-ਜਤਿੰਦਰ ਪਨੂੰ
ਇਸ ਗੱਲ ਨਾਲ ਸਾਡਾ ਕੋਈ ਮੱਤਭੇਦ ਨਹੀਂ ਕਿ ‘ਮਜ਼ਹਬ ਨਹੀਂ ਸਿੱਖਾਤਾ ਆਪਸ ਮੇਂ ਬੈਰ ਰਖਨਾ’, ਪਰ ਇਹ ਕਹਿਣਾ ਸਾਡੇ ਲਈ ਜ਼ਰੂਰੀ ਹੈ ਕਿ ਇਨਸਾਨੀਅਤ ਦਾ ਜਿੰਨਾ ਘਾਣ ਹੁਣ ਤੱਕ ‘ਮਜ਼ਹਬ’ ਅਤੇ ਧਰਮ’ ਨਾਲ ਜੁੜੇ ਹੋਏ ਲੋਕਾਂ ਨੇ ਕੀਤਾ ਹੈ, ਹੋਰ ਕਿਸੇ ਨੇ ਨਹੀਂ ਕੀਤਾ ਹੋਵੇਗਾ। ਸਮਰਾਟ ਅਸ਼ੋਕ ਨੂੰ ਬੜਾ ਮਹਾਨ ਅਤੇ ਸ਼ਾਂਤੀ ਦਾ ਪੁਜਾਰੀ ਕਿਹਾ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਜਦੋਂ ਉਸ ਨੂੰ ਇਹ ਦੱਸਿਆ ਗਿਆ ਕਿ ਉਸ ਦੇ ਇਸ਼ਟ ਨੂੰ ਦੂਸਰੇ ਲੋਕਾਂ ਦੇ ਇਸ਼ਟ ਸਾਹਮਣੇ ਨੀਵਾਂ ਦਿਖਾਇਆ ਗਿਆ ਹੈ ਤਾਂ ਉਸ ਨੇ ਕਤਲੇਆਮ ਕਰਵਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਾਰ ਛੱਡੇ ਸਨ।
ਅਸੀਂ ਉਸ ਦੇ ਸਤੰਭਾਂ ਨੂੰ ਅੱਜ ਵੀ ਸ਼ਾਂਤੀ ਦੇ ਪ੍ਰਤੀਕ ਮੰਨੀ ਜਾ ਰਹੇ ਹਾਂ। ਇਹ ਗੱਲ ਕਦੇ ਅੱਖੋਂ ਓਹਲੇ ਨਹੀਂ ਕਰਨੀ ਚਾਹੀਦੀ ਕਿ ਲੋਕ ਏਦਾਂ ਦੀ ਹਰ ਗੱਲ ਸੱਚੀ ਮੰਨ ਸਕਦੇ ਹਨ, ਜਿਹੜੀ ਉਨ੍ਹਾਂ ਦੇ ਧਰਮ ਦੀ ਬੇਇੱਜ਼ਤੀ ਦਾ ਮੁੱਦਾ ਬਣਾ ਕੇ ਕਹੀ ਜਾਵੇ। ਆਮ ਲੋਕਾਂ ਨੂੰ ਉਸ ਮੌਕੇ ਭੜਕਾ ਲੈਣਾ ਬਹੁਤ ਸੌਖਾ ਹੁੰਦਾ ਹੈ। ਇਸ ਤਰ੍ਹਾਂ ਭੜਕਾਉਣ ਵਾਲਿਆਂ ਨੂੰ ਇਸ ਸੁਭਾਵਕ ਵਰਤਾਰੇ ਦਾ ਪਤਾ ਹੈ ਤੇ ਪਤਾ ਹੋਣ ਕਾਰਨ ਹੀ ਰਾਜਸੀ ਹਿੱਤਾਂ ਦੇ ਲਈ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਹੋ ਜਿਹੀ ਦੁਰਵਰਤੋਂ ਹੁਣ ਵੀ ਕੀਤੀ ਜਾ ਰਹੀ ਹੈ।
ਉਤਰ ਪ੍ਰਦੇਸ਼ ਵਿਚ ਇਸ ਹਫਤੇ ਇੱਕ ਦਿਨ ਇੱਕ ਪਿੰਡ ਵਿਚ ਭੀੜ ਭੜਕ ਪਈ ਤੇ ਇੱਕ ਗਰੀਬ ਮੁਸਲਿਮ ਕਾਰੀਗਰ ਦੇ ਘਰ ਜਾ ਕੇ ਨਾ ਸਿਰਫ ਭੰਨ-ਤੋੜ ਕੀਤੀ, ਉਸ ਨੂੰ ਸਿਰ ਵਿਚ ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਤੇ ਉਸ ਦੇ ਪੁੱਤਰ ਨੂੰ ਏਨਾ ਕੁੱਟਿਆ ਗਿਆ ਕਿ ਜਾਨ ਬਚ ਵੀ ਜਾਵੇ ਤਾਂ ਠੀਕ ਹੁੰਦਿਆਂ ਕਈ ਮਹੀਨੇ ਲੱਗਣਗੇ। ਘਰ ਦੀਆਂ ਔਰਤਾਂ ਨਾਲ ਬਦਤਮੀਜ਼ੀ ਵੀ ਕੀਤੀ ਗਈ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ। ਹੁਣ ਰਾਜਨੀਤੀ ਹੋ ਰਹੀ ਹੈ। ਸਾਰੇ ਪੁਆੜੇ ਦੀ ਜੜ੍ਹ ਮੋਬਾਈਲ ਫੋਨ ਉਤੇ ਆਇਆ ਇੱਕ ਵਟਸਐਪ ਮੈਸੇਜ ਬਣਿਆ, ਜਿਸ ਵਿਚ ਇਹ ਕਿਹਾ ਗਿਆ ਸੀ ਕਿ ਇਸ ਮੁਸਲਿਮ ਘਰ ਵਿਚ ਗਊ ਮਾਸ ਹੈ। ਈਦ ਦੇ ਦਿਨ ਹਨ, ਮੁਸਲਿਮ ਘਰਾਂ ਵਿਚ ਇਨ੍ਹਾਂ ਦਿਨਾਂ ਵਿਚ ਆਮ ਹੀ ਮੀਟ ਹੁੰਦਾ ਹੈ, ਤੇ ਉਸ ਦੇ ਘਰ ਵੀ ਸੀ, ਪਰ ਉਹ ਗਾਂ ਦਾ ਨਹੀਂ, ਬੱਕਰੇ ਦਾ ਮੀਟ ਸੀ। ਗਊ ਦੇ ਮਾਸ ਦੀ ਗੱਲ ਇੱਕ ਗਿਣੀ-ਮਿੱਥੀ ਸਾਜ਼ਿਸ਼ ਦੇ ਨਾਲ ਫੈਲਾਈ ਗਈ ਅਤੇ ਉਸ ਪਿੰਡ ਵਿਚਲੇ ਮੰਦਰ ਵਿਚੋਂ ਇਸ ਦੀ ਬਾਕਾਇਦਾ ਅਨਾਊਂਸਮੈਂਟ ਕਰਵਾਈ ਗਈ ਸੀ। ਮੰਦਰ ਦਾ ਪੁਜਾਰੀ ਪਹਿਲਾਂ ਮੀਡੀਏ ਵਾਲਿਆਂ ਕੋਲ ਇਹ ਕਹਿੰਦਾ ਰਿਹਾ ਕਿ ਉਹ ਨੌਂ ਵਜੇ ਸੌਂ ਗਿਆ ਸੀ, ਬਾਅਦ ਵਿਚ ਕਿਸੇ ਨੇ ਆਪਣੇ ਆਪ ਸਪੀਕਰ ਲਾ ਕੇ ਕੁਝ ਕਿਹਾ ਹੋਵੇਗਾ ਤਾਂ ਉਸ ਨੂੰ ਇਸ ਦਾ ਪਤਾ ਨਹੀਂ। ਬਾਅਦ ਵਿਚ ਜਾਂਚ ਦੌਰਾਨ ਇਹ ਕਹਿਣ ਲੱਗ ਪਿਆ ਕਿ ਬਾਹਰੋਂ ਆਏ ਦੋ ਨੌਜਵਾਨਾਂ ਨੇ ਦਬਾਅ ਪਾ ਕੇ ਉਸ ਦੇ ਕੋਲੋਂ ਅਨਾਊਂਸਮੈਂਟ ਕਰਵਾਈ ਸੀ। ਅਸਲ ਵਿਚ ਉਹ ਵੀ ਭੀੜ ਦੇ ਨਾਲ ਰਲਿਆ ਜਾਪਦਾ ਹੈ।
ਭੀੜ ਭੜਕਾਉਣ ਦਾ ਕੰਮ ਜਿਸ ਹਿੰਦੂ ਮੁੰਡੇ ਦੇ ਨਾਂ ਲੱਗਾ ਹੈ, ਉਸ ਨੂੰ ਉਸ ਦੇ ਆਪਣੇ ਪਿੰਡ ਦਾ ਓਸੇ ਹਿੰਦੂ ਧਰਮ ਨਾਲ ਸਬੰਧਤ ਸਰਪੰਚ ‘ਇੱਕ ਵਿਗੜਿਆ ਹੋਇਆ ਨੌਜਵਾਨ’ ਕਹਿੰਦਾ ਹੈ। ਸਰਪੰਚ ਕਹਿੰਦਾ ਹੈ ਕਿ ਉਸ ਮੁੰਡੇ ਦੇ ਕਾਰੇ ਚੰਗੇ ਨਹੀਂ ਹਨ, ਪਰ ਉਸ ਦੇ ਕੀਤੇ ਇਸ ਕਾਰੇ ਪਿੱਛੋਂ ਹਲਕੇ ਦਾ ਸਾਬਕਾ ਭਾਜਪਾ ਵਿਧਾਇਕ ਢਾਲ ਦੀ ਤਰ੍ਹਾਂ ਉਸ ਦੇ ਬਚਾਅ ਲਈ ਆ ਗਿਆ ਹੈ। ਕੇਂਦਰ ਤੋਂ ਭਾਜਪਾ ਦਾ ਇੱਕ ਮੰਤਰੀ ਆਇਆ ਤੇ ਉਸ ਪਿੰਡ ਵਿਚ ਓਸੇ ਮੰਦਰ ਵਿਚ ਮੀਟਿੰਗ ਕਰ ਕੇ ਇਹ ਗੱਲ ਕਹਿ ਗਿਆ ਕਿ ਐਵੇਂ ਲੋਕ ਕਿਸੇ ਤਰ੍ਹਾਂ ਤੈਸ਼ ਵਿਚ ਆ ਗਏ ਤਾਂ ਇਸ ਨੂੰ ਹਾਦਸਾ ਹੀ ਕਹਿਣਾ ਚਾਹੀਦਾ ਹੈ, ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਨਹੀਂ ਸੀ। ਇਸ ਤੋਂ ਵੱਡੀ ਵਕਾਲਤ ਕੀ ਹੋ ਸਕਦੀ ਹੈ?
ਸਾਜ਼ਿਸ਼ ਨਾ ਹੋਣ ਦੀ ਗੱਲ ਭਾਜਪਾ ਦਾ ਪਾਰਲੀਮੈਂਟ ਮੈਂਬਰ ਅਤੇ ਕੇਂਦਰ ਦਾ ਮੰਤਰੀ ਕਹਿ ਸਕਦਾ ਹੈ, ਹਾਲਾਤ ਇਸ ਦੇ ਨਾਲ ਜੁੜੀਆਂ ਕਈ ਤੰਦਾਂ ਨੂੰ ਇੱਕ ਬਾਕਾਇਦਾ ਸਾਜ਼ਿਸ਼ ਸਾਬਤ ਕਰ ਸਕਦੇ ਹਨ। ਇਸ ਵਾਰਦਾਤ ਦੇ ਲਈ ਆਪਣੇ ਪਿੰਡ ਦੇ ਸਰਪੰਚ ਦੇ ਸ਼ਬਦਾਂ ਵਿਚ ਜਿਹੜਾ ‘ਇੱਕ ਵਿਗੜਿਆ ਹੋਇਆ ਨੌਜਵਾਨ’ ਜ਼ਿੰਮੇਵਾਰ ਹੈ, ਉਹ ਇੱਕ ‘ਸਮਾਧਾਨ ਸੈਨਾ’ ਬਣਾ ਕੇ ਉਸ ਇਲਾਕੇ ਵਿਚ ਕਈ ਪੁੱਠੇ ਕੰਮ ਕਰ ਚੁੱਕਾ ਹੈ। ਗਊ ਮਾਸ ਦਾ ਰੌਲਾ ਪਾਉਣ ਤੇ ਲੋਕਾਂ ਦੀ ਭੀੜ ਭੜਕਾ ਕੇ ਇੱਕ ਵਿਅਕਤੀ ਦਾ ਕਤਲ ਕਰਵਾ ਦੇਣ ਤੇ ਸਾਰੇ ਟੱਬਰ ਦੇ ਲੋਕਾਂ ਨੂੰ ਕੁਟਾਪਾ ਚਾੜ੍ਹਨ ਵਾਲਾ ਕੰਮ ਜਿਵੇਂ ਏਥੇ ਕੀਤਾ ਗਿਆ ਹੈ, ਜਿਵੇਂ ਇਸ ਜੁਰਮ ਦੇ ਮੁੱਖ ਦੋਸ਼ੀ ਦੇ ਪੱਖ ਵਿਚ ਭਾਜਪਾ ਦਾ ਸਾਬਕਾ ਵਿਧਾਇਕ ਵੀ ਇਹ ਕਹਿੰਦਾ ਹੈ ਕਿ ‘ਜਦੋਂ ਗਾਂ ਦੇ ਮਾਸ ਦਾ ਪਤਾ ਲੱਗੇ ਤਾਂ ਖੂਨ ਖੌਲਦਾ ਹੈ’, ਇਸ ਤੋਂ ਸਾਫ ਹੋ ਜਾਂਦਾ ਹੈ ਕਿ ਵਾਰਦਾਤ ਨਾ ਸਿਰਫ ਇੱਕ ਸਾਜ਼ਿਸ਼ ਦਾ ਸਿੱਟਾ ਸੀ, ਸਗੋਂ ਸਾਰੇ ਭਾਰਤ ਵਿਚ ਫੈਲਾਈ ਪਈ ਸਾਜ਼ਿਸ਼ਾਂ ਦੀ ਤਾਣੀ ਦਾ ਇੱਕ ਅਹਿਮ ਕੁੰਡਾ ਹੈ। ਇਹ ਤਾਣੀ ਮਹਾਰਾਸ਼ਟਰ, ਕਰਨਾਟਕਾ ਤੇ ਗੋਆ ਤੱਕ ਜਾਂਦੀ ਹੈ ਤੇ ਇਸ ਦੀਆਂ ਤਾਰਾਂ ਇਸ ਦੇਸ਼ ਦੇ ਕਈ ਹੋਰ ਖੇਤਰਾਂ ਤੱਕ ਵੀ ਜੁੜਨ ਦੀ ਚਰਚਾ ਮੀਡੀਏ ਵਿਚ ਕਈ ਚੈਨਲਾਂ ਵੱਲੋਂ ਹੋ ਰਹੀ ਹੈ।
ਮਹਾਰਾਸ਼ਟਰ, ਕਰਨਾਟਕਾ ਤੇ ਗੋਆ ਦਾ ਜ਼ਿਕਰ ਅਸੀਂ ਖਾਸ ਤੌਰ ‘ਤੇ ਇਸ ਲਈ ਕਰ ਰਹੇ ਹਾਂ ਕਿ ਜਗਦੇ ਮੱਥੇ ਵਾਲੀਆਂ ਸਾਡੇ ਸਮਾਜ ਦੀਆਂ ਤਿੰਨ ਸ਼ਖਸੀਅਤਾਂ ਦੀਆਂ ਮੌਤਾਂ ਦਾ ਸਬੰਧ ਇਸ ਨੂੰ ਉਸ ਨਾਲ ਜੋੜਦਾ ਹੈ। ਪਹਿਲਾਂ ਮਹਾਰਾਸ਼ਟਰ ਵਿਚ ਨਰਿੰਦਰ ਡਾਬੋਲਕਰ ਦਾ ਕਤਲ ਕੀਤਾ ਗਿਆ। ਉਸ ਦਾ ਕਸੂਰ ਇਹ ਸੀ ਕਿ ਉਹ ਤੰਤਰ-ਮੰਤਰ ਤੇ ਜਾਦੂ-ਟੂਣੇ ਉਤੇ ਇਸ ਲਈ ਪਾਬੰਦੀ ਦੀ ਮੰਗ ਕਰਦਾ ਸੀ ਕਿ ਅੰਧ-ਸ਼ਰਧਾ ਦੇ ਕਾਰਨ ਕਈ ਲੋਕਾਂ ਦੇ ਬੱਚੇ ਬਲੀ ਚਾੜ੍ਹ ਦਿੱਤੇ ਜਾਂਦੇ ਹਨ। ਆਸਾ ਰਾਮ ਤੇ ਉਸ ਦੇ ਪੁੱਤਰ ਵਿਰੁਧ ਵੀ ਇਹੋ ਜਿਹੇ ਚਾਰ ਕੇਸ ਦਰਜ ਹਨ, ਜਿਨ੍ਹਾਂ ਦਾ ਸਬੰਧ ਬੱਚਿਆਂ ਨੂੰ ਤੰਤਰ-ਮੰਤਰ ਲਈ ਬਲੀ ਚਾੜ੍ਹ ਦੇਣ ਨਾਲ ਹੈ। ਇਹ ਕੇਸ ਕਾਂਗਰਸ ਨੇ ਨਹੀਂ ਬਣਾਏ। ਦੋ ਕੇਸ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਦੀ ਪੁਲਿਸ ਨੇ ਬਣਾਏ ਸਨ ਤੇ ਦੋ ਮੱਧ ਪ੍ਰਦੇਸ਼ ਦੇ ਭਾਜਪਾ ਰਾਜ ਦੀ ਪੁਲਿਸ ਨੇ ਸਬੂਤਾਂ ਦੇ ਆਧਾਰ ਉਤੇ ਬਣਾਏ ਹਨ। ਨਰਿੰਦਰ ਡਾਬੋਲਕਰ ਦੇ ਪਿੱਛੋਂ ਮਹਾਰਾਸ਼ਟਰ ਦੇ ਇਹੋ ਫਰਜ਼ ਨਿਭਾਉਣ ਵਾਲੇ ਕਾਮਰੇਡ ਗੋਵਿੰਦ ਪੰਸਾਰੇ ਨੂੰ ਕਤਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕਤਲਾਂ ਦੀ ਪੈੜ ਗੋਆ ਦੀ ਸਨਾਤਨ ਸੰਸਥਾ ਨਾਲ ਜੁੜੇ ਕੁਝ ਲੋਕਾਂ ਦੀ ਗ੍ਰਿਫਤਾਰੀ ਤੱਕ ਲੈ ਗਈ ਤੇ ਜਦੋਂ ਉਹ ਲੋਕ ਫੜੇ ਗਏ ਤਾਂ ਉਨ੍ਹਾਂ ਅਗਲੀ ਗੱਲ ਇਹ ਦੱਸ ਦਿੱਤੀ ਕਿ ਉਨ੍ਹਾਂ ਨੂੰ ਹਥਿਆਰਾਂ ਦੀ ਟਰੇਨਿੰਗ ਵੀ ਸਨਾਤਨ ਸੰਸਥਾ ਤੋਂ ਮਿਲੀ ਸੀ। ਗੋਆ ਦੀ ਸਨਾਤਨ ਸੰਸਥਾ ਬਾਰੇ ਲੋਕ ਦੁਹਾਈਆਂ ਪਾ ਰਹੇ ਹਨ ਕਿ ਬੱਚਿਆਂ ਨੂੰ ਹਿਪਨੋਟਾਈਜ਼ ਕਰ ਕੇ ਉਨ੍ਹਾਂ ਤੋਂ ਮਾੜੇ ਕੰਮ ਕਰਵਾਉਂਦੀ ਹੈ, ਪਰ ਓਥੋਂ ਦੀ ਭਾਜਪਾ ਸਰਕਾਰ ਕਾਰਵਾਈ ਨਹੀਂ ਕਰਦੀ, ਕਿਉਂਕਿ ਇੱਕ ਮੰਤਰੀ ਉਸ ਸੰਸਥਾ ਨਾਲ ਜੁੜਿਆ ਹੋਣ ਦੇ ਚਰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੇਜਿਆ ਇੱਕ ‘ਸ਼ੁਭ ਸੰਦੇਸ਼’ ਵੀ ਉਸ ਸੰਸਥਾ ਦੇ ਕੋਲ ਪਿਆ ਹੈ।
ਪਿਛਲੇ ਮਹੀਨੇ ਕਰਨਾਟਕਾ ਵਿਚ ਇੱਕ ਸਾਬਕਾ ਵਾਈਸ ਚਾਂਸਲਰ ਮਲੇਸ਼ਅੱਪਾ ਮਾਦੀਵਾਲੱਪਾ ਕਲਬੁਰਗੀ ਦਾ ਕਤਲ ਹੋਇਆ ਸੀ। ਅੰਧ-ਸ਼ਰਧਾ ਤੇ ਜਾਦੂ-ਟੂਣੇ ਉਤੇ ਪਾਬੰਦੀ ਦੀ ਮੁਹਿੰਮ ਵਿਚ ਉਹ ਵੀ ਸਰਗਰਮ ਸੀ। ਕਤਲ ਦੀ ਜਾਂਚ ਜਿਨ੍ਹਾਂ ਦੋਸ਼ੀਆਂ ਤੱਕ ਪਹੁੰਚੀ, ਉਨ੍ਹਾਂ ਨੂੰ ਪੁਲਿਸ ਵੱਲੋਂ ਹੱਥ ਪਾਏ ਜਾਣ ਤੋਂ ਪਹਿਲਾਂ ਭਾਜਪਾ ਆਗੂ ਤੇ ਆਰ ਐਸ ਐਸ ਨਾਲ ਜੁੜੇ ਹੋਏ ਪ੍ਰਚਾਰਕ ਉਨ੍ਹਾਂ ਦੇ ਬਚਾਅ ਲਈ ਅੱਗੇ ਆ ਗਏ। ਉਹ ਕਹਿੰਦੇ ਸਨ ਕਿ ਹਰ ਵਾਰਦਾਤ ਦੇ ਲਈ ਹਿੰਦੂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਉਨ੍ਹਾਂ ਦੀ ਆਪਣੀ ਸਰਕਾਰ ਹੈ। ਨਰਿੰਦਰ ਡਾਬੋਲਕਰ ਦਾ ਜਿਹੜਾ ਕਤਲ ਕਾਂਗਰਸੀ ਮੁੱਖ ਮੰਤਰੀ ਦੇ ਰਾਜ ਵੇਲੇ ਹੋਇਆ ਸੀ, ਉਸ ਦੀ ਜਾਂਚ ਗੋਆ ਦੀ ਸਨਾਤਨ ਸੰਸਥਾ ਤੱਕ ਭਾਜਪਾ ਮੁੱਖ ਮੰਤਰੀ ਦੀ ਪੁਲਿਸ ਨੇ ਪੁਚਾਈ ਹੈ। ਕੀ ਭਾਜਪਾ ਰਾਜ ਦੀ ਪੁਲਿਸ ਵੀ ਹਿੰਦੂ ਸੰਸਥਾਵਾਂ ਬਾਰੇ ਭਰਮ ਫੈਲਾਉਣ ਵਿਚ ਸ਼ਾਮਲ ਹੈ? ਉਹ ਤਾਂ ਇਨ੍ਹਾਂ ਦੇ ਆਪਣੇ ਹਨ, ਪਰ ਕਾਨੂੰਨੀ ਕਾਰਵਾਈ ਕਰਨੀ ਪਈ ਹੈ।
