ਸਾਡਾ ਮਿੱਤਰ ਪਿਆਰਾ ਨਰਿੰਦਰ ਭੁੱਲਰ: ਇਕ ਦੰਤ ਕਥਾ

ਪੰਜਾਬੀ ਟ੍ਰਿਬਿਊਨ ਦੀਆਂ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਪਟਾਰੀ ਵਿਚੋਂ ਐਤਕੀਂ ਜਿਸ ਸ਼ਖ਼ਸ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ, ਉਹਦੇ ਨਾਲ ਰਿਸ਼ਤਾ ਬਾਕੀ ਸਾਰਿਆਂ ਨਾਲੋਂ ਵੱਖਰਾ ਅਤੇ ਵਿਲੱਖਣ ਰਿਹਾ ਹੈ। ਗੁਰਦਿਆਲ ਬੱਲ, ਕਰਮਜੀਤ ਭਾਅ ਜੀ ਅਤੇ ਦਲਜੀਤ ਸਰਾਂ ਨਾਲ ਰਿਸ਼ਤਾ ਵੀ ਬਹੁਤ ਕਰੀਬੀ ਦੋਸਤੀ ਦਾ ਸੀ, ਪਰ ਨਰਿੰਦਰ ਭੁੱਲਰ ਨਾਲ ਹਮਉਮਰ ਹੋਣ ਕਰ ਕੇ ਜਿਗਰੀ ਯਾਰਾਂ ਵਾਲਾ ਰਿਸ਼ਤਾ ਮੌਲ ਪਿਆ ਸੀ। ਨਰਿੰਦਰ ਨਾਲ ਮੇਰੀ ਪਹਿਲੀ ਮੁਲਾਕਾਤ ਜਨਵਰੀ 1990 ਵਿਚ ਉਦੋਂ ਹੋਈ ਸੀ ਜਦੋਂ ਉਹ ਮੇਰੇ ਨਾਲ ਸਬ ਐਡੀਟਰ ਦੀ ਇੰਟਰਵਿਊ ਦੇਣ ਲਈ ਆਇਆ ਸੀ। ਉਦੋਂ ਮੇਰੀ ਚੋਣ ਹੋ ਗਈ ਸੀ। ਅਗਲੇ ਸਾਲ ਸਬ ਐਡੀਟਰ ਦੀ ਪੋਸਟ ਨਿਕਲੀ ਤਾਂ ਉਹ ਸਾਡੇ ਨਾਲ ਆ ਰਲਿਆ। ਸਾਡਾ ਜਿਵੇਂ ‘ਲਵ ਐਟ ਫਸਟ ਸਾਈਟ’ ਹੀ ਹੋ ਗਿਆ ਸੀ।
ਉਨ੍ਹੀਂ ਦਿਨੀਂ ਦਲਜੀਤ ਸਰਾਂ ਨਾਲ ਵੀ ਮੋਹ ਵਾਲਾ ਰਿਸ਼ਤਾ ਸੀ। 1990 ਦੇ ਗੇੜ ਵਿਚ ਹੀ ਹਰਿਆਣਾ ਸਰਕਾਰ ਨੇ ਸਬ ਐਡੀਟਰਾਂ ਨੂੰ ਮੁਫਤ ਬੱਸ ਪਾਸ ਦਿਤੇ ਅਤੇ ਫਿਰ ਇਸ ਵਿਚ ਇਹ ਵੀ ਵਾਧਾ ਕਰ ਦਿਤਾ ਕਿ ਉਹ ਡੀਲਕਸ ਬੱਸ ਵਿਚ ਸਫਰ ਕਰ ਸਕਣਗੇ। ਉਦੋਂ ਦਲਜੀਤ ਅਕਸਰ ਚੰਡੀਗੜ੍ਹੋਂ ਦਿੱਲੀ ਤੁਰਿਆ ਰਹਿੰਦਾ। ਇਕ ਦਿਨ ਮੇਰੇ, ਨਰਿੰਦਰ ਤੇ ਅਰਵਿੰਦਰ ਨਾਲ ਦਲਜੀਤ ਡੈਸਕ ਇੰਚਾਰਜ ਦੀ ਕੁਰਸੀ ‘ਤੇ ਬੈਠਾ ਸੀ, ਜਦੋਂ ਇਨ੍ਹਾਂ ਬੱਸ ਪਾਸਾਂ ਦੀ ਗੱਲ ਤੁਰ ਪਈ। ਉਹ ਇਕ ਮਿੰਟ ਲਈ ਉਠ ਕੇ ਕਮਰੇ ਤੋਂ ਬਾਹਰ ਗਿਆ। ਅਰਵਿੰਦਰ ਕਹਿਣ ਲੱਗੀ, “ਦਲਜੀਤ ਨੂੰ ਤਾਂ ਦਿੱਲੀ ਜਾਣ ਦੀ ਮੌਜ ਲੱਗ ਗਈ।” ਐਨ ਉਸੇ ਵੇਲੇ ਦਲਜੀਤ ਵਾਪਸ ਆ ਗਿਆ। ਸਾਡੇ ਦੋਹਾਂ ਦੇ ਚਿਹਰੇ ‘ਤੇ ਮੁਸਕਰਾਹਟ ਦੇਖ ਕੇ ਕਹਿਣ ਲੱਗਾ, “ਜ਼ਰੂਰ ਤੁਸੀਂ ਮੇਰੀ ਚੁਗਲੀ ਕੀਤੀ ਹੈ।” ਮੈਂ ਕਿਹਾ, “ਹਾਂ! ਕੀਤੀ ਹੈ ਪਰ ਦੱਸਣੀ ਨਹੀਂ।” ਉਸ ਦੋ ਕੁ ਵਾਰ ਫਿਰ ਪੁੱਛਿਆ, ਸਾਡੇ ਟੱਸ ਤੋਂ ਮਸ ਨਾ ਹੋਣ ‘ਤੇ ਜ਼ਰਾ ਕੁ ਖਿਝ ਕੇ ਕਹਿ ਬੈਠਾ, “ਜਦੋਂ ਦੋ ਵੱਡੇ ਚੁਗਲਖੋਰ ਬੈਠੇ ਹੋਣ, ਹੋਰ ਆਸ ਵੀ ਕੀ ਰੱਖੀ ਜਾ ਸਕਦੀ ਹੈ।” ਇਹ ਗੱਲ ਉਹ ਕਹਿ ਤਾਂ ਬੈਠਾ, ਪਰ ਸਾਡੇ ਹੱਥ ਉਸ ਦੇ ਖਿਲਾਫ਼ ਹਥਿਆਰ ਆ ਗਿਆ ਅਤੇ ਅਸੀਂ ਕਈ ਸਾਲ ਬਾਅਦ ਵੀ ਉਸ ਨੂੰ ਇਸ ਗੱਲੋਂ ਚਿੜਾਉਂਦੇ ਰਹੇ।
ਇਸ ਤਰ੍ਹਾਂ ਦਾ ਹਾਸਾ-ਠੱਠਾ ਉਂਜ ਸਭ ਧੜੇਬੰਦਕ ਵਿਰੋਧਾਂ ਦੇ ਬਾਵਜੂਦ ਡੈਸਕ ਦੇ ਸਾਥੀਆਂ ਵਿਚ ਅਕਸਰ ਚਲਦਾ ਰਹਿੰਦਾ। ਇਹ ਵਧੀਆ ਅਤੇ ਯਾਦਗਾਰੀ ਦਿਨ ਸਨ। ਦਲਜੀਤ, ਸ਼ਮਸ਼ੇਰ ਸੰਧੂ, ਅਰਵਿੰਦਰ, ਨਰਿੰਦਰ ਅਤੇ ਮੇਰੇ ਵਿਚਕਾਰ ਆਪਸੀ ਨੋਕ ਝੋਕ ਸਦਾ ਹੀ ਚਲਦੀ ਰਹਿੰਦੀ। ਨਰਿੰਦਰ ਨਾਲ ਮੇਰੀ ਦੋਸਤੀ ਦਾ ਮੁੱਢ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕਰਨ ਸਮੇਂ ਹੀ ਬੱਝਿਆ ਸੀ। ਹਾਲਾਤ ਉਤੇ ਕ੍ਰਿਝਣ ਦੀ ਆਦਤ ਸਾਡੀ ਸਾਂਝੀ ਸੀ। ਸ਼ਮਸ਼ੇਰ ਸੰਧੂ ਤੇ ਅਰਵਿੰਦਰ ਕੌਰ ਨੇ ਕਹਿਣਾ, ‘ਇਹ ਦੋਵੇਂ ਵੱਡੇ ਕਲੇਸ਼ੀ ਆæææਜੌੜੇ ਭਰਾ।’ ਅੱਗਿਓਂ ਮੇਰਾ ਜਵਾਬ ਹੁੰਦਾ, ‘ਪਰ ਮੈਂ ਘੰਟਾ ਕੁ ਇਸ ਤੋਂ ਵੱਡਾ ਹਾਂ।’
1996 ਵਿਚ ਆਪਣੇ ਅਸਾਧ ਰੋਗ ਦਾ ਇਲਾਜ ਲੱਭਣ ਅਤੇ ਕੁਝ ਹੋਰ ਕਾਰਨਾਂ ਕਰ ਕੇ ਮੈਂ ਅਮਰੀਕਾ ਆ ਗਿਆ। 1998 ਵਿਚ ਮੈਂ ਕੁਝ ਮਹੀਨਿਆਂ ਲਈ ਇੰਡੀਆ ਗਿਆ, ਨਰਿੰਦਰ ਨਾਲ ਸਬੰਧ ਹੋਰ ਵੀ ਪੀਡੇ ਹੋ ਗਏ। ਉਦੋਂ ਹੀ ਮੈਂ ਉਸ ਨਾਲ ਅਮਰੀਕਾ ਵਿਚ ਅਖਬਾਰ ਕੱਢਣ ਬਾਰੇ ਮਨ ਵਿਚ ਉਠ ਰਹੇ ਫੁਰਨੇ ਬਾਰੇ ਗੱਲ ਕੀਤੀ। ਅਖਬਾਰ ਕੱਢਣ ਲਈ ਪੇਸ਼ ਆਉਣ ਵਾਲੀਆਂ ਮਾਲੀ ਮੁਸ਼ਕਿਲਾਂ ਬਾਰੇ ਖਬਰਦਾਰ ਕਰਦਿਆਂ ਉਸ ਮੈਨੂੰ ਆਪਣੀ ਤਰਫੋਂ ਹਰ ਸਹਿਯੋਗ ਦਾ ਭਰੋਸਾ ਦਿਤਾ। ਅਮਰੀਕਾ ਪਰਤ ਕੇ ਕੁਝ ਮਹੀਨਿਆਂ ਬਾਅਦ ਮੈਂ ਅਜ਼ਮਾਇਸ਼ੀ ਤੌਰ ‘ਤੇ ‘ਪੰਜਾਬ ਟਾਈਮਜ਼’ ਕੱਢਣਾ ਸ਼ੁਰੂ ਕਰ ਦਿੱਤਾ। ਨਰਿੰਦਰ ਨਾਲ ਲਗਾਤਾਰ ਸੰਪਰਕ ਬਣਿਆ ਰਿਹਾ ਅਤੇ ‘ਪੰਜਾਬ ਟਾਈਮਜ਼’ ਬਾਰੇ ਉਹ ਆਪਣੇ ਸੁਝਾਅ ਵੀ ਦਿੰਦਾ ਰਿਹਾ। ਪਹਿਲੀ ਜਨਵਰੀ 2000 ਨੂੰ ਸ਼ਿਕਾਗੋ ਤੋਂ ਇਹ ਪਰਚਾ ਬਾਕਾਇਦਾ ਛਪਣਾ ਸ਼ੁਰੂ ਹੋ ਗਿਆ।
