ਦਾਦਰੀ ਬਨਾਮ ਡਿਜੀਟਲ ਇੰਡੀਆ

ਆਪਣੇ ਅਮਰੀਕਾ ਦੌਰੇ ਦੌਰਾਨ ਅਜੇ ਹੁਣੇ ਹੁਣੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਡਿਜੀਟਲ ਇੰਡੀਆ’ ਦਾ ਨਾਅਰਾ ਮਾਰ ਕੇ ਗਏ ਹਨ। ‘ਡਿਜੀਟਲ ਇੰਡੀਆ’ ਦਾ ਪ੍ਰਚਾਰ ਕਰਦਿਆਂ ਉਨ੍ਹਾਂ ਐਨ ਉਸੇ ਤਰ੍ਹਾਂ ਦਾ ਮਜਮਾ ਲਾਇਆ ਜਿਸ ਤਰ੍ਹਾਂ ਪਿਛਲੇ ਸਾਲ ਆਪਣੇ ਪਹਿਲੇ ਅਮਰੀਕਾ ਦੌਰੇ ਦੌਰਾਨ ਮੈਡੀਸਨ ਸਕੁਏਅਰ ਗਾਰਡਨ ਵਿਚ ਲਾਇਆ ਸੀ। ਦੋਹੀਂ ਵਾਰ ਉਨ੍ਹਾਂ ਦੀ ਆਵਾਜ਼ ਆਮ ਨਾਲੋਂ ਬਹੁਤ ਉਚੀ ਸੀ। ਦੋਹੀਂ ਵਾਰ ਸਾਰੀ ਦੁਨੀਆਂ ਨੇ ਉਨ੍ਹਾਂ ਦੇ ਭਾਸ਼ਣ ਸੁਣੇ। ਉਨ੍ਹਾਂ ਕਈ ਕੌਮਾਂਤਰੀ ਮੰਚਾਂ ਉਤੇ ਆਪਣਾ ਅਜਿਹਾ ਜਲਵਾ ਦਿਖਾਇਆ।

ਕਈ ਵਿਦਵਾਨਾਂ ਤੇ ਮਾਹਿਰਾਂ ਨੇ ਉਨ੍ਹਾਂ ਦੀ ‘ਬੌਡੀ ਲੈਂਗੁਏਜ’ ਦੀਆਂ ਕਈ ਪ੍ਰਕਾਰ ਦੀਆਂ ਵਿਆਖਿਆਵਾਂ ਕੀਤੀਆਂ। ਇਹੀ ਨਹੀਂ, ਟਵਿੱਟਰ ਉਤੇ ਉਹ ਅਕਸਰ ਮੇਲਾ ਲਾਈ ਰੱਖਦੇ ਹਨ। ਭਾਰਤ ਦੀ ਚੜ੍ਹਤ ਦਾ ਜੋ ਨਕਸ਼ਾ ਉਨ੍ਹਾਂ ਆਪਣੇ ਭਾਸ਼ਣਾਂ ਅਤੇ ਟਵਿੱਟਾਂ ਵਿਚ ਖਿੱਚਿਆ ਹੈ, ਉਸ ਬਾਰੇ ਸੰਸਾਰ ਭਰ ਦੇ ਲੀਡਰ ਮੂੰਹ ਵਿਚ ਉਂਗਲਾਂ ਪਾਈ ਨਿਹਾਰਦੇ ਰਹੇ ਹਨ। ਅਜਿਹੇ ਜਲਵਾਮਈ ਭਾਸ਼ਣ ਕਰਦਿਆਂ ਉਨ੍ਹਾਂ ਇਹ ਵੀ ਲਿਹਾਜ ਨਹੀਂ ਰੱਖਿਆ ਕਿ ਪਰਦੇਸੀ ਧਰਤੀ ਉਤੇ ਪਹਿਲੀਆਂ ਸਰਕਾਰਾਂ ਦੀ ਇਉਂ ਨੁਕਤਾਚੀਨੀ ਨਹੀਂ ਕਰੀਦੀ ਹੁੰਦੀ। ਉਨ੍ਹਾਂ ਦੇ ਭਾਸ਼ਣਾਂ ਦੀ ਭਾਸ਼ਾ ਦੇ ਨਾਲ ਨਾਲ ਮੀਡੀਆ ਨੇ ਉਨ੍ਹਾਂ ਦੀਆਂ ਇਹ ਗੱਲਾਂ ਵੀ ਖਾਸ ਤੌਰ ‘ਤੇ ਨੋਟ ਕੀਤੀਆਂ।
ਹੁਣ ‘ਡਿਜੀਟਲ ਇੰਡੀਆ’ ਦੇ ਪ੍ਰਚਾਰ ਤੋਂ ਐਨ ਬਾਅਦ ਜਦੋਂ ਦਾਦਰੀ ਵਿਚ ਮਾਰਮਿਕ ਘਟਨਾ ਵਾਪਰੀ ਹੈ ਤਾਂ ਪ੍ਰਧਾਨ ਮੰਤਰੀ ਪਹਿਲਾਂ ਵਾਂਗ ਹੀ ਖਾਮੋਸ਼ ਰਹੇ ਹਨ। ਉਹ ਖਾਮੋਸ਼ ਹੀ ਨਹੀਂ ਹੋਏ, ਸਗੋਂ ਉਨ੍ਹਾਂ ਦੇ ਸਾਥੀ ਮੰਤਰੀ ਤਾਂ ਇਹ ਕਹਿ ਕੇ ਇਸ ਖਾਮੋਸ਼ੀ ਨੂੰ ਜਾਇਜ਼ ਠਹਿਰਾ ਰਹੇ ਹਨ ਕਿ ਹਰ ਮਾਮਲੇ ਬਾਰੇ ਪ੍ਰਧਾਨ ਮੰਤਰੀ ਦਾ ਬਿਆਨ ਦੇਣਾ ਜ਼ਰੂਰੀ ਨਹੀਂ ਹੁੰਦਾ। ਹੁਣ ਗੌਲਣ ਵਾਲਾ ਇਕ ਤੱਥ ਇਹ ਵੀ ਹੈ ਕਿ ਹੁਣ ਤੱਕ ਪ੍ਰਧਾਨ ਮੰਤਰੀ ਦੇ ਅੰਨ੍ਹੇ ਸ਼ਰਧਾਲੂ ਬਣੇ ਰਹੇ ਕੁਝ ਪੱਤਰਕਾਰ ਵੀ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਨੂੰ ਹੁਣ ਤਾਂ ਖਾਮੋਸ਼ੀ ਤੋੜਨੀ ਹੀ ਚਾਹੀਦੀ ਹੈ। ਇਨ੍ਹਾਂ ਮੁਤਾਬਕ, ਹੁਣ ਪਾਣੀ ਸਿਰ ਤੋਂ ਉਤਾਂਹ ਲੰਘਣ ਲੱਗ ਪਿਆ ਹੈ। ਮੁਲਕ ਵਿਚ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਕਿ ਵਿਰੋਧੀ ਵਿਚਾਰ ਰੱਖਣ ਉਤੇ, ਨੌਬਤ ਕਤਲ ਕਰਨ ਤੱਕ ਜਾ ਰਹੀ ਹੈ। ਦਾਦਰੀ ਪਿੰਡ ਵਿਚ ਮੁਹੰਮਦ ਅਖਲਾਕ ਨੂੰ ਸਿਰਫ ਇਸ ਕਰ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਕਿ ਉਸ ਦੇ ਘਰ ਗਾਂ-ਮਾਸ ਹੋਣ ਦਾ ਸ਼ੱਕ ਸੀ। ਇਹ ਕਿਸ ਤਰ੍ਹਾਂ ਦਾ ਨਵਾਂ ਭਾਰਤ ਹੈ ਜਿਥੇ ਖਾਣ-ਪੀਣ, ਪਹਿਨਣ ਤੇ ਵਿਚਾਰ ਪ੍ਰਗਟ ਕਰਨ ਉਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਖੂਨ-ਖਰਾਬਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਹੀ ਨਹੀਂ ਦਿੱਤੀ ਜਾ ਰਹੀ, ਸਗੋਂ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ?
ਸਭ ਨੂੰ ਕੱਲ੍ਹ ਵਾਂਗ ਯਾਦ ਹੈ ਕਿ ਨਰੇਂਦਰ ਮੋਦੀ ਵੱਲੋਂ ਪਿਛਲੇ ਸਾਲ ਮੱਧ ਮਈ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਦੋ ਹਫਤਿਆਂ ਬਾਅਦ ਹੀ ਮਹਾਂਰਾਸ਼ਟਰ ਦੇ ਸ਼ਹਿਰ ਪੁਣੇ ਵਿਚ ਬੜੀ ਮਾਰਮਿਕ ਘਟਨਾ ਵਾਪਰੀ ਸੀ। 24 ਸਾਲਾ ਨੌਜਵਾਨ ਮੋਹਸਿਨ ਸਾਦਿਕ ਸ਼ੇਖ ਨੂੰ ਮੁਸਲਮਾਨ ਹੋਣ ਕਰ ਕੇ ਮਾਰ ਦਿੱਤਾ ਗਿਆ ਸੀ। ਇਹ ਕਾਰਾ ਹਿੰਦੂ ਜਥੇਬੰਦੀ ਨਾਲ ਸਬੰਧਤ ਬੁਰਛਾਗਰਦਾਂ ਨੇ ਕੀਤਾ ਸੀ। ਦਰਅਸਲ, ਫੇਸਬੁੱਕ ਉਤੇ ਕਿਸੇ ਨੇ ਸ਼ਿਵਾਜੀ ਅਤੇ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਦੀ ਕੋਈ ਤਸਵੀਰ ਪਾ ਦਿੱਤੀ ਸੀ। ਇਸ ਪੋਸਟ ਨੂੰ ਆਧਾਰ ਬਣਾ ਕੇ ਮੋਹਸਿਨ ਸਾਦਿਕ ਸ਼ੇਖ ਉਤੇ ਰਾਤ ਵੇਲੇ ਹਮਲਾ ਕਰ ਦਿੱਤਾ ਗਿਆ। ਉਸ ਵੇਲੇ ਲੋਕ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਨਰੇਂਦਰ ਮੋਦੀ ਦੀ ਬੱਲੇ ਬੱਲੇ ਹੋਈ ਪਈ ਸੀ ਅਤੇ ਉਨ੍ਹਾਂ ਦਾ ਦਾਅਵਾ ਵੀ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਵਿਕਾਸ ਖਾਤਰ ਮੁਲਕ ਦੀ ਵਾਗਡੋਰ ਸੰਭਾਲੀ ਹੈ। ਸਭ ਇਹ ਤਵੱਕੋ ਕਰ ਰਹੇ ਸਨ ਕਿ ਇਸ ਘਟਨਾ ਬਾਰੇ ਮੋਦੀ ਜ਼ਰੂਰ ਕੁਝ ਕਹਿਣਗੇ। ਇਹ ਆਸ ਕਰ ਕੇ ਵੀ ਸੀ, ਕਿਉਂਕਿ ਉਨ੍ਹਾਂ ਤੋਂ ਪਹਿਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਭਾਜਪਾ ਨੇ ‘ਮੋਨ ਪ੍ਰਧਾਨ ਮੰਤਰੀ’ ਹੋਣ ਦਾ ਖੂਬ ਪ੍ਰਚਾਰ ਕੀਤਾ ਹੋਇਆ ਸੀ। ਪੁਣੇ ਵਾਲੀ ਘਟਨਾ ਨਾਲ ਮਿਲਦੀਆਂ-ਜੁਲਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਹਰ ਵਾਰ ਲਗਦਾ ਹੈ ਕਿ ਮੋਦੀ ਦੀ ਖਾਮੋਸ਼ੀ ਟੁੱਟੇਗੀ, ਪਰ ਅਜੇ ਤੱਕ ਇਹ ਖਾਮੋਸ਼ੀ ਜਿਉਂ ਦੀ ਤਿਉਂ ਬਰਕਰਾਰ ਹੈ। ਇਨ੍ਹਾਂ ਮਸਲਿਆਂ ਬਾਰੇ ਇੰਨਾ ਰੌਲਾ ਪੈਣ ਦੇ ਬਾਵਜੂਦ ਉਨ੍ਹਾਂ ਦੀ ਜੀਭ ਠਾਕੀ ਗਈ ਹੈ ਅਤੇ ਅਜਿਹੇ ਹਰ ਮਾਮਲੇ ਬਾਰੇ ਖਾਮੋਸ਼ੀ ਤਾਰੀ ਹੈ।
