ਰਾਗ ਤੰਤੂ ਉਰਫ ਪਿਆਰ ਦੀ ਮਹੀਨ ਡੋਰ

ਚੰਡੀਗੜ੍ਹ ਵੱਸਦੇ ਹਿੰਦੀ ਕਹਾਣੀਕਾਰ ਵੀਰੇਂਦਰ ਮਹਿੰਦੀਰੱਤਾ ਦੀ ਕਹਾਣੀ ‘ਰਾਗ ਤੰਤੂ ਉਰਫ ਪਿਆਰ ਦੀ ਮਹੀਨ ਡੋਰ’ ਪਿਛਲੀ ਉਮਰ ਦੇ ਰਾਗ ਦੀ ਸੁਰ-ਤਾਲ ਹੈ। ਵਡੇਰੀ ਉਮਰ ਦੇ ਇਨ੍ਹਾਂ ਦਿਨਾਂ ਦੀ ਕਥਾ ਲੇਖਕ ਨੇ ਮਹੀਨ ਰੂਪ ਵਿਚ ਪੇਸ਼ ਕੀਤੀ ਹੈ। ਇਸ ਵਿਚ ਲੰਘ ਚੁੱਕੀ ਜ਼ਿੰਦਗੀ ਦੇ ਨਾਲ ਸਮਾਜ ਦੇ ਕਈ ਪੱਖਾਂ ਉਪਰ ਝਾਤੀ ਪੈਂਦੀ ਹੈ ਜਿਹੜਾ ਬੰਦੇ ਉਤੇ ਹਰ ਹਾਲ ਅਸਰ-ਅੰਦਾਜ਼ ਹੁੰਦਾ ਹੈ।

ਇਸ ਅਸਰ ਨੂੰ ਲੇਖਕ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ। -ਸੰਪਾਦਕ

ਵੀਰੇਂਦਰ ਮਹਿੰਦੀਰੱਤਾ
ਫੋਨ: 0172-2747697

ਮੈਂ ਤੇ ਮੇਰੀ ਪਤਨੀ ਉਮਾ, ਦੋਵੇਂ ਹੀ ਰਿਟਾਇਰ ਹੋ ਗਏ।
ਉਮਾ ਨੇ ਤਾਂ ਸ਼ੁਕਰ ਮਨਾਇਆ ਕਿ ਹੁਣ ਰੋਜ਼ ਕੰਮ ‘ਤੇ ਨਹੀਂ ਜਾਣਾ ਪਏਗਾ। ਹੁਣ ਆਰਾਮ ਨਾਲ ਬੜੀ ਦੇਰ ਤੋਂ ਲਟਕ ਰਹੇ ਘਰ ਦੇ ਜ਼ਰੂਰੀ ਕੰਮ ਨਿਬੇੜਾਂਗੀ, ਪਰ ਮੈਨੂੰ ਥੋੜ੍ਹੀ ਜਿਹੀ ਮੁਸ਼ਕਿਲ ਆਈ। ਇਕ ਅਰਸੇ ਤੋਂ ਹਰ ਰੋਜ਼ ਨੌਕਰੀ ਲਈ ਜਾਣ ਦੇ ਰੋਜ਼ਾਨਾ ਨੇਮ ਦਾ ਇਕਦਮ ਝਟਕੇ ਨਾਲ ਬੰਦ ਹੋ ਜਾਣਾ, ਰਾਤ ਵਕਤ ਘਰ ਦੀ ਬਿਜਲੀ ਦੇ ਚਲੇ ਜਾਣ ਵਾਂਗ ਹੁੰਦਾ ਹੈ। ਆਪਣੇ ਹੀ ਘਰ ਵਿਚ ਜ਼ਰੂਰਤ ਦੀਆਂ ਚੀਜ਼ਾਂ ਲੱਭਣੀਆਂ ਪੈਂਦੀਆਂ ਹਨ।
ਆਦਮੀ ਆਦਤ ਦਾ ਕਿੰਨਾ ਗੁਲਾਮ ਹੁੰਦਾ ਹੈ। ਰਿਟਾਇਰਮੈਂਟ ਤੋਂ ਬਾਅਦ ਕੁਝ ਮਹੀਨਿਆਂ ਤੱਕ ਬਾਦਸਤੂਰ ਦਸ ਵਜੇ ਤਿਆਰ ਹੋ ਕੇ ਪੈਂਟ-ਕੋਟ-ਟਾਈ ਲਾ ਕੇ ਡਰਾਇੰਗ ਰੂਮ ਵਿਚ ਬੈਠ ਜਾਂਦਾ ਤੇ ਅਖਬਾਰ ਪੜ੍ਹਨ ਲੱਗ ਪੈਂਦਾ, ਜਿਵੇਂ ਇਹ ਨਿਹਾਇਤ ਜ਼ਰੂਰੀ ਕੰਮ ਹੋਵੇ। ਨੌਕਰੀ ਕਰਦਿਆਂ ਤਾਂ ਦਿਨ ਦੇ ਨੌਂ ਦਸ ਘੰਟੇ ਬਾਹਰ ਰਹਿਣਾ ਪੱਕਾ ਸੀ। ਹੁਣ ਸਾਰਾ ਦਿਨ ਅਕਸਰ ਘਰ ਹੀ ਰਹਿੰਦਾ ਹਾਂ। ਇਸ ਨਾਲ ਹੋਇਆ ਇਹ ਕਿ ਬਿਨਾਂ ਬੇਵਜ੍ਹਾ ਘਰੇਲੂ ਕੰਮਾਂ ਵਿਚ ਮੀਨ-ਮੇਖ ਕੱਢਣ ਲੱਗਾ। ਕਦੀ ਕਹਿੰਦਾ, “ਨੌਕਰ ਨੂੰ ਤੂੰ ਬਹੁਤ ਜ਼ਿਆਦਾ ਢਿੱਲ੍ਹ ਦਿੱਤੀ ਹੋਈ ਐ! ਜਦੋਂ ਆਵਾਜ਼ ਦਿਓ, ਕਦੀ ਰਸੋਈ ‘ਚ ਹੁੰਦਾ ਈ ਨਹੀਂ!”
“ਵਕਤ ‘ਤੇ ਆਪਣਾ ਕੰਮ ਕਰ ਜਾਂਦੈ, ਸਾਰਾ ਸਮਾਂ ਰਸੋਈ ਵਿਚ ਬੈਠਣ ਦੀ ਭਲਾ ਕੀ ਲੋੜ ਹੈ?”
“ਕਦੀ ਪਿਆਸ ਲੱਗੇ ਤਾਂ ਘੱਟੋ ਘੱਟ ਪਾਣੀ ਪਿਆਉਣ ਵਾਲਾ ਤਾਂ ਕੋਈ ਹੋਵੇ।”
“ਇਹਦੇ ‘ਚ ਕੀ ਐ, ਫਰਿੱਜ ਖੋਲ੍ਹੋ ਤੇ ਪਾਣੀ ਲੈ ਲਓ। ਦਫਤਰ ਦੇ ਚਪੜਾਸੀ ਅਤੇ ਘਰੇਲੂ ਨੌਕਰ ‘ਚ ਫਰਕ ਹੁੰਦੈ।”
“ਇਹ ਤਾਂ ਮੈਨੂੰ ਵੀ ਪਤੈ, ਪਰ ਨੌਕਰ ਬੜੀ ਲਾਪਰਵਾਹੀ ਨਾਲ ਖਾਣਾ ਬਣਾਉਣ ਲੱਗ ਪਏ ਨੇ। ਕਦੀ ਲੂਣ ਵੱਧ ਤੇ ਕਦੀ ਸਬਜ਼ੀ ਕੱਚੀ ਪੱਕੀ! ਖਾਣੇ ਵਿਚ ਸਭ ਕੁਝ ਹਿਸਾਬ ਨਾਲ ਹੋਣਾ ਚਾਹੀਦੈ।”
ਦੂਸਰੇ ਦਿਨ: “ਪ੍ਰੈਸ਼ਰ ਕੁੱਕਰ ਠੀਕ ਤਰ੍ਹਾਂ ਵਰਤਿਆ ਜਾਵੇ ਤਾਂ ਗੈਸ ਦੀ ਬਚਤ ਹੋ ਸਕਦੀ ਹੈ।”
ਤੀਸਰੇ ਦਿਨ: “ਇਹ ਨੰਦਨ ਭਾਂਡੇ ਸਾਫ ਕਰਨ ਲਈ ਪਾਣੀ ਬਹੁਤ ਡੋਲ੍ਹਦੈ! ਭਾਂਡੇ ਸਾਫ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਹੈ। ਉਸ ਤਰ੍ਹਾਂ ਪਾਣੀ ਘੱਟ ਲੱਗਦਾ ਹੈ ਤੇ ਭਾਂਡੇ ਵੱਧ ਸਾਫ ਹੁੰਦੇ ਨੇ।”
ਇਹ ਸੁਣ ਉਮਾ ਹਲਕਾ ਜਿਹਾ ਮੁਸਕਰਾ ਕੇ ਬੋਲੀ, “ਗੱਲ ਤਾਂ ਇੰਜ ਕਰ ਰਹੇ ਓ, ਜਿਵੇਂ ਸਾਰੀ ਉਮਰ ਭਾਂਡੇ ਹੀ ਮਾਂਜਦੇ ਰਹੇ ਹੋæææ ਜਦ ਕਿæææ।”
“ਖੁਦ ਸਾਫ ਨਾ ਵੀ ਕੀਤੇ ਹੋਣ, ਪਰ ਤਰੀਕਾ ਤੇ ਦੱਸ ਈ ਸਕਦਾਂ। ਅੱਜ ਹੀ ਲੇਖ ਪੜ੍ਹਿਐ, ਜੇ ਹੁਣ ਤੁਸੀਂ ਪਾਣੀ ਜ਼ਾਇਆ ਕਰੋਗੇ ਤਾਂ ਆਉਣ ਵਾਲੇ ਸਮੇਂ ‘ਚ ਪਾਣੀ ਪੀਣ ਲਈ ਵੀ ਨਹੀਂ ਲੱਭਣ ਲੱਗਾ!”
