ਡਾæ ਗੁਰਮੀਤ ਸਿੰਘ ਸਿੱਧੂ
ਫੋਨ: +91-98145-90699
ਉਤਰ ਪ੍ਰਦੇਸ਼ ਦੇ ਦਾਦਰੀ ਇਲਾਕੇ ਦੇ ਪਿੰਡ ਬਿਸਹਾੜਾ ਵਿਚ ਰਹਿ ਰਹੇ ਧਾਰਮਿਕ ਘੱਟ-ਗਿਣਤੀ ਨਾਲ ਸਬੰਧਿਤ, ਅਖਲਾਕ ਦੇ ਪਰਿਵਾਰ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਪਲਾਂ ਵਿਚ ਹੀ ਬਹੁ-ਗਿਣਤੀ ਫ਼ਿਰਕੇ ਦਾ ਹਜੂਮ ਆਵੇਗਾ ਅਤੇ ਬਿਨਾਂ ਕੁਝ ਜਾਂਚਣ, ਪੜਤਾਲਣ ਅਤੇ ਸਮਝਣ ਤੋਂ ਅਖਲਾਕ ਅਤੇ ਉਨ੍ਹਾਂ ਦੇ ਬੇਟੇ ਦਾਨਿਸ਼ ‘ਤੇ ਟੁੱਟ ਕੇ ਪੈ ਜਾਵੇਗਾ। ਦੋਵਾਂ ਨੂੰ ਇੰਨਾ ਕੁੱਟਿਆ ਕਿ ਅਖਲਾਕ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦਾਨਿਸ਼ ਹਸਪਤਾਲ ਵਿਚ ਹੈ। ਕਿਸੇ ਨੇ ਪਿੰਡ ਵਿਚੋਂ ਮੰਦਿਰ ਦੇ ਲਾਊਡ ਸਪੀਕਰ ਤੋਂ ਇਹ ਕਹਿ ਦਿੱਤਾ ਸੀ ਕਿ ਅਖਲਾਕ ਦੇ ਘਰ ਗਾਂ-ਮਾਸ ਰਿੰਨ੍ਹਿਆ ਜਾ ਰਿਹਾ ਹੈ।
ਭੀੜ ਨੂੰ ਭਾਵੇਂ ਉਥੇ ਗਾਂ-ਮਾਸ ਨਹੀਂ ਮਿਲਿਆ, ਫਿਰ ਵੀ ਜਿੰਦਾ ਮਨੁੱਖ ਨੂੰ ਮਰੇ ਮਾਸ ਵਿਚ ਬਦਲਣ ਵਾਲੇ ਭੜਕੇ ਅਤੇ ਹੰਕਾਰੇ ਲੋਕਾਂ ਨੂੰ ਇਹ ਸਿੱਖਿਆ ਕਿਸ ਧਰਮ ਨੇ ਦਿੱਤੀ ਕਿ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇ? ਦੁਨੀਆਂ ਭਰ ਦੇ ਧਰਮਾਂ ਦੇ ਸਿਧਾਂਤਾਂ ਅਤੇ ਧਰਮ ਗ੍ਰੰਥਾਂ ਵਿਚ ਕਿਸੇ ਦੂਜੇ ਨੂੰ ਮਾਰਨ ਲਈ ਕੋਈ ਸਿੱਖਿਆ ਨਹੀਂ ਹੈ, ਪਰ ਧਰਮ ਦੇ ਨਾਂ ‘ਤੇ ਅਜਿਹਾ ਅਤਿ ਘਿਨਾਉਣਾ ਕਤਲੇਆਮ ਹੋ ਰਿਹਾ ਹੈ।