ਉਂਜ ਇਹ ਖਾਮੋਸ਼ੀ ਹੁਣ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਭਤੀਜੀ ਨਯਨਤਾਰਾ ਸਹਿਗਲ ਨੇ ਤੋੜੀ ਹੈ। ਉਸ ਨੇ ਇਹ ਆਖ ਕੇ ਆਪਣਾ ਸਾਹਿਤ ਅਕਾਦਮੀ ਇਨਾਮ ਮੋੜ ਦਿੱਤਾ ਹੈ ਕਿ ਵਧ ਰਹੀ ਅਸਹਿਣਸ਼ੀਲਤਾ ਅਤੇ ਦਹਿਸ਼ਤ ਦੇ ਰਾਜ ਵਿਚ ਵੀ ਪ੍ਰਧਾਨ ਮੰਤਰੀ ਆਪਣੀ ਖਾਮੋਸ਼ੀ ਨਹੀਂ ਤੋੜ ਰਹੇ। ਇਸ ਤੋਂ ਪਹਿਲਾਂ ਹਿੰਦੀ ਬੁਰਛਾਗਰਦਾਂ ਵੱਲੋਂ ਕਰਨਾਟਕ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਐਮ ਐਮ ਕੁਲਬਰਗੀ ਦੇ ਕਤਲ ਖਿਲਾਫ ਰੋਸ ਤੇ ਰੋਹ ਜ਼ਾਹਿਰ ਕਰਦਿਆਂ ਹਿੰਦੀ ਲੇਖਕ ਉਦੈ ਪ੍ਰਕਾਸ਼ ਆਪਣਾ ਸਾਹਿਤ ਅਕਾਦਮੀ ਇਨਾਮ ਮੋੜ ਚੁੱਕੇ ਹਨ। ਇਹੀ ਨਹੀਂ, ਕੁਲਬਰਗੀ ਦੀ ਹੱਤਿਆ ਖਿਲਾਫ ਰੋਸ ਪ੍ਰਗਟ ਕਰਦਿਆਂ ਛੇ ਕੰਨੜ ਲੇਖਕਾਂ ਨੇ ਵੀ ਕੰਨੜ ਸਾਹਿਤ ਪ੍ਰੀਸ਼ਦ ਦੇ ਇਨਾਮ ਠੁਕਰਾ ਦਿੱਤੇ ਸਨ। ਤਰਕਸ਼ੀਲ ਆਗੂਆਂ ਨਰੇਂਦਰ ਦਾਭੋਲਕਰ, ਗੋਵਿੰਦ ਪਨਸਾਰੇ ਤੇ ਇਨ੍ਹਾਂ ਸਭ ਬਾਰੇ ਜ਼ਿਕਰ ਕਰਦਿਆਂ ਨਯਨਤਾਰਾ ਸਹਿਗਲ ਨੇ ਲਿਖਿਆ ਹੈ ਕਿ ਉਹ ਹਿੰਦੂਤਵ ਦੇ ਇਸ ਖਤਰੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ। ਆਪਣੇ ਬਿਆਨ ਵਿਚ ਉਸ ਨੇ ਦਾਦਰੀ ਵਾਲੀ ਘਟਨਾ ਦਾ ਜ਼ਿਕਰ ਵੀ ਕੀਤਾ ਹੈ। ਸੱਚਮੁੱਚ, ਹਿੰਦੂਤਵ ਦੀ ਇਹ ਚੜ੍ਹਾਈ ਬੜੀ ਖਤਰਨਾਕ ਤੇ ਪ੍ਰੇਸ਼ਾਨ ਕਰਨ ਵਾਲੀ ਹੈ ਅਤੇ ਇਸ ਦੇ ਖਿਲਾਫ ਉਦੈ ਪ੍ਰਕਾਸ਼ ਤੇ ਨਯਨਤਾਰਾ ਸਹਿਗਲ ਤੋਂ ਵੀ ਕਿਤੇ ਬੁਲੰਦ ਆਵਾਜ਼ ਵਿਚ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ। ਲੋਕ ਧਾੜਵੀਆਂ ਖਿਲਾਫ ਸਦਾ ਡਟਦੇ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਅੱਜ ਦੇ ਧਾੜਵੀਆਂ ਖਿਲਾਫ ਆਵਾਜ਼ ਕਿਸ ਰੂਪ ਵਿਚ ਬੁਲੰਦ ਹੁੰਦੀ ਹੈ। ਇਹ ਆਵਾਜ਼ ਮੋਦੀ ਦੀ ਖਾਮੋਸ਼ੀ ਦੇ ਖਿਲਾਫ ਨਵੇਂ ਭਾਰਤ ਦੀ ਸਿਰਜਣਾ ਲਈ ਵੀ ਹੋਵੇਗੀ।