ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਿਵਾਏ ਰਾਸ਼ਨ ਕਾਰਡ ਜਾਂ ਪਿੰਡ ਦੀ ਵੋਟਰ ਸੂਚੀ ਦੇ, ਉਸ ਦਾ ਪੂਰਾ ਨਾਂ (ਮਲਕੀਤ ਸਿੰਘ) ਕਿਤੇ ਨਹੀਂ ਲਿਖਿਆ ਹੋਣਾ। ਆਮ ਤੌਰ ‘ਤੇ ਜਨਮ ਸਰਟੀਫਿਕੇਟਾਂ ਉਤੇ ਬਲਦੀਦ ਸਮੇਤ ਪੂਰਾ ਨਾਮ ਲਿਖਿਆ ਹੁੰਦਾ ਹੈ, ਪਰ ਸੰਨ ਸੰਤਾਲੀ ਤੋਂ ਪਹਿਲੋਂ ਦੇ ਕਿਸੇ ਸਾਲ ਜੰਮਿਆਂ ਹੋਣ ਕਰ ਕੇ ਉਸ ਦੇ ਜਨਮ ਸਰਟੀਫਿਕੇਟ ਦੀ ਕਿਸੇ ਹੋਰ ਨੂੰ ਤਾਂ ਕੀ, ਉਹਨੂੰ ਖੁਦ ਕਦੇ ਲੋੜ ਨਹੀਂ ਪਈ ਹੋਣੀ। ਬੱਸ, ਬਚਪਨ ਵੇਲੇ ਤੋਂ ਹੀ ਸਾਡੇ ਕੰਨਾਂ ਵਿਚ ਉਹਦਾ ਨਾਂ ‘ਮੀਦਾ’ ਹੀ ਗੂੰਜਦਾ ਆਇਆ।
ਉਹਦੇ ਹਾਣੀ ਜਾਂ ਬਜ਼ੁਰਗ ਤਾਂ ਉਹਨੂੰ ‘ਮੀਦਿਆ’ ਕਹਿ ਕੇ ਬੁਲਾਉਂਦੇ, ਪਿੰਡ ਦੇ ਨਿਆਣੇ ਵੀ ਉਸ ਨੂੰ ‘ਮੀਦਾ ਚਾਚਾ’ ਜਾਂ ‘ਮੀਦਾ ਤਾਇਆ’ ਕਹਿ ਕੇ ਬੁਲਾਉਂਦੇ, ਪਰ ਉਹ ਸਿਆਣੀ-ਬਿਆਣੀ ਉਮਰ ਦਾ ਹੋਣ ਦੇ ਬਾਵਜੂਦ ਕੱਲ੍ਹ ਦੇ ਜੰਮੇ ਛੋਕਰਿਆਂ ਵੱਲੋਂ ਆਪਣਾ ਨਾਮ ਬੋਲਣ ‘ਤੇ ਭੋਰਾ ਗੁੱਸਾ ਨਹੀਂ ਸੀ ਕਰਦਾ; ਸਗੋਂ ਨਿਆਣਿਆਂ ਦੇ ਆਪਣੇ ਕੋਲੋਂ ਹੀ ਰੱਖੇ ਪੁੱਠੇ-ਸਿੱਧੇ ਨਾਂ-ਕੁਨਾਂ ਲੈਂਦਿਆਂ, ਉਨ੍ਹਾਂ ਨੂੰ ਲੂਣ-ਸਲੂਣੀਆਂ ਟਿੱਚਰਾਂ-ਮਖੌਲ ਕਰਦਾ ਰਹਿੰਦਾ।
ਦਰਮਿਆਨਾ ਕੱਦ-ਕਾਠ, ਰੋਹੀ ਦੀ ਕਿੱਕਰ ਵਰਗਾ ਕਾਲਾ ਰੰਗ, ਇਕ ਅੱਖ ਵਿਚ ਭੈਂਗ, ਪੀਲੇ ਦੰਦ ਐਵੇਂ ਜਿਵੇਂ ਦਾਤਣ ਕਦੇ ਇਨ੍ਹਾਂ ਦੇ ਨੇੜੇ ਹੀ ਨਾ ਗਈ ਹੋਵੇ। ਅੱਧ ਵੱਢੀ ਜਿਹੀ ਕਰੜ-ਬਰੜੀ ਦਾੜ੍ਹੀ, ਸਿਰ ‘ਤੇ ਨੰਗੀ ਜੂੜੀ, ਪਰ ਵਾਲ ਇੱਦਾਂ ਦੇ ਜਿਵੇਂ ਤੇਲ ਜਾਂ ਕੰਘੀ ਉਨ੍ਹਾਂ ਨੂੰ ਕਦੇ ਨਸੀਬ ਹੀ ਨਾ ਹੋਈ ਹੋਵੇ, ਨਿਰੀਆਂ ਜਟੂਰੀਆਂ। ਖੁਸ਼ਕੀ ਦੀਆਂ ਮਾਰੀਆਂ ਲੱਤਾਂ, ਬਿਨਾਂ ਬਟਨ ਲੱਗੀ ਖੁੱਲ੍ਹੀ ਕਮੀਜ਼, ਪੈਰੀਂ ਦੇਸੀ ਜੁੱਤੀ, ਪਰ ਪੁਲਸੀਆਂ ਵਰਗੀ ਰੋਹਬਦਾਰ ਭਰਵੀਂ ਆਵਾਜ਼। ਇਹੋ ਜਿਹਾ ਸਾਰਾ ਉਘੜ-ਦੁਘੜ ਜਿਹਾ ਮਿਲਾ ਕੇ ਅੰਗੂਠਾ ਛਾਪ ਮਨ-ਮੌਜੀ ‘ਮੀਦਾ’ ਬਣਦਾ ਸੀ ਜੋ ਆਪਣੇ ਦੋਂਹ ਭਰਾਵਾਂ ਨਾਲ ਖੇਤੀਬਾੜੀ ਵਿਚ ਵੀ ਹੱਥ ਵਟਾਉਂਦਾ, ਪਰ ਸਵੇਰੇ, ਦੁਪਹਿਰੇ ਜਾਂ ਸ਼ਾਮੀ ਪਿੰਡ ਵਿਚ ਗੇੜੇ ਜ਼ਰੂਰ ਮਾਰਦਾ ਰਹਿੰਦਾ।
ਛੂਆ-ਛਾਤ ਦੇ ਉਸ ਜ਼ਮਾਨੇ ਵਿਚ ਕਹੀ ਜਾਂਦੀ ਉਚ ਜਾਤੀ ਨਾਲ ਸਬੰਧਤ ਹੁੰਦਿਆਂ ਵੀ ਉਹ ਸਾਰੇ ਵਰਗਾਂ ਦੇ ਘਰਾਂ ਵਿਚ ਬੇ-ਝਿਜਕ ਖਾਂਦਾ ਪੀਂਦਾ ਰਹਿੰਦਾ; ਖਾਸ ਕਰ ਕੇ ਆਪਣੇ ਆਦਿਧਰਮੀ ਦੋਸਤਾਂ ਦੇ ਘਰੇ ਮਹਿਫਿਲ ਲਾਈ ਬੈਠਾ ਸਿਗਰਟਾਂ ਫੂਕਦਾ, ਭੱਠੀ ਵਾਂਗ ਧੂੰਏਂ ਦੇ ਫਰਾਟੇ ਛੱਡਦਾ ਰਹਿੰਦਾ। ਇਹ ਉਸ ਦਾ ਦੋਗਲਾਪਣ ਕਹਿ ਲਓ ਜਾਂ ਉਸ ਦਾ ਆਪਹੁਦਰਾ ਸੁਭਾਅ ਸਮਝੋ ਕਿ ਜਾਤ ਅਭਿਮਾਨ ਵਿਚ ਸੜੇ ਕਿਸੇ ਉਚ ਜਾਤੀਏ ਵੱਲੋਂ ਆਦਿਧਰਮੀ ਭਰਾਵਾਂ ਦੇ ਘਰੇ ਖਾ-ਪੀ ਲੈਣ ਦਾ ਮਿਹਣਾ ਮਾਰਨ ਉਤੇ ਤਾਂ ਉਹ ਅਗਲੇ ਨੂੰ ਕੁੱਦ ਕੇ ਪੈ ਜਾਂਦਾ।
“ਕੀ? ਇਨ੍ਹਾਂ ਦਾ ਹੱਡ, ਚੰਮ, ਲਹੂ ਸਾਡੇ ਵਰਗਾ ਨਹੀਂ? ਇਹ ਤਾਂ ਪੰਡਤਾਂ ਦੇ ਰਿਸ਼ੀਆਂ ਮੁਨੀਆਂ ਦੀ ਬੇੜੀ ਬੈਠੀ ਹੋਈ ਆ, ਜਿਨ੍ਹਾਂ ਨੇ ਜਾਤਾਂ ਬਣਾ ਦਿੱਤੀਆਂ। ਜਿਹੜਾ ਰੱਬ ਸਾਡੇ ਵਿਚ ਬੈਠੈ, ਉਹ ਇਨ੍ਹਾਂ ਵਿਚ ਹੈਨੀਂ?”