ਮਈ 2006 ਵਿਚ ਮੈਂ ਫਿਰ ਇੰਡੀਆ ਗਿਆ। ਕਰੀਬ 6 ਮਹੀਨੇ ਉਥੇ ਰਿਹਾ। ਹਰ ਹਫਤੇ ਮੈਂ ਤੇ ਨਰਿੰਦਰ ਨੇ ਦੋ-ਤਿੰਨ ਵਾਰ ਇਕੱਠੇ ਹੋਣਾ। ਸਾਡੇ ਵਿਚੋਂ ਪਿਆਕੜ ਭਾਵੇਂ ਕੋਈ ਵੀ ਨਹੀਂ ਸੀ, ਪਰ ਦਾਰੂ ਦਾ ਦੌਰ ਚੱਲਦਾ ਜ਼ਰੂਰ। ਇਕ ਖਾਸ ਮਾਹੌਲ ਵਿਚ ਅਸੀਂ ਦਿਲਾਂ ਦੀਆਂ ਬਾਤਾਂ ਪਾਉਣੀਆਂ। ਮੈਨੂੰ ਉਹ ਦਿਨ ਕਦੀ ਨਹੀਂ ਭੁੱਲਣੇ। ਮੇਰੀ ਸਿਹਤ ਉਦੋਂ ਤੱਕ ਕਾਫੀ ਖਰਾਬ ਹੋ ਚੁੱਕੀ ਸੀ। ਹੱਥ ਕਰੀਬ ਕਰੀਬ ਜਵਾਬ ਦੇ ਚੁੱਕੇ ਸਨ। ਲੱਤਾਂ ਵਿਚ ਵੀ ਤੁਰਨ-ਫਿਰਨ ਦਾ ਦਮ ਨਹੀਂ ਸੀ ਰਿਹਾ। ਜ਼ਰਾ ਨੀਵੇਂ ਥਾਂ ਬੈਠ ਕੇ ਉਠਣ ਲਈ ਸਹਾਰਾ ਲੈਣਾ ਪੈਂਦਾ। ਮੈਨੂੰ ‘ਪੰਜਾਬ ਟਾਈਮਜ਼’ ਦਾ ਫਿਕਰ ਸੀ ਕਿ ਹੋਰ ਸਿਹਤ ਖਰਾਬ ਹੋਣ ਦੀ ਸੂਰਤ ਵਿਚ ਇਸ ਨੂੰ ਕੌਣ ਚਲਾਵੇਗਾ? ਨਰਿੰਦਰ ਨਾਲ ਗੱਲ ਕੀਤੀ। ਟ੍ਰਿਬਿਊਨ ਦੀ ਨੌਕਰੀ ਛੱਡ ਕੇ ਆਉਣਾ ਉਹਨੂੰ ਔਖਾ ਲਗਦਾ ਸੀ, ਪਰ ਬੱਲ ਦੇ ਜ਼ੋਰ ਪਾਉਣ ‘ਤੇ ਉਹ ਇਸ ਗੱਲ ‘ਤੇ ਵਿਚਾਰ ਕਰਨ ਲਈ ਮੰਨ ਗਿਆ।
‘ਪੰਜਾਬ ਟਾਈਮਜ਼’ ਦਾ ਸਾਲਾਨਾ ਪ੍ਰੋਗਰਾਮ ‘ਪੰਜਾਬ ਟਾਈਮਜ਼ ਨਾਈਟ’ ਅਗਲੇ ਸਾਲ 4 ਮਈ 2007 ਨੂੰ ਰੱਖਿਆ ਤਾਂ ਨਰਿੰਦਰ ਅਤੇ ਕਰਮਜੀਤ ਭਾਅ ਜੀ ਆਪਣੀ ਵੱਡੀ ਬੇਟੀ ਜੋਤੀ ਸਮੇਤ ਮੇਰੇ ਪਾਸ ਪਹੁੰਚੇ। ‘ਪੰਜਾਬ ਟਾਈਮਜ਼’ ਨਾਈਟ ਮੌਕੇ ਬੋਲਦਿਆਂ ਕਰਮਜੀਤ ਭਾਅ ਜੀ ਨੇ ਮੇਰੀ ਹਿੰਮਤ ਅਤੇ ਮੇਰੇ ਸਿਰੜ ਦੀ ਤਾਰੀਫ ਕਰਦਿਆਂ ਮੇਰੀ ਤੁਲਨਾ ਮੇਰੇ ਵਾਲੇ ਰੋਗ ਤੋਂ ਹੀ ਪਿਛਲੇ ਲੰਮੇ ਸਮੇਂ ਤੋਂ ਪੀੜਤ ਨਾਮੀ ਵਿਗਿਆਨੀ ਸਟੀਫਨ ਹਾਅਕਿੰਗ ਨਾਲ ਕੀਤੀ। ਮੈਨੂੰ ਇਹ ਆਪਣੀ ਕੁਝ ਜ਼ਿਆਦਾ ਹੀ ਵਡਿਆਈ ਜਾਪੀ। ਉਂਜ, ਸਟੀਫਨ ਹਾਅਕਿੰਗ ਮੇਰਾ ਰੋਲ ਮਾਡਲ ਹੈ।
ਕਰਮਜੀਤ ਭਾਅ ਜੀ ਤਾਂ ਮੇਰੇ ਪਾਸ ਦੋ-ਚਾਰ ਦਿਨ ਰਹਿ ਕੇ ਨਿਊ ਯਾਰਕ ਚਲੇ ਗਏ ਪਰ ਨਰਿੰਦਰ ਮੇਰੇ ਪਾਸ ਕਰੀਬ ਤਿੰਨ ਮਹੀਨੇ ਰਿਹਾ, 10 ਅਗਸਤ 2007 ਤੱਕ। ਉਨ੍ਹੀਂ ਦਿਨੀਂ ਹਰ ਹਫਤੇ ਮੈਨੂੰ ਕਿਸੇ ਨਾ ਕਿਸੇ ਟੈਸਟ ਲਈ ਹਸਪਤਾਲ ਜਾਣਾ ਪੈਂਦਾ। ਨਰਿੰਦਰ ਹਮੇਸ਼ਾ ਮੇਰੇ ਨਾਲ ਹੁੰਦਾ। ਡਾਕਟਰ ਕੋਲ ਆਪਣੀ ਵਾਰੀ ਦੀ ਉਡੀਕ ਕਰਦਿਆਂ ਅਸੀਂ ਸਾਹਿਤ ਦੀਆਂ ਗੱਲਾਂ ਕਰਦੇ, ‘ਪੰਜਾਬੀ ਟ੍ਰਿਬਿਊਨ’ ਦੇ ਦਫਤਰ ਦੀਆਂ ਪੁਰਾਣੀਆਂ ਗੱਲਾਂ ਚੇਤੇ ਕਰਦੇ, ਅਮਰੀਕੀ ਜ਼ਿੰਦਗੀ ਬਾਰੇ ਗੱਲਾਂ ਹੁੰਦੀਆਂ। ਸ਼ਿਕਾਗੋ ਦੇ ਕੁਕ ਕਾਉਂਟੀ ਹਸਪਤਾਲ ਵਿਚ ਉਚੇ-ਲੰਮੇ ਪਰ ਬਹੁਤ ਮੋਟੇ ਕਾਲੇ ਲੋਕਾਂ ਨੂੰ ਵੇਖ ਨਰਿੰਦਰ ਨੇ ਬੜਾ ਹੈਰਾਨ ਹੋਇਆ ਕਰਨਾ।
ਨਰਿੰਦਰ ਧੁਰ ਅੰਦਰੋਂ ਕਮਿਊਨਿਸਟ ਸੀ, ਪਰ ਆਮ ਕਾਮਰੇਡਾਂ ਵਾਂਗ ਦਰਸ਼ਨੀ ਕਾਮਰੇਡ ਨਹੀਂ। ਧਰਮ ਦੀਆਂ ਵਲਗਣਾਂ ਤੋਂ ਮੁਨਕਰ ਸੀ, ਪਰ ਸਿੱਖ ਫਲਸਫੇ ਦੇ ਮਾਨਵਵਾਦ ਵਿਚ ਉਸ ਦਾ ਡੂੰਘਾ ਯਕੀਨ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਇਨਕਲਾਬ ਆਵੇਗਾ। ਮੈਂ ਦਿਨ ਵਿਚ ਕਈ ਕਈ ਵਾਰ ਚਹੇਡ ਕਰਨੀ, ‘ਕਾਮਰੇਡਾ, ਤੇਰਾ ਇਨਕਲਾਬ ਨਹੀਂ ਆਉਣ ਲੱਗਾ, ਘਟੋ-ਘੱਟ ਤੇਰੀ ਤੇ ਮੇਰੀ ਜ਼ਿੰਦਗੀ ਵਿਚ ਤਾਂ ਬਿਲਕੁੱਲ ਨਹੀਂ।’ ਉਸ ਅੱਗਿਉਂ ਹੱਸ ਕੇ ਕਹਿਣਾ, ‘ਸ਼ਾਇਦ ਤੂੰ ਠੀਕ ਕਹਿਨੈਂ।’ ਇਕ ਦਿਨ ਅਮਰੀਕੀ ਸਿਟੀਜ਼ਨਸ਼ਿਪ ਲਈ ਹਲਫ ਲੈਣ ਦੀਆਂ ਸ਼ਰਤਾਂ ਦੀ ਗੱਲ ਤੁਰੀ ਤਾਂ ਇਨ੍ਹਾਂ ਵਿਚੋਂ ਇਕ ਸ਼ਰਤ ਸੀ ਕਿ ‘ਤੁਸੀਂ ਕਮਿਊਨਿਸਟ ਨਹੀਂ ਹੋ’, ਦੂਜੀ ਸੀ, ‘ਜੇ ਲੋੜ ਪਈ ਤਾਂ ਤੁਸੀਂ ਆਪਣੇ ਨਵੇਂ ਅਪਣਾਏ ਦੇਸ਼ ਲਈ ਜਾਨ ਵਾਰ ਦਿਉਗੇ।’ ਮੈਂ ਹੱਸ ਕੇ ਕਿਹਾ, ‘ਕਾਮਰੇਡ, ਕੀ ਖਿਆਲ ਐ ਤੇਰਾ?æææਇਨ੍ਹਾਂ ਸ਼ਰਤਾਂ ਨਾਲ ਸਿਟੀਜ਼ਨ ਬਣੇਂਗਾ?’ ਕਹਿਣ ਲੱਗਾ-‘ਕਮਿਊਨਿਸਟ ਹੋਣ ਬਾਰੇ ਤਾਂ ਢਿੱਲ ਦਿੱਤੀ ਜਾ ਸਕਦੀ ਹੈ ਪਰ ਜਾਨ ਵਾਲੀ ਗੱਲ ‘ਤੇ ਨਹੀਂ। ਜਾਨ ਸੌਖੀ ਕਰਨ ਵਾਸਤੇ ਤਾਂ ਅਮਰੀਕਾ ਆਉਣਾ ਹੈ,æææਤੇ ਉਹ ਵੀ ਵਾਰ ਦਿਉ। ਜੇ ਜਾਨ ਹੀ ਵਾਰਨੀ ਹੈ ਤਾਂ ਇੰਡੀਆ ਮਾੜੈ?’ ਕਰੀਬ-ਕਰੀਬ ਹਰ ਸ਼ਾਮ ਮੈਨੂੰ ਵੀਲ੍ਹ ਚੇਅਰ ਵਿਚ ਬੈਠਾ ਕੇ ਉਸ ਨੇ ਸੈਰ ਕਰਨ ਲਈ ਨਿਕਲਿਆ ਕਰਨਾ। ਇਸ ਸਮੇਂ ਮੋਹ ਦਾ ਕੋਈ ਵਖਰਾ ਹੀ ਰੰਗ ਹੁੰਦਾ।
