ਓਮ ਪੁਰੀ ਬੋਲਿਆ…ਭਾਰਤ ਨੂੰ ਚਾਹੀਦੈ ਦਿਆਲੂ ਤਾਨਾਸ਼ਾਹ!

ਸਿਮਰਨ ਕੌਰ, ਚੰਡੀਗੜ੍ਹ
ਫਿਲਮ ਅਦਾਕਾਰ ਓਮ ਪੁਰੀ ਮੁੱਢ ਤੋਂ ਹੀ ਚਰਚਾ ਵਿਚ ਰਿਹਾ ਹੈ। ਆਪਣੀ ਅਦਾਕਾਰੀ ਦੇ ਸਿਰ ਉਤੇ ਉਸ ਨੇ ਫਿਲਮ ਸੰਸਾਰ ਵਿਚ ਆਪਣਾ ਵੱਖਰਾ ਅਤੇ ਨਿਵੇਕਲਾ ਮੁਕਾਮ ਹਾਸਲ ਕੀਤਾ ਹੈ। ਆਪਣੀਆਂ ਸਿਆਸੀ ਟਿੱਪਣੀਆਂ ਕਰ ਕੇ ਵੀ ਉਹ ਕਈ ਵਾਰ ਅਖ਼ਬਾਰੀ ਸੁਰਖੀਆਂ ਦਾ ਹਿੱਸਾ ਬਣਿਆ ਹੈ।

ਹੁਣ ਚੰਡੀਗੜ੍ਹ ਪ੍ਰੈਸ ਕੱਲਬ ਵਿਚ ਆਪਣੀ ਫਿਲਮ ‘ਹੋ ਗਿਆ ਦਿਮਾਗ਼ ਦਾ ਦਹੀਂ’ ਦੇ ਪ੍ਰਚਾਰ ਲਈ ਕੀਤੇ ਸਮਾਗਮ ਦੌਰਾਨ ਉਸ ਨੇ ਮੁਲਕ ਦੇ ਹਾਲਾਤ ਉਤੇ ਫਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਮੁਲਕ ਨੂੰ ਕਿਸੇ ਅਜਿਹੇ ਦਿਆਲੂ ਤਾਨਾਸ਼ਾਹ ਦੀ ਬੜੀ ਸਖ਼ਤ ਜ਼ਰੂਰ ਹੈ ਜਿਹੜਾ ਬੁਰੀ ਤਰ੍ਹਾਂ ਉਲਟ-ਪੁਲਟ ਹੋ ਚੁੱਕੇ ਢਾਂਚੇ ਨੂੰ ਰੁਕ ਸਿਰ ਕਰ ਸਕੇ। ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਓਮ ਪੁਰੀ ਨੇ ਕਿਹਾ ਕਿ ਭਾਰਤ ਦੀ ਜਮੂਹਰੀਅਤ ਹੁਣ ਅਸਲੋਂ ਵਿਗੜ ਚੁੱਕੀ ਹੈ ਅਤੇ ਅਸਲ ਜਮੂਹਰੀਅਤ ਲਾਗੂ ਕਰਨ ਲਈ ਘੱਟੋ-ਘੱਟ 10-15 ਸਾਲ ਤਾਨਾਸ਼ਾਹੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, “ਮੁਲਕ ਵਿਚ ਗਰੀਬੀ ਨੇ ਆਮ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ ਹੈ, ਤੇ ਇਸੇ ਤਰ੍ਹਾਂ ਲਾਲਚ ਤੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਸਾਹ ਕੱਢ ਕੇ ਰੱਖ ਦਿੱਤਾ ਹੈ। ਅਸੀਂ ਸਾਰੇ ਇੰਨੇ ਜ਼ਿਆਦਾ ਸਵਾਰਥੀ, ਲਾਪ੍ਰਵਾਹ ਅਤੇ ਗੈਰ-ਜ਼ਿੰਮੇਵਾਰ ਹੋ ਗਏ ਹਾਂ ਕਿ ਸਾਨੂੰ ਹੁਣ ਜਮੂਹਰੀਅਤ ਦੀ ਨਹੀਂ, ਸਗੋਂ ਤਾਨਾਸ਼ਾਹੀ ਦੀ ਜ਼ਰੂਰਤ ਹੈ।”
ਯਾਦ ਰਹੇ ਕਿ ਓਮ ਪੁਰੀ ਨੇ 1972 ਵਿਚ ਮਰਾਠੀ ਫਿਲਮ ‘ਘਾਸੀ ਰਾਮ ਕੋਤਵਾਲ’ ਨਾਲ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਸੀ। ਸੋਹਣੀ ਅਤੇ ਖਿੱਚ-ਪਾਊ ਸੂਰਤ ਨਾ ਹੋਣ ਦੇ ਬਾਵਜੂਦ ਉਸ ਨੇ ਫਿਲਮ ਸੰਸਾਰ ਵਿਚ ਆਪਣਾ ਨਾਮ ਬਣਾਇਆ ਅਤੇ ਬਹੁਤ ਸਾਰੇ ਇਨਾਮ ਹਾਸਲ ਕੀਤੇ। ਬਾਅਦ ਵਿਚ ਹਿੰਦੀ ਫਿਲਮਾਂ ਭੂਮਿਕਾ (1977), ਅਰਵਿੰਦ ਦਸਾਈ ਕੀ ਅਜੀਬ ਦਾਸਤਾਂ (1978), ਆਕ੍ਰੋਸ਼ (1980) ਅਤੇ ਸਦਗਤੀ (1981) ਵਰਗੀਆਂ ਫਿਲਮਾਂ ਨਾਲ ਉਸ ਨੇ ਸਿਨੇਮਾ ਵਿਚ ਇਕ ਤਰ੍ਹਾਂ ਨਾਲ ਧਮਾਕਾ ਕੀਤਾ। ਬਾਅਦ ਵਿਚ ਅਰਧ ਸੱਤਿਆ, ਜਾਨੇ ਭੀ ਦੋ ਯਾਰੋਂ, ਮਿਰਚ ਮਸਾਲਾ, ਆਘਾਤ, ਸਿਟੀ ਆਫ਼ ਜੌਇ, ਧਰੋਕਾਲ, ਵੋਹ ਛੋਕਰੀ ਤੇ ਮ੍ਰਿਤਯੂਦੰਡ ਆਦਿ ਫਿਲਮਾਂ ਵਿਚ ਮਿਸਾਲੀ ਅਦਾਕਾਰੀ ਕੀਤੀ। ਪੰਜਾਬ ਦੇ ਕਸਬਾ ਸਨੌਰ (ਪਟਿਆਲਾ) ਵਿਚ 18 ਅਕਤੂਬਰ 1950 ਨੂੰ ਜਨਮੇ ਓਮ ਪੁਰੀ ਨੇ ਕਈ ਅਮਰੀਕੀ ਅਤੇ ਬ੍ਰਿਟਿਸ਼ ਫਿਲਮਾਂ ਵਿਚ ਵੀ ਕੰਮ ਕੀਤਾ ਹੈ। ਉਸ ਦੀ ਪਛਾਣ 7ਵੇਂ ਦਹਾਕੇ ਦੌਰਾਨ ਉਭਰੇ ਸਾਰਥਿਕ ਸਿਨੇਮਾ ਨਾਲ ਜੁੜੀ ਹੋਈ ਹੈ ਅਤੇ ਅੱਜ ਵੀ ਬਰਕਰਾਰ ਹੈ। ਉਸ ਵੇਲੇ ਇਸ ਖੇਤਰ ਵਿਚ ਉਸ ਦੇ ਸੰਗੀ-ਸਾਥੀਆਂ ਵਿਚ ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ ਤੇ ਸਮਿਤਾ ਪਾਟਿਲ ਵਰਗੇ ਕਹਿੰਦੇ-ਕਹਾਉਂਦੇ ਅਦਾਕਾਰ ਸ਼ਾਮਲ ਸਨ। ਉਦੋਂ ਮੁੱਖ ਧਾਰਾ ਸਿਨੇਮਾ ਦੇ ਐਨ ਬਰਾਬਰ ਸਾਰਥਕ ਸਿਨੇਮਾ ਦਾ ਅਗਾਜ਼ ਹੋਇਆ ਜਿਸ ਦਾ ਮੁੱਖ ਮਕਸਦ ਵੱਖ ਵੱਖ ਸਮੱਸਿਆਵਾਂ ਨੂੰ ਉਭਾਰਨਾ ਸੀ। ਓਮ ਪੁਰੀ ਦੀਆਂ ਪਹਿਲੀਆਂ ਫਿਲਮਾਂ ਇਸ ਧਾਰਾ ਨਾਲ ਸਬੰਧਤ ਹਨ। ਬਾਅਦ ਵਿਚ ਉਸ ਨੇ ਪੇਸ਼ੇਵਰਾਨਾ ਰੁਖ ਅਖਤਿਆਰ ਕਰਦਿਆਂ ਕਈ ਵਪਾਰਕ ਫਿਲਮਾਂ ਵਿਚ ਵੀ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਹੁਣ ਸਾਲ 2016 ਵਿਚ ਉਸ ਦੀ ਅੰਗਰੇਜ਼ੀ ਫਿਲਮ ‘ਵਾਇਸਰਾਏ’ਜ਼ ਹਾਊਸ’ ਰਿਲੀਜ਼ ਹੋ ਰਹੀ ਹੈ। ਇਹ ਫਿਲਮ ‘ਬੈਂਡ ਇਟ ਲਾਈਕ ਬੈਖਮ’ ਬਣਾਉਣ ਵਾਲੀ ਫਿਲਮਸਾਜ਼ ਗੁਰਿੰਦਰ ਚੱਢਾ ਬਣਾ ਰਹੀ ਹੈ ਅਤੇ ਇਸ ਵਿਚ ਹਿਊ ਬੋਨਵਿਲੇ, ਗਿਲੀਅਨ ਐਂਡਰਸਨ, ਹੁਮਾ ਕੁਰੈਸ਼ੀ ਅਤੇ ਮਨੀਸ਼ ਦਿਆਲ ਕੰਮ ਕਰ ਰਹੇ ਹਨ। ਇਹ ਫਿਲਮ 1947 ਵਿਚ ਭਾਰਤ ਦੀ ਵੰਡ ਨੂੰ ਬਿਆਨ ਕਰੇਗੀ। ਇਸ ਤੋਂ ਇਲਾਵਾ ਓਮ ਪੁਰੀ ਕੰਨੜ ਫਿਲਮ ‘ਟਾਈਗਰ’ ਦੀ ਸ਼ੂਟਿੰਗ ਵਿਚ ਰੁਝਿਆ ਹੋਇਆ ਹੈ। ਇਹ ਫਿਲਮ ਵੀ ਅਗਲੇ ਸਾਲ ਹੀ ਰਿਲੀਜ਼ ਹੋਣੀ ਹੈ। ਉਹਦਾ ਕਹਿਣਾ ਹੈ ਕਿ ਉਹ ਆਪਣੀ ਹਯਾਤੀ ਦੇ ਅੰਤ ਤੱਕ ਅਦਾਕਾਰੀ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ।