ਲਾਣੇਦਾਰ

ਲਾਣੇਦਾਰ’ ਕਹਾਣੀ ਸੰਕਟਾਂ ਵਿਚ ਬੁਰੀ ਤਰ੍ਹਾਂ ਘਿਰੀ ਕਿਸਾਨੀ ਦਾ ਬਿਰਤਾਂਤ ਹੈ। ਕਹਾਣੀ ਦਾ ਸਿਰਲੇਖ ਹੀ ਟੁੱਟ ਰਹੀ ਕਿਸਾਨੀ ‘ਤੇ ਤਿੱਖਾ ਵਿਅੰਗ ਕੱਸ ਰਿਹਾ ਹੈ। ਅਜਿਹੇ ਹਾਲਾਤ ਵਿਚ ਬੰਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਤੱਦੀਆਂ ਵਿਚੋਂ ਲੰਘਦਾ ਹੈ, ਪਰ ਜਿਨ੍ਹਾਂ ਤੱਦੀਆਂ ਵਿਚੋਂ ਔਰਤ ਨੂੰ ਲੰਘਣਾ ਪੈਂਦਾ ਹੈ, ਤੇ ਉਸ ਨੂੰ ਜੋ ਜ਼ਖਮ ਆਪਣੇ ਦਿਲ ਉਤੇ ਜਰਨੇ ਪਂੈਦੇ ਹਨ, ਉਨ੍ਹਾਂ ਦੀ ਬਾਤ ਕਦੀ-ਕਦਾਈਂ ਹੀ ਪੈਂਦੀ ਹੈ।

ਇਸ ਕਹਾਣੀ ਵਿਚ ਵੀ ਭਾਵੇਂ ਔਰਤ ਪਿਛੋਕੜ ਜਿਹੇ ਵਿਚ ਹੀ ਵਿਚਰਦੀ ਹੈ, ਪਰ ਇਸ ਵਿਚ ਔਰਤ ਦੀ ਦਿਲ-ਗੁਰਦੇ ਨਾਲ ਜਿਉਣ ਦੀ ਖਾਹਿਸ਼ ਦੀਆਂ ਲਿਸ਼ਕੋਰਾਂ ਜ਼ਰੂਰ ਪੈਂਦੀਆਂ ਹਨ। -ਸੰਪਾਦਕ

ਅਮਰਦੀਪ ਸਿੰਘ ਅਮਰ
ਕੈਲਾ ਚਾਲੀਆਂ ਤੋਂ ਉਪਰ ਸੀ ਤੇ ਉਹਦੀ ਅੱਧਿਓਂ ਬਹੁਤੀ ਦਾੜ੍ਹੀ ਚਿੱਟੀ ਹੋਣ ਵਾਲੀ ਸੀ। ਵਿਆਹ ਦਾ ਬੰਨ੍ਹ-ਸੁਬ੍ਹ ਨਾ ਹੋਣ ਕਰ ਕੇ ਉਹਦੀ ਗਿਣਤੀ ਪਿੰਡ ਦੇ ਛੜਿਆਂ ਵਿਚ ਹੋਣ ਲੱਗੀ ਸੀ। ਉਹ ਦੋ ਭਰਾ ਸਨ। ਅਸਲ ਨਾਂ ਤਾਂ ਉਨ੍ਹਾਂ ਦੇ ਕਰਨੈਲ ਸਿੰਘ ਤੇ ਜਰਨੈਲ ਸਿੰਘ ਸਨ ਪਰ ‘ਮਾਇਆ ਤੇਰੇ ਤੀਨ ਨਾਮ-ਪਰਸੂ, ਪਰਸਾ, ਪਰਸ ਰਾਮ’ ਦੀ ਅਖੌਤ ਵਾਂਗ ਉਹ ਵੀ ਕੈਲਾ ਜੈਲਾ ਹੀ ਹੋ ਨਿੱਬੜੇ ਸਨ। ਜਿਵੇਂ ਮਾਂ ਵਿਹੂਣੇ ਬੱਚੇ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ, ਉਵੇਂ ਜ਼ਮੀਨ ਵਿਹੂਣੇ ਜਾਂ ਥੋੜੀ ਜ਼ਮੀਨ ਵਾਲੇ ਜੱਟ ਦੀ ਜੂਨ ਵੀ ਬੁਰੀ ਹੀ ਹੁੰਦੀ ਹੈ। ਥੋੜੀ ਜ਼ਮੀਨ ਹੋਣ ਕਰਕੇ ਦੋਹਾਂ ਭਰਾਵਾਂ ਨੂੰ ਕੋਈ ਰਿਸ਼ਤਾ ਨਾ ਮਿਲਿਆ ਤੇ ਉਨ੍ਹਾਂ ਦੀ ਵਿਆਹ ਦੀ ਉਮਰ ਟਪ ਚੁਕੀ ਸੀ। ਪਿਤਾ ਉਨ੍ਹਾਂ ਦਾ ਸ਼ਬਚਿੰਤ ਸਿਹੁੰ ਨਿੱਕੀ ਉਮਰੇ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਹੁਣ ਢਾਈ ਕਿੱਲਿਆਂ ਦੇ ਮਾਲਕਾਂ ਨੂੰ ਕੁੜੀ ਦਾ ਰਿਸ਼ਤਾ ਕੀਹਨੇ ਦੇਣਾ ਹੋਇਆ ਭਲਾ? ਕੈਲੇ ਦੀ ਉਮਰ ਚਾਲੀਆਂ ਦੇ ਕਰੀਬ ਅਤੇ ਨਿੱਕੇ ਜੈਲੇ ਦੀ ਤੀਹਾਂ-ਬੱਤੀਆਂ ਨੂੰ ਟੱਪ ਗਈ।
“ਨਿੱਕਿਆ! ਆਪਾਂ ਤਾਂ ਡੱਕੇ ਤੋੜ’ਤੇ ਕਦੋਂ ਦੇ ਵਿਆਹ ਆਲੇ, ਹੁਣ ਤਾਂ ਰੱਬ ਦੇ ਚਰਨਾਂ ਵਿਚ ਅਰਦਾਸ ਆ, ਬਈ ਤੈਨੂੰ ਕੋਈ ਸਾਕ ਜੁੜ ਜਾਵੇ ਭਰਾਵਾ! ਔਤਾਂ ਦੀਆਂ ਥਾਵਾਂ ਵੀ ਮੇਰੇ ਸਾਲੇ ਦੇ ਸ਼ਰੀਕ ਰੱਸੀਆਂ ਧਰ ਧਰ ਕੇ ਮਿਣਦੇ ਆ।” ਕੈਲਾ ਡਰ ਜ਼ਾਹਰ ਕਰਦਾ।
“ਕੋਈ ਨਾ ਬਾਈ, ਰੱਬ ਭਲੀ ਕਰੂ। ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਆ।” ਜੈਲਾ ਧਰਵਾਸ ਦਿੰਦਾ, ਵੈਸੇ ਹਕੀਕਤ ਦੇ ਰੂ-ਬ-ਰੂ ਹੋਣ ਤੋਂ ਉਸ ਨੂੰ ਵੀ ਡਰ ਲੱਗਦਾ। ਉਨ੍ਹਾਂ ਦੀ ਮਾਂ ਬਿਸ਼ਨ ਕੁਰ ਸਾਰੀ ਉਮਰ ਚੁੱਲ੍ਹਾ ਬਾਲਦੀ ਅੱਖਾਂ ਤੋਂ ਅੰਨ੍ਹੀ ਹੋ ਚੁੱਕੀ ਸੀ।
“ਮਿੱਤਰਾ ਔਖਾ ਵਾ। ਹੁਣ ਤਾਂ ਬੁੜੀ ਨੂੰ ਵੀ ਲੰਗੇ ਡੰਗ ਈ ਦੀਂਹਦਾ। ਵਿਚਾਰੀ ਧੰਨ ਆ ਜਿਹੜੀ ਫੇਰ ਵੀ ਆਪਣਾ ਲੰਗਰ ਪਕਾਈ ਜਾਂਦੀ ਆ। ਜੇ ਬੇਬੇ ਅੱਖਾਂ ਮੀਚ ਗਈ, ਫੇਰ ਤਾਂ ਹੱਥ ਵੀ ਨਹੀਂ ਸਾੜ ਹੋਣੇ।” ਕੈਲਾ ਤਲਖ ਹਕੀਕਤਾਂ ਤੋਂ ਪਰਦਾ ਚੁੱਕਦਾ।
“ਕੋਈ ਨਾ ਬਾਈ, ਜੇ ਸਾਲਾ ਜਮਾਂ ਈ ਸੂਤ ਨਾ ਬੈਠਿਆ ਤਾਂ ਕੋਈ ਪੂਰਬਣੀ-ਪਾਰਬਣੀ ਹੀ ਲੈ ਆਮਾਂਗੇ। ਮੈਨੂੰ ਕਾਕਾ ਟਰੱਕ ਡਰੈਵਰ ਕਹਿੰਦਾ ਸੀ, ਮੋਟੇ ਪਿਆਰੇ ਕਾ, ਨੇਪਾਲ ਵਿਚੋਂ ਪੰਜ ਕੁ ਹਜ਼ਾਰ ਵਿਚ ਤੀਵੀਂ ਮਿਲ ਜਾਂਦੀ ਆ।” ਜੈਲੇ ਨੇ ਨਵੀਂ ਬੁਝਾਰਤ ਪਾ ਦਿੱਤੀ।
“ਉਹ ਤਾਂ ਠੀਕ ਆ ਛੋਟਿਆ ਪਰ ਫੇਰ ਅੱਗੇ ਨਿਆਣਿਆਂ ਨੂੰ ਨ੍ਹੀਂ ਹੋਣਾ ਰਿਸ਼ਤਾ। ਨੇਪਾਲਣ ਦੇ ਨਿਆਣਿਆਂ ਨੂੰ ਕਿਹੜਾ ਜੱਟ ਸਾਕ ਦੇਦੂ। ਆਪਣੇ ਤਾਂ ਸਾਲੇ ਦਾਦੇ ਦੇ ਨਾਨਕਿਆਂ ਤੱਕ ਤਾਂ ਗੋਤ ਪੁੱਛਦੇ ਆ।”
“ਐਦੂੰ ਤਾਂ ਯਾਰ ਕਿਸੇ ਕੰਮੀ-ਕਮੀਣ ਦੇ ਘਰੇ ਹੀ ਰੱਬ ਪੈਦਾ ਕਰ ਦਿੰਦਾ, ਸਾਲਾ ਰੂੜੀ ‘ਤੇ ਬੈਠਿਆਂ ਨੂੰ ਵੀ ਸਾਕ ਹੋ ਜਾਂਦੈ। ਜੱਟ ਜਾਤ ਦੇ ਤਾਂ ਨਕੌੜੇ ਹੀ ਨ੍ਹੀਂ ਮਾਨ। ਮੁੰਡੇ ਨਾਲ ਨ੍ਹੀਂ ਕਿੱਲਿਆਂ ਨਾਲ ਕੁੜੀ ਤੋਰਦੇ ਆ ਫੇਰੇ ਦੇਣੇ।” ਜੈਲੇ ਨੇ ਹਉਕਾ ਭਰਿਆ।
ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਧੂਹ-ਘੜੀਸ ਵਿਚ ਰੁੜ੍ਹ ਹੀ ਰਹੀ ਸੀ। ਘਰ ਨਾਰ ਬਿਨਾਂ ਜੂਨ ਕਟੀ ਕਰਨਾ ਪਹਾੜ ਬਣਿਆ ਪਿਆ ਸੀ। ਕਹਿੰਦੇ ਨੇ ਕਿ ਰੱਬ ਬਾਰਾਂ ਵਰ੍ਹਿਆਂ ਬਾਅਦ ਰੂੜ੍ਹੀ ਦੀ ਵੀ ਸੁਣ ਲੈਂਦਾ ਹੈ, ਆਖਰ ਇਕ ਦਿਨ ਦੋਹਾਂ ਛੜੇ ਭਰਾਵਾਂ ਦੀ ਪਪੀਹੇ ਵਾਲੀ ਕੂਕ ਰੱਬ ਦੀ ਦਰਗਾਹ ਪਹੁੰਚ ਗਈ। ਉਨ੍ਹਾਂ ਦੀ ਮਾਂ ਨੇ ਕਈ ਕਰਮਾਂ ਵਾਲੀਆਂ ਦੀਆਂ ਮਿੰਨਤਾ ਕੀਤੀਆਂ ਤੇ ਇਕ ਦਿਨ ਕਹਾਣੀ ਰਾਸ ਆ ਗਈ। ਉਨ੍ਹਾਂ ਦੇ ਸਕੇ ਤਾਏ ਦੀ ਇਕ ਨੂੰਹ ਮਾਝੇ ਤੋਂ ਸੀ। ਬੁੱਢੀ ਮਾਂ ਬਿਸ਼ਨੀ ਉਹਦੇ ਕੋਲ ਢਿੱਡ ਫਰੋਲਣ ਲੱਗੀ, “ਨੀ ਮਾਝੇ ਆਲੀਏ, ਕਿਤੇ ਮੇਰੇ ਪੁੱਤਾਂ ਨੂੰ ਵੀ ਰਿਸ਼ਤਾ ਕਰਵਾ ਦੇ ਆਵਦੇ ਪਿੰਡਾਂ ਵਿਚੋਂ।”
“ਮਾਂ ਜੀ, ਪਹਿਲਾਂ ਤੂੰ ਕਦੇ ਗੱਲ ਈ ਨ੍ਹੀਂ ਕੀਤੀ। ਸਾਕਾਂ ਦਾ ਘਾਟਾ ਜੇ।” ਮਝੈਲਣ ਨੇ ਝਾਂਜਰਾਂ ਛਣਕਾਉਂਦਿਆਂ ਬੁੜ੍ਹੀ ਨੂੰ ਮੱਥਾ ਟੇਕ ਦਿੱਤਾ।
“ਜਿਉਂਦੀ ਰਹਿ ਧੀਏ, ਤੇਰਾ ਸਾਈਂ ਜੀਵੇ, ਭਾਈ ਜੀਵੇ, ਦੁੱਧੀਂ-ਪੁੱਤੀਂ ਫਲੇਂ।” ਮਾਈ ਨੇ ਅਸੀਸਾਂ ਦੀ ਝੜੀ ਲਾ ਦਿੱਤੀ। ਸਾਕ ਦੀ ਗੱਲ ਤਾਂ ਅੱਗੇ ਵੀ ਕਈ ਥਾਂਵਾਂ ਤੋਂ ਚੱਲੀ ਸੀ, ਪਰ ਘੱਟ ਜ਼ਮੀਨ ਦੀ ਅੜਾਉਣੀ ਨੇ ਸਿਰੇ ਨਹੀਂ ਸੀ ਲੱਗਣ ਦਿੱਤੀ, ਪਰ ਮਾਝੇ ਦੀ ਜੱਟੀ ਕੁੰਡੀਆਂ ਮੇਲਣ ਵਿਚ ਮਾਹਰ ਸੀ।
“ਦੇਖੋ ਮਾਂ ਜੀ, ਜੇ ਕਹੇਂ ਦੋਨਾਂ ਨੂੰ ਸਾਕ ਹੋਜੂ ਤਾਂ ਮੈਂ ਝੂਠ ਨ੍ਹੀਂ ਮਾਰਦੀ, ਗੱਲ ਔਖੀ ਐ। ਭਾਅ ਜੀ ਕਰਨੈਲ ਸਿਹੁੰ ਦੀ ਤਾਂ ਉਮਰ ਵੀ ਵਿਆਹ ਨੂੰ ਟੱਪੀ ਖਲੋਤੀ ਐ। ਹਾਂ ਨਿੱਕੇ ਜੈਲੇ ਨੂੰ ਜ਼ਰੂਰ ਕਰਾ ਦਿੰਦੀ ਆਂ, ਆਵਦੀ ਮਾਸੀ ਦੀ ਕੁੜੀ ਦਾ। ਕੁੜੀ ਸੋਹਣੀ, ਸੁਨੱਖੀ ਤੇ ਸਚਿਆਰੀ ਆ। ਆਹ ਤਿਆਡੇ ਮਲਵਈ ਹੀ ਹੈਗੇ ਆ, ਮੋਗੇ ਕੋਲ ਪਿੰਡ ਆ ਘੱਲ ਕਲਾਂ ਉਨ੍ਹਾਂ ਦਾ।” ਮਝੈਲਣ ਨੇ ਸਿਰੇ ਦੀ ਸੁਣਾ ਦਿੱਤੀ।
“ਧੀਏ ਮੈਂ ਤੇਰਾ ‘ਹਸਾਨ ਸਾਰੀ ਉਮਰ ਨ੍ਹੀਂ ਭੁੱਲਦੀ। ਜਿਹੜੇ ਨੂੰ ਮਰਜ਼ੀ ਕਰਵਾ ਦੇ। ਕੁਲ ਦਾ ਦੀਵਾ ਜਗਦਾ ਰਹਿ ਜਵੇ। ਆਪੇ ਦੋਨੋਂ ਭਰਾ ਔਖੇ-ਸੌਖੇ ਨਿਭਾ ਕਰੀ ਜਾਣਗੇ।” ਬੁੜ੍ਹੀ ਸਚਮੁੱਚ ਮੋਮ ਦੀ ਬਣੀ ਪਈ ਸੀ।
“ਆਹੋ ਮਾਂ ਜੀ, ਡੰਗ ਈ ਟਪਾਉਣਾ ਹੋਇਆ ਕਿ। ਕੁੜੀ ਸਿਆਣੀ ਆ ਉਂਜ। ਘਰ ਬੰਨ੍ਹ ਕੇ ਰੱਖੂ, ਤੂੰ ਫਿਕਰ ਨਾ ਕਰ ਪਰ ਵੇਖੀਂ ਨਾ, ਵਿਚਾਰੀ ਪਹਿਲਾਂ ਵਿਆਈ ਸੀ, ਘਰ ਵਾਲਾ ਛੇ ਕੁ ਮਹੀਨੇ ਬਾਅਦ ਐਕਸੀਡੈਂਟ ਵਿਚ ਪੂਰਾ ਹੋ ਗਿਆ। ਬਾਲ ਬੱਚਾ ਕੋਈ ਨ੍ਹੀਂ ਸੀ ਹੋਇਆ। ਹੁਣ ਪੇਕਿਆਂ ਦੇ ਬੈਠੀ ਆ ਵਿਚਾਰੀ।” ਮਝੈਲਣ ਨੇ ਅਸਲ ਕਾਰਨ ‘ਤੇ ਚਾਨਣਾ ਪਾਇਆ।
“ਚੱਲ ਕੋਈ ਨਾ ਬਹੂ ਇਹ ਤਾਂ ਕਿਸਮਤ ਦੀਆਂ ਖੇਡਾਂ! ਤੂੰ ਰੋਟੀ ਪੱਕਦੀ ਕਰ ਮੇਰੇ ਸਾਧ ਪੁੱਤਾਂ ਦੀ। ਹੁਣ ਮੈਥੋਂ ਬੁੜ੍ਹੀ ਤੋਂ ਨ੍ਹੀਂ ਹੋਰ ਹੱਥ ਫੂਕ ਹੁੰਦੇ।”
ਮਝੈਲਣ ਦੂਜੇ ਦਿਨ ਹੀ ਜਗਰਾਵਾਂ ਤੋਂ ਮੋਗੇ ਨੂੰ ਬੱਸ ਚੜ੍ਹ ਗਈ। ਬੱਸ ਮਹੀਨੇ ਕੁ ਦੇ ਵਕਫ਼ੇ ਮਗਰੋਂ ਚੁੰਨੀ ਚੜ੍ਹਾਵਾ ਹੋ ਗਿਆ। ਵਿਆਹ ਭਾਵੇਂ ਸਾਦੇ ਤਰੀਕੇ ਨਾਲ ਕੀਤਾ ਗਿਆ, ਪਰ ਵਿਚੋਲਣ ਨੂੰ ਉਂਗਲ ਪੀਲੀ ਕਰ ਕੇ ਖੁਸ਼ ਕਰ ਦਿੱਤਾ ਗਿਆ। ਕੁੜੀਆਂ ਨੇ ਵੀਰ ਦੀਆਂ ਘੋੜੀਆਂ ਗਾਈਆਂ, ਮਾਂ ਨੇ ਨਵੀਂ ਵਿਆਹੀ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ। ਬੀਹੀ-ਵਿਹੜੇ ਦੀਆਂ ਜਨਾਨੀਆਂ ਨੇ ਨੱਚ ਨੱਚ ਧਰਤੀ ਪੱਟ ਸੁੱਟੀ। ਵਿਆਹ ਭਾਵੇਂ ਨਿੱਕੇ ਜੈਲੇ ਦਾ ਹੋਇਆ ਸੀ, ਪਰ ਕੈਲੇ ਤੋਂ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ। ਉਹ ਕਤਰੀ ਦਾੜ੍ਹੀ ਨੂੰ ਮੋਟੀ ਮੋਟੀ ਕਲਫ ਲਗਾ ਮੁੱਛਾਂ ਦੇ ਖਤ ਕੱਢ ਕੇ, ਟੌਰੇ ਵਾਲੀ ਪੱਗ ਬੰਨ੍ਹ ਮੁੜ ਚੋਬਰ ਬਣ ਗਿਆ ਸੀ। ਛੜਿਆ ਦਾ ਭਾਂ ਭਾਂ ਕਰਦਾ ਵਿਹੜਾ ਗੁਲਾਬ ਦੇ ਫੁੱਲ ਵਰਗੀ ਤੀਵੀਂ ਆਉਣ ਕਰ ਕੇ ਮਹਿਕਾਂ ਛੱਡਣ ਲੱਗ ਗਿਆ ਸੀ।
ਨਵੀਂ ਵਿਆਂਹੁਦੜ ਚਰਨਜੀਤ ਕੌਰ ਅਠਾਈਆਂ-ਤੀਹਾਂ ਦੀ ਸੀ। ਕੱਦ ਦੀ ਭਾਵੇਂ ਮੱਧਰੀ ਸੀ, ਪਰ ਗੋਰਾ ਰੰਗ, ਪਤਲਾ ਲੱਕ ਫਬਵੀਂ ਮੁਟਿਆਰ ਬਣਾਉਂਦਾ ਸੀ। ਉਹਦੀ ਤੁਰਦੀ ਦੀ ਝਾਂਜਰ ਛਣਕਦੀ ਤਾਂ ਵਿਹੜੇ ਵਿਚ ਜਿਵੇਂ ਤੀਆਂ ਲੱਗ ਜਾਂਦੀਆਂ। ਉਹ ਹੱਸਦੀ ਤਾਂ ਲੱਗਦਾ ਜਿਵੇਂ ਸਾਰਾ ਘਰ ਉਹਦੇ ਨਾਲ ਹੱਸਦਾ ਹੋਵੇ।
ਵਿਆਹ ਜੈਲੇ ਦਾ ਹੋਇਆ ਸੀ, ਪਰ ਕੈਲਾ ਵੀ ਪੂਰਾ ਨਿੱਖਰ ਆਇਆ ਸੀ। ਉਹ ਦਾੜ੍ਹੀ ਰੰਗ ਕੇ ਖਤ ਕੱਢ ਕੇ ਰੱਖਦਾ। ਉਹ ਅੱਗੇ ਨਾਲੋਂ ਕਿਤੇ ਵੱਧ ਕੰਮ ਕਰਦਾ। “ਬਾਈ ਮੈਨੂੰ ਵੀ ਕੱਢ ਲੈਣ ਦਿਆ ਕਰ ਦੋ ਰਾਹਲਾਂ, ਤੂੰ ਤਾਂ ਊਈਂ ਪਤੰਦਰਾ ਦੱਬੀ ਫਿਰਦੈਂ ਕੰਮ ਨੂੰ।” ਜੈਲਾ ਹਲ ਵਾਹੁੰਦੇ ਕੈਲੇ ਨੂੰ ਕਹਿੰਦਾ।
“ਉਏ ਨਿੱਕਿਆ, ਆਹੀ ਥੋਡੀ ਉਮਰ ਆ ਚਾਰ ਦਿਨ ਇਕੱਠੇ ਬਹਿਣ ਦੀ। ਮੁੜ ਕੇ ਸਾਰੀ ਜ਼ਿੰਦਗੀ ਹਲਾ ਕੁੱਤਿਆ, ਹਲਾ ਕੁੱਤਿਆ ਈ ਹੁੰਦੀ ਰਹਿਣੀ ਆ। ਤੂੰ ਮੌਜ ਕਰ। ਨਾਲੇ ਜੇ ਹੁਣ ਤਾਅ ਨਾ ਦਿਖਾਇਆ ਤਾਂ ਬਿਗਾਨੀ ਧੀ ਕਹੂ ਬਈ ਜੱਟ ਦੇ ਪੁੱਤ ਵਿਚ ਕਣ ਹੈ ਨ੍ਹੀਂ।” ਕੈਲਾ ਹੱਸ ਛੱਡਦਾ। ਜਿਵੇਂ-ਕਿਵੇਂ ਕਰਦਿਆਂ ਨੂੰ ਪਤਾ ਵੀ ਨਾ ਲੱਗਿਆ, ਕਦੋਂ ਸਾਲ ਟੱਪ ਗਿਆ। ਭਾਦੋਂ ਦੇ ਅਖੀਰ ਛੜਿਆਂ ਦੇ ਦਰਵਾਜ਼ੇ ਮੂਹਰੇ ਸ਼ਰੀਂਹ ਦੇ ਸਿਹਰੇ ਲਟਕ ਚੁੱਕੇ ਸਨ।
“ਧੰਨ ਆ ਮਾਲਕਾ ਧੰਨ ਆ। ਵਾ’ਗਰੂ ਸੱਚੇ ਪਾਤਸ਼ਾਹ ਕੁੱਲ ਦਾ ਭਲਾ ਕਰੀਂ। ਮਾਲਕਾ ਜਿਮੇਂ ਸਾਡੀ ਗਰੀਬਾਂ ਦੀ ਸੁਣੀ ਆ, ਉਮੇਂ ਸਾਰਿਆਂ ਦੀ ਸੁਣੀਂ।” ਕੈਲੇ ਹੋਰਾਂ ਦੀ ਬੁਢੜੀ ਮਾਈ ਖੀਵੀ ਹੋਈ ਪਈ ਸੀ। ਜੇਠੇ ਜੁਆਕ ਦੀ ਜੇਠੀ ਕਿਲਕਾਰੀ ਨੇ ਸਾਰੇ ਟੱਬਰ ਨੂੰ ਬਾਗੋ-ਬਾਗ ਕਰ ਦਿੱਤਾ।
ਲੋਹੜੀ ਦੀ ਰਾਤ ਪਿੰਡ ਦੀ ਸੱਥ ਵਿਚ ਮਘਦੀ ਧੂਣੀ ‘ਤੇ ਗਿੱਧੇ ਦਾ ਪਿੜ ਬੱਝ ਗਿਆ। ਕੁੜੀਆਂ ਨੇ ਨਾਂਹ ਨਾਂਹ ਕਰਦੀ ਚਰਨਜੀਤ ਨੂੰ ਪਿੜ ਵਿਚ ਖਿੱਚ ਲਿਆ। ਲਾਲ ਸੂਹੇ ਸੂਟ ਵਿਚ ਗੁਲਾਬੀ ਭਾਅ ਮਾਰਦੇ ਬੁੱਲ੍ਹਾਂ ਨੇ ਬੋਲੀ ਪਾ ਕੇ ਗੇੜਾ ਦਿੱਤਾ ਤਾਂ ਛਿੱਟ ਛਿੱਟ ਲਾ ਕੇ ਖੇੜੇ ਵਿਚ ਆਏ ਗੱਭਰੂਆਂ ਨੂੰ ਦੇਸੀ ਲਾਹਣ ਮਾਲਵੇ ਦੇ ਰੇਤਲੇ ਟਿੱਬਿਆਂ ਵਿਚ ਆਏ ਵਾਵਰੋਲੇ ਵਾਂਗ ਚੜ੍ਹ ਗਈ। ਕੈਲਾ-ਜੈਲਾ ਤੇ ਉਨ੍ਹਾਂ ਦੀ ਮਿੱਤਰ ਜੁੰਡਲੀ, ਸਿਆਣੀਆਂ ਬੁੜ੍ਹੀਆਂ ਵਾਲੇ ਪਾਸੇ ਖੜ੍ਹ ਕੇ ਗਿੱਧੇ ਵਿਚ ਬਣਦਾ ਹਿੱਸਾ ਪਾਉਣ ਲੱਗੀ। ਮਾਲਵੇ ਦੇ ਧੁਰ ਅੰਦਰਲੇ ਪਿੰਡਾਂ ਵਿਚ ਔਰਤਾਂ-ਮਰਦਾਂ ਦੇ ਰਲਵੇਂ ਗਿੱਧੇ ਨੂੰ ਮਾੜੀ ਅੱਖ ਨਾਲ ਨਹੀਂ ਦੇਖਿਆ ਜਾਂਦਾ।
“ਨੱਚ ਲੈ ਕਲਿਹਰੀਆ ਮੋਰਾ ਵਿਚ ਭਰਜਾਈਆਂ ਦੇ।” ਕਿਸੇ ਮੁਟਿਆਰ ਨੇ ਰੜਕਵੀਂ ਬੋਲੀ ਪਾਈ ਤਾਂ ਮੁੰਡਿਆਂ ਦੀ ਟੋਲੀ ਨੇ ਬਦੋਬਦੀ ਛੜੇ ਕੈਲੇ ਨੂੰ ਪਿੜ ਵਿਚ ਧੱਕਾ ਮਾਰ ਦਿੱਤਾ। ਉਹ ਤਾਂ ਪਹਿਲਾਂ ਹੀ ਤਾਰੂ ਸੀ।
“ਚੱਲ ਭਰਜਾਈ ਹੁਣ ਮਾਣ ਰੱਖ ਲੈ ਵਿਚਾਰੇ ਛੜੇ ਦਾ।” ਆਖ ਕਿਸੇ ਚਲਾਕੋ ਨਨਾਣ ਨੇ ਚਰਨਜੀਤ ਨੂੰ ਵੀ ਪਿੜ ਵਿਚ ਧੱਕ ਦਿੱਤਾ। ਏਧਰ ਕੈਲੇ ਦੇ ਸੰਘੋਂ ਹੇਠਾਂ ਉਤਰਿਆ ਦੂਧੀਆ ਰੰਗ ਦਾ ਕਰਾਮਾਤੀ ਪਾਣੀ ਆਪਣੀ ਕਰਾਮਾਤ ਦਿਖਾਉਣ ਲੱਗਾ। ਉਸ ਨੇ ਆਪਣੀ ਅੰਤਰ ਵੇਦਨਾ ਸੀਨੇ ਤੋਂ ਹੱਥ ਰੱਖ ਕੇ ਖੁੱਲ੍ਹੇ ਪਿੜ ਵਿਚ ਜ਼ਾਹਿਰ ਕਰ ਦਿੱਤੀ। ਲੜ ਛੱਡਵੀਂ ਸ਼ਮਲੇ ਵਾਲੀ ਪੱਗ ਦੇ ਖੱਬੇ ਪਾਸੇ ਕੰਨ ਕੋਲ ਹੱਥ ਰੱਖ ਕੇ ਉਸ ਨੇ ਮਲਵਈ ਹੇਕ ਚੁੱਕੀ,
“ਹੈ ਨੀ ਭਰਜਾਈਏ ਸੂਹਣ ਸਲਾਈਏ ਸੁਣ ਸੀਨੇ ਦਾ ਸਾੜਾ।
ਸਾਨੂੰ ਵੀ ਕੋਈ ਲਿਆਦੇ ਖੇਡਣਾ ਮਾਰ ਕਿਤੇ ਕੋਈ ਧਾੜਾ।
ਨੀ ਆਹ ਫੜ ਪੇਕਿਆਂ ਦਾ ਆਉਣ ਜਾਣ ਦਾ ਭਾੜਾ।
ਨੀ ਆ ਫੜæææ।
ਗਿੱਧਾ ਪੂਰਾ ਭਖ ਗਿਆ। ਬੋਲੀਆਂ ਪੈਂਦੀਆਂ ਰਹੀਆਂ। ਪਟੋਲਾ ਬਣ ਕੇ ਨੱਚਦੀ ਚਰਨਜੀਤ ਦੇ ਸਿਰੋਂ ਕੈਲਾ ਨੋਟ ਵਾਰ ਵਾਰ ਕੁੜੀਆਂ ਨੂੰ ਵੰਡਦਾ ਰਿਹਾ। ਹੌਲੀ ਹੌਲੀ ਗਿੱਧੇ ਦਾ ਪਿੜ ਖਿੰਡ ਗਿਆ। ਬੇਬੇ ਨੇ ਕੁੜੀਆਂ ਤੇ ਨਿਆਣਿਆਂ ਦੀਆਂ ਝੋਲੀਆਂ ਗੁੜ, ਰਿਓੜੀਆਂ ਤੇ ਮੂੰਗਫਲੀ ਨਾਲ ਭਰ ਦਿੱਤੀਆਂ।
“ਬੇਬੇ ਤੁਸੀਂ ਘਰ ਨੂੰ ਚੱਲੋ, ਮੈਂ ਆਉਨਾ।” ਕਹਿ ਕੇ ਕੈਲਾ ਧੂਣੀ ਦੇ ਨਾਲ ਲੱਗਦੇ ਵਿਸਾਖਾ ਸਿਹੁੰ ਤਖਾਣ ਦੇ ਕਾਰਖਾਨੇ ਵੜ ਗਿਆ ਜਿਥੇ ਚੋਬਰਾਂ ਨੇ ਮੂੰਹ ਕੌੜਾ ਕਰਨ ਦਾ ਸੌਦਾ-ਪੱਤਾ ਪਹਿਲਾਂ ਹੀ ਰੱਖਿਆ ਹੋਇਆ ਸੀ। ਉਸ ਤੋਂ ਛੋਟਾ ਜੈਲਾ, ਜਨਾਨੀਆਂ ਨਾਲ ਘਰ ਨੂੰ ਤੁਰ ਗਿਆ ਸੀ।
“ਉਏ ਆ ਬਾਈ ਕਰਨੈਲ ਸਿਆਂ, ਅੱਜ ਤਾਂ ਕੀ ਕਹਿੰਦੇ ਆ, ਧੂੜਾਂ ਪੱਟ’ਤੀਆਂ ਨੱਚ ਨੱਚ ਕੇ ਨਿੱਕੀ ਭਰਜਾਈ ਨਾਲ।” ਗਿੱਲਾਂ ਦੇ ਲੰਗੜੇ ਬਿੰਦਰੀ ਨੇ ਅੰਦਰ ਵੜਦਿਆਂ ਹੀ ਟਕੋਰ ਕੀਤੀ। ਬਿੰਦਰੀ ਦੀ ਗੱਲ ਸੁਣ ਕੇ ਮੁੰਡਿਆਂ ਦੀ ਢਾਣੀ ਵਿਚ ਖਚਰੀ ਜਿਹੀ ਮੁਸਕਾਨ ਫੈਲ ਗਈ। ‘ਅੱਜ ਤਾਂ ਕੀ ਕਹਿੰਦੇ ਆ’ ਬਿੰਦਰੀ ਦਾ ਤਕੀਆ ਕਲਾਮ ਸੀ। ਲੰਗੜਾ ਹੋਣ ਕਰ ਕੇ ਚੰਗੀ ਜ਼ਮੀਨ ਹੋਣ ਦੇ ਬਾਵਜੂਦ ਉਸ ਨੂੰ ਕਿਤੋਂ ਸਾਕ ਨਹੀਂ ਸੀ ਜੁੜਿਆ। ਵਿਗੜੈਲ ਹੋਣ ਕਰ ਕੇ ਪਿੰਡ ਵਿਚ ਸਾਰੇ ਉਸ ਨੂੰ ਕੈਦੋਂ ਕਹਿ ਕੇ ਬੁਲਾਉਂਦੇ ਤੇ ਘਰੇ ਵੀ ਉਸ ਦੀ ਬਾਹਲੀ ਪੁੱਛ-ਪ੍ਰਤੀਤ ਨਹੀਂ ਸੀ।
“ਤੇਰੇ ਕਿਉਂ ਚਲੂਣੇ ਲੜਦੇ ਆ ਲੰਗੜਦੀਨਾ? ਤੈਨੂੰ ਕੋਈ ਘਰੇ ਪੁੱਛੇ ਨਾ ਬਾਹਰ। ਰੈਅਕੋਟ ਆਲੀ ਤੈਨੂੰ ਚੌਂਕੇ ਨ੍ਹੀਂ ਚੜ੍ਹਨ ਦਿੰਦੀ, ਤਾਂ ਹੀ ਤਾਂ ਵਿਹੜੇ ਆਲੀ ਮੇਲੋ ਤੋਂ ਖੋਂਸੜੇ ਖਾਧੇ ਸੀ।” ਕੈਲੇ ਨੇ ਮੋੜਵਾਂ ਵਾਰ ਕਰ ਦਿੱਤਾ। ਮੁੰਡਿਆਂ ਵਿਚ ਹਾਸਾ ਪੱਸਰ ਗਿਆ।
“ਉਏ ਸਾਡੀ ਕਿਸਮਤ ਸਰਦਾਰ ਕਰਨੈਲ ਸਿਆਂ ਤੇਰੇ ਅਰਗੀ ਕਾਹਨੂੰ ਐਂ। ਅੱਜ ਤਾਂ ਕੀ ਕਹਿੰਦੇ ਆ ਸਾਡੇ ਆਲੀ ਰੈਅਕੋਟਣੀ ਕਾਹਨੂੰ ਬੂਥ ਧਰਾਉਂਦੀ ਆ, ਤਾਂ ਹੀ ਤਾਂ ਭਰਾਵਾ ਅੱਕ ਚੱਬੀਦਾ। ਤੂੰ ਤਾਂ ਬਾਈ ਸਾਰੇ ਕੰਮ ਨੂੰ ਦਬੱਲੀ ਫਿਰਦੈਂ। ਆਹ ਕੀ ਕਹਿੰਦੇ ਆ ਗੌਣ ਆਲੇ ਨ੍ਹੀਂ ਆਖਦੇ, ਅਖੇ ਦਿਓਰਾ ਵੇ ਮੈਨੂੰ ਕਹਿਣ ਕੁੜੀਆਂ, ਤੇਰੇ ਮੁੰਡੇ ਦਾ ਤਾਂ ਜੇਠ ‘ਤੇ ਮੜੰਗਾ।” ਲੰਗੜਦੀਨ ਫੇਰ ਤੋੜਾ ਝਾੜ ਗਿਆ।
“ਉਹ ਸਹੁਰੀ ਦਿਆ ਮੇਰੇ ਤਾਂ ਜਵਾਕਾਂ ਅਰਗੀ ਆ ਵਿਚਾਰੀ। ਅੱਜ ਤਾਂ ਊਈਂ ਖਾਧੀ-ਪੀਤੀ ਵਿਚ ਸ਼ੁਗਲ ਮੇਲਾ ਕਰ ਲਿਆ।” ਕੈਲੇ ਨੇ ਹੱਥ ਵਿਚਲਾ ਹਾੜਾ ਮਾਰਿਆ ਤੇ ਘਰ ਨੂੰ ਤੁਰ ਪਿਆ।
“ਬਾਈ ਸਿਆਂ ਕੀ ਕਹਿੰਦੇ ਆ ਐਮੇਂ ਵਾਧੂ ਮੁਖਤ ਵਿਚ ਈ ਨਾ ਮੁੱਛਾਂ ਮਰੋੜਦਾ ਫਿਰੀਂ, ਤੇਰਾ ਵੀ ਹੱਕ ਬਣਦੈ। ਤੂੰ ਅੱਧ ਦਾ ਮਾਲਕ ਐਂ। ਇਨ੍ਹਾਂ ਨੇ ਈ ਸਾਂਭਣੀ ਐਂ ਮੁੜ ਕੇ ਤੇਰੇ ਹਿੱਸੇ ਆਉਂਦੀ ਵੀ। ਸਿਆਣੇ ਕਹਿੰਦੇ ਆ ਬਈ ਸਾਲ ਵਿਚ ਇਕ ਮਹੀਨਾ ਜੇਠ ਦਾ ਵੀ ਆਉਂਦੈ। ਸਾਰੇ ਚੌਣੇ ਨੂੰ ਪੱਠੇ ਪਾਵੇਂ ਤੂੰ, ਤੇ ਕੋਤਲ ਘੋੜੀ ‘ਤੇ ਇਕ-ਅੱਧਾ ਝੂਟਾ ਤਾਂ ਤੇਰਾ ਵੀ ਬਣਦਾ ਹੋਇਆ ਕਿ ਨਹੀਂ? ਹੈਂ?” ਉਸ ਨੂੰ ਤੁਰੇ ਜਾਂਦਿਆਂ ਪਿਛਿਓਂ ਬਿੰਦਰੀ ਲੰਗੜੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਕੰਨ ਵਲੇਟ ਕੇ ਅਗਾਂਹ ਤੁਰ ਗਿਆ। ਉਹਦੇ ਘਰ ਜਾਂਦੇ ਨੂੰ ਸਾਰਾ ਟੱਬਰ ਦੀਵਾ-ਬੱਤੀ ਵਧਾ ਕੇ ਆਪੋ-ਆਪਣੇ ਬਿਸਤਰਿਆਂ ‘ਚ ਵੜ ਚੁੱਕਾ ਸੀ। ਸਾਰਾ ਪਿੰਡ ਘੂਕ ਸੁੱਤਾ ਪਿਆ ਜਾਪਦਾ ਸੀ।
“ਸਾਲੇ, ਮੇਰੇ ਸਾਲੇ ਇਉਂ ਸੁੱਤੇ ਪਏ ਆ ਜਿਮੇਂ ਕਬਰਾਂ ਵਿਚ ਮੁਰਦੇ ਪਏ ਹੁੰਦੇ ਆ। ਮੇਰੀ ਰੋਟੀ ਦਾ ਕਿਸੇ ਨੂੰ ਕਿਹੜਾ ਕੋਈ ਫਿਕਰ ਆ।” ਮੱਠੀ ਜਿਹੀ ਭੁੱਖ ਲੱਗੀ ਹੋਣ ਕਰ ਕੇ ਉਹ ਸਿੱਧਾ ਰਸੋਈ ਵੱਲ ਹੋ ਤੁਰਿਆ। ਬੇਬੇ ਹਮੇਸ਼ਾ ਰਸੋਈ ਵਿਚ ਹੀ ਸੌਂਦੀ ਸੀ, ਛੋਟਾ ਜਰਨੈਲ ਆਪਣੇ ਟੱਬਰ ਸਮੇਤ ਪੱਕੀ ਬੈਠਕ ਵਿਚ, ਤੇ ਬੈਠਕ ਤੋਂ ਅਗਾਂਹ ਲੰਘਦੇ ਸਾਰ ਪਸ਼ੂਆਂ ਵਾਲੇ ਦਲਾਨ ਕੋਲ ਉਹਦੀ ਸਬਾਤ ਸੀ। ਰਸੋਈ ਵਿਚੋਂ ਬੇਬੇ ਦੇ ਘੁਰਾੜੇ ਖੌਰੂ ਪਾ ਰਹੇ ਸਨ।
“ਬੁੜ੍ਹੀ ਤਾਂ ਰੇਲ ਬਣਾਈ ਜਾਂਦੀ ਆ ਮਿੱਤਰਾ ਘੁਰਾੜਿਆਂ ਆਲੀ।” ਮੱਧਮ ਜਿਹੇ ਜਗਦੇ ਸਰੋਂ ਦੇ ਦੀਵੇ ਦੇ ਚਾਨਣ ਵਿਚ ਉਸ ਨੂੰ ਬੇਬੇ ਦਾ ਖੁੱਲ੍ਹਾ ਮੂੰਹ, ਆਲੇ ਵਾਂਗ ਜਾਪਿਆ।
“ਕਿਸੇ ਮੇਰੇ ਸਾਲੇ ਨੂੰ ਮੇਰੀ ਫਿਕਰ ਹੈਨ੍ਹੀਂ! ਏਧਰ ਬੁੜ੍ਹੀ ਲਟਾਪੀਂਘ ਹੋਈ ਪਈ ਐ, ਤੇ ਉਹ ਮੇਰਾ ਸਾਲਾ ਜਨਾਨੀ ਦੀਆਂ ਟੰਗਾਂ ਵਿਚ ਟੰਗਾਂ ਅੜਾਈ ਸੁੱਤਾ ਪਿਆ ਹੋਣੈ। ਤੇ ਤੂੰ ਰੋ ਕੈਲਿਆ ਆਪਣੇ ਕਰਮਾਂ ਨੂੰ। ਸੱਚ ਹੀ ਕਹਿੰਦੇ ਆ ਅਗਲੇ, ‘ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ’।” ਉਹ ਖਾਣ ਵਾਸਤੇ ਟੁੱਕ ਭਾਲ ਰਿਹਾ ਸੀ। ਛਾਬੇ ਵਿਚੋਂ ਠੰਢੀਆਂ ਰੋਟੀਆਂ ਚੁੱਕ ਕੇ ਉਨ੍ਹਾਂ ਤੇ ਸਾਗ ਦੀ ਕੜਛੀ ਧਰ ਕੇ ਉਹ ਰਸੋਈ ਤੋਂ ਬਾਹਰ ਨਿਕਲਣ ਲੱਗਾ ਤਾਂ ਦੇਹਲੀ ਵਿਚ ਪਏ ਜੂਠੇ ਭਾਂਡਿਆਂ ਵਿਚ ਪੈਰ ਵੱਜਣ ਕਰ ਕੇ ਔਖੜ ਗਿਆ।
“ਕ ਕੌਣ ਐ ਭਾ ਈ?” ਭਾਂਡਿਆਂ ਦਾ ਖੜਾਕਾ ਸੁਣ ਕੇ ਬੇਬੇ ਅੱਭੜਵਾਹੇ ਬੋਲੀ।
“ਮੈਂ ਆਂ ਕੈਲਾ ਤੂੰ ਸੌਂ ਜਾਹ ਬੇਬੇ।” ਉਹ ਭਰਿਆ-ਪੀਤਾ ਬੋਲਿਆ।
“ਕੀ ਕਰਦੈਂ ਪੁੱਤ ਆਹ ਵੇਲੇ? ਤੂੰ ਸੁੱਤਾ ਨ੍ਹੀਂ?” ਸੁੱਤ-ਉਨੀਂਦਰੀ ਬੁੜ੍ਹੀ ਨੇ ਫੇਰ ਹੋਕਰਾ ਮਾਰਿਆ।
“ਰੋਨਾ ਆਪਣੇ ਜਣਦਿਆਂ ਨੂੰ ।” ਉਸ ਨੇ ਪਿਛਲਾ ਅੱਧਾ ਫਿਕਰਾ ਮੂੰਹ ਵਿਚ ਹੀ ਬੋਲਿਆ ਤੇ ਦਬਾਦਬ ਦੇਹਲੀਓਂ ਪਾਰ ਹੋ ਗਿਆ। ਉਹ ਤੇਜ਼ ਕਦਮੀਂ ਆਪਣੀ ਸਬਾਤ ਵੱਲ ਵਧਿਆ। ਜਦ ਨਿੱਕੇ ਜਰਨੈਲ ਦੀ ਪੱਕੀ ਬੈਠਕ ਕੋਲੋਂ ਲੰਘਿਆ ਤਾਂ ਅੰਦਰੋਂ ਆਉਂਦੀਆਂ ਮਿੱਠੀਆਂ ਜਿਹੀਆਂ ਸਿਸਕੀਆਂ ਦੀ ਆਵਾਜ਼ ਨੇ ਉਸ ਦੇ ਕਦਮ ਥਾਏਂ ਗੱਡ ਦਿੱਤੇ। ਉਹ ਮੰਤਰ-ਮੁਗਧ ਹੋ ਕੇ ਰਹਿ ਗਿਆ। ਟਿਕੀ ਰਾਤ ਵਿਚ ਅੰਦਰੋਂ ਆ ਰਹੀ ਜਨਾਨਾ ਆਵਾਜ਼ ਉਸ ਨੂੰ ਕਿਸੇ ਪਰਾਲੌਕਿਕ ਦੇਸ਼ ਦੀਆਂ ਅਨਾਦੀ ਧੁਨਾਂ ਤੋਂ ਘੱਟ ਨਹੀਂ ਸੀ ਜਾਪੀ। ਉਹ ਜੱਕੋ-ਤੱਕੀ ਵਿਚ ਤਾਕੀ ਮੂਹਰੇ ਜਾ ਖਲੋਤਾ। ਬਿੰਦਰੀ ਲੰਗੜੇ ਦੀ ਆਵਾਜ਼ ਉਸ ਦੇ ਮਨ ਵਿਚ ਘੁੰਮਣਘੇਰੀ ਜਿਹੀ ਕੱਢ ਗਈ, ‘ਸਾਰੇ ਚੌਣੇ ਨੂੰ ਪੱਠੇ ਪਾਵੇਂ ਤੂੰ। ਕੋਤਲ ਘੋੜੀ ‘ਤੇ ਇਕ-ਅੱਧਾ ਝੂਟਾ ਤੇਰਾ ਵੀ ਬਣਦਾ ਹੋਇਆ ਕਿ ਨਹੀਂ? ਹੈਂ?’