ਸਹਿਜ ਅਤੇ ਨਫਾਸਤ ਨਰਿੰਦਰ ਵਿਚ ਇਸ ਕਦਰ ਸੀ ਕਿ ਜਿੰਨਾ ਚਿਰ ਸਾਡੇ ਪਾਸ ਰਿਹਾ, ਉਸ ਇਹ ਕਦੇ ਮਹਿਸੂਸ ਹੀ ਨਹੀਂ ਹੋਣ ਦਿਤਾ ਕਿ ਉਹ ਸਾਡੇ ਪਰਿਵਾਰ ਤੋਂ ਅਲੱਗ ਹੈ। ਸਲੀਕਾ ਇਸ ਕਦਰ ਕਿ ਮਜਾਲ ਹੈ, ਘਰ ਵਿਚ ਜ਼ਰਾ ਜਿੰਨੀ ਵੀ ਡਿਸਟਰਬੈਂਸ ਹੋਣ ਦੇਵੇ। ਮੇਰੇ ਜਿਸ ਵੀ ਦੋਸਤ ਨੂੰ ਉਹ ਮਿਲਿਆ, ਆਪਣੇ ਖਲੂਸ ਕਰ ਕੇ ਇਕ ਅਲੱਗ ਰਿਸ਼ਤਾ ਬਣਾ ਲਿਆ; ਇਹ ਭਾਵੇਂ ਸੁਰਿੰਦਰ ਸਿੰਘ ਭਾਟੀਆ ਸੀ, ਹਰਜਿੰਦਰ ਸਿੰਘ ਖਹਿਰਾ, ਜੈ ਰਾਮ ਸਿੰਘ ਕਾਹਲੋਂ, ਇੰਦਰਮੋਹਨ ਸਿੰਘ, ਜਗਰਾਜ ਅਠਵਾਲ, ਹੈਪੀ ਹੀਰæææਕਿਸ ਕਿਸ ਦਾ ਨਾਂ ਲਵਾਂ? ਸਤਨਾਮ ਸਿੰਘ ਔਲਖ ਨੂੰ ਮਿਲਿਆ, ਉਨ੍ਹਾਂ ਨੇ ਵੀ ਪਤਾ ਨਹੀਂ ਉਸ ਵਿਚ ਕੀ ਦੇਖਿਆ, ਝੱਟ ਉਸ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਦਿੱਤਾ। ਨਰਿੰਦਰ ਦੇ ਨਾਂ ਪਿੱਛੇ ਭੁੱਲਰ ਵੇਖ ਔਲਖ ਸਾਹਿਬ ਨੇ ਉਸ ਨੂੰ ਜੱਟ ਸਮਝ ਕੋਈ ਗੱਲ ਆਖੀ ਤਾਂ ਨਰਿੰਦਰ ਝੱਟ ਬੋਲ ਪਿਆ, ‘ਨਹੀਂ ਭਾਅ ਜੀ, ਅਸੀਂ ਜੱਟ ਨਹੀਂ, ਰਾਮਗੜ੍ਹੀਏ ਹਾਂ। ਭੁੱਲਰ ਸਾਡੇ ਪਿੰਡ ਦਾ ਨਾਂ ਐ।’ ਉਨ੍ਹਾਂ ਦਿਨਾਂ ਵਿਚ ਹੀ ਹੁਣ ਵਾਲਾ ਘਰ ਲੈਣ ਦੀ ਸਾਡੀ ਸਲਾਹ ਬਣੀ ਤਾਂ ਨਰਿੰਦਰ ਨੂੰ ਘਰ ਵਿਖਾਇਆ, ਨੀਟੂ ਕਾਹਲੋਂ ਵੀ ਨਾਲ ਸੀ। ਨਰਿੰਦਰ ਝੱਟ ਇਹ ਘਰ ਪਾਸ ਕਰਦਿਆਂ ਕਹਿਣ ਲੱਗਾ, ‘ਇਹ ਘਰ ਵੇਖ ਕੇ ਐਂ ਲਗਦੈ ਜਿਵੇਂ ਕੁਦਰਤ ਨੇ ਆਪਣਾ ਸਾਰਾ ਸੁਹੱਪਣ ਇਸ ਜਗ੍ਹਾ ‘ਤੇ ਕੇਂਦਰਿਤ ਕਰ ਦਿੱਤਾ ਹੋਵੇ।’ ਉਸ ਨੇ ਕੀਟਸ ਦੀ ਮਸ਼ਹੂਰ ਨਜ਼ਮ ‘ਓਡ ਟੂ ਆਟਮ’ ਦੀਆਂ ਕੁਝ ਸਤਰਾਂ ਵੀ ਉਚਾਰੀਆਂ ਜਿਹੜੀਆਂ ਕੁਦਰਤ ਦੀ ਉਸਤਤ ਵਿਚ ਸਨ।
ਨਰਿੰਦਰ ਦੇ ਦੋਸਤਾਂ ਦਾ ਦਾਇਰਾ ਬਹੁਤ ਵਸੀਹ ਸੀ। ਇਨ੍ਹਾਂ ਦੋਸਤਾਂ ਵਿਚ ਬਲਦੇਵ ਧਾਲੀਵਾਲ, ਸੰਦੀਪ ਚੌਧਰੀ ਅਤੇ ਬਖਸ਼ਿੰਦਰ ਜਿਹੇ ਉਸ ਦੇ ਹਮਉਮਰ ਵੀ ਸ਼ਾਮਲ ਸਨ; ਜਸਵੀਰ ਸਮਰ ਤੇ ਦਲਜੀਤ ਅਮੀ ਜਿਹੇ ਉਮਰ ਤੋਂ ਬਹੁਤ ਛੋਟੇ ਵੀ; ਲੇਖਕ ਤੇ ਪੱਤਰਕਾਰ ਗੁਰਬਚਨ ਭੁੱਲਰ, ਦਵਿੰਦਰ ਸਤਿਆਰਥੀ, ਡਾæ ਪ੍ਰੇਮ ਸਿੰਘ ਤੇ ਮੋਹਨ ਭੰਡਾਰੀ ਜਿਹੇ ਆਪਣੇ ਬਾਪ ਦੀ ਉਮਰ ਦੇ ਲੋਕ ਵੀ। ਉਹ ਜਿਥੇ ਵੀ ਜਾਂਦਾ, ਨਵੇਂ ਦੋਸਤਾਂ ਦੀ ਸੂਚੀ ਵਿਚ ਹੋਰ ਵਾਧਾ ਕਰ ਲੈਂਦਾ। ਅਮਰੀਕਾ ਰਹਿੰਦਿਆਂ ਵਰਜੀਨੀਆ ਗਿਆ ਤਾਂ ਗੁਰਮੇਲ ਕੰਗ ਨੂੰ ਆਪਣੇ ਦੋਸਤਾਂ ਦੀ ਸੂਚੀ ਵਿਚ ਸ਼ਾਮਲ ਕਰ ਆਇਆ। ਪ੍ਰੋæ ਰਮਦੇਵ ਨੂੰ ਨਰਿੰਦਰ ਨਾਲ ਆਖਰੀ ਮੁਲਾਕਾਤ ਨਹੀਂ ਭੁੱਲਦੀ ਜਦੋਂ ਨਰਿੰਦਰ ਨੇ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਸੀ। ਪ੍ਰੋæ ਸਾਹਿਬ ਦੇ ਇਸ ਸਵਾਲ ਕਿ ‘ਅੱਗੇ ਤਾਂ ਹਮੇਸ਼ਾ ਜੱਫੀ ਪਾ ਕੇ ਮਿਲਦਾ ਸੀ, ਅੱਜ ਇਹ ਕਿਉਂ?’ ਨਰਿੰਦਰ ਦਾ ਜਵਾਬ ਸੀ-‘ਤੁਸੀਂ ਮੇਰੇ ਪਿਤਾ ਸਮਾਨ ਹੋ, ਆਸ਼ੀਰਵਾਦ ਦਿਓ।’ ਅਮਰੀਕਾ ਤੋਂ ਵਾਪਸ ਜਾਣ ਤੋਂ ਕੁਝ ਦਿਨ ਪਹਿਲਾਂ ਸ਼ਿਕਾਗੋ ਵਿਚ ਉਸ ਦੇ ਬਣੇ ਨਵੇਂ ਮਿੱਤਰਾਂ ਨੇ ਉਸ ਦੇ ਮਾਣ ਵਿਚ ਇਕ ਮਹਿਫਿਲ ਸਜਾਈ ਜੋ ਅਜ ਤਕ ਵੀ ਸਭ ਦੇ ਚੇਤਿਆਂ ਵਿਚ ਦਰਜ ਹੈ।
ਨਰਿੰਦਰ ਨੇ ‘ਪੰਜਾਬ ਟਾਈਮਜ਼’ ਦੇ ਕੰਮ-ਕਾਰ ਦਾ ਅੰਦਾਜ਼ਾ ਲਿਆ ਅਤੇ ਉਹ ਜਦੋਂ ਵੀ ਲੋੜ ਪਵੇ ਇਸ ਦੀ ਵਾਗਡੋਰ ਸੰਭਾਲਣ ਲਈ ਸਹਿਮਤ ਹੋ ਗਿਆ। ਨਰਿੰਦਰ ਦਫਤਰੋਂ ਦੋ ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀ। ਇਕ ਮਹੀਨਾ ਛੁੱਟੀ ਉਸ ਹੋਰ ਵਧਾ ਲਈ। ਜਿੰਨੀ ਵਾਰੀ ਵੀ ਦਫਤਰ ਗੱਲ ਹੋਣੀ, ਸਭ ਨੇ ਕਹਿਣਾ, ਨਰਿੰਦਰ ਜਲਦੀ ਪਰਤ ਆਵੇ, ਦਫਤਰ ਦਾ ਕੰਮ ਨਹੀਂ ਚੱਲ ਰਿਹਾ। ਅਖੀਰ 10 ਅਗਸਤ 2007 ਨੂੰ ਉਹ ਇਥੋਂ ਪਰਤ ਗਿਆ। ਇੰਡੀਆ ਦੀ ਤਰੀਕ ਮੁਤਾਬਕ ਐਤਵਾਰ ਨੂੰ ਘਰ ਪੁੱਜਿਆ। ਮੰਗਲਵਾਰ ਅਤੇ ਬੁੱਧਵਾਰ ਦੋ ਦਿਨ ਹੀ ਡਿਊਟੀ ਕੀਤੀ ਸੀ ਅਜੇ। ਮੇਰੇ ਨਾਲ ਤਾਂ ਉਥੇ ਜਾ ਕੇ ਉਸ ਸਿਵਾਏ ਪਹੁੰਚ ਦੱਸਣ ਦੇ ਕੋਈ ਗੱਲ ਵੀ ਨਹੀਂ ਸੀ ਕੀਤੀ। ਬੁੱਧਵਾਰ ਰਾਤ ਨੂੰ 9 ਵਜੇ ਡਿਊਟੀ ਖਤਮ ਕਰ ਕੇ ਉਹ ਜ਼ੀਰਕਪੁਰ ਘਰ ਪਰਤ ਰਿਹਾ ਸੀ, ਕਿ ਪਿਛਿਓਂ ਕਿਸੇ ਸ਼ਰਾਬੀ ਡਰਾਈਵਰ ਨੇ ਕਾਰ ਉਸ ਦੇ ਸਕੂਟਰ ਵਿਚ ਮਾਰੀ। ਝੱਟਪਟ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਚਾ ਨਾ ਸਕੇ।
