ਸਰਦੂਲ ਦਾ ਭਰਾ ਤੇ ਪੰਜਾਬੀ ਗਾਇਕੀ ਦਾ ‘ਵੱਡਾ ਵੀਰ’
ਐਸ ਅਸ਼ੋਕ ਭੌਰਾ
ਪਿਛਲੇ ਇਕ ਦਹਾਕੇ ਵਿਚ ਪੰਜਾਬੀ ਗਾਇਕੀ ਦੇ ਹਾਲਾਤ ਇੱਦਾਂ ਦੇ ਰਹੇ ਨੇ ਕਿ ਲੱਕ ਵੱਜ ਰਿਹਾ ਹੈ, ਢੋਲ ਹਿੱਲ ਰਿਹਾ ਹੈ ਤੇ ਜਦ ਕਾਵਾਂਰੌਲੀ ਵਿਚ ਚਿੜ੍ਹੀਆਂ ਦੀ ਆਵਾਜ਼ ਸੁਣੀ ਹੀ ਨਹੀਂ ਜਾਣੀ, ਫਿਰ ਬਹੁਤਿਆਂ ਨੇ ਹਉਕਾ ਲੈ ਕੇ ਚੁੱਪ ਕਰ ਜਾਣਾ ਹੁੰਦਾ ਹੈ। ਇਸੇ ਕਰਕੇ ਵਪਾਰਕ ਪੰਜਾਬੀ ਗਾਇਕੀ ਨੇ ਸੁਰੀਲੀਆਂ ਸੁਰਾਂ ਨੂੰ ਨਿਗਲ ਲਿਆ ਹੈ। ਜੋ ਵਾਪਰ ਗਿਆ ਹੈ, ਓਸੇ ‘ਚੋਂ ਅੱਜ ਗਮਦੂਰ ਅਮਨ ਦੀ ਗੱਲ ਕਰਾਂਗਾ। ਜਿਸ ਨੂੰ ਇਕ ਦਹਾਕੇ ਤੱਕ ਸਰਦੂਲ ਸਿਕੰਦਰ ਤੇ ਭਰਪੂਰ ਅਲੀ ਦਾ ਇਸ ਕਰਕੇ ਵੀਰ ਕਹਿੰਦੇ ਰਹੇ ਕਿ ਉਨ੍ਹਾਂ ਦਾ ਵੱਡਾ ਭਰਾ ਸੀ।
ਪਰ ਹਾਲੇ ਤੱਕ ਸੁਰੀਲੀ ਗਾਇਕੀ ਨੂੰ ਤੇਹ ਮੋਹ ਕਰਨ ਵਾਲੇ ਲੋਕਾਂ ਲਈ ਗਮਦੂਰ ਸਿੰਘ ਅਮਨ ਦਾ ਅਰਥ ‘ਵੀਰ’ ਹੀ ਹੈ।
ਖੰਨੇ ਤੋਂ ਲਲਹੇੜੀ ਰੋਡ ‘ਤੇ 14 ਕਿਲੋਮੀਟਰ ‘ਤੇ ਵਸਿਆ ਪਿੰਡ ਖੇੜੀ ਨੌਧ ਸਿੰਘ ਤੇ ਇਸ ਪਿੰਡ ਦੇ ਸਾਗਰ ਮਸਤਾਨਾ ਦੇ ਤਿੰਨ ਮੁੰਡੇ, ਬਾਬੇ ਮਰਦਾਨੇ ਦੀ ਕੁੱਲ ਦਾ ਮੀਰ ਆਲਮ ਘਰਾਣਾ, ਸਭ ਤੋਂ ਵੱਡੇ ਦਾ ਨਾਂ ਗਮਦੂਰ ਸਿੰਘ ਅਮਨ, ਉਸ ਤੋਂ ਛੋਟੇ ਦਾ ਭਰਪੂਰ ਅਲੀ ਅਤੇ ਡੇਢ ਦਹਾਕਾ ਗਾਇਕੀ ਦਾ ਸਿਖਰ ਰਿਹਾ ਸਭ ਤੋਂ ਛੋਟਾ ਸਰਦੂਲ ਸਿਕੰਦਰ। ਜਦੋਂ ਸਿਰਫ ਜਲੰਧਰ ਦੂਰਦਰਸ਼ਨ ਹੀ ਪੰਜਾਬੀਆਂ ਨੂੰ ਸਿਰਫ ਦਰਸ਼ਨ ਦਿੰਦਾ ਸੀ, ਉਦੋਂ ਸ਼ਾਮ ਵੇਲੇ ਜਦੋਂ ਸੁਰੀਲੀਆਂ ਆਵਾਜ਼ਾਂ ਦਾ ਰਸ ਕੰਨਾਂ ਵਿਚ ਪੈਂਦਾ ਸੀ ਤਾਂ ਲੋਕੀਂ ਕੰਮ ਧੰਦਾ ਛੱਡ ਕੇ ਕਿਹਾ ਕਰਦੇ ਸਨ, ‘ਆਜੋ ਭੱਜ ਕੇ, ਆ ਗਏ ਤਿੰਨ ਭਰਾ ਜਾਂ ਆ ਗਏ ਦੋ ਭਰਾ’। ਵੇਰਵਾ ਇੱਥੇ ਮੈਂ ਦੇ ਦੇਨਾਂ ਹਾਂ ਕਿ ਇਹ ਤਿੰਨ ਤੇ ਦੋ ਵਾਲੀ ਪਛਾਣ ਕੀ ਸੀ? ਜਦੋਂ ਤਿੰਨ ਭਰਾ ਛੋਟੇ ਪਰਦੇ ਤੇ ਦਿਸਦੇ ਸਨ ਤਾਂ ਇਹ ਖੇੜੀ ਨੌਧ ਸਿੰਘ ਦੇ ਸਾਗਰ ਮਸਤਾਨੇ ਦੇ ਤਿੰਨ ਪੁੱਤਰ ਹੁੰਦੇ ਸਨ ਗਮਦੂਰ, ਭਰਪੂਰ ਅਤੇ ਸਰਦੂਲ ਤੇ ਜਾਂ ਗੁਰੂ ਕੀ ਵਡਾਲੀ ਦੇ ਪੂਰਨ ਚੰਦ ਪਿਆਰੇ ਲਾਲ। ਦੋਹਾਂ ਹੀ ਸੰਗੀਤਕ ਜਥਿਆਂ ਵਿਚ ਜਿਹੜਾ ਅੰਤਰ ਹੁੰਦਾ ਸੀ ਉਹ ਇਹ ਸੀ ਕਿ ਤਿੰਨੇ ਹੀ ਕੋਇਲ ਵਾਂਗ ਰੱਜ ਕੇ ਕਾਲੇ ਸਨ ਤੇ ਦੂਜੇ ਦੋਏ ਰੰਗ ਦੇ ਸੁਨੱਖੇ। ਜਿਨ੍ਹਾਂ ਨੇ ਗਮਦੂਰ ਤੇ ਸਰਦੂਲ ਨੂੰ ਗਾਉਂਦਿਆਂ ਤੇ ਭਰਪੂਰ ਨੂੰ ਛਟੀ ਨਾਲ ਤਬਲਾ ਵਜਾਉਂਦਿਆਂ ਵੇਖਿਆ ਹੈ, ਉਹ ਇਹ ਕਹਿੰਦੇ ਰਹੇ ਨੇ, ‘ਆਹ ਸਿਖਰ ਹੈ ਪੰਜਾਬੀ ਗਾਇਕੀ ਦਾ’ ਪਰ ਦੁੱਖ ਦੀ ਗੱਲ ਹੈ ਕਿ ਸਮੇਂ ਦੇ ਹਾਲਾਤ ਅਤੇ ਸੰਗੀਤ ਦਾ ਵਪਾਰੀਕਰਨ, ਇਹ ਸਭ ਕੁਝ ਸਮੇਟ ਗਿਆ।