ਪਰ ਘੜੀ ਕੁ ਮਗਰੋਂ ਉਕਤ ‘ਗਿਆਨ ਸੂਤਰ’ ਭੁਲਾ ਕੇ ਉਹ ਆਪਣੇ ਯਾਰ ਬੇਲੀਆਂ ਨੂੰ ਜਾਤ ਦਾ ਨਾਂ ਲੈ ਲੈ ਕੇ ਰੰਗ-ਬੇਰੰਗੀਆਂ ਘਤਿਤਾਂ ਪੜ੍ਹਦਾ ਰਹਿੰਦਾ। ਅੱਗਿਉਂ ਹੁੱਕੇ-ਸਿਗਰਟਾਂ ਦਾ ਧੂੰਆਂ ਛੱਡਦਿਆਂ ਹੱਸਦੇ ਹੋਏ ਉਹ ਵੀ ਮੀਦੇ ਨੂੰ ਉਸ ਦੀ ਬਰਾਦਰੀ ਬਾਰੇ ਪ੍ਰਚਲਿਤ ਹਾਸੋ-ਹੀਣੇ ਟੋਟਕੇ ਸੁਣਾ ਕੇ ਹਿਸਾਬ ਬਰਾਬਰ ਕਰ ਲੈਂਦੇ। ਦੋਵਾਂ ਪਾਸਿਆਂ ਤੋਂ ਇਕ-ਦੂਜੇ ਦੀ ਬਰਾਦਰੀ ਬਾਰੇ ਮੰਦਾ ਚੰਗਾ ਬੋਲਿਆ ਜਾਂਦਾ ਰਹਿੰਦਾ, ਪਰ ਇਹ ਸਾਰੀ ਗੱਪ-ਗੋਸ਼ਟੀ ਸੁਣਦਿਆਂ ਸਹਿੰਦਿਆਂ ਮੀਦਾ ਵੀ ਖਸਿਆਨੀ ਹਾਸੀ ਹੱਸਦਾ ਰਹਿੰਦਾ ਤੇ ਉਹਦੇ ਸੰਗੀ-ਸਾਥੀ ਵੀ ਠਹਾਕੇ ਮਾਰਦੇ ਰਹਿੰਦੇ। ਜਾਤੀ ਸੂਚਕ ਸ਼ਬਦਾਂ ਦੀ ਠੇਸ ਸ਼ਾਇਦ ਲੱਗਦੀ ਹੀ ਨਹੀਂ ਸੀ ਹੁੰਦੀ ਉਦੋਂ!
