ਅੰਕਾਰਾ: ਸੀਰੀਆ ਤੇ ਇਰਾਕ ਦੇ ਮੁਸੀਬਤ ਵਿਚ ਫਸੇ ਲੋਕਾਂ ਦੀ ਆਮਦ ਨੇ ਯੂਰਪੀ ਸੰਘ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਜਰਮਨੀ, ਫਰਾਂਸ, ਗਰੀਸ ਤੇ ਇਟਲੀ ਬਹੁਤ ਵੱਡੇ ਅਣਕਿਆਸੇ ਪਰਵਾਸੀਆਂ ਦੇ ਸੰਕਟ ਵਿਚ ਘਿਰ ਗਏ ਹਨ। ਅਰਬ ਜਗਤ, ਅਫਰੀਕਾ ਤੇ ਪੂਰਬੀ ਯੂਰਪ ਤੋਂ ਲੱਖਾਂ ਲੋਕ ਯੂਰਪੀ ਦੇਸ਼ਾਂ ਵੱਲ ਆ ਰਹੇ ਹਨ।
ਲੰਘੇ ਮਹੀਨੇ ਹੀ 1,07,000 ਲੋਕ ਯੂਰਪੀ ਸੰਘ ਦੇ ਦੇਸ਼ਾਂ ਵਿਚ ਆਏ।
ਪਿਛਲੇ ਦਿਨੀਂ ਹਜ਼ਾਰਾਂ ਲੋਕ ਜਿਨ੍ਹਾਂ ਵਿਚ ਬਜ਼ੁਰਗ, ਔਰਤਾਂ ਤੇ ਮਾਸੂਮ ਬੱਚੇ ਸ਼ਾਮਲ ਸਨ, ਪੈਂਦੇ ਮੀਂਹ ਵਿਚ ਪੈਦਲ ਸਫਰ ਕਰਕੇ ਗਰੀਸ ਦੇ ਮਕਦੂਨੀਆ ਵਿਚ ਦਾਖਲ ਹੋਏ ਜੋ ਰੇਲ ਜਾਂ ਸੜਕੀ ਆਵਾਜਾਈ ਰਾਹੀ ਸਰਬੀਆ ਪਹੁੰਚੇ ਤੇ ਪਹੁੰਚ ਰਹੇ ਹਨ। ਜਾਨ ਦੀ ਬਾਜ਼ੀ ਲਾ ਕੇ ਉਨ੍ਹਾਂ ਦਾ ਨਿਸ਼ਾਨਾ ਜਰਮਨੀ, ਫਰਾਂਸ, ਬਰਤਾਨੀਆ, ਸਵੀਡਨ ਤੇ ਹਾਲੈਂਡ ਵਿਚ ਵੱਸਣ ਦਾ ਹੈ। ਯੂਕਰੇਨ, ਇਰਾਕ, ਸੀਰੀਆ, ਅਫ਼ਗਾਨਿਸਤਾਨ ਤੇ ਅਫਰੀਕਾ ਦੇ ਲੋਕ ਘਰੋਗੀ ਖਾਨਾਜੰਗੀ, ਹਿੰਸਾ ਦੇ ਸਤਾਏ ਯੂਰਪ ਨੂੰ ਆ ਰਹੇ ਹਨ।
ਪਰਵਾਸੀਆਂ ਦੀ ਵਧਦੀ ਗਿਣਤੀ ਤੇ ਪੈਦਾ ਹੋਏ ਹਾਲਾਤ ਬਾਰੇ ਇਟਲੀ ਦੇ ਵਿਦੇਸ਼ ਮੰਤਰੀ ਨੇ ਯੂਰਪ ਦੀ ਆਤਮਾ ਨੂੰ ਖਤਰਾ ਦੱਸਿਆ ਹੈ। ਜਰਮਨੀ ਵਿਚ ਸ਼ਰਨ ਦੀ ਮੰਗ ਕਰਨ ਵਾਲਿਆਂ ਦੀ ਗਿਣਤੀ ਚਾਰ ਗੁਣਾ ਵਧੀ ਹੈ। ਇਸ ਸਾਲ ਤਕਰੀਬਨ 10 ਲੱਖ ਲੋਕ ਸ਼ਰਨ ਲੈਣ ਦੀ ਬੇਨਤੀ ਕਰਨਗੇ। ਜਰਮਨੀ ਨੂੰ ਸ਼ਰਨਾਰਥੀ ਸੰਭਾਲਣ ਲਈ ਸਾਲ 2015-16 ਲਈ ਤਿੰਨ ਅਰਬ ਯੂਰੋ ਦਾ ਬਜਟ ਖਰਚਣਾ ਪਵੇਗਾ। 1990 ਵਿਚ ਹੋਏ ਜਰਮਨੀ ਦੇ ਰਲੇਵੇਂ ਤੋਂ ਬਾਅਦ ਸ਼ਰਨਾਰਥੀ ਸੰਕਟ ਜਰਮਨੀ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਬਰਤਾਨੀਆ ਨੇ 15 ਹਜ਼ਾਰ ਸੀਰੀਆਈ ਸ਼ਰਨਾਰਥੀਆਂ ਨੂੰ ਝੱਲਣ ਦੀ ਹਾਮੀ ਭਰੀ ਹੈ, ਪਰ ਯੂਰਪੀ ਸੰਘ ਦੇ ਕਈ ਦੇਸ਼ ਪਰਵਾਸੀਆਂ ਦੇ ਮਸਲੇ ਸਬੰਧੀ ਟਾਲਾ ਵੱਟ ਰਹੇ ਹਨ।