ਉਹ ਦੱਬਵੇਂ ਪੈਰੀਂ ਅੱਗੇ ਵਧਿਆ ਤੇ ਅੱਧ-ਪਚੱਧੀ ਖੁੱਲ੍ਹੀ ਖਿੜਕੀ ਵਿਚੋਂ ਟੇਢੀ ਅੱਖ ਨਾਲ ਅੰਦਰ ਝਾਕਿਆ। ਮਘ ਰਹੀ ਲਾਲਟੈਣ ਦੀ ਮੱਧਮ ਜਿਹੀ ਰੌਸ਼ਨੀ ਵਿਚ ਉਸ ਨੂੰ ਨਿੱਕੀ ਭਰਜਾਈ ਦਾ ਕਾਸ਼ਨੀ ਪਿੰਡਾ ਦਿਸ ਗਿਆ। ਉਹ ਬਾਰੀ ਵੱਲ ਪਿੱਠ ਕਰੀ ਆਪਣੇ ਪਲੰਘ ‘ਤੇ ਬੈਠੀ ਖਿਲਰੇ ਵਾਲਾ ਦਾ ਜੂੜਾ ਵਲੇਟ ਰਹੀ ਸੀ। ਕੈਲੇ ਦਾ ਸਾਰਾ ਵਜੂਦ ਸੁੱਕੇ ਪੱਤੇ ਵਾਂਗ ਕੰਬ ਉਠਿਆ। ਲੱਗਿਆ ਜਿਵੇਂ ਉਸ ਦਾ ਸਾਰਾ ਖੂਨ ਸਰੀਰ ਦੀਆਂ ਨਸਾਂ ਨੂੰ ਪਾੜ ਕੇ ਬਾਹਰ ਵਗ ਜਾਵੇਗਾ। ਲੰਬੇ ਵਾਲ ਵਲੇਟ ਕੇ ਜਦ ਉਸੇ ਹਾਲਤ ਵਿਚ ਬੈਠੀ ਚਰਨਜੀਤ ਨੇ ਮੂੰਹ ਭੰਵਾਇਆ ਤਾਂ ਮੋਰੀ ਵਿਚ ਖਲੋਤੇ ਛੜੇ ਕੈਲੇ ਨੂੰ ਦੰਦਲ ਪੈਣ ਵਾਲੀ ਹੋ ਗਈ।
“ਮਰ’ਗੇ ਉਏ ਭੈਣ ਦੇਣੇ ਦਿਆ ਰੱਬਾ। ਇਹਨੂੰ ਘੜਨ ਵਾਲਾ ਆਟਾ ਤਾਂ ਚਾਨਣੀ ਰਾਤ ਵਿਚ ਮੋਤੀ ਪਾ ਕੇ ਗੁੰਨ੍ਹਿਆਂ ਹੋਣੈਂ। ਕਿੰਨਾ ਮੂਰਖ ਨਿਕਲਿਆ ਮੈਂ, ਜਿਹਨੇ ਆਪਣੀ ਥਾਂਵੇਂ ਨਿੱਕੇ ਦਾ ਵਿਆਹ ਇਹਦੇ ਨਾਲ ਕਰੌਣ ਦਿੱਤਾ, ਪਰ ਇਹ ਤਾਂ ਕਿਸਮਤਾਂ ਦੇ ਸੌਦੇ ਆ ਮਿੱਤਰਾ। ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਤੇਰੇ ਨਾਲ ਦੀ ਮਿੱਟੀ ਰੱਬ ਘੜਨੀ ਹੀ ਭੁੱਲ ਗਿਆ ਲਗਦੈ।” ਉਸ ਨੇ ਮਨ ਹੀ ਮਨ ਸੋਚਿਆ। ਕਿਸੇ ਔਰਤ ਨੂੰ ਨਗਨ ਹਾਲਤ ਵਿਚ ਕੈਲਾ ਦੂਸਰੇ ਮੌਕੇ ਦੇਖ ਰਿਹਾ ਸੀ। ਉਸ ਨੂੰ ਯਾਦ ਆਇਆ ਕਿ ਇਕ ਵਾਰ ਪਹਿਲਾਂ ਵੀ ਗਰਮੀਆਂ ਦੀ ਰੁੱਤੇ ਮੱਕੀ ਵਿਚੋਂ ਕੱਖ ਕੱਢਦੀ ਦੇਬੋ ਮਜ਼੍ਹਬਣ ਨੂੰ ਉਸ ਨੇ ਮੱਕੀ ਦੀਆਂ ਛੱਲੀਆਂ ਅਤੇ ਵੀਹ ਰੁਪਿਆਂ ਦਾ ਲਾਲਚ ਦੇ ਕੇ ਮਨਾ ਲਿਆ ਸੀ। ਸਾਰੀ ਖੇਡ ਖਤਮ ਹੋਣ ਮਗਰੋਂ ਕਈ ਦਿਨ ਉਸ ਨੂੰ ਆਪਣੇ ਆਪ ਤੋਂ ਘਿਣ ਜਿਹੀ ਆਉਂਦੀ ਰਹੀ ਸੀ ਤੇ ਉਹ ਦਿਹਾੜੀ ਵਿਚ ਕਈ ਕਈ ਵਾਰ ਟਿਊਬਵੈਲ ਥੱਲੇ ਨਹਾ ਕੇ ਭਿੱਟ ਦੂਰ ਕਰਨ ਦਾ ਯਤਨ ਕਰਦਾ ਰਿਹਾ ਸੀ, ਪਰ ਅੱਜ ਚਹੁੰ ਨਿਆਣਿਆਂ ਨੂੰ ਦੁੱਧ ਚੁੰਘਾ ਕੇ ਢਿੱਲੀ ਪਈ ਦੇਬੋ ਨਹੀਂ, ਸਗੋਂ ਸੰਗਮਰਮਰ ਤਰਾਸ਼ ਕੇ ਘੜੀ ਚਰਨਜੀਤ ਉਸ ਦੇ ਸਾਹਮਣੇ ਸੀ। ਉਸ ਨੂੰ ਪਤਾ ਵੀ ਨਾ ਲੱਗਾ, ਕਦ ਉਸ ਦੇ ਹੱਥਾਂ ਵਿਚਲੀਆਂ ਮੱਕੀ ਦੀਆਂ ਰੋਟੀਆਂ ਤੇ ਸਾਗ ਚੂਰਮਾ ਬਣ ਕੇ ਧਰਤੀ ‘ਤੇ ਜਾ ਡਿੱਗੇ।
“ਚੰਗਾ ਹੁਣ ਲਾਲਟੈਣ ਬੁਝਾ ਦੇ। ਸਵੇਰੇ ਵੱਡੇ ਤੜਕਿਉਂ ਹਲ ਵੀ ਜੋੜਨੈ।” ਜੈਲੇ ਦੀ ਆਵਾਜ਼ ਨੇ ਉਸ ਨੂੰ ਝੰਜੋੜਿਆ। ਉਹ ਰਜਾਈ ਵਿਚ ਪਿਆ ਹੀ ਘਰਵਾਲੀ ਨੂੰ ਸੰਬੋਧਨ ਹੋਇਆ ਸੀ। “ਚੰਗਾ।” ਆਖਦੀ ਚਰਨਜੀਤ ਨੇ ਬੂਟੀਆਂ ਵਾਲੀ ਕੁੜਤੀ ਪਾਉਂਦਿਆਂ ਟੇਡੀ ਹੋ ਕੇ ਲਾਲਟੈਣ ਦੀ ਲੋਅ ਉਤੇ ਫੂਕ ਮਾਰੀ ਤਾਂ ਬੈਠਕ ਵਿਚ ਘੁੱਪ ਹਨ੍ਹੇਰਾ ਵਰਤ ਗਿਆ। ਮੋਰੀ ਕੋਲ ਖੜ੍ਹਾ ਕੈਲਾ ਜਿਵੇਂ ਕਿਸੇ ਘੋਰ ਸਮਾਧੀ ਵਿਚੋਂ ਜਾਗਿਆ।
“ਜਾਹ ਦੀਵਿਆ ਘਰ ਆਪਣੇ, ਤੇਰੀ ਖੜ੍ਹੀ ਉਡੀਕੇ ਮਾਂ। ਕੰਧੀਂ ਚਾਨਣ ਹੋ ਗਿਆ ਤੇਰਾ ਜੱਗ ‘ਤੇ ਰਹਿਜੇ ਨਾਂ।”, ਕੈਲਾ ਟੁੱਟਿਆ ਨਸ਼ਾ ਤੇ ਲੜਖੜਾਉਂਦਾ ਸਰੀਰ ਲੈ ਕੇ ਆਪਣੀ ਕੱਚੀ ਸਬਾਤ ਦੀ ਅਲਾਣੀ ਮੰਜੀ ‘ਤੇ ਜਾ ਡਿੱਗਾ। ਉਸ ਨੂੰ ਖੁਦ ਵੀ ਪਤਾ ਨਾ ਲੱਗਿਆ ਕਿ ਉਸ ਦਾ ਅੰਦਰਲਾ ਕਦ ਮੋਮ ਬਣ ਕੇ ਵਹਿ ਗਿਆ ਸੀ। ਸਵੇਰੇ ਉਠਿਆ ਕੈਲਾ ਪਹਿਲਾਂ ਵਾਲਾ ਕੈਲਾ ਨਹੀਂ ਰਿਹਾ ਸੀ। ਉਸ ਦਾ ਰੰਗ-ਢੰਗ, ਚਾਲ, ਅੱਖ, ਸਭ ਕੁਝ ਬਦਲ ਚੁੱਕਾ ਸੀ।
“ਬਾਈ ਮੈਂ ਚੱਲਦਾਂ ਹਲ ਜੋੜਨ, ਤੂੰ ਆ ਜਈਂ ਰੋਟੀ ਲੁਹਾ ਕੇ। ਨਿੱਕੀ ਰੇਹੜੀ ਨੂੰ ਵਹਿੜਕਾ ਜੋੜ ਕੇ ਪੱਠੇ ਵੱਢ ਲਿਆਵੀਂ।” ਬਲਦਾਂ ਗਲ ਪੰਜਾਲੀ ਪਾ ਕੇ ਤੁਰਨ ਲੱਗਿਆਂ ਜੈਲੇ ਨੇ ਉਸ ਨੂੰ ਸੁਣਾ ਕੇ ਕਿਹਾ।
“ਮੈਥੋਂ ਨ੍ਹੀਂ ਆ ਹੋਣਾ, ਮੈਨੂੰ ਤਾਪ ਜਿਹਾ ਚੜ੍ਹਿਆ ਲੱਗਦੈ। ਤੂੰ ਆਪ ਹੀ ਲੈ ਆਮੀਂ ਪੱਠੇ।” ਕੈਲੇ ਨੇ ਰਜਾਈ ਵਿਚੋਂ ਹੀ ਠੋਕਵਾਂ ਜਵਾਬ ਕੱਢ ਮਾਰਿਆ।
“ਚੰਗਾ ਫੇਰ ਕੇਵਲ ਡਾਕਟਰ ਬੁੱਟਰ ਆਲੇ ਕੋਲੋਂ ਜਾ ਕੇ ਟੀਕਾ-ਟੱਲਾ ਲਵਾ ਲਿਆਮੀਂ। ਹੋਰ ਕਿਤੇ ਬਿਮਾਰੀ ਵਧ ਨਾ ਜਾਵੇ। ਉਤੋਂ ਹਲੇ ਅੱਧੀ ਕਣਕ ਬੀਜਣ ਆਲੀ ਪਈ ਐ।” ਜੈਲਾ ਉਸ ਨੂੰ ਪੱਕਿਆਂ ਕਰ ਕੇ ਖੇਤ ਵੱਲ ਤੁਰ ਗਿਆ। ਕੈਲਾ ਸਾਰੀ ਦਿਹਾੜੀ ਮੰਜੇ ‘ਤੇ ਪਿਆ ਪਾਸੇ ਮਾਰਦਾ ਰਿਹਾ। ਉਸ ਦੀਆਂ ਜਾਗਦੀਆਂ ਖੁੱਲ੍ਹੀਆਂ ਅੱਖਾਂ ਮੂਹਰੇ ਰਾਤ ਵਾਲਾ ਸੀਨ ਘੁੰਮਦਾ ਰਿਹਾ। ਢਲੀ ਦੁਪਹਿਰੇ ਉਹ ਅੰਦਰੋਂ ਬਾਹਰ ਆਇਆ।
“ਬੇਬੇ ਚਾਹ ਦੀ ਘੁੱਟ ਫੜਾਈਂ। ਪੀ ਕੇ ਡਾਕਟਰ ਕੋਲੋਂ ਦਵਾ ਲੈ ਆਵਾਂ।” ਉਹ ਕੰਧੋਲੀ ਦੇ ਮੁੱਢ ਪੀੜ੍ਹੀ ਲੈ ਕੇ ਬਹਿ ਗਿਆ। ਚਰਨਜੀਤ ਨੇ ਖੱਦਰ ਦੇ ਗਲਾਸ ਵਿਚ ਗੁੜ ਦੀ ਮਹਿਕ ਛੱਡਦੀ ਚਾਹ ਪਾ ਕੇ ਬੁੜ੍ਹੀ ਨੂੰ ਫੜਾ ਦਿੱਤੀ।
“ਜੇ ਆਪ ਫੜਾ ਜਾਮੇਂ ਫੇਰ ਕਿਹੜਾ ਕੁਸ ਘਟਦੈ।” ਕੈਲੇ ਨੇ ਤੱਤੀ ਤੱਤੀ ਚਾਹ ਨੂੰ ਸੁੜਾਕਾ ਮਾਰਿਆ ਤੇ ਮਨ ਹੀ ਮਨ ਸੋਚਿਆ। ਉਸ ਨੇ ਡੂੰਘੀ ਨਿਗ੍ਹਾ ਭਰ ਕੇ ਸਾਗ ਘੋਟਦੀ ਚਰਨਜੀਤ ਨੂੰ ਨਿਹਾਰਿਆ। ਚੁੱਲ੍ਹੇ ਦਾ ਸੇਕ ਵੱਜਣ ਕਰ ਕੇ ਨੀਮ ਗੁਲਾਬੀ ਗੱਲ੍ਹਾਂ ਵਿਚੋਂ ਲਹੂ ਸਿੰਮਣ ਨੂੰ ਆਇਆ ਪਿਆ ਸੀ। ਕੈਲੇ ਨੇ ਚਾਹ ਦਾ ਘੁੱਟ ਭਰਦਿਆਂ ਹਉਕਾ ਭਰਿਆ। ਤੱਤੀ ਚਾਹ ਨੇ ਸ਼ਾਇਦ ਉਸ ਦੇ ਬੁੱਲ੍ਹ ਸਾੜ ਦਿੱਤੇ ਸਨ। ਬੇਬੇ ਤੋਂ ਅੱਖ ਬਚਾ ਕੇ ਉਸ ਨੇ ਚਾਹ ਵਾਲਾ ਖਾਲੀ ਗਲਾਸ ਕੰਧੋਲੀ ‘ਤੇ ਰੱਖਦਿਆਂ ਖੁਸ਼ਕ ਜਿਹਾ ਖੰਗੂਰਾ ਮਾਰਿਆ। ਖੰਗੂਰਾ ਸੁਣ ਕੇ ਚਰਨਜੀਤ ਨੇ ਸਹਿਜ-ਸੁਭਾਅ ਉਪਰ ਨੂੰ ਮੂੰਹ ਚੁੱਕਿਆ ਤਾਂ ਉਸ ਨੇ ਖੱਬੀ ਅੱਖ ਮੀਚ ਦਿੱਤੀ।
“ਹਾਅ ਤੇਰਾ ਕੱਖ ਨਾ ਰ੍ਹਵੇ ਕੁਤੀੜੇ, ਤੇਰੇ ਸੀਰਮੇ ਪੀਜੂੰ ਤੇਰੇ।” ਚਰਨਜੀਤ ਨੇ ਚੁੱਲ੍ਹੇ ਵਿਚੋਂ ਚੁੱਕ ਕੇ ਵਗਾ’ਤਾ ਭੂਕਣਾ ਕੰਧੋਲੀ ਦੇ ਬਾਹਰ ਜੂਠੇ ਭਾਂਡਿਆਂ ਨੂੰ ਮੂੰਹ ਮਾਰਦੇ ਕੁੱਤੇ ਦੇ ਜੜਦਿਆਂ ਗਾਲ੍ਹਾਂ ਦੀ ਸ਼ੂਟ ਵੱਟ ਦਿਤੀ। ਗਾਲ੍ਹਾਂ ਕੱਢੀਆਂ ਉਹਨੇ ਕੁੱਤੇ ਨੂੰ, ਪਰ ਸੁਣਾਈਆਂ ਕੈਲੇ ਨੂੰ ਸਨ। ਕੈਲਾ ਖੇਸ ਦੀ ਬੁੱਕਲ ਮਾਰ ਕੇ ਸਾਈਕਲ ਉਤੇ ਡਾਕਟਰ ਦੀ ਦੁਕਾਨ ਵੱਲ ਤੁਰ ਪਿਆ। ਦੁਕਾਨ ਦੇ ਬਾਹਰ ਬਣੇ ਚੌਂਕੜੇ ਉਤੇ ਤਾਸ਼-ਕੁੱਟਾਂ ਦਾ ਭਰਵਾਂ ਟੋਲਾ ਹਮੇਸ਼ਾ ਰਹਿੰਦਾ। ਉਹ ਡਾਕਟਰ ਤੋਂ ਦਵਾਈ ਲੈ ਕੇ ਤਾਸ਼-ਕੁੱਟਾਂ ਦੀ ਟੋਲੀ ਕੋਲ ਬਹਿ ਗਿਆ।
“ਆ ਜਾ ਬਾਈ ਕੈਲਿਆ, ਤੂੰ ਵੀ ਕੁੱਟ ਲੈ ਚਾਰ ਪੱਤੇ।” ਤਾਸ਼ ਵਾਲੀ ਟੋਲੀ ਦੇ ਲੰਬੜਦਾਰ ਸੁਲੱਖਣ ਨੇ ਸੁਲ੍ਹਾ ਮਾਰੀ।
“ਜਿਉਂਦਾ ਰਹਿ ਬਈ ਭਰਾਵਾ, ਚਿੱਤ ਕੁਸ਼ ‘ਤਾਬ ਨ੍ਹੀਂ। ਮੈਂ ਅੱਜ ਦੇਖ ਈ ਲਾਊਂਗਾ।” ਉਹਨੇ ਸਿਰ ਮਾਰਿਆ।
“ਇਹ ਕਾਹਨੂੰ ਖੇਡਦੈ ਗੱਤੇ ਦੀਆਂ ਬੇਗੀਆਂ ਨਾਲ। ਹੁਣ ਤਾਂ ਰੱਬ ਦੀ ਕਿਰਪਾ ਨਾਲ ਝਾਂਜਰਾਂ ਆਲੀ ਬੇਗਮ ਘਰੇ ਉਡਜੂੰ ਉਡਜੂੰ ਕਰਦੀ ਫਿਰਦੀ ਆ।” ਸਰਵਣ ਮੱਟੀ ਦੇ ਦੀਪੇ ਨੇ ਹੁੱਝ ਮਾਰੀ।
“ਉਹ ਭਰਾਵਾ, ਆਪਣੀ ਕਾਹਦੀ ਬੇਗਮ ਹੋਈ ਭਲਾ। ਬੇਗਮ ਆਪਣੇ ਬਾਦਸ਼ੇ ਦੀ। ਆਪਾਂ ਤਾਂ ਭਰਾਵਾ ਦੋ ਮੰਨੀਆਂ ਦੇ ਭਾਈਵਾਲ ਆਂ।” ਕੈਲੇ ਨੇ ਖਾਲੀ ਹੱਥ ਹਵਾ ਵਿਚ ਝਾੜੇ।
“ਤੇ ਬਾਈ ਸਿਆਂ, ਫੇਰ ਫੈਦਾ ਕੀ ਹੋਇਆ? ਐਮੇ ਮੁਖਤ ਵਿਚ ਈ ਚਿੱਤੜ-ਘਸਾਈ ਕਰੀ ਜਾਨੈਂ! ਨਾਲੇ ਮੰਨੀਆਂ ਤਾਂ ਬੇਬੇ ਵੀ ਲਾਹ ਦਿੰਦੀ ਸੀ।” ਟੋਲੇ ਦੇ ਮੋਹਰੀ ਸੁਲੱਖਣ ਦੀ ਮਸ਼ਕਰੀ ਨਾਲ ਸਾਰੇ ਮੁੰਡੇ ਖਿੜ-ਖਿੜਾ ਕੇ ਹੱਸ ਪਏ। “ਨਾਲੇ ਬੁੜ੍ਹੀ ਨੇ ਨ੍ਹੀਂ ਸਮਝਾਇਆ ਉਹਨੂੰ। ਆਹ ਲੰਬੜਦਾਰਾਂ ਦੇ ਦੇਖ ਲੈæææਧੰਨ ਹੀ ਆ ਬਈ ਗੁਰਮੇਲ ਕੁਰæææਕਿਹਰੇ ਹੋਰੀਂ ਪੰਜ ਭਰਾ ਸੀ, ਪੂਰਾ ਤਪਾਕ ਬਣਾ ਕੇ ਰੱਖਿਆæææਮਜਾਲ ਐæææਬਈ ਢੇਰੀ ਵਿਚੋਂ ਇਕ ਵੀ ਸਿਆੜ ਬਾਹਰ ਜਾਣ ਦਿੱਤਾ ਹੋਵੇ। ਹੁਣ ਦੋਹਾਂ ਮੁੰਡਿਆਂ ਨੂੰ ਪੂਰੀ ਪੱਤੀ ਵਿਚੋਂ ਸਭ ਤੋਂ ਵੱਧ ਜ਼ਮੀਨ ਆਉਂਦੀ ਆ।” ਸੁਲੱਖਣ ਨੇ ਕੰਨ ਖੁਰਕਿਆ। ਉਹ ਕੈਲੇ ਦਾ ਪ੍ਰਤੀਕਰਮ ਜਾਣਨ ਲਈ ਉਤਾਵਲਾ ਸੀ।
“ਬਾਈ ਸਿਆਂ, ਜਿਹੜੀਆਂ ਸਿਆਣੀਆਂ ਹੁੰਦੀਆਂ, ਘਰ ਬੰਨ੍ਹ ਕੇ ਰੱਖਦੀਆਂ ਤੇ ਕਮਲੀਆਂ ਨੂੰ ਘਰੋਂ ਖਾ ਕੇ ਮੱਤ ਕੌਣ ਦੇਵੇ ਭਲਾ?” ਸਰਵਣ ਮੱਦੀ ਦੇ ਦੀਪੇ ਨੇ ਕਿਹਾ, ਪਰ ਕੈਲੇ ਨੇ ਕੋਈ ਹੁੰਗਾਰਾ ਨਾ ਭਰਿਆ।
“ਇਹ ਤਾਂ ਊਈਂ ਡੁੱਨ ਵੱਟਾ ਬਣਿਆ ਬੈਠੈ ਚਾਚਾ ਸਿਆਂ। ਮੈਨੂੰ ਤਾਂ ਲੱਗਦੈ, ਬਈ ਇਹਦੇ ਈ ਸਤ ਮੁੱਕੇ ਪਏ ਆ। ਜਨਾਨੀ ਦੀ ਕੀ ਮਜਾਲ ਆ?” ਪੱਤੇ ਕੁੱਟ ਰਹੇ ਇਕ ਹੋਰ ਚੋਬਰ ਨੇ ਠੋਰ ਮਾਰੀ। ਤਾਸ਼ ਕੁੱਟੀ ਜਾਂਦੀ ਰਹੀ ਤੇ ਕੈਲੇ ਨੂੰ ਨਿਹੋਰੇ ਵੱਜਦੇ ਰਹੇ। ਉਹ ਉਤੋਂ ਉਤੋਂ ਘੁੱਗ੍ਹ ਬਣਿਆ ਬੈਠਾ ਸਭ ਕੁਝ ਸੁਣੀ ਜਾ ਰਿਹਾ ਸੀ, ਪਰ ਅੰਤਰ-ਅਗਨ ਉਸ ਨੂੰ ਤੜਫਾ ਰਹੀ ਸੀ। ਉਹ ਦਿਨ ਛਿਪਦੇ ਤੱਕ ਤਾਸ਼ ਵਾਲੀ ਟੋਲੀ ਕੋਲ ਬੈਠਾ ਰਿਹਾ।
“ਕਿਥੋਂ ਆਇਐਂ ਬਾਈ? ਡਾਕਟਰ ਕੋਲੋਂ? ਸਿਹਤ ਕਿਵੇਂ ਆ ਤੇਰੀ? ਲੱਥਾ ਕੁਸ ਤਾਪ ਕਿ ਨਹੀਂ?” ਜੈਲੇ ਨੇ ਉਸ ਨੂੰ ਘਰ ਵੜਦੇ ਸਾਰ ਕਈ ਸਵਾਲ ਕਰ ਦਿੱਤੇ।
“ਹਾਂ, ਠੀਕ ਆਂ।” ਕਹਿੰਦਿਆਂ ਉਹ ਆਪਣੀ ਕੱਚੀ ਸਬਾਤ ਵੱਲ ਤੁਰ ਪਿਆ। “ਬੇਬੇ, ਮੇਰੀ ਰੋਟੀ ਅੰਦਰੇ ਭੇਜ ਦੇ।” ਉਸ ਨੇ ਤੁਰੇ ਜਾਂਦਿਆਂ ਹੋਕਰਾ ਮਾਰਿਆ। ਬੇਬੇ ਉਸ ਨੂੰ ਰੋਟੀ ਪਾ ਕੇ ਅੰਦਰੇ ਹੀ ਫੜਾ ਆਈ। ਰੋਟੀ ਖਾਣ ਤੋਂ ਪਹਿਲਾਂ ਉਸ ਨੇ ਮੋਟਾ ਪੈਗ ਮਾਰਿਆ ਤੇ ਰੋਟੀ ਖਾ ਕੇ ਸੌਂ ਗਿਆ। ਉਸ ਦੇ ਸੁਪਨਿਆਂ ਵਿਚ ਚਰਨਜੀਤ ਦਾ ਗੁਲਾਬੀ ਚਿਹਰਾ ਘੁੰਮਣਘੇਰੀਆਂ ਕੱਢਦਾ ਰਿਹਾ।
ਦੂਜੇ ਪਾਸੇ, ਚਰਨਜੀਤ ਤਿੱਖੜ ਦੁਪਹਿਰ ਵੇਲੇ ਦੀ ਮੱਚ ਕੇ ਕੋਲੇ ਹੋਈ ਪਈ ਸੀ। ਪਹਿਲਾਂ ਉਸ ਨੇ ਸੋਚਿਆ ਕਿ ਗੱਲ ਜਰਨੈਲ ਕੋਲ ਨਾ ਕਰੇ ਪਰ ਫਿਰ ਉਸ ਨੇ ਸੋਚਿਆ, ‘ਮਨਾ! ਅੱਜ ਤਾਂ ਨਿੱਕੀ ਗੱਲ ਐ ਜੇ ਕਿਤੇ ਕੱਲ੍ਹ ਨੂੰ ਵੈਲੀ ਨੇ ਬਾਂਹ ਫੜ’ਲੀ, ਤਾਂ ਕੀ ਬਣੂੰ? ਮੁੜ ਕੇ ਮਾੜੀ ਵੀ ਤੈਂ ਹੀ ਵੱਜਣਾæææਤੇ ਇਹਨੇ ਵੀ ਕਹਿਣਾ ਕਿ ਪਹਿਲਾਂ ਕਿਉਂ ਨਾ ਬਕੀ।’ ਉਹ ਸਾਰੀ ਦਿਹਾੜੀ ਜੋੜ-ਤੋੜ ਲਾਉਂਦੀ ਰਹੀ ਪਰ ਅੰਦਰੋ-ਅੰਦਰੀ ਕੈਲੇ ਦੀ ਹਰਕਤ ਉਤੇ ਗੁੱਸਾ ਚੜ੍ਹਿਆ ਪਿਆ ਸੀ।
“ਕੀ ਗੱਲ ਆ? ਅੱਜ ਮੂੰਹ ਵੱਟਿਆ ਜਿਹਾ ਪਿਐ? ਮੈਂ ਆਥਣ ਦਾ ਤੇਰੇ ਮੂੰਹ ਵੱਲ ਵਿਹਨਾਂ। ਪਹਿਲਾਂ ਆਲੀ ਰੌਣਕ ਹੈਨੀæææਤਬੀਅਤ ਠੀਕ ਆ ਤੇਰੀ?” ਜੈਲੇ ਨੇ ਪਲੰਗ ‘ਤੇ ਲੇਟਦਿਆਂ ਚਰਨਜੀਤ ਨੂੰ ਪੁੱਛਿਆ।