ਦੂਰ ਦੂਰ ਜਾ ਕੇ ਛਿੰਝਾਂ ਦੇਖਣੀਆਂ, ਮੇਲੇ-ਮਸ੍ਹਾਵੇ ਗਾਹੁਣੇ, ਆਪਣੇ ਕੰਮ ਨਾਲ ਮਤਲਬ ਰੱਖਣਾ, ਪਰ ਗੁਰਦੁਆਰੇ ਭੁੱਲ ਕੇ ਵੀ ਨਾ ਜਾਣ ਵਰਗੇ ਗੁਣਾਂ ਦੇ ਧਾਰਨੀ ਮੀਦੇ ਨੂੰ ਧਰਮ ਕਰਮ ਜਾਂ ਸਿੱਖੀ ਨਾਲ ਵੀ ਕੋਈ ਤਿਹ-ਮੋਹ ਹੋਵੇਗਾ? ਉਤੇ ਬਿਆਨ ਕੀਤੀ ਉਸ ਦੀ ਸ਼ਕਲ-ਸੂਰਤ ਜਾਂ ਉਸ ਦੀ ਅਲਬੇਲੀ ਜੀਵਨ ਸ਼ੈਲੀ ਪੜ੍ਹ ਕੇ ਤਾਂ ਇਹੀ ਕਿਹਾ ਜਾਵੇਗਾ ਕਿ ਉਹਨੂੰ ਸਿੱਖੀ ਦੇ ‘ਊੜੇ ਐੜੇ’ ਦਾ ਵੀ ਪਤਾ ਨਹੀਂ ਹੋਣਾ, ਪਰ ਉਸ ਨਾਲ ਜੁੜੇ ਕੁਝ ਵਾਕਿਆ ਐਸੇ ਨੇ, ਜੋ ਇਸ ਧਰਨਾ ਨੂੰ ਗਲਤ ਸਾਬਤ ਕਰਦੇ ਨੇ ਕਿ ਉਸ ਨੂੰ ਆਪਣੇ ਆਲੇ-ਦੁਆਲੇ ਦੇ ਹਾਲਾਤ ਬਾਰੇ ਕੋਈ ਸੋਝੀ ਨਹੀਂ ਸੀ। ਇਨ੍ਹਾਂ ਵਿਚੋਂ ਕੁਝ ਮੇਰੇ ਅੱਖੀਂ ਦੇਖੇ ਹਨ।
ਪਿੰਡ ਦੇ ਸਾਂਝੇ ਕੰਮ, ਖਾਸ ਕਰ ਕੇ ਗੁਰਦੁਆਰੇ ਗੁਰਪੁਰਬ ਮਨਾਉਣ ਦੇ ਪ੍ਰਬੰਧ-ਉਪਰਾਲੇ ਕਰਨ ਦੀ ਜ਼ਿੰਮੇਵਾਰੀ, ਬਜ਼ੁਰਗ ਪੀੜ੍ਹੀ ਤੋਂ ਅਸੀਂ ਸੰਭਾਲ ਚੁੱਕੇ ਸਾਂ। ਸਾਥੋਂ ਕੁਝ ਵੱਡੀ ਉਮਰ ਦੇ ਮੁੰਡੇ ਮੋਹਰੀ ਹੋ ਕੇ ਅਜਿਹੇ ਕੰਮ ਉਤਸ਼ਾਹ ਨਾਲ ਕਰਨ ਲੱਗ ਪਏ। ਇਕ ਸਾਲ ਕੱਤਕ ਮਹੀਨੇ ਅਸੀਂ ਗੁਰੂ ਨਾਨਕ ਦਾ ਅਵਤਾਰ ਪੁਰਬ ਮਨਾਉਣ ਲਈ ਤਿਆਰੀ ਅਰੰਭੀ। ਉਸ ਮੌਕੇ ਪਿੰਡ ਦੇ ਗੁਰਦੁਆਰੇ ਵਿਚ ਸੇਵਾ ਸੰਭਾਲ ਦੀ ਡਿਊਟੀ ਸਾਡੇ ਹੀ ਪਿੰਡ ਦਾ ਸੱਤਰ-ਪਝੰਤਰ ਸਾਲ ਦਾ ਬਜ਼ੁਰਗ ਕਰਦਾ ਸੀ ਜਿਸ ਨੂੰ ਭਗਵੇਂ ਕੱਪੜੇ ਪਾਉਣ ਕਰ ਕੇ ਸਾਰਾ ਪਿੰਡ ‘ਸੁਆਮੀ ਜੀ’ ਕਹਿੰਦਾ ਸੀ। ਡੰਗੋਰੀ ਆਸਰੇ ਹੌਲੀ ਹੌਲੀ ਤੁਰਦਾ ਇਹ ਬਾਬਾ ਔਖੇ-ਸੌਖੇ ਸੰਗਰਾਂਦ ਵਗੈਰਾ ਮਨਾ ਦਿੰਦਾ।