“ਨੰਦਨ ਨੂੰ ਆਪ ਹੀ ਸਮਝਾ ਦਿਓ।” ਇੰਨਾ ਕਹਿ ਉਮਾ ਬਾਥਰੂਮ ‘ਚੋਂ ਬਾਲਟੀ ਵਿਚ ਧੋਤੇ ਕੱਪੜੇ ਸੁੱਕਣੇ ਪਾਉਣ ਚਲੀ ਗਈ। ਅਖਬਾਰ ਪੜ੍ਹਦਿਆਂ ਮੈਨੂੰ ਝਪਕੀ ਆ ਗਈ। ਰਸੋਈ ‘ਚੋਂ ਭਾਂਡੇ ਟੁੱਟਣ ਦੀ ਆਵਾਜ਼ ਆਈ, ਮੈਂ ਇਕਦਮ ਹੜਬੜਾ ਕੇ ਉਠ ਬੈਠਾ, “ਕੀ ਹੋਇਆ, ਕੀ ਹੋਇਐ?”
ਉਮਾ ਰਸੋਈ ‘ਚ ਗਈ ਅਤੇ ਬੜੇ ਹੀ ਸ਼ਾਂਤ ਲਹਿਜੇ ‘ਚ ਬੋਲੀ, “ਕੁਝ ਖਾਸ ਨਹੀਂ, ਸਿਰਫ ਕੇਤਲੀ ਦਾ ਢੱਕਣ ਹੀ ਟੁੱਟਿਆ ਹੈ।”
“ਓਹੋ, ਸਾਰਾ ਸੈਟ ਹੀ ਬਰਬਾਦ ਹੋ ਗਿਆ! ਲਾਪਰਵਾਹੀ ਦੀ ਵੀ ਹੱਦ ਹੁੰਦੀ ਐæææ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ।”
“ਜਿਹੜਾ ਕੰਮ ਕਰੇਗਾ, ਨੁਕਸਾਨ ਵੀ ਤਾਂ ਉਹਦੇ ਹੱਥੋਂ ਹੀ ਹੋਏਗਾ!” ਉਮਾ ਮੇਰੇ ਹੀ ਕਹੇ ਹੋਏ ਸ਼ਬਦ ਦੁਹਰਾ ਰਹੀ ਸੀ। ਕਿਉਂਕਿ ਨੌਕਰੀ ਦੌਰਾਨ ਸ਼ੁਰੂ ਵਿਚ ਕੋਈ ਵੀ ਨੁਕਸਾਨ ਹੋ ਜਾਂਦਾ ਤਾਂ ਉਮਾ ਬਹੁਤ ਪਰੇਸ਼ਾਨ ਹੋ ਜਾਂਦੀ ਤੇ ਮੈਂ ਅਕਸਰ ਇਹੀ ਕੁਝ ਕਹਿੰਦਾ ਸਾਂ।
“ਠੀਕ ਕਹਿੰਦੀ ਐਂ, ਉਮਾ।” ਮੈਂ ਹੱਸਦਿਆਂ ਕਿਹਾ, “ਰਿਟਾਇਰਮੈਂਟ ਪਿਛੋਂ ਪਤਾ ਨਹੀਂ ਕੀ ਹੋ ਗਿਐ, ਛੋਟੇ ਛੋਟੇ ਨੁਕਸਾਨ ਵੀ ਵੱਡੇ ਲੱਗਣ ਲੱਗ ਪਏ ਨੇ!”
“ਆਪਣਾ ਧਿਆਨ ਇਨ੍ਹਾਂ ਨੁਕਸਾਨਾਂ ਵੱਲੋਂ ਹਟਾ ਕੇ ਉਨ੍ਹਾਂ ਕੰਮਾਂ ਵੱਲ ਲਾਓ ਜਿਹੜੇ ਤੁਸੀਂ ਨੌਕਰੀ ਕਰਦਿਆਂ ਨਹੀਂ ਕਰ ਸਕੇ।” ਇਹ ਆਖ ਉਮਾ ਧੋਤੇ ਕੱਪੜੇ ਪ੍ਰੈਸ ਕਰਨ ਲੱਗੀ।
ਅਸਲ ਵਿਚ ਜਿਨ੍ਹਾਂ ਦਿਨਾਂ ‘ਚ ਅਸੀਂ ਦੋਵੇਂ ਕੰਮ ‘ਤੇ ਜਾਂਦੇ ਸਾਂ, ਜੇ ਕਿਤੇ ਰਾਤ ਨੂੰ ਬਿਨਾਂ ਪ੍ਰੈਸ ਕੀਤਾ ਕੁੜਤਾ-ਪਜਾਮਾ ਪਹਿਨ ਲੈਂਦਾ, ਉਮਾ ਨੂੰ ਬਹੁਤ ਬੁਰਾ ਲੱਗਦਾ। ਸਿਰਫ ਬੁਰਾ ਹੀ ਨਹੀਂ ਸੀ ਲੱਗਦਾ, ਇਸ ਛੋਟੀ ਜਿਹੀ ਗੱਲ ਨੂੰ ਲੈ ਕੇ ਅਸੀਂ ਬਿਨਾਂ ਵਜ੍ਹਾ ਝਗੜਨ ਲੱਗਦੇ, ਇੱਕ ਦੂਜੇ ਨਾਲ ਖਿਝਣ ਲੱਗ ਪੈਂਦੇ, “ਆਖਿਰ, ਐਸੀ ਵੀ ਕੀ ਮੁਸੀਬਤ ਆ ਗਈ? ਜੇ ਮੈਨੂੰ ਪ੍ਰੈਸ ਕਰਨ ਲਈ ਵਕਤ ਨਹੀਂ ਮਿਲਿਆ ਤਾਂ ਤੁਸੀਂ ਖੁਦ ਵੀ ਤਾਂ ਪ੍ਰੈਸ ਕਰ ਸਕਦੇ ਸੀ!”
“ਕਰ ਤਾਂ ਲੈਂਦਾ, ਪਰ ਮੈਨੂੰ ਲੋੜ ਹੀ ਨਹੀਂ ਜਾਪੀ। ਬਾਹਰ ਜਾਣਾ ਹੋਵੇ ਤਾਂ ਕਮੀਜ-ਪੈਂਟ ਤਾਂ ਪ੍ਰੈਸ ਕਰਨੀ ਹੀ ਹੁੰਦੀ ਐ, ਕੁੜਤਾ-ਪਜਾਮਾ ਪ੍ਰੈਸ ਕਰਨ ਦੀ ਭਲਾ ਕੀ ਲੋੜ?”
ਇਸ ਸਲੀਕੇ ਤੋਂ ਮੈਂ ਬਹੁਤ ਪਰੇਸ਼ਾਨ ਸੀ, ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿਚ ਵਾਰ ਵਾਰ ਸੁਣ ਚੁਕਾ ਸਾਂ, “ਬੈਠਣ ਦਾ ਸਲੀਕਾ, ਉਠਣ ਦਾ ਸਲੀਕਾ, ਖਾਣ ਦਾ, ਗੱਲ ਕਰਨ ਦਾæææ।” ਇਸ ਲਈ ਚੁੱਪ-ਚਾਪ ਲੇਟ ਕੇ ਅੱਖਾਂ ਬੰਦ ਕਰ ਲੈਂਦਾ, ਜਿਵੇਂ ਉਸ ਦੀ ਗੱਲ ਸੁਣੀ ਹੀ ਨਾ ਹੋਵੇ।
ਸੱਚਾਈ ਤਾਂ ਇਹ ਹੈ ਕਿ ਭਾਵੇਂ ਵਿਆਹ ਨਾਲ ਅਸੀਂ ਇੱਕ ਡੋਰ ਨਾਲ ਬੰਨ੍ਹੇ ਗਏ ਹਾਂ, ਪਰ ਆਏ ਤਾਂ ਦੋਵੇਂ ਅਲੱਗ ਅਲੱਗ ਪਰਿਵਾਰਾਂ ਵਿਚੋਂ ਸਾਂ। ਉਨ੍ਹਾਂ ਪਰਿਵਾਰਾਂ ਦੀ ਆਪਣੀ ਰਹਿਣੀ-ਬਹਿਣੀ, ਖਾਣ-ਪੀਣ, ਉਠਣਾ-ਬੈਠਣਾ, ਸੋਚ-ਵਿਚਾਰ; ਗੱਲ ਕੀ, ਜ਼ਿੰਦਗੀ ਜਿਉਣ ਦਾ ਪੂਰਾ ਤਰੀਕਾ ਹੀ ਵੱਖਰਾ ਵੱਖਰਾ ਸੀ। ਜਿਸ ਪਰਿਵਾਰ ਵਿਚ ਇਕ ਉਮਰ ਗੁਜ਼ਾਰੀ, ਜਿਸ ਨੇ ਦੋਹਾਂ ਦੀ ਸ਼ਖਸੀਅਤ ਨੂੰ ਤਰਾਸ਼ਿਆ, ਉਸ ਵਿਚ ਫਰਕ ਹੋਣਾ ਤਾਂ ਕੁਦਰਤੀ ਸੀ।
ਉਮਾ ਫੌਜੀ ਪਰਿਵਾਰ ‘ਚ ਪਲੀ ਸੀ ਜਿਥੇ ਡਿਸਿਪਲਿਨ ਅਤੇ ਕੰਟਰੋਲ ਹੀ ਘਰ ਦਾ ਮੂਲ-ਮੰਤਰ ਸੀ। ਰੋਜ਼ਮੱਰਾ ਦੇ ਸਾਰੇ ਕੰਮ ਘਰ ਦੇ ਪੰਜਾਂ ਮੈਂਬਰਾਂ ‘ਚ ਵੰਡੇ ਹੋਏ ਸਨ। ਸਵੇਰੇ ਉਠਦੇ ਹੀ ਸਾਰੇ ਮਸ਼ੀਨ ਵਾਂਗ ਕੰਮ ਵਿਚ ਜੁਟ ਜਾਂਦੇ। ਬਾਜ਼ਾਰ ਤੇ ਬਗ਼ੀਚੇ ਦੇ ਕੰਮ ਤੋਂ ਇਲਾਵਾ ਆਪਣੇ ਸਾਰੇ ਨਿਜੀ ਕੰਮ ਮੇਜਰ ਮਹਿਤਾਨੀ ਖੁਦ ਕਰਦੇ। ਕੱਪੜੇ ਪ੍ਰੈਸ ਕਰਨ ਅਤੇ ਸਲੀਕੇ ਨਾਲ ਅਲਮਾਰੀ ਵਿਚ ਸੰਭਾਲਣ ਦੀ ਜ਼ਿੰਮੇਵਾਰੀ ਖੁਦ ਲਈ ਹੋਈ ਸੀ।
ਉਮਾ ਦੱਸਦੀ, ਉਸ ਦੇ ਪਿਤਾ ਮੇਜਰ ਮਹਿਤਾਨੀ ਨੇ ਜਾਣ ਬੁੱਝ ਕੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਰਸਮੀ ਜਿਹਾ ਵਤੀਰਾ ਰੱਖਿਆ ਹੋਇਆ ਸੀ। ਜਿਵੇਂ ਮਿਲੇ ਤਾਂ ਹਾਲ-ਚਾਲ ਪੁੱਛ ਲਿਆ ਜਾਂ ਦੁੱਖ-ਸੁੱਖ ‘ਚ ਸਰੀਕ ਹੋ ਗਏ। ਉਹ ਨਹੀਂ ਸੀ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਘਰ ਆ ਕੇ ਰਹੇ, ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਕਈ ਵਾਰ ਮਹੀਨਿਆਂ ਬੱਧੀ ਫੀਲਡ ਵਿਚ ਰਹਿਣਾ ਹੁੰਦਾ ਹੈ, ਅਤੇ ਬੇਟੀਆਂ ਜਵਾਨ ਹੋ ਰਹੀਆਂ ਹਨ।
ਇਧਰ, ਮੇਰੇ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਸਨ, ਪਰ ਮੂਲ ਰੂਪ ਵਿਚ ਕਸਬੇ ਦੇ ਦੁਕਾਨਦਾਰਾਂ ਦੇ ਪਰਿਵਾਰਾਂ ਵਿਚੋਂ ਸਨ। ਸਾਰੇ ਲੋਕ ਉਨ੍ਹਾਂ ਨੂੰ ‘ਬਾਊ ਜੀ’ ਕਹਿ ਕੇ ਬੁਲਾਉਂਦੇ। ਹਰ ਮਿਲਣ ਵਾਲੇ ਨੂੰ ਉਹ ਪੰਜ ਮਿੰਟ ਵਿਚ ਹੀ ਆਪਣਾ ਬਣਾ ਲੈਂਦੇ। ਇਹੀ ਨਹੀਂ, ਉਹ ਤਾਂ ਕੋਈ ਨਾ ਕੋਈ ਦੂਰ ਪਾਰ ਦਾ ਰਿਸ਼ਤਾ ਵੀ ਕੱਢ ਲੈਂਦੇ। ਕੋਈ ਉਨ੍ਹਾਂ ਦੀ ਭੂਆ ਦੇ ਲੜਕੇ ਦਾ ਸਹੁਰਾ ਹੁੰਦਾ, ਕੋਈ ਸਾਡੇ ਨਾਨਾ ਜੀ ਦੇ ਪਰਿਵਾਰ ਦਾ ਨਿਕਲ ਆਉਂਦਾ। ਇਥੇ ਹੀ ਬੱਸ ਨਹੀਂ, ਕੋਈ ਪਾਕਿਸਤਾਨ ਦੇ ਕਿਸੇ ਵੀ ਇਲਾਕੇ ‘ਚੋਂ ਆਇਆ ਹੋਵੇ ਤਾਂ ਉਨ੍ਹਾਂ ਦਾ ਹਮ-ਵਤਨੀ ਸੀ!
