ਮੁੰਬਈ ਰੇਲ ਧਮਾਕਿਆਂ ਦੇ ਪੰਜ ਦੋਸ਼ੀਆਂ ਨੂੰ ਸਜ਼ਾ-ਏ-ਮੌਤ

ਮੁੰਬਈ: ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ਵਿਚ ਨੌਂ ਸਾਲ ਪਹਿਲਾਂ 7/11 ਨੂੰ ਕੀਤੇ ਗਏ ਲੜੀਵਾਰ ਧਮਾਕਿਆਂ ਲਈ ਜ਼ਿੰਮੇਵਾਰ ਪੰਜ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਹੈ। ਵਿਸ਼ੇਸ਼ ਅਦਾਲਤ ਨੇ ਸੱਤ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰਿਆਂ ਦੇ ਸਬੰਧ ਪਾਬੰਦੀਸ਼ੁਦਾ ਜਥੇਬੰਦੀ ਸਿਮੀ ਨਾਲ ਸਨ। ਅਦਾਲਤ ਨੇ ਹਰੇਕ ਦੋਸ਼ੀ ਨੂੰ 11-11 ਲੱਖ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਜੋ ਕੁੱਲ ਇਕ ਕਰੋੜ 51 ਲੱਖ ਰੁਪਏ ਬਣਦਾ ਹੈ।
ਧਮਾਕਿਆਂ ਵਿਚ 189 ਮੁਸਾਫਰ ਮਾਰੇ ਗਏ ਸਨ ਤੇ 800 ਤੋਂ ਵੱਧ ਜਖਮੀ ਹੋਏ ਸਨ।

ਫੈਸਲਾ ਸੁਣਾਉਂਦਿਆਂ ਵਿਸ਼ੇਸ਼ ਮਕੋਕਾ ਜੱਜ ਯਤਿਨ ਡੀæ ਸ਼ਿੰਦੇ ਨੇ ਕਮਾਲ ਅਹਿਮਦ ਅਨਸਾਰੀ (37), ਮੁਹੰਮਦ ਫੈਸਲ ਸ਼ੇਖ਼ (36), ਇਹਤੇਸ਼ਾਮ ਸਿੱਦੀਕੀ (30), ਨਾਵੇਦ ਹੁਸੈਨ ਖਾਨ (30) ਤੇ ਆਸਿਫ਼ ਖਾਨ (38) ਨੂੰ ਮੌਤ ਦੀ ਸਜ਼ਾ ਸੁਣਾਈ। ਫਾਂਸੀ ਦੇ ਫੰਦੇ ਤੋਂ ਬਚੇ ਤਨਵੀਰ ਅਹਿਮਦ ਅਨਸਾਰੀ (37), ਮੁਹੰਮਦ ਮਾਜਿਦ ਸ਼ਫ਼ੀ (32), ਸ਼ੇਖ਼ ਆਲਮ ਸ਼ੇਖ (41), ਮੁਹੰਮਦ ਸਾਜਿਦ ਅਨਸਾਰੀ (34), ਮੁਜ਼ੱਮਿਲ ਸ਼ੇਖ਼ (27), ਸੋਹੇਲ ਮਹਿਮੂਦ ਸ਼ੇਖ਼ (43) ਤੇ ਜ਼ਮੀਰ ਅਹਿਮਦ ਸ਼ੇਖ਼ (36) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁੱਲ 11 ਦੋਸ਼ੀਆਂ ਨੂੰ 11-11 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਭਰਨਾ ਪਏਗਾ ਜਦਕਿ ਇਕ ਦੋਸ਼ੀ ਮੁਹੰਮਦ ਫ਼ੈਸਲ ਨੂੰ 15 ਲੱਖ 45 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਖਾਰ ਰੋਡ-ਸਾਂਤਾਕਰੂਜ਼, ਬਾਂਦਰਾ-ਖਾਰ ਰੋਡ, ਜੋਗੇਸ਼ਵਰੀ-ਮਾਹਿਮ ਜੰਕਸ਼ਨ, ਮੀਰਾ ਰੋਡ-ਭਾਇੰਦਰ, ਮਾਤੁੰਗਾ-ਮਾਹਿਮ ਜੰਕਸ਼ਨ ਤੇ ਬੋਰਵਲੀ ਵਿਚਕਾਰ 10 ਮਿੰਟਾਂ ਦੇ ਫਰਕ ਨਾਲ ਸਥਾਨਕ ਰੇਲ ਗੱਡੀਆਂ ਵਿਚ ਧਮਾਕਿਆਂ ਨਾਲ ਮੁੰਬਈ ਦਹਿਲ ਗਿਆ ਸੀ। ਸਥਾਨਕ ਟਰੇਨਾਂ ਦੇ ਫਸਟ ਕਲਾਸ ਡੱਬਿਆਂ ਵਿਚ ਸੱਤ ਆਰਡੀਐਕਸ ਬੰਬ ਧਮਾਕੇ ਹੋਏ ਸਨ ਜਿਨ੍ਹਾਂ ਵਿਚ 189 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 829 ਜ਼ਖ਼ਮੀ ਹੋਏ ਸਨ।