ਅਸੀਂ ਗੁਰਪੁਰਬ ਲਈ ਪਿੰਡ ਵਿਚ ਉਗਰਾਹੀ ਕਰ ਰਹੇ ਸਾਂ। ਕਾਪੀ ਪੈਨਸਿਲ ਲੈ ਕੇ ਸਾਡਾ ਮੁੰਡਿਆਂ ਦਾ ਜਥਾ ਮੀਦੇ ਹੁਣਾ ਦੇ ਘਰ ਪਹੁੰਚਿਆ। ਸਾਨੂੰ ਦੇਖ ਮੀਦੇ ਦਾ ਵੱਡਾ ਭਰਾ ਜਦ ਆਪਣਾ ਬਟੂਆ ਜੇਬ ਵਿਚੋਂ ਕੱਢਣ ਲੱਗਾ ਤਾਂ ਮੰਜੇ ਉਤੇ ਰੋਟੀ ਖਾਂਦਾ ਮੀਦਾ ਆਪਣੇ ਭਰਾ ਨੂੰ ਕਹਿੰਦਾ, “ਇਨ੍ਹਾਂ ਨੂੰ ਨਾ ਇਕ ਆਨਾ ਵੀ ਦਿਓ।” ਸਾਡਾ ਮੁਖੀਆ ਮੂਹਰੇ ਹੋ ਕੇ ਕਹਿੰਦਾ, “ਕਿਉਂ ਜੀ?” ਮੀਦਾ ਬੋਲਿਆ, “ਪਹਿਲਾਂ ਗੁਰਦੁਆਰੇ ਦਾ ਭਾਈ ਤਾਂ ਕੋਈ ਚੱਜ ਦਾ ਰੱਖੋ।” ਅਸੀਂ ਇਕ ਜ਼ੁਬਾਨ ਹੋ ਕੇ ਕਿਹਾ, “ਸੁਆਮੀ ਬਾਬਾ ਕਰਦਾ ਈ ਐ ਸੇਵਾ।”
“ਕਿਆ ਕਿਹਾ?” ਮੀਦਾ ਸਾਨੂੰ ਟੁੱਟ ਕੇ ਪੈ ਗਿਆ, “ਹੂੰਅ! ਸੁਆਹ ਸੇਵਾ ਕਰਦਾ ਐ ਸੁਆਮੀ? ਉਠ ਉਹਤੋਂ ਹੁੰਦਾ ਨ੍ਹੀਂ, ਮਹਾਰਾਜ ਦਾ ਨਾਸ ਮਾਰਿਆ ਪਿਆ ਉਹਨੇ?”
ਮੀਦੇ ਮੂੰਹੋਂ ਇਹ ਗੱਲ ਸੁਣ ਕੇ ਸਾਡੀਆਂ ਹੱਸਦਿਆਂ ਦੀਆਂ ਵੱਖੀਆਂ ਥੱਕ ਗਈਆਂ ਤੇ ਉਹਦੇ ਘਰ ਦੇ ਵੀ ਸਾਰੇ ਹੱਸ-ਹੱਸ ਲੋਟ-ਪੋਟ ਹੋ ਗਏ।
ਅਮਨ-ਅਮਾਨ ਨਾਲ ਵੱਸਦੇ ਸਾਡੇ ਪਿੰਡ ਦੇ ਸਭ ਅਮੀਰ-ਗਰੀਬ ਇਕੋ ਇਕ ਗੁਰਦੁਆਰੇ ਦੇ ਹੀ ਸ਼ਰਧਾਲੂ ਸਨ। ਗਮੀਆਂ-ਖੁਸ਼ੀਆਂ ‘ਤੇ ਸਾਰੇ ਹੀ ਸਹਿਜ ਪਾਠ ਜਾਂ ਅਖੰਡ ਪਾਠ ਕਰਵਾਉਂਦੇ ਸਨ। ਗੁਰੂ ਘਰ ਤੋਂ ਬਗੈਰ ਸਾਡੇ ਪਿੰਡ ਦਾ ਕੋਈ ਹੋਰ ‘ਬਾਬਾ’ ਪੂਜਣਯੋਗ ਨਾ ਹੁੰਦਾ। ਲਾਂਭਲੇ ਪਿੰਡ ਆ ਕੇ ਸਾਡੇ ਪਿੰਡ ਵਸਿਆ ਇਕ ਬੰਦਾ ਕਿਸੇ ਰਿਸ਼ਤੇਦਾਰ ਦੇ ਕਹੇ-ਕਹਾਏ ਜਲੰਧਰ ਕੋਲ ਦੇ ਇਕ ਡੇਰੇ ਤੋਂ ‘ਨਾਮ ਦਾਨ’ ਲੈ ਆਇਆ। ਕਰਨੀ ਰੱਬ ਦੀ ਐਸੀ ਹੋਈ ਕਿ ਦੋ ਕੁ ਹਫਤਿਆਂ ਬਾਅਦ ਹੀ ਉਸ ਦੀ ਪਿੰਡ ਦੇ ਇਕ ਪਰਿਵਾਰ ਨਾਲ ਲੜਾਈ ਹੋ ਗਈ ਤੇ ਉਹ ਵਿਚਾਰਾ ਹਸਪਤਾਲ ਜਾ ਕੇ ਮਰ ਗਿਆ। ਉਸ ਦਾ ਸਸਕਾਰ ਹੋਣ ਦੀ ਦੇਰ ਸੀ ਕਿ ਮੀਦੇ ਨੇ ਸਾਰੇ ਪਿੰਡ ਡੌਂਡੀ ਪਿੱਟ ਦਿੱਤੀ। ਹੱਟੀ ਭੱਠੀ, ਖੁੰਢਾਂ ‘ਤੇ ਉਚੀ ਉਚੀ ਕਹਿੰਦਾ ਫਿਰੇ, “ਦੇਖਿਆ ਫੇਰ? ਸਾਡਾ ਪਿੰਡ ਤਾਂ ਬਾਬੇ ਨਾਨਕ ਦਾ ਈ ਸਿੱਖ ਐ! ਆਹ ਫਲਾਣਾ ਸੂੰਹ ਆਇਆ ਸੀ ‘ਨਾਮ’ ਲੈ ਕੇ, ਮਹੀਨਾ ਪੂਰਾ ਨ੍ਹੀਂ ਹੋਣ ਦਿੱਤਾ ‘ਸਾਡੇ ਬਾਬੇ’ ਨੇ!”
ਬਾਬੇ ਨਾਨਕ ਦਾ ‘ਅਨੋਖਾ ਸਿੱਖ’ ਮੀਦਾ ਕਈ ਦਿਨ ਇਹ ਪ੍ਰਚਾਰ ਕਰਦਾ ਰਿਹਾ। ਸੁਣ ਸੁਣ ਕੇ ਲੋਕ ਮਸੀਂ ਹਾਸਾ ਰੋਕਦੇ। ਕੋਈ ਹੋਰ ਵਿਸ਼ਾ ਹੱਥ ਲੱਗਣ ਤੱਕ ਉਹ ਇਸੇ ਸੁਨੇਹੇ ਨੂੰ ਘਰ ਘਰ ਪਹੁੰਚਾਉਂਦਾ ਰਿਹਾ।
ਇਸੇ ਤਰ੍ਹਾਂ ਸਾਡੇ ਗੁਆਂਢੀ ਪਿੰਡ ਦੇ ਇਕ ਅੰਮ੍ਰਿਤਧਾਰੀ, ਕਿਸੇ ਸੰਤ ਦੇ ਸ਼ਰਧਾਲੂ ਬੰਦੇ ਨੇ ਆਪਣੇ ਖੇਤਾਂ ਵਿਚ ਕਿੱਡੀ ਸਾਰੀ ਸਮਾਧ ਉਸਾਰ ਲਈ। ਉਹ ਸਾਡੇ ਪਿੰਡ ਦੀ ਹੱਟੀ ਤੋਂ ਕੋਈ ਸੌਦਾ ਪੱਤਾ ਲੈਣ ਆ ਗਿਆ। ਉਹਦੀ ਮਾੜੀ ਕਿਸਮਤ ਨੂੰ ਮੀਦਾ ਵੀ ਉਸੇ ਹੱਟੀ ਤੋਂ ਸਿਗਰਟਾਂ ਦੀ ਡੱਬੀ ਲੈਣ ਚਲਾ ਗਿਆ। ਉਸ ਨੂੰ ਦੇਖਦਿਆਂ ਹੀ ਮੀਦਾ ਬਿਫ਼ਰ ਪਿਆ, “ਗੱਲ ਸੁਣ ਖਾਲਸਿਆ! ਜਿਹੜੇ ਤੇਰੇ ਪਿਉਆਂ ਨੇ ਆਹ ਤੇਰੇ ਗਾਤਰਾ ਪਾਇਆ ਸੀਗਾ, ਉਨ੍ਹਾਂ ਤੈਨੂੰ ਕਿਹਾ ਸੀਗਾ ਕਿ ਮੜ੍ਹੀ ਬਣਾ ਕੇ ਪੂਜੀਂ?” ਸਾਡੇ ਪਿੰਡ ਦੀ ਉਤਰ ਵੱਲ ਦੀ ਦਿਸ਼ਾ ਨੂੰ ਹੱਥ ਕਰ ਕੇ ਮੀਦਾ ਉਸ ‘ਖਾਲਸੇ’ ਨੂੰ ਸਮਝੌਤੀ ਦਿੰਦਾ ਬੋਲਿਆ, “ਔਹ ਦੇਖ, ਸਾਡੇ ਪਿੰਡ ਦੇ ਮੂਰਖ ਬੁੜ੍ਹਿਆਂ ਨੇ ਕਿਤੇ ਚਾਰ ਇੱਟਾਂ ਲਾ ਕੇ ‘ਗੁੱਗਾ’ ਬਣਾਇਆ ਹੋਣਾ ਐਂ, ਪਰ ਅੱਜ ਤੱਕ ਅਸੀਂ ਉਥੇ ਪੰਜਵੀਂ ਇੱਟ ਨ੍ਹੀਂ ਲੱਗਣ ਦਿੱਤੀ (ਸੱਚ-ਮੁੱਚ ਸਾਡੇ ਪਿੰਡ ਦੇ ਗੁੱਗੇ ਨੇ ਹਾਲੇ ਤੱਕ ਵੀ ‘ਤਰੱਕੀ’ ਨਹੀਂ ਕੀਤੀ)। ਤੁਸੀਂ ਬਾਣੇ ਪਾ ਕੇ ਵੀ ਪੁੱਠੇ ਕੰਮ ਕਰੀ ਜਾਨੇ ਐਂ।”
ਮੀਦੇ ਦੀਆਂ ਖਰੀਆਂ ਖਰੀਆਂ ਸੁਣਦਿਆਂ ਉਸ ਬੰਦੇ ਨੂੰ ਪਿੱਛਾ ਛੁਡਾਉਣਾ ਔਖਾ ਹੋ ਗਿਆ। ਆਪਣੇ ਸਰਪੰਚ ਭਰਾ ਨੂੰ ਇਕ ਵਾਰ ਉਸ ਨੇ ਭਰੇ ਇਕੱਠ ਵਿਚ ਗੁਰਦੁਆਰਾ ਯਾਦ ਕਰਵਾ ਕੇ ਆਪਣੇ ਸਿੱਖ ਹੋਣ ਦਾ ਸਬੂਤ ਦਿੱਤਾ। ਹੋਇਆ ਇੰਜ ਕਿ ਉਸ ਦੇ ਵੱਡੇ ਭਰਾ ਦੇ ‘ਸਰਪੰਚੀ ਕਾਲ’ ਮੌਕੇ ਦੋ ਪਰਿਵਾਰਾਂ ਦੀ ਜਗ੍ਹਾ ਬਦਲੇ ਲੜਾਈ ਹੋ ਗਈ। ਇਕ ਜਣਾ ਜਗ੍ਹਾ ਨੂੰ ਆਪਣੀ ਮਾਲਕੀ ਕਹਿ ਰਿਹਾ ਸੀ ਤੇ ਦੂਜਾ ਆਪਣੀ। ਝਗੜਾ ਸਰਕਾਰੇ-ਦਰਬਾਰੇ ਪਹੁੰਚ ਗਿਆ। ਕੋਈ ਵੱਡਾ ਅਫਸਰ ਮੌਕਾ ਦੇਖਣ ਪਿੰਡ ਆਇਆ। ਸਾਰੇ ਪਿੰਡ ਦਾ ਇਕੱਠ ਜੁੜਿਆ ਹੋਇਆ ਸੀ। ਕਿਸੇ ਹੋਰ ਦੇ ਬਿਆਨ ਲੈਣ ਤੋਂ ਪਹਿਲਾਂ ਅਫਸਰ ਨੇ ਸਰਪੰਚ ਨੂੰ ਪੁੱਛਿਆ ਕਿ ਤੁਸੀਂ ਦੱਸੋ ਜੀ, ਇਸ ਜਗ੍ਹਾ ਦਾ ਅੱਜ ਤੱਕ ਮਾਲਕ ਕੌਣ ਚਲਿਆ ਆ ਰਿਹਾ ਹੈ? ਥਾਂ ਦੇ ਹੱਕੀ ਮਾਲਕ ਪਰਿਵਾਰ ਨੇ ਸਰਪੰਚ ਨੂੰ ਵੋਟ ਨਹੀਂ ਸੀ ਪਾਈ ਅਤੇ ਧੱਕੇਸ਼ਾਹੀ ਕਰਨ ਵਾਲਾ ਟੱਬਰ ਸਰਪੰਚ ਦਾ ਹਮਾਇਤੀ ਸੀ।