ਇਕ ਦਿਨ ਉਮਾ ਥੱਕੀ ਟੁੱਟੀ ਕਾਲਜ ਤੋਂ ਘਰ ਆਈ ਤਾਂ ਬਾਊ ਜੀ ਕੋਲ ਤਿੰਨ-ਚਾਰ ਜਣੇ ਬੈਠੇ ਸਨ।
“ਆਪਣੇ ਨੇ, ਖਾਣਾ ਏਥੇ ਹੀ ਖਾਣਗੇ!” ਬਾਊ ਜੀ ਦੇ ਸਾਹਮਣੇ ਤਾਂ ਉਮਾ ਨੇ ਕੁਝ ਨਹੀਂ ਕਿਹਾ, ਪਰ ਮੇਰੇ ਵਾਪਸ ਆਉਂਦਿਆਂ ਹੀ ਖਿਝ ਕੇ ਬੋਲੀ, “ਇਹ ਘਰ ਹੈ ਜਾਂ ਸਰਾਂ, ਜਦੋਂ ਮਰਜ਼ੀ ਕੋਈ ਵੀ ਆ ਟਪਕਦਾ ਐ।”
“ਭਰਿਆ ਪੂਰਾ ਪਰਿਵਾਰ ਹੈ, ਇੰਜ ਤਾਂ ਹੋਵੇਗਾ ਹੀ।”
“ਤਾਂ ਫਿਰ ਸੰਭਾਲੋ ਆਪਣੇ ਪਰਿਵਾਰ ਨੂੰ, ਮੈਂ ਤਾਂ ਚੱਲੀ!” ਕਹਿ ਕੇ ਉਹ ਆਪਣੇ ਬੈਡਰੂਮ ਵੱਲ ਚਲੀ ਗਈ।
ਅਚਾਨਕ ਧਿਆਨ ਆਪਣਾ ਵਿਆਹ ਹੋਣ ਤੋਂ ਬਾਅਦ ਦੇ ਦਿਨਾਂ ਵੱਲ ਚਲਾ ਗਿਆ। ਭਰੇ ਪੂਰੇ ਪਰਿਵਾਰ ‘ਚ ਲਗਾਤਾਰ ਮੌਕੇ ਦੀ ਤਲਾਸ਼ ‘ਚ ਰਹਿਣਾ- ਕਿਸੇ ਤਰ੍ਹਾਂ ਇੱਕ ਦੂਜੇ ਦੇ ਕੋਲ ਹੋ ਸਕੀਏ, ਕਿਤੇ ਇਕਾਂਤ ਵਿਚ ਇੱਕ-ਦੂਸਰੇ ਨੂੰ ਆਪਣੀਆਂ ਬਾਹਾਂ ਵਿਚ ਲੈ ਸਕੀਏ। ਨੌਜਵਾਨ ਬਦਨ ਅਤੇ ਆਪਸੀ ਚੁੰਬਕੀ ਖਿੱਚ, ਓਹੀ ਲਪਕ-ਝਪਕ ਦੌਰਾਨ ਆਮ ਤੌਰ ‘ਤੇ ਕਹੇ ਜਾਂਦੇ ਸ਼ਬਦ:
“ਅਸੀਂ ਦੋ ਸਰੀਰ, ਇਕ ਜਾਨ ਹਾਂ।”
“ਸਾਡਾ ਤਾਂ ਜਨਮ ਜਨਮਾਂਤਰ ਦਾ ਸਬੰਧ ਹੈ, ਤੂੰ ਉਮਾ ਤੇ ਮੈਂ ਮਹੇਸ਼!”
ਕਿੰਨਾ ਮਿੱਠਾ ਪਿਆਰਾ ਜਿਹਾ ਅਹਿਸਾਸ ਹੁੰਦਾ ਸੀ! ਪਰ ਅੱਜ, ਹਾਲੇ ਦੋ ਸਾਲ ਵੀ ਨਹੀਂ ਹੋਏ ਵਿਆਹ ਨੂੰ ਤੇ ਕਿਵੇਂ ਪਟਾਕ ਦੇਣੀ ਕਹਿ ਗਈ, “ਸੰਭਾਲੋ ਆਪਣੇ ਟੱਬਰ ਨੂੰ, ਮੈਂ ਤਾਂ ਚੱਲੀ।” ਮੈਂ ਸੋਚ ਰਿਹਾ ਸਾਂ, ਹੁਣੇ ਅਟੈਚੀ ਚੁੱਕੇਗੀ ਤੇ ਕਹੇਗੀ, “ਬੱਸ, ਬਸ ਸਟੌਪ ਤੱਕ ਛੱਡ ਆਓ!”
ਪਰ ਕੀ ਦੇਖਦਾ ਹਾਂ ਕਿ ਉਮਾ ਕੱਪੜੇ ਬਦਲ ਕੇ ਆਈ ਅਤੇ ਸਿੱਧਾ ਰਸੋਈ ‘ਚ ਮਹਿਮਾਨਾਂ ਲਈ ਖਾਣਾ ਬਣਾਉਣ ਲੱਗੀ!
ਮੈਂ ਮਹਿਸੂਸ ਕੀਤਾ ਕਿ ਜਦੋਂ ਵਿਆਹ ਤੋਂ ਇਕਦਮ ਬਾਅਦ ਪਤੀ-ਪਤਨੀ ਚਾਹਤ ਭਰੀ ਕਾਮਨਾ ਨਾਲ ਜ਼ਿੰਦਗੀ ਜੀ ਰਹੇ ਹੁੰਦੇ ਹਨ, ਪਰਿਵਾਰਕ ਸੰਸਕਾਰ ਥੋੜ੍ਹੇ ਥੋੜ੍ਹੇ ਪਿਘਲਣ ਲੱਗਦੇ ਹਨ। ਇਹ ਸ਼ਰਤ ਜ਼ਰੂਰ ਹੁੰਦੀ ਹੈ ਕਿ ਇਸ ਚਾਹਤ ਭਰੀ ਕਾਮਨਾ ਨੂੰ ਜਿਉਂਦੇ ਜੀਅ ਆਪਣੀ ਨਿਜੀ ਤੀਸਰੀ ਦੁਨੀਆਂ ਵੀ ਬਣਾ ਸਕਣ। ਇਸੇ ਦੌਰਾਨ, ਇੱਕ-ਦੂਜੇ ਨੂੰ ਸਵੀਕਾਰ ਕਰਨ ਦਾ, ਪਰਵਾਨ ਕਰਨ ਦਾ ਜਾਦੂ ਵੀ ਕੰਮ ਕਰਦਾ ਹੈ। ਅੱਜ ਵੀ ਇਸੇ ਜਾਦੂ ਨੇ ਕੰਮ ਕੀਤਾ।
ਜੇ ਇਹ ਜਾਦੂ ਕਿਤੇ ਕੰਮ ਨਹੀਂ ਕਰਦਾ ਤਾਂ ਉਹ ਹੈ ਸਾਡੀਆਂ ਪੱਕੀਆਂ ਹੋਈਆਂ ਆਦਤਾਂ ‘ਤੇ; ਜਿਵੇਂ ਉਮਾ ਦੀ ਸਫਾਈ ਪਸੰਦੀ ਦੀ ਅਤੇ ਮੇਰੀ ਲਾਪਰਵਾਹੀ ਦੀਆਂ ਆਦਤਾਂ ‘ਤੇ। ਸਫਾਈ ਪਸੰਦੀ ਵੀ ਕੋਈ ਚੀਜ਼ ਹੁੰਦੀ ਹੈ। ਸਭ ਕੱਪੜੇ, ਕਾਗਜ਼ਾਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਕਰੀਨੇ ਨਾਲ ਸਜੀਆਂ ਆਪਣੀ ਆਪਣੀ ਥਾਂ ‘ਤੇ ਪਈਆਂ ਹੋਣ।
ਲੇਕਿਨ, ਲਾਪਰਵਾਹੀ ਦੇ ਕਿੰਨੇ ਹੀ ਪੱਧਰ ਹੁੰਦੇ ਹਨ। ਜੇ ਕਿਤੇ ਲਾਪਰਵਾਹੀ ਨਾਲ ਸੁਸਤੀ ਵੀ ਮਿਲ ਜਾਏ ਤਾਂ ਬੱਸ, ਪੁੱਛੋ ਹੀ ਨਾ। ਜੇ ਰਾਤ ਨੂੰ ਇਸੇ ਬਿਸਤਰੇ ‘ਚ ਸੌਣਾ ਹੈ ਤਾਂ ਰਜਾਈ ਨੂੰ ਤਹਿ ਲਾ ਕੇ ਸਹੀ ਜਗ੍ਹਾ ‘ਤੇ ਰੱਖਣ ਜਾਂ ਬੈਡ-ਕਵਰ ਵਿਛਾਉਣ ਦੀ ਭਲਾ ਕੀ ਲੋੜ? ਇਕ ਦਿਨ, ਉਮਾ ਤੇ ਮੈਂ ਘਰ ਇਕੱਲੇ ਸਾਂ। ਮੇਰੇ ਪਾਏ ਕਿਸੇ ਖਿਲਾਰੇ ਨੂੰ ਦੇਖ ਭੜਕ ਪਈ, “ਕਈ ਵਾਰ ਲੱਗਦੈ ਜਿਵੇਂ ਕਿਸੇ ਕਬਾੜਖਾਨੇ ‘ਚ ਰਹਿ ਰਹੀ ਹਾਂ। ਮਜਾਲ ਐ ਕੋਈ ਚੀਜ਼ ਕਿਤੇ ਟਿਕਾਣੇ ਸਿਰ ਮਿਲ ਜਾਏ! ਕਿੰਨੀ ਕੁ ਵਾਰ ਸੰਭਾਲੀ ਜਾਓæææ ਬੱਸ, ਤੰਗ ਆ ਚੁੱਕੀ ਆਂ ਮੈਂ ਤਾਂ। ਦਿਨ ‘ਚ ਭਾਵੇਂ ਦਸ ਵਾਰ ਕੱਪੜੇ ਸਮੇਟ ਲਓ, ਹਾਲਤ ਫਿਰ ਉਵੇਂ ਦੀ ਉਵੇਂ!”
