ਅਸ਼ਲੀਲ ਗਾਇਕੀ ਵਿਰੁਧ ਚੁਫੇਰਿਓਂ ਆਵਾਜ਼ ਬੁਲੰਦ

ਜਲੰਧਰ: ਗਾਇਕ ਹਨੀ ਸਿੰਘ ਦੁਆਰਾ ਗਾਏ ਅਸ਼ਲੀਲ ਗਾਣਿਆਂ ਅਤੇ ਹੋਰ ਕਈ ਗਾਇਕਾਂ ਵੱਲੋਂ ਗੀਤਾਂ ਰਾਹੀਂ ਪਰੋਸੀ ਜਾ ਰਹੀ ਅਸ਼ਲੀਲਤਾ ਖਿਲਾਫ ਲਾਵਾ ਫੁੱਟ ਪਿਆ ਹੈ। ਇਨ੍ਹਾਂ ਗਾਇਕਾਂ ਖਿਲਾਫ ਮੁਹਿੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ ਅਤੇ ਹੁਣ ਪੰਜਾਬ ਦੀਆਂ ਸਮਾਜਕ ਤੇ ਧਾਰਮਿਕ ਸੰਸਥਾਵਾਂ ਸੜਕਾਂ ‘ਤੇ ਉਤਰ ਆਈਆਂ ਹਨ।
ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਜਲੰਧਰ ਵਿਚ ਪੰਜਾਬ ਪ੍ਰੈੱਸ ਕਲੱਬ ਦੇ ਸਾਹਮਣੇ ਚੌਕ ਵਿਚ ਪ੍ਰਦਰਸ਼ਨ ਕਰ ਕੇ ਗਾਇਕ ਹਨੀ ਸਿੰਘ ਦਾ ਪੁਤਲਾ ਸਾੜਿਆ ਅਤੇ ਅਸ਼ਲੀਲ ਗੀਤ ਗਾਉਣ ਵਾਲਿਆਂ ਵਿਰੁੱਧ ਨਾਅਰੇਬਾਜ਼ੀ ਕਰ ਕੇ ਸਰਕਾਰ ਤੋਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਰੋਸ ਪ੍ਰਗਟ ਕੀਤਾ ਕਿ ਇਕ ਪਾਸੇ ਦਿੱਲੀ ਵਿਚ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ ਲੜਕੀ ਦੀ ਮੌਤ ਨੂੰ ਲੈ ਕੇ ਸਾਰਾ ਦੇਸ਼ ਸੋਗ ਵਿਚ ਡੁਬਿਆ ਹੋਇਆ ਹੈ, ਦੂਜੇ ਪਾਸੇ ਗਾਇਕ ਹਨੀ ਸਿੰਘ ਵੱਲੋਂ ਗੀਤਾਂ ‘ਚ ਅਸ਼ਲੀਲਤਾ ਪਰੋਸੀ ਜਾ ਰਹੀ ਹੈ। ਦਿਲਜੀਤ , ਜੈਜ਼ੀ ਬੀæ ਅਤੇ ਹੋਰ ਗਇਕ ਵੀ ਅਸ਼ਲੀਲ ਤੇ ਭੜਕਾਊ ਗਾਣੇ ਗਾ ਰਹੇ ਹਨ ਅਤੇ ਸਿੱਖੀ ਦੇ ਧਾਰਮਿਕ ਚਿੰਨ੍ਹ ਖੰਡਾ ਕਿਰਪਾਨ ਆਦਿ ਦੀ ਵਰਤੋਂ ਕਰ ਰਹੇ ਹਨ।
ਹੁਣ ਸਾਰੇ ਸੰਗਠਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਨਾ ਤਾਂ ਅਸ਼ਲੀਲ ਗਾਣਿਆਂ ਦੇ ਸਟੇਜ ਸ਼ੋਅ ਹੋਣ ਦੇਣਗੇ ਅਤੇ ਨਾ ਹੀ ਅਜਿਹੀਆਂ ਫ਼ਿਲਮਾਂ ਲੱਗਣ ਦੇਣਗੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਮੰਗ ਕੀਤੀ ਕਿ ਅਜਿਹਾ ਗਲਤ ਪ੍ਰਚਾਰ ਅਤੇ ਸਿੱਖੀ ਅਤੇ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਕਰਨ ਵਾਲੇ ਗਾਇਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