ਅਗਲੇ ਦਿਨ ਸਵੇਰੇ ਸਵੇਰੇ ਫੋਨ ਦੀ ਘੰਟੀ ਵੱਜੀ। ਜਸਵੀਰ ਸਮਰ ਫੋਨ ‘ਤੇ ਸੀ। ਉਸ ਨੇ ਨਰਿੰਦਰ ਦੇ ਸਦਾ ਸਦਾ ਲਈ ਤੁਰ ਜਾਣ ਬਾਰੇ ਦੱਸਿਆ। ਬੜਾ ਝਟਕਾ ਲੱਗਾ। ਮੂੰਹੋਂ ਸਹਿਜ ਭਾਅ ਨਿਕਲ ਗਿਆ, ‘ਮੇਰੇ ਕੋਲ ਸੀ ਤਾਂ ਹਰ ਰੋਜ਼ ਤੁਹਾਡੀ ਜ਼ਿਦ ਹੁੰਦੀ ਸੀ, ਕੰਮ ਨਹੀਂ ਚਲਦਾæææਹੁਣ ਚਲਾ ਲਓ ਕੰਮ!’ ਅਸਲ ਵਿਚ ਮੇਰਾ ਦੋਸਤ ਹੀ ਨਹੀਂ ਸੀ ਤੁਰ ਗਿਆ, ‘ਪੰਜਾਬ ਟਾਈਮਜ਼’ ਦਾ ਭਵਿਖ ਦਾ ਸੰਪਾਦਕ ਵੀ ਚਲਦਾ ਬਣਿਆ ਸੀ। ਹੁਣ ਜਦੋਂ ਸਰੀਰਕ ਮੁਸ਼ਕਿਲਾਂ ਨਾਲ ਲੜਦਿਆਂ ਅਖਬਾਰ ਚਲਾ ਰਿਹਾ ਹਾਂ ਤਾਂ ਕੋਈ ਪਲ ਅਜਿਹਾ ਨਹੀਂ ਹੁੰਦਾ, ਜਦੋਂ ਮੈਨੂੰ ਨਰਿੰਦਰ ਚੇਤੇ ਨਾ ਆਵੇ।
ਉਸ ਦੇ ਅਚਾਨਕ ਵਿਛੋੜੇ ‘ਤੇ ਉਸ ਦੇ ਸ਼ੁਭਚਿੰਤਕਾਂ ਨੇ ਸੋਗ ਸੁਨੇਹਿਆਂ ਵਿਚ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਨਰਿੰਦਰ ਨੂੰ ਸਦਾ ਸਦਾ ਲਈ ਵਿਦਾ ਕਰਦਿਆਂ ਗੁਰਬਚਨ ਭੁੱਲਰ ਦੀ ਧਾਹ ਨਿੱਕਲ ਗਈ, “ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਆਈ, ਮੇਰਾ ਉਹਦੇ ਨਾਲ ਰਿਸ਼ਤਾ ਕੀ ਹੈ/ਸੀ। ਕਦੀ ਪੁੱਤ ਲੱਗਦਾ ਸੀ, ਕਦੀ ਨਿੱਕਾ ਭਰਾ ਅਤੇ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਕਦੀ ਪਿਓ ਲਗਦਾ ਸੀ।” ਦਲਜੀਤ ਸਰਾਂ ਨੇ ਨਰਿੰਦਰ ਭੁੱਲਰ ਨੂੰ ਯਾਦ ਕਰਦਿਆਂ ਆਪਣੇ ਸ਼ਰਧਾਂਜਲੀ ਲੇਖ ‘ਉਠ ਗਿਆ ਗਵਾਂਢੋਂ ਯਾਰ’ ਵਿਚ ਲਿਖਿਆ, “ਸਾਰੀ ਰਾਤ ਮੈਂ ਨਰਿੰਦਰ ਨਾਲ ਤੁਰਿਆ ਫਿਰਦਾ ਹਾਂ, ਚੰਡੀਗੜ੍ਹ ਦੀਆਂ ਸੜਕਾਂ ਉਤੇ, ਪ੍ਰੈਸ ਕਲੱਬ ‘ਚ, ਪੰਜਾਬ ਬੁੱਕ ਸੈਂਟਰ, ਯੂਨੀਵਰਸਿਟੀ ਕੈਂਪਸ, ਟੈਗੋਰ ਥੀਏਟਰ, 17 ਸੈਕਟਰ, ਆਪਣੇ ਫਾਰਮ ‘ਤੇ ਰੁੱਖਾਂ ਹੇਠ ਮੰਜੇ ਤੇ ਬੈਠੇ æææ। ਉਹ ਕਦੋਂ ਮਿਲਿਆ ਸੀ, ਮੈਨੂੰ ਯਾਦ ਨਹੀਂ। ਉਹ ਕਦ ਮੇਰੇ ਨਾਲ ਹੋ ਤੁਰਿਆ, ਚੇਤਾ ਨਹੀਂ। ‘ਪੰਜਾਬੀ ਟ੍ਰਿਬਿਊਨ’ ਵਿਚ ਉਸ ਦਾ ਆਉਣਾ ਅਤੇ ਕੁਝ ਸਮੇਂ ਬਾਅਦ ਸਾਡੇ ਨਾਲ ਰਲ ਜਾਣਾ ਹੋਰਨਾਂ ਲਈ ਹੈਰਾਨੀਜਨਕ ਸੀ। ਬੜੇ ਬੇਬਾਕ ਅਤੇ ਦਲੇਰ ਨਰਿੰਦਰ ਲਈ ਕੋਈ ਗੱਲ ਅੜਿੱਕਾ ਨਹੀਂ ਸੀ ਬਣ ਸਕਦੀ। ਅੜਿੱਕਿਆਂ ਨੂੰ ਤਾਂ ਉਹ ਹੁੱਬ ਕੇ ਲੈਂਂਦਾ ਸੀ। ਫਿਰ ਵਰ੍ਹਿਆਂਬੱਧੀ ਨਰਿੰਦਰ ਮੇਰਾ ਮਹਿਜ਼ ਮਿੱਤਰ ਨਹੀਂ, ਸਗੋਂ ਆਵਾਜ਼ ਸੀ ਮੇਰੀ, ਮੇਰੇ ਵੱਲੋਂ ਕੁਝ ਕਹਿਣ ਲਈ ਜਾਂ ਮੈਨੂੰ ਕੁਝ ਕਹਿਣ ਲਈ। ਪੱਤਰਕਾਰੀ ਉਸ ਦੇ ਸਾਹਾਂ ‘ਚ ਸੀ, ਲਿਖਣਾ ਉਸ ਦੇ ਪੋਟਿਆਂ ‘ਤੇ ਅਤੇ ਵਧੀਕੀਆਂ ਵਿਰੁਧ ਜੂਝਣਾ ਉਸ ਦੀਆਂ ਸੋਚਾਂ ‘ਚ। ਖਬਰ ਨੂੰ ਰੂਹ ਤੱਕ ਭਿੱਜ ਕੇ ਬਣਾਉਣ ਲਈ ਉਹ ਸਹਿਯੋਗੀਆਂ ਦੇ ਗਲ ਪੈਣ ਤੋਂ ਵੀ ਨਹੀਂ ਸੀ ਝਕਦਾ। ਕੁਝ ਵੀ ਚੰਗਾ ਅਤੇ ਨਵਾਂ ਪੜ੍ਹੇ ਬਿਨਾਂ ਸੌਣਾ ਨਰਿੰਦਰ ਲਈ ‘ਸੂਲ ਸਰਾਹੀ ਖੰਜਰ ਪਿਆਲੇ’ ਵਾਲੀ ਸਥਿਤੀ ਹੁੰਦੀ ਸੀæææ।”
ਮੇਰੀ ਪਤਨੀ ਜਸਪ੍ਰੀਤ ਆਖਦੀ ਹੈ, “ਇਸ ਤੋਂ ਬਿਹਤਰ ਨਰਿੰਦਰ ਬਾਰੇ ਕੀ ਲਿਖਿਆ ਜਾ ਸਕਦੈ।” ਮੈਂ ਖੁਦ ਮਹਿਸੂਸ ਕਰਦਾ ਹਾਂ ਕਿ ਇਹ ਲਿਖ ਕੇ ਦਲਜੀਤ ਨੇ ਨਰਿੰਦਰ ਬਾਰੇ ਮੇਰੀ ਅੰਤਰ-ਆਤਮਾ ਦੇ ਭਾਵ ਪ੍ਰਗਟ ਕੀਤੇ ਹਨ।
‘ਪੰਜਾਬ ਟਾਈਮਜ਼’ ਦੇ ਪਹਿਲੀ ਸਤੰਬਰ, 2007 ਦੇ ਅੰਕ ਵਿਚ ਗੁਰਨਾਮ ਭਾਬੀ ਨੇ ਨਰਿੰਦਰ ਨੂੰ ਯਾਦ ਕਰਦਿਆਂ ਲਿਖਿਆ, “ਨਰਿੰਦਰ ਭੁੱਲਰ ਅੱਜ ਸਾਡੇ ਵਿਚ ਨਹੀਂ ਰਿਹਾ। ਸਾਧਾਰਨ ਦਿਖ ਵਾਲਾ ਉਹ ਬੰਦਾ, ਸਾਦੀ ਪੁਸ਼ਾਕ, ਬੋਲਚਾਲ ਵਿਚ ਸਿੱਧਾ ਸਾਦਾ ਇੰਨਾ ਹਰਮਨਪਿਆਰਾ ਹੋ ਸਕਦਾ ਹੈ, ਇਹ ਉਸ ਦੇ ਚਲੇ ਜਾਣ ‘ਤੇ ਹੋਰ ਵੱਧ ਪਤਾ ਲੱਗਿਆ ਹੈ। ਮੈਂ ਸੋਚਦੀ ਸੀ, ਉਹ ਸਾਡਾ ਹੀ ਪਰਿਵਾਰਕ ਮਿੱਤਰ ਹੈ ਜੋ ਘਰ ਦੇ ਮੈਂਬਰਾਂ ਵਾਂਗ ਵੱਡਿਆਂ ਤੇ ਬੱਚਿਆਂ ਵਿਚ, ਸਾਡੇ ਰਿਸ਼ਤੇਦਾਰਾਂ ਤੇ ਦੋਸਤਾਂ ਵਿਚ ਰਚਿਆ ਮਿਚਿਆ ਹੋਇਆ ਹੈ; ਪਰ ਉਸ ਦੀ ਮੌਤ ਉਪਰੰਤ ਇਸ ਗੱਲ ਦਾ ਡੂੰਘਾ ਅਹਿਸਾਸ ਹੋਇਆ ਕਿ ਸਾਡੇ ਪਰਿਵਾਰ ਵਾਂਗ ਅਨੇਕਾਂ ਹੀ ਪਰਿਵਾਰ ਉਸ ਨੂੰ ਆਪਣਾ ਅੰਗ ਸਮਝਦੇ ਸਨ।”
