ਅੰਮ੍ਰਿਤਸਰ (ਗੁਰਵਿੰਦਰ ਸਿੰਘ ਵਿਰਕ): ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਉਤੇ ਤਖਤਾਂ ਦੇ ਜਥੇਦਾਰ ਸਿੱਖ ਜਗਤ ਦੇ ਰੋਹ ਦਾ ਸ਼ਿਕਾਰ ਹੋਣ ਲੱਗੇ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਇਕ ਮੁਲਾਜ਼ਮ ਵੱਲੋਂ ਹਮਲਾ ਕਰਨ ਪਿਛੋਂ ਜਥੇਦਾਰਾਂ ਵਿਚ ਸਹਿਮ ਵਧ ਗਿਆ ਹੈ। ਗਿਆਨੀ ਮੱਲ ਸਿੰਘ ਉਤੇ ਜੋਗਾ ਸਿੰਘ ਜੋ ਨਿਹੰਗ ਸਿੰਘ ਦੇ ਬਾਣੇ ਵਿਚ ਸੀ, ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਮੈਨੇਜਰ ਦੇ ਦਫਤਰ ਵਿਚੋਂ ਬਾਹਰ ਆ ਰਹੇ ਸਨ।
ਇਸ ਨੌਜਵਾਨ ਨੇ ਨੇੜੇ ਆ ਕੇ ਜਥੇਦਾਰ ਨੂੰ ਫਤਹਿ ਬੁਲਾਈ ਤੇ ਤੇਜ਼ਧਾਰ ਹਥਿਆਰ ਕੱਢ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਨ੍ਹਾਂ ਦੇ ਸੱਜੇ ਪੱਟ ‘ਤੇ ਸੱਟ ਵੱਜੀ ਹੈ। ਸੁਰੱਖਿਆ ਮੁਲਾਜ਼ਮਾਂ ਨੇ ਬਾਅਦ ਵਿਚ ਹਮਲਾਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਹਮਲਾਵਰ ਜੋਗਾ ਸਿੰਘ (25) ਵਾਸੀ ਪਿੰਡ ਮੋਹਲਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਆਰਜ਼ੀ ਪਾਠੀ ਵਜੋਂ 2013 ਤੋਂ ਨੌਕਰੀ ਕਰਦਾ ਹੈ।
ਦੱਸਣਯੋਗ ਹੈ ਕਿ ਡੇਰਾ ਮੁਖੀ ਨੂੰ ਮੁਆਫੀ ਪਿਛੋਂ ਜਥੇਦਾਰਾਂ ਖਿਲਾਫ ਰੋਸ ਵਧ ਰਿਹਾ ਹੈ। ਇਸ ਫੈਸਲੇ ਪਿਛੋਂ ਜਥੇਦਾਰਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਜਥੇਦਾਰਾਂ ਵੱਲੋਂ ਸਮਾਜਕ ਤੇ ਧਾਰਮਿਕ ਸਮਾਗਮਾਂ ਵਿਚ ਆਉਣ-ਜਾਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ। ਉਧਰ, ਦਲ ਖਾਲਸਾ ਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਤਖਤਾਂ ਦੇ ਜਥੇਦਾਰਾਂ ਉਤੇ ਅਸਤੀਫੇ ਦੇਣ ਲਈ ਦਬਾਅ ਬਣਾਉਣ ਵਾਸਤੇ ਉਨ੍ਹਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਹੈ ਤੇ ਵੱਖ ਵੱਖ ਗੁਰਦੁਆਰਿਆਂ ਦੇ ਆਲੇ-ਦੁਆਲੇ ਬਾਈਕਾਟ ਦੇ ਐਲਾਨ ਵਾਲੇ ਪੋਸਟਰ ਲਾਏ ਗਏ ਹਨ।
