ਪ੍ਰਵੀਨ ਜੰਡਵਾੜ
ਸ਼ਿਵ ਸੈਨਾ ਦੇ ਬੁਰਛਾਗਰਦਾਂ ਨੇ ਇਕ ਵਾਰ ਫਿਰ ਆਪਣਾ ਜਨੂੰਨੀ ਕਿਰਦਾਰ ਜ਼ਾਹਿਰ ਕੀਤਾ ਹੈ ਅਤੇ ਮੁੰਬਈ ਵਿਚ ਪਾਕਿਸਤਾਨੀ ਵੱਸਦੇ ਗਜ਼ਲ ਗਾਇਕ ਗੁਲਾਮ ਅਲੀ ਦਾ ਪ੍ਰੋਗਰਾਮ ਡੱਕ ਦਿੱਤਾ ਹੈ। ਗੁਲਾਮ ਅਲੀ ਦੇ ਹੱਕ ਵਿਚ ਮੁਲਕ ਭਰ ਵਿਚ ਆਵਾਜ਼ ਬੁਲੰਦ ਹੋਈ ਹੈ। ਤਸੱਲੀ ਵਾਲੀ ਗੱਲ ਹੀ ਹੈ ਕਿ ਹਰ ਤਬਕੇ ਨੇ ਸ਼ਿਵ ਸੈਨਾ ਦੀ ਡਟ ਕੇ ਅਲੋਚਨਾ ਕੀਤੀ ਹੈ।
ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਲਾਮ ਅਲੀ ਨੂੰ ਨਵੀਂ ਦਿੱਲੀ ਵਿਚ ਪ੍ਰੋਗਰਾਮ ਪੇਸ਼ ਕਰਨ ਪੇਸ਼ਕਸ਼ ਕੀਤੀ ਹੈ ਜਿਹੜੀ ਉਨ੍ਹਾਂ ਸਵਿਕਾਰ ਵੀ ਕਰ ਲਈ ਹੈ। ਹੁਣ ਗੁਲਾਮ ਅਲੀ ਦਸੰਬਰ ਵਿਚ ਨਵੀਂ ਦਿੱਲੀ ਵਿਚ ਸੁਰਾਂ ਦੀ ਛਹਿਬਰ ਲਗਾਉਣਗੇ। ਇਹੀ ਨਹੀਂ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਸੱਦੇ ਉਤੇ ਗੁਲਾਮ ਅਲੀ ਨੇ ਲਖਨਾਊ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰ ਵੀ ਦਿੱਤਾ ਹੈ।
ਉਧਰ, ਕਾਂਗਰਸ ਨੇ ਗੁਲਾਮ ਅਲੀ ਨੂੰ ਮੁੰਬਈ ਵਿਚ ਪ੍ਰੋਗਰਾਮ ਕਰਨ ਦਾ ਸੱਦਾ ਦਿੱਤਾ। ਉਂਜ ਇਹ ਉਹੀ ਕਾਂਗਰਸ ਹੈ ਜਿਸ ਨੇ ਮੁੰਬਈ ਵਿਚ ਸ਼ਿਵ ਸੈਨਾ ਦੀ ਚੜ੍ਹਤ ਦਾ ਰਾਹ ਖੋਲ੍ਹਿਆ ਸੀ। ਦਰਅਸਲ, ਮੁੰਬਈ ਵਿਚ ਟਰੇਡ ਯੂਨੀਅਨ ਅੰਦੋਲਨ ਨੂੰ ਖਤਮ ਕਰਨ ਲਈ ਕਾਂਗਰਸ ਦੇ ਦੋ ਮੁੱਖ ਮੰਤਰੀਆਂ- ਵਸੰਤ ਰਾਓ ਨਾਇਕ ਅਤੇ ਵਸੰਤ ਦਾਦਾ ਪਾਟਿਲ ਨੇ ਸ਼ਿਵ ਸੈਨਾ ਨੂੰ ਖੁੱਲ੍ਹੀ ਛੁੱਟੀ ਦਿੱਤੀ। 1966 ਵਿਚ ਸ਼ਿਵ ਸੈਨਾ ਦੀ ਸਥਾਪਨਾ ਵਿਚ ਕਾਂਗਰਸ ਦਾ ਵੱਡਾ ਯੋਗਦਾਨ ਰਿਹਾ ਸੀ। ਇਸ ਦੀ ਸਥਾਪਤੀ ਤੋਂ ਬਾਅਦ ਵਿਚ ਸ਼ਿਵ ਸੈਨਾ ਦੇ ਗੁੰਡਿਆਂ ਨੂੰ ਸਮਾਜਵਾਦੀ ਆਗੂਆਂ ਅਤੇ ਟਰੇਡ ਯੂਨੀਅਨ ਅੰਦੋਲਨ ਦੇ ਲੀਡਰਾਂ ਨੂੰ ਖੂੰਜੇ ਲਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ। ਇਨ੍ਹਾਂ ਬੁਰਛਾਗਰਦਾਂ ਨੇ ਟਰੇਡ ਯੂਨੀਅਨ ਲੀਡਰ ਅਤੇ ਸੀ ਪੀ ਆਈ ਦੇ ਵਿਧਾਇਕ ਕ੍ਰਿਸ਼ਨਾ ਦੇਸਾਈ ਦਾ ਕਤਲ ਵੀ ਕਰ ਦਿੱਤਾ। ਬਾਅਦ ਵਿਚ ਡਰ ਇੰਨਾ ਜ਼ਿਆਦਾ ਫੈਲ ਗਿਆ ਕਿ ਅੰਦੋਲਨ ਸੁੰਗੜਦਾ ਗਿਆ ਅਤੇ ਇਨ੍ਹਾਂ ਦੀ ਥਾਂ ਸ਼ਿਵ ਸੈਨਾ ਵਾਲਆਿਂ ਯੂਨੀਅਨਾਂ ਨੇ ਲੈ ਲਈ।
ਯਾਦ ਰਹੇ ਕਿ ਮੁੰਬਈ ਵਾਲਾ ਸਮਾਗਮ ਗੁਲਾਮ ਅਲੀ ਨੇ ਆਪਣੇ ਪਿਆਰੇ ਮਿੱਤਰ ਗਜ਼ਲ ਗਾਇਕ ਜਗਜੀਤ ਸਿੰਘ (8 ਫ਼ਰਵਰੀ 1941-10 ਅਕਤੂਬਰ 2011) ਦੀ ਚੌਥੀ ਬਰਸੀ ਮੌਕੇ ਕਰਨਾ ਸੀ। ਦੋਹਾਂ ਗਾਇਕਾਂ ਦੀ ਦੋਸਤੀ ਬਾਰੇ ਬਥੇਰੇ ਕਿੱਸੇ ਮਸ਼ਹੂਰ ਹਨ। 2011 ਵਿਚ ਵੀ ਦੋਹਾਂ ਨੇ ਮੁੰਬਈ ਵਿਚ ਇਕੱਠਿਆਂ ਸਮਾਗਮ ਕਰਨਾ ਸੀ, ਪਰ 23 ਸਤੰਬਰ ਨੂੰ ਜਗਜੀਤ ਸਿੰਘ ਅਚਾਨਕ ਬਿਮਾਰ ਹੋ ਗਿਆ ਅਤੇ ਦੋ ਹਫ਼ਤੇ ਕੋਮਾ ਵਿਚ ਰਹਿਣ ਤੋਂ ਬਾਅਦ 10 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ ਸੀ।
_________________________
ਕਤਲੇਆਮ ’84 ਅਤੇ ਸ਼ਿਵ ਸੈਨਾ
ਜਦੋਂ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੀਂ ਦਿੱਲੀ ਅਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਹਿੰਸਾ ਭੜਕੀ ਸੀ, ਤਾਂ ਇਸ ਵਿਚ ਸ਼ਿਵ ਸੈਨਾ ਦੇ ਬੁਰਛਾਗਰਦਾਂ ਦਾ ਵੱਡਾ ਹੱਥ ਸੀ। ਇਹ ਤੱਥ ਉਸ ਵੇਲੇ ਮੀਡੀਆ ਵਿਚ ਵੀ ਨਸ਼ਰ ਹੋਏ ਸਨ।
__________________________
ਸ਼ਾਇਰਾ ਫਹਿਮੀਦਾ ਰਿਆਜ਼ ਦਾ ਹੋਕਾ
ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇæææ
ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇæææ
ਹੁਣ ਤੱਕ ਕਿਥੇ ਲੁਕੇ ਸੀ ਭਾਈ?
ਉਹ ਮੂਰਖਤਾ, ਉਹ ਘਮੰਡ
ਜਿਸ ‘ਚ ਆਪਾਂ ਸਦੀ ਗੁਆਈ
ਆਖਿਰ ਪਹੁੰਚੀ ਦੁਆਰ ਅਸਾਡੇ
ਬਈ ਵਧਾਈ ਓ ਵਧਾਈ।
ਭੂਤ ਧਰਮ ਦਾ ਨੱਚ ਰਿਹਾ ਹੈ
ਕਾਇਮ ਹਿੰਦੂ ਰਾਜ ਕਰੋਗੇ?
