ਦਾਦਰੀ ਕਾਂਡ: ਸਿਆਸੀ ਧਿਰਾਂ ਕਰ ਰਹੀਆਂ ਨੇ ਸਿਰੇ ਦੀ ਸਿਆਸਤ

ਨਵੀਂ ਦਿੱਲੀ: ਦਾਦਰੀ ਕਾਂਡ ਨੇ ਦੇਸ਼ ਦੀ ਰਾਜਨੀਤੀ ਵਿਚ ਹਲਚਲ ਖੜੀ ਕਰ ਦਿੱਤੀ ਹੈ। 29 ਸਤੰਬਰ ਨੂੰ ਗਾਂ ਦਾ ਮਾਸ ਖਾਣ ਦੇ ਸ਼ੱਕ ਵਿਚ ਅਖ਼ਲਾਕ ਨਾਮ ਦੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਉਥੇ ਫਿਰਕੂ ਬੇਭਰੋਸਗੀ ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸਿਆਸਤਦਾਨਾਂ ਦੇ ਦੌਰਿਆਂ ਵਿਚਕਾਰ ਸਾਫ ਦੇਖਿਆ ਜਾ ਸਕਦਾ ਹੈ ਕਿ ਪਿੰਡ ਵਿਚ ਪਾੜਾ ਵਧ ਗਿਆ ਹੈ।

ਮੁਜੱਫਰਨਗਰ ਦੰਗਿਆਂ ਦੇ ਦੋਸ਼ੀ ਤੇ ਭਾਜਪਾ ਵਿਧਾਇਕ ਸੰਗੀਤ ਸੋਮ ਤੇ ਬਸਪਾ ਦੇ ਸੀਨੀਅਰ ਮੁਸਲਿਮ ਆਗੂ ਨਸੀਮੂਦੀਨ ਸਿੱਦੀਕੀ ਵੀ ਪਿੰਡ ਦਾ ਦੌਰਾ ਕਰ ਚੁੱਕੇ ਹਨ। ਸੰਗੀਤ ਸੋਮ ਨੇ ਧੀਰਜ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਐਲਾਨ ਕੀਤਾ ਕਿ ਇਹ ਸਮਾਜਵਾਦੀ ਪਾਰਟੀ ਦੀ ਸਾਜ਼ਿਸ਼ ਹੈ ਜੋ ਓਵੈਸੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡ ਵਿਚ ਹਿੰਦੂ ਮੁੰਡੇ ਨੂੰ ਪੁਲਿਸ ਦੀ ਗੋਲੀ ਲੱਗੀ, ਉਸ ਦੇ ਪਰਿਵਾਰ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ।
ਬਿਸਹੇੜਾ ਵਿਚ ਮੀਡੀਆ ਤੇ ਸਿਆਸੀ ਆਗੂਆਂ ਦੇ ਦੌਰਿਆਂ ਨਾਲ ਉਥੇ ਤਣਾਅ ਦਾ ਮਾਹੌਲ ਬਣ ਗਿਆ ਤੇ ਲੋਕਾਂ ਨੇ ਗੁੱਸੇ ਦਾ ਇਜ਼ਹਾਰ ਕੀਤਾ। ਇਸ ‘ਤੇ ਪ੍ਰਸ਼ਾਸਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੁਝ ਸੂਬਾਈ ਕਾਂਗਰਸ ਆਗੂਆਂ ਨੂੰ ਪਿੰਡ ਵਿਚ ਜਾਣ ਤੋਂ ਰੋਕ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਨੂੰ ਉਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਪੀੜਤ ਪਰਿਵਾਰ ਦੀ ਬੇਨਤੀ ‘ਤੇ ਪਿੰਡ ਨੂੰ ਸੀਲ ਕੀਤਾ ਸੀ ਤਾਂ ਜੋ ਦੁਖ ਦੀ ਘੜੀ ਵਿਚ ਉਹ ਕੁਝ ਸਕੂਨ ਹਾਸਲ ਕਰ ਸਕਣ। ਉਧਰ ਯੂæਪੀæ ਦੇ ਰਾਜਪਾਲ ਰਾਮ ਨਾਇਕ ਨੇ ਘਟਨਾ ‘ਤੇ ਅਫਸੋਸ ਪ੍ਰਗਟ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਇਸ ਮਸਲੇ ਦਾ ਜ਼ਿਆਦਾ ਸਿਆਸੀਕਰਨ ਹੋ ਗਿਆ ਹੈ। ਸੀæਪੀæਐਮæ ਆਗੂ ਪ੍ਰਕਾਸ਼ ਕਰਤ ਨੇ ਬਾਂਦਾ ਵਿਚ ਕਿਹਾ ਕਿ ਦਾਦਰੀ ਕਾਂਡ ਕੱਟੜ ਤਾਕਤਾਂ ਦੇ ਵਧ ਰਹੇ ਪ੍ਰਭਾਵ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਨ੍ਹਾਂ ਤਾਕਤਾਂ ਨੂੰ ਸ਼ਹਿ ਦੇ ਰਹੀ ਹੈ।
_____________________________________
ਇਸ ਤਰ੍ਹਾਂ ਵਾਪਰੀ ਸੀ ਘਟਨਾ
ਨਵੀਂ ਦਿੱਲੀ: ਦਾਦਰੀ ਦੇ ਇਕ ਧਾਰਮਿਕ ਅਸਥਾਨ ਵਿਚੋਂ ਮੁਨਾਦੀ ਕੀਤੀ ਗਈ ਸੀ ਕਿ ਅਖ਼ਲਾਕ ਦੇ ਪਰਿਵਾਰ ਨੇ ਗਊ ਹੱਤਿਆ ਕਰਕੇ ਉਸ ਦਾ ਮਾਸ ਖਾਧਾ ਹੈ। ਇਸ ਤੋਂ ਬਾਅਦ ਭੀੜ ਨੇ ਅਖ਼ਲਾਕ ਦੇ ਘਰ ‘ਤੇ ਹਮਲਾ ਕਰਕੇ ਉਸ ਨੂੰ ਬਾਹਰ ਧੂਹ ਲਿਆ ਤੇ ਕੁੱਟ-ਕੁੱਟ ਕੇ ਜਾਨ ਲੈ ਲਈ ਜਦਕਿ 22 ਸਾਲਾਂ ਦਾ ਲੜਕਾ ਦਾਨਿਸ਼ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਨਾਲ ਸੰਘਰਸ਼ ਕਰ ਰਿਹਾ ਹੈ।
________________________
ਘਟਨਾ ਨੂੰ ਫਿਰਕੂ ਰੰਗਤ ਨਾ ਦਿੱਤੀ ਜਾਵੇ: ਰਾਜਨਾਥ
ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਾਦਰੀ ਕਾਂਡ ਨੂੰ ਮੰਦਭਾਗਾ ਆਖਦਿਆਂ ਕਿਹਾ ਕਿ ਇਸ ਨੂੰ ਫਿਰਕੂ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਪਰ ਇਸ ਨੂੰ ਫਿਰਕੂ ਰੰਗਤ ਦੇਣਾ ਠੀਕ ਨਹੀਂ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਘਟਨਾ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦਾ।
____________________________
ਅਖਲਾਕ ਨੂੰ ਮਜ਼ਹਬ ਕਰ ਕੇ ਮਾਰਿਆ!