ਮੈਂ ਉਸ ਗਮਦੂਰ ਅਮਨ ਦੀ ਗੱਲ ਕਰ ਰਿਹਾਂ ਜਿਸ ਨੂੰ ‘ਆ ਵੇ ਮਾਹੀ ਤੈਨੂੰ ਸੱਦ ਪਈ ਮਾਰਾਂ, ਵੇ ਤੂੰ ਮੁਲਖ ਵਸਾ ਲਿਆ ਕਿਹੜਾ’ ਜਿਨ੍ਹਾਂ ਨੇ ਗਾਉਂਦਿਆਂ ਸੁਣਿਆ ਹੈ, ਉਹ ਝੱਟ ਦੇਣੀ ਕਹਿਣਗੇ ‘ਗਾਇਕੀ ਦੇ ਇਹ ਦਿਨ ਹੁਣ ਕਦੇ ਵੀ ਨਹੀਂ ਪਰਤਣਗੇ’ ਤੇ ਪਰਤਣਗੇ ਵੀ ਨਹੀਂ ਕਿਉਂਕਿ ਇਹ ਆਵਾਜ਼ ਹੁਣ ਸਦਾ ਲਈ ਖਾਮੋਸ਼ ਹੋ ਚੁੱਕੀ ਹੈ। ਗਮਦੂਰ ਅਮਨ ਗਾਉਂਦਾ ਕੀ ਹੁੰਦਾ ਸੀ? ਆਹ ਵੇਖੋ ਜੋ ਮੈਂ ਦੱਸਣ ਲੱਗਾਂ ਤੇ ਮਨ ਤੁਹਾਡੇ ਵੀ ਲੱਗੇਗਾ,
ਕੀ ਵਿਛੋੜਿਆਂ ਦਾ ਦੁੱਖ
ਲੱਗੀ ਵਾਲਿਆਂ ਨੂੰ ਪੁੱਛ
ਰੋਣਾ ਪੈਂਦਾ ਏ ਧੂੰਏਂ ਦਾ ਲਾ ਕੇ ਪੱਜ ਨੀਂ।
ਤੂੰ ਬੋਲ ਕੇ ਵਿਗਾੜ ਲੈਂਨੀ ਏ
ਤੈਨੂੰ ਮਾਹੀ ਰੱਖਣੇ ਦਾ ਚੱਜ ਨ੍ਹੀਂ।
ਇਹ ਸੁਣ ਕੇ ਹਰੇਕ ਨੂੰ ਪਤੈ ਕਿ ਗਮਦੂਰ ਅਮਨ ਕੌਣ ਸੀ। ‘ਟੁੱਟ ਜਾਏਂ ਰੇਲ ਗੱਡੀਏ ਸਾਡੇ ਸੱਜਣ ਕਿੱਥੇ ਛੱਡ ਆਈ’ ਗੀਤ ਭਾਵੇਂ ਸਰਦੂਲ ਦੇ ਨਾਮ ਇੰਤਕਾਲ ਕਰਵਾ ਚੁੱਕਾ ਹੈ ਪਰ ਇਸ ਨੂੰ ਗਾਉਂਦਾ ਬੜੀ ਦੇਰ ਤੋਂ ਗਮਦੂਰ ਰਿਹੈ।
ਦੂਰਦਰਸ਼ਨ ‘ਤੇ ਗਾਇਆ ਮਾਹੀਆ,
ਸੱਪ ਬਾਰੀ ਵਿਚੋਂ ਸਾਹ ਦੇਵੇ
ਜੇ ਤੈਨੂੰ ਭੁੱਲ ਜਾਵਾਂ
ਸਾਨੂੰ ਕਬਰ ਨਾ ਰਾਹ ਦੇਵੇ।
ਅਸਾਂ ਮਾਹੀਆ ਗਾਇਆ ਏ
ਮਾਹੀਆ ਤਾਂ ਲੋਕਾਂ ਲਈ
ਅਸਾਂ ਦਰਦਾ ਸੁਣਾਇਆ ਏ।
ਜਿਨ੍ਹਾਂ ਨੇ ਸੁਣਿਆ ਏ, ਉਨ੍ਹਾਂ ਨੂੰ ਪਤਾ ਹੈ ਕਿ ਮਾਹੀਆ ਇਸ ਤ੍ਰਿਵੈਣੀ ਤੋਂ ਸਿਵਾ ਕੋਈ ਹੋਰ ਇੰਨਾ ਵਧੀਆ ਗਾ ਹੀ ਨਹੀਂ ਸਕਦਾ। ਇਨ੍ਹਾਂ ਦੀ ਜੁਗਲਬੰਦੀ ਪੰਜਾਬੀ ਗਾਇਕੀ ਦਾ ਇਕ ਸਿਖਰ ਸੀ।
ਮੈਂ ਮਾਣ ਨਾਲ ਕਹਾਂਗਾ ਕਿ ਇਨ੍ਹਾਂ ਤਿੰਨਾਂ ਭਰਾਵਾਂ ਨਾਲ ਮੇਰਾ ਓਨਾ ਹੀ ਮੋਹ ਰਿਹਾ ਹੈ, ਜਿੰਨਾ ਆਪਣੇ ਸਕੇ ਤਿੰਨ ਭਰਾਵਾਂ ਨਾਲ। ਪਰ ਵਕਤ ਕਈ ਵਾਰੀ ਉਹ ਚੂੰਡੀ ਵੱਢ ਦਿੰਦਾ ਹੈ ਜਿਸ ਦਾ ਦੁੱਖ ਤਾਂ ਲੱਗਦਾ ਹੈ ਪਰ ਜ਼ਖਮ ਨਹੀਂ ਹੁੰਦਾ। ਅਸੀਂ ਹੁਣ ਲਗਭਗ ਸਾਰੇ ਖਿੱਲਰ ਪੱਤਰ ਗਏ ਹਾਂ। ਕੁਝ ਯਾਦਾਂ ਗਮਦੂਰ ਅਮਨ ਦੀਆਂ ਥੋਡੇ ਨਾਲ ਸਾਂਝੀਆਂ ਕਰਾਂਗਾ। ਤੁਹਾਨੂੰ ਪੜ੍ਹ ਕੇ ਪਤਾ ਵੀ ਲੱਗੇਗਾ ਕਿ ਗਾਇਕੀ ‘ਚ ਫੱਕਰਾਂ ‘ਤੇ ਫਕੀਰਾਂ ਦੀ ਦੁਨੀਆਂ ਕਿਹੋ ਜਿਹੀ ਹੁੰਦੀ ਹੈ।
