ਚੰਡੀਗੜ੍ਹ: ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਖਿਲਾਫ ਉਠੇ ਲੋਕ ਰੋਹ ਕਾਰਨ ਸੂਬਾ ਸਰਕਾਰ ਕਸੂਤੀ ਘਿਰ ਗਈ ਹੈ। ਕਿਸਾਨਾਂ ਦਾ ਰੋਹ, ਡੇਰਾ ਵਿਵਾਦ ਤੇ ਆਮ ਆਦਮੀ ਪਾਰਟੀ (ਆਪ) ਦੇ ਉਭਾਰ ਜਿਹੇ ਮੁੱਦਿਆਂ ਨੇ ਹਾਕਮ ਧਿਰ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਮਾਮਲੇ ‘ਤੇ ਵੀ ਸਾਰਾ ਗੁੱਸਾ ਬਾਦਲ ਧਿਰ ਖਿਲਾਫ ਨਿਕਲ ਰਿਹਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਤਕਰੀਬਨ ਡੇਢ ਸਾਲ ਦਾ ਸਮਾਂ ਬਾਕੀ ਹੈ, ਪਰ ਇਕ ਤੋਂ ਬਾਅਦ ਇਕ ਮੁਸੀਬਤਾਂ ਨੇ ਹਾਕਮ ਧਿਰ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆਂ ਨੇ ਵੀ ਲੋਕ ਮੁੱਦਿਆਂ ਉਤੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਆਪਣਾ ਪੱਕਾ ਵੋਟ ਬੈਂਕ ਮੰਨਦਾ ਹੈ, ਪਰ ਆਰਥਿਕ ਮੰਦੇ ਦੇ ਝੰਬੇ ਕਿਸਾਨ ਅਕਾਲੀ ਲੀਡਰਾਂ ਨੂੰ ਸਟੇਜਾਂ ‘ਤੇ ਨਹੀਂ ਚੜ੍ਹਨ ਦੇ ਰਹੇ। ਪੰਜਾਬ ਸਰਕਾਰ ਕਿਸੇ ਨਾ ਕਿਸੇ ਰੂਪ ਵਿਚ ਸਭ ਅੰਦੋਲਨਾਂ ਦਾ ਮੂੰਹ ਕੇਂਦਰ ਸਰਕਾਰ ਵੱਲ ਮੋੜਨ ਦੀ ਰਣਨੀਤੀ ਉੱਤੇ ਚੱਲਦੀ ਰਹੀ ਹੈ ਤੇ ਮੁੱਖ ਮੰਤਰੀ ਜਾਂ ਅਕਾਲੀ ਦਲ ਨੂੰ ਹੀ ਕਿਸਾਨਾਂ ਦਾ ਮਸੀਹਾ ਕਹਿ ਕੇ ਡੰਗ ਟਪਾਈ ਹੋ ਰਹੀ ਸੀ। ਨਰਮੇ ‘ਤੇ ਚਿੱਟੇ ਮੱਛਰ ਤੇ ਬਾਸਮਤੀ ਦੀ 1509 ਕਿਸਮ ਦੀ ਖਰੀਦ ਦੇ ਮੁੱਦਿਆਂ ਨੇ ਅਕਾਲੀ ਦਲ ਦੀ ਕਿਸਾਨਾਂ ਵਿਚਲੀ ਸਾਖ ਨੂੰ ਸਭ ਤੋਂ ਵੱਧ ਖੋਰਾ ਲਾਇਆ ਹੈ। ਚਿੱਟੇ ਮੱਛਰ ਦੇ ਖਾਤਮੇ ਲਈ ਖੇਤੀ ਵਿਭਾਗ ਵੱਲੋਂ ਖਰੀਦੀ ਗੈਰ-ਮਿਆਰੀ ਦਵਾਈ ਲਈ ਜ਼ਿੰਮੇਵਾਰ ਰਸੂਖਵਾਨਾਂ ਤੇ ਅਧਿਕਾਰੀਆਂ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕਰਨ ਤੇ ਨੁਕਸਾਨ ਦੀ ਰਾਹਤ ਲਈ 11-11 ਰੁਪਏ ਦੇ ਚੈੱਕ ਦੇਣ ਨਾਲ ਕਿਸਾਨਾਂ ਵਿਚ ਰੋਹ ਹੋਰ ਵਧ ਗਿਆ। ਪੰਜਾਬ ਸਰਕਾਰ ਨੇ ਭਾਵੇਂ ਮਗਰੋਂ 600 ਕਰੋੜ ਰੁਪਏ ਦੀ ਰਾਹਤ ਦਾ ਐਲਾਨ ਕੀਤਾ, ਪਰ ਇਸ ਕਦਮ ਨੂੰ ਵੀ ਕਿਸਾਨਾਂ ਨੇ ਸਲਾਹਿਆ ਨਹੀਂ। ਡੇਰਾ ਸਿਰਸਾ ਨੂੰ ਸ੍ਰੀ ਅਕਾਲ ਤਖਤ ਵੱਲੋਂ ਦਿੱਤੀ ਮੁਆਫੀ ਕਾਰਨ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਨੂੰ ਆਈ ਜ਼ਰਬ ਨੇ ਵੀ ਪਾਰਟੀ ਨੇਤਾਵਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੁਆਫੀ ਵਿਰੋਧੀ ਹਵਾ ਨੂੰ ਠੱਲ੍ਹਣ ਲਈ ਮੁਹਿੰਮ ਚਲਾਉਣ ਦੇ ਆਦੇਸ਼ਾਂ ਤੋਂ ਪਾਰਟੀ ਦੀ ਇਸ ਮੁੱਦੇ ਪ੍ਰਤੀ ਚਿੰਤਾ ਜ਼ਾਹਿਰ ਹੈ। ਸਿਆਸੀ ਫਰੰਟ ‘ਤੇ ਅਕਾਲੀ ਦਲ ਨੂੰ ‘ਆਪ’ ਦੇ ਉਭਾਰ ਦੀ ਚਿੰਤਾ ਸਤਾ ਰਹੀ ਹੈ ਜਿਸ ਕਰਕੇ ਪਾਰਟੀ ਨੇ ‘ਆਪ’ ਦੇ ਵਧ ਰਹੇ ਆਧਾਰ ਨੂੰ ਰੋਕਣ ਲਈ ਪਿੰਡ ਪੱਧਰ ਉਤੇ ਨੌਜਵਾਨਾਂ ਤੇ ਔਰਤਾਂ ਨੂੰ ਜਥੇਬੰਦ ਕਰਨ ਲਈ ਮੁਹਿੰਮ ਲਾਮਬੰਦ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਹਫਤੇ ਆਮ ਆਦਮੀ ਪਾਰਟੀ ਵੱਲੋਂ ਬਾਦਲ ਦੇ ਹਲਕੇ ਲੰਬੀ ਵਿਚ ਕੀਤੀ ਰੈਲੀ ਵਿਚ ਭਾਰੀ ਇਕੱਠ ਵੀ ਹਾਕਮ ਧਿਰ ਨੂੰ ਰੜਕ ਰਿਹਾ ਹੈ।
ਅਕਾਲੀ ਦਲ ਦੀ ਨਵੀਂ ਰਣਨੀਤੀ
ਚੰਡੀਗੜ੍ਹ: ਅਕਾਲੀ ਦਲ ਨੂੰ ਕਿਸਾਨਾਂ ਦਾ ਸਾਥ ਟੁੱਟਣ ਦਾ ਖਤਰਾ ਮਹਿਸੂਸ ਹੋ ਰਿਹਾ ਹੈ। ਹਾਕਮ ਧਿਰ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਝੋਨੇ ਦੀ ਖਰੀਦ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਮੋਰਚਾ ਸੰਭਾਲਣ ਦੀਆਂ ਹਦਾਇਤਾਂ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਜਥੇਦਾਰਾਂ ਦੀ ਵੱਖਰੀ ਮੀਟਿੰਗ ਦੌਰਾਨ ‘ਆਪ’ ਦੇ ਉਭਾਰ ਨੂੰ ਰੋਕਣ ਲਈ ਪੇਸ਼ਬੰਦੀਆਂ ਉਤੇ ਵਿਚਾਰ ਕੀਤਾ ਗਿਆ। ਸ਼ ਬਾਦਲ ਨੇ ਹਿੰਦੂ, ਸਿੱਖ ਤੇ ਮੁਸਲਿਮ, ਤਿੰਨਾਂ ਵਰਗਾਂ ਨੂੰ ਖੁਸ਼ ਕਰਨ ਦਾ ਯਤਨ ਕਰਦਿਆਂ ਹਜ਼ੂਰ ਸਾਹਿਬ, ਬਨਾਰਸ ਤੇ ਅਜਮੇਰ ਸ਼ਰੀਫ਼ ਲਈ ਤਿੰਨ ਰੇਲ ਗੱਡੀਆਂ ਸਰਕਾਰੀ ਖਰਚੇ ਉਤੇ ਚਲਾਉਣ ਦਾ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਿਆਂ ਲਈ ਖਜ਼ਾਨੇ ਦਾ ਮੂੰਹ ਖੋਲ੍ਹਣ ਦੀ ਰਣਨੀਤੀ ਅਪਣਾਉਂਦਿਆਂ ਹਰ ਹਲਕੇ ਨੂੰ 25-25 ਕਰੋੜ ਰੁਪਏ ਦੀਆਂ ਗਰਾਂਟਾਂ ਦੇਣ ਦਾ ਐਲਾਨ ਕੀਤਾ। ਨਵੰਬਰ ਮਹੀਨੇ ਤੋਂ ਵਿਧਾਨ ਸਭਾ ਹਲਕਾ ਪੱਧਰ ਉਤੇ ਰੈਲੀਆਂ ਕੀਤੀਆਂ ਜਾਣਗੀਆਂ।