‘ਪੰਜਾਬ ਟਾਈਮਜ਼’ ਦੇ ਇਸੇ ਅੰਕ ਵਿਚ ਸਾਡੇ ਮਿੱਤਰ ਜਗਰਾਜ ਅਠਵਾਲ ਦਾ ‘ਨਰਿੰਦਰ ਭੁੱਲਰ ਦੀਆਂ ਅਮਿੱਟ ਯਾਦਾਂ’ ਦੇ ਸਿਰਲੇਖ ਹੇਠ ਲਿਖਿਆ ਪੱਤਰ ਹੈ, “ਹੰਸ ਰਾਜ ਹੰਸ ਦੀ ਸੰਗੀਤਮਈ ਸ਼ਾਮ ਮਾਣਨ ਮਿਸ਼ੀਗਨ ਤੋਂ ਸ਼ਿਕਾਗੋ ਆਏ ਤਾਂ ਨਰਿੰਦਰ ਭੁੱਲਰ ਨਾਲ ਮੁਲਾਕਾਤ ਹੋਈ। ਵੱਖਰਾ ਹੀ ਅਨੰਦ ਸੀ ਉਸ ਸ਼ਾਮ ਦਾ। ਮਿਸ਼ੀਗਨ ਤੋਂ ਹੋਰ ਵੀ ਕਈ ਸਾਥੀ ਨਾਲ ਆਏ ਸਨ, ਪਰ ਮੈਂ ਉਨ੍ਹਾਂ ਨਾਲ ਵਾਪਸ ਜਾਣ ਦੀ ਥਾਂ ਅਮੋਲਕ ਭਾਅ ਦੇ ਘਰ ਆ ਗਿਆ। ਉਹ ਪਹਿਲਾ ਦਿਨ ਸੀ, ਨਰਿੰਦਰ ਭੁੱਲਰ ਨੂੰ ਅੰਦਰੋਂ ਜਾਣਨ ਦਾ ਅਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ। ਭਾਅ ਅਮੋਲਕ ਸਿਹਤ ਠੀਕ ਨਾ ਹੋਣ ਕਰ ਕੇ ਘਰ ਆ ਕੇ ਜਲਦੀ ਸੌਂ ਗਏ, ਪਰ ਮੈਂ ਤੇ ਭੁੱਲਰ ਨੇ ਵੱਡੇ ਤੜਕੇ ਤੱਕ ਜ਼ਿੰਦਗੀ ਦਾ ਤਕਰੀਬਨ ਹਰ ਪਹਿਲੂ ਨਜਿੱਠਿਆ। ਗੱਲਬਾਤ ਵਿਚ ਸਾਦਗੀ, ਮਿੱਤਰਤਾ ਵਾਲਾ ਹੱਥ, ਦੂਜੇ ਦੇ ਧੁਰ ਅੰਦਰ ਤੱਕ ਲਹਿ ਜਾਣਾ, ਇਹ ਉਸ ਦੇ ਹੀ ਗੁਣ ਸਨ।”
ਇਕ ਹੋਰ ਲਿਖਤ ਨਰਿੰਦਰ ਦੇ ਯਾਰ ਜਸਵੀਰ ਸਮਰ ਦੀ ਹੈ, “ਨਰਿੰਦਰ ਸਿੰਘ ਭੁੱਲਰ ਨਾਲ ਅਜੇ ਇਉਂ ਲਿਖ ਕੇ ਗੱਲਾਂ ਨਹੀਂ ਸਨ ਕਰਨੀਆਂ। ਜਿਸ ਸਹਿਜ, ਸਬਰ, ਸਿਦਕ ਅਤੇ ਸਿਰੜ ਨਾਲ ਉਹ ਪੱਤਰਕਾਰੀ ਦੀ ਪੌੜੀ ਦੇ ਪੌਡੇ ਚੜ੍ਹ ਰਿਹਾ ਸੀ, ਉਸ ਦੀਆਂ ਗੱਲਾਂ ਹੋਣੀਆਂ ਹੀ ਸਨ, ਪਰ ਹੁਣ ਇਸ ਅਮਲ ਨੂੰ ਇਕਲਖ਼ਤ ਵੱਢ ਵੱਜ ਗਿਆ ਹੈ। ਜਿਸ ਤੀਬਰਤਾ ਨਾਲ ਉਸ ਦਾ ਦਫ਼ਤਰ, ਪਰਿਵਾਰ ਅਤੇ ਸੱਜਣ-ਮਿੱਤਰ ਉਸ ਨੂੰ ਅਮਰੀਕਾ ਤੋਂ ਉਡੀਕ ਰਹੇ ਸਨ, ਉਨੀ ਹੀ ਤੇਜ਼ੀ ਨਾਲ ਉਹ ਬਹੁਤæææਬਹੁਤ ਅਗਾਂਹ ਨਿੱਕਲ ਗਿਆ। ਇੰਨਾ ਨਿਰਮੋਹਾ ਤਾਂ ਉਹ ਕਦੀ ਵੀ ਨਹੀਂ ਸੀ!æææਸਰੀਰ ਅਤੇ ਮਨ ਦੇ ਆਰਾਮ ਖ਼ਾਤਰ ਸਿਰਫ਼ 15 ਮਿੰਟਾਂ ਦਾ ਠੌਂਕਾ ਲਾਉਣ ਵਾਲਾ ਨਰਿੰਦਰ ਹਸਪਤਾਲ ਵਿਚ 15 ਘੰਟੇ ਲਗਾਤਾਰ ਬੇਹਰਕਤ ਪਿਆ ਰਿਹਾ। ਉਹਦੀ ਇੱਡੀ ਲੰਮੀ ਖ਼ਾਮੋਸ਼ੀ ਨੇ ਤਾਉਮਰ ਜਾਨ ਕੱਢੀ ਜਾਣੀ ਹੈ।”
ਨਰਿੰਦਰ ਦੀ ਮਾਂ, ਉਸ ਦੀਆਂ ਭੈਣਾਂ, ਬੱਚਿਆਂ ਅਤੇ ਉਸ ਦੀ ਪਤਨੀ ਦਾ ਦੁਖ ਤਾਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ।
ਅਮਰੀਕਾ ਵਿਚ ਜਿਸ ਗੱਲ ਤੋਂ ਨਰਿੰਦਰ ਸਭ ਤੋਂ ਵੱਧ ਪ੍ਰਭਾਵਤ ਹੋਇਆ, ਉਹ ਸੀ ਇਥੋਂ ਦੀਆਂ ਸੜਕਾਂ ਅਤੇ ਟਰੈਫਿਕ। ਜ਼ਿੰਦਗੀ ਵਿਚ ਜਿਸ ਗੱਲ ਤੋਂ ਉਹ ਸਭ ਤੋਂ ਵੱਧ ਤ੍ਰਹਿੰਦਾ ਸੀ ਉਹ ਸੀ ਸੜਕ ਹਾਦਸੇ। 17 ਅਗਸਤ 2006 ਨੂੰ ‘ਪੰਜਾਬੀ ਟ੍ਰਿਬਿਊਨ’ ਵਿਚ ਹਾਦਸਿਆਂ ਬਾਰੇ ਉਸ ਦਾ ਲੰਮਾ ਲੇਖ ਛਪਿਆ ਸੀ। ਇਸ ਤੋਂ ਠੀਕ ਇਕ ਸਾਲ ਬਾਅਦ 17 ਅਗਸਤ 2007 ਨੂੰ ਨਰਿੰਦਰ ਦਾ ਸਸਕਾਰ ਹੋ ਰਿਹਾ ਸੀæææਉਹ ਵੀ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੀ ਗੋਦ ਵਿਚ ਜਾ ਬਹਿਣ ਪਿਛੋਂ।
ਨਰਿੰਦਰ ਦਾ ਜੀਵਨ ਸੰਘਰਸ਼ ਦੇ ਰਾਹ ‘ਚੋਂ ਹੋ ਕੇ ਨਿਖਰਿਆ। ਅਜੇ ਉਹ 10-11 ਸਾਲ ਦਾ ਸੀ ਕਿ ਪਿਤਾ ਬਿਮਾਰ ਹੋ ਕੇ ਮੰਜੇ ‘ਤੇ ਪੈ ਗਏ ਅਤੇ ਫਿਰ ਛੇਤੀ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਆਪਣੇ ਬਲਬੂਤੇ ਪੜ੍ਹਾਈ ਕੀਤੀ, ਭੈਣਾਂ ਦੇ ਘਰ ਵਸਾਏ। ਆਪਣਾ ਕੈਰੀਅਰ ਬਣਾਇਆ, ਘਰ ਬਣਾ ਕੇ ਅਜੇ ਉਸ ਦਾ ਅਨੰਦ ਵੀ ਨਹੀਂ ਸੀ ਮਾਣਿਆ ਕਿ ਧੁਰੋਂ ਸੱਦਾ ਆ ਗਿਆ।
ਅਜੇ 2006 ਵਿਚ ਹੀ ਉਸ ਨੇ ਚੰਡੀਗੜ੍ਹ ਤੋਂ ਬਾਹਰਵਾਰ ਜ਼ੀਰਕਪੁਰ ਵਿਚ ਘਰ ਬਣਾਇਆ ਸੀ। ਬੜੇ ਚਾਅ ਨਾਲ ਉਹ ਸਭ ਨੂੰ ਸੱਦੇ ਦਿੰਦਾ ਗਿਆ ਕਿ ਚੰਡੀਗੜ੍ਹ ਆਓ ਤਾਂ ਮੇਰੇ ਪਾਸ ਰੁਕਣਾ। ਹਰ ਕਿਸੇ ਨੂੰ ਆਪਣਾ ਅਤਾ-ਪਤਾ ਲਿਖ ਲਿਖ ਦਿੰਦਾ ਰਿਹਾ ਅਤੇ ਖੁਦ ਕਿਤੇ ਹੋਰ ਹੀ ਜਾ ਵਸਿਆæææ!
ਕਿਤਾਬਾਂ ਖਰੀਦਣ ਤੇ ਪੜ੍ਹਨ ਦਾ ਨਰਿੰਦਰ ਨੂੰ ਖਬਤ ਸੀ। ਹਰ ਮਹੀਨੇ ਤਨਖਾਹ ਦਾ ਦਸਵੰਧ ਕਿਤਾਬਾਂ ‘ਤੇ ਲਾਉਣਾ ਉਸ ਦਾ ਨੇਮ ਸੀ। ਅਮਰੀਕਾ ਆਏ ਲੋਕ ਆਪਣੇ ਮਿੱਤਰ ਪਿਆਰਿਆਂ ਲਈ ਵੰਨ-ਸੁਵੰਨੇ ਤੋਹਫੇ ਖਰੀਦਦੇ ਹਨ, ਨਰਿੰਦਰ ਕਿਤਾਬਾਂ ਖਰੀਦੀ ਗਿਆ। ਵਾਪਸੀ ਲਈ ਜਹਾਜ਼ ਚੜ੍ਹਨ ਸਮੇਂ ਉਸ ਦੇ ਸਾਮਾਨ ਵਿਚ ਬਾਕੀ ਚੀਜ਼ਾਂ ਘੱਟ ਸਨ, ਕਿਤਾਬਾਂ ਬਹੁਤੀਆਂ। ਮੈਂ ਹੱਸ ਕੇ ਕਿਹਾ, ‘ਤੇਰੀ ਘਰਵਾਲੀ ਤੇਰਾ ਸਾਮਾਨ ਵੇਖ ਕੇ ਗਾਉਣ ਲੱਗੇਗੀ-ਸਭ ਲਾਏ ਫੁਲ, ਮੇਰਾ ਬੁੱਢਾ ਗੋਭੀ ਲੇ ਕੇ ਆ ਗਿਆ।’ ਕਿਤਾਬਾਂ ਪੜ੍ਹਨ ਦੀ ਆਦਤ ਤਾਂ ਪਹਿਲਾਂ ਤੋਂ ਹੀ ਸੀ ਪਰ ਕਿਤਾਬਾਂ ਨੂੰ ਗੁੜ੍ਹਨ ਲਈ ਉਹ ਹਮੇਸ਼ਾਂ ਆਪਣੇ ਮੁਰਸ਼ਦ ਦੋਸਤ ਗੁਰਦਿਆਲ ਸਿੰਘ ਬਲ ਦਾ ਰਿਣੀ ਰਿਹਾ। ਇਹ ਵਸਦਾ ਰਸਦਾ ਸੰਸਾਰ ਛੱਡਣ ਤੋਂ ਕੁਝ ਹਫਤੇ ਪਹਿਲਾਂ ਹੀ ਨਰਿੰਦਰ ਨੇ ਕਿਹਾ ਸੀ ਕਿ ‘ਜ਼ਿੰਦਗੀ ਦੇ ਆਰ-ਪਾਰ ਦੇਖਣ ਦੀ ਜਿੰਨੀ ਸੂਝ ਬਲ ਵਿਚ ਹੈ, ਮੈਨੂੰ ਹੋਰ ਕਿਧਰੇ ਨਹੀਂ ਦਿਸੀ। ਮਾਨਵੀ ਸਬੰਧਾਂ ਨੂੰ ਜਾਨਣ ਬਾਰੇ ਕਿਸੇ ਵੀ ਫੈਸਲੇ ਸਮੇਂ ਬਲ ਦੀ ਸਲਾਹ ਤੋਂ ਬਾਹਰ ਜਾ ਕੇ ਮੈਂ ਕੁਝ ਕੀਤਾ ਹੈ ਤਾਂ ਮਾਰ ਖਾਧੀ ਹੈ।’