ਮੈਂ ਅਕਸਰ ਖੇੜੀ ਨੌਧ ਸਿੰਘ ਜਾਂਦਾ ਰਿਹਾਂ, ਉਦੋਂ ਸਰਦੂਲ ਨੂੰ ਘੱਟ ਗਮਦੂਰ ਅਮਨ ਜਾਂ ਤਿੰਨਾਂ ਭਰਾਵਾਂ ਦੇ ਸੰਗੀਤਕ ਜਥੇ ਨੂੰ ਲੋਕੀਂ ਵੱਧ ਜਾਣਦੇ ਸਨ। ਉਹਦੇ ਭੋਲੇਪਨ ਦੀ ਨਿਸ਼ਾਨੀ ਵੇਖੋ ਕਿ ਜਿਨ੍ਹਾਂ ਦਿਨਾਂ ਵਿਚ ‘ਅਜੀਤ’ ਲਈ ‘ਸੁਰ ਸੱਜਣਾਂ ਦੀ’ ਕਾਲਮ ਲਿਖਦਾ ਸਾਂ, ਉਹਨੂੰ ਮੈਂ ਕਿਹਾ ਕਿ ਤੁਹਾਡੀ ਧਰਮ ਪਤਨੀ ਪ੍ਰਕਾਸ਼ ਕੌਰ ਨਾਲ ਗੱਲਾਂ ਕਰਕੇ ਅਖਬਾਰ ਵਿਚ ਤੁਹਾਡੀ ਗੱਲ ਕਰਾਂਗੇ ਪਰ ਉਹ ਹੱਸ ਕੇ ਕਹਿਣ ਲੱਗਾ ‘ਉਹ ਤਾਂ ਸੰਗਾਊ ਹੈ ਮੈਂ ਹੀ ਉਹਦੇ ਜਵਾਬ ਦੇ ਦਿਆਂਗਾ।’ ਮੈਂ ਵੀ ਹੱਸ ਕੇ ਅਗਲਾ ਸਵਾਲ ਕਰ ਲਿਆ, ‘ਵਿਆਹੁਣ ਤੁਸੀਂ ਗਏ ਸੀ ਕਿ ਉਹ ਤੁਹਾਨੂੰ ਵਿਆਹੁਣ ਆਈ ਸੀ?’
‘ਭੌਰਾ ਜੀ ਤੁਸੀਂ ਮੇਰੀਆਂ ਸਾਰੀਆਂ ਕਮਜ਼ੋਰੀਆਂ ਫੜ ਲਵੋਗੇ, ਇਕ ਤਾਂ ਸਾਡਾ ਰੰਗ ਈ ਦੋਵਾਂ ਦਾ ਇੱਕੋ ਜਿਹਾ, ਨਾਂ ਹੀ ਉਹਦਾ ਪ੍ਰਕਾਸ਼ ਕੌਰ ਹੈ ਤੇ ਉਹਨੇ ਥੋਡੇ ਵੱਲ ਮੂੰਹ ਨਹੀਂ ਪਿੱਠ ਕਰਕੇ ਬਹਿ ਜਾਣਾ ਹੈ। ਚੰਗੀ ਗੱਲ ਹੈ ਕਿ ਪ੍ਰਕਾਸ਼ ਤੁਸੀਂ ਮੈਨੂੰ ਹੀ ਸਮਝ ਲਓ ਮੈਂ ਥੋਡੇ ਵੱਲ ਪਿੱਠ ਕਰਕੇ ਬਹਿ ਜਾਂਦਾ ਹਾਂ।’ ਚਲੋ ਇਸ ਸਿੱਧ ਪੱਧਰੇ ਗਾਇਕ ਦੀ ਮੁਲਾਕਾਤ ਤਾਂ ਮੁਕੰਮਲ ਕਰ ਲਈ ਤੇ ‘ਅਜੀਤ’ ਵਿਚ ਛਪ ਵੀ ਗਈ ਪਰ ਉਹਦੇ ਭੋਲੇਪਨ ਦੀਆਂ ਕੁਝ ਹੋਰ ਨਿਸ਼ਾਨੀਆਂ ਵੀ ਮੈਂ ਥੋਡੇ ਨਾਲ ਸਾਂਝੀਆਂ ਕਰਾਂਗਾ।
ਇਕ ਵਾਰ ਸੰਘਰਸ਼ ਦੇ ਦਿਨਾਂ ਵਿਚ ਇਨ੍ਹਾਂ ਤਿੰਨਾਂ ਭਰਾਵਾਂ ਨੇ ਨੀਲੇ ਰੰਗ ਦਾ ਲੈਂਬਰੇਟਾ ਸਕੂਟਰ 340 ਰੁਪਏ ਦਾ ਖਰੀਦਿਆ। ਗਮਦੂਰ ਨੇ ਮਾੜਾ ਮੋਟਾ ਚਲਾਉਣਾ ਤਾਂ ਸਿੱਖ ਲਿਆ ਪਰ ਉਹ ਇਸ ਨੂੰ ਚਲਾਉਣ ਨਾਲੋਂ ਵੀ ਧੋ ਕੇ ਰੱਖਣ ਦਾ ਚਾਅ ਵੱਧ ਪੂਰਾ ਕਰਦਾ। ਇਕ ਦਿਨ ਨਾ ਘਰ ਸਰਦੂਲ, ਨਾ ਘਰ ਭਰਪੂਰ, ਉਹਨੇ ਸੋਚਿਆ ਕਿ ਅੱਜ ਲੈਂਬਰੇਟੇ ਤੇ ਖੰਨੇ ਗੇੜਾ ਮਾਰ ਕੇ ਆਉਂਨੇ ਆ। ਘਰੋਂ ਨਿਕਲ ਪਿਆ, ਅੱਧ ਵਿਚਾਲੇ ਆ ਕੇ ਸਕੂਟਰ ਬੰਦ ਹੋ ਗਿਆ। ਹਲਕਾ ਸਰੀਰ ਕਰਕੇ ਜਦੋਂ ਟੇਡਾ ਕਰੇ ਤਾਂ ਆਪ ਡਿਗ ਪਿਆ ਕਰੇ, ਕਿਸੇ ਨੇ ਪਿੰਡ ਜਾ ਕੇ ਦੱਸਿਆ ਕਿ ਗਮਦੂਰ ਸਕੂਟਰ ਨਾਲ ਨਹੀਂ ਸਕੂਟਰ ਗਮਦੂਰ ਨਾਲ ਲੱਗ ਕੇ ਖੜਾ। ਭਰਪੂਰ ਨੇ ਇਕ ਸਕੂਟਰ ਮਕੈਨਿਕ ਨੂੰ ਪਿੰਡੋਂ ਲਿਆ ਤੇ ਜਦੋਂ ਜਾ ਕੇ ਵੇਖਿਆ ਤਾਂ ਸਕੂਟਰ ਗਰਮ ਹੋਣ ਕਰਕੇ ਬੰਦ ਹੋਇਆ ਸੀ। ਮਕੈਨਿਕ ਨੇ ਗਮਦੂਰ ਨੂੰ ਪੁੱਛਿਆ ਕਿ ਤੂੰ ਇਹਦਾ ਗੇਅਰ ਨਹੀਂ ਬਦਲਿਆ ਸੀ? ਗਮਦੂਰ ਅੱਗਿਓਂ ਹੱਸ ਕੇ ਕਹਿਣ ਲੱਗਾ, ‘ਜਿਹੜਾ ਮੈਂ ਉਪਰ ਨੂੰ ਪਾਇਆ ਸੀ ਉਹਦੇ ਵਿਚ ਈ ਲੈ ਆਇਆਂ ਤੇ ਮੈਨੂੰ ਨਹੀਂ ਪਤਾ ਸੀ ਕਿ ਇਹਦੇ ਗੇਅਰ ਵੀ ਬਦਲੀਦੇ ਹਨ।’