“ਜਿਥੋਂ ਕੱਪੜੇ ਉਤਾਰਨਗੇ, ਉਥੇ ਹੀ ਸੁੱਟ ਕੇ ਤੁਰ ਪੈਣਗੇæææ ਇਹ ਨਹੀਂ ਕਿ ਅਲਮਾਰੀ ਵਿਚ ਤਹਿ ਲਾ ਕੇ ਰੱਖ ਦੇਣ।” ਉਮਾ ਗੁੱਸੇ ‘ਚ ਸੀ।
ਮੈਂ ਚੁੱਪ ਰਿਹਾ। ਵਿਆਹ ਵਾਲੀ ਪਹਿਲੀ ਰਾਤ ਹੀ ਅਸੀਂ ਆਪਸ ਵਿਚ ਫੈਸਲਾ ਕਰ ਲਿਆ ਸੀ ਕਿ ਜਦ ਇੱਕ ਗੁੱਸੇ ‘ਚ ਹੋਵੇ, ਦੂਸਰਾ ਚੁੱਪ ਰਹੇਗਾ।
ਗੁੱਸਾ ਜਾਰੀ ਸੀ, “ਮੇਜ਼ ਹੈ ਕਿ ਆਲਤੂ-ਫਾਲਤੂ ਕਾਗਜ਼ਾਂ ਨਾਲ ਭਰਿਆ ਰਹੇਗਾ। ਕੋਈ ਕੰਮ ਦਾ ਕਾਗਜ਼ ਲੱਭਣਾ ਹੋਵੇ, ਵਕਤ ‘ਤੇ ਕਦੀ ਨਹੀਂ ਲੱਭਦਾ। ਸਾਰਾ ਘਰ ਉਲਟ-ਪੁਲਟ ਕਰ ਦੇਣਗੇ। ਇਹ ਦਰਾਜ਼ ਦੇਖੋ, ਕੋਈ ਸ਼ੈਲਫ ਦੇਖੋ! ਅਲਮਾਰੀ ਦਾ ਇੱਕ ਇਕ ਖਾਨਾ ਦੇਖੋ! ਸਾਰੇ ਬਿਸਤਰੇ ‘ਤੇ ਕਾਗਜ਼ ਹੀ ਕਾਗਜ਼!”
ਸੁਭਾਵਕ ਹੀ ਆਪਣੀਆਂ ਇਨ੍ਹਾਂ ਕਮਜ਼ੋਰੀਆਂ ਬਾਰੇ ਮੈਂ ਪੂਰੀ ਤਰ੍ਹਾਂ ਜਾਣਦਾ ਹਾਂ। ਲੇਕਿਨ ਜਦੋਂ ਉਮਾ ਇਨ੍ਹਾਂ ਨੂੰ ਉਘਾੜ ਕੇ ਸਾਹਮਣੇ ਲਿਆਉਂਦੀ ਹੈ ਤਾਂ ਅੰਦਰ ਅਚਵੀ ਜਿਹੀ, ਬੇਚੈਨੀ ਜਿਹੀ ਮਹਿਸੂਸ ਕਰਦਾ ਹਾਂ; ਪਰ ਆਪਣੇ ਅੰਦਰ ਦੇ ਤਣਾਅ, ਆਪਣੀ ਖਿਝ ਨੂੰ ਗੁੱਸੇ ‘ਚ ਬਦਲਣ ਤੋਂ ਰੋਕੀ ਰੱਖਦਾ ਹਾਂ ਅਤੇ ਝੁੰਜਲਾ ਕੇ ਬੱਸ ਇੰਨਾ ਹੀ ਕਹਿੰਦਾ ਹਾਂ, “ਬੱਸ, ਬੱਸ ਕਾਫੀ ਹੋ ਗਿਆ।”
ਇਹੋ ਜਿਹੇ ਮੌਕੇ ‘ਤੇ ਉਮਾ ਅਕਸਰ ਕਹਿ ਉਠਦੀ ਹੈ, “ਇਸੇ ਲਈ ਤਾਂ ਮੈਂ ਕੁਝ ਬੋਲਦੀ ਨਹੀਂ, ਪਤਾ ਜੋ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਣਾ।”
ਹੁਣ ਤਾਂ ਉਮਾ ਦਾ ਇਹੀ ਤਕੀਆ ਕਲਾਮ ਬਣ ਚੁੱਕਾ ਹੈ, “ਇਸੇ ਮਾਰੇ ਤਾਂ ਮੈਂ ਕੁਝ ਬੋਲਦੀ ਨਹੀ।”
ਇਸ ਤਕੀਆ ਕਲਾਮ ਨੇ ਕਮਾਲ ਕਰ ਦਿਖਾਇਆ। ਦੋਹਾਂ ਦੀ ਸਮਝ ‘ਚ ਆ ਗਿਆ ਕਿ ਇੱਕ-ਦੂਸਰੇ ਨੂੰ ਬਦਲਣਾ ਮੁਮਕਿਨ ਨਹੀਂ। ਜੋ ਹੈ ਸੋ ਹੈ। ਜੇ ਨਾਲ ਨਾਲ ਰਹਿਣਾ ਹੈ ਤਾਂ ਇੱਕ ਦੂਸਰੇ ਨੂੰ ਆਪਣੀਆਂ ਕਮੀਆਂ-ਬੇਸ਼ੀਆਂ ਦੇ ਨਾਲ ਹੀ ਮਨਜ਼ੂਰ ਕਰਨ ‘ਚ ਭਲਾਈ ਹੈ! ਦੋਹਾਂ ਦੀ ਸਮਝ ‘ਚ ਆ ਗਿਆ ਕਿ ਇੱਕ-ਦੂਸਰੇ ਨੂੰ ਬਦਲਣਾ ਮੁਮਕਿਨ ਨਹੀਂ। ਜੋ ਹੈ ਸੋ ਹੈ। ਸੱਚ ਤਾਂ ਇਹ ਹੈ ਕਿ ਅਲੱਗ ਅਲੱਗ ਆਦਤਾਂ, ਸ਼ੌਕ ਜਾਂ ਸੁਭਾਅ ਵਿਚ ਫਰਕ ਹੋਣ ਦੇ ਬਾਵਜੂਦ ਇੰਨੇ ਸਾਲਾਂ ਤੋਂ ਇਕੱਠੇ ਰਹਿੰਦੇ ਆ ਰਹੇ ਹਾਂ।
ਬੱਸ, ਇੰਨੀ ਕੋਸ਼ਿਸ਼ ਜ਼ਰੂਰ ਕਰਦੇ ਰਹੇ ਹਾਂ ਕਿ ਹਾਲਾਤ ਚਾਹੇ ਕੋਈ ਵੀ ਹੋਣ, ਆਦਤਨ ਫਰਕ ਹੋਣ ਦੇ ਬਾਵਜੂਦ, ਸਾਡੇ ਰਿਸ਼ਤੇ ਵਿਚ ਦੂਰੀ ਕਦੇ ਨਾ ਆਏ। ਰੇਲ ਦੀਆਂ ਦੋ ਪਟੜੀਆਂ ਵਾਂਗ ਜਿਨ੍ਹਾਂ ਵਿਚਲੇ ਫਾਸਲੇ ਦੀ ਬਰਾਬਰੀ ਹੀ ਰਿਸ਼ਤਿਆਂ ਦੀ ਪਛਾਣ ਬਣ ਜਾਂਦੀ ਹੈ ਅਤੇ ਬਰਾਬਰੀ ਦੇ ਇਸੇ ਰਿਸ਼ਤੇ ਦੇ ਸਹਾਰੇ ਹੀ ਗੱਡੀ ਚੱਲਦੀ ਰਹਿੰਦੀ ਹੈ।
ਅਸਲ ‘ਚ ਜਿਨ੍ਹਾਂ ਦਿਨਾਂ ਵਿਚ ਅਸੀਂ ਦੋਵੇਂ ਨੌਕਰੀ ਕਰਦੇ ਸਾਂ, ਭੱਜ-ਦੌੜ ਇੰਨੀ ਹੁੰਦੀ ਕਿ ਇੱਕ-ਦੂਜੇ ਨਾਲ ਜ਼ਰੂਰੀ ਗੱਲ ਕਰਨ ਲਈ ਵੀ ਮੌਕਾ ਲੱਭਣਾ ਪੈਂਦਾ। ਹਮੇਸ਼ਾ ਨੌਕਰੀ, ਘਰ ਤੇ ਬੱਚਿਆਂ ਦੇ ਇੰਨੇ ਕੰਮ ਦੋਹਾਂ ਦੇ ਜ਼ਿਹਨ ‘ਤੇ ਸਵਾਰ ਰਹਿੰਦੇ ਕਿ ਦਿਨੇ ਤਾਂ ਅਸੀਂ ਇੰਜ ਮਿਲਦੇ ਜਿਵੇਂ ਦੋ ਐਕਸਪ੍ਰੈਸ ਰੇਲ ਗੱਡੀਆਂ ਕਿਸੇ ਜੰਕਸ਼ਨ ‘ਤੇ ਅਚਾਨਕ ਮਿਲ ਜਾਣ, ਪਰ ਦੋਵਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਕਾਹਲ ਹੋਵੇ!
