1965 ਦੀ ਜੰਗ ਵਿਚ ਜਨਤਕ ਸਹਿਯੋਗ

ਗੁਲਜ਼ਾਰ ਸਿੰਘ ਸੰਧੂ
ਮੇਰਾ ਘਰ ਫੌਜੀ ਅਫਸਰਾਂ ਦੇ ਸੈਕਟਰ ਵਿਚ ਹੈ। ਮੇਰੇ ਗੁਆਂਢ ਵਿਚ ਰਹਿੰਦੇ ਕਰਨਲ ਰਾਜ ਕੁਮਾਰ ਦੱਤਾ 1965 ਵਾਲੀ ਜੰਗ ਦੌਰਾਨ ਅੰਮ੍ਰਿਤਸਰ ਤਾਇਨਾਤ ਸੀ ਤੇ ਮੇਜਰ ਜਨਰਲ ਰਾਜਿੰਦਰ ਨਾਥ 1971 ਵਿਚ ਭਾਰਤ-ਬੰਗਲਾ ਦੇਸ਼ ਸਰਹੱਦ ਉਤੇ। ਜਿੱਥੇ ਜਨਰਲ ਰਾਜਿੰਦਰ ਨਾਥ ਨੇ ਅਪਣੀ ਕਾਰਵਾਈ ਅਪਣੀਆਂ ਪੁਸਤਕਾਂ ਵਿਚ ਦਰਜ ਕਰ ਰਖੀ ਹੈ, ਕਰਨਲ ਦੱਤਾ ਕੋਲੋਂ 1965 ਦੀ ਕਾਰਗੁਜਾਰੀ ਉਹਦੇ ਕੋਲ ਬੈਠ ਕੇ ਕੱਢਣੀ ਪੈਂਦੀ ਹੈ।

ਡਾæ ਦੱਤਾ ਅਨੁਸਾਰ 1965 ਵਿਚ 3,000 ਤੋਂ ਉਤੇ ਭਾਰਤੀ ਵਸਨੀਕ ਜੰਗ ਦੀ ਬਲੀ ਚੜ੍ਹੇ ਜਿਨ੍ਹਾਂ ਵਿਚੋਂ 1,500 ਭਾਰਤੀ ਸੈਨਾ ਦੇ ਬਹਾਦੁਰ ਸਨ। ਉਨ੍ਹਾਂ ਸਮਿਆਂ ਵਿਚ ਮ੍ਰਿਤਕ ਦੀ ਦੇਹ ਨੂੰ ਤਾਬੂਤ ਵਿਚ ਬੰਦ ਕਰਕੇ ਪਰਿਵਾਰ ਕੋਲ ਭੇਜਣ ਦੀ ਸਹੂਲਤ ਨਹੀਂ ਸੀ। ਸ਼ਹੀਦ ਹੋਏ ਜਵਾਨਾਂ ਨੂੰ ਸਥਾਨਕ ਧਾਰਮਕ ਪੁਰਸ਼ਾਂ ਦੀ ਮਦਦ ਨਾਲ ਸਸਕਾਰ ਜਾਂ ਦਫਨਾਉਣ ਦਾ ਅਮਲ ਥਾਏਂ ਹੀ ਕਰ ਦਿੱਤਾ ਜਾਂਦਾ ਸੀ। ਕਰਨਲ ਦੱਤਾ ਉਸ ਵੇਲੇ ਆਰਮੀ ਮੈਡੀਕਲ ਕੋਰ ਵਿਚ ਮੇਜਰ ਸਨ। ਖਾਸਾ ਛਾਉਣੀ ਦੇ ਸਭ ਰੋਗੀ ਉਸ ਦੀ ਦੇਖ ਥਲੇ ਸਨ। ਉਹਦੇ ਕੋਲ ਜ਼ਖਮੀ ਜਵਾਨਾਂ ਦੀ ਰੂਹ ਨੂੰ ਕੰਬਾ ਦੇਣ ਵਾਲੀਆਂ ਵਾਰਦਾਤਾਂ ਹਨ। ਦੁਸ਼ਮਣ ਦੀ ਬੰਬਾਰੀ ਨਾਲ ਜ਼ਹਿਰੀਲੀ ਛੂਤ ਦੇ ਰੋਗੀ ਸੰਭਾਲਣੇ ਔਖੇ ਸਨ ਪਰ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਤੇ ਸਿਵਲ ਹਸਪਤਾਲਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ। ਖਾਸ ਕਰਕੇ ਖੂਨ ਦਾਨ ਵਿਚ। ਜਲੰਧਰ ਤੱਕ ਸਾਰੇ ਹਸਪਤਾਲ ਪੂਰੀ ਸਰਧਾ ਨਾਲ ਸੈਨਿਕਾਂ ਦੀ ਸਾਂਭ ਸੰਭਾਲ ਵਿਚ ਜੁਟੇ ਹੋਏ ਸਨ। ਛਾਉਣੀਆਂ ਨੇ ਅਪਣੀਆਂ ਬੈਰਕਾਂ ਮੈਡੀਕਲ ਵਾਰਡ ਬਣਾ ਛੱਡੀਆਂ ਸਨ। ਸਥਾਨਕ ਜਨਤਾ ਵਲੋਂ ਪਹੁੰਚਾਏ ਜਾਂਦੇ ਰਾਸ਼ਨ ਪਾਣੀ ਤੇ ਵਸਤਰਾਂ ਦਾ ਸ਼ੁਕਰਾਨਾ ਅਦਾ ਕਰਦਿਆਂ ਅੱਜ ਵੀ ਕਰਨਲ ਦੱਤਾ ਦਾ ਮਨ ਭਰ ਆਉਂਦਾ ਹੈ। ਇੰਜ ਸਾਰੇ ਦਾ ਸਾਰਾ ਅੰਮ੍ਰਿਤਸਰ ਤੇ ਉਸ ਦੇ ਨਾਲ ਲਗਦਾ ਇਲਾਕਾ ਸੈਨਿਕਾਂ ਦਾ ਇਕ ਵਿਸ਼ਾਲ ਪਰਿਵਾਰ ਬਣਿਆ ਪਿਆ ਸੀ। ਜਵਾਨਾਂ ਦੇ ਅੰਤਮ ਸੰਸਕਾਰ ਲਈ ਦੁਰਗਿਆਨਾ ਮੰਦਰ ਤੇ ਹਰਿਮੰਦਰ ਸਾਹਿਬ ਨੇ ਵਧ ਚੜ੍ਹ ਕੇ ਸਹਾਇਤਾ ਕੀਤੀ। ਮ੍ਰਿਤਕ ਦੀ ਪਹਿਚਾਣ ਉਸ ਦੇ ਹਥ ਵਾਲੇ ਕੜੇ ਤੋਂ ਕੀਤੀ ਜਾਂਦੀ ਸੀ ਜਿਸ ਦੇ ਉਤੇ ਜਵਾਨ ਦਾ ਨਾਂ, ਧਰਮ ਤੇ ਸੈਨਿਕ ਇਕਾਈ ਲਿਖੀ ਹੁੰਦੀ ਸੀ। ਸਸਕਾਰ ਤੋਂ ਪਿਛੋਂ ਮ੍ਰਿਤਕ ਦੀਆਂ ਅਸਥੀਆਂ ਵਾਲੀ ਮਿੱਟੀ ਦੇ ਬਰਤਨ ਤੇ ਕੜਾ ਮ੍ਰਿਤਕ ਦੇ ਪਰਿਵਾਰ ਨੂੰ ਭੇਜ ਦਿੱਤਾ ਜਾਂਦਾ ਸੀ।
ਡਾਕਟਰ ਦੱਤਾ ਨੇ ਇੱਕ ਪਾਕਿਸਤਾਨੀ ਜੰਗੀ ਕੈਦੀ ਦਾ ਇਲਾਜ ਵੀ ਕੀਤਾ ਜਿਹੜਾ ਸੀਮਾਂ ਤੋਂ ਏਧਰ ਆ ਕੇ ਬੜਾ ਖੁਸ਼ ਸੀ ਕਿਉਂਕਿ ਉਹ ਹੁਸ਼ਿਆਰਪੁਰ ਦਾ ਜੰਮਿਆ ਜਾਇਆ ਸੀ ਤੇ ਦੇਸ਼ ਵੰਡ ਪਿਛੋਂ ਅਪਣੇ ਪਰਿਵਾਰ ਨਾਲ ਓਧਰ ਚਲਾ ਗਿਆ ਸੀ।