ਇਸੇ ਸਕੂਟਰ ਨੇ ਗਮਦੂਰ ਅਮਨ ਨਾਲ ਇਕ ਹੋਰ ਜੱਗੋ ਤੇਰਵੀਂ ਕਰ ਦਿੱਤੀ। ਖੰਨੇ ਤੋਂ ਉਹ ਖੇੜੀ ਨੌਧ ਸਿੰਘ ਨੂੰ ਪਿੰਡ ਜਾ ਰਿਹਾ ਸੀ। ਚੌਥੇ ਕਿਲੋਮੀਟਰ ‘ਤੇ ਟਾਇਰ ਪੈਂਚਰ ਹੋ ਗਿਆ ਤੇ ਉਹ ਦਸ ਕਿਲੋਮੀਟਰ ਖਿੱਚ ਕੇ ਹੀ ਸਕੂਟਰ ਪਿੰਡ ਲੈ ਗਿਆ। ਭਰਪੂਰ ਨੇ ਪੁੱਛਿਆ, ਕੀ ਹੋਇਆ? ਉਹ ਬਣਾ ਸੁਆਰ ਕੇ ਕਹਿਣ ਲੱਗਾ, ‘ਟਾਇਰ ਪੈਂਚਰ ਹੋ ਗਿਆ ਸੀ।’
ਭਰਪੂਰ ਨੇ ਕਿਹਾ, ‘ਤੂੰ ਸਟਿੱਪਣੀ ਬਦਲ ਲੈਣੀ ਸੀ।’
‘ਸਟਿੱਪਣੀ ਬਾਰੇ ਤਾਂ ਮੈਨੂੰ ਪਤਾ ਹੀ ਨਹੀਂ ਸੀ।’
ਭਰਪੂਰ ਨੇ ਹੱਥ ਲਾ ਕੇ ਦੱਸਿਆ, ‘ਆ ਪਿੱਛੇ ਕੀ ਆ?’
ਤੇ ਭੋਲੇਪਨ ਦੀ ਸਿਖਰ ਦੇਖੋ ਉਹ ਖੁੱਲ੍ਹ ਕੇ ਹੱਸ ਪਿਆ, ਕਹਿੰਦਾ, ‘ਮੈਂ ਤਾਂ ਸਮਝਦਾ ਰਿਹਾਂ ਕਿ ਇਹ ਸਿਰਫ ਢੋਹ ਲਾਉਣ ਲਈ ਹੀ ਹੈ।’
ਸਾਲ 1990 ਵਿਚ ਵਿਆਨਾ (ਆਸਟਰੀਆ) ‘ਚ ਮੇਰੇ ਮਿੱਤਰਾਂ ਨੇ ਸਰਦੂਲ ਸਿਕੰਦਰ ਦਾ 25 ਦਸੰਬਰ ਕ੍ਰਿਸਮਸ ‘ਤੇ ਸ਼ੋਅ ਕਰਵਾਉਣ ਦਾ ਫੈਸਲਾ ਕਰ ਲਿਆ। ਮੈਂ ਵੀ ਨਾਲ ਹੀ ਜਾਣਾ ਸੀ, ਵੀਜ਼ੇ ਲਈ ਮੈਂ ਪਾਸਪੋਰਟ ਉਨ੍ਹਾਂ ਦੇ ਘਰੋਂ ਲੈ ਗਿਆ। ਗਮਦੂਰ ਦਾ ਪਾਸਪੋਰਟ ਨਾ ਲੱਭੇ। ਉਹਨੇ ਦਾਜ ਵਾਲੀ ਪੇਟੀ ਫਰੋਲੀ, ਲੀੜੇ ਬਾਹਰ ਖਿਲਾਰ’ਤੇ, ਟਰੰਕ ਵਿਹੜੇ ਵਿਚ ਝਾੜ ਲਏ ਤੇ ਹੱਦ ਉਦੋਂ ਕਰ’ਤੀ ਜਦੋਂ ਦਾਣਿਆਂ ਵਾਲੇ ਦੋ ਘੜੇ ਅਤੇ ਚਾਟੀਆਂ ਵੀ ਢੇਰੀ ਕਰ ਦਿੱਤੇ। ਮੈਂ ਪੁੱਛਿਆ, ‘ਵੀਰ ਇਹ ਕੀ?’ ਉਹ ਦੁਖੀ ਹੋਇਆ ਅੱਗਿਓਂ ਕਹਿਣ ਲੱਗਾ, ‘ਪਾਸੋਪਰਟ ਸਰਕਾਰੀ ਚੀਜ਼ ਐ, ਕਿਤੇ ਬੁੜੀਆਂ ਨੇ ਦਾਣਿਆਂ ‘ਚ ਲੁਕੋ ਕੇ ਨਾ ਰੱਖ ਦਿੱਤਾ ਹੋਵੇ।’
ਖੈਰ, ਜਦੋਂ ਵਿਆਨਾ ਗਏ ਤਾਂ ਸ਼ੋਅ ਤੋਂ ਇਕ ਦਿਨ ਪਹਿਲਾਂ ਗੁਰੂਘਰ ਮੈਂ ਭਰਪੂਰ ਤੇ ਗਮਦੂਰ ਨੂੰ ਕੀਰਤਨ ਕਰਨ ਲੈ ਗਿਆ। ਉਦੋਂ ਆਸਟਰੀਆ ਦੀ ਕਰੰਸੀ ਸ਼ਿਲਿੰਗ ਸੀ। ਦਸ ਹਜ਼ਾਰ ਤੋਂ ਉਪਰ ਸ਼ਿਲਿੰਗ ਬਣੇ ਯਾਨਿ ਇੰਡੀਆ ਦਾ ਤੀਹ ਹਜ਼ਾਰ ਰੁਪਈਆ। ਉਦੋਂ ਸਰਦੂਲ ਨੂੰ ਸਾਰਾ ਹੀ ਪੰਜਾਹ ਹਜ਼ਾਰ ਦੇਣਾ ਸੀ। ਆਪਣੇ ਪੈਸਿਆਂ ‘ਚੋਂ ਮੈਨੂੰ ਚਾਰ ਸੌ ਸ਼ਿਲਿੰਗ ਦੀ ਦੀਵਾਰ ‘ਤੇ ਟੰਗਣ ਵਾਲੀ ਘੜੀ ਲਿਆ ਕੇ ਦਿੱਤੀ ਤੇ ਹੌਲੀ ਦੇਣੀ ਕੰਨ ਵਿਚ ਕਹਿਣ ਲੱਗਾ ‘ਇੱਦਾਂ ਦੇ ਦੋ ਕੁ ਪ੍ਰੋਗਰਾਮ ਗੁਰੂਘਰ ਵਿਚ ਹੀ ਕਰਵਾ ਦਿਓ।’
