ਜਲੰਧਰ: ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਸਿਖਰ ‘ਤੇ ਹੈ। ਪਾਰਟੀ ਖੜ੍ਹੀ ਕਰਨ ਵਾਲੇ ਸ਼ੁਰੂਆਤੀ ਦੌਰ ਦੇ ਤਕਰੀਬਨ 250 ਵਾਲੰਟੀਅਰਜ਼ ਦੇ ਧੜੇ ਨੇ ‘ਆਪ’ ਨਾਲੋਂ ਵੱਖ ਹੋਣ ਦਾ ਫੈਸਲਾ ਕਰਦਿਆਂ ‘ਆਮ ਆਦਮੀ ਵਾਲੰਟੀਅਰਜ਼ ਫਰੰਟ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫਰੰਟ ਨੂੰ ‘ਆਪ’ ਦੇ ਦੋ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਨੇ ਹਮਾਇਤ ਦਿੱਤੀ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸ਼ੁਰੂਆਤੀ ਦੌਰ ਵਿਚ ਪੱਕੇ ਪੈਰੀਂ ਕਰਨ ਵਾਲੇ ਸੂਬੇ ਭਰ ਤੋਂ ਆਏ ਵਾਲੰਟੀਅਰਜ਼ ਨੇ ‘ਆਪ’ ਉਤੇ ਸਿਧਾਂਤਾਂ ਤੋਂ ਭਟਕ ਜਾਣ ਦਾ ਦੋਸ਼ ਲਾਉਂਦਿਆਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਮੀਟਿੰਗ ਕੀਤੀ। ਮੀਟਿੰਗ ਵਿਚ ਪਟਿਆਲਾ ਤੋਂ ‘ਆਪ’ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਹਿੱਸਾ ਲਿਆ। ਇਹ ਦੋਵੇਂ ਸੰਸਦ ਮੈਂਬਰ ਵੱਖਰਾ ਫਰੰਟ ਬਣਾਉਣ ਬਾਰੇ ਕੀਤੀ ਪ੍ਰੈੱਸ ਕਾਨਫਰੰਸ ਵਿਚੋਂ ਗੈਰਹਾਜ਼ਰ ਰਹੇ ਪਰ ਜਿਸ ਮੀਟਿੰਗ ਵਿਚ ਵੱਖਰਾ ਫਰੰਟ ਬਣਾਉਣ ਦਾ ਫੈਸਲਾ ਕੀਤਾ ਗਿਆ, ਉਸ ਮੀਟਿੰਗ ਵਿਚ ਇਹ ਦੋਵੇਂ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।
ਇਨ੍ਹਾਂ ਵਲੰਟੀਅਰਾਂ ਨੇ ਦੋਸ਼ ਲਾਇਆ ਕਿ ‘ਆਪ’ ਜਿਹੜੀ ਬਦਲਵੀਂ ਸਿਆਸਤ ਦੇ ਇਰਾਦੇ ਨਾਲ ਹੋਂਦ ਵਿਚ ਆਈ ਸੀ, ਉਸ ਰਸਤੇ ਤੋਂ ਪਾਰਟੀ ਭਟਕ ਚੁੱਕੀ ਹੈ। ਫਰੰਟ ਵੱਲੋਂ 101 ਮੈਂਬਰੀ ਸਟੇਟ ਕੌਂਸਲ ਬਣਾਈ ਜਾਵੇਗੀ ਤੇ 11 ਮੈਂਬਰੀ ਸਟੇਟ ਐਗਜ਼ੈਕਟਿਵ ਬਣਾਈ ਜਾਵੇਗੀ। ਇਸ ਤਰ੍ਹਾਂ ਜ਼ਿਲ੍ਹਾ ਪੱਧਰੀ ਢਾਂਚਾ ਖੜ੍ਹਾ ਕੀਤਾ ਜਾਵੇਗਾ। ਹਰ ਜ਼ਿਲ੍ਹੇ ਵਿਚ 11 ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਫਰੰਟ ਨੂੰ ਹੇਠਾਂ ਤੋਂ ਉਪਰ ਵੱਲ ਨੂੰ ਮਜ਼ਬੂਤ ਕੀਤਾ ਜਾਵੇਗਾ ਨਾ ਕਿ ‘ਆਪ’ ਵਾਂਗ ਦਿੱਲੀ ਤੋਂ ਆਗੂ ਥੋਪੇ ਜਾਣਗੇ। ਫਰੰਟ ਆਪਣੇ ਆਪ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰੇਗਾ ਤਾਂ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਟੱਕਰ ਦਿੱਤੀ ਜਾ ਸਕੇ। ਇਨ੍ਹਾਂ ਆਗੂਆਂ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਕਿ ਉਨ੍ਹਾਂ ਦਾ ਯੋਗੇਂਦਰ ਯਾਦਵ ਦੇ ਸਵਰਾਜ ਨਾਲ ਕੋਈ ਸਬੰਧ ਹੈ। ਉਨ੍ਹਾਂ ਦੱਸਿਆ ਕਿ ਡਾæ ਦਲਜੀਤ ਸਿੰਘ ਦੀ ਸਿਹਤ ਖਰਾਬ ਹੈ, ਜਿਸ ਕਰ ਕੇ ਉਹ ਨਹੀਂ ਪਹੁੰਚ ਸਕੇ। ਡਾæ ਸਮੇਲ ਸਿੰਘ ਸਿੱਧੂ ਨੇ ਵੀ ਫਰੰਟ ਨੂੰ ਹਮਾਇਤ ਦੇਣ ਦੀ ਹਾਮੀ ਭਰੀ ਹੈ। ‘ਆਪ’ ਵੱਲੋਂ ਦੂਜੇ ਸੂਬਿਆਂ ਤੋਂ ਆਗੂ ਥੋਪੇ ਜਾਣ ਬਾਰੇ ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬੀਆਂ ਦੇ ਤਾਂ ਖੂਨ ਵਿਚ ਸਿਆਸਤ ਹੈ ਤੇ ਇਥੋਂ ਦੇ ਲੋਕ ਸੂਝਵਾਨ ਤੇ ਦਲੇਰ ਹਨ। ਸੰਸਦ ਮੈਂਬਰ ਖਾਲਸਾ ਨੇ ਕਿਹਾ ਕਿ ਕੀ ਹੁਣ ਯੂæਪੀæ ਜਾਂ ਬਿਹਾਰ ਤੋਂ ਥੋਪੇ ਗਏ ਆਗੂ ਪੰਜਾਬੀਆਂ ਨੂੰ ਸਿਆਸਤ ਕਰਨੀ ਸਿਖਾਉਣਗੇ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸਤ ਪੱਖੋਂ ਸੁਚੇਤ ਹਨ ਤੇ ਔਖੇ ਵੇਲੇ ਦੌਰਾਨ ਕੰਮ ਕਰਨਾ ਜਾਣਦੇ ਹਨ।