ਧਰਮ ਦੇ ਨਾਂ ‘ਤੇ ਹੋਰ ਧਰਮਾਂ ਦੇ ਲੋਕਾਂ ਦਾ ਕਤਲੇਆਮ ਕਰਨ ਵਾਲੇ ਜਾਂ ਕਰਵਾਉਣ ਵਾਲੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਹ ਅਜਿਹਾ ਆਪਣੇ ‘ਧਰਮ’ ਦੇ ਹਿਤ ਲਈ ਕਰ ਰਹੇ ਹਨ। ਦਰਅਸਲ, ਅਜਿਹੇ ਲੋਕ ਧਰਮ ਪ੍ਰਤੀ ਅਣਜਾਣ ਹੁੰਦੇ ਹਨ। ਇਨ੍ਹਾਂ ਦੂਜੇ ਲੋਕਾਂ ਦੇ ਧਰਮ ਬਾਰੇ ਤਾਂ ਕੀ, ਇਹ ਖ਼ੁਦ ਆਪਣੇ ਧਰਮ ਨੂੰ ਵੀ ਪੂਰੀ ਤਰ੍ਹਾਂ ਨਾ ਜਾਣਦੇ ਹਨ ਤੇ ਨਾ ਹੀ ਸਮਝਦੇ ਹਨ। ਧਰਮ ਪ੍ਰਤੀ ਕੱਚੀ ਅਤੇ ਕੱਟੜਵਾਦੀ ਸੋਚ ਵਿਚੋਂ ਸੰਕੀਰਨਤਾ ਪੈਦਾ ਹੁੰਦੀ ਹੈ। ਇਸ ਕਰ ਕੇ ਕੇਵਲ ਆਪਣੇ ਹੀ ਧਰਮ ਨੂੰ ਸਹੀ ਅਤੇ ਉਚਾ ਸਮਝਣ ਵਾਲੇ ਲੋਕ ਹੋਰਨਾਂ ਨੂੰ ਮਾਰਨ ਦੇ ਰਾਹ ਤੁਰ ਪੈਂਦੇ ਹਨ। ਇਸ ਪ੍ਰਸੰਗ ਵਿਚ ਵੇਖਿਆ ਜਾਵੇ ਤਾਂ ਦਾਦਰੀ ਵਿਚ ਵਾਪਰੀ ਆਮ ਘਟਨਾ ਨਹੀਂ ਹੈ ਅਤੇ ਨਾ ਹੀ ਗ਼ਲਤਫ਼ਹਿਮੀ ਜਾਂ ਕੇਵਲ ਅਫ਼ਵਾਹ ਕਰ ਕੇ ਵਾਪਰੀ ਹੈ। ਇਸ ਘਟਨਾ ਦੇ ਵਿਭਿੰਨ ਪਹਿਲੂ ਹਨ। ਪਿਛਲੇ ਲੰਮੇ ਸਮੇਂ ਤੋਂ ਧਰਮ ਦੀ ਦੁਰਵਰਤੋਂ ਹੋ ਰਹੀ ਹੈ ਜਿਸ ਦੇ ਨਤੀਜੇ ਵਜੋਂ ਸੰਸਾਰ ਭਰ ਵਿਚ ਵਿਭਿੰਨ ਧਰਮਾਂ ਦੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਨ। ਧਰਮਾਂ ਦਰਮਿਆਨ ਵਧਦੇ ਟਕਰਾਅ ਨੂੰ ਅਮਰੀਕੀ ਵਿਦਵਾਨ ਐਸ ਪੀ ਹੰਟਿੰਗਟਨ ‘ਸਭਿਅਤਾਵਾਂ ਦੇ ਭੇੜ’ ਵਜੋਂ ਵੇਖਦਾ ਹੈ। ਉਸ ਦੀ ਧਾਰਨਾ ਹੈ ਕਿ ਅਗਲੀ ਸੰਸਾਰ ਜੰਗ ਧਰਮਾਂ/ਸਭਿਆਤਾਵਾਂ ਦਰਮਿਆਨ ਹੋ ਸਕਦੀ ਹੈ। ਉਸ ਦੀ ਇਹ ਧਾਰਨਾ ਸੰਸਾਰ ਭਰ ਦੇ ਚਿੰਤਕਾਂ ਵਿਚ ਇਸ ਕਰ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਹੁਣ ਧਰਮਾਂ ਦੇ ਆਪਸੀ ਟਕਰਾਅ ਨਜ਼ਰ ਆ ਰਹੇ ਹਨ। ਦਾਦਰੀ ਪਿੰਡ ਦੀ ਘਟਨਾ ਨੂੰ ਇਸ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਇਸ ਦੇ ਮਨੁੱਖਤਾ ਲਈ ਭਿਆਨਕ ਸਿੱਟੇ ਨਿਕਲ ਸਕਦੇ ਹਨ।
ਧਰਮ ਦੇ ਸ਼ਾਬਦਿਕ ਅਰਥ ਜੋੜਨਾ ਤੇ ਮਿਲਾਉਣਾ ਬਣਦੇ ਹਨ। ਧਰਮ ਗ੍ਰੰਥਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਦਇਆ ਕਰਨਾ ਧਰਮ ਹੈ। ਦਇਆ ਤੋਂ ਸੱਖਣੀਆਂ ਧਾਰਮਿਕ ਰਸਮਾਂ ਅਤੇ ਭਾਵਨਾਵਾਂ ਮਨੁੱਖ ਨੂੰ ਜ਼ਾਲਮ ਬਣਾਉਂਦੀਆਂ ਹਨ। ਧਰਮ ਦੀ ਇੱਕ ਪ੍ਰਥਾ ਨੂੰ ਬਚਾਉਣ ਲਈ ਜੇ ਮਨੁੱਖਤਾ ਹੀ ਕਤਲ ਕਰ ਦਿੱਤੀ ਜਾਵੇ, ਤਾਂ ਅਜਿਹੀ ਪ੍ਰਥਾ ਕਿਸੇ ਲਈ ਵੀ ਲਾਭਕਾਰੀ ਨਹੀਂ। ਧਰਮ ਮਨੁੱਖੀ ਆਜ਼ਾਦੀ ਹੈ। ਮਨੁੱਖ ਦੀ ਆਜ਼ਾਦੀ ‘ਤੇ ਰੋਕ ਲਗਾਉਣੀ ਜਾਂ ਧਰਮ ਦੇ ਨਾਂ ‘ਤੇ ਹੋਰਾਂ ਨਾਲ ਵਧੀਕੀ ਨੂੰ ਧਾਰਮਿਕ ਪੱਖ ਤੋਂ ਸਹੀ ਨਹੀਂ ਕਿਹਾ ਜਾ ਸਕਦਾ। ਸੱਚਾ ਧਰਮ ਮਨੁੱਖਾਂ ਵੱਲੋਂ ਸਿਰਜੀਆਂ ਧਾਰਮਿਕ ਰੋਕਾਂ ਅਤੇ ਬੰਦਿਸ਼ਾਂ ਤੋਂ ਪਾਰ ਹੈ। ਧਰਮ ਕਿਉਂਕਿ ਸੱਚ ਹੈ, ਇਸ ਕਰ ਕੇ ਧਰਮ ਮੁਤਾਬਿਕ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਹੈ, ਬਲਕਿ ਮਨੁੱਖ ਦੀ ਸੋਚ ਮੁਤਾਬਿਕ ਹੀ ਚੰਗਾ ਜਾਂ ਮਾੜਾ ਹੁੰਦਾ ਹੈ। ਇੱਕੋ ਤਰ੍ਹਾਂ ਦਾ ਖਾਣਾ ਸਭ ਲਈ ਚੰਗਾ ਜਾਂ ਮਾੜਾ ਨਹੀਂ ਹੁੰਦਾ। ਕਿਸੇ ਦੂਜੇ ਨੂੰ ਜ਼ਬਰਦਸਤੀ ਖੁਆਉਣਾ ਜਾਂ ਕੁਝ ਖਾਣ ਤੋਂ ਜ਼ਬਰਦਸਤੀ ਰੋਕਣਾ ਧਾਰਮਿਕ ਨੈਤਿਕਤਾ ਲਈ ਦਰੁਸਤ ਨਹੀਂ ਹੈ। ਦਾਦਰੀ ਪਿੰਡ ਦੇ ਬਹੁ-ਗਿਣਤੀ ਲੋਕਾਂ ਨੇ ਆਪਣੀ ਝੂਠੀ ਤਾਕਤ ਦੇ ਜ਼ੋਰ ਨਾਲ ਘੱਟ-ਗਿਣਤੀ ਨਾਲ ਸਬੰਧਿਤ ਲੋਕਾਂ ਨਾਲ ਗ਼ੈਰ-ਮਨੁੱਖੀ ਕਾਰਵਾਈ ਕਰ ਕੇ ਆਪਣੇ-ਆਪ ਨੂੰ ਧਾਰਮਿਕ ਹੋਣ ਦਾ ਭਰਮ ਪਾਲਿਆ ਹੈ, ਜਦੋਂ ਕਿ ਉਨ੍ਹਾਂ ਨੇ ਖ਼ੁਦ ਹੀ ਧਰਮ ਦੀ ਰੂਹ ਦਾ ਕਤਲੇਆਮ ਕੀਤਾ ਹੈ।
ਪਿੰਡ ਦਾਦਰੀ ਦੀ ਘਟਨਾ ਤੋਂ ਇਹ ਪਤਾ ਲਗਦਾ ਹੈ ਕਿ ਮੁਲਕ ਅਜੋਕੇ ਸੰਸਾਰ ਨਾਲੋਂ ਉਲਟ ਦਿਸ਼ਾ ਵੱਲ ਕਦਮ ਰੱਖ ਰਿਹਾ ਹੈ। ਅਜੋਕੇ ਸੰਸਾਰ ਵਿਚ ਵਿਭਿੰਨਤਾਵਾਂ ਨੂੰ ਸਵੀਕ੍ਰਿਤੀ ਮਿਲ ਰਹੀ ਹੈ ਜਦੋਂ ਕਿ ਭਾਰਤ ਵਿਚ ਵਿਭਿੰਨਤਾਵਾਂ ਨੂੰ ਖ਼ਤਮ ਕਰਨ ਲਈ ਮਨਸੂਬੇ ਤਿਆਰ ਹੋ ਰਹੇ ਹਨ। ਇੱਕ ਪਾਸੇ ‘ਮੇਕ ਇਨ ਇੰਡੀਆ’ ਦਾ ਨਾਅਰਾ ਦੇ ਕੇ ਮੁਲਕ ਨੂੰ ਸੰਸਾਰ ਪੱਧਰੇ ਮੁਕਾਬਲੇ ਵਿਚ ਪਾਉਣ ਲਈ ਆਰਥਿਕ ਨੀਤੀਆਂ ਦਾ ਉਦਾਰੀਕਰਨ ਹੋ ਰਿਹਾ ਹੈ, ਪਰ ਸਭਿਆਚਾਰ ਦੇ ਖੇਤਰ ਵਿਚ ਇਕਹਿਰੀ ਨੀਤੀ ਅਪਣਾਈ ਜਾ ਰਹੀ ਹੈ। ਮੁਲਕ ਨੂੰ ਟਕਰਾਉਂਦੇ ਰਾਹਾਂ ‘ਤੇ ਪਾਉਣ ਨਾਲ ਆਪਸੀ ਅਤੇ ਸਮਾਜਕ ਟਕਰਾਅ ਹੋਰ ਤਿੱਖੇ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇੱਕਪੱਖੀ ਅਤੇ ਇਕਹਿਰੇ ਜੀਵਨ ਮਾਡਲਾਂ ਦਾ ਯੁੱਗ ਬੀਤ ਚੁੱਕਾ ਹੈ। ਇਸ ਮੁਲਕ ਨੂੰ ਇਕੱਠਾ ਰੱਖਣ ਲਈ ਇਕਸਾਰਤਾ ਦੀ ਨੀਤੀ ਅਪਣਾਈ ਜਾ ਰਹੀ ਹੈ ਜੋ ਇਸ ਦੀਆਂ ਬੁਨਿਆਦਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਕੱਟੜਵਾਦੀ ਅਤੇ ਸੰਕੀਰਨ ਵਿਸ਼ਵਾਸ ਦੀ ਨੀਤੀ ਹੁਣ ਪ੍ਰਸੰਗਕ ਨਹੀਂ ਰਹੀ।
ਕੱਟੜਤਾ ਧਰਮ ਨਹੀਂ ਹੈ। ਇਸ ਨਾਲ ਧਰਮਾਂ ਵਿਚ ਦੂਰੀਆਂ ਅਤੇ ਫ਼ਿਰਕਾਪ੍ਰਸਤੀ ਦੀ ਭਾਵਨਾ ਪੈਦਾ ਹੋਈ ਹੈ। ਕੱਟੜ ਸੋਚ ਵਿਚੋਂ ਹੀ ਮਨੁੱਖ ਦੂਜਿਆਂ ਨੂੰ ਆਪਣਾ ਸਹਿਯੋਗੀ ਜਾਂ ਸਹਿਭਾਗੀ ਸਮਝਣ ਦੀ ਬਜਾਏ ਵਿਰੋਧੀ ਮੰਨਦਾ ਹੈ। ਇਸ ਤਰ੍ਹਾਂ ਦਾ ਨਜ਼ਰੀਆ ਕੇਵਲ ਆਪਣੀ ਹੀ ਵਿਚਾਰਧਾਰਾ ਦਾ ਝੰਡਾ ਪ੍ਰਚੰਡ ਕਰਨ ਲਈ ਪ੍ਰੇਰਕ ਬਣਦਾ ਹੈ। ਇਸ ਵਿਚੋਂ ਸੰਕੀਰਨਤਾ ਜਨਮ ਲੈਂਦੀ ਹੈ ਜੋ ਮਨੁੱਖਾਂ ਦੀ ਆਪਸੀ ਸਾਂਝ ਅਤੇ ਪ੍ਰੇਮ ਦੇ ਰਾਹ ਵਿਚ ਵੱਡੀ ਰੁਕਾਵਟ ਬਣਦੀ ਹੈ। ਦਾਦਰੀ ਦੀ ਘਟਨਾ ਨੇ ਨਾ ਕੇਵਲ ਸਦੀਆਂ ਤੋਂ ਰਹਿ ਰਹੇ ਬਿਸਹਾੜਾ ਪਿੰਡ ਦੇ ਲੋਕਾਂ ਨੂੰ ਆਪਸ ਵਿਚ ਵੰਡਿਆ ਹੈ ਬਲਕਿ ਇਸ ਨਾਲ ਮੁਲਕ ਵਿਚ ਮਾਨਸਿਕ ਵੰਡ ਤਿੱਖੀ ਹੋਈ ਹੈ।
ਸੰਸਾਰੀਕਰਨ ਦਾ ਇੱਕ ਪਹਿਲੂ ਇਹ ਵੀ ਹੈ ਕਿ ਹੁਣ ਧਾਰਮਿਕ ਸੰਵਾਦ ਦੀ ਲਹਿਰ ਨੇ ਧਰਮ ਪ੍ਰਤੀ ਪੁਰਾਣੇ ਤੰਗ ਨਜ਼ਰ ਅਤੇ ਇੱਕਪਾਸੜ ਨਜ਼ਰੀਏ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਅੰਤਰ-ਧਰਮ ਸੰਵਾਦ ਵਿਚੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਧਰਮ ਦੇ ਇੱਕ-ਪੱਖੀ ਨਜ਼ਰੀਏ ਕਰ ਕੇ ਇੱਕ ਧਰਮ ਦੇ ਲੋਕ ਦੂਜੇ ਧਰਮਾਂ ਦੇ ਲੋਕਾਂ ਨਾਲ ਵਧੀਕੀਆਂ ਕਰਦੇ ਹਨ। ਰੱਬ ਪ੍ਰਤੀ ਇੱਕ ਪਾਸੜ ਸੋਚ ਰੱਖਣ ਵਾਲੇ ਲੋਕ ਕੇਵਲ ਆਪਣੇ ਹੀ ਧਰਮ ਨੂੰ ਸੱਚਾ ਅਤੇ ਦੂਜਿਆਂ ਦੇ ਵਿਸ਼ਵਾਸ ਨੂੰ ਕੱਚਾ ਜਾਂ ਝੂਠਾ ਮੰਨਦੇ ਹਨ। ਇਸ ਧਾਰਨਾ ਦੇ ਤਹਿਤ ਉਹ ਬਾਕੀ ਧਰਮਾਂ ਦੇ ਵਿਸ਼ਵਾਸ/ਧਰਮ ਨੂੰ ਆਪਣੇ ਤੋਂ ਨੀਵਾਂ ਸਮਝਣ ਦੀ ਗੁਸਤਾਖ਼ੀ ਕਰਦੇ ਹਨ ਜਿੱਥੋਂ ਧਰਮਾਂ ਵਿਚ ਆਪਸੀ ਲੜਾਈ ਦਾ ਮੁੱਢ ਬੱਝਦਾ ਹੈ।
ਵਿਭਿੰਨਤਾ ਖ਼ਤਮ ਕਰਨ ਵਾਲੀ ਸੋਚ ਜਾਂ ਵਿਚਾਰਧਾਰਾ ਮਨੁੱਖੀ ਆਜ਼ਾਦੀ ਅਤੇ ਸਵੈਮਾਣ ਲਈ ਹਰ ਸਮੇਂ ਖ਼ਤਰਨਾਕ ਸਾਬਤ ਹੋਈ ਹੈ। ਇਸ ਵਿਚਾਰਧਾਰਾ ਦੇ ਤਹਿਤ ਹੋਏ ਕਤਲੇਆਮ ਵਿਚ ਹਜ਼ਾਰਾਂ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ। ਇਸ ਸੋਚ ਨੇ ਮਨੁੱਖ ਦੀਆਂ ਭਾਵਨਾਵਾਂ, ਜਜ਼ਬਾਤ ਅਤੇ ਜੀਵਨ ਦੀਆਂ ਉਮੰਗਾਂ ਨੂੰ ਦੁਨਿਆਵੀ ਮੋਹ ਦੀ ਗ੍ਰਿਫ਼ਤ ਵਿਚ ਕੈਦ ਕਰ ਕੇ ਰੱਖ ਦਿੱਤਾ ਹੈ। ਸੰਸਾਰ ਪੱਧਰ ‘ਤੇ ਪੈਦਾ ਹੋ ਰਹੇ ਸਭਿਆਚਾਰਕ ਟਕਰਾਵਾਂ ਤੋਂ ਮਨੁੱਖਤਾ ਨੂੰ ਬਚਾਉਣ ਅਤੇ ਸੰਸਾਰ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਵੱਖ ਵੱਖ ਪੱਧਰ ‘ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਵਿਚ ਧਰਮ ਦੇ ਯੋਗਦਾਨ ਨੂੰ ਮੁੜ ਤੋਂ ਵਿਚਾਰਿਆ ਜਾ ਰਿਹਾ ਹੈ। ਸੰਸਾਰ ਦੀ ਵੰਨ-ਸੁਵੰਨਤਾ ਨੂੰ ਕਾਇਮ ਰੱਖਣ ਅਤੇ ਵਿਭਿੰਨ, ਖ਼ਾਸ ਕਰ ਕੇ ਛੋਟੀਆਂ ਧਾਰਮਿਕ ਪਛਾਣਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦੇਣ ਲਈ ਅਤੇ ਦੁਨੀਆਂ ਵਿਚ ਮਨੁੱਖੀ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਅਜੋਕਾ ਚਿੰਤਨ ਬਹੁ-ਪੱਖੀ ਜੀਵਨ ਮਾਡਲਾਂ ਦੀ ਤਲਾਸ਼ ਵਿਚ ਹੈ। ਇਸ ਚਿੰਤਨ ਵਿਚ ਜੀਵਨ ਅਤੇ ਹੋਰਨਾਂ ਪ੍ਰਤੀ ਬਹੁ-ਪੱਖੀ ਨਜ਼ਰੀਏ ਦੇ ਤਹਿਤ ਹੁਣ ਧਰਮ ਪ੍ਰਤੀ ਬਹੁ-ਪੱਖੀ ਪਹੁੰਚ ਨੂੰ ਅਪਣਾਉਣ ਲਈ ਆਮ ਸਹਿਮਤੀ ਬਣ ਰਹੀ ਹੈ।
ਸੰਸਾਰ ਧਰਮਾਂ ਦੇ ਅਧਿਐਨ ਤੋਂ ਇਹ ਪਤਾ ਲਗਦਾ ਹੈ ਕਿ ਧਰਮ ਲੋਕਾਂ ਨੂੰ ਆਪਸ ਵਿਚ ਜੋੜਨ ਦਾ ਸਾਧਨ ਹੈ, ਪਰ ਹੁਣ ਤਕ ਦਾ ਤਜਰਬਾ ਹੈ ਕਿ ਧਰਮ ਰਾਹੀਂ ਇੱਕ ਹੀ ਧਾਰਮਿਕ ਭਾਈਚਾਰੇ ਦੇ ਲੋਕ ਆਪਸ ਵਿਚ ਜੁੜਦੇ ਹਨ ਜਦੋਂ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਉਹ ਆਪਣੇ ਤੋਂ ਅਲੱਗ ਸਮਝਦੇ ਹਨ। ਇਸ ਅਲੱਗਵਾਦੀ ਸੋਚ ਵਿਚੋਂ ਦਾਦਰੀ ਕਾਂਡ ਵਾਪਰਿਆ ਹੈ।