ਸਾਰੇ ਉਲਟੇ ਕਾਜ ਕਰੋਗੇ?
ਆਪਣਾ ਚਮਨ ਨਾਰਾਜ਼ ਕਰੋਗੇ?
ਤੁਸੀਂ ਵੀ ਬੈਠ ਕਰੋਗੇ ਸੋਚਾਂ
ਪੂਰੀ ਹੈ ਉਹੀ ਤਿਆਰੀ।
ਕੌਣ ਹੈ ਹਿੰਦੂ, ਕੌਣ ਨਹੀਂ ਹੈ
ਤੁਸੀਂ ਵੀ ਕਰੋਗੇ ਫਤਵੇ ਜਾਰੀ
ਉਥੇ ਵੀ ਮੁਸ਼ਕਿਲ ਹੋਊ ਜਿਉਣਾ
ਦੰਦੀਂ ਵੀ ਆ ਜਾਊ ਪਸੀਨਾ
ਜੈਸੇ ਤੈਸੇ ਕੱਟਿਆ ਕਰੇਗੀ।
ਉਥੇ ਵੀ ਸਭ ਦਾ ਸਾਹ ਘੁਟੇਗਾ
ਮੱਥੇ ‘ਤੇ ਸੰਧੂਰ ਦੀ ਰੇਖਾ
ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ!
ਕੀ ਹੈ ਅਸੀਂ ਦੂਰਦਸ਼ਾ ਬਣਾਈ
ਕੁਝ ਵੀ ਤੁਹਾਨੂੰ ਨਜ਼ਰ ਨਾ ਆਈ?
ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ
ਜਾਹਲਪਣੇ ਦੇ ਗੁਣ ਹੁਣ ਗਾਓ
ਅਗਾਂਹ ਟੋਆ ਹੈ ਇਹ ਨਾ ਦੇਖੋ
ਵਾਪਸ ਲਿਆਓ ਗਿਆ ਜ਼ਮਾਨਾ।
ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ
ਤੁਸੀਂ ਵੀ ਉਹੀ ਗੱਲ ਹੁਣ ਕੀਤੀ
ਬਹੁਤ ਮਲਾਲ ਹੈ ਸਾਨੂੰ, ਲੇਕਿਨ
ਹਾ ਹਾ ਹਾ ਹਾ ਹੋ ਹੋ ਹੀ ਹੀ
ਦੁੱਖ ਨਾਲ ਸੋਚਦੀ ਹੁੰਦੀ ਸੀ।
ਸੋਚ ਸੋਚ ਹਾਸੀ ਅੱਜ ਆਈ
ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ
ਅਸੀਂ ਦੋ ਕੌਮ ਨਹੀਂ ਸੀ ਭਾਈ
ਮਸ਼ਕ ਕਰੋ ਤੁਸੀਂ, ਆ ਜਾਵੇਗਾ
ਉਲਟੇ ਪੈਰ ਤੁਰਦੇ ਹੀ ਜਾਣਾ
ਦੂਜਾ ਧਿਆਨ ਨਾ ਮਨ ਵਿਚ ਆਵੇ।
ਬਸ ਪਿਛੇ ਹੀ ਨਜ਼ਰ ਲਗਾਇਓ
ਜਾਪ ਜਿਹਾ ਬੱਸ ਕਰਦੇ ਜਾਓ,
ਵਾਰ ਵਾਰ ਇਹੀ ਦੁਹਰਾਓ
ਕਿੰਨਾ ਵੀਰ ਮਹਾਨ ਸੀ ਭਾਰਤ!
ਕੈਸਾ ਆਲੀਸ਼ਾਨ ਸੀ ਭਾਰਤ!
ਫਿਰ ਤੁਸੀਂ ਲੋਕ ਪਹੁੰਚ ਜਾਓਗੇ
ਬੱਸ ਪਰਲੋਕ ਪਹੁੰਚ ਜਾਓਗੇ!
ਅਸੀਂ ਤਾਂ ਹਾਂ ਪਹਿਲੇ ਹੀ ਉਥੇ
ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ।
ਹੁਣ ਜਿਸ ਨਰਕ ‘ਚ ਵੀ ਜਾਓ,
ਉਥੋਂ ਚਿੱਠੀਆਂ ਛੱਡਦੇ ਰਹਿਣਾ।