__________________________________________
ਇਕੱਲਾ ਮੈਂ ਹੀ ਦੋਸ਼ੀ ਨਹੀਂ: ਹਨੀ ਸਿੰਘ
ਨਵੀਂ ਦਿੱਲੀ: ਤਾਬੜ-ਤੋੜ ਹਮਲਿਆਂ ਨਾਲ ਖਾਮੋਸ਼ ਹੋਏ ਰੈਪਰ ਹਨੀ ਸਿੰਘ ਨੇ ਆਖਰਕਾਰ ਮੂੰਹ ਖੋਲ੍ਹਦਿਆਂ ਕਿਹਾ ਹੈ ਕਿ ਅਸ਼ਲੀਲ ਗਾਣਿਆਂ ਲਈ ਉਹ ਇਕੱਲਾ ਦੋਸ਼ੀ ਨਹੀਂ ਹੈ। ਉਸ ਦੇ ਵਿਰੋਧੀ ਗਾਇਕ ਉਸ ਦੀ ਸਫਲਤਾ ਤੋਂ ਸੜਦੇ ਹਨ, ਇਹ ਲੋਕ ਹੀ ਹੁਣ ਉਸ ਖਿਲਾਫ ਮੁਹਿੰਮ ਚਲਾ ਰਹੇ ਹਨ। ਉਸ ਨੇ ਇਹ ਵੀ ਆਖਿਆ ਹੈ ਕਿ ਹੁਣ ਉਸ ਨੇ ਆਪਣਾ ਕੰਮ-ਕਾਰ ਠੀਕ ਕਰ ਲਿਆ ਹੈ। ਹੁਣ ਉਸ ਦਾ ਸੰਗੀਤ ਐਨ ਵੱਖਰੀ ਤਰ੍ਹਾਂ ਦਾ ਆ ਰਿਹਾ ਹੈ।
_________________________________________
ਲੋਕੋ ਹੁਣ ਤਾਂ ਉਠੋ!
ਲੁਧਿਆਣਾ: ਦੋ ਸਾਲਾਂ ਤੋਂ ਲੱਚਰ ਗਾਇਕੀ ਖ਼ਿਲਾਫ਼ ਲੜ ਰਹੀ ਜਥੇਬੰਦੀ ਇਸਤਰੀ ਜਾਗ੍ਰਿਤੀ ਮੰਚ ਨੇ ਹਨੀ ਸਿੰਘ ਖਿਲਾਫ ਕਾਰਵਾਈ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਹੋਰ ਗਾਇਕਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਖਿਲਾਫ ਵੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜਥੇਬੰਦੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹੁਣ ਤਾਂ ਆਪਣੀਆਂ ਅੱਖਾਂ ਤੋਂ ਪੱਟੀਆ ਉਤਾਰ ਦੇਣ ਅਤੇ ਸਭਿਆਚਾਰ ਦੇ ਨਾਂ ਉਤੇ ਗੰਦ ਪਾਉਣ ਵਾਲਿਆਂ ਨੂੰ ਮੂੰਹ ਨਾ ਲਾਉਣ।
ਇਸੇ ਦੌਰਾਨ ਉੱਘੇ ਕਲਾਕਾਰਾਂ, ਸ਼ਾਇਰਾਂ, ਨਾਟਕਕਾਰਾਂ, ਸਭਿਆਚਾਰਕ ਕਾਰਕੁਨਾਂ ਨੇ ਵੀ ਲੋਕਾਂ ਨੂੰ ਇਨ੍ਹਾਂ ਬੁਰਛੇ ਗਾਇਕਾਂ ਖਿਲਾਫ ਆਪਣਾ ਵਿਰੋਧ ਦਰਜ ਕਰਵਾਇਆ ਹੈ। ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਿਹਾ ਹੈ ਕਿ ਕਲਾ ਦਾ ਅਰਥ ਮਨੁੱਖੀ ਜ਼ਿੰਦਗੀ ਨੂੰ ਸੂਖਮ ਭਾਵੀ ਬਣਾ ਕੇ ਹੋਰ ਸੋਹਣਾ ਬਣਾਉਣਾ ਹੈ। ਇਨ੍ਹਾਂ ਸਮਿਆਂ ਵਿਚ ਮਾੜੀ ਗੱਲ ਇਹ ਹੋਈ ਹੈ ਕਿ ਇੰਟਰਨੈੱਟ ਅਤੇ ਯੂਟਿਊਬ ਰਾਹੀਂ ਲੱਚਰਤਾ ਡਰਾਇੰਗ ਰੂਮਾਂ ਤਕ ਪਹੁੰਚ ਚੁੱਕੀ ਹੈ। ਇਸ ਖ਼ਿਲਾਫ਼ ਹੁਣ ਨਵੇਂ ਮੁਹਾਂਦਰੇ ਵਾਲੀ ਲਹਿਰ ਸਿਰਜਣ ਦੀ ਲੋੜ ਹੈ। ਔਰਤ ਤੇ ਮਰਦ ਦੇ ਰਿਸ਼ਤੇ ਨੂੰ ਨੰਗੇਜ ਤਕ ਸੀਮਤ ਕਰ ਦੇਣਾ ਅਸਹਿ ਹੈ।