ਸਾਡੇ ਘਰ ਦੇ ਬਹੁਤ ਨਜ਼ਦੀਕ ਨਵੀਆਂ-ਪੁਰਾਣੀਆਂ ਕਿਤਾਬਾਂ ਦੀ ਦੁਕਾਨ ਸੀ ਜਿਥੋਂ ਪੁਰਾਣੀਆਂ ਕਿਤਾਬਾਂ ਕਾਫੀ ਸਸਤੇ ਭਾਅ ਮਿਲ ਜਾਂਦੀਆਂ। ਨਰਿੰਦਰ ਨੇ ਹਰ ਰੋਜ਼ ਉਸ ਦੁਕਾਨ ਦਾ ਚੱਕਰ ਲਾਉਣਾ ਅਤੇ ਮਨਪਸੰਦ ਦੁਰਲਭ ਕਿਤਾਬਾਂ ਲੱਭ ਲਿਆਉਣੀਆਂ। ਉਨ੍ਹਾਂ ਦਿਨਾਂ ਤੱਕ ਮੇਰੇ ਹੱਥਾਂ ਵਿਚ ਇੰਨੀ ਜਾਨ ਨਹੀਂ ਸੀ ਰਹੀ ਕਿ ਕਿਤਾਬ ਫੜ ਕੇ ਖੁਦ ਪੰਨੇ ਪਰਤ ਸਕਾਂ। ਨਰਿੰਦਰ ਨੇ ਕੋਲ ਬੈਠ ਜਾਣਾ। ਇਕ ਕਿਤਾਬ ਆਪਣੇ ਹੱਥ ਅਤੇ ਦੂਜੀ ਮੇਰੇ ਹੱਥ ਫੜਾ ਦੇਣੀ; ਤੇ ਫਿਰ ਮੇਰੇ ਲਈ ਪੰਨੇ ਪਰਤੀ ਜਾਣੇ। ਉਨ੍ਹਾਂ ਤਿੰਨ ਮਹੀਨਿਆਂ ਵਿਚ ਉਸ ਮੈਨੂੰ ਕਈ ਕਿਤਾਬਾਂ ਇੰਜ ਹੀ ਪੜ੍ਹਾਈਆਂ। ਇਨ੍ਹਾਂ ਵਿਚ ਅਮਰੀਕਾ ਵਿਚ 16-17ਵੀਂ ਸਦੀ ਵਿਚ ਯੂਰਪੀ ਲੋਕਾਂ ਦੇ ਆ ਵਸਣ ਅਤੇ ਫਿਰ ਸਥਾਨਕ ਰੈਡ ਇੰਡੀਅਨਾਂ ਨਾਲ ਉਨ੍ਹਾਂ ਦੀਆਂ ਲੜਾਈਆਂ ਬਾਰੇ ਦੋ ਪੁਸਤਕਾਂ ਮੈਨੂੰ ਕੁਝ ਜ਼ਿਆਦਾ ਹੀ ਦਿਲਚਸਪ ਲਗੀਆਂ, ਇਹ ਸੀ ਵੀ ਕਾਫੀ ਵੱਡੀਆਂ।
ਇਕ ਦਿਨ ਉਹ ਉਸੇ ਦੁਕਾਨ ਤੋਂ ਇਰਾਨ ਦੀ ਨਾਵਲਕਾਰ ਅਜ਼ਰਾ ਨਫੀਸੀ ਦਾ ‘ਰੀਡਿੰਗ ਲੋਲਿਤਾ ਇਨ ਤਹਿਰਾਨ’ ਨਾਂ ਦਾ ਨਾਵਲ ਲੈ ਆਇਆ। ਯੁੱਗਾਂ-ਯੁੱਗਾਂ ਤੋਂ ਸਰਕਾਰਾਂ ਇਨਕਲਾਬੀਆਂ ਨੂੰ ਲੂੰ ਕੰਡੇ ਖੜ੍ਹੇ ਕਰਨ ਵਾਲੇ ਤਸੀਹੇ ਦਿੰਦੀਆਂ ਆਈਆਂ ਹਨ ਪਰ ਇਨਕਲਾਬੀ ਜੇ ਜਿੱਤ ਜਾਣ ਤਾਂ ਅਕਸਰ ਆਪਣੇ ਹੀ ਸਮਰਥਕਾਂ ਨਾਲ ਕਿਸ ਕਿਸਮ ਦਾ ਅਣਮਨੁੱਖੀ ਵਿਹਾਰ ਕਰਦੇ ਹਨ, ਉਸ ਦਾ ਲੋਕਾਂ ਨੂੰ ਘੱਟ ਹੀ ਪਤਾ ਲੱਗਦਾ ਹੈ। ਇਸ ਨਾਵਲ ਵਿਚ ਇਰਾਨ ਵਿਚ ਆਇਤਉਲਾ ਖੋਮੀਨੀ ਦੇ ਇਸਲਾਮੀ ਇਨਕਲਾਬ ਦੀ ਜਿੱਤ ਤੋਂ ਬਾਅਦ ਦੇ ਹਾਲਾਤ ਦਾ ਬੜਾ ਮਾਰਮਿਕ ਵਰਣਨ ਹੈ। ਨਰਿੰਦਰ ਨੂੰ ਇਹ ਕਿਤਾਬ ਬੜੀ ਚੰਗੀ ਲੱਗੀ ਅਤੇ ਉਸ ਨੇ ਸਿਮੋਨ ਦਿ ਬੋਵੀਅਰ ਦੀ ਜੀਵਨੀ ਦੇ ਅਨੁਵਾਦ ਤੋਂ ਬਾਅਦ ਇਸ ਦਾ ਪੰਜਾਬੀ ਵਿਚ ਤਰਜਮਾ ਕਰਨ ਦਾ ਮਨ ਬਣਾ ਲਿਆ ਸੀ। ਕਹਿੰਦਾ, ਇਹ ਦੋਵੇਂ ਕਿਤਾਬਾਂ ਬੱਲ ਨੂੰ ਸਮਰਪਿਤ ਕਰ ਦੇਣੀਆਂ ਹਨ। ਕੁਦਰਤ ਨੇ ਨਰਿੰਦਰ ਨੂੰ ਇਹ ਮੌਕਾ ਹੀ ਨਾ ਦਿੱਤਾ। ਇਸ ਕਿਤਾਬ ‘ਤੇ ਆਧਾਰਤ ਪ੍ਰੋæ ਹਰਪਾਲ ਸਿੰਘ ਪੰਨੂ ਦਾ ਲਿਖਿਆ ਲੇਖ ‘ਇਰਾਨ ਇਨਕਲਾਬ ਤੋਂ ਪਹਿਲਾਂ ਅਤੇ ਇਨਕਲਾਬ ਤੋਂ ਬਾਅਦ’ ‘ਪੰਜਾਬ ਟਾਈਮਜ਼’ ਵਿਚ 2010 ਵਿਚ ਛਪਿਆ। ਉਦੋਂ ਨਰਿੰਦਰ ਬੜਾ ਈ ਯਾਦ ਆਇਆ।
ਨਰਿੰਦਰ ਦੀ ਪੰਜਾਬੀ ਸਾਹਿਤ ਬਾਰੇ ਸੰਵੇਦਨਾ ਕਮਾਲ ਦੀ ਸੀ। ਉਸ ਨੂੰ ਸਾਹਿਤ ਨਾਲ ਹੀਰ ਦੇ ਰਾਂਝੇ ਨਾਲ ਇਸ਼ਕ ਵਰਗਾ ਹੀ ਲਗਾਓ ਸੀ। ਦਲਜੀਤ ਨੇ ਬਿਲਕੁਲ ਠੀਕ ਕਿਹਾ ਹੈ ਕਿ ਹਰ ਰਾਤ ਕੋਈ ਨਵੀਂ ਲਿਖਤ ਪੜ੍ਹੇ ਬਗੈਰ ਸੌਣਾ ਉਸ ਲਈ ‘ਸੂਲ ਸੁਰਾਹੀ ਖੰਜਰ ਪਿਆਲਾ’ ਵਾਲੀ ਗੱਲ ਹੁੰਦੀ ਸੀ। ਨਰਿੰਦਰ ਦੇ ਆਪਣੇ ਦੱਸਣ ਅਨੁਸਾਰ ਰਾਤ 11 ਵਜੇ ਜਾਂ 1 ਵਜੇ ਵਾਲੀ ਡਿਊਟੀ ਤੋਂ ਆਉਣ ‘ਤੇ ਵੀ ਉਹ ਕਿਸੇ ਨਾ ਕਿਸੇ ਕਿਤਾਬ ਦੇ ਕੁਝ ਪਤਰੇ ਪੜ੍ਹੇ ਬਿਨਾਂ ਕਦੀ ਸੁੱਤਾ ਨਹੀਂ ਸੀ; ਇਸ ‘ਅਮਲ’ ਨੂੰ ਪੂਰਾ ਕਰੇ ਬਗੈਰ ਉਸ ਨੂੰ ਕਦੀ ਨੀਂਦ ਹੀ ਨਹੀਂ ਆਈ ਸੀ!
ਨਰਿੰਦਰ ਦੀ ਸਾਹਿਤ ਸੰਵੇਦਨਾ ਤੇ ਸਮਝ ਦੇਖਣੀ ਹੋਵੇ ਤਾਂ ਜਸਵੰਤ ਸਿੰਘ ਕੰਵਲ ਦੇ ਨਾਵਲ ਜਗਤ ਦੇ ਕੇਂਦਰੀ ਥੀਮ ਬਾਰੇ ਨਿਰਖ-ਪਰਖ ਕਰਦਾ ਉਸ ਦਾ ਲੇਖ ‘ਆਦਰਸ਼ ਅਤੇ ਰੁਮਾਂਸ ਦੀ ਖਿੜਕੀ ਵਿਚੋਂ ਦਿਸਦਾ ਇਨਕਲਾਬ’ ਵਾਚਿਆ ਜਾ ਸਕਦਾ ਹੈ। ਉਸ ਦੇ ਸ਼ਾਬਦਿਕ ਸੰਜਮ ਤੇ ਵਿਚਾਰਾਂ ਦੀ ਸਪਸ਼ਟਤਾ ‘ਤੇ ਰਸ਼ਕ ਆਉਂਦਾ ਹੈ। ਲੇਖ ਪੜ੍ਹਦਿਆਂ ਜਸਪ੍ਰੀਤ ਦੇ ਮੂੰਹੋਂ ਆਪਮੁਹਾਰੇ ਹੀ ਇਹ ਵਾਕ ਕਹਿ ਹੋ ਗਿਆ, ‘ਨਰਿੰਦਰ ਨੂੰ ਕੰਵਲ ਦੇ ਸਾਹਿਤ ਦੀ ਕਿੰਨੀ ਬਾਰੀਕ ਸਮਝ ਸੀ, ਉਹ ਕਿਸੇ ਕਾਲਜ ਵਿਚ ਪ੍ਰੋਫੈਸਰ ਕਿਉਂ ਨਾ ਬਣਿਆ?’ ਮੈਂ ਜਸਪ੍ਰੀਤ ਨੂੰ ਯਾਦ ਕਰਵਾਉਂਦਾ ਹਾਂ ਕਿ ਮੈਂ ਖੁਦ ਜ਼ਿੰਦਗੀ ਵਿਚ ਪ੍ਰੋਫੈਸਰ ਹੀ ਤਾਂ ਬਣਨਾ ਚਾਹਿਆ ਸੀ, ਪਰ ਵਕਤ ਹਰ ਸ਼ਖਸ ਦੀਆਂ ਖਾਹਿਸ਼ਾਂ ਜਾਂ ਸੰਭਾਵਨਾਵਾਂ ਨਾਲ ਵਫਾ ਕਦੋਂ ਕਰਦਾ ਹੈ!