ਹੁਣ ਜਦੋਂ ਰਿਟਾਇਰ ਹੋਇਆਂ ਵੀ ਵੀਹ ਸਾਲ ਹੋ ਗਏ ਨੇ, ਤਾਂ ਇੰਜ ਲੱਗਦੈ ਕਿ ਅਸੀਂ ਦੋਵੇਂ ਮਾਲ ਗੱਡੀ ਦੇ ਉਹ ਡੱਬੇ ਹਾਂ ਜੋ ਕਿਸੇ ਸਟੇਸ਼ਨ ਦੇ ਆਊਟ ਯਾਰਡ ਵਿਚ ਖੜ੍ਹੇ ਹਾਂ ਜਿਥੋਂ ਅੱਗੇ ਜਾਣ ਦਾ ਕੋਈ ਰਾਹ ਹੈ ਹੀ ਨਹੀਂ।
ਹੁਣ ਬਹੁਤਾ ਵਕਤ ਤਾਂ ਘਰ ਹੀ ਹੁੰਦੇ ਹਾਂ। ਮੇਰਾ ਦਿਨ ਤਾਂ ਸਵੇਰ ਦੀ ਸੈਰ, ਨਾਸ਼ਤੇ, ਅਖਬਾਰ ਪੜ੍ਹਨ ਵਰਗੇ ਜ਼ਰੂਰੀ ਕੰਮ, ਖਾਣ-ਪੀਣ, ਛੋਟੀ ਜਿਹੀ ਝਪਕੀ ਜਾਂ ਸ਼ਾਮ ਦੀ ਚਾਹ ‘ਚ ਹੀ ਨਿਕਲ ਜਾਂਦਾ ਹੈ। ਉਮਾ ਦੀ ਆਪਣੀ ਰੁਟੀਨ ਹੈ। ਸਫਾਈ ਵਾਲੀ ਦੇ ਆਉਣ ਦਾ ਵੇਲਾ ਹੋ ਗਿਐ ਜਾਂ ਬਰਤਨ ਧੋਣ ਤੇ ਖਾਣਾ ਬਣਾਉਣ ਵਾਲੀ ਨੂੰ ਉਡੀਕਣਾ ਐ। ਘੰਟੀ ਵੱਜੀ ਤਾਂ ਸਬਜ਼ੀ ਵਾਲਾ ਆਇਐæææ ਬਾਕੀ ਵਕਤ ਭਗਵਾਨ ਦੀ ਪੂਜਾæææ ਜਿਹੜੇ ਕੰਮ ਦਾ ਜ਼ਿੰਮਾ, ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੇ ਸਿਰ ਲਿਆ ਐ, ਉਹ ਹੈ ਸ਼ਾਮ ਦੀ ਚਾਹ ਦਾ। ਸ਼ਾਮ ਨੂੰ ਚਾਹ ਦੀਆਂ ਚੁਸਕੀਆਂ ਨਾਲ ਗੁਜ਼ਰੇ ਵਕਤ ਦੀਆਂ ਮਿੱਠੀਆਂ ਜਿਹੀਆਂ ਗੱਲਾਂ ਕਰ ਲੈਂਦੇ ਆਂ ਤੇ ਨਾਲੇ ਸ਼ੁਕਰ ਮਨਾਉਂਦੇ ਹਾਂ ਕਿ ਇਕ ਦਿਨ ਹੋਰ ਸੁਹਣਾ ਨਿਕਲ ਗਿਐ।
“ਯਾਦ ਐ, ਤਿੰਨ ਮਹੀਨੇ ਬਿਮਾਰ ਰਹਿਣ ਤੋਂ ਬਾਅਦ ਜਿਸ ਦਿਨ ਤੁਹਾਨੂੰ ਮੂੰਹ ਰਾਹੀਂ ਕੁਝ ਖਾਣ ਦੀ ਇਜਾਜ਼ਤ ਮਿਲੀ ਸੀæææ ਵੱਡੇ ਭਾਈ ਸਾਹਿਬ ਨੇ ਜਦੋਂ ਪੁੱਛਿਆ, ਕੀ ਲੈਣ ਨੂੰ ਜੀਅ ਕਰਦੈ? ਤੁਸੀਂ ਕਿਹਾ, ਚਾਹ।”
“ਹਾਂ, ਯਾਦ ਐ। ਜਿੰਨਾ ਸੁਆਦ ਚਾਹ ਦੇ ਉਸ ਚਮਚ ਵਿਚ ਸੀ, ਉਨਾ ਸੁਆਦ ਕਦੀ ਨਹੀਂ ਆਇਆ।”
“ਅਜੀਬ ਜਿਹੀ ਚਮਕ ਸੀ ਉਸ ਦਿਨ ਤੁਹਾਡੇ ਚਿਹਰੇ ‘ਤੇ। ਅਸਲ ‘ਚ ਉਸੇ ਦਿਨ ਹੀ ਤਾਂ ਡਾਕਟਰ ਨੇ ਤੁਹਾਡੀਆਂ ਸਭ ਨਾਲੀਆਂ ਉਤਾਰੀਆਂ, ਤਾਂ ਲੱਗਾ ਸੀ ਕਿ ਹੁਣ ਤੁਸੀਂ ਪੂਰੀ ਤਰ੍ਹਾਂ ਠੀਕ ਹੋ ਜਾਓਗੇ।” ਉਮਾ ਨੇ ਚਾਹ ਦੀ ਚੁਸਕੀ ਲੈਂਦਿਆਂ ਕਿਹਾ।
“ਤੂੰ ਵੀ ਹਸਪਤਾਲ ਦੇ ਕਮਰੇ ‘ਚੋਂ ਬਾਹਰ ਉਸ ਦਿਨ ਹੀ ਗਈ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਐ। ਪੂਰੇ ਤਿੰਨ ਮਹੀਨੇ ਤੂੰ ਮੇਰੇ ਪਰਛਾਵੇਂ ਵਾਂਗ ਉਸ ਕਮਰੇ ‘ਚ ਹੀ ਰਹੀ।” ਕੁਰਸੀ ਤੋਂ ਉਠ ਕੇ ਮੈਂ ਆਪਣੀ ਸੋਟੀ ਟੋਲਣ ਲੱਗਾ। ਅਕਸਰ ਨਾਲ ਦੀ ਕੁਰਸੀ ‘ਤੇ ਟਿਕਾ ਦਿੰਦਾ ਸੀ ਉਸ ਨੂੰ।
“ਸੋਟੀ ਦੇ ਗੁੰਮ ਹੋਣ ਦਾ ਮਤਲਬ ਐ, ਤੁਸੀਂ ਬਿਨਾਂ ਸੋਟੀ ਦੇ ਵੀ ਤੁਰ ਸਕਦੇ ਹੋ, ਪਰ ਉਦੋਂ ਬਿਮਾਰੀ ਦੇ ਦਿਨਾਂ ‘ਚ ਨਾ ਬੋਲ ਸਕਦੇ ਸੀ ਤੇ ਨਾ ਹੀ ਉਂਗਲੀ ਹਿਲਾ ਸਕਦੇ ਸੀ। ਸਿਰਫ ਅੱਖ ਦੇ ਇਸ਼ਾਰਿਆਂ ਨਾਲ ਹੀ ਆਪਣੀ ਤਕਲੀਫ ਦੱਸ ਸਕਦੇ ਸੀ। ਤੇ ਹੁਣæææ।”
“ਸਮਝ ਗਿਆ।” ਵਿਚੋਂ ਹੀ ਟੋਕ ਕੇ ਬੋਲਿਆ, “ਪਰ ਮੇਰੀ ਸੋਟੀæææ?”
“ਮਿਲ ਜਾਏਗੀ, ਐਥੇ ਹੀ ਘਰ ਦੇ ਕਿਸੇ ਕੋਨੇ ‘ਚ ਪਈ ਹੋਣੀ ਐ। ਇਹ ਕਿਹੜੀ ਮੇਰੀ ਬੈਸਾਖੀ ਹੈ ਜਿਸ ਬਿਨਾਂ ਇਕ ਪੈਰ ਨਹੀਂ ਚੁੱਕ ਹੋਣਾ ਮੇਰੇ ਕੋਲੋਂ?”
“ਬੈਸਾਖੀ ਕਿਥੋਂ ਯਾਦ ਆ ਗਈ? ਇਹ ਤਾਂ ਸਾਲਾਂ ਪੁਰਾਣੀ ਗੱਲ ਐ।” ਮੈਂ ਕਿਹਾ।
“ਹੈ ਤਾਂ ਸਾਲਾਂ ਪੁਰਾਣੀ, ਪਰ ਮੈਨੂੰ ਅੱਜ ਵੀ ਯਾਦ ਹੈ। ਐਕਸੀਡੈਂਟ ਤੋਂ ਬਾਅਦ ਜਦੋਂ ਹਿੱਪ ਰਿਪਲੇਸਮੈਂਟ ਤੇ ਫਰੈਕਚਰ ਹੋਇਆ ਸੀ, ਤੁਸੀਂ ਪੂਰੇ ਸਾਲ ਭਰ ਲਈ ਬਾਹਰ ਜਾ ਕੇ ਕਰਨ ਵਾਲੇ ਸਾਰੇ ਕੰਮਾਂ ਤੋਂ ਮਨ੍ਹਾਂ ਕਰ ਦਿੱਤਾ ਸੀ।” ਉਮਾ ਚਾਹ ਵਾਲੇ ਕੱਪ ਪਲੇਟਾਂ ਰੱਖਣ ਲਈ ਉਠੀ ਤਾਂ ਕਹਿਣ ਲੱਗੀ, “ਤੁਸੀਂ ਆਰਾਮ ਨਾਲ ਬੈਠੇ ਰਹੋ, ਮੈਂ ਲੱਭ ਕੇ ਲਿਆਉਂਦੀ ਹਾਂ ਤੁਹਾਡੀ ਸੋਟੀ।”
ਉਮਾ ਨੂੰ ਪਤਾ ਸੀ ਕਿ ਮੈਂ ਸੋਟੀ ਕਿਥੇ ਕੁ ਰੱਖ ਸਕਦਾ ਹਾਂ, ਉਹ ਸਿੱਧੀ ਉਨ੍ਹਾਂ ਹੀ ਥਾਂਵਾਂ ‘ਤੇ ਲੱਭਣ ਤੁਰ ਪਈ। ਮੈਂ ਮਨ ਹੀ ਮਨ ਸੋਚ ਰਿਹਾ ਸਾਂ ਕਿ ਤੁਰਦੇ ਫਿਰਦੇ ਰਹਿਣ ਨਾਲ ਸਰੀਰ ਦੀਆਂ ਤਕਲੀਫਾਂ ਤੋਂ ਤਾਂ ਛੁਟਕਾਰਾ ਮਿਲ ਗਿਆ, ਪਰ ਉਸ ਤਕਲੀਫ ਦਾ ਕੀ ਕਰੀਏ ਜਿਹਦਾ ਕੋਈ ਇਲਾਜ ਹੀ ਨਹੀਂ। ਬੇਟੀ ਦਾ ਐਸੇ ਗ਼ਲਤ ਆਦਮੀ ਨਾਲ ਵਿਆਹ ਹੋ ਗਿਐ ਜਿਹਨੂੰ ਨਾ ਉਹ ਛੱਡ ਸਕਦੀ ਐ ਤੇ ਨਾ ਹੀ ਉਹਦੇ ਨਾਲ ਰਹਿ ਸਕਦੀ ਐ। ਉਮਾ ਨੇ ਤਾਂ ਰੋ ਰੋ ਕੇ ਆਪਣੀਆਂ ਅੱਖਾਂ ਵੀ ਖਰਾਬ ਕਰ ਲਈਆਂ, ਪਰ ਕੋਈ ਹੱਲ ਨਹੀਂ ਨਿਕਲਿਆ। ਹੱਲ ਇਹੀ ਹੈ ਕਿ ਇਸ ਬਾਰੇ ਸੋਚੋ ਨਾ। ਚੱਲੀ ਚੱਲੋ! ਸਵੀਕਾਰ ਕਰੋ।
ਇਨ੍ਹਾਂ ਸਭ ਤਕਲੀਫਾਂ ਨਾਲ ਵੀਹ ਸਾਲ ਬੀਤ ਗਏ। ਹੁਣ ਤਾਂ ਸਾਡੀ ਉਮਰ ਅੱਸੀ ਤੋਂ ਵੀ ਵੱਧ ਹੋ ਗਈ ਐ। ਹਰ ਰੋਜ਼ ਸਵੇਰੇ ਉਠ ਕੇ ਸ਼ੁਕਰ ਮਨਾਉਂਦੇ ਹਾਂ ਕਿ ਦੋਹਾਂ ਨੂੰ ਇਕੱਠੇ ਜੀਣ ਲਈ ਇਕ ਦਿਨ ਹੋਰ ਮਿਲ ਗਿਆ ਹੈ। ਸਮੇਂ ਨੇ ਸਾਡੇ ਆਪਸੀ ਪਿਆਰ ਦੀ ਇਸ ਮਹੀਨ ‘ਤੰਦ’ ਨੂੰ ਹੋਰ ਵੀ ਮਹੀਨ ਕਰ ਦਿੱਤਾ ਹੈæææ ਇਹੀ ਤਾਂ ਉਹ ‘ਰਾਗ ਤੰਤੂ’ ਹੈ ਜਿਸ ਨੇ ਸਾਡੇ ਰਿਸ਼ਤੇ ਨੂੰ ਜੋੜ ਕੇ ਰੱਖਿਆ ਹੋਇਆ ਹੈ। ਇਸ ਮਹੀਨ ਡੋਰ ਨਾਲ ਸਾਡਾ ਜੀਣਾ ਹੋਰ ਸੁਖਦਾਈ ਹੋ ਗਿਆ ਹੈ।
ਅਚਾਨਕ ਧਿਆਨ ਆਇਆ ਕਿ ਅੱਜ ਮੇਰੇ ਪੋਤੇ ਮਾਧਵ ਦਾ ਜਨਮ ਦਿਨ ਹੈ। ਉਸ ਨੂੰ ਮੁਬਾਰਕ ਦੇਣ ਲਈ ਫੋਨ ਕਰਨਾ ਹੈ।
ਜਦ ਤੱਕ ਜ਼ਿੰਦਾ ਹਾਂ, ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਨੂੰ ਜਨਮ ਦਿਨ ਦੀ ਵਧਾਈ ਦੇਣੀ; ਬੇਟੇ ਬੇਟੀਆਂ ਦੀ ਸ਼ਾਦੀ ਦੀ ਸਾਲਗਿਰ੍ਹਾ ‘ਤੇ ਸ਼ੁਭ-ਕਾਮਨਾ ਦੇ ਸੁਨੇਹੇ ਤਾਂ ਪਹੁੰਚਾਉਣੇ ਹੀ ਹਨ। ਸਵੇਰੇ ਨਾਸ਼ਤਾ ਕਰ ਕੇ ਉਠਣ ਲੱਗਾ, ਤਾਂ ਉਮਾ ਬੋਲੀ, “ਏ ਜੀ!”
ਮੈਂ ਬਾਹਰ ਜਾਣ ਲਈ ਕਦਮ ਪੁੱਟਿਆ ਹੀ ਸੀ ਤਾਂ ਉਚੀ ਆਵਾਜ਼ ਵਿਚ ਬੋਲੀ, “ਸੁਣਦੇ ਓ!”