ਕਰਨਲ ਦੱਤਾ 1981 ਵਿਚ ਚੰਡੀਗੜ੍ਹ ਵਾਲੀ ਵੈਸਟਰਨ ਕਮਾਂਡ ਦੇ ਹਸਪਤਾਲ ਦੇ ਕਮਾਂਡੈਂਟ ਵਜੋਂ ਸੇਵਾ ਮੁਕਤ ਹੋਇਆ। ਉਹ ਪਿੱਛੋਂ ਬੰਗਾ ਦਾ ਜੰਮਪਲ ਹੈ। ਪਿਛਲੇ ਦਿਨੀਂ ਜਦੋਂ ਭਾਰਤੀ ਸੈਨਾ ਨੇ 15 ਡਿਵੀਜ਼ਨ ਦੇ ਅੰਮ੍ਰਿਤਸਰ ਹੈਡ ਕੁਆਰਟਰ ਨੇ ਜਨਰਲ ਦੱਤਾ ਦਾ ਸਨਮਾਨ ਕੀਤਾ ਤਾਂ ਉਸ ਨੂੰ 1965 ਦੀ ਜੰਗ ਦੀਆਂ ਇਹ ਵਾਰਦਾਤਾਂ ਮੁੜ ਚੇਤੇ ਆ ਗਈਆਂ।
ਦੁਬਈ ਦੇ ਮੁਸਾਫਰ: 1978 ਵਿਚ ਇਲਸਟ੍ਰੇਟਿਡ ਵੀਕਲੀ, ਮੁੰਬਈ ਦਾ ਸੰਪਾਦਕ ਐਮ ਵੀ ਕਾਮਥ ਪੰਜਾਬ ਆਇਆ ਤਾਂ ਦੋਰਾਹੇ ਦੇ ਅਨਪੜ੍ਹ ਜੱਟ ਨੂੰ ਪੁਛਣ ਲਗਿਆ ਕਿ ਉਹ ਦੋਰਾਹੇ ਤੋਂ ਬਾਹਰ ਕਿੰਨੀ ਦੂਰ ਤੱਕ ਗਿਆ ਹੈ। ਉਸ ਦੇ ਉਤਰ, Ḕਮੈਂ ਤਾਂ ਜੀ ਦੁਬਈ ਤੱਕ ਹੀ ਗਿਆ ਹਾਂ’ ਨੇ ਕਾਮਥ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਲੈ ਆਂਦੇ। ਹੁਣ ਤਾਂ ਪੰਜਾਬੀਆਂ ਦਾ ਦੁਬਈ ਦੀਆਂ ਤੇਲ ਕੰਪਨੀਆਂ ਵਿਚ ਕੰਮ ਕਰਨ ਦਾ ਅੰਤ ਹੀ ਕੋਈ ਨਹੀਂ। ਮੁਢਲੇ ਸਮਿਆਂ ਵਿਚ ਸਮੁੰਦਰੀ ਲੁਟ ਖਸੁਟ ਨਾਲ ਨਿਰਬਾਹ ਕਰਨ ਵਾਲੇ ਦੁਬਈ ਵਾਸੀ ਹੁਣ ਤਾਂ ਗੋਤੇ ਲਾ ਕੇ ਹੀਰੇ ਮੋਤੀ ਚੁਗਣ ਤੇ ਮੱਛੀ ਪਾਲਣ ਦੇ ਧੰਦਿਆਂ ਤੋਂ ਅੱਗੇ ਲੰਘ ਕੇ ਤੇਲ ਕੰਪਨੀਆਂ ਦੇ ਵੱਡੇ ਮਾਲਕ ਬਣੇ ਬੈਠੇ ਹਨ।
ਮੇਰੇ ਸੇਵਾ ਮੁਕਤ ਵਿੰਗ ਕਮਾਂਡਰ ਭਤੀਜੇ ਹਰਵਿੰਦਰ ਸੇਖੋਂ ਨੇ ਇੰਡੀਗੋ ਏਅਰਲਾਈਨਜ਼ ਵਿਚ ਪ੍ਰਵੇਸ਼ ਕੀਤਾ ਤਾਂ ਇੰਡੀਗੋ ਵਾਲਿਆਂ ਨੇ ਉਸ ਨੂੰ ਵਿਸ਼ੇਸ਼ ਸਿੱਖਲਾਈ ਲਈ ਦੁਬਈ ਭੇਜਿਆ। ਕੱਲ ਹੀ ਉਸ ਦੀ ਪਤਨੀ ਹੰਸਪ੍ਰੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਦੁਬਈ ਹੋ ਕੇ ਆਈ ਹੈ। ਉਸ ਨੇ ਦੱਸਿਆ ਕਿ ਅੱਜ ਦੇ ਦਿਨ ਦੁਬਈ ਦੇ ਪੂੰਜੀਪਤੀ ਬੁਰਜ-ਅਲ-ਅਰਬ ਵਰਗੇ ਸੱਤ ਤਾਰਾ ਹੋਟਲਾਂ ਦੇ ਮਾਲਕ ਹਨ। ਸਮੁੰਦਰ ਦੇ ਕੰਢੇ ਉਸਰੀਆਂ ਬਹੁ-ਮੰਜ਼ਲੀ ਇਮਾਰਤਾਂ ਨੂੰ ਦੇਖਦਿਆਂ ਧੌਣ ਆਕੜ ਜਾਂਦੀ ਹੈ। ਸ਼ਹਿਰ ਵਿਚ ਸੋਨਾ-ਚਾਂਦੀ, ਮਿਰਚ-ਮਸਾਲਾ ਤੇ ਪੁਰਾਤਨ ਵਸਤਾਂ ਦੇ ਵਿਸ਼ਾਲ ਤੇ ਕੀਮਤੀ ਬਾਜ਼ਾਰ ਮੁਸਾਫਰਾਂ ਨੂੰ ਚੁੰਧਿਆਉਣ ਵਾਲੇ ਹਨ।
ਔਰਤਾਂ ਦੀ ਸੁਰੱਖਿਆ ਵਲ ਖਾਸ ਧਿਆਨ ਦਿੱਤਾ ਜਾਂਦਾ ਹੈ। ਮਰਦਾਂ ਲਈ ਚਿੱਟੇ ਪੀਲੇ ਰੰਗ ਦੀਆਂ ਟੈਕਸੀਆਂ ਹਨ ਤਾਂ ਔਰਤਾਂ ਲਈ ਚਿੱਟੇ ਗੁਲਾਬੀ ਰੰਗ ਦੀਆਂ, ਜਿਨ੍ਹਾਂ ਨੂੰ ਕੇਵਲ ਮਹਿਲਾਵਾਂ ਹੀ ਚਲਾਉਂਦੀਆਂ ਹਨ। ਮੈਟਰੋ ਟਰੇਨਾਂ ਵਿਚ ਵੀ ਮਹਿਲਾਵਾਂ ਲਈ ਦੋ ਡੱਬੇ ਰਾਖਵੇਂ ਹਨ। ਮਹਿਲਾਵਾਂ ਲੰਮੀ ਬਾਂਹ ਵਾਲੀਆਂ ਕਮੀਜ਼ਾਂ ਤੇ ਗੋਡੇ ਤੋਂ ਨੀਵੀਆਂ ਫਰਾਕਾਂ ਪਹਿਨਦੀਆਂ ਹਨ। ਜਨਤਕ ਥਾਂਵਾਂ ‘ਤੇ ਪਿਆਰ ਜਤਾਉਣ ਦੀ ਮਨਾਹੀ ਹੈ। ਹੰਸਪ੍ਰੀਤ ਨੇ ਇੱਕ ਪਾਕਿਸਤਾਨੀ ਦੇ ਅਜਿਹੇ ਅਮਲ ਪਿੱਛੋਂ ਉਸ ਦੇ ਪਾਕਿਸਤਾਨੀ ਮਿੱਤਰ ਤੋਂ ਝਿੜਕਾਂ ਪੈਂਦੀਆਂ ਵੀ ਸੁਣੀਆਂ। ਕੁੱਲ ਮਿਲਾ ਕੇ ਹੰਸਪ੍ਰੀਤ ਤੇ ਉਸ ਦੇ ਬੱਚੇ ਓਥੋਂ ਦੀ ਅਮੀਰੀ, ਦਿਖਾਵੇ ਤੇ ਔਰਤਾਂ ਦੀ ਹਿਫ਼ਾਜਤ ਤੋਂ ਬੜੇ ਪ੍ਰਭਾਵਤ ਹੋ ਕੇ ਆਏ ਹਨ।
ਅੰਤਿਕਾ:
(ਗੁਰਤੇਜ ਕੁਹਾਰਵਾਲਾ ਦੀ Ḕਪਾਣੀ ਦਾ ਹਾਸ਼ੀਆ’)
ਕਿਤੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉਡੇ,
ਅਸੀਂ ਕੁਝ ਰਿਸ਼ਤਿਆਂ ਨੂੰ ਏਸ ਲਈ ਬੇਨਾਮ ਰੱਖਾਂਗੇ।
ਗਵਾਚੇ ਇਉਂ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਂ ਤੀਕਰ,
ਕਦੇ ਇਹ ਸੋਚਦੇ ਸਾਂ, ਮਹਿਕ ਦਾ ਵੀ ਨਾਮ ਰੱਖਾਂਗੇ।