਿਵੇਂ ਇਕ ਨਾਮ ਦੇਈਏ ਇਸ ‘ਚ ਸਭ ਰਿਸ਼ਤੇ ਸਮੋਏ ਨੇ,
ਲਹੂ ਵਿਚ ਦਰਦ ਜੋ ਘੁਲਿਆ ਹੈ, ਸਾਡਾ ਕੀ ਨਹੀਂ ਲਗਦਾ।

ਕਿਸੇ ਨੂੰ ਜਗ ਰਹੀ ਹਰ ਚੀਜ਼ ‘ਚੋਂ ਸੂਰਜ ਨਜ਼ਰ ਆਵੇ,
ਕਿਸੇ ਨੂੰ ਪੁੰਨਿਆਂ ਦਾ ਚੰਨ ਵੀ ਅਸਲੀ ਨਹੀਂ ਲਗਦਾ।

ਜਦੋਂ ਤਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ,
ਪਤਾ ਮੁੱਠੀ ‘ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ।
ਛਿੜੇ ਜਦ ਕੰਬਣੀ ਖ਼ਾਬਾਂ ‘ਚ ਉਸ ਵੇਲੇ ਸਮਝ ਆਉਂਦੀ,
ਕਿ ਪਾਲ਼ਾ ਸਿਰਫ ਖੁੱਲੀ੍ਹਆਂ ਬਾਰੀਆਂ ਵਿਚਦੀ ਨਹੀਂ ਲਗਦਾ।
ਘੜੀ ਵਿਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ,
ਸਵੇਰਾ ਹੋ ਗਿਆ ਪਰ ਦਿਨ ਤਾਂ ਚੜ੍ਹਿਆ ਹੀ ਨਹੀਂ ਲਗਦਾ।

ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ।
ਫਿਰ ਵੀ ਮੈਂ ਜ਼ਿੰਦਗੀ ਦੀਆਂ ਰਮਜ਼ਾਂ ਨਾ ਜਾਣੀਆਂ।

ਦਿਸੀਆਂ ਸੀ ਖ਼ੁਦ ਨੂੰ ਤੇਰਿਆਂ ਨੈਣਾਂ ‘ਚੋਂ ਦੇਖ ਕੇ,
ਮੇਰੇ ਜ਼ਿਹਨ ‘ਚ ਉਲਝੀਆਂ ਜਿੰਨੀਆਂ ਵੀ ਤਾਣੀਆਂ।

ਮੁੜ ਮੁੜ ਕੇ ਮੈਨੂੰ ਕਰ ਰਿਹੈਂ ਝੀਲਾਂ ਦੇ ਰੂਬਰੂ,
ਹਾਲੇ ਵੀ ਨਾ ਤੂੰ ਮੇਰੀਆਂ ਤੇਹਾਂ ਪਛਾਣੀਆਂ।

ਮਿਲਿਆ ਕਿਸੇ ਵੀ ਯੁੱਗ ‘ਚ ਨਾ ਇਕ ਪਲ ਸਕੂਨ ਦਾ,
ਖੰਡਰ ਲਏ ਫਰੋਲ ਮੈਂ ਥੇਹਾਂ ਵੀ ਛਾਣੀਆਂ।

ਗ਼ਰਦਿਸ਼ ‘ਚ ਕਾਇਨਾਤ ਹੈ, ਤਾਰੇ ਨੇ ਬੇਆਰਾਮ,
ਹੁੰਦੀਆਂ ਮਹਾਨ ਹਸਤੀਆਂ ਆਖ਼ਰ ਨਿਮਾਣੀਆਂ।

ਪੰਛੀ ਵੀ ਸਿਰ ਤੋਂ ਲੰਘ ਕੇ ਪਹੁੰਚੇ ਦੁਮੇਲ ਤਕ,
ਤੂੰ ਕਿਉਂ ਖਲੋ ਕੇ ਦੇਖਦੈਂ ਪੈੜਾਂ ਪੁਰਾਣੀਆਂ।


ਉਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ
ਵੱਗ ਹੀ ਮੁੜਦੇ ਨੇ ਹੇ ਗੋਪਾਲ ਤੇਰੇ।
ਮੁਕਟ ਲਾਹ ਕੇ ਜੇ ਵਜਾਉਂਦਾ ਬੰਸਰੀ ਤੂੰ
ਸਾਰਾ ਜੰਗਲ ਝੂਮਣਾ ਸੀ ਨਾਲ ਤੇਰੇ।