“ਸ਼ੇਰ ਦੇ ਮੂੰਹ ਆਈ ਗਊ ਦੀ ਤਬੀਤ ਕਿਥੇ ਠੀਕ ਰਹਿੰਦੀ ਆæææਜਦ ਥਾਂ ਥਾਂ ‘ਤੇ ਭੁੱਖੀਆਂ ਗਿਰਝਾਂ ਫਿਰਦੀਆਂ ਹੋਣ, ਤਾਂ ਚਿੜੀ ਬਚਾਰੀ ਕੀ ਕਰੇ?” ਚਰਨਜੀਤ ਨੇ ਪਾਸਾ ਪਰਤਿਆ। ਉਸ ਦੇ ਚਿਹਰੇ ਦਾ ਰੰਗ ਫੱਕ ਹੋਇਆ ਪਿਆ ਸੀ।
“ਬੁਝਾਰਤਾਂ ਜਿਹੀਆਂ ਕਿਉਂ ਪਾਈ ਜਾਨੀ ਐਂ, ਸਿੱਧੀ ਹੋ ਕੇ ਗੱਲ ਕਿਉਂ ਨਹੀਂ ਦੱਸਦੀ? ਜੈਲਾ ਖਿਝ ਗਿਆ।
“ਗੱਲ ਆਪਣੇ ਭਰਾ ਤੋਂ ਪੁੱਛੀਂ। ਅੱਜ ਚੌਂਕੇ ਵਿਚ ਬੈਠੀ ਨੂੰ ਮੈਨੂੰ ਉਹਨੇ æææ” ਚਰਨਜੀਤ ਕੋਲੋਂ ਗੱਲ ਪੂਰੀ ਨਾ ਹੋ ਸਕੀ। ਉਸ ਦੇ ਅੱਥਰੂ ਆਪ ਮੁਹਾਰੇ ਵਹਿ ਤੁਰੇ।
“ਰੋਈ ਕਾਹਤੋਂ ਜਾਨੀ ਐਂ, ਹੋਇਆ ਕੀ?” ਜੈਲਾ ਅਵਾਕ ਰਹਿ ਗਿਆ ਸੀ।
“ਭਾਈ ਜੀ ਨੇ ਮੈਨੂੰ ਅੱਖ ਮਾਰੀ ਐ ਅੱਜ, ਮੈਂ ਤਾਂ ਪਿਉਆਂ ਵਰਗਾ ਸਤਿਕਾਰ ਕਰਦੀ ਆਂ ਉਹਦਾæææਰੱਬ ਗਵਾਹ ਐ, ਜੇ ਕਦੇ ਅਲਫੋਂ-ਬੇ ਕਹੀ ਹੋਵੇ।” ਚਰਨਜੀਤ ਨਾ ਚਾਹੁੰਦੇ ਹੋਏ ਵੀ ਹੁਬਕੀਂ ਰੋ ਪਈ।
“ਕੋਈ ਨਾ, ਤੂੰ ਜੇਰਾ ਰੱਖ। ਮੈਂ ਉਹਨੂੰ ਸਮਝਾ ਦੂੰਗਾ ਆਪੇ। ਨਾਲੇ ਬੇਬੇ ਦਾ ਵਿਸਾਹ ਨਾ ਖਾਇਆ ਕਰ। ਆਸੇ ਪਾਸੇ ਘੱਟ ਜਾਣ ਦਿਆ ਕਰ ਉਹਨੂੰ।” ਜੈਲਾ ਚਿੰਤਾ ਵਾਲੀ ਆਵਾਜ਼ ਵਿਚ ਬੋਲਿਆ।
ਬਾਈ ‘ਤੇ ਮੈਂ ਰੱਬ ਜਿੰਨਾ ਵਿਸ਼ਵਾਸ ਕਰਦਾਂæææਬਾਈ ਕਿਮੇਂ ਕਰਦੂ ਅਜਿਹੀ ਗੱਲ? ਤੇ ਚਰਨੋਂ ਨੇ ਝੂਠ ਕਿਉਂ ਬੋਲਣਾ ਹੋਇਆ? ਜ਼ਰੂਰ ਕਿਸੇ ਮੇਰੇ ਸਾਲੇ ਦੀ ਕੁੜੀ ਨਿਕਲੀ ਆ। ਭੈਣ ਦੇਣੇ ਲੋਕ ਘਰ ਵੱਸਦਾ ਦੇਖ ਕੇ ਕਾਹਨੂੰ ਜਰਦੇ ਆ। ਤਰ੍ਹਾਂ ਤਰ੍ਹਾਂ ਦੇ ਵਿਚਾਰ ਉਸ ਦੇ ਅੰਦਰ ਉਸਲਵੱਟੇ ਲੈਂਦੇ ਰਹੇ।
ਦੂਜੇ ਦਿਨ ਉਸ ਨੇ ਕੈਲੇ ਨਾਲ ਤਲਖ ਭਰੀ ਆਵਾਜ਼ ਵਿਚ ਗੱਲ ਕਰਨੀ ਚਾਹੀ, ਤਾਂ ਉਹ ਚਾਰੇ ਖੁਰ ਚੁੱਕ ਕੇ ਸਿਰ ਨੂੰ ਪੈ ਗਿਆ, “ਅੱਧ ਦਾ ਮਾਲਕ ਆਂ ਮੈਂ, ਆਏਂ ਨ੍ਹੀਂ ਆਪਣਾ ਹਿੱਸਾ ਥੋਨੂੰ ਛੱਡਣ ਲੱਗਾ। ਤੂੰ ਤੇ ਤੇਰੀ ਰੰਨ ਤਾਂ ਮੈਨੂੰ, ਜੇ ਹੋਰ ਕੋਈ ਬਹਾਨਾ ਨ੍ਹੀਂ ਮਿਲਿਆ, ਤਾਂ ਸਾਲੇ ਅਲਜਾਮਾਂ ‘ਤੇ ਉਤਰ ਆਏ ‘ਗਾਂਹਾਂ ਹੈਗੀ ਆ ਨਾ ਉਹੋ ਪਦਮਣੀ, ਸਾਲੀ ਬਾਂਗਰੋ ਕਿਸੇ ਥਾਂ ਦੀ।”
“ਬਾਈ ਮੈਂ ਤਾਂ ਸਹਿਜ-ਸੁਭਾਅ ਗੱਲ ਕੀਤੀ ਸੀ। ਤੂੰ ਛੱਤਣੀਂ ਚੜ੍ਹੀ ਜਾਨੈਂ।” ਜੈਲਾ ਨਰਮ ਆਵਾਜ਼ ਵਿਚ ਗੱਲ ਕਰ ਰਿਹਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਲੋਕ ਤਮਾਸ਼ਾ ਦੇਖਣ।
“ਥੋਡੀ ਹਿੱਕ ‘ਤੇ ਬਰੋਟਾ ਲਾਊਂ, ਥੋਡੀ ਹਿੱਕ ‘ਤੇ ਮੇਰਿਓ ਸਾਲਿਓ। ਜਿਹੜਾ ਬੰਦਾ ਰੰਨ ਦੇ ਥੱਲੇ ਲੱਗਿਆ ਪਿਆ ਹੋਵੇ, ਬੰਦੈ ਉਹ। ਗੁੰਡੀਏ ਰੰਨੇ, ਤੂੰ ਭਰਾਮਾਂ ਵਿਚ ਪਾਟਕ ਪਾਉਨੀ ਐਂ। ਮੈਂ ਚੱਲਿਆਂ ਵੱਡੀ ਗਾਲਬ ਆਲੇ ਛੋਟੇ ਕੋਲੇ। ਪੰਜ ਸੌ ਜਨਾਨੀ ਮਿਲ ਜਾਂਦੀ ਐæææਨਾਲੇ ਮੇਰੇ ਹਿੱਸੇ ਆਉਂਦੀ ਵਿਚ ਹਲ ਨਾ ਵਾੜੀਂ ਆਪਣਾ ਅੱਜ ਤੋਂ ਮੁੜ ਕੇ।” ਕੈਲਾ ਖਫੇ-ਖੂਨ ਹੋਇਆ ਸਾਈਕਲ ਚੁੱਕ ਕੇ ਵੱਡੀ ਗਾਲਬ ਰਵਾਨਾ ਹੋ ਗਿਆ। ਵੱਡੀ ਗਾਲਬ ਦਾ ਛੋਟਾ ਬਦਮਾਸ਼ ਬਾਹਰਲੇ ਸੂਬਿਆਂ ਤੋਂ ਮੁੱਲ ਜਨਾਨੀਆਂ ਲਿਆ ਕੇ ਵੇਚਦਾ ਸੀ। ਕੈਲੇ ਦੇ ਜਾਣ ਬਾਅਦ ਜੈਲਾ ਮੱਥਾ ਫੜ ਕੇ ਮੰਜੇ ‘ਤੇ ਬਹਿ ਗਿਆ। ਘਰ ਦੀ ਬਣੀ ਬਣਾਈ ਇੱਜ਼ਤ ਮਿੱਟੀ ਹੋ ਰਹੀ ਸੀ। ਚਿਰਾਂ ਤੋਂ ਮੀਟੀ ਮੁੱਠ ਪਟੱਕ ਖੁੱਲ੍ਹ ਚੁੱਕੀ ਸੀ। ਲੋਕਾਂ ਨੇ ਕੰਧਾਂ-ਕੌਲਿਆਂ ਨਾਲ ਲੱਗ ਕੇ ਸਾਰੀ ਲੜਾਈ ਤੇ ਗਾਲ੍ਹ-ਦੁੱਪੜ ਸੁਣ ਲਈ ਸੀ।
“ਬੇਬੇ ਤੂੰ ਹੀ ਸਮਝਾ ਕੁਝ ਉਹਨੂੰ। ਕਿਉਂ ਆਪਣੀ ਮਿੱਟੀ ਪੱਟਦਾ ਫਿਰਦੈ, ਤੇ ਨਾਲੇ ਸਾਡੀ ਇੱਜ਼ਤ ਵੀ ਖੇਹ ‘ਚ ਰੋਲਦੈ।” ਜੈਲੇ ਨੇ ਬੇਬੇ ਨੂੰ ਜ਼ਿੰਮੇਵਾਰੀ ਚੁੱਕਣ ਨੂੰ ਕਿਹਾ।
“ਉਹਨੂੰ ਕੀ ਸਮਝਾਮਾਂ ਪੁੱਤਾ। ਆਪਣੀ ਤੀਮੀਂ ਨੂੰ ਵੀ ਕੁਸ਼ ਅਕਲ ਦੇਹ। ਆਏਂ ਸਾਰੀਆਂ ਗੱਲਾਂ ਮਰਦਾਂ ਦੇ ਕੰਨਾਂ ਥਾਣੀਂ ਕੱਢਣ ਲੱਗ ਜਾਈਏ, ਤਾਂ ਕਜੀਆ-ਕਲੇਸ਼ ਤਾਂ ਹੋਣਾ ਈ ਹੋਇਆ। ਲੋਕਾਂ ਦੀਆਂ ਨੂੰਹਾਂ-ਧੀਆਂ ਵੀ ਹੈਗੀਆਂ। ਇਹ ਪਤਾ ਨ੍ਹੀਂ ਕੀ ਜੱਗੋਂ ਲਹਿੰਦੀ ਆ। ਜਿਹੜੀਆਂ ਅਸਲੇ ਦੀਆਂ ਹੁੰਦੀਆਂ, ਉਹ ਘਰ ਬੰਨ੍ਹ ਕੇ ਰੱਖਦੀਆਂ। ਆਏਂ ਭਾਈਆਂ ਵਿਚ ਪਾਟਕ ਨ੍ਹੀਂ ਪਾਉਂਦੀਆਂ ਫਿਰਦੀਆਂ।” ਬੁੜ੍ਹੀ ਹੱਥ ਖੜ੍ਹੇ ਕਰਨ ਦੇ ਨਾਲ ਨਾਲ ਕੈਲੇ ਦੇ ਹੱਕ ਵਿਚ ਵੋਟ ਵੀ ਭੁਗਤਾ ਗਈ। ਚਰਨਜੀਤ ਜਿਹੜੀ ਹੁਣ ਤੱਕ ਚੁੱਪ ਬੈਠੀ ਚੌਂਕੇ ਵਿਚ ਭਾਂਡੇ ਮਾਂਜ ਰਹੀ ਸੀ, ਤੱਤੇ ਦੁੱਧ ਵਾਂਗ ਉਬਾਲਾ ਖਾ ਗਈ।
“ਬੇਬੇ ਜੀ, ਜਿਹੜੀਆਂ ਐਹੋ ਜਿਹੇ ਖੇਖਣਾਂ ਨਾਲ ਘਰ ਬੰਨ੍ਹ ਕੇ ਰੱਖਦੀਆਂ, ਉਹ ਅਸਲੇ ਦੀਆਂ ਨ੍ਹੀਂ, ਮੁਸ਼ਟੰਡੀਆਂ ਹੁੰਦੀਆਂ। ਤੇ ਮੈਥੋਂ ਮੁਸ਼ਟੰਡਪੁਣਾ ਨ੍ਹੀਂ ਕਰ ਹੋਣਾ। ਕੱਪੜਾ-ਲੀੜਾ ਧੋਤਾ-ਧੁਆਇਆ ਮਿਲੂ। ਰੋਟੀ-ਪਾਣੀ ਬਰਾਬਰ ਦਾ ਦਮਾਂਗੇ ਤੇ ਜੇ ਐਦੂੰ ਅਗਾਂਹ ਵਧਿਆ ਤਾਂ ਮੇਰੀ ਜਾਣਦੀ ਆ ਜੁੱਤੀ। ਨਾਲੇ ਉਹ ਜ਼ਮਾਨੇ ਲੱਦ’ਗੇ ਮਾਂ ਜੀ, ਜਦ ਇਕ ਵਿਆਹਿਆ ਹੁੰਦਾ ਸੀ ਸਾਰੇ ਟੱਬਰ ਵਿਚੋਂ, ਤੇ ਜਨਾਨੀ ਨੂੰ ਸਾਲਾਂਬੱਧੀ ਇਹ ਪਤਾ ਨ੍ਹੀਂ ਸੀ ਲੱਗਦਾ, ਬਈ ਅਸਲੀ ਖਸਮ ਹੈ ਕਿਹੜਾ? ਮੈਥੋਂ ਨ੍ਹੀਂ ਡੁਬਿੱਤਾ ਖੂਹ ਗੇੜ ਹੋਣਾ।” ਚਰਨਜੀਤ ਨੇ ਤੱਤੀਆਂ ਤੱਤੀਆਂ ਸੁਣਾ ਕੇ ਬੁੜ੍ਹੀ ਨੂੰ ਬਰਫ਼ ਵਿਚ ਲਾ ਦਿੱਤਾ।
“ਨੀ ਜਾਹ ਜਾਹ, ਬਹੁਤੀਏ ਪੜ੍ਹਾਕਣੇ। ਤੇਰੇ ਅਰਗੀਆਂ ਈ ਸਿਰ ਪੜ੍ਹਵਾਉਂਦੀਆਂ ਭਰਾਮਾਂ ਦੇ। ਆ ਕੇ ਮੈਨੂੰ ਅਕਲਾਂ ਦਿੰਦੀ ਆ। ਕੱਲ੍ਹ ਦੀ ਭੁਤਨੀ, ਸਿਵਿਆਂ ਵਿਚ ਅੱਧ।” ਬੁੜ੍ਹੀ ਆਪਣੀ ਸੋਟੀ ਚੁੱਕ ਕੇ ਬੁੜ ਬੁੜ ਕਰਦੀ ਘਰੋਂ ਬਾਹਰ ਟੁਰ ਗਈ। ਦੂਜੇ ਪਾਸੇ ਕੈਲਾ ਵਾਹੋ-ਦਾਹੀ ਸਾਈਕਲ ਭਜਾ ਕੇ ਛੋਟੇ ਬਦਮਾਸ਼ ਦੇ ਘਰ ਵੱਡੀ ਗਾਲਬ ਪਹੁੰਚ ਗਿਆ।
“ਆ ਬਾਈ ਕੈਲਾ ਸਿੰਹਾਂ, ਕਿਮੇਂ ਆਉਣੇ ਹੋਏ? ਅੱਜ ਤਾਂ ਬਈ ਕੀੜੀ ਦੇ ਘਰੇ ਭਗਮਾਨ ਆ ਗਿਆ।” ਛੋਟੇ ਨੇ ਰਸਮੀ ਦੁਆ-ਸਲਾਮ ਬਾਅਦ ਘਰ ਦੀ ਕੱਢੀ ਦਾ ਢੱਕਣ ਕੈਲੇ ਮੂਹਰੇ ਪੁੱਟ ਲਿਆ।
“ਉਏ ਨਿਆਣਿਓਂ! ਕੇਰਾਂ ਪਲੇਟ ਵਿਚ ਪਾ ਕੇ ਲਿਆਓ ਚਾਰ ਕੁ ਸੈਂਖੀਆਂ, ਤਾਇਆ ਆਇਐ ਥੋਡਾ।” ਛੋਟੇ ਨੇ ਪੈਗ ਪਾਉਣ ਤੋਂ ਬਾਅਦ ਵਿਹੜੇ ਵੱਲ ਮੂੰਹ ਕਰ ਕੇ ਹੋਕਰਾ ਮਾਰਿਆ। ਉਹਦਾ ਨਿੱਕਾ ਮੁੰਡਾ ਤਰੀ ਵਾਲੇ ਤਿੱਤਰ ਦੀ ਪਲੇਟ ਲੱਕੜ ਦੇ ਵੱਡੇ ਸਾਰੇ ਮੇਜ਼ ਉਤੇ ਧਰ ਗਿਆ।
“ਬਾਈ ਆਹ ਖੇਚਲ ਤਾਂ ਕਾਹਨੂੰ ਕਰਨੀ ਸੀ।” ਕੈਲੇ ਨੇ ਉਤੋਂ ਉਤੋਂ ਰਸਮੀ ਨਾਂਹ ਕਰਦਿਆਂ ਕਿਹਾ।
“ਹੈਂ! ਖੇਚਲ ਕਿਹੜੀ ਗੱਲ ਦੀ। ਅੱਜ ਕਈ ਦਿਨਾਂ ਬਾਅਦ ਸ਼ਿਕਾਰ ਨੂੰ ਚੜ੍ਹੇ ਸੀ, ਆਹ ਤਿੱਤਰ ਡੁੰਗ ਲਿਆਂਦੇ ਚਾਰ ਕੁ। ਮੌਕੇ ‘ਤੇ ਤੂੰ ਆ ਗਿਆ। ਬਾਈ ਸਿਆਂ! ਕੌਣ ਕਿਸੇ ਦਾ ਖਾਂਦੈ, ਦਾਣਾ-ਪਾਣੀ ਖਿਚ ਲਿਆਉਂਦੈ।” ਛੋਟੇ ਨੇ ਮੋਟਾ ਹਾੜਾ ਅੱਗੇ ਕਰਦਿਆਂ ਹੱਥ ਉਤਾਂਹ ਵੱਲ ਕੀਤੇ।
“ਯਾਰ, ਸਾਲੀ ਕਾਲਜਾ ਫੂਕਦੀ ਜਾਂਦੀ ਐ।” ਕੈਲੇ ਨੇ ਪੈਗ ਮਾਰਦਿਆਂ ਧੁੜ-ਧੜੀ ਲਈ।
“ਪਹਿਲੇ ਤੋੜ ਦੀ ਆ ਬਾਈ ਸਿੰਆਂ, ਪੈਰਾਂ ਤੋਂ ਬੰਦਾ ਚੁੱਕਦੀ ਆ। ਹਾਂ, ਤੂੰ ਦੱਸ ਕੀ ਹੁਕਮ ਐ?” ਛੋਟੇ ਨੇ ਹਾੜਾ ਮਾਰ ਕੇ ਚਿੜੇ ਦੀ ਪੂੰਛ ਵਾਂਗ ਤਰਾਸ਼ੀਆਂ ਮੁੱਛਾਂ ਨੂੰ ਹੱਥਾਂ ਨਾਲ ਪੂੰਝਿਆ।
“ਬ ਆ ਈ ਯਾਰ! ਤੈਨੂੰ ਤਾਂ ਪਤੈ, ਬਈ ਆਪਾਂ ਪਿਛਲੇ ਵਰ੍ਹੇ ਨਿੱਕੇ ਜੈਲੇ ਦਾ ਵਿਆਹ ਕਰ’ਤਾ ਸੀ। ਮੈਂ ਤਾਂ ਸੋਚਿਆ ਸੀ, ਬਈ ਚਲੋ ਨਿਭਾ ਹੋਈ ਜਾਊਗਾ, ਪਰ ਬਾਈ, ਮੇਰੇ ਸਾਲੇ, ਮੇਰੇ ਵੱਲ ਟੀਰਾ ਈ ਵਿੰਹਦੇ ਆ ਦੋਵੇਂ ਜੀਅ। ਆਪਾਂ ਵੀ ਸੋਚ ਲਿਐ ਫੇਰ ਹਿੱਕ ‘ਤੇ ਬਰੋਟਾ ਲਾਉਣੈ ਮੇਰੇ ਪਤਿਉਹਰਿਆਂ ਦੀ। ਜਦ ਬੰਦੇ ਦੀ ਘਰੇ ਕੋਈ ਇੱਜ਼ਤ ਈ ਨਾ ਹੋਵੇ, ਫੇਰ ਫੈਦਾ ਕੀ ਹੋਇਆ ਭਲਾ?” ਕੈਲੇ ਨੇ ਅੰਦਰਲੀ ਭੜਾਸ ਛੋਟੇ ਮੂਹਰੇ ਕੱਢ ਦਿੱਤੀ।
“ਬਾਈ ਸਿਆਂ ਫਿਕਰ ਨਾ ਕਰ। ਆਪਾਂ ਤੇਰੀ ਪੈੜ ਵਿਚੋਂ ਪੈਰ ਬਾਹਰ ਨ੍ਹੀਂ ਕੱਢਦੇ। ਜਨਾਨੀਆਂ ਬਾਈ ਸਿਆਂ ਆਪਾਂ ਲੈਣਾਂ ਲਾ ਦਿਆਂਗੇ ਲੈਣਾਂ। ਆਹ ਦੇਖ ਲਾ, ਬਾਬੇ ਕਾ ਸਾਰਾ ਟੱਬਰ ਮੈਂ ਹੀ ਤੀਮੀਆਂ ਆਲਾ ਕੀਤਾ। ਨਾਲੇ ਬਾਈ ਜੀ, ਬੰਗਾਲ ਦੀਆਂ ਰੰਨਾਂ ਵੀ ਗਾਡਰ ਐ ਗਾਡਰ। ਜਦੋਂ ਘਰ ਆ ਕੇ ਲੰਮੇ ਲੰਮੇ ਵਾਲਾਂ ਆਲੀ ਨੇ ‘ਸ਼ਰੋਦਾਰ ਜੀ, ਸ਼ਰੋਦਾਰ ਜੀ’ ਕਿਹਾ ਨਾ, ਦਵਾਲੀ ਬਣ ਜੂ ਫੇਰ ਚੱਤੋ ਪਹਿਰ। ਬੱਸ, ਤੂੰ ਮਾਇਆ ਦਾ ਇੰਤਜ਼ਾਮ ਕਰ ਲੈ। ਆਪਾਂ ਅਗਲੇ ਹਫ਼ਤੇ ਈ ਲੁਦੇਹਾਣੇ ਤੋਂ ਰੇਲ ਚੜ੍ਹ ਜਾਨੇ ਆਂ ਕਲਕੱਤੇ ਨੂੰ।” ਛੋਟੇ ਨੇ ਸਿਰੇ ਦੀ ਸੁਣਾ ਦਿੱਤੀ।
“ਕਿੰਨੀ ਕੁ ਮਾਇਆ ਲੱਗ ਜੂ ਭਲਾ?” ਕੈਲੇ ਨੇ ਪੁੱਛ-ਪੜਤਾਲ ਕੀਤੀ।
“ਮਾਇਆ ਗਹਾਂ ਰੋਕੜੀਆਂ ਲੱਗਣੀਆਂ? ਤੂੰ ਪੰਜ ਕੁ ਹਜ਼ਾਰ ਦਾ ਪ੍ਰਬੰਧ ਕਰ ਲੈ। ਹਜ਼ਾਰ ਕੁ ਔਣ-ਜਾਣ ਦਾ ਖਰਚਾ, ਤੇ ਤਿੰਨ ਕੁ ਹਜ਼ਾਰ ਦੀ ਜਨਾਨੀ।”
“ਠੀਕ ਆ ਬਾਈ ਸਿਆਂ, ਮੈਨੂੰ ਮਨਜ਼ੂਰ ਐ। ਮੈਂ ਕੱਲ੍ਹ ਨੂੰ ਸ਼ਹਿਰੋਂ ਆੜ੍ਹਤੀਏ ਤੋਂ ਫੜ ਕੇ ਰਕਮ ਤੈਨੂੰ ਲਿਆ ਦਿੰਨਾਂ ਵਾਂ।” ਕੈਲੇ ਨੇ ਹਾਮੀ ਭਰ ਦਿੱਤੀ।
“ਠੀਕ ਆ ਬਾਈ ਜਦੋਂ ਮਰਜ਼ੀ ਆ ਜਾਮੀਂ, ਜੀ ਆਇਆਂ ਨੂੰ।”
“ਚੰਗਾ ਭਰਾਵਾ ਰੱਬ ਰਾਖਾ।” ਆਖਦਿਆਂ ਛੋਟੇ ਨੇ ਹੱਥ ਮਿਲਾਇਆ। ਕੈਲਾ ਲੱਤਾਂ ਘੜੀਸਦਾ ਘਰੇ ਆ ਕੇ ਸਬਾਤ ਵਿਚ ਮੰਜੀ ‘ਤੇ ਜਾ ਡਿੱਗਾ। ਰੋਟੀ ਉਹਦੀ ਸਬਾਤ ਵਿਚ ਪਹਿਲਾਂ ਹੀ ਪਈ ਸੀ। ਦੂਜੇ ਦਿਨ ਸਵੇਰੇ ਉਹ ਮੂੰਹ-ਨ੍ਹੇਰੇ ਉਠਿਆ, ਤੇ ਪੰਚਾਇਤ ‘ਕੱਠੀ ਕਰਨ ਪਿੰਡ ਨੂੰ ਹੋ ਤੁਰਿਆ।
“ਸੁਣ ਬਈ ਨਿੱਕਿਆ, ਆਪਣੀ ਨ੍ਹੀਂ ਹੁਣ ਨਿਭਣੀ। ਆਪਾਂ ਹੁਣ ਭਾਂਡਾ-ਟੀਂਡਾ ਤੇ ਜਿਹੜੇ ਚਾਰ ਸਿਆੜ ਆਉਂਦੇ ਆ ਹਿੱਸੇ ਦੇ, ਉਹ ਅੱਡ-ਬਿੱਡ ਕਰਨੇ ਆਂ।” ਉਸ ਨੇ ਬਿਨਾਂ ਦੇਖਿਆਂ ਜੈਲੇ ਨੂੰ ਕਿਹਾ ਤੇ ਘਰੋਂ ਨਿਕਲ ਗਿਆ। ਉਹ ਸਾਰੀ ਦਿਹਾੜੀ ਮੋਹਤਬਰ ਬੰਦਿਆਂ ਦੇ ਘਰੀਂ ਸੱਦਾ ਦਿੰਦਾ ਰਿਹਾ। ਪਿੰਡ ਦੀ ਪੰਚਾਇਤ ਨੇ ਅਗਲੀ ਸਵੇਰ ਹੀ ਉਨ੍ਹਾਂ ਦੇ ਘਰੇ ਇਕੱਠੇ ਹੋਣ ਦਾ ਵਾਅਦਾ ਦੇ ਦਿੱਤਾ। ਉਹ ਖਾਓ-ਪੀਓ ਵੇਲੇ ਘਰ ਆਇਆ ਤੇ ਕੱਲ੍ਹ ਨੂੰ ਪੰਚਾਇਤ ਇਕੱਠੀ ਹੋਣ ਦਾ ਐਲਾਨ ਸੁਣਾ ਦਿੱਤਾ। ਉਸ ਦਿਨ ਘਰ ਚੁੱਲ੍ਹਾ ਨਾ ਬਲਿਆ। ਨਾ ਕਿਸੇ ਨੇ ਕੁਝ ਪਕਾਇਆ ਤੇ ਨਾ ਹੀ ਖਾਧਾ। ਸਾਰਾ ਟੱਬਰ ਸੁਸਰੀ ਵਾਂਗ ਸ਼ਾਂਤ ਹੋਇਆ ਪਿਆ ਸੀ। ਚਰਨਜੀਤ ਤੇ ਜਰਨੈਲ ਦੀਆਂ ਅੱਖਾਂ ਵਿਚੋਂ ਨੀਂਦ ਗਾਇਬ ਸੀ।
“ਡੁੱਬੜੇ ਨੇ ਉਹੀ ਕੁਸ਼ ਕਰ’ਤਾ ਜੀਹਦਾ ਡਰ ਸੀ। ਚੰਗਾ ਭਲਾ ਸੀ। ਔਂਤਰ ਜਣਿਆਂ ਲੋਕਾਂ ਨੂੰ ਪਤਾ ਨ੍ਹੀਂ ਕੀ ਮਿਲਦੈ ਦਰਵੇਸ਼ ਨੂੰ ਪੱਟੀਆਂ ਪੜ੍ਹਾ ਕੇ।” ਮੰਜੇ ‘ਤੇ ਡਿਗਦਿਆਂ ਚਰਨਜੀਤ ਨੇ ਹਉਕਾ ਭਰਿਆ।
“ਦੇਖ ਚਰਨਜੀਤ, ਗੱਲ ਤਾਂ ਤੇਰੇ ਹੱਥ ਵੱਸ ਈ ਆ, ਹਲੇ ਵੀ ਕੁਸ਼ ਨੀ ਬਿਗੜਿਆ। ਜੇ ਆਪਣੇ ਹਿੱਸੇ ਆਉਂਦੀ ਵੰਡਾ ਕੇ ਬਹਿ ਗਿਆ, ਫੇਰ ਕੀਹਦੀ ਮਾਂ ਨੂੰ ਮਾਸੀ ਕਹਾਂਗੇ। ਜ਼ਮੀਨ ਬਿਨਾਂ ਕਾਹਦਾ ਜੱਟ ਦਾ ਪੁੱਤ?” ਜਰਨੈਲ ਨੇ ਦਿਲ ‘ਤੇ ਪੱਥਰ ਧਰ ਕੇ ਸ਼ਬਦ ਮੂੰਹੋਂ ਕੱਢੇ।
“ਚੱਲ ਕੋਈ ਨਾ ਹੁਣ ਸੌਂ ਜੋ, ਸਵੇਰੇ ਦੇਖੂੰਗੀ ਮੈਂ ਜੇ ਮੰਨ ਗਿਆ ਤਾਂ, ਪਰ ਮੈਥੋਂ ਅੱਕ ਨ੍ਹੀਂ ਚੱਬਿਆ ਜਾਣਾ।” ਚਰਨਜੀਤ ਨੇ ਮਨ ਦੀ ਕਹਿ ਦਿੱਤੀ। ਦੋਵਾਂ ਜਣਿਆਂ ਨੇ ਰਾਤ ਅੱਖਾਂ ਵਿਚ ਹੀ ਲੰਘਾਈ। ਸਵੇਰ ਹੋਈ, ਕੁੱਕੜ ਨੇ ਬਾਂਗ ਦਿੱਤੀ ਤਾਂ ਚਰਨਜੀਤ ਨੇ ਉਠ ਕੇ ਚੁੱਲ੍ਹੇ ਅੱਗ ਬਾਲੀ। ਗੁੜ ਦੀ ਮਹਿਕ ਛੱਡਦੀ ਚਾਹ ਨੇ ਸਾਰੇ ਘਰ ਨੂੰ ਮਹਿਕਾ ਦਿੱਤਾ। ਗੁਰੂ ਘਰ ਦੇ ਸਪੀਕਰ ਵਿਚੋਂ ਭਾਈ ਜੀ ਨੇ ਜਪੁਜੀ ਸਾਹਿਬ ਦੀ ਮਿੱਠੀ ਧੁਨ ਛੇੜੀ ਹੋਈ ਸੀ। ਜਰਨੈਲ ਅਜੇ ਬਿਸਤਰੇ ਵਿਚ ਹੀ ਪਿਆ ਸੀ।
“ਵਾਗਰੂ ਸੁੱਖ ਰੱਖੀਂ ਸੱਚੇ ਪਾਤਸ਼ਾਹ।” ਆਖਦਿਆਂ ਚਰਨਜੀਤ ਨੇ ਪਿੱਤਲ ਦੀ ਗੜਵੀ ਵਿਚ ਚਾਹ ਪਾ ਲਈ। ਸਟੀਲ ਦੀ ਨਿੱਕੀ ਜਿਹੀ ਪਲੇਟ ਵਿਚ ਖੋਏ ਦੀਆਂ ਦੋ ਪਿੰਨੀਆਂ ਰੱਖ ਕੇ ਉਹ ਕੈਲੇ ਦੀ ਕੱਚੀ ਸਬਾਤ ਵੱਲ ਹੋ ਤੁਰੀ। ਤੁਰੀ ਜਾਂਦੀ ਦਾ ਦਿਲ ਫੜਾਕ ਫੜਾਕ ਵੱਜ ਰਿਹਾ ਸੀ। ਛੜੇ ਜੇਠ ਦੀ ਸਬਾਤ ਵੱਲ ਤੁਰੀ ਜਾਂਦੀ ਨੂੰ ਜੰਗਲ ਪਾਣੀ ਜਾ ਕੇ ਆਈ ਬੁੜ੍ਹੀ ਨੇ ਵੀ ਦੇਖ ਲਿਆ, ਪਰ ਜਾਣ ਕੇ ਸਭ ਕੁਝ ਅਣਦੇਖਿਆ ਕਰ ਕੇ ਆਪਣੀ ਮੰਜੀ ‘ਤੇ ਪੈ ਗਈ।
ਚਰਨਜੀਤ ਨੇ ਪਹਾੜ ਜਿੱਡਾ ਜੇਰਾ ਕਰ ਕੇ ਕੈਲੇ ਦੀ ਬੈਠਕ ਦਾ ਕੁੰਡਾ ਖੜਕਾਇਆ।
“ਬੇਬੇ ਬਾਰ ਖੁੱਲ੍ਹਾ ਈ ਆ ਲੰਘ ਆ।” ਆਖਦਿਆਂ ਕੈਲਾ ਮੰਜੇ ‘ਤੇ ਉਠ ਕੇ ਬੈਠ ਗਿਆ, ਤੇ ਆਪਣੇ ਖਿਲਰੇ ਕੇਸਾਂ ਦੀ ਜੂੜੀ ਕਰਨ ਲੱਗਾ।
“ਭਾਈ ਜੀ ਮੈਂ ਆਂ।” ਕਹਿੰਦਿਆਂ ਚਰਨਜੀਤ ਮੰਜੇ ‘ਤੇ ਪੈਂਦ ਵਾਲੇ ਪਾਸੇ ਬੈਠ ਗਈ। ਚਰਨਜੀਤ ਨੇ ਜਾਣ ਕੇ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਸੀ। ਪਹੁ-ਫੁਟਾਲੇ ਦੀ ਮੱਠੀ ਜਿਹੀ ਅੰਦਰ ਆਉਂਦੀ ਲੋਅ ਵਿਚ ਕੈਲੇ ਨੇ ਚਰਨਜੀਤ ਦਾ ਚਿਹਰਾ ਦੇਖਿਆ, ਉਹ ਬਰਫ਼ ਦੇ ਬੁੱਤ ਵਾਂਗ ਸੁੰਨ ਹੋ ਗਿਆ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਹਕੀਕਤ ਦੇਖ ਰਿਹਾ ਹੈ ਜਾਂ ਸੁਪਨਾ। ਕੁਝ ਸਮਾਂ ਦੋਹਾਂ ਧਿਰਾਂ ਵੱਲੋਂ ਕੋਈ ਗੱਲ ਨਾ ਹੋਈ।
“ਲੈ ਫੜ ਚਾਹ ਪੀ।” ਚਰਨਜੀਤ ਨੇ ਚੁੱਪ ਤੋੜਦਿਆਂ ਗੜਵੀ ਵਿਚੋਂ ਕੱਚ ਦੇ ਗਲਾਸ ਵਿਚ ਚਾਹ ਪਾ ਕੇ ਕੈਲੇ ਦੇ ਮੂਹਰੇ ਕਰ ਦਿੱਤੀ। ਕੰਬਦੇ ਹੱਥਾਂ ਨਾਲ ਕੈਲੇ ਨੇ ਗਲਾਸ ਮੂੰਹ ਨੂੰ ਲਾ ਲਿਆ। ਉਸ ਨੂੰ ਕੱਚ ਦਾ ਨਿੱਕਾ ਜਿਹਾ ਗਲਾਸ ਵੀ ਮਣਾਂ-ਮੂੰਹੀਂ ਲੱਗਿਆ।
“ਦੇਖ ਭਾਈ ਜੀ ਮੈਂ ਜਦੋਂ ਦੀ ਵਿਆਹੀ ਆਂ, ਕਦੇ ਤੇਰਾ ਮੂੰਹ ਫਿਟਕਾਰਿਐ? ਤੈਨੂੰ ਕੱਪੜੇ-ਲੱਤੇ ਖੁਣੋਂ, ਰੋਟੀ-ਪਾਣੀ ਖੁਣੋਂ ਕੋਈ ਸ਼ਕੈਤ ਆਈ ਆ ਕਿਤੇ?” ਚਰਨਜੀਤ ਬੋਲੀ ਜਾ ਰਹੀ ਸੀ, ਕੈਲਾ ਸੁੰਨ ਹੋਇਆ ਬੈਠਾ ਸੀ।
ਚਰਨਜੀਤ ਦਾ ਇਕ ਇਕ ਸ਼ਬਦ ਉਸ ਨੂੰ ਤੀਰ ਵਾਂਗ ਵੱਜਦਾ ਪ੍ਰਤੀਤ ਹੋ ਰਿਹਾ ਸੀ।
“ਦੇਖ ਤੇਰਾ ਇਕੋ ਇਕ ਭਤੀਜਾ, ਤੂੰ ਚਾਹੁੰਦੈ ਬਈ ਉਹ ਟੁਕੜਿਆਂ ਦਾ ਮੁਥਾਜ ਹੋ ਕੇ ਲੋਕਾਂ ਦੇ ਦਿਹਾੜੀਆਂ ਕਰਦਾ ਫਿਰੇ। ਮੈਨੂੰ ਮਾਪਿਆਂ ਨੇ ਤੇਰੇ ਭਾਈ ਦੇ ਲੜ ਲਾਇਐ, ਰੱਬ ਕਰੇ ਐਡੀ ਮਰਜ਼ਾਂ, ਜੇ ਕਿਤੇ ਸੁਪਨੇ ਵਿਚ ਵੀ ਕਿਸੇ ਹੋਰ ਬਾਰੇ ਸੋਚਿਆ ਹੋਵੇ ਤੇ ਤੂੰæææਤੈਨੂੰ ਤਾਂ ਮੈਂ ਹਮੇਸ਼ਾ ਪਿਉਆਂ ਵਾਲਾ ਸਤਿਕਾਰ ਦਿੱਤੈ। ਨਾਲੇ ਤੇਰੇ ਬਿਨਾਂ ਸਾਡਾ ਹੈ ਵੀ ਕੌਣ ਜਹਾਨ ‘ਤੇ। ਮੈਂ ਤਾਂ ਸਾਰ ਲੂੰਗੀ ਬਗਾਨੀ ਧੀ ਔਖੀ-ਸੌਖੀ, ਪਰ ਤੇਰਾ ਭਾਈ ਤਾਂ ਕੁਸ਼ ਖਾ ਕੇ ਮਰ ਜੂ। ਨਾਲੇ ਤੂੰ ਤਾਂ ਘਰ ਦਾ ‘ਲਾਣੇਦਾਰ’ ਐਂ, ਲਾਣੇਦਾਰ ਬਣ ਕੇ ਰਹਿ। ਜੇ ਬਹੁਤ ਹੀ ਔਖਾ ਐਂ, ਤਾਂ ਫੇਰ ਤੇਰੀ ਮਰਜ਼ੀ।” ਕਹਿੰਦਿਆਂ ਚਰਨਜੀਤ ਦੀ ਭੁੱਬ ਨਿਕਲ ਗਈ ਤੇ ਨਾਲ ਹੀ ਉਸ ਨੇ ਸਿਰ ‘ਤੇ ਲਈ ਚਾਦਰ ਲਾਹ ਕੇ ਮੰਜੇ ਦੀ ਪੈਂਦ ‘ਤੇ ਰੱਖ ਦਿੱਤੀ।
ਕੈਲੇ ਦੇ ਮੂੰਹ ਵਿਚਲੀ ਚਾਹ ਦੀ ਘੁੱਟ ਥਾਂਏਂ ਅੜ ਗਈ।
“ਹੱਤ ਕਮਲੀ ਨਾ ਹੋਵੇ, ਮੇਰੀ ਹੀ ਮੱਤ ਮਾਰੀ ਗਈ ਸੀ। ਤੂੰ ਚਾਦਰ ਚੁੱਕ ਕੇ ਸਿਰ ਤੇ ਲੈ। ਲੋਕ ਤਾਂ ਫੇਰੇ ਦੇਣੇ ਆ ਪੱਕੇ। ਮੈਂ ਕਹਿਣ ਚੱਲਿਆਂ ਸਾਰੇ ਪੰਚੈਤੀਆਂ ਨੂੰ, ਬਈ ਸਾਡੇ ਘਰ ਵੰਡੀ ਪਾਉਣ ਨੂੰ ਕੋਈ ਨਾ ਆਵੇ। ਹੁਣ ਮੈਂ ਘਰ ਦਾ ਲਾਣੇਦਾਰ ਆਂ।” ਕੈਲੇ ਨੇ ਹੱਥ ਵਿਚਲੀ ਚਾਹ ਵਿਚਾਲੇ ਹੀ ਛੱਡ ਦਿੱਤੀ ਅਤੇ ਪੰਚਾਇਤੀਆਂ ਨੂੰ ਰੋਕਣ ਵਾਸਤੇ ਸਿਰ ‘ਤੇ ਸਾਫ਼ਾ ਲਪੇਟਦਾ ਘਰੋਂ ਬਾਹਰ ਹੋ ਗਿਆ।
ਉਸ ਦਿਨ ਤੋਂ ਪਿੰਡ ਵਿਚ ਕੈਲਾ ਛੜਾ, ਕੈਲਾ ਲਾਣੇਦਾਰ ਹੋ ਗਿਆ।