ਕੁਲਦੀਪ ਕੌਰ
ਸੱਤਿਆਜੀਤ ਰੇਅ ਦਾ ਸਿਨੇਮਾ ਦਿਹਾਤੀ ਗਰੀਬੀ ਵਿਚ ਜੀਅ ਰਹੇ ਬਾਸ਼ਿੰਦਿਆਂ ਦੇ ਆਪਸੀ ਰਿਸ਼ਤਿਆਂ ਵਿਚਲੀਆਂ ਮਨੋਵਿਗਿਆਨਕ ਗੁੰਝਲਾਂ ਨੂੰ ਫੜਦਾ ਸੀ। ਸ਼ਿਆਮ ਬੈਨੇਗਲ ਦਾ ਸਿਨੇਮਾ ਸਮਾਜਕ ਸਚਾਈਆਂ ਨੂੰ ਆਲੋਚਨਾਤਮਿਕ ਨਜ਼ਰੀਏ ਨਾਲ ਪਰਖਦਾ ਹੋਇਆ ਇਸ ਦਾ ਇਤਿਹਾਸਕ ਪ੍ਰਸੰਗ ਪਰਖਦਾ ਹੈ, ਪਰ ਗੋਬਿੰਦ ਨਿਹਲਾਨੀ ਦਾ ਸਿਨੇਮਾ ਇਨ੍ਹਾਂ ਸਚਾਈਆਂ ਦੀ ਤਤਕਾਲੀ ਸਿਆਸਤ Ḕਤੇ ਕੈਮਰਾ ਫੋਕਸ ਕਰਦਾ ਹੈ। ਕੀ 1947 ਤੋਂ ਬਾਅਦ ਤਿਆਰ ਕੀਤੀ ਇਕ ਲਿਖਤ (ਸੰਵਿਧਾਨ) ਨੂੰ ਕਾਨੂੰਨੀ ਤੌਰ Ḕਤੇ ਅਪਨਾਉਣ ਨਾਲ ਹੀ ਭਾਰਤ ਪੂਰੀ ਤਰ੍ਹਾਂ ਨਾਲ ਜਮਹੂਰੀ ਹੋ ਗਿਆ?
ਗੋਬਿੰਦ ਨਿਹਲਾਨੀ ਦਾ ਸਿਨੇਮਾ ਜਮਹੂਰੀਅਤ ਦੇ ਪਰਦੇ ਪਿਛੇ ਕੰਮ ਕਰ ਰਹੇ ਸਾਮੰਤਵਾਦੀ ਤੇ ਗੈਰ-ਮਾਨਵੀ ਤੰਤਰ ਨੂੰ ਸੰਬੋਧਤ ਹੁੰਦਾ ਹੈ। ਉਸ ਦਾ ਸਿਨੇਮਾ ਸਚਾਈ ਨੂੰ ਬਗੈਰ ਜਜ਼ਬਾਤੀ ਹੋਇਆਂ ਫੜਦਾ ਹੈ। ਉਸ ਦੀ ਫਿਲਮ ਵਿਚਲਾ ਸ਼ਾਹੂਕਾਰ Ḕਮਦਰ ਇੰਡੀਆ’ ਵਰਗੀ ਫਿਲਮ ਵਿਚਲਾ ਸ਼ਾਹੂਕਾਰ ਨਹੀਂ, ਸਗੋਂ ਉਹ ਸਥਾਨਕ ਅਫਸਰਾਂ, ਨੇਤਾਵਾਂ, ਸਨਅਤਕਾਰਾਂ ਅਤੇ ਪੁਲਿਸ ਵਾਲਿਆਂ ਦਾ ਅਜਿਹਾ ਨਾਪਾਕ ਗਠਜੋੜ ਹੈ ਜੋ ਜਮਹੂਰੀਅਤ ਦੀ ਹਰ ਸੰਭਾਵਨਾ ਨੂੰ ਚੂਸ ਲੈਂਦਾ ਹੈ।
ਗੋਬਿੰਦ ਨਿਹਲਾਨੀ Ḕਆਕ੍ਰੋਸ਼’ ਵਿਚ ਸੱਤਾ ਵਿਹੂਣੇ ਲੋਕਾਂ ਦੇ ਉਦਾਸੀਨ ਹੋ ਕੇ ਗੂੰਗੇ ਹੋਣ ਦੀ ਬਾਤ ਪਾਉਂਦਾ ਹੈ। ਇਸ ਵਿਚਲੀ ਸੱਤਾ ਇੰਨੀ ਨਿਰੰਕੁਸ਼ ਤੇ ਕਰੂਰ ਹੈ ਕਿ ਇਸ ਦੀ ਜ਼ੱਦ ਵਿਚ ਆਈ ਲੋਕਾਈ ਕੋਲ ਨਿਆਂ ਲਈ ਵੀ ਸ਼ਬਦ ਨਹੀਂ ਬਚਦੇ। Ḕਆਕ੍ਰੋਸ਼’ ਵਿਚਲਾ ਆਦਰਸ਼ਵਾਦੀ ਵਕੀਲ (ਨਸੀਰੂਦੀਨ ਸ਼ਾਹ) ਫਿਲਮ Ḕਅਰਧ ਸੱਤਿਆ’ ਵਿਚ ਪੁਲਿਸ ਇਸਪੈਕਟਰ (ਓਮਪੁਰੀ) ਦੇ ਰੂਪ ਵਿਚ ਆਉਂਦਾ ਹੈ। ਇਹ ਇੰਸਪੈਕਟਰ ਸੱਤਾ ਹੱਥੋਂ ਤ੍ਰਿੰਸ਼ਕੂ ਕਿਵੇਂ ਬਣਦਾ ਹੈ, ਫਿਲਮ ਇਸ ਦੀ ਅੱਧ-ਅਧੂਰੀ ਵਿਆਖਿਆ ਕਰਦੀ ਹੈ ਅਤੇ ਵਿਚਲੀਆਂ ਵਿਰਲਾਂ ਭਰਨ ਦਾ ਕੰਮ ਦਰਸ਼ਕਾਂ ਉਤੇ ਛੱਡ ਦਿੱਤਾ ਜਾਂਦਾ ਹੈ। ਆਖਿਰ ਉਨ੍ਹਾਂ ਤੋਂ ਬਿਨਾਂ ਸੱਤਾ ਦੀ ਹੋਂਦ ਅਤੇ ਵਰਤੋਂ ਦਾ ਅਰਥ ਵੀ ਕੀ ਬਣਦਾ ਹੈ? ਦੋਹਾਂ ਫਿਲਮਾਂ ਵਿਚ ਦੋ ਦਿਲਚਸਪ ਕਿਰਦਾਰ ਹਨ। Ḕਆਕ੍ਰੋਸ਼’ ਵਿਚ ਹੰਢਿਆ-ਵਰਤਿਆ ਬੁੱਢਾ ਵਕੀਲ (ਅਮਰੀਸ਼ ਪੁਰੀ) ਅਤੇ ਫਿਲਮ Ḕਅਰਧ ਸੱਤਿਆ’ ਵਿਚ ਘਸਿਆ ਪੁਰਾਣਾ ਪੁਲਿਸ ਇੰਸਪੈਕਟਰ। ਦੋਵੇਂ ਆਪਣੀ ਅਗਲੀ ਪੀੜ੍ਹੀ ਨਾਲ ਪ੍ਰਵਚਨੀ ਸੰਵਾਦ ਰਚਾਉਂਦੇ ਹਨ। ਦੋਵੇਂ ਆਪਣੀ ਅਗਲੀ ਪੀੜ੍ਹੀ ਨੂੰ ਸੱਤਾ ਤੋਂ ਨਾਬਰ ਹੋਣ ਅਤੇ ਨਿਕਲਣ ਵਾਲੇ ਨਤੀਜਿਆਂ ਦਾ ਡਰ ਦਿਖਾਉਂਦੇ ਹਨ। ਵਕੀਲ ਲਈ ਇਹ ਸਬਕ ਲੜਾਈ ਦੇ ਨਵੇਂ ਪੈਂਤੜੇ ਸਿੱਖਣ ਦਾ ਕਾਰਨ ਬਣਦਾ ਹੈ। ਨੌਜਵਾਨ ਇੰਸਪੈਕਟਰ ਅੰਦਰੋਂ ਸਹਿਮ ਜਾਂਦਾ ਹੈ। ਇਹ ਸਹਿਮ ਉਸ ਦੇ ਅੰਦਰਲੇ ਤਰਕ ਅਤੇ ਸਮਝ ਨੂੰ ਨਿਗਲ ਜਾਂਦਾ ਹੈ। ਨਤੀਜੇ ਵਜੋਂ ਉਹ ਮਾਮੂਲ਼ੀ ਚੋਰੀ ਦੇ ਇਲਜ਼ਾਮ ਵਿਚ ਫੜੇ ਮੁੰਡੇ ਨੂੰ ਥਾਣੇ ਵਿਚ ਕੁੱਟ ਕੁੱਟ ਮਾਰ ਦਿੰਦਾ ਹੈ। ਫਿਰ ਨਿਰੰਕੁਸ਼ ਸੱਤਾ ਉਸ ਦੇ ਅੰਦਰਲੇ ਆਪੇ ਦਾ ਕਤਲ ਕਰ ਦਿੰਦੀ ਹੈ।