ਹੁਣ ਸਵਾਲ ਹੈ ਗੋਆ ਤੋਂ ਮਹਾਰਾਸ਼ਟਰ ਤੇ ਕਰਨਾਟਕਾ ਤੱਕ ਖਿੱਲਰ ਕੇ ਉਤਰ ਪ੍ਰਦੇਸ਼ ਦੇ ਇੱਕ ਪਿੰਡ ਤੀਕਰ ਪਹੁੰਚੀ ਤਾਣੀ ਲਈ ਬਣਾਏ ਗਏ ਬਹਾਨੇ ਦਾ। ਕਹਿੰਦੇ ਹਨ ਕਿ ਉਸ ਦੇ ਘਰ ਗਊ ਮਾਸ ਪਿਆ ਸੀ। ਮਾਸ ਓਥੇ ਜ਼ਰੂਰ ਪਿਆ ਸੀ, ਪਰ ਗਾਂ ਦਾ ਨਹੀਂ, ਬੱਕਰੇ ਦਾ ਮਾਸ ਸੀ। ਸਵਾਲ ਇਹ ਹੈ ਕਿ ਜੇ ਓਥੇ ਗਾਂ ਦਾ ਮਾਸ ਵੀ ਹੁੰਦਾ ਤਾਂ ਭੀੜ ਨੂੰ ਇਹ ਹੱਕ ਕੌਣ ਦੇਂਦਾ ਹੈ ਕਿ ਉਹ ਆਪ ਕਾਰਵਾਈ ਕਰੇ ਤੇ ਉਸ ਵਿਅਕਤੀ ਦਾ ਕਤਲ ਕਰ ਦੇਵੇ? ਇਸ ਪੱਖੋਂ ਗੱਲ ਜਦੋਂ ਕਰਨੀ ਹੈ ਤਾਂ ਇਹ ਉਤਰ ਪ੍ਰਦੇਸ਼ ਤੱਕ ਸੀਮਤ ਨਹੀਂ ਰੱਖੀ ਜਾ ਸਕਦੀ। ਅਸੀਂ ਪਿਛਲੇ ਮਹੀਨੇ ਚਰਚਾ ਸੁਣਦੇ ਅਤੇ ਕਰਦੇ ਰਹੇ ਹਾਂ ਕਿ ਮਹਾਰਾਸ਼ਟਰ ਤੋਂ ਸ਼ੁਰੂ ਕਰ ਕੇ ਭਾਰਤ ਵਿਚ ਜਿੱਥੇ ਵੀ ਭਾਜਪਾ ਸਰਕਾਰਾਂ ਹਨ, ਸਭ ਨੇ ਕੁਝ ਗਿਣੇ ਹੋਏ ਦਿਨਾਂ ਲਈ ਗਊ ਮਾਸ ਉਤੇ ਪਾਬੰਦੀ ਲਾ ਦਿੱਤੀ ਸੀ। ਪਾਬੰਦੀ ਠੀਕ ਜਾਂ ਗਲਤ ਬਾਰੇ ਅਸੀਂ ਚਰਚਾ ਕਰ ਚੁੱਕੇ ਹਾਂ, ਹੁਣ ਦੁਹਰਾਉਣ ਦਾ ਕੋਈ ਫਾਇਦਾ ਨਹੀਂ, ਸੋਚਣ ਦਾ ਨੁਕਤਾ ਇਹ ਹੈ ਕਿ ਉਨ੍ਹਾਂ ਖਾਸ ਦਿਨਾਂ ਲਈ ਪਾਬੰਦੀ ਲਾਉਣਾ ਹੀ ਦੱਸਦਾ ਹੈ ਕਿ ਬਾਕੀ ਸਾਰਾ ਸਾਲ ਓਥੇ ਗਾਂ ਦਾ ਮਾਸ ਖਾਣ ਦੀ ਕੋਈ ਪਾਬੰਦੀ ਨਹੀਂ। ਜਦੋਂ ਭਾਜਪਾ ਦੀਆਂ ਸਰਕਾਰਾਂ ਦੇ ਅਧੀਨ ਚੱਲਦੇ ਰਾਜਾਂ ਵਿਚ ਵੀ ਮਿੱਥੇ ਗਏ ਪਾਬੰਦੀ ਵਾਲੇ ਦਿਨਾਂ ਤੋਂ ਬਿਨਾਂ ਗਊ ਮਾਸ ਖਾਣ ਦੀ ਪਾਬੰਦੀ ਨਹੀਂ ਤਾਂ ਉਤਰ ਪ੍ਰਦੇਸ਼ ਵਿਚ ਕਿਸੇ ਵਿਅਕਤੀ ਵਿਰੁਧ ਗਾਂ ਦਾ ਮਾਸ ਖਾਣ ਦੇ ਨਾਂ ਹੇਠ ਇਸ ਤਰ੍ਹਾਂ ਭੀੜ ਭੜਕਾ ਕੇ ਇਹ ਕਾਰਵਾਈ ਕਿਹੜੇ ਮਕਸਦ ਦੀ ਪ੍ਰਾਪਤੀ ਲਈ ਕੀਤੀ ਜਾਂ ਕਰਵਾਈ ਗਈ ਹੈ?