ਪੰਛੀਆਂ ਵਰਗਾ ਸੁਦਾਮੇ ਦਾ ਕਬੀਲਾ
ਰਿਜ਼ਕ ਅਪਣਾ ਨਾਮ ਤੇਰੇ ਕਰ ਰਿਹਾ ਹੈ।
ਬਹੁਤ ਗੁੰਝਲਦਾਰ ਹੈ ਤੇਰਾ ਤਲਿੱਸਮ
ਬਹੁਤ ਹੀ ਬਾਰੀਕ ਨੇ ਇਹ ਜਾਲ ਤੇਰੇ।

ਸੁੱਕੀਆਂ ਝੀਲਾਂ ‘ਚ ਕੀ ਹੰਸਾਂ ਦੀ ਹੋਣੀ
ਰੋੜ ਖਾ ਖਾ ਕੇ ਕਦੋਂ ਤਕ ਜੀਣਗੇ ਇਹ
ਆਉਣਗੇ ਤੇ ਕਰਨਗੇ ਖ਼ਾਲੀ ਕਿਸੇ ਦਿਨ
ਮੋਤੀਆਂ ਦੇ ਨਾਲ ਲੱਦੇ ਥਾਲ ਤੇਰੇ।

ਕਿਸ ਤਰ੍ਹਾਂ ਦਾ ਹੈ ਭਲਾ ਇਹ ਅਹਿਦ ਤੇਰਾ।
ਫੁੱਲ ਤਾਂ ਸਭ ਦੇ ਨੇ ਪਰ ਇਹ ਸ਼ਹਿਦ ਤੇਰਾ।
ਘੇਰਦੇ ਰਹਿੰਦੇ ਨੇ ਭੀਲਾਂ ਨੂੰ ਯੁਗਾਂ ਤੋਂ
ਗੁੰਬਦਾਂ ‘ਚੋਂ ਉਡ ਕੇ ਮਖਿਆਲ ਤੇਰੇ।

ਜਲ ਵੀ ਓਹੀ, ਪੌਣ ਓਹੀ, ਰੇਤ ਓਹੀ
ਜ਼ਖ਼ਮ ਵੀ ਓਹੀ ਤੇ ਸਿੰਮਦੀ ਰੱਤ ਓਹੀ
ਤੇਰੀ ਸ਼ਹਿ ‘ਤੇ ਜੋ ਕੁਰੂਖੇਤਰ ‘ਚ ਚੱਲੇ
ਭਰ ਕੇ ਹੁਣ ਵੀ ਵਗਣ ਓਹੀ ਖਾਲ ਤੇਰੇ।

ਓਹੀ ਸੀਨੇ, ਸੀਨਿਆਂ ਵਿਚ ਤੀਰ ਓਹੀ
ਦਰਦ ਓਹੀ, ਦਰਦ ਦੀ ਤਾਸੀਰ ਓਹੀ
ਫ਼ਰਕ ਬਸ ਏਨਾ ਪਿਆ ਕਲਯੁਗ ਚ ਆ ਕੇ

ਅੱਗ ਹੈ ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ।
ਮੇਰੇ ਚੇਤਨ ਤੇ ਅਚੇਤਨ ਦੇ ਵਿਚਾਲੇ ਕੌਣ ਹੈ।

ਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ,
ਮੇਰੀਆਂ ਅੱਖਾਂ ‘ਚ ਅੱਧਾ ਹਾੜ੍ਹ ਅੱਧਾ ਸੌਣ ਹੈ।

ਪੈਲ ਪਾ ਕੇ ਨੱਚਣਾ ਤੈਨੂੰ ਬੜਾ ਮਹਿੰਗਾ ਪਿਆ,
ਨੱਚਦੀਆਂ ਛੁਰੀਆਂ ‘ਚ ਹੁਣ ਮੋਰਾ ਵੇ ਤੇਰੀ ਧੌਣ ਹੈ।

ਤੇਰੇ ਜਤ ਸਤ ਤੋਂ ਜ਼ਿਆਦਾ, ਤੇਰੇ ਤਰਲੇ ਤੋਂ ਵਧੀਕ,
ਪੂਰਨਾ ਇਸ ਕਲਯੁਗੀ ਖੂਹ ਦੀ ਉਚੇਰੀ ਮੌਣ ਹੈ।

ਸਾੜ ਕੇ ਮੇਰਾ ਲਹੂ ਮਹਿਕਾਂ ਫ਼ਿਜ਼ਾ ਵਿਚ ਵੰਡਦੀ,
ਮੇਰੇ ਅੰਦਰ ਧੁਖ਼ ਰਹੀ ਇਹ ਅਗਰਬੱਤੀ ਕੌਣ ਹੈ।