1982 ਵਿਚ ਗੋਬਿੰਦ ਨਿਹਲਾਨੀ ਨੇ ਸ਼ਸ਼ੀ ਕਪੂਰ ਦੇ ਪੈਸਿਆਂ ਨਾਲ ਫਿਲਮ ਬਣਾਈ Ḕਵਿਜੇਤਾ’। ਇਸ ਫਿਲਮ ਵਿਚ ਸਿੱਖ ਪਰਿਵਾਰ ਦੇ ਏਅਰ ਫੋਰਸ ਵਿਚ ਤਾਇਨਾਤ ਪਾਇਲਟ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਮਨੋਦਿਸ਼ਾ ਦਾ ਚਿਤਰਨ ਹੈ। ਫਿਲਮ ਵਪਾਰਕ ਸਿਨੇਮਾ ਵਾਲੀ ਸੀ। ਦਰਸ਼ਕਾਂ ਦੀ ਇਸ ਵਿਚ ਦਿਲਚਸਪੀ ਦਾ ਸਬੱਬ ਬਣੇ ਹਵਾਈ ਕਲਾਬਾਜ਼ੀਆਂ ਦੇ ਅਣਗਿਣਤ ਦ੍ਰਿਸ਼ ਜਿਹੜੇ ਗੋਬਿੰਦ ਨਿਹਲਾਨੀ ਨੇ ਖੁਦ ਫਿਲਮਾਏ ਸਨ। ਇਸ ਫਿਲਮ ਰਾਹੀਂ ਸ਼ਸ਼ੀ ਕਪੂਰ ਨੇ ਆਪਣੇ ਮੁੰਡੇ ਕੁਣਾਲ ਕਪੂਰ ਦਾ ਫਿਲਮੀ ਕਰੀਅਰ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ। ਫਿਲਮ ਕੁਝ ਹੱਦ ਤੱਕ ਸਫਲ ਵੀ ਰਹੀ।
Ḕਪਾਰਟੀ’ ਗੋਬਿੰਦ ਨਿਹਲਾਨੀ ਦੀ ਸਿਆਸੀ ਫਿਲਮ ਹੈ। ਇਕ ਮਕਾਨ ਵਿਚ ਮੁੰਬਈ ਦੇ ਕਹਿੰਦੇ-ਕਹਾਉਂਦੇ ਬੁੱਧੀਜੀਵੀਆਂ ਦੀ ਪਾਰਟੀ ਹੋ ਰਹੀ ਹੈ। ਬੁੱਧੀਜੀਵੀਆਂ ਵੱਲ ਸਮਾਜ ਦਾ ਵੱਡਾ ਤਬਕਾ ਵਿਚਾਰਧਾਰਕ ਸੇਧ ਦੀ ਝਾਕ ਲਗਾਈ ਬੈਠਾ ਹੈ। ਪਾਰਟੀ ਵਿਚ ਬੌਧਿਕ ਜੁਗਾਲੀ ਦਾ ਮਾਹੌਲ ਭਾਰੂ ਹੈ। ਗੰਭੀਰ ਤੇ ਭਾਰੇ ਸ਼ਬਦਾਂ ਦੀ ਵਰਤੋਂ ਜਦੋਂ ਉਹ ਆਪਣੇ ਸਿਗਨੇਚਰ ਸਟਾਈਲ ਵਿਚ ਕਰਦੇ ਹਨ, ਤਾਂ ਉਨ੍ਹਾਂ ਨੂੰ ਵੀ ਅੰਦਰੋਂ ਪਤਾ ਹੈ ਕਿ ਇਹ ਸੱਚ ਨਹੀਂ। ਉਨ੍ਹਾਂ ਵਿਚੋਂ ਬਹੁਤਿਆਂ ਦੀ ਆਪਣੀ ਜ਼ਿੰਦਗੀ ਦੀ ਤਾਣੀ ਉਲਝੀ ਪਈ ਹੈ। ਅਜਿਹੀ ਹਾਲਤ ਵਿਚ ਵੀ ਉਹ ਦੰਭ ਤੇ ਮਸੀਹਾ ਹੋਣ ਦਾ ਭਰਮ ਨਹੀਂ ਛੱਡਣਾ ਚਾਹੁੰਦੇ। ਭਗੌੜੇ ਹੋਣ ਤੋਂ ਵੀ ਤ੍ਰਹਿੰਦੇ ਹਨ। ਗੋਬਿੰਦ ਨਿਹਲਾਨੀ ਫਿਲਮ ਦੇ ਅੰਤ ਵਿਚ ਦੁਬਾਰਾ ਤੋਂ ਹਿੰਸਾ ਦਾ ਦ੍ਰਿਸ਼ ਦਿਖਾ ਕੇ ਹਾਲਾਤ ਦੀ ਖੜੋਤ ਤੋੜਦਾ ਹੈ। ਫਿਲਮ Ḕਆਘਾਤ’ (ਜਿਸ ਦਾ ਅਰਥ ਹੈ- ਆਪਣਿਆਂ ਦਾ ਖੂਨ) 1985 ਵਿਚ ਰਿਲੀਜ਼ ਹੋਈ। ਇਸ ਫਿਲਮ ਦਾ ਕੇਂਦਰੀ ਨੁਕਤਾ ਗੀਤਾ ਦੇ ਉਪਦੇਸ਼ਾਂ ਅਤੇ ਮਾਰਕਸਵਾਦ ਦੇ ਵਿਚਾਰਾਂ ਦਾ ਮਿਲਗੋਭਾ ਸੀ। ਫਿਲਮ ਵਿਚ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਟਰੇਡ ਯੂਨੀਅਨ ਦੇ ਕਾਮਿਆਂ ਦੀ ਸਿਆਸੀ ਸਮਝ ਉਦੋਂ ਧਰੀ-ਧਰਾਈ ਰਹਿ ਜਾਂਦੀ ਹੈ ਜਦੋਂ ਘਾਗ ਨੇਤਾ ਅਤੇ ਸਨਅਤਕਾਰ ਮਿਲ ਕੇ ਯੂਨੀਅਨ ਦੇ ਨੇਤਾਵਾਂ ਨੂੰ ਮਜ਼ਦੂਰਾਂ ਖਿਲਾਫ ਹੀ ਵਰਤ ਜਾਂਦੇ ਹਨ। ਇਸ ਤਰ੍ਹਾਂ ਸ਼ੋਸ਼ਣ ਖਿਲਾਫ ਲੜਨ ਵਾਲੇ ਹੀ ਸ਼ੋਸ਼ਤ ਵਿਰੁਧ ਭੁਗਤ ਜਾਂਦੇ ਹਨ।
ਗੋਬਿੰਦ ਦੀਆਂ ਫਿਲਮਾਂ ਵਿਚ ਇੱਕ ਸਾਂਝਾਂ ਨੁਕਤਾ ਅਜਿਹੇ ਖਲਨਾਇਕਾਂ ਦੀ ਮੌਜੂਦਗੀ ਹੈ ਜਿਹੜੇ ਫਿਲਮ ਦੇ ਬਾਕੀ ਕਿਰਦਾਰਾਂ ਦੇ ਸਿਰ ਚੜ੍ਹ ਬੋਲਦੇ ਹਨ। ‘ਅਰਧ ਸੱਤਿਆ’ ਦੇ ਰਮਾ ਸ਼ੈਟੀ (ਸਦਾ ਸ਼ਿਵ ਅਮਰਾਪੁਰਕਰ) ਨੂੰ ਕੌਣ ਭੁੱਲ ਸਕਦਾ ਹੈ? ਗੋਬਿੰਦ ਦੀਆਂ ਫਿਲਮਾਂ ਵਿਚ ਮਿਥਿਹਾਸਕ ਪਾਤਰ ਆਉਂਦੇ-ਜਾਂਦੇ ਰਹਿੰਦੇ ਹਨ। ਇਨ੍ਹਾਂ ਬਾਰੇ ਉਹ ਟਿੱਪਣੀ ਕਰਦਾ ਹੈ, “ਇਨ੍ਹਾਂ ਮਿਥਿਹਾਸਕ ਵੇਰਵਿਆਂ ਨੂੰ ਵਪਾਰਕ ਸਿਨੇਮਾ, ਹਾਲਾਤ ਜਿਉਂ ਦੇ ਤਿਉਂ ਰੱਖਣ ਲਈ ਵਰਤਦਾ ਹੈ, ਮੈਂ ਇਨ੍ਹਾਂ ਦੀ ਵਰਤੋਂ ਹਾਲਾਤ ਵਿਚ ਤਬਦੀਲੀ ਲਈ ਕਰਦਾ ਹਾਂ।”