ਡੇਰਾ ਮੁਖੀ ਬਾਰੇ ਫੈਸਲੇ ਖਿਲਾਫ ਸੰਗਤਾਂ ਵਿਚ ਭਾਰੀ ਰੋਸ ਹੈ ਤੇ ਗਿਆਨੀ ਮੱਲ ਸਿੰਘ ਉਤੇ ਹੋਇਆ ਹਮਲਾ ਵੀ ਇਸੇ ਰੋਹ ਦਾ ਸਿੱਟਾ ਹੈ। ਇਸ ਹਮਲੇ ਕਾਰਨ ਬਾਕੀ ਜਥੇਦਾਰਾਂ ‘ਤੇ ਵੀ ਮਾਨਸਿਕ ਦਬਾਅ ਵਧਿਆ ਹੈ। ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰਾਂ ‘ਤੇ ਦਬਾਅ ਵਧਾਇਆ ਜਾ ਰਿਹਾ ਹੈ ਕਿ ਉਹ ਆਪਣਾ ਫੈਸਲਾ ਵਾਪਸ ਲੈਣ ਤੇ ਜੇ ਫੈਸਲਾ ਵਾਪਸ ਨਹੀਂ ਲੈ ਸਕਦੇ ਤਾਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣ। ਕੁਝ ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸੱਦਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਪੋਸਟਰਾਂ ਰਾਹੀਂ ਡੇਰਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਖਿਲਾਫ ਸੰਗਤਾਂ ਨੂੰ ਜਥੇਦਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜਥੇਬੰਦੀ ਨੇ ਦੋਸ਼ ਲਾਇਆ ਕਿ ਮੌਕਾਪ੍ਰਸਤ ਤੇ ਭ੍ਰਿਸ਼ਟ ਸਿਆਸਤਦਾਨਾਂ ਦੇ ਹਥਠੋਕੇ ਬਣ ਕੇ ਜਥੇਦਾਰਾਂ ਨੇ ਪੰਥ ਦੇ ਭਰੋਸੇ ਦਾ ਘਾਣ ਕੀਤਾ ਹੈ। ਖਾਲਸਾ ਪੰਥ ਦਾ ਵਿਸ਼ਵਾਸ ਗੁਆ ਚੁੱਕੇ ਜਥੇਦਾਰਾਂ ਨੂੰ ਅਹੁਦੇ ਛੱਡ ਦੇਣੇ ਚਾਹੀਦੇ ਹਨ। ਸ੍ਰੀ ਦਰਬਾਰ ਸਾਹਿਬ ਤੇ ਇਸ ਦੇ ਨੇੜੇ ਕਈ ਥਾਵਾਂ ਉਤੇ ਲਾਏ ਪੋਸਟਰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਪਾੜ ਦਿੱਤੇ, ਪਰ ਇਸ ਦੇ ਬਾਵਜੂਦ ਇਹ ਪੋਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗਿਆਨੀ ਕੇਵਲ ਸਿੰਘ ਨੇ ਜਥੇਦਾਰ ਮੱਲ ਸਿੰਘ ਉਤੇ ਹਮਲੇ ਨੂੰ ਸਿੱਖ ਜਗਤ ਵਿਚ ਫੈਲੇ ਰੋਸ ਦਾ ਪ੍ਰਤੀਕ ਦੱਸਿਆ ਹੈ।
ਮੁੜ ਵਿਚਾਰਿਆ ਜਾ ਸਕਦਾ ਹੈ ਮੁਆਫੀ ਦਾ ਮਾਮਲਾ
ਸ੍ਰੀ ਅਨੰਦਪੁਰ ਸਾਹਿਬ: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਕਿਹਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਨ, ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਚਾਹੁਣ ਤਾਂ ਡੇਰਾ ਮੁਖੀ ਨੂੰ ਮੁਆਫੀ ਦੇ ਮਸਲੇ ‘ਤੇ ਮੁੜ ਵਿਚਾਰ ਹੋ ਸਕਦੀ ਹੈ। ਉਨ੍ਹਾਂ ਮੰਨਿਆ ਕਿ ਇਸ ਫੈਸਲੇ ਨਾਲ ਸਿੱਖ ਨਾਰਾਜ਼ ਹੋਏ ਹਨ।