ਇਨ੍ਹਾਂ ਵਿਚ ਖਾਸ ਕਰਕੇ ਹੰਗਰੀ, ਸਲੋਵਾਕੀਆ, ਚੈਕ ਗਣਰਾਜ ਆਦਿ ਦੇਸ਼ ਸ਼ਾਮਲ ਹਨ। ਹੰਗਰੀ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਅਰਬ ਤੋਂ ਆ ਰਹੇ ਲੋਕਾਂ ਨਾਲ ਇਸਾਈ ਕਦਰਾਂ-ਕੀਮਤਾਂ ‘ਤੇ ਅਸਰ ਪਵੇਗਾ। ਸ਼ਰਨਾਰਥੀਆਂ ਦੀ ਆਮਦ ਰੋਕਣ ਲਈ ਹੰਗਰੀ ਨੇ ਸਰਬੀਆ ਨਾਲ ਲੱਗਦੀ ਸਰਹੱਦ ‘ਤੇ ਸਾਢੇ ਚਾਰ ਫੁੱਟ ਉੱਚੀ ਕੰਡੇਦਾਰ ਵਾੜ ਖੜ੍ਹੀ ਕਰ ਦਿੱਤੀ ਹੈ। ਸ਼ਰਨਾਰਥੀਆਂ ਨੇ ਹੰਗਰੀ ਦੇ ਵਤੀਰੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਪੁਲਿਸ ਤੇ ਇੱਟਾਂ-ਰੋੜੇ ਸੁੱਟੇ ਗਏ।
________________________________
ਵਿਸ਼ਵ ਵਿਚ 60 ਮਿਲੀਅਨ ਲੋਕ ਬੇਘਰ ਹੋਏ
ਅੰਕਾਰਾ: ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੰਸਾਰ ਪੱਧਰ ਉਤੇ 60 ਮਿਲੀਅਨ ਲੋਕ ਸਿਆਸੀ ਉਥਲ-ਪੁਥਲ, ਅਤਿਵਾਦ, ਸੋਕਾ, ਗਰੀਬੀ ਤੇ ਮਾੜੇ ਹਾਲਾਤ ਦੇ ਕਾਰਨ ਘਰੋਂ ਬੇਘਰ ਹੋਏ ਜ਼ਿੰਦਗੀ ਗੁਜ਼ਾਰ ਰਹੇ ਹਨ। ਘਰੋਗੀ ਖਾਨਾਜੰਗੀ ਦੇ ਸਤਾਏ, ਘਰੋਂ ਬੇਘਰ ਹੋਏ ਸੀਰੀਆਈ ਲੋਕਾਂ ਦੀ ਗਿਣਤੀ 40 ਲੱਖ ਹੈ। ਹੁਣ ਤੱਕ ਦੋ ਲੱਖ 40 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਦੀ ਬਾਂਹ ਫੜਨ ਵਾਲੇ ਤੇ ਸ਼ਰਨ ਦੇਣ ਵਾਲੇ ਦੇਸ਼ ਤੁਰਕੀ ਵਿਚ 18 ਲੱਖ, ਲਿਬਨਾਨ ਵਿਚ 12 ਲੱਖ, ਜਾਰਡਨ ਵਿਚ ਸੱਤ ਲੱਖ, ਇਰਾਕ ਵਿਚ 2æ5 ਲੱਖ ਸ਼ਰਨਾਰਥੀ ਤੰਬੂਆਂ ਵਿਚ ਦਿਨ ਗੁਜ਼ਾਰ ਰਹੇ ਹਨ।
_______________________________
ਕੁਰੇਸ਼ੀਆ ਤੇ ਹੰਗਰੀ ਵਿਚਕਾਰ ਖਿੱਚੋਤਾਣ
ਅੰਕਾਰਾ: ਕੁਰੇਸ਼ੀਆ ਤੇ ਹੰਗਰੀ ਵਿਚ ਸ਼ਰਨਾਰਥੀਆਂ ਨੂੰ ਲੈ ਕੇ ਖਿੱਚੋਤਾਣ ਪੈਦਾ ਹੋ ਗਈ ਹੈ। ਕੁਰੇਸ਼ੀਆ ਨੇ ਸ਼ਰਨਾਰਥੀਆਂ ਨੂੰ ਮੁੜ ਹੰਗਰੀ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਹੈ। ਹੰਗਰੀ ਨੇ ਜਿਥੇ ਪਹਿਲਾਂ ਸਰਬੀਆ ਨਾਲ ਸਰਹੱਦ ‘ਤੇ ਕੰਡੇਦਾਰ ਵਾੜ ਲਾਈ ਹੈ, ਉਥੇ ਹੁਣ ਕੁਰੇਸ਼ੀਆ ਦੀ ਸਰਹੱਦ ਦੀ ਵੀ ਨਾਕਾਬੰਦੀ ਕਰ ਰਿਹਾ ਹੈ। ਹੰਗਰੀ ਨੇ ਕੁਰੇਸ਼ੀਆ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਵਾਪਸ ਸਰਬੀਆ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ।