__________________________________________
ਛੋਟੇਪੁਰ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਏਕੇ ਲਈ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵਿਚੋਂ ਵੱਖ ਹੋ ਰਹੇ ‘ਵਾਲੰਟੀਅਰ’ ਇਸ ਸ਼ਰਤ ‘ਤੇ ਵਾਪਸ ਆਉਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ ਅਹੁਦੇ ਨਾਲ ਚਿਪਕੇ ਰਹਿਣ ਦਾ ਕੋਈ ਚਾਅ ਨਹੀਂ ਹੈ। ਬਸ਼ਰਤੇ ਉਹ ਵਾਲੰਟੀਅਰ, ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਤੁਰਨ ਦਾ ਵਾਅਦਾ ਦੇਣ। ‘ਆਪ’ ਤੋਂ ਵੱਖ ਹੋਏ ਨੇਤਾ ਤੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਮੰਨਣਾ ਹੈ ਕਿ ਪੰਜਾਬ ‘ਆਪ’ ਵਿਚ ਏਕੇ ਦੇ ਰਾਹ ਵਿਚ ਛੋਟੇਪੁਰ ਮੁੱਖ ਅੜਿੱਕਾ ਹਨ। ਉਨ੍ਹਾਂ ਕਿਹਾ ਕਿ ਉਹ ਸ਼ਰਤਾਂ ਤਹਿਤ ‘ਆਪ’ ਵਿਚ ਦੁਬਾਰਾ ਸ਼ਾਮਲ ਹੋਣ ਲਈ ਤਿਆਰ ਹਨ।
________________________________
ਡਾæ ਗਾਂਧੀ ਦਾ ‘ਆਪ’ ਅਨੁਸ਼ਾਸਨੀ ਕਮੇਟੀ ‘ਤੇ ਸਵਾਲ
ਪਟਿਆਲਾ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਭੇਜੇ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ। ਉਨ੍ਹਾਂ ਜਵਾਬ ਵਿਚ ਆਖਿਆ ਹੈ ਕਿ ਉਹ ਪਾਰਟੀ ਦੀ ਇਸ ਅਨੁਸ਼ਾਸਨੀ ਕਮੇਟੀ ਉਪਰ ਵਿਸ਼ਵਾਸ ਨਹੀਂ ਕਰਦੇ ਹਨ। ਡਾæ ਗਾਂਧੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਅਨੁਸ਼ਾਸਨੀ ਕਮੇਟੀ ਨੇ ਨੋਟਿਸ ਭੇਜਿਆ ਸੀ। ਡਾæ ਗਾਧੀ ਨੇ ਜਵਾਬ ਵਿਚ ਆਖਿਆ ਕਿ ਉਹ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਉੱਪਰ ਵਿਸ਼ਵਾਸ ਨਹੀਂ ਕਰਦੇ। ਪਾਰਟੀ ਦੇ ਲੋਕਪਾਲ ਵੱਲੋਂ ਜੇਕਰ ਉਨ੍ਹਾਂ ਨੂੰ ਨੋਟਿਸ ਭੇਜਿਆ ਜਾਵੇਗਾ ਤਾਂ ਹੀ ਉਹ ਆਪਣਾ ਵਿਸਥਾਰ ਵਿਚ ਜਵਾਬ ਦੇਣਗੇ।
_______________________________
ਖਾਲਸਾ ਨੇ ਨੋਟਿਸ ਦਾ ਜਵਾਬ ਭੇਜਿਆ
ਜਲੰਧਰ: ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਦੀ ਕੌਮੀ ਅਨੁਸ਼ਾਸਨੀ ਕਮੇਟੀ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਆਪਣੇ ਜਵਾਬ ਵਿਚ ਕਿਹਾ ਕਿ ਉਹ ਅੱਜ ਵੀ ਪਾਰਟੀ ਦੇ ਸਿਧਾਂਤਾਂ ਨਾਲ ਖੜ੍ਹੇ ਹਨ। ਜਿਹੜੇ ਲੋਕ ਪਾਰਟੀ ਦੇ ਲੋਕਤੰਤਰੀ ਢਾਂਚੇ ਤੇ ਸਿਧਾਂਤਾਂ ਨੂੰ ਤਬਾਹ ਕਰ ਰਹੇ ਹਨ ਉਹ ਉਨ੍ਹਾਂ ਵਿਰੁੱਧ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।