‘ਆਰਸੀ ਪਬਲਿਸ਼ਰਜ਼’ ਨੇ 1998 ਵਿਚ ਕੰਵਲ ਦੇ 11 ਨਾਵਲ ਚਾਰ ਸੈਂਚੀਆਂ ਵਿਚ ਛਾਪੇ। ਇਨ੍ਹਾਂ ਸੈਂਚੀਆਂ ਦੇ ਸੰਖੇਪ ਰਿਵਿਊ ਵਜੋਂ ਹੀ ਨਰਿੰਦਰ ਨੇ ‘ਪੰਜਾਬੀ ਟ੍ਰਿਬਿਊਨ’ ਦੇ 2 ਅਗਸਤ, 1998 ਦੇ ਅੰਕ ਵਿਚ ਇਕ ਲੇਖ ਲਿਖਿਆ ਸੀ ਜੋ ਮਗਰੋਂ ‘ਪੰਜਾਬ ਟਾਈਮਜ਼’ ਵਿਚ ਵੀ ਛਪਿਆ।
ਕੰਵਲ ਦੇ ਸਮਾਜਕ ਵਿਜ਼ਨ ਦੀ ਕੇਂਦਰੀ ਕਮਜ਼ੋਰੀ ਵੱਲ ਇਸ਼ਾਰਾ ਕਰਦਿਆਂ ਨਰਿੰਦਰ ਲਿਖਦਾ ਹੈ, “ਜਦੋਂ ਕੰਵਲ ਦੇ ਪਾਤਰ ਸਹਿਜ ਚਾਲ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਸਹਿਜ ਭਾਅ ਆਪਣੀ ਤਬਦੀਲੀ ਨੂੰ ਅਪਣਾਉਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਤਾਂ ਉਹ ਕਿਉਂ ਖਾਹ-ਮਖਾਹ ਆਪਣੇ ਰੁਮਾਂਚਿਕ ਅਦਾਰਸ਼ਵਾਦ ਰਾਹੀਂ ਉਨ੍ਹਾਂ ਨੂੰ ਬਲਦੀ ਦੇ ਬੂਥੇ ਧੱਕਣ ਲਈ ਸ਼ਿਸ਼ਕੇਰਦਾ ਹੈ। ਇਥੇ ਇਕ ਸਵਾਲ ਇਹ ਵੀ ਕੀਤਾ ਜਾ ਸਕਦਾ ਹੈ ਕਿ ਕੀ ਹਰ ਸੰਘਰਸ਼ ਦਾ ਨਤੀਜਾ ਲੋਕਾਂ ਲਈ ਸਵਰਗ ਦੇ ਰੂਪ ਵਿਚ ਨਿਕਲਦਾ ਹੈ? ਕੀ ਸੋਵੀਅਤ ਯੂਨੀਅਨ ਵਿਚ ਲੋਕ ਸੁਖੀ ਹੋ ਗਏ ਸਨ? 100-50 ‘ਸਿਆਣੇ’ ਬੰਦੇ ਜਦੋਂ ਸਮਾਜ ਲਈ ਆਪਣੀ ਜਾਚੇ ਕੋਈ ਉਚਾ-ਸੁੱਚਾ ਆਦਰਸ਼ ਮਿਥ ਕੇ ਲਹਿਰ ਖੜ੍ਹੀ ਕਰਦੇ ਹਨ, ਉਦੋਂ ਉਹ ਲੋਕਾਂ ਨੂੰ ਖਾਹ-ਮਖਾਹ ਬਲਦੀ ਦੇ ਬੁਥੇ ਹੀ ਦਿੰਦੇ ਹਨ, ਹੋਰ ਕੁਝ ਨਹੀਂ ਕਰਦੇ। ਕੰਵਲ ਦੇ ਸਬੰਧ ਵਿਚ ਤਾਂ ਵਿਡੰਬਨਾ ਇਹ ਹੈ ਕਿ ਉਸ ਨੂੰ ਨਕਸਲੀਆਂ ਅਤੇ ਸਿੱਖ ਖਾੜਕੂਆਂ ਵਿਚ ਕੋਈ ਅੰਤਰ ਹੀ ਵਿਖਾਈ ਨਹੀਂ ਦਿੰਦਾ। ਸਿਆਸੀ ਸੁਰ ਵਾਲੇ ਨਾਵਲਾਂ ਵਿਚ ਉਹ ਇਹੀ ਵੱਡੀ ਗੜਬੜ ਕਰਦਾ ਹੈ। ਵਸਤੂ ਸਥਿਤੀ ਨੂੰ ਰੁਮਾਂਸ ਨਾਲ ਜੋੜ ਕੇ ਯਥਾਰਥ ਨਾਲੋਂ ਤੋੜ ਦਿੰਦਾ ਹੈ।”
ਨਰਿੰਦਰ ਕੰਵਲ ਦੀ ਦੇਣ ਨੂੰ ਸਵੀਕਾਰ ਕਰਦਿਆਂ ਆਪਣੇ ਲੇਖ ਵਿਚ ਹੋਰ ਲਿਖਦਾ ਹੈ, “ਭਾਈ ਵੀਰ ਸਿੰਘ ਨਾਲ ਸ਼ੁਰੂ ਹੋਈ ਪੰਜਾਬੀ ਨਾਵਲ ਦੀ ਨਿਗੂਣੀ ਜਿਹੀ ਪਰੰਪਰਾ ਦੇ ਪਿਛੋਕੜ ਵਿਚ ਜਸਵੰਤ ਸਿੰਘ ਕੰਵਲ ਨੇ ਪੇਂਡੂ ਸਮਾਜਕ-ਆਰਥਿਕ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਅਤੇ ਮਾਲਵੇ ਦੇ ਸਾਧਾਰਨ ਲੋਕਾਂ ਨੂੰ ਪਾਤਰਾਂ ਦੇ ਰੂਪ ਵਿਚ ਚਿਤਰਿਆ ਤਾਂ ਪੰਜਾਬੀ ਨਾਵਲ ਜਗਤ ਵਿਚ ਮਾਨੋ ਕ੍ਰਿਸ਼ਮਾ ਜਿਹਾ ਹੀ ਵਾਪਰ ਗਿਆ ਸੀ।æææ ਪਰ ‘ਰਾਤ ਬਾਕੀ ਹੈ’ ਵਿਚ ਚਰਨ ਤੇ ਰਾਜ ਦੀ ਕਹਾਣੀ, ‘ਭਵਾਨੀ’ ਵਿਚ ਸੁਲੱਖਣ ਸਿੰਘ ਤੇ ਕਰਮਜੀਤ ਦੀ ਕਹਾਣੀ, ‘ਤਾਰੀਖ ਵੇਖਦੀ ਹੈ’ ਵਿਚ ਕੁਲਤਾਰ ਤੇ ਹਰਦੇਵ ਦੀ ਕਹਾਣੀ ਵੇਖੋ ਤਾਂ ਇਨ੍ਹਾਂ ਨਾਵਲਾਂ ਵਿਚ ਕਿਤੇ ਨਾਇਕਾਵਾਂ ਬਗਾਵਤ ਕਰਦੀਆਂ ਹਨ ਤੇ ਕਿਤੇ ਨਾਇਕ। ਉਹ ਲੇਖਕ ਵੱਲੋਂ ਮੜ੍ਹੇ ਗਏ ਕਾਰਜ ਖੇਤਰ ਵਿਚ ਅਮਲ ਕਰਦੇ ਹਨ-ਵਸਤੂ ਸਥਿਤੀ ਅਨੁਸਾਰ ਕਿਤੇ ਵੀ ਹਰਕਤ ਵਿਚ ਨਹੀਂ ਆਉਂਦੇ। ਪ੍ਰੇਮੀ-ਪ੍ਰੇਮਿਕਾ ਦੇ ਮਿਲਣ ਦੀ ਜੇ ਕਿਤੇ ਇਕ ਫੀਸਦੀ ਵੀ ਸੰਭਾਵਨਾ ਨਹੀਂ ਹੈ ਤਾਂ ਉਥੇ ਕੰਵਲ ਦਾ ਆਦਰਸ਼ਵਾਦ ਲਗਾਤਾਰ ਹਰ ਨਾਵਲ ਦੀ ਕਹਾਣੀ ਅੰਦਰ ਅਜਿਹੇ ‘ਚਮਤਕਾਰ’ ਸਹਿਜੇ ਹੀ ਕਰਵਾਈ ਜਾਂਦਾ ਹੈæææ’ਪੂਰਨਮਾਸ਼ੀ’ ਨਾਂ ਦੇ ‘ਮਾਸਟਰਪੀਸ’ ਵਿਚ ਅਜਿਹਾ ਆਦਰਸ਼ਵਾਦ ਹੀ ਉਸ ਨੂੰ ਨਾਵਲ ਦੇ ਨਾਇਕ ਰੂਪ ਦੇ ਪੁੱਤਰ ਤੇ ਚੰਨੋ ਦੀ ਪੁੱਤਰੀ ਪੁੰਨਿਆ ਦਾ ਵਿਆਹ ਕਰਵਾਉਣ ਵੱਲ ਤੋਰਦਾ ਹੈ। ਇਸ ਨਾਵਲ ਵਿਚ ਹੀ ਨਹੀਂ, ‘ਹਾਣੀ’ ਵਿਚ ਧੰਤੋ ਤੇ ਮੇਦਨ ਦਾ ਮਿਲਣ, ‘ਮਿੱਤਰ ਪਿਆਰੇ ਨੂੰ’ ਵਿਚ ਪ੍ਰਕਾਸ਼ ਤੇ ਹਰਦੀਪ ਦਾ ਮਿਲਣ, ‘ਜੇਰਾ’ ਵਿਚ ਹਰਿੰਦਰ ਤੇ ਗੁਰਜਿੰਦਰ ਦਾ ਮਿਲਣ, ਉਹ ਵਸਤੂਗਤ ਸਥਿਤੀ ਦੇ ਅਨੁਸਾਰ ਨਹੀਂ, ਸਗੋਂ ਪਹਿਲਾਂ ਹੀ ਨਿਸ਼ਚਿਤ ਕੀਤੀ ਆਪਣੀ ਬਹੁਤ ਪੇਤਲੀ ਰੁਮਾਂਚਿਕ ਆਦਰਸ਼ਵਾਦੀ ਧਾਰਨਾ ਦੇ ਅਨੁਸਾਰ ਕਰਵਾਉਂਦਾ ਹੈ।”
ਨਰਿੰਦਰ ਪਾਸ਼ ਦੀ ਕਵਿਤਾ ਦਾ ਤਕੜਾ ਉਪਾਸ਼ਕ ਸੀ। ਉਸ ਨੂੰ ਸ਼ਮਸ਼ੇਰ ਸੰਧੂ ਦੀ ਸ਼ਖਸੀਅਤ ਇਸ ਕਰ ਕੇ ਵੀ ਖਿੱਚ ਪਾਉਂਦੀ ਸੀ ਕਿ ਉਹ ਪਾਸ਼ ਦਾ ਜਿਗਰੀ ਯਾਰ ਰਿਹਾ ਸੀ। ਸ਼ਮਸ਼ੇਰ, ਪਾਸ਼ ਬਾਰੇ ਬੜੀਆਂ ਗੱਲਾਂ ਸੁਣਾਉਂਦਾ, ਸਾਹਿਤਕ ਵੰਨਗੀ ਤੋਂ ਐਨ ਵੱਖਰੀਆਂ। ਇਨ੍ਹਾਂ ਗੱਲਾਂ ਵਿਚ ਪਾਸ਼ ਦਾ ਜਿਹੜਾ ਬਿੰਬ ਉਭਰਦਾ, ਨਰਿੰਦਰ ਚਾਹੁੰਦਾ ਸੀ, ਉਸ ਨੂੰ ਸਾਰਾ ਪੰਜਾਬੀ ਜਗਤ ਜਾਣੇ। ਇਨ੍ਹਾਂ ਗੱਲਾਂ ਵਿਚ ਪਾਸ਼ ਦੀ ਜ਼ਿੰਦਗੀ ਨਾਲ ਜੁੜੇ ਵੇਰਵੇ ਬਹੁਤ ਦਿਲਚਸਪ ਸਨ। ਨਰਿੰਦਰ ਇਹ ਵੇਰਵੇ ਲਿਖਣ ਲਈ ਸ਼ਮਸ਼ੇਰ ਨੂੰ ਵਾਰ ਵਾਰ ਆਖਦਾ। ਫਿਰ ਸ਼ਮਸ਼ੇਰ ਨੇ ਪਾਸ਼ ਬਾਰੇ ਜਿਹੜੀ ਕਿਤਾਬ (ਇਕ ਪਾਸ਼ ਇਹ ਵੀ) ਲਿਖੀ, ਸਾਹਿਤ ਜਗਤ ਵਿਚ ਉਸ ਦੀ ਬੜੀ ਚਰਚਾ ਹੋਈ।