ਅਤਿਵਾਦ ਵਿਰੋਧੀ ਦਸਤੇ (ਏæਟੀæਐਸ਼) ਵੱਲੋਂ ਨਵੰਬਰ 2006 ਵਿਚ ਦਾਖ਼ਲ ਚਾਰਜਸ਼ੀਟ ਵਿਚ 30 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਵਿਚੋਂ 17 ਭਗੌੜੇ ਸਨ। ਇਨ੍ਹਾਂ ਵਿਚੋਂ 13 ਪਾਕਿਸਤਾਨੀ ਨਾਗਰਿਕ ਹਨ ਜਿਨ੍ਹਾਂ ਵਿਚ ਲਸ਼ਕਰ-ਏ-ਤੋਇਬਾ ਦਾ ਮੈਂਬਰ ਆਜ਼ਮ ਚੀਮਾ ਵੀ ਸ਼ਾਮਲ ਹੈ। ਦੋਸ਼ੀਆਂ ਦੀ ਪੈਰਵੀ ਕਰਨ ਵਾਲੇ ਵਕੀਲ ਸ਼ਰੀਫ਼ ਸ਼ੇਖ਼ ਨੇ ਕਿਹਾ ਕਿ ਏæਟੀæਐਸ਼ ਨੇ ਕੁਝ ਵਿਅਕਤੀਆਂ ਨੂੰ ਝੂਠਿਆਂ ਹੀ ਫਸਾਇਆ ਹੈ ਤੇ ਉਹ ਬੰਬਈ ਹਾਈਕੋਰਟ ਦਾ ਕੁੰਡਾ ਖੜਕਾਉਣਗੇ।
_____________________________________
ਧਮਾਕਿਆਂ ਦਾ ਘਟਨਾਕ੍ਰਮ
11 ਜੁਲਾਈ 2006: ਸੱਤ ਬੰਬ ਧਮਾਕੇ, 188 ਹਲਾਕ ਤੇ 829 ਜਖਮੀ
20 ਜੁਲਾਈ 2006: ਏæਟੀæਐਸ਼ ਨੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
30 ਨਵੰਬਰ 2006: 13 ਪਾਕਿ ਨਾਗਰਿਕਾਂ ਸਮੇਤ 30 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ
ਫਰਵਰੀ 2008: ਸੁਪਰੀਮ ਕੋਰਟ ਨੇ ਕੇਸ ਉਤੇ ਰੋਕ ਲਾਈ
23 ਅਪਰੈਲ 2010: ਸੁਪਰੀਮ ਕੋਰਟ ਨੇ ਕੇਸ ਤੋਂ ਰੋਕ ਹਟਾਈ
19 ਅਗਸਤ 2014: ਕੇਸ ਦੀ ਸੁਣਵਾਈ ਖਤਮ ਹੋਈ
11 ਸਤੰਬਰ 2015: ਮਕੋਕਾ ਅਦਾਲਤ ਨੇ 13 ਵਿਚੋਂ 12 ਨੂੰ ਦੋਸ਼ੀ ਕਰਾਰ ਦਿੱਤਾ
30 ਸਤੰਬਰ 2015: ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ
________________________________________
ਪੀੜਤ ਪਰਿਵਾਰਾਂ ਵੱਲੋਂ ਫੈਸਲੇ ਦਾ ਸਵਾਗਤ
ਮੁੰਬਈ: ਧਮਾਕਿਆਂ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੇ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ ਨੂੰ ਦਰੁਸਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨਸਾਫ ਭਾਵੇਂ ਦੇਰੀ ਨਾਲ ਹੋਇਆ ਹੈ ਪਰ ਇਹ ਸੁਨੇਹਾ ਜ਼ਰੂਰ ਜਾਣਾ ਚਾਹੀਦਾ ਹੈ ਕਿ ਅਜਿਹੇ ਕਾਰੇ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਜੋ ਕੁਝ ਉਨ੍ਹਾਂ ਹੰਢਾਇਆ ਹੈ, ਉਹ ਦੁਖਾਂਤ ਕਿਸੇ ਹੋਰ ਨਾਲ ਨਹੀਂ ਵਾਪਰਨਾ ਚਾਹੀਦਾ। ਦਹਿਸ਼ਤਗਰਦਾਂ ਨੇ ਪਲਾਂ ਵਿਚ ਕਈ ਜਾਨਾਂ ਲੈ ਲਈਆਂ ਸਨ।