ਮਕਸਦ ਸਾਫ ਹੈ ਕਿ ਉਤਰ ਪ੍ਰਦੇਸ਼ ਇਸ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ, ਜਿਸ ਦੀ ਜੇਬ ਵਿਚ ਪਾਰਲੀਮੈਂਟ ਦੀਆਂ ਪੰਜ ਸੌ ਤਿਰਤਾਲੀ ਵਿਚੋਂ ਅੱਸੀ ਸੀਟਾਂ ਵਾਲਾ ਵੱਡਾ ਰੁੱਗ ਹੈ। ਜਿਹੜੀ ਸਿਆਸੀ ਧਿਰ ਪਿਛਲੇ ਸਾਲ ਲੋਕ ਸਭਾ ਚੋਣਾਂ ਮੌਕੇ ਓਥੋਂ ਦੀਆਂ ਅੱਸੀ ਵਿਚੋਂ ਇਕੱਤਰ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ, ਉਸ ਨੂੰ ਸਾਰੇ ਦੇਸ਼ ਵਿਚ ਹੁਣ ਪਾਣੀ ਲੱਥਦਾ ਮਹਿਸੂਸ ਹੋ ਰਿਹਾ ਹੈ ਤੇ ਡੇਢ ਸਾਲ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਖਨਊ ਦੀ ਨਵਾਬੀ ਉਸ ਦੇ ਕਿਸੇ ਆਗੂ ਨੂੰ ਮਿਲਣ ਦੀ ਆਸ ਦਾ ਪੱਲਾ ਛੁੱਟਦਾ ਜਾਂਦਾ ਹੈ। ਉਸ ਰਾਜ ਵਿਚ ਲੋਕਾਂ ਨੂੰ ਇੱਕ ਵਾਰ ਫਿਰ ਓਸੇ ਧਰਮ ਲਈ ਅੰਧ-ਸ਼ਰਧਾ ਦੀ ਗੁੜ੍ਹਤੀ ਨਾਲ ਅਗਲੀ ਚੋਣ ਜੰਗ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ‘ਸਮਾਧਾਨ ਸੈਨਾ’ ਵਰਗੀਆਂ ਜਿਹੜੀਆਂ ਸੈਨਾਵਾਂ ਬਣਾਈਆਂ ਜਾ ਰਹੀਆਂ ਹਨ ਤੇ ਜਿਵੇਂ ਸਰਪੰਚ ਦੇ ਸ਼ਬਦਾਂ ਵਿਚ ‘ਵਿਗੜਿਆ ਹੋਇਆ’ ਹਰ ਕੋਈ ਮੁੰਡਾ ਉਨ੍ਹਾਂ ਨਾਲ ਜੋੜ ਕੇ ਇਹ ਖੇਡਾਂ ਹੋ ਰਹੀਆਂ ਹਨ, ਉਹ ਸੈਨਾ ਕਿਨ੍ਹਾਂ ਲਈ ਕੰਮ ਕਰਦੀ ਮੰਨੀ ਜਾ ਰਹੀ ਹੈ, ਇਸ ਬਾਰੇ ਆਮ ਲੋਕਾਂ ਨੂੰ ਪਤਾ ਹੈ। ਭਵਿੱਖ ਸਾਊ ਸੰਕੇਤ ਨਹੀਂ ਦੇ ਰਿਹਾ। ਜਿਨ੍ਹਾਂ ਨੇ ‘ਅੱਛੇ ਦਿਨ ਆਨੇ ਵਾਲੇ’ ਦਾ ਨਾਅਰਾ ਦਿੱਤਾ ਜਾਂ ਦਿਵਾਇਆ ਸੀ, ਉਹ ਹੁਣ ਭਾਰਤ ਦੀ ਆਮ ਜਨਤਾ ਲਈ ਸਮਾਜ ਦੇ ‘ਵਿਗੜੇ ਹੋਏ’ ਤੱਤਾਂ ਨੂੰ ਅੱਗੇ ਲਾ ਕੇ ਕਿੱਦਾਂ ਦੇ ‘ਅੱਛੇ ਦਿਨ’ ਲਿਆਉਣਗੇ, ਇਸ ਬਾਰੇ ਓਹਲਾ ਨਹੀਂ ਰਹਿ ਸਕਦਾ।