1991 ਵਿਚ ਜਦੋਂ ਮੈਂ ਢਾਡੀ ਅਮਰ ਸਿੰਘ ਸ਼ੌਂਕੀ ਦੇ ਗੀਤਾਂ ਦੀ ਇਕ ਐਲਬਮ ਇੰਦਰਲੋਕ ਕੰਪਨੀ ਲਈ ਰਿਕਾਰਡ ਕਰਵਾਈ ਤਾਂ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਸੁਖਵਿੰਦਰ ਪੰਛੀ ਤੇ ਗਮਦੂਰ ਅਮਨ ਨੇ ਇਹਦੇ ਵਿਚ ਦੋ ਦੋ ਗੀਤ ਗਾਏ। ਹੰਸ ਦਾ ‘ਫੜ੍ਹਾਂ ਫੋਕੀਆਂ’, ਪੰਛੀ ਦਾ ‘ਮਿਰਜ਼ਾ’, ਸਰਦੂਲ ਦਾ ‘ਸੱਜਣਾਂ ਦੂਰ ਦਿਆ’, ਗਮਦੂਰ ਦਾ ‘ਦੋ ਤਾਰਾ ਵੱਜਦਾ ਵੇ’ ਸਿਖਰ ਦੀਆਂ ਤੇ ਸੁਰੀਲੀਆਂ ਅਵਾਜ਼ਾਂ ਦਾ ਸੰਗਮ ਸੀ। ਪਰ ਦੁੱਖ ਇਸ ਗੱਲ ਦਾ ਰਿਹਾ ਕਿ ਸਾਡੇ ਲੱਖ ਯਤਨਾਂ ਦੇ ਬਾਵਜੂਦ ਅਸੀਂ ਗਮਦੂਰ ਅਮਨ ਦੀ ਆਵਾਜ਼ ਬਹੁਤੀ ਕਰਕੇ ਕੈਸਿਟਾਂ, ਡਿਸਕਾਂ ਜਾਂ ਹੋਰ ਕਿਸੇ ਰੂਪ ਵਿਚ ਸੰਭਾਲ ਨਹੀਂ ਸਕੇ। ਸਰਦੂਲ ਦੇ ਨੇੜਲੇ ਮਿੱਤਰਾਂ ਦੇ ਦਾਇਰੇ ਵਿਚ ਇਹ ਗੱਲ ਅਕਸਰ ਚੱਲਦੀ ਰਹੀ ਕਿ ਸਰਦੂਲ ਨੂੰ ਆਪਣੇ ਵੱਡੇ ਭਰਾ ਦੀ ਆਵਾਜ਼ ਸੰਭਾਲਣ ਲਈ ਯਤਨ ਕਰਨੇ ਚਾਹੀਦੇ ਹਨ ਪਰ ਇੱਦਾਂ ਹੋ ਨਹੀਂ ਸਕਿਆ। ਕਿਉਂ, ਹਾਲਾਤ ਨਹੀਂ ਬਣੇ ਜਾਂ ਸਰਦੂਲ ਨੇ ਬਣਾਏ ਨਹੀਂ? ਇਹੀ ਗਮਦੂਰ ਅਮਨ ਸਰਦੂਲ ਦੇ ਵੱਡੇ ਸਟੇਜ ਸ਼ੋਆਂ ‘ਤੇ ਸ਼ੁਰੂਆਤੀ ਗੀਤ ਗਾਉਣ ਜੋਗਾ ਰਹਿ ਗਿਆ।
ਮੁਕੱਦਰ ਲਿਖਣ ਵਾਲੀ ਸਿਆਹੀ ਤੇ ਕਲਮ ਤਾਂ ਇਕ ਹੋ ਸਕਦੀ ਹੈ ਪਰ ਵਿਧਾਤਾ ਦੀ ਇਬਾਰਤ ਵੱਖਰੀ ਵੱਖਰੀ ਹੁੰਦੀ ਹੋਵੇਗੀ, ਉਦਾਹਰਣ ਵੇਖੋ ਸਰਦੂਲ ਸਿਕੰਦਰ ਬੁੱਕ ਹੋ ਕੇ ਪ੍ਰੋਗਰਾਮਾਂ ‘ਤੇ ਜਾਂਦਾ ਰਿਹੈ ਪਰ ਭਰਾ ਸਾਜ਼ੀਆਂ ਵਾਂਗ ਪੇਮੈਂਟ ਲੈ ਕੇ ਕੰਮ ਕਰਦੇ ਰਹੇ। ਇਕ ਘਟਨਾ ਚੇਤੇ ਵਿਚੋਂ ਮੇਰੇ ਵੀ ਨਹੀਂ ਖਿਸਕਦੀ। ਬੰਗੇ ਗੜ੍ਹਸ਼ੰਕਰ ਰੋਡ ‘ਤੇ ਜੀ ਐਨ ਰਿਜ਼ੌਰਟਜ਼ ਨਵਾਂ ਨਵਾਂ ਬਣਿਆ ਸੀ। ਸਰਦੂਲ ਦਾ ਇਕ ਵਿਆਹ ਦੀ ਪਾਰਟੀ ‘ਤੇ ਪ੍ਰੋਗਰਾਮ ਹੋਇਆ। ਸਮਾਪਤੀ ‘ਤੇ ਜਦੋਂ ਗਮਦੂਰ ਸਾਜੀਆਂ ਵਾਲੀ ਗੱਡੀ ਵਿਚ ਬਹਿ ਕੇ ਜਾਣ ਲੱਗਾ ਤਾਂ ਮੈਂ ਬਾਹੋਂ ਖਿੱਚ ਕੇ ਕਿਹਾ, ‘ਵੀਰ ਸਰਦੂਲ ਨਾਲ ਬੈਠ ਤੂੰ ਉਸ ਦਾ ਵੱਡਾ ਭਰਾ ਐਂ।’ ਉਹਨੇ ਹਉਕਾ ਲਿਆ, ਅੱਖਾਂ ਭਰੀਆਂ ਤੇ ਕਹਿਣ ਲੱਗਾ, ‘ਨਹੀਂ ਉਸ ਗੱਡੀ ਵਿਚ ਨੂਰੀ ਨੇ ਨਾਲ ਬੈਠਣਾ ਹੈ। ਨਾਲੇ ਕਿਸਮਤ ਆਪੋ ਆਪਣੇ ਖੀਸੇ ਵਿਚ ਹੀ ਹੁੰਦੀ ਹੈ।’ ਤੇ ਉਹ ਮੂੰਹ ਘੁਮਾ ਕੇ ਫਿਰ ਅੱਗੇ ਨਾ ਬੋਲਿਆ।