ਪ੍ਰੋæ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਇਨ੍ਹਾਂ ਸਮਿਆਂ ਵਿਚ ਜਦੋਂ ਹਵਾ ਪਲੀਤ ਹੋ ਚੁੱਕੀ ਹੈ, ਪਾਣੀ ਪਲੀਤ ਹੋ ਚੁੱਕਾ ਹੈ, ਵਾਤਾਵਰਣ ਪਲੀਤ ਹੋ ਚੁੱਕਾ ਹੈ ਤਾਂ ਸਿਰਫ ਇਕ ਵਿਰਾਸਤ ਹੀ ਬਚੀ ਸੀ ਜਿਸ ਵਿਚੋਂ ਕੱਚੇ ਦੁੱਧ ਵਰਗੀ ਸੁੱਚੀ ਮਹਿਕ ਆਉਂਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਕੁਝ ਗਾਇਕ, ਗੀਤਕਾਰਾਂ ਤੇ ਕੰਪਨੀਆਂ ਨੇ ਪੰਜਾਬੀ ਸਭਿਆਚਾਰ ‘ਤੇ ਮਿਥ ਕੇ ਧਾਵਾ ਬੋਲਿਆ ਹੋਇਆ ਹੈ।
ਪੰਜਾਬੀ ਸਹਿਤ ਅਕਾਦਮੀ ਦੇ ਪ੍ਰਧਾਨ ਪ੍ਰੋæ ਗੁਰਭਜਨ ਗਿੱਲ ਨੇ ਕਿਹਾ ਕਿ ਸਿਰਫ ਗਾਇਕ ਹੀ ਨਹੀਂ, ਲੱਚਰ ਗੀਤ ਲਈ ਗੀਤਕਾਰ, ਸੰਗੀਤਕਾਰ, ਵੀਡੀਓ ਡਾਇਰੈਕਟਰ, ਕੈਸੇਟ ਕੰਪਨੀ ਤੇ ਟੀæਵੀæ ਚੈਨਲ ਬਰਾਬਰ ਦੇ ਭਾਈਵਾਲ ਹਨ।
__________________________________________
ਮੀਡੀਆ ਨੇ ਪੂਰਾ ਸਾਥ ਨਹੀਂ ਦਿੱਤਾ : ਸੰਘਾ
ਚੰਡੀਗੜ੍ਹ: ਇਸਤਰੀ ਜਾਗ੍ਰਿਤੀ ਮੰਚ ਦੀ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੇ ਕਿਹਾ ਹੈ ਕਿ ਉਹ ਲੱਚਰ ਗਾਇਕੀ ਖਿਲਾਫ ਮੁਹੰਮ ਚਲਾ ਰਹੇ ਹਨ, ਇਸ ਪ੍ਰਸੰਗ ਵਿਚ ਮੀਡੀਆ ਨੇ ਸਾਥ ਤਾਂ ਦਿੱਤਾ ਹੈ, ਪਰ ਪੂਰਾ ਸਾਥ ਨਹੀਂ ਦਿੱਤਾ ਹੈ। ਉਨ੍ਹਾਂ ਉਜਰ ਕੀਤਾ ਕਿ ਅਖਬਾਰਾਂ ਵਾਲੇ ਲੀਡਰਾਂ ਦੇ ਥੋਥੇ ਬਿਆਨ ਤਾਂ ਪੂਰੀ ਅਹਿਮੀਅਤ ਨਾਲ ਛਾਪਦੇ ਹਨ ਪਰ ਮੰਚ ਦੀਆਂ ਸਰਗਰਮੀਆਂ ਨੂੰ ਲੋਕਲ ਐਡੀਸ਼ਨਾਂ ਵਿਚ ਹੀ ਸੁੱਟ ਦਿੱਤਾ ਜਾਂਦਾ ਹੈ। ਅਜਿਹੀਆਂ ਸਰਗਰਮੀਆਂ ਤਾਂ ਪੂਰੇ ਪੰਜਾਬ ਤੱਕ ਜਾਣੀਆਂ ਚਾਹੀਦੀਆਂ।

Be the first to comment

Leave a Reply

Your email address will not be published.