“ਸੁਣ ਰਿਹਾਂ, ਬਈ ਸੁਣ ਰਿਹਾਂ।” ਕਹਿੰਦਿਆਂ ਫਿਰ ਬੈਠ ਗਿਆ, “ਮੈਨੂੰ ਉਚਾ ਜ਼ਰੂਰ ਸੁਣਦਾ ਐ, ਪਰ ਐਸੀ ਵੀ ਹਾਲਤ ਨਹੀਂ ਕਿ ਸੁਣਾਈ ਹੀ ਨਾ ਦੇਵੇ।”
“ਕਿੱਥੇ ਜਾ ਰਹੇ ਹੋ?”
“ਬਾਹਰ ਵਰਾਂਡੇ ‘ਚ, ਧੁੱਪ ਵਿਚ ਬੈਠਣ, ਸਰਦੀਆਂ ਜੋ ਸ਼ੁਰੂ ਹੋ ਗਈਆਂ ਨੇ।”
“ਤੁਹਾਡੇ ਸਾਰੇ ਗਰਮ ਕੱਪੜੇ ਕੱਢ ਦਿੱਤੇ ਨੇ। ਉਹ ਥਿਗਲੀਆਂ ਵਾਲੀ ਰਜਾਈ ਵੀ ਕੱਢ ਦਿੱਤੀ ਐ ਜਿਹਨੂੰ ਦੇਖ ਕੇ ਦਰਦ ਦੇ ਪੈਬੰਦ ਵਾਲਾ ਸ਼ੇਅਰ ਤੁਹਾਨੂੰ ਯਾਦ ਆ ਜਾਂਦਾ ਸੀ।”
“ਪਰ ਉਹ ਤਾਂ ਤੇਰੀ ਪਿਆਰੀ ਰਜਾਈ ਐ ਜਿਹਨੂੰ ਉਤੇ ਲੈ ਕੇ ਤੂੰ ਪੁਰਾਣੀਆਂ ਯਾਦਾਂ ਵਿਚ ਗੁੰਮ ਹੋ ਜਾਂਦੀ ਸੀ, ਉਦੋਂ ਮੈਨੂੰ ਇਹ ਸ਼ੇਅਰ ਯਾਦ ਆਉਂਦਾ:
ਜ਼ਿੰਦਗੀ ਕਯਾ ਕਿਸੀ ਮੁਫਲਿਸ ਕੀ ਕਬਾ ਹੈ,
ਜਿਸ ਮੇਂ ਹਰ ਘੜੀ ਦਰਦ ਕੇ ਪੈਬੰਦ ਲਗੇ ਜਾਤੇ ਹੈਂ।
ਉਮਾ ਫਿਰ ਚੁੱਪ ਹੋ ਗਈ। ਮੈਂ ਗੱਲ ਬਦਲਦਿਆਂ ਕਿਹਾ, “ਕਹਿੰਦੇ ਨੇ ਨਾ, ਜੇ ਬੁੱਢੇ ਸਰਦੀ ਦਾ ਮੌਸਮ ਝੱਲ ਲੈਣ ਤਾਂ ਉਨ੍ਹਾਂ ਨੂੰ ਜੀਣ ਲਈ ਇਕ ਸਾਲ ਹੋਰ ਮਿਲ ਜਾਂਦੈ।”
“ਤੁਹਾਨੂੰ ਯਾਦ ਐ ਨਾ, ਨਵੰਬਰ ਵਿਚ ਆਪਣਾ ‘ਲਿਵਿੰਗ ਸਰਟੀਫਿਕੇਟ’ ਦੇਣਾ ਹੁੰਦੈ ਬੈਂਕ ਵਿਚ।”
“ਹਾਂ, ਯਾਦ ਐ ਕਿ ਜ਼ਿੰਦਾ ਹੋਣ ਦਾ ਸਬੂਤ ਦਿੱਤੇ ਬਿਨਾਂ ਤਾਂ ਪੈਨਸ਼ਨ ਵੀ ਨਹੀਂ ਮਿਲਣੀ।” ਪਰ ਕਹਿੰਦਿਆਂ ਹੀ ਮਨ ਹੀ ਮਨ ਸੋਚਣ ਲੱਗਾ ਕਿ ਠੀਕ ਹੀ ਤਾਂ ਹੈ। ਬਿਮਾਰੀਆਂ ਦੀਆਂ ਕਿੰਨੀਆਂ ਫੀਤੀਆਂ ਅਤੇ ਤਗਮੇ ਸਜੇ ਹੋਏ ਨੇ। ਕਦੋਂ ਕੋਈ ਹਮਲਾ ਹੋ ਜਾਏ ਤੇ ਦਬੋਚ ਲੈਣ! ਇਹ ਡਰ ਤਾਂ ਹਮੇਸ਼ਾ ਬਣਿਆ ਹੀ ਰਹਿੰਦਾ ਹੈ।
ਇਸ ਦੇ ਉਲਟ, ਉਮਾ ਘਰ ‘ਚ ਖਿਲਰੇ ਸਮਾਨ ਦੀ ਤਰ੍ਹਾਂ ਆਪਣੀਆਂ ਬਿਮਾਰੀਆਂ, ਤਕਲੀਫਾਂ ਅਤੇ ਦਰਦ ਭਰੀਆਂ ਹੱਡਬੀਤੀਆਂ ਸਮੇਟ ਕੇ, ਪੋਟਲੀ ਬਣਾ ਕੇ ਗੱਠੜੀ ਵਿਚ ਸੁੱਟ ਦਿੰਦੀ ਹੈæææ ਹੁਣ, ਇਹ ਗੱਠੜੀ ਕਾਫੀ ਵੱਡੀ ਹੋ ਗਈ ਹੈ ਜੋ ਹਮੇਸ਼ਾ ਉਸ ਦੇ ਪਲੰਘ ਹੇਠ ਪਈ ਰਹਿੰਦੀ ਹੈ!
ਹਮੇਸ਼ਾ ਵਾਂਗ ਇਕ ਦਿਨ, ਸ਼ਾਮ ਦੀ ਸੈਰ ਤੋਂ ਬਾਅਦ ਜਦੋਂ ਚਾਹ ਪੀਣ ਲੱਗੇ ਤਾਂ ਆਪਣੇ ਦੁੱਖ-ਦਰਦ, ਬੱਚਿਆਂ ਦੀ ਖੈਰ-ਖੈਰੀਅਤ ਬਾਰੇ ਗੱਲਾਂ ਕਰ ਰਹੇ ਸਾਂ। ਕਈ ਵਾਰ ਇਸ ਤਰ੍ਹਾਂ ਹੁੰਦਾ, ਘੰਟਿਆਂ ਬੱਧੀ ਇਕੱਠੇ ਬੈਠਣ ਦੇ ਬਾਵਜੂਦ ਲੱਗਦਾ ਜਿਵੇਂ ਉਮਾ ਮੇਰੇ ਕੋਲ ਨਹੀਂ। ਇਹੋ ਜਿਹੇ ਮੌਕਿਆਂ ‘ਤੇ ਮੈਨੂੰ ਉਮਾ ਕੋਲ ਹੋਣਾ ਹੋਰ ਵੀ ਜ਼ਰੂਰੀ ਲੱਗਣ ਲੱਗਦਾ ਹੈ; ਕਿਉਂਕਿ ਉਸ ਵਕਤ, ਮੈਨੂੰ ਲੱਗਦੈ ਕਿ ਉਮਾ ਉਸ ਗਠੜੀ ‘ਚ ਪਈਆਂ ਪੋਟਲੀਆਂ ਫਰੋਲ ਰਹੀ ਹੁੰਦੀ ਐ; ਆਪਣੀਆਂ ਤਕਲੀਫਾਂ ਨਾਲ ਲੜ ਰਹੀ ਹੁੰਦੀ ਐ ਅਤੇ ਚਾਹੁੰਦੀ ਹੈ ਕਿ ਉਨ੍ਹਾਂ ਦਾ ਸੇਕ ਮੇਰੇ ਤੱਕ ਨਾ ਪਹੁੰਚੇ। ਸ਼ਾਇਦ ਇਸੇ ਲਈ ਮੇਰਾ ਜੀਅ ਕਰਦਾ ਹੈ ਕਿ ਜਦੋਂ ਤੱਕ ਉਮਾ ਜ਼ਿੰਦਾ ਹੈ, ਮੈਂ ਉਹਦੇ ਕੋਲ ਹੀ ਰਵ੍ਹਾਂ, ਕਿਉਂਕਿ ਸਿਰਫ ਮੈਂ ਹੀ ਹਾਂ ਜਿਹਨੂੰ ਉਸ ਅੱਗ ਦੀ ਤਪਸ਼ ਦਾ ਪਤਾ ਹੈ।