ਜਦੋਂ ਅਸੀਂ ਆਸਟਰੀਆ ਆਪਣੇ ਮਿੱਤਰ ਦੇ ਘਰ ਠਹਿਰੇ ਹੋਏ ਸਾਂ ਤਾਂ ਉਹਦਾ ਪੇਂਡੂ ਲਹਿਜ਼ਾ ਵੀ ਬਾਕਮਾਲ ਸੀ, ਉਹਨੇ ਸਿਰਹਾਣੇ ਨੂੰ ਜਾਂ ਤਾਂ ਸਟੋਰ ਬਣਾਇਆ ਕਹਿ ਲਓ ਜਾਂ ਅਲਮਾਰੀ। ਸਿਰਹਾਣੇ ਦੇ ਥੱਲੇ ਹੀ ਦਵਾਈਆਂ ਦੇ ਪੱਤੇ ਹੁੰਦੇ, ਕਾਲੀਆਂ ਮਿਰਚਾਂ ਦਾ ਪਾਊਡਰ ਹੁੰਦਾ, ਅਜਵਾਇਣ ਦੀਆਂ ਗੋਲੀਆਂ ਹੁੰਦੀਆਂ, ਮਿਸ਼ਰੀ ਤੇ ਲਾਚੀਆਂ ਲਿਫਾਫੇ ਵਿਚ ਪਾ ਕੇ ਰੱਖੀਆਂ ਹੁੰਦੀਆਂ ਤੇ ਪੱਗ ਵੀ ਸਿਰਹਾਣੇ ਦੇ ਇਕ ਪਾਸੇ ਰੱਖੀ ਹੁੰਦੀ, ਉਥੇ ਹੀ ਪਜਾਮਾ, ਉਥੇ ਹੀ ਕਛਹਿਰਾ, ਉਥੇ ਹੀ ਬੁਰਸ਼, ਉਥੇ ਹੀ ਪੱਗ ਸਲਾਈ ਤੇ ਉਥੇ ਹੀ ਉਨ੍ਹਾਂ ਗੀਤਾਂ ਦੀ ਛੋਟੀ ਜਿਹੀ ਕਾਪੀ ਹੁੰਦੀ ਜੋ ਉਹਦੇ ਆਪਣੇ ਹੀ ਹੁੰਦੇ ਅਤੇ ਆਪਣੇ ਹੀ ਅੰਦਾਜ਼ ਵਿਚ ਗਾਉਣ ਵਾਲੇ ਹੁੰਦੇ। ਅਸੀਂ ਉਸ ਨੂੰ ਬੜਾ ਰੋਕਣਾ ਕਿ ਵੀਰ ਸਿਰਹਾਣੇ ਨੂੰ ਕੋਲਡ ਸਟੋਰ ਨਾ ਬਣਾ ਪਰ ਉਹਨੇ ਹੱਸ ਕੇ ਕਹਿ ਦੇਣਾ, ਇਹ ਗਮਦੂਰ ਦੀ ਜ਼ਿੰਦਗੀ ਜਿਊਣ ਦਾ ਕਾਰਖਾਨਾ ਹੈ।
ਸਾਰਿਆਂ ਨੂੰ ਪਤਾ ਹੈ ਕਿ ਸਰਦੂਲ ਤੇ ਨੂਰੀ ਦਾ ਵਿਆਹ ਮੁਹੱਬਤ ਦੀਆਂ ਵੋਟਾਂ ਵਿਚੋਂ ਨਿਕਲੀ ਉਮੀਦਵਾਰੀ ਸੀ। ਗਮਦੂਰ ਇਹ ਵਿਆਹ ਹੋਣ ਤੋਂ ਪਹਿਲਾਂ ਇਸ ਦੀ ਵਿਰੋਧਤਾ ਵੱਡਾ ਭਰਾ ਹੋਣ ਦੇ ਨਾਤੇ ਜਿਸ ਤਰ੍ਹਾਂ ਕਰਦਾ ਸੀ, ਉਹਦਾ ਰੰਗ ਵੇਖੋ। ਕਹਿਣਾ ਹੌਲੀ ਪਰ ਕਹਿਣਾ ਨਾਰਾਜ਼ਗੀ ‘ਚ, ਆਪਣੇ ਦੁਖੀ ਹੋਣ ਦਾ ਢੰਗ ਵੀ ਅਜੀਬ ਦਰਸਾਉਣਾ, ਇਵੇਂ ਕਹਿ ਕੇ ‘ਭੌਰੇ ਸਾਨੂੰ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਵਿਆਹ ਨੂਰੀ ਨਾਲ ਭਾਵੇਂ ਕਰਾਵੇ ਪਰ ਅਸੀਂ ਮੀਰ ਆਲਮ ਹਾਂ ਬਾਬੇ ਮਰਦਾਨੇ ਦੀ ਕੁੱਲ ‘ਚੋਂ ਤੇ ਨੂਰੀ ਮੀਰ ਆਲਮਾਂ ਦੀ ਕੁੜੀ ਨਹੀਂ।’
ਮੈਨੂੰ ਉਦੋਂ ਹੀ ਪਤਾ ਲੱਗਾ ਕਿ ਮਰਾਸੀਆਂ ਵਿਚ ਵੀ ਅੱਗੇ ਵੱਡੀਆਂ ਛੋਟੀਆਂ ਜਾਤਾਂ ਦਾ ਵੇਰਵਾ ਇੱਦਾਂ ਦਿੱਤਾ ਜਾਂਦਾ ਸੀ। ਗਮਦੂਰ ਤੇ ਭਰਪੂਰ ਨੇ ਪਿੰਡ ਨਹੀਂ ਛੱਡਿਆ ਤੇ ਸਰਦੂਲ ਨੇ ਖੰਨੇ ਕੋਠੀ ਪਾ ਲਈ, ਕੋਠੀ ਵੀ ਮਹਿਲਾਂ ਵਰਗੀ। ਗਮਦੂਰ ਦੀ ਅਚਨਚੇਤ ਮੌਤ ਹੋ ਗਈ, ਦਿਲ ਫੇਲ੍ਹ ਹੋਣ ਨਾਲ। ਦਿਲ ਫੇਲ੍ਹ ਕਿਉਂ ਹੋਇਆ? ਇਹ ਤਾਂ ਉਹ ਦਿਲ ਦੀਆਂ ਦਿਲ ਵਿਚ ਹੀ ਲੈ ਗਿਆ ਪਰ ਸਰਦੂਲ ਨੇ ਉਹਦਾ ਸ਼ਰਧਾਂਜਲੀ ਸਮਾਗਮ ਜਿੰਨੇ ਵੱਡੇ ਪੱਧਰ ‘ਤੇ ਕੀਤਾ ਯਕੀਨ ਤਾਂ ਨਹੀਂ ਕਰੋਗੇ ਪਰ ਸੱਚ ਇਹ ਹੈ ਕਿ ਜੇ ਕਿਤੇ ਗਮਦੂਰ ਨੂੰ ਪਤਾ ਹੁੰਦਾ ਕਿ ਉਹਦੇ ਮਰਨ ਤੋਂ ਬਾਅਦ ਭੋਗ ‘ਤੇ ਇੰਨੇ ਲੋਕਾਂ ਨੇ ਆਉਣਾ ਹੈ, ਹਜ਼ਾਰਾਂ ਦੀ ਗਿਣਤੀ ਵਿਚ ‘ਕੱਠ ਹੋਵੇਗਾ ਤਾਂ ਸ਼ਾਇਦ ਉਹ ਹੋਣੀ ਨੂੰ ਠੂਠਾ ਦਿਖਾਉਣ ਵਿਚ ਸਫਲ ਹੋ ਜਾਂਦਾ। ਜਿਹੜੇ ਇਸ ਸ਼ਰਧਾਂਜਲੀ ਸਮਾਗਮ ‘ਚ ਗਏ ਉਨ੍ਹਾਂ ਨੂੰ ਪਤੈ ਕਿ ਇਕ ਕਿਲੋਮੀਟਰ ਦੇ ਘੇਰੇ ਵਿਚ ਗੱਡੀਆਂ ਲਈ ਪਾਰਕਿੰਗ ਨਹੀਂ ਮਿਲ ਰਹੀ ਸੀ, ਲਾਲ ਬੱਤੀ ਵਾਲੀਆਂ ਗੱਡੀਆਂ ਦੇ ਹੂਟਰ ਬਹੁਤ ਵੱਜੇ ਸਨ, ਦੋ ਕਨਾਲ ਵਿਚ ਟੈਂਟ ਲੱਗਾ ਹੋਇਆ ਸੀ, ਸ਼ਾਹੀ ਮਹਿਲਾਂ ਦੇ ਸਵਾਗਤ ਜਿੰਨਾ ਖਾਣ ਪੀਣ ਦਾ ਪ੍ਰਬੰਧ ਸੀ ਪਰ ਸਾਰਾ ਕੁਝ ਖਰਾਬ ਤਾਂ ਹੋ ਗਿਆ ਕਿਉਂਕਿ ਉਦਣ ਸ਼ਰਧਾਂਜਲੀ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੱਜ ਕੇ ਮੀਂਹ ਹੀ ਨਹੀਂ ਵਰ੍ਹਿਆ ਬਲਕਿ ਨੇਰ੍ਹੀ ਨੇ ਤੰਬੂ ਵੀ ਉਖਾੜ ਸੁੱਟੇ ਸਨ ਤੇ ਇਹ ਕਿਹਾ ਨਹੀਂ ਜਾ ਸਕਦਾ ਸੀ ਕਿ ਰੱਬ ਧੱਕਾ ਕਰ ਰਿਹਾ ਹੈ ਜਾਂ ਇਕ ਗਾਇਕ ਦੇ ਹੱਕ ਵਿਚ ਭੁਗਤ ਰਿਹਾ ਹੈ ਜਾਂ ਫਿਰ ਹੰਝੂ ਕੇਰ ਰਿਹਾ ਹੈ।
ਮੈਂ ਜਾਣਦਾਂ ਕਿ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਵਰਗੇ ਵੱਡੇ ਤੇ ਨਾਮੀ ਗਰਾਮੀ ਪਰਿਵਾਰ ਵਿਚ ਵਿਚਰਨ ਵਾਲੇ ਗਮਦੂਰ ਦੀ ਬਹੁਤੀ ਹਉਕਿਆਂ ‘ਚ ਲੰਘੀ ਹੈ ਤੇ ਉਹਨੇ ਸ਼ਾਇਦ ਆਪਣੇ ਗਮਾਂ ਨੂੰ ਮਸਖਰਿਆਂ ਵਾਂਗ ਲੁਕੋ ਕੇ ਬਾਹਰਲੀ ਦੁਨੀਆਂ ਨੂੰ ਹੱਸਦਾ ਚਿਹਰਾ ਵਿਖਾਇਆ ਹੈ ਪਰ ਪੰਜਾਬੀ ਗਾਇਕੀ ਨਾਲ ਤੇਹ ਮੋਹ ਰੱਖਣ ਵਾਲੇ ਲੋਕਾਂ ਨੂੰ ਇਸ ਤੋਂ ਵੀ ਵੱਡਾ ਗਮ ਇਹ ਰਹੇਗਾ ਕਿ ਅਸੀਂ ਇਕ ਸੁਰੀਲੀ ਆਵਾਜ਼ ਨੂੰ ਸੰਭਾਲਣ ਦੀ ਵਿਵਸਥਾ ਨਹੀਂ ਕਰ ਸਕੇ।
ਛਟੀ ਨਾਲ ਤਬਲਾ ਵਜਾਉਣ ਦੀ ਮੁਹਾਰਤ ਰੱਖਣ ਵਾਲਾ ਭਰਪੂਰ ਵੀ ਬਾਈਪਾਸ ਸਰਜਰੀ ਤੋਂ ਪਿੱਛੋਂ ਦਿਨ ਲੰਘਾ ਰਿਹਾ ਹੈ ਪਰ ਉਹ ਹਾਲੇ ਵੀ ਕਦੇ ਮਿਲੇ ਤਾਂ ਹੱਸ ਕੇ ਕਹੇਗਾ ‘ਤਿੰਨ ਭਰਾ ਅਸੀਂ ਰੰਗ ਦੇ ਕਾਲੇ ਹੋਣ ਕਰਕੇ ਡਰਦੇ ਤਾਂ ਇਸ ਗੱਲ ਤੋਂ ਰਹਿੰਦੇ ਸਾਂ ਕਿ ਕਿਤੇ ਅਸਮਾਨੀ ਬਿਜਲੀ ਨਾ ਪੈ ਜਾਏ ਪਰ ਹੋਣੀ ਦੀ ਬਿਜਲੀ ਨੇ ਸਾਡਾ ਇਕ ਭਰਾ ਗੈਸ ਵਾਂਗ ਮੁੱਢੋਂ ਹੀ ਬੁਝਾ ਦਿੱਤਾ ਹੈ।’