ਦਾਦਰੀ:ਮੁਹੰਮਦ ਅਖਲਾਕ ਨੂੰ ਗਾਊ ਮਾਸ ਲਈ ਨਹੀਂ ਬਲਕਿ ਉਸ ਦੇ ਮਜ਼ਹਬ ਕਰਕੇ ਮਾਰਿਆ ਗਿਆ ਹੈ। ਇਹ ਉਸ ਦਿਮਾਗ ਦੀ ਸਾਜ਼ਿਸ਼ ਹੈ ਜਿਹੜਾ ਧਰਮ ਨਿਰਪੱਖਤਾ ਦਾ ਵਿਰੋਧੀ ਹੈ। ਇਹ ਦਾਅਵਾ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਕੀਤਾ ਹੈ।ਨੋਇਡਾ ਦੇ ਦਾਦਰੀ ਵਿਚ ਗਾਊ ਮਾਸ ਖਾਣ ਦੀ ਅਫਵਾਹ ਤੋਂ ਬਾਅਦ ਕੁੱਟ-ਕੁੱਟ ਕੇ ਇਕ ਮੁਸਲਮਾਨ ਦੀ ਹੱਤਿਆ ਕਰ ਦੇਣ ਦੇ ਮਾਮਲੇ ‘ਤੇ ਉਵੈਸੀ ਨੇ ਪ੍ਰਧਾਨ ਮੰਤਰੀ ਉਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਓਵੈਸੀ ਨੇ ਦਾਦਰੀ ਹੱਤਿਆ ਕਾਂਡ ਨੂੰ ਯੋਜਨਾਬੱਧ ਕਰਾਰ ਦਿੱਤਾ ਹੈ।
____________________________
ਗਾਂ ਦਾ ਮਾਸ ਖਾਣਾ ਗੁਨਾਹ ਨਹੀਂ: ਕਾਟਜੂ
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਗਾਂ ਸਿਰਫ ਇਕ ਪਸ਼ੂ ਹੈ ਜਿਹੜੀ ਕਿਸੇ ਦੀ ਮਾਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਗਾਂ ਦਾ ਮਾਸ ਖਾਣ ਦੇ ਦੋਸ਼ਾਂ ਪਿੱਛੋਂ ਕੁੱਟ-ਕੁੱਟ ਕੇ ਮਾਰਨ ਦੀ ਘਟਨਾ ਰਾਜਨੀਤੀ ਤੋਂ ਪ੍ਰੇਰਿਤ ਸੀ। ਜੇਕਰ ਉਹ ਗਾਂ ਦਾ ਮੀਟ ਖਾਣਾ ਪਸੰਦ ਕਰਦੇ ਹਨ ਤਾਂ ਇਸ ਵਿਚ ਕੀ ਨੁਕਸਾਨ ਹੈ? ਇਥੋਂ ਤੱਕ ਵਿਸ਼ਵ ਭਰ ਵਿਚ ਲੋਕ ਗਾਂ ਦਾ ਮਾਸ ਖਾਂਦੇ ਹਨ।
________________________________
ਅਖਲਾਕ ਦੇ ਪਰਿਵਾਰ ਲਈ ਡਟੀ ਹਵਾਈ ਸੈਨਾ
ਨਵੀਂ ਦਿੱਲੀ: ਦਾਦਰੀ ਵਿਚ ਕਤਲ ਕੀਤੇ ਗਏ ਅਖ਼ਲਾਕ ਦੇ ਪਰਿਵਾਰ ਨੂੰ ਹਵਾਈ ਸੈਨਾ ਸੁਰੱਖਿਆ ਦੇਵੇਗੀ। ਪੀੜਤ ਪਰਿਵਾਰ ਨੂੰ ਛੇਤੀ ਹੀ ਸੈਨਾ ਦੇ ਇਲਾਕੇ ਵਿਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕਤਲ ਕੀਤੇ ਗਏ ਅਖ਼ਲਾਕ ਦਾ ਬੇਟਾ ਮੁਹੰਮਦ ਸਰਤਾਜ ਹਵਾਈ ਸੈਨਾ ਵਿਚ ਭਰਤੀ ਹੈ। ਹਵਾਈ ਸੈਨਾ ਮੁਖੀ ਅਰੂਪ ਰਾਹਾ ਨੇ ਕਿਹਾ ਕਿ ਅਜਿਹੀ ਘਟਨਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਮੰਦਭਾਗਾ ਹੈ ਕਿ ਹਵਾਈ ਸੈਨਾ ਦੇ ਇਕ ਮੁਲਾਜ਼ਮ ਦੇ ਪਰਿਵਾਰ ਵਿਚ ਮੌਤ ਹੋਈ ਹੈ।