ਸੋ, ਸਰਪੰਚ ਨੇ ਜਦ ਗੋਲ-ਮੋਲ ਜਿਹੀਆਂ ਗੱਲਾਂ ਕਰ ਕੇ ਆਪਣੇ ਹਮਾਇਤੀ ਦਾ ਪੱਖ ਪੂਰਿਆ, ਤਾਂ ਭਰੀ ਸਭਾ ਵਿਚ ਲੱਕ ‘ਤੇ ਹੱਥ ਰੱਖ ਕੇ ਮੀਦਾ ਉਠ ਖੜ੍ਹਿਆ, “ਗੱਲ ਸੁਣ ਭਰਾਵਾ, ਤੈਨੂੰ ਇਸ ਨਗਰ ਖੇੜੇ ਦੀ ਖਲਕਤ ਨੇ ਇਸ ਕਰ ਕੇ ਸਰਪੰਚ ਬਣਾਇਆ ਐ ਕਿ ਤੂੰ ਝੂਠਿਆਂ ਦੇ ਹੱਕ ਵਿਚ ਭੁਗਤੇਂ?” ਇਨ੍ਹਾਂ ਗਰਜਵੇਂ ਬੋਲਾਂ ਸਦਕਾ ਸਭਾ ਵਿਚ ਸੁੰਨ ਪੱਸਰ ਗਈ। ਅਫਸਰ ਸਮੇਤ ਸਾਰੇ ਜੀਅ-ਜੰਤ ‘ਦੁੱਲਾ ਸੂਰਮਾ’ ਬਣੇ ਮੀਦੇ ਵੱਲ ਵੇਖਣ ਲੱਗੇ। ਪੂਰੇ ਜੋਸ਼ ਨਾਲ ਉਸ ਨੇ ਗੁਰਦੁਆਰੇ ਦੇ ਝੂਲਦੇ ਨਿਸ਼ਾਨ ਸਾਹਿਬ ਵੱਲ ਹੱਥ ਕਰ ਕੇ ਆਪਣੇ ਭਰਾ ਨੂੰ ਬੇਬਾਕ ਕਹਿ ਦਿੱਤਾ, “ਇਹੀ ਗੱਲ ਗੁਰਦੁਆਰੇ ਚੱਲ ਕੇ ਕਹਿ ਸਕਦਾਂ?”
ਦੋ ਨੇਕ ਧੀਆਂ ਦਾ ਬਾਪ ਇਹ ਮਸਤ-ਮੌਲਾ ਤੇ ਮਨ-ਮੌਜੀ ਮਲਕੀਤ ਸਿੰਘ, ਪਰ ਪਿੰਡ ਵਾਸੀਆਂ ਦਾ ਮੀਦਾ ਇਕ ਸਵੇਰ ਆਪਣੇ ਖੇਤਾਂ ਵਿਚ ਝੋਨੇ ਦੀ ਆੜ ਖੁਰਚਣ ਲਈ ਗਿਆ। ਢਾਈ-ਤਿੰਨ ਕੁ ਵਜੇ ਸਾਈਕਲ ‘ਤੇ ਘਰੇ ਆ ਕੇ ਕਹਿੰਦਾ ਕਿ ਮੈਨੂੰ ਤਾਪ ਚੜ੍ਹਿਆ ਲਗਦੈ। ਘਰ ਵਾਲੇ ਡਾਕਟਰ ਨੂੰ ਬੁਲਾਉਣ ਚਲੇ ਗਏ। ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਉਸ ਦੇ ਪ੍ਰਾਣ ਪੰਖੇਰੂ ਉੱਡ ਚੁੱਕੇ ਸਨ।