ਮੁਕੱਦਰਾਂ ਦੀ ਖੇਡ ਹਾਲੇ ਤੱਕ ਕਿਸੇ ਸ਼ਕੁਨੀ ਨੂੰ ਵੀ ਸ਼ਾਇਦ ਸਮਝ ਨਾ ਆਈ ਹੋਵੇ! ਕਿਉਂਕਿ ਗਮਦੂਰ ਦਾ ਇਕ ਵੱਡਾ ਪੁੱਤਰ ਬਾਵਾ ਸਿਕੰਦਰ ਪਿੱਪਲ ਦੀ ਥਾਂ ਪਿੱਪਲ ਵਾਂਗ ਉਗਿਆ ਹੈ ਯਾਨਿ ਬਹੁਤ ਸੁਰੀਲਾ ਗਾਇਕ ਹੈ ਅਤੇ ਗਮਦੂਰ ਦੀ ਇਕ ਧੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਵਿਚ ਪੜ੍ਹਾਉਣ ਦੇ ਨਾਲ ਨਾਲ ਸੰਗੀਤ ਦੀ ਪੀਐਚæਡੀæ ਵੀ ਕਰ ਰਹੀ ਹੈ।
‘ਕਾਲੇ ਕੀਤੇ ਜਹਾਨ ‘ਤੇ ਕਿਉਂ ਪੈਦਾ, ਰੱਬਾ ਸਾਨੂੰ ਨ੍ਹੀਂ ਸੋਹਣੇ ਪਸੰਦ ਕਰਦੇ’ ਕਹਿਣ ਵਾਲੇ ਇਹ ਤਿੰਨੇ ਭਰਾ ਰੱਬ ਨੂੰ ਉਲਾਂਭਾ ਤਾਂ ਦਿੰਦੇ ਰਹੇ ਹਨ ਪਰ ‘ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ’ ਕਹਿ ਕੇ ਕਾਲੇ ਰੰਗ ਦੀ ਸਿਫਤ ਵਿਚ ‘ਪਹਾੜ ਕੋਹੇਤੂਰ ਦਾ ਸੁਰਮਾ ਵੀ ਕਾਲਾ ਲੋਕੀਂ ਅੱਖੀਆਂ ਵਿਚ ਘਸੇਂਦੇ’ ਨਾਲ ਸੁਰਾਂ ਦੀਆਂ ਬੁੱਚੀਆਂ ਪਵਾਉਂਦੇ ਰਹੇ ਹਨ। ਕਾਸ਼! ਗਮਦੂਰ ਹਾਲੇ ਵੀਹ ਕੁ ਸਾਲ ਜਿਉਂਦਾ ਰਹਿ ਜਾਂਦਾ ਤਾਂ ਪੰਜਾਬੀ ਗਾਇਕੀ ਸ਼ਾਇਦ ਇਖਲਾਕ ਨਾਲ ਹੋਰ ਢਿੱਡ ਭਰੀ ਰੱਖਦੀ।
ਗੱਲ ਬਣੀ ਕਿ ਨਹੀਂ?
ਬੇਈਮਾਨੀ ਦਾ ਜ਼ੋਰ
ਹਰ ਪਾਸੇ ਹੀ ਸ਼ੋਰ ਬੜਾ ਹੈ, ਬੰਦਾ ਕਿਉਂ ਕਮਜ਼ੋਰ ਬੜਾ ਹੈ?
ਬੀਬਾ ਹਰ ਕੋਈ ਲੱਗਦਾ ਏ, ਪਰ ਬੇਈਮਾਨੀ ਦਾ ਜ਼ੋਰ ਬੜਾ ਹੈ।
ਉਪਰੋਂ ਜਾਪੇ ਸੁਖੀ ਬੜਾ ਏ, ਅੰਦਰੋਂ ਪਰ ਇਹ ਦੁਖੀ ਬੜਾ ਹੈ।
ਕੀ ਕਰੀਏ ਇਸ ਬੰਦੇ ਦਾ ਫਿਰ, ਅਸਲੀ ਗੋਰਖ ਧੰਦੇ ਦਾ ਫਿਰ।
ਇਹਦੀ ਕੋਈ ਜ਼ੁਬਾਨ ਨਹੀਂ ਹੈ, ਭੋਰਾ ਦੀਨ ਇਮਾਨ ਨਹੀਂ ਹੈ।
ਮਾਂ ਆਖੇ ਇਹ ਮੇਰਾ ਉਜੱਡ ਹੈ, ਪਿਓ ਕਹਿੰਦਾ ਕੁੱਤੇ ਦਾ ਹੱਡ ਹੈ।
ਰੋਜ਼ ਪੁਆੜੇ ਪਾਈ ਜਾਵੇ, ਉਂਗਲਾਂ ਉਤੇ ਨਚਾਈ ਜਾਵੇ।
ਜਿੱਥੇ ਵੇਖੇ ਲਾਈ ਜਾਵੇ, ਪਾ ਕੇ ਤੇਲ ਮਚਾਈ ਜਾਵੇ।
ਲੀੜੇ ਹੀ ਉਂਜ ਚਿੱਟੇ ਨੇ ਬੱਸ, ਤਨ ‘ਤੇ ਥਾਂ ਥਾਂ ਛਿੱਟੇ ਨੇ ਬੱਸ।
ਸਾਧ ਕਹਾਵੇ ਚੋਰ ਉਚੱਕਾ, ਰੱਬ ਦੇ ਨਾਂ ‘ਤੇ ਕਰਦੈ ਧੱਕਾ।
ਵੇਖਣ ਨੂੰ ਸ਼ੈਤਾਨ ਨਹੀਂ ਹੈ, ‘ਕੱਲਾ ਤੀਰ ਕਮਾਨ ਨਹੀਂ ਹੈ।
ਜਿਹਦੇ ਵੱਜੇ ਧਾਹੀਂ ਰੋਵੇ, ਕੋਠੇ ਚੜ੍ਹ ਚੜ੍ਹ ਤਾਂ ਹੀ ਰੋਵੇ।
ਧੋਤੀ, ਟੋਪੀ, ਨੀਲੀ, ਚਿੱਟੀ, ਜਿਹਨੂੰ ਪਾ ਕੇ ਜਾਵੇ ਫਿੱਟੀ।
ਡੇਰੇ ਵਿਚ ਮਹੰਤ ਕਹਾਇਆ, ਉਥੋਂ ਉਠ ਕੇ ਸੰਤ ਕਹਾਇਆ।
ਲੱਗਦਾ ਨਹੀਂ ਇਹ ਢੱਗਾ ਬੂਰਾ? ਨਾ ਪੈਂਟ ਨਾ ਝੱਗਾ ਪੂਰਾ।
ਬੰਦਾ ਕਿਹਨੂੰ ਕਹੀਏ ‘ਭੌਰੇ’? ਕਹੀਏ ਕੌਣ ਮਨੁੱਖ?
ਇਸੇ ਗੱਲ ਦਾ ਝੋਰਾ ਹੈ ਤੇ ਇਸੇ ਗੱਲ ਦਾ ਦੁੱਖ।