_________________________________
ਸ਼ਰਨਾਰਥੀਆਂ ਦਾ ਯੂਰਪੀ ਮੁਲਕਾਂ ਖਿਲਾਫ ਰੋਹ
ਅੰਕਾਰਾ: ਜਰਮਨੀ, ਅਸਟਰੀਆ ਆਦਿ ਦੇਸ਼ਾਂ ਨੂੰ ਜਾਣ ਵਾਲੇ ਪਰਵਾਸੀਆਂ ਦੀਆਂ ਸਰਬੀਆ, ਕੁਰੇਸ਼ੀਆ ਸਰਹੱਦ ‘ਤੇ ਪੁਲਿਸ ਨਾਲ ਝੜਪਾਂ ਹੋਈਆਂ। ਲੋਕ ਤੇਜ਼ ਧੁੱਪ ਵਿਚ ਭੁੱਖੇ-ਪਿਆਸੇ, ਰੋਂਦੇ ਬੱਚਿਆਂ ਨਾਲ ਇਸ ਉਮੀਦ ਨਾਲ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ ਕਿ ਉਹ ਜਰਮਨੀ ਪਹੁੰਚ ਜਾਣਗੇ। ਪਰ ਬੇਹਾਲ ਹੋਏ ਕੁਝ ਨੌਜਵਾਨ ਆਪੇ ਤੋਂ ਬਾਹਰ ਹੋ ਗਏ। ਉਨ੍ਹਾਂ ਨੇ ਜ਼ਗਰੇਬ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੇ ਰੋਕਣ ਕਾਰਨ ਤਕਰਾਰ ਹੋ ਗਿਆ।
_________________________________
ਜਰਮਨੀ ਦੀ ਖੁੱਲ੍ਹਦਿਲੀ ਬਾਰੇ ਚਰਚਾ
ਸੰਯੁਕਤ ਰਾਸ਼ਟਰ: ਯੂਰਪੀ ਸੰਘ ਦੇ ਸਮੂਹ ਦੇਸ਼ਾਂ ਤੋਂ ਵੱਧ ਇਕੱਲਾ ਜਰਮਨੀ ਹੀ ਸ਼ਰਨਾਰਥੀਆਂ ਨੂੰ ਲੱਖਾਂ ਦੀ ਗਿਣਤੀ ਵਿਚ ਲੈ ਰਿਹਾ ਹੈ। ਪਿਛਲੇ ਦਿਨੀਂ ਇਕੱਲੇ ਮਿਊਨਿਖ ਸ਼ਹਿਰ ਵਿਚ ਹੀ ਹਜ਼ਾਰਾਂ ਸ਼ਰਨਾਰਥੀ ਪਹੁੰਚੇ। ਬਹੁਤ ਸਾਰੀਆਂ ਸੰਸਥਾਵਾਂ ਤੇ ਲੋਕ ਮਨੁੱਖਤਾ ਦੇ ਆਧਾਰ ‘ਤੇ ਸ਼ਰਨਾਰਥੀਆਂ ਦੀ ਮਦਦ ਦੇ ਮੈਦਾਨ ਵਿਚ ਜੁਟੇ ਹਨ। ਸ਼ਰਨਾਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਬੱਚਿਆਂ ਨੂੰ ਖਿਡੌਣੇ, ਕੱਪੜੇ ਆਦਿ ਵੰਡੇ ਜਾ ਰਹੇ ਹਨ। ਜਰਮਨੀ ਦੀ ਚਾਂਸਲਰ ਐਂਜਲਾ ਮਾਰਕਲ ਨੇ ਪਹਿਲਕਦਮੀ ਕਰਦਿਆਂ ਹੰਗਰੀ ਵਿਚ ਰੁਕੇ ਸੀਰੀਆਈ ਪਰਵਾਸੀਆਂ ਨੂੰ ਬਿਨਾਂ ਸੂਚੀਬੱਧ ਕੀਤੇ ਖੁੱਲ੍ਹਾ ਸੱਦਾ ਦਿੱਤਾ ਹੈ।। ਮਾਰਕਲ ਦੇ ਇਸ ਫੈਸਲੇ ਦਾ ਸੰਸਾਰ ਪੱਧਰ ‘ਤੇ ਸਵਾਗਤ ਹੋਇਆ।