ਨਰਿੰਦਰ ਨੂੰ ਸ਼ਮਸ਼ੇਰ ਸੰਧੂ ਸਿਰੇ ਦੀ ਸਹਿਜ ਕਹਾਣੀ ‘ਭੂਆ ਖਤਮ ਕੌਰ’ ਲਿਖਣ ਕਰ ਕੇ ਵੀ ਚੰਗਾ ਲਗਦਾ ਸੀ। ਇਕ ਦਿਨ ਸ਼ਾਮ ਨੂੰ ਸੈਰ ਕਰਦਿਆਂ ਮੱਠੀ ਮੱਠੀ ਕਿਣ ਮਿਣ ਸ਼ੁਰੂ ਹੋ ਗਈ ਅਤੇ ਮੌਸਮ ਬਹੁਤ ਸੁਹਾਵਣਾ ਸੀ। ਨਰਿੰਦਰ ਨੇ ‘ਭੂਆ ਖਤਮ ਕੌਰ’ ਬਾਰੇ ਗੱਲਾਂ ਸ਼ੁਰੂ ਕਰ ਲਈਆਂ। ਕਹਿਣ ਲੱਗਾ, “ਜੇ ਸ਼ਮਸ਼ੇਰ ‘ਤੇਰੇ ‘ਚੋਂ ਤੇਰਾ ਯਾਰ ਬੋਲਦਾ’ ਵਾਲਾ ਕੌਤਕ ਨਾ ਵੀ ਕਰਦਾ ਤਾਂ ਵੀ ਸਾਹਿਤਕ ਸੰਸਾਰ ਵਿਚ ਉਸ ਦਾ ਸਥਾਨ ‘ਭੂਆ ਖਤਮ ਕੌਰ’ ਲਿਖਣ ਨਾਲ ਹੀ ਇੱਟ ਵਾਂਗੂ ਪੱਕਾ ਹੋ ਗਿਆ ਸੀ।”
ਨਰਿੰਦਰ ਨੂੰ ਚੇਤੇ ਕਰਨ ਬੈਠਾ ਹਾਂ ਤਾਂ ਉਸ ਦੀਆਂ ਕਈ ਗੱਲਾਂ ਮਸਤਕ ਵਿਚ ਉਠ ਰਹੀਆਂ ਹਨ। ਜਦੋਂ ਸ਼ਿਕਾਗੋ ਆਇਆ ਤਾਂ ਉਸ ਕੋਲ ਯਾਂ ਪਾਲ ਸਾਰਤਰ ਦੀ ਸਾਥਣ ਸਿਮੋਨ ਦਿ ਬੋਵੀਅਰ ਦੀ ਜੀਵਨੀ ਸੀ। ਪੰਜਾਬੀ ਰਸਾਲੇ ‘ਹੁਣ’ ਦੇ ਜਨਵਰੀ ਅਤੇ ਮਈ 2007 ਵਾਲੇ ਦੋ ਅੰਕ ਉਹ ਮੇਰੇ ਲਈ ਲੈ ਕੇ ਆਇਆ ਸੀ। ਮੇਰੇ ਬਜ਼ੁਰਗ ਦੋਸਤ ਪ੍ਰੋæ ਜੋਗਿੰਦਰ ਸਿੰਘ ਰਮਦੇਵ ਘਰ ਆਏ ਤਾਂ ਮੈਂ ਉਨ੍ਹਾਂ ਨਾਲ ਨਰਿੰਦਰ ਦਾ ਤੁਆਰਫ ਕਰਵਾਇਆ। ਨਰਿੰਦਰ ਇਕਦਮ ਬਜ਼ੁਰਗਾਂ ਦੇ ਚਰਨਾਂ ਵਿਚ ਹੀ ਬੈਠ ਗਿਆ। ਮੈਂ ਸੋਚਿਆ, ਬਜ਼ੁਰਗੀ ਦੇ ਲਿਹਾਜ ਉਹ ਅਜਿਹਾ ਕਰ ਰਿਹਾ ਹੋਵੇਗਾ। ਪਤਾ ਲੱਗਾ ਕਿ ਸਤਿਕਾਰ ਦੇ ਅਜਿਹੇ ਭਾਵ ਪਿਛੇ ਰਹੱਸਮਈ ਕੜੀ ‘ਮਾਦਾਮ ਬਾਵਾਰੀ’ ਸੀ। ਉਸ ਨੂੰ ਪਤਾ ਸੀ ਕਿ ਇਸ ਸੰਸਾਰ ਪ੍ਰਸਿੱਧ ਨਾਵਲ ਦਾ ਤਰਜਮਾ ਪ੍ਰੋæ ਰਮਦੇਵ ਨੇ ਹੀ ਕੋਈ ਅੱਧੀ ਸਦੀ ਪਹਿਲਾਂ ਕੀਤਾ ਸੀ ਅਤੇ ਨਰਿੰਦਰ ਨੇ ਉਹ ਨਾਵਲ ਪੜ੍ਹਿਆ ਹੋਇਆ ਸੀ।
ਹੱਥ ਵਿਚ ਫੜੀ ਸਿਮੋਨ ਦਿ ਬੋਵੀਅਰ ਦੀ ਜੀਵਨੀ ਵਲ ਇਸ਼ਾਰਾ ਕਰਦਿਆਂ ਨਰਿੰਦਰ ਕਹਿਣ ਲੱਗਾ, “ਆਪਣਾ ਬੱਲ ਬਾਬਾ ਸਿਮੋਨ ਦਿ ਬੋਵੀਅਰ ‘ਤੇ ਫਿਦਾ ਹੈ। ਉਸ ਦੀ ਖਾਹਿਸ਼ ਹੈ ਕਿ ਪੰਜਾਬ ਦਾ ਹਰ ਕੁੜੀ-ਮੁੰਡਾ ਇਸ ਨੂੰ ਪੜ੍ਹੇ। ਉਸ ਦੀ ਜੀਵਨੀ ਦਾ ਮੈਂ ਪੰਜਾਬੀ ਵਿਚ ਤਰਜਮਾ ਕਰ ਦੇਣਾ ਹੈ। ਬਾਬਾ ਸਾਡੀ ਪ੍ਰੇਰਨਾ ਦਾ ਸੋਮਾ ਹੈ। ਘੱਟੋ-ਘਟ ਉਸ ਦੀ ਇਕ-ਅੱਧ ਖਾਹਿਸ਼ ਪੂਰੀ ਕਰਨੀ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ।” ਇਹ ਸੁਣ ਕੇ ਪ੍ਰੋæ ਰਮਦੇਵ ਨੇ ਗਾਲਿਬ ਦੀ ਗਜ਼ਲ ਦਾ ਇਹ ਸ਼ੇਅਰ ਕਹਿ ਦਿੱਤਾ:
ਹਜ਼ਾਰੋਂ ਖਵਾਹਿਸ਼ੇ ਐਸੀ ਕਿ ਹਰ ਖਵਾਹਿਸ਼ ਪੇ ਦਮ ਨਿਕਲੇ
ਬੜੇ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਭੀ ਕਮ ਨਿਕਲੇ।
ਨਰਿੰਦਰ ‘ਪੰਜਾਬ ਟਾਈਮਜ਼’ ਦੀ ਲਾਇਬਰੇਰੀ ਲਈ ‘ਉਪਰੇਸ਼ਨ ਬਲੈਕ ਥੰਡਰ’ ਨਾਂ ਦੀ ਕਿਤਾਬ ਵੀ ਲੈ ਕੇ ਆਇਆ। ‘ਉਪਰੇਸ਼ਨ ਬਲਿਊ ਸਟਾਰ’ ਤੋਂ ਬਾਅਦ ਖਾੜਕੂ ਲਹਿਰ ਦੇ ਸਿਖਰ ਦੇ ਸਾਲਾਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਬਜੀਤ ਸਿੰਘ ਨੇ ਇਸ ਕਿਤਾਬ ਵਿਚ ਆਪਣੇ ਨਿੱਜੀ ਅਨੁਭਵ ਅਤੇ ਤਜਰਬੇ ਦਰਜ ਕੀਤੇ ਹੋਏ ਹਨ। 2002 ਵਿਚ ਛਪੀ ਇਸ ਪੁਸਤਕ ਦਾ ਅਨੁਵਾਦ ਨਰਿੰਦਰ ਨੇ ਆਪਣੇ ਸੀਨੀਅਰ ਸਾਥੀ ਸੁਰਿੰਦਰ ਸਿੰਘ ਤੇਜ ਨਾਲ ਰਲ ਕੇ ਕੀਤਾ ਸੀ। ਅਨੁਵਾਦ ਇੰਨਾ ਰਵਾਂ ਹੈ ਕਿ ਪਤਾ ਹੀ ਨਹੀਂ ਲਗਦਾ ਕਿ ਅਨੁਵਾਦ ਹੈ ਜਾਂ ਮੌਲਿਕ ਲਿਖਤ।
ਮੈਨੂੰ ਤਸੱਲੀ ਹੈ ਕਿ ਨਰਿੰਦਰ ਦਾ ਪੁੱਤਰ ਸੰਜਮ ਅਤੇ ਧੀ ਹਰਲੀਨ ਉਹਦੇ ਵਾਂਗ ਹੋਣਹਾਰ ਨਿਕਲੇ ਹਨ। ਸੰਜਮ ਐਮæਏæ ਇਕਨਾਮਿਕਸ ਕਰਨ ਪਿਛੋਂ ਚੰਡੀਗੜ੍ਹ ‘ਹਿੰਦੁਸਤਾਨ ਟਾਈਮਜ਼’ ਦੇ ਸੰਪਾਦਕੀ ਅਮਲੇ ਵਿਚ ਕੰਮ ਕਰ ਰਿਹਾ ਹੈ, ਆਪਣੇ ਪਿਤਾ ਵਾਂਗ ਹੀ ਠੋਕ-ਵਜਾ ਕੇ; ਤੇ ਕੁੜੀ ਬੰਗਲੌਰ ਫੈਸ਼ਨ ਡਿਜ਼ਾਇਨਿੰਗ ਦੀ ਡਿਗਰੀ ਕਰ ਰਹੀ ਹੈ। ਸੰਜਮ ਨੇ ਆਪਣੇ ਪਿਤਾ ਦੀਆਂ ਕਿਤਾਬਾਂ ਦਾ ਭੰਡਾਰ ਬੜੀ ਸ਼ਰਧਾ ਨਾਲ ਸੰਭਾਲਿਆ ਹੋਇਆ ਹੈ। ਇਹੀ ਨਹੀਂ, ਉਹ ਨਰਿੰਦਰ ਵਾਂਗ ਆਪ ਵੀ ਇਸ ਭੰਡਾਰ ਵਿਚ ਆਏ ਮਹੀਨੇ ਕਿਤਾਬਾਂ ਜੋੜੀ ਜਾਂਦਾ ਹੈ।
ਸਾਡਾ ਨਰਿੰਦਰ ਭੁੱਲਰ ਅਜਿਹੀਆਂ ਰੂਹਾਂ ਵਿਚੋਂ ਇਕ ਸੀ ਜਿਨ੍ਹਾਂ ਤੋਂ ਲੋਕਾਂ ਨੂੰ ਸਹੀ ਅਰਥਾਂ ਵਿਚ ਇਨਸਾਨ ਬਣ ਕੇ ਜਿਉਣ ਦੀ ਪ੍ਰੇਰਨਾ ਮਿਲਦੀ ਹੈ; ਜੋ ਦੰਤ ਕਥਾਵਾਂ ਦਾ ਵਿਸ਼ਾ ਬਣਦੀਆਂ ਹਨ ਅਤੇ ਜਿਨ੍ਹਾਂ ਨੂੰ ਚੇਤੇ ਕਰਦਿਆਂ ਅਜਿਹੇ ਭਾਵ ਵੀ ਮਨ ਅੰਦਰ ਉਜਾਗਰ ਹੁੰਦੇ ਹਨ:
ਮਿੱਟੀ ਨਾ ਫਰੋਲ ਜੋਗੀਆ
ਨਹੀਂ ਲੱਭਣੇ ਲਾਲ ਗਵਾਚੇ।

Be the first to comment

Leave a Reply

Your email address will not be published.