ਸਿੱਖ ਜਥੇਬੰਦੀਆਂ ਵੱਲੋਂ ਆਪੋ-ਆਪਣੇ ਪੱਧਰ ‘ਤੇ ਰਣਨੀਤੀਆਂ

ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕੀਤੇ ਜਾਣ ਦੇ ਮਾਮਲੇ ਉਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ਉੱਤੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕੁਝ ਸਿੱਖ ਜਥੇਬੰਦੀਆਂ ਇਕ ਮੰਚ ‘ਤੇ ਆ ਗਈਆਂ ਹਨ ਜਦੋਂਕਿ ਕੁਝ ਸਿੱਖ ਜਥੇਬੰਦੀਆਂ ਅਜੇ ਵੀ ਵੱਖਰੇ ਤੌਰ ‘ਤੇ ਆਪਣੇ ਪੱਧਰ ‘ਤੇ ਰੋਸ ਦਾ ਪ੍ਰਗਟਾਵਾ ਕਰ ਰਹੀਆਂ ਹਨ।

ਇਕ ਮੰਚ ਉਤੇ ਆਈਆਂ ਜਥੇਬੰਦੀਆਂ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ ਦਿੱਲੀ, ਸਿੱਖ ਬੰਦੀਆਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ, ਸੰਤ ਸਮਾਜ ਦਾ ਇਕ ਹਿੱਸਾ ਤੇ ਹੋਰ ਸਿੱਖ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਜਥੇਬੰਦੀਆਂ ਨੇ ਸਰਬੱਤ ਖਾਲਸਾ ਸੱਦਣ ਬਾਰੇ ਵਿਚਾਰ ਚਰਚਾ ਕੀਤੀ ਹੈ। ਇਸ ਬਾਰੇ ਅੰਤਿਮ ਫੈਸਲਾ ਲੈਣ ਲਈ 12 ਅਕਤੂਬਰ ਨੂੰ ਲੁਧਿਆਣਾ ਵਿਖੇ ਮੁੜ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਸਰਬੱਤ ਖਾਲਸਾ ਕਰਨ ਲਈ ਮਿਤੀ ਤੇ ਜਗ੍ਹਾ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਸਰਬੱਤ ਖਾਲਸਾ ਦੀ ਮਿਤੀ ਤੇ ਸਥਾਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਵਖਰੇਵੇਂ ਵੀ ਮੌਜੂਦ ਹਨ। ਇਨ੍ਹਾਂ ਤੋਂ ਇਲਾਵਾ ਦਲ ਖਾਲਸਾ ਤੇ ਪੰਚ ਪ੍ਰਧਾਨੀ ਤੇ ਸੰਤ ਸਮਾਜ ਆਪੋ ਆਪਣੇ ਤੌਰ ‘ਤੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।
ਮਿਲੇ ਵੇਰਵਿਆਂ ਅਨੁਸਾਰ ਇਨ੍ਹਾਂ ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਦੀਵਾਲੀ ਮੌਕੇ ਸੱਦਿਆ ਜਾ ਸਕਦਾ ਹੈ। ਕੁਝ ਸਿੱਖ ਜਥੇਬੰਦੀਆਂ ਇਸ ਹੱਕ ਵਿਚ ਹਨ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਰਬੱਤ ਖਾਲਸਾ ਅੰਮ੍ਰਿਤਸਰ ਵਿਚ ਸੱਦਿਆ ਜਾਵੇ ਜਦੋਂਕਿ ਕੁਝ ਇਕ ਦੇ ਵਿਚਾਰ ਹਨ ਕਿ ਸਰਬੱਤ ਖਾਲਸਾ ਦੀ ਮਿਤੀ ਤੇ ਥਾਂ ਦਾ ਫੈਸਲਾ ਵਿਸ਼ਵ ਭਰ ਦੇ ਸਿੱਖਾਂ ਦੀ ਰਾਏ ਨਾਲ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਬਾਰੇ 12 ਅਕਤੂਬਰ ਨੂੰ ਮੰਥਨ ਕਰਨ ਮਗਰੋਂ ਇਸ ਸਬੰਧੀ ਕੋਈ ਫੈਸਲਾ ਹੋਵੇਗਾ। ਸਰਬੱਤ ਖਾਲਸਾ ਦਾ ਏਜੰਡਾ ਪੰਜ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਦੇ ਫੈਸਲੇ ਨੂੰ ਰੱਦ ਕਰਨਾ, ਗਲਤ ਫੈਸਲਾ ਲੈਣ ਲਈ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣਾ ਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਲਈ ਵਿਧੀ ਵਿਧਾਨ ਤੈਅ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਸਿੱਖ ਬੰਦੀਆਂ ਦੀ ਰਿਹਾਈ ਲਈ ਅਗਲੀ ਰੂਪ ਰੇਖਾ ਤੈਅ ਕਰਨਾ ਵੀ ਸ਼ਾਮਲ ਹੈ।
ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ, ਜਿਨ੍ਹਾਂ ਪਹਿਲਾਂ ਵੀ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ ਅੰਮ੍ਰਿਤਸਰ ਵਿਚ ਸੱਦੀ ਸੀ, ਨੇ ਆਖਿਆ ਕਿ ਸਰਬੱਤ ਖਾਲਸਾ ਦੀਵਾਲੀ ਨੇੜੇ ਸੱਦਣ ਦੀ ਯੋਜਨਾ ਹੈ, ਪਰ ਇਸ ਬਾਰੇ ਅੰਤਿਮ ਫੈਸਲਾ 12 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਸਮੂਹ ਸਿੱਖ ਜਥੇਬੰਦੀਆਂ ਦੀ ਰਾਏ ਨਾਲ ਕੀਤਾ ਜਾਵੇਗਾ। ਸਰਬੱਤ ਖਾਲਸਾ ਦੀ ਮਾਨਤਾ ਬਾਰੇ ਉਨ੍ਹਾਂ ਆਖਿਆ ਕਿ ਜਦੋਂ ਦੇਸ-ਵਿਦੇਸ ਤੋਂ ਸਿੱਖ ਸੰਗਤਾਂ ਵੱਡੇ ਪੱਧਰ ਤੇ ਇਕੱਠੀਆਂ ਹੋਣਗੀਆਂ ਤਾਂ ਉਨ੍ਹਾਂ ਦਾ ਫੈਸਲਾ ਸਰਵ ਪ੍ਰਵਾਨਿਤ ਹੋਵੇਗਾ, ਜਿਸ ਨੂੰ ਕਿਸੇ ਦੀ ਮਾਨਤਾ ਦੀ ਲੋੜ ਨਹੀਂ ਸਗੋਂ ਸੰਗਤਾਂ ਵੱਲੋਂ ਕੀਤਾ ਗਿਆ ਸਰਵ ਪ੍ਰਵਾਨਿਤ ਫੈਸਲਾ ਸਭ ਨੂੰ ਮੰਨਣਯੋਗ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਵੱਲੋਂ ਅਮਨ ਸ਼ਾਂਤੀ ਭੰਗ ਹੋਣ ਦਾ ਹਊਆ ਦਿਖਾ ਕੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ 12 ਅਕਤੂਬਰ ਦੀ ਮੀਟਿੰਗ ਵਿਚ ਸਰਬੱਤ ਖਾਲਸਾ ਸੱਦਣ ਬਾਰੇ ਵਿਚਾਰ ਚਰਚਾ ਹੋਵੇਗੀ ਪਰ ਉਹ ਚਾਹੁੰਦੇ ਹਨ ਕਿ ਸਰਬੱਤ ਖਾਲਸਾ ਦੀ ਮਿਤੀ ਤੇ ਥਾਂ ਦਾ ਫੈਸਲਾ ਵਿਸ਼ਵ ਭਰ ਦੇ ਸਿੱਖਾਂ ਦੀ ਰਾਏ ਲੈਣ ਮਗਰੋਂ ਹੀ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਰਬੱਤ ਖਾਲਸਾ ਉਸ ਥਾਂ ‘ਤੇ ਸੱਦਿਆ ਜਾਣਾ ਚਾਹੀਦਾ ਹੈ, ਜਿਥੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਈ ਅੜਿੱਕਾ ਨਾ ਖੜ੍ਹਾ ਕਰ ਸਕੇ। ਉਨ੍ਹਾਂ ਆਖਿਆ ਕਿ ਸਰਬੱਤ ਖਾਲਸਾ ਵਿਦੇਸ਼ੀ ਧਰਤੀ ‘ਤੇ ਵੀ ਸੱਦਿਆ ਜਾ ਸਕਦਾ ਹੈ।
____________________________________
ਜਥੇਦਾਰਾਂ ਦੀ ਗੱਦੀ ਨੂੰ ਖਤਰਾ
ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਨੂੰ ਚੁੱਪ-ਚੁਪੀਤੇ ਮੁਆਫੀ ਦੇਣ ਦਾ ਫੈਸਲਾ ਇਸ ਵਾਰ ਤਖਤਾਂ ਦੇ ਜਥੇਦਾਰਾਂ ਲਈ ਗਲੇ ਦੀ ਹੱਡੀ ਬਣ ਗਿਆ ਹੈ, ਜਿਸ ਤੋਂ ਬਚਣ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ। ਫੈਸਲੇ ਕਾਰਨ ਇਸ ਵਾਰ ਵੱਡੇ ਪੱਧਰ ‘ਤੇ ਸਿੱਖ ਸੰਗਤ ਵੱਲੋਂ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਸੰਤ ਸਮਾਜ, ਜੋ ਕਿ ਹਾਕਮ ਧਿਰ ਦੇ ਨੇੜੇ ਸਮਝਿਆ ਜਾਂਦਾ ਹੈ, ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ। ਪੰਥਕ ਰੋਹ ਨੂੰ ਦੇਖਦਿਆਂ ਹੁਣ ਇਕ ਨਵੀਂ ਯੋਜਨਾ ਬਣਾਈ ਗਈ ਹੈ। ਇਸ ਤਹਿਤ ਇਕ ਸਬ ਕਮੇਟੀ ਕਾਇਮ ਕਰਨ ਦੀ ਯੋਜਨਾ ਹੈ। ਇਹ ਕਮੇਟੀ ਵਿਰੋਧ ਕਰ ਰਹੀਆਂ ਧਿਰਾਂ ਦੇ ਵਿਚਾਰ ਜਾਣਨ ਮਗਰੋਂ ਇਸ ਫੈਸਲੇ ਪ੍ਰਤੀ ਆਪਣੀ ਰਾਏ ਦੇਵੇਗੀ। ਉਸ ਦੇ ਆਧਾਰ ਉਤੇ ਅੱਗੇ ਸਿੰਘ ਸਾਹਿਬਾਨ ਕੋਈ ਫੈਸਲਾ ਕਰਨਗੇ। ਹਾਕਮ ਧਿਰ ਇਸ ਫੈਸਲੇ ਨਾਲ ਹਾਲ ਦੀ ਘੜੀ ਰੋਹ ਨੂੰ ਸ਼ਾਂਤ ਕਰਨ ਤੇ ਸਮਾਂ ਲੰਘਾਉਣ ਦੀ ਤਾਕ ਵਿਚ ਹੈ। ਪਰਦਾਪੋਸ਼ੀ ਤੇ ਸੰਤ ਸਮਾਜ ਦੀ ਸਹਿਮਤੀ ਪ੍ਰਾਪਤ ਕਰਨ ਲਈ ਹਾਕਮ ਧਿਰ ਘੱਟੋ-ਘੱਟ ਇਕ ਜਥੇਦਾਰ ਦੇ ਅਹੁਦੇ ਦੀ ਬਲੀ ਲੈ ਸਕਦੀ ਹੈ।
____________________________________
ਸਰਬੱਤ ਖਾਲਸਾ ਹੀ ਆਖਰੀ ਰਾਹ?
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਉਤੇ ਸਿੱਖ ਜਗਤ ਵਿਚ ਬਣੇ ਹੋਏ ਰੋਹ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸੱਦਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਇਸ ਬਾਰੇ ਸਿੱਖ ਜਥੇਬੰਦੀਆਂ ਵੱਲੋਂ ਫੈਸਲਾ 12 ਅਕਤੂਬਰ ਨੂੰ ਲੁਧਿਆਣਾ ਵਿਖੇ ਸੱਦੀ ਗਈ ਮੀਟਿੰਗ ਵਿਚ ਕੀਤਾ ਜਾਵੇਗਾ। ਸਰਬੱਤ ਖਾਲਸਾ ਦਾ ਏਜੰਡਾ ਡੇਰਾ ਸਿਰਸਾ ਦੇ ਮੁਖੀ ਦੇ ਹੱਕ ਵਿਚ ਕੀਤੇ ਗਏ ਫੈਸਲੇ ਨੂੰ ਰੱਦ ਕਰਨਾ ਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਤਿਆਰ ਕਰਨਾ ਆਦਿ ਹੋਵੇਗਾ। ਇਸ ਤੋਂ ਇਲਾਵਾ ਸਰਬੱਤ ਖਾਲਸਾ ਵਿਚ ਬਾਦਲਾਂ ਦੇ ਸਮਾਜਿਕ ਬਾਈਕਾਟ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ।
___________________________________
ਪਹਿਲਾਂ ਵੀ ਬਦਲੇ ਜਾ ਚੁੱਕੇ ਨੇ ਜਥੇਦਾਰ ਦੇ ਫੈਸਲੇ
ਅੰਮ੍ਰਿਤਸਰ: ਸਰਬੱਤ ਖਾਲਸਾ ਦੇ ਮੁਦਈ ਸਿੱਖ ਆਗੂਆਂ ਦਾ ਦਾਅਵਾ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਲਏ ਗਏ ਫੈਸਲੇ ਕਈ ਵਾਰ ਬਦਲੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਹੁਦੇ ਤੋਂ ਹਟਾਉਣਾ, 1984 ਵਿਚ ਸਾਕਾ ਨੀਲਾ ਤਾਰਾ ਤੋਂ ਬਾਅਦ ਜਥੇਦਾਰ ਵੱਲੋਂ ਕੋਠਾ ਸਾਹਿਬ ਠੀਕ ਠਾਕ ਹੋਣ ਬਾਰੇ ਕਹਿਣਾ ਤੇ ਡੇਰਾ ਬਿਆਸ ਨੂੰ ਕਲੀਨ ਚਿੱਟ ਦੇਣ ਆਦਿ ਦੇ ਮਾਮਲੇ ਸ਼ਾਮਲ ਹਨ। ਇਹ ਸਾਰੇ ਹੀ ਮਾਮਲਿਆਂ ਵਿਚ ਆਦੇਸ਼ਾਂ ਨੂੰ ਮਗਰੋਂ ਬਦਲ ਦਿੱਤਾ